ਕਿਸੇ ਸਮਾਜ ਵਿਚ ਸਵੈ-ਵਿਸ਼ਵਾਸ ਤੇ ਕੌਮੀਅਤ ਦੇ ਜਜ਼ਬੇ ਦਾ ਕਮਜ਼ੋਰ ਹੋ ਜਾਣਾ ਸਭ ਤੋਂ ਖ਼ਤਰਨਾਕ ਹੁੰਦਾ ਹੈ। ਜਿਉਂਦੇ ਮਨੁੱਖ ਵਿਚ ਜੇਕਰ ਜੀਣ ਦਾ ਉਤਸ਼ਾਹ-ਉਮਾਹ ਤੇ ਚਾਅ ਹੀ ਨਾ ਹੋਵੇ ਤਾਂ ਉਹ ਚੱਲਦਾ-ਫਿਰਦਾ ਮੁਰਦਾ ਕਿਹਾ ਜਾ ਸਕਦਾ ਹੈ। ਇਹੋ ਹਾਲ ਕਿਸੇ ਕੌਮ ਦਾ ਹੁੰਦਾ ਹੈ ਜਦ ਉਸ ਦੇ ਵਾਰਸਾਂ ਦੇ ਮਨਾਂ ’ਚ ਸਵੈ-ਮਾਣ ਤੇ ਸਵੈ-ਭਰੋਸਾ ਹੀ ਨਾ ਹੋਵੇ ਤਾਂ ਉਹ ਅਗਲੇਰੀਆਂ ਪੀੜ੍ਹੀਆਂ ਲਈ ਕੀ ਪਰੋਸ ਕੇ ਜਾਣਗੇ? ਅਜੋਕੇ ਸਮੇਂ ’ਚ ਸਾਡੀ ਵੱਡੀ ਕੌਮੀ ਕਮਜ਼ੋਰੀ ਨਜ਼ਰ ਆ ਰਹੀ ਹੈ ਕਿ ਵੱਖ-ਵੱਖ ਸੈਮੀਨਾਰਾਂ, ਮੀਟਿੰਗਾਂ, ਸਮਾਗਮਾਂ ਤੇ ਆਮ ਇਕੱਠਾਂ ਜਾਂ ਬੈਠਕਾਂ ’ਚ ਸਾਡਾ ਬਹੁਤਾ ਵਰਗ ਆਪਣੇ ਸਿੱਖੀ ਸਿਧਾਂਤਾਂ ਪ੍ਰਤੀ ਅਵੇਸਲੇਪਣ ਤੇ ਮਸ਼ਕਰੀਪੁਣੇ ਦਾ ਸ਼ਿਕਾਰ ਹੋ ਰਿਹਾ ਹੈ। ਬੁਰਾ ਇਸ ਕਰਕੇ ਹੈ ਕਿ ਅਸੀਂ ਆਪਣੇ ਸਰੂਪ, ਸਿਧਾਂਤ, ਮਰਯਾਦਾ, ਇਤਿਹਾਸ ਜਾਂ ਪਰੰਪਰਾਵਾਂ ਉਪਰ ਫ਼ਖਰ ਨਾਲ ਗੱਲ ਨਹੀਂ ਕਰਦੇ ਸਗੋਂ ਦੋ-ਚਾਰ ਵਿਰੋਧੀ ਜਾਂ ਅਸ਼ਰਧਕ ਮਿਲ ਜਾਣ ਤਾਂ ਉਨ੍ਹਾਂ ਦੀ ਸੁਰ ’ਚ ਸੁਰ ਮਿਲਾਉਣੀ ਸ਼ੁਰੂ ਕਰ ਦਿੰਦੇ ਹਾਂ। ਕੋਈ ਉਸਾਰੂ ਆਲੋਚਨਾ ਹੋਵੇ ਤਾਂ ਚੰਗੇ ਸਿੱਟੇ ਦੀ ਆਸ ਵੀ ਹੋ ਸਕਦੀ ਹੈ ਪਰ ਨਕਾਰੂ ਤੇ ਨੀਵੇਂ ਪੱਧਰ ਦੀ ਸ਼ਬਦਾਵਲੀ ਇਹ ਪ੍ਰਭਾਵ ਜ਼ਰੂਰ ਪ੍ਰਗਟ ਕਰਦੀ ਹੈ ਕਿ ਸਾਡਾ ਕੌਮੀਅਤ ਦਾ ਜਜ਼ਬਾ ਬਲਵਾਨ ਨਹੀਂ ਹੈ। ਕੇਵਲ ਸ਼੍ਰੋਮਣੀ ਕਮੇਟੀ, ਤਖਤ ਸਾਹਿਬਾਨ, ਸੰਪਰਦਾਵਾਂ, ਟਕਸਾਲਾਂ, ਕਾਰਜਸ਼ੀਲ ਜਥੇਬੰਦੀਆਂ ਜਾਂ ਕੁਝ ਕੁ ਸ਼ਖ਼ਸੀਅਤਾਂ ਉਪਰ ਬੇਲੋੜੀ ਆਲੋਚਨਾ ਕਰਕੇ ਆਪਣੇ-ਆਪ ਨੂੰ ਵਿਦਵਤਾ ਦਾ ਮੁਜੱਸਮਾ ਸਾਬਤ ਕਰਨ ਦੀ ਕੋਸ਼ਿਸ਼ ਵਿਚ ਲੱਗੇ ਰਹਿਣਾ, ਘਾਤਕ ਕਿਸਮ ਦੀ ਸੋਚ ਹੈ। ਕਈ ਵਾਰ ਅਸੀਂ ਜਾਤੀ ਰੰਜਸ਼ਾਂ ਵਿਚ ਜਮਾਤੀਘਾਣ ਕਰਨੋਂ ਵੀ ਨਹੀਂ ਝਿਜਕਦੇ। ਬਾਣੀ-ਬਾਣਾ, ਪੰਜ ਕਕਾਰ, ਅੰਮ੍ਰਿਤ ਦੀ ਮਰਯਾਦਾ, ਅੰਮ੍ਰਿਤ ਵੇਲਾ, ਨਿੱਤਨੇਮ, ਨਾਮ ਸਿਮਰਨ, ਤਖ਼ਤ ਤੇ ਗੁਰਦੁਆਰਾ ਸਾਹਿਬ ਜੋ ਸਾਡੀ ਕੌਮੀ ਬੁਨਿਆਦ ਦੇ ਥੰਮ੍ਹ ਹਨ, ਉਹ ਅਸ਼ਰਧਕ ਤੇ ਅਗਿਆਨੀਆਂ ਨੇ ਚੁੰਝ-ਚਰਚਾ ਦੀ ਭੇਟਾ ਚਾੜ੍ਹੇ ਹੋਏ ਹਨ। ਇਹ ਜੀਵਨ ਦਾ ਸੱਚ ਹੈ ਕਿ ਕੁਝ ਲੋਕਾਂ ਦੇ ਮਰਨ ਨਾਲ ਕੌਮਾਂ ਨਹੀਂ ਮਰਦੀਆਂ ਸਗੋਂ ਕੌਮੀਅਤ ਦੇ ਜਜ਼ਬੇ ਦੇ ਮਰ ਜਾਣ ਨਾਲ ਮਰਦੀਆਂ ਹਨ। ਸਾਡਾ ਇਤਿਹਾਸ, ਅਰਦਾਸ ਤੇ ਧਾਰਮਿਕ ਸਾਹਿਤ ਕੌਮੀ ਜਜ਼ਬਾ ਭਰਨ ਵਾਲਾ ਵੱਡਾ ਖਜ਼ਾਨਾ ਹੈ, ਜਿਸ ਉਪਰ ਹਰ ਕੌਮੀ ਵਾਰਸ ਨੂੰ ਮਾਣ ਹੋਣਾ ਚਾਹੀਦਾ ਹੈ।
ਹੁਣ ਜੇਕਰ ਗਿ. ਦਿੱਤ ਸਿੰਘ ਜੀ ਦੇ ਪ੍ਰਚਾਰ ਢੰਗ ’ਚੋਂ ਉਨ੍ਹਾਂ ਦੀ ਕੌਮੀਅਤ ਦੇ ਜਜ਼ਬੇ ਦਾ ਅਧਿਐਨ ਕਰੀਏ ਤਾਂ ਉਨ੍ਹਾਂ ਦੀ 110ਵੀਂ ਸਾਲਾਨਾ ਯਾਦ ਮਨਾਉਂਦਿਆਂ ਸਾਨੂੰ ਚੰਗਾ ਤੇ ਸੰਤੁਸ਼ਟੀਜਨਕ ਅਹਿਸਾਸ ਜ਼ਰੂਰ ਹੋਵੇਗਾ। ਗਿਆਨੀ ਜੀ ਦੀ ਜੀਵਨ ਲੀਲ੍ਹਾ 21 ਅਪ੍ਰੈਲ 1850 ਈ. ਤੋਂ ਸ਼ੁਰੂ ਹੋ ਕੇ 6 ਸਤੰਬਰ 1901 ਈ. ਨੂੰ ਪੰਜ ਦਹਾਕਿਆਂ ਦੇ ਸੰਖੇਪ ਕਾਲ ’ਚ ਸੰਪੂਰਨ ਹੋ ਗਈ, ਪਰ ਉਨ੍ਹਾਂ ਦਾ ਕਾਰਜ ਖੇਤਰ ਬਹੁਤ ਮਹਾਨ ਹੈ। ਹਥਲੇ ਲੇਖ ਦਾ ਮਕਸਦ ਵੀ ਇਹੋ ਹੈ ਕਿ ਗਿਆਨੀ ਦਿੱਤ ਸਿੰਘ ਉਸ ਸਮੇਂ ਸਿੱਖ ਕੌਮ ਦੇ ਮਨਾਂ ਵਿਚ ਕੌਮੀਅਤ ਦਾ ਜਜ਼ਬਾ ਪ੍ਰਚੰਡ ਕਰਨ ਲਈ ਕੀ-ਕੀ ਵਿਚਾਰ ਦ੍ਰਿੜ੍ਹ ਕਰਵਾਉਂਦੇ ਰਹੇ। ਸ਼ਾਇਦ ਉਨ੍ਹਾਂ ਦੇ ਵਿਚਾਰ ਸਾਡੇ ਕੁਝ ਭਟਕੇ ਹੋਏ ਵਰਗ ਨੂੰ ਸ੍ਵੈ-ਚਿੰਤਨ ਵੱਲ ਪ੍ਰੇਰ ਸਕਣ।
ਕਿਸੇ ਕੌਮ ਨੂੰ ਸਥਿਰ ਤੇ ਸਦਾ ਲਈ ਸਥਾਪਤ ਰੱਖਣ ਵਾਲੇ ਤਿੰਨ ਵੱਡੇ ਅਧਾਰ ਹਨ, ਜਿਨ੍ਹਾਂ ਦਾ ਜ਼ਿਕਰ ਗਿਆਨੀ ਜੀ ਆਪਣੀ ਸੰਪਾਦਕੀ ਵਿਚ ਕਰਦੇ ਹਨ ਕਿ
“ਇਸ ਜੀਵਨ ਦੇ ਵਾਸਤੇ ਕੇਵਲ ਤਿੰਨ ਪਦਾਰਥ ਹਨ, ਜਿਨ੍ਹਾਂ ਵਿੱਚੋਂ ਪਹਿਲਾ ਸਰੀਰਕ ਬਲ, ਦੂਜਾ ਧਨ ਅਤੇ ਤੀਜੀ ਵਿੱਦਯਾ ਹੈ, ਸੋ ਜਿਸ ਕੌਮ ਪਾਸ ਇਹ ਤਿੰਨੇ ਹਨ ਸੋਈ ਕੌਮ ਇਸ ਦੁਨੀਆਂ ’ਪਰ ਕੌਮ ਹੋ ਕੇ ਇੱਜ਼ਤ ਨਾਲ ਰਹਿ ਸਕਦੀ ਹੈ।” (ਖਾਲਸਾ ਅਖ਼ਬਾਰ ਲਾਹੌਰ, 23 ਅਕਤੂਬਰ, 1896)
ਇਸੇ ਤਰ੍ਹਾਂ ਕੌਮੀ ਵਾਰਸਾਂ ਦੀ ਸਿਧਾਂਤਕ ਸਪਸ਼ਟਤਾ ਹੋਣੀ ਕਿੰਨੀ ਜ਼ਰੂਰੀ ਹੈ। ਇਸ ਦੀ ਤਸਵੀਰ ਉਨ੍ਹਾਂ ਕਾਵਿ ਰੂਪ ਵਿਚ ਪੇਸ਼ ਕੀਤੀ ਹੈ:-
ਦਸਮ ਗੁਰੂ ਕੇ ਪੰਥ ਖਾਲਸਾ ਇਤ ਉਤਮੋਂ ਭਟਕਾਵੇ।
ਮੜ੍ਹੀ ਗੋਰ ਕੋ ਪੂਜੇ ਕੋਊ ਸਰਵਰ ਪੀਰ ਮਨਾਵੇ।
ਗੁੱਗਾ ਭੈਰੋਂ ਦੇਵਲ ਦੇਵੀ ਜਾਇ ਸੀਤਲਾ ਪੂਜੇ।
ਛੋਡ ਅਕਾਲ ਜਗਤ ਕਾ ਸ੍ਵਾਮੀ ਜਾਇ ਲਗੇ ਸਭ ਦੂਜੇ। (ਨਕਲੀ ਸਿੱਖ ਪ੍ਰਬੋਧ)
ਜਦੋਂ ਇਕ ਅਕਾਲ ਦੀ ਪੂਜਾ ਜਾਂ ਬੰਦਗੀ ਤੋਂ ਬੇਮੁੱਖ ਹੋ ਕੇ ਸਿੱਖ ਸਮਾਜ ਹੋਰ ਥਾਈਂ ਭਟਕੇਗਾ ਤਾਂ ਸਪਸ਼ਟ ਹੈ ਕਿ ਜੋ ਮਨੁੱਖ ਕੌਮ ਦੀ ਬੁਨਿਆਦੀ ਵਿਚਾਰਧਾਰਾ ਅਤੇ ਗੁਰੂ ਉਪਦੇਸ਼ ਤੋਂ ਹੀ ਬੇਮੁਖ ਹੋ ਗਿਆ ਤਾਂ ਉਹਦੇ ਵਿਚ ਕੌਮੀਅਤ ਦਾ ਜਜ਼ਬਾ ਤੇ ਸ੍ਵੈਮਾਣ ਕਿਵੇਂ ਬਰਕਰਾਰ ਰਹੇਗਾ ? ਅੱਗੇ ਗਿਆਨੀ ਜੀ ਸਿਧਾਂਤਕ ਦ੍ਰਿਸ਼ਟੀ ਤੋਂ ਕੌਮ ਦੀ ਤਿਲਕਣਬਾਜ਼ੀ ਉਪਰ ਨਿਹੋਰਾ ਮਾਰਦੇ ਹਨ:-
“ਜੇ ਖਾਲਸਾ ਵੱਲ ਧਯਾਨ ਕਰੀਦਾ ਹੈ ਤਦ ਇਹ ਭੀ ਚੰਗੀ ਹਾਲਤ ਵਿਚ ਪਾਇਆ ਨਹੀਂ ਜਾਂਦਾ ਜਿਸਤੇ ਇਹ ਭੀ ਕੋਈ ਰਾਮਰਾਈਆ, ਕੋਈ ਬਾਬਾ ਗੁਰਦਿੱਤੇ ਦਾ ਸੇਵਕ, ਕੋਈ ਵਡਭਾਗ ਸਿੰਘੀਆ ਅਤੇ ਕੋਈ ਧੀਰ ਮੱਲੀਆ ਸਦਾ ਰਿਹਾ ਹੈ, ਜਿਸਤੇ ਉਨ੍ਹਾਂ ਨੂੰ ਬਾਰ੍ਹਵੀਂ, ਤੇਰ੍ਹਵੀਂ ਪਾਤਸ਼ਾਹੀ ਸਮਝ ਕੇ ਅਰਦਾਸਿਆਂ ਵਿਚ ਨਾਉਂ ਲੈਣਾ ਵੱਡਾ ਪੁੰਨ ਜਾਣਦਾ ਹੈ ਅਰ ਅੰਮ੍ਰਿਤ ਤੇ ਨੱਸਯਾ ਜਾਂਦਾ ਹੈ।” (ਖਾਲਸਾ ਅਖ਼ਬਾਰ ਲਾਹੌਰ, 23 ਜੂਨ, 1899)
ਕਿਸੇ ਕੌਮ ਦਾ ਸੰਪੂਰਨ ਵਿਕਾਸ ਤਦ ਹੀ ਹੋ ਸਕਦਾ ਹੈ ਜੇਕਰ ਉਸ ਕੌਮ ਦੀਆਂ ਇਸਤਰੀਆਂ ਵੀ ਵਿੱਦਿਆਯਾੱਤਾ ਹੋਣ। ਇਸ ਤਰ੍ਹਾਂ ਉਨ੍ਹਾਂ ਦਾ ਗਿਆਨ ਵਿਸ਼ਾਲ ਹੋਵੇਗਾ ਤੇ ਖਾਨਦਾਨ ਚੰਗੀ ਤਰੱਕੀ ਕਰਨਗੇ। ਜੋ ਲੋਕ ਇਸਤਰੀ ਨੂੰ ਅਰਧ ਸਰੀਰੀ ਪ੍ਰਚਾਰਦੇ ਸਨ, ਉਨ੍ਹਾਂ ਪ੍ਰਤੀ ਗਿਆਨੀ ਜੀ ਨੇ ਬਹੁਤ ਸੁੰਦਰ ਉਦਾਹਰਣ ਦਿੱਤੀ ਹੈ :-
“ਅਰਧ ਸਰੀਰੀ ਦਾ ਤਾਤਪਰਜ ਇਹ ਹੈ ਕਿ ਇਸਤ੍ਰੀ ਆਦਮੀ ਦਾ ਅੱਧਾ ਸਰੀਰ ਹੁੰਦੀ ਹੈ, ਫੇਰ ਜਦ ਅੱਧਾ ਸਿਰ ਦੁਖਦਾ ਹੈ ਤਾਂ ਆਦਮੀ ਕੇਹਾ ਕੁ ਦੁਖੀ ਹੁੰਦਾ ਹੈ, ਤਦ ਵਿਦਵਾਨ ਆਦਮੀ ਦੀ ਆਵਿਦਕ ਇਸਤ੍ਰੀ ਹੋਣੇ ਕਰਕੇ ਉਸਨੂੰ ਕਦੋਂ ਚੈਨ ਹੋਵੇਗੀ, ਇਸ ਲਈ ਇਸਤ੍ਰੀਆਂ ਨੂੰ ਸਿਖਯਾ ਦੇਣੀ ਉਨ੍ਹਾਂ ਦਾ ਲਾਭ ਨਹੀਂ ਹੈ, ਨਾ ਉਨ੍ਹਾਂ ਦਾ ਕੋਈ ਪਰਉਪਕਾਰ ਹੈ ਸਗੋਂ ਇਹ ਆਪਨੇ ਆਪਦਾ ਠੀਕ ਕਰਨਾ ਹੈ ਅਤੇ ਆਪਣੇ ਹੀ ਸਰੀਰ ਦੇ ਰੋਗ ਦਾ ਉਪਾਉ ਹੈ।” (ਖਾਲਸਾ ਅਖ਼ਬਾਰ ਲਾਹੌਰ, 6 ਨਵੰਬਰ, 1886)
ਕਿਸੇ ਕੌਮ ਦੇ ਜੀਵਨ ਸੰਸਕਾਰ ਉਸ ਨੂੰ ਹੋਰਨਾਂ ਕੌਮਾਂ ਤੋਂ ਨਿਆਰਾ ਕਰਦੇ ਹਨ। ਇਸ ਤੀਸਰ ਪੰਥ ਜਾਂ ਨਿਆਰੇ ਪੰਥ ਦੀਆਂ ਆਪਣੀਆਂ ਮਰਯਾਦਾਵਾਂ ਹਨ। ਗੁਰਮਤਿ ਨੇ ਵਰਤਾਂ ਜਾਂ ਸਰਾਧਾਂ ਨੂੰ ਕੋਈ ਮਾਨਤਾ ਨਹੀਂ ਦਿੱਤੀ। ਗਿਆਨੀ ਜੀ ਵਿਅੰਗਾਤਮਿਕ ਢੰਗ ਨਾਲ ਆਪਣੀ ਕੌਮ ਨੂੰ ਸਰਾਧਾਂ ਪ੍ਰਤੀ ਸਮਝਾਉਂਦੇ ਹਨ:-
“ਵਡੇ ਅਚੰਭੇ ਦੀ ਬਾਤ ਹੈ ਜੋ ਸਾਡੇ ਖਾਲਸਾ ਭਾਈ ਭੀ ਅੱਜ ਕਲ ਇਸੇ ਮੂਰਖਤਾਈ ਦੇ ਘੁੰਮਨਘੇਰ ਵਿਚ ਗੋਤੇ ਖਾ ਰਹੇ ਹਨ…ਇਸ ਵਾਸਤੇ ਅੱਛਾ ਹੋਵੇ ਜੋ ਪਹਲੇ ਇਹ ਦਰਯਾੱਤ ਕਰ ਲੈਨ ਕਿ ਸਾਡੇ ਪਿਤ੍ਰ ਕਿਸ ਜੂਨ ਵਿਚ ਹਨ, ਪਿਰ ਜੇ ਤੋਤੇ ਹੋਨ ਤਾਂ ਬਦਾਮ ਅਰ ਚੂਰੀ ਖਲਾ ਦੇਨ, ਜੇ ਬਿੱਲੀ ਹੋਨ ਤਾਂ ਛਿਛੜੇ ਪਾ ਦੇਣ, ਜੇ ਬੈਲ ਹੋਨ ਤਾਂ ਤੂੜੀ ਦਾ ਭੋਜਨ ਦੇਨ ਅਤੇ ਜੋ ਅੱਜ ਕਲ੍ਹ ਨਿਰਾ ਕੜਾਹ ਪੂਰੀ ਅਰ ਦਾਲ ਪ੍ਰਸ਼ਾਦਾ ਹੀ ਦਿੰਦੇ ਹਨ ਸੋ ਪਤਾ ਨਹੀਂ; ਜੇ ਪਿਤ੍ਰ ਘੁੱਗੀ ਹੋਇਆ ਤਾਂ ਕਿਕੁਰ ਖਾਏਗਾ।”(ਖਾਲਸਾ ਅਖ਼ਬਾਰ ਲਾਹੌਰ, 29 ਸਤੰਬਰ, 1899)
ਇਹ ਵੀ ਸੱਚ ਹੈ ਕਿ ਉਸ ਸਮੇਂ ਵੀ ਕੰਨਾਂ ਵਿਚ ਮੰਤਰ ਦੇਣ ਵਾਲੀਆਂ ਜਥੇਬੰਦੀਆਂ ਪੈਦਾ ਹੋ ਗਈਆਂ ਸਨ। ਗਿਆਨੀ ਜੀ ਇਨ੍ਹਾਂ ਨੂੰ ਬਨਾਰਸ ਦੇ ਠੱਗ, ਪੰਥ ਦੋਖੀ ਆਦਿ ਪ੍ਰਚਾਰ ਕੇ ਕੌਮ ਨੂੰ ਸੁਚੇਤ ਕਰਦੇ ਸਨ ਕਿਉਂਕਿ ਸਿੱਖ ਕੌਮ ਦਾ ਮੁੱਖ ਸਿਧਾਂਤ ਇਕ ਅਕਾਲ ਦੀ ਪੂਜਾ ਹੈ ਤੇ ਨਾਮ ਦਾਨ ਦੇਣ ਵਾਲਾ ਵੱਡਾ ਵਰਗ ਸਿੱਖ ਕੌਮ ਨੂੰ ਇਕ ਅਕਾਲ ਜਾਂ ਗੁਰਬਾਣੀ ਤੋਂ ਤੋੜ ਕੇ ਕੇਵਲ ਆਪੋ-ਆਪਣੀ ਸਰੀਰਕ ਜਾਂ ਦੇਹ ਪੂਜਾ ਵੱਲ ਜੋੜਦਾ ਹੈ। ਗਿਆਨੀ ਦਿੱਤ ਸਿੰਘ ਜੀ ਨੇ ਇਹ ਨਕਸ਼ਾ ਕਾਵਿ-ਰੂਪ ’ਚ ਚਿਤਰਿਆ ਹੈ:-
ਕੰਨ ਵਿਚ ਜੋ ਮੰਤ੍ਰ ਦੈ ਹੈਂ।
ਪੁਨ ਆਗੈ ਹੋ ਕੇ ਜੋ ਲੈ ਹੈਂ।
ਪਹਿਲਾ ਠੱਗ ਬਨਾਰਸ ਭਾਗ।
ਦੂਜਾ ਧੋਖੇ ਵਿਚ ਵਿਚਾਰਾ।
ਓਹ ਜਾਣੈ ਮੋ ਬੁੱਧੂ ਕੀਤਾ।
ਦੂਜਾ ਸਮਝੇ ਗੁਰ ਧਰ ਲੀਤਾ।
ਮੰਤਰ ਦਾਤਾ ਲੋਭ ਗ੍ਰਸਿਆ।
ਦੂਜਾ ਮੂਰਖ ਪੰਛੀ ਪਸਿਆ। (ਖਾਲਸਾ ਅਖ਼ਬਾਰ ਲਾਹੌਰ, 11 ਸਤੰਬਰ, 1893)
ਇਸ ਦਾ ਕਾਰਨ ਗਿਆਨੀ ਜੀ ਅਗਿਆਨਤਾ ਨੂੰ ਮੰਨਦੇ ਹਨ। ‘ਗੁਰਮਤਿ ਆਰਤੀ ਪ੍ਰਬੋਧ’ ਪੁਸਤਕ ਵਿਚ ਉਨ੍ਹਾਂ ਲਿਖਿਆ, ਇਸ ਅਗਯਾਨ ਨਚਾਇਆ, ਇਹ ਸਾਰਾ ਸੰਸਾਰ’ ਤੇ ਗਿਆਨ ਵਿਹੂਣਾ ਸਮਾਜ ਥਾਂ-ਥਾਂ ਭਟਕਦਾ ਹੈ। ਉਨ੍ਹਾਂ ਨੇ ਸਮੁੱਚੇ ਦੇਸ਼ ਦੀ ਭਟਕਣਾ ਦੀ ਤਸਵੀਰ ਇਉਂ ਪੇਸ਼ ਕੀਤੀ ਹੈ:-
ਦੇਖੋ ਮੂਰਖ ਦੇਸ ਅਸਾਡਾ, ਕਿਕੁਰ ਡੁਬਦਾ ਜਾਂਦਾ।
ਸੱਪਾਂ ਕੁਤਿਆਂ ਬਿੱਲਿਆਂ ਕਾਵਾਂ, ਅਪਨੇ ਪੀਰ ਬਨਾਂਦਾ। (ਗੁੱਗਾ ਗਪੌੜਾ)
ਇਸ ਸਾਰੇ ਅੰਧ ਵਰਤਾਰੇ ਵਿੱਚੋਂ ਸਿੱਖ ਕੌਮ ਕਿਵੇਂ ਬਚ ਸਕਦੀ ਹੈ। ਇਸ ਦਾ ਹੱਲ ਗਿਆਨੀ ਜੀ ਬਹੁਤ ਦਲੀਲ ਪੂਰਵਕ ਢੰਗ ਨਾਲ ਕੱਢਦੇ ਹਨ। ਇਥੇ ਨਿਰਮਲ ਪੰਥ ਦੇ ਸਿਧਾਂਤਾਂ ’ਤੇ ਪਹਿਰਾ ਵੀ ਹੈ ਤੇ ਕੌਮੀਅਤ ਦੇ ਜਜ਼ਬੇ ਵਾਲਾ ਦ੍ਰਿੜ੍ਹ ਵਿਸ਼ਵਾਸ ਵੀ ਹੈ:-
ਅੰਮ੍ਰਿਤ ਛਕ ਕੇ ਦਸਮੇਂ ਗੁਰ ਦੇ ਪੂਰੇ ਸਿੰਘ ਸਦਾਵੋ।
ਪੀਰਾਂ ਮੀਰਾਂ ਅੱਗੇ ਮੁੜ ਕੇ, ਕਦੇ ਨਾ ਸੀਸ ਝੁਕਾਵੋ।
ਵਾਹਿਗੁਰੂ ਦੀ ਫਤੇ ਬੁਲਾ ਕੇ, ਮੜ੍ਹੀ ਮਸਾਣ ਉਠਾਓ।
ਗੁਰੂ ਗ੍ਰੰਥ ਦਾ ਪਾਠ ਕਰੋ ਨਿਤ, ਬਾਣੀ ਮੈਂ ਮਨ ਲਾਓ। (ਸੁਲਤਾਨ ਪੁਆੜਾ)
ਇਸੇ ਤਰ੍ਹਾਂ ਸਿੱਖ ਮਾਨਸਿਕਤਾ ਜੇਕਰ ਸਾਧਾਰਨ ਕਿਸਮ ਦੇ ਕਿੱਸੇ ਕਹਾਣੀਆਂ ਤਕ ਸੀਮਤ ਹੋ ਜਾਵੇਗੀ ਤਾਂ ਬੌਧਿਕ ਵਿਕਾਸ ਨਹੀਂ ਹੋਵੇਗਾ। ਗੁਰਬਾਣੀ ਅਧਿਆਤਮਿਕ ਸ਼ਕਤੀ ਤੇ ਸੁਚੱਜੀ ਜੀਵਨ-ਜਾਚ ਦਾ ਮਹਾਨ ਖਜ਼ਾਨਾ ਹੈ। ਇਸ ਦੇ ਨਾਲ-ਨਾਲ ਆਪਣੇ ਗੁਰੂ-ਸਾਹਿਬਾਨ ਦੇ ਇਤਿਹਾਸਕ ਸਥਾਨਾਂ ਤੇ ਤਖ਼ਤਾਂ ਦੀ ਯਾਤਰਾ ਕੌਮੀ ਵਾਰਸਾਂ ਦੇ ਮਨਾਂ ਵਿਚ ਸ੍ਵੈਮਾਣ ਤੇ ਫ਼ਖਰ ਪੈਦਾ ਕਰਦੀ ਹੈ। ਇਸੀ ਭਾਵਨਾ ਨੂੰ ਪ੍ਰਚੰਡ ਕਰਦਿਆਂ ਗਿਆਨੀ ਜੀ ਆਪਣੀ ਕੌਮ ਨੂੰ ਪ੍ਰੇਰਦੇ ਹਨ:-
ਗੁਰਬਾਣੀ ਤੋਂ ਬੇਮੁਖ ਹੁੰਦੇ ਸੱਸੀ ਪੁੰਨੂੰ ਗਾਵਣ।
ਤਖਤਾਂ ਦੀ ਉਹ ਛਡ ਯਾਤ੍ਰਾ ਗੰਗਾ ਵੱਲ ਉਠ ਧਾਵਣ। (ਭਾਈ ਬੋਤਾ ਸਿੰਘ ਦੀ ਸ਼ਹੀਦੀ)
ਕੌਮੀ ਵਾਰਸਾਂ ਦੀ ਵਿਗਿਆਨਕ ਦ੍ਰਿਸ਼ਟੀ ਉਸ ਨੂੰ ਵਿਸ਼ਵ ਵਿਚ ਵੱਡਾ ਸਨਮਾਨ ਦਿਵਾਉਂਦੀ ਹੈ। ਸੂਰਜ ਗ੍ਰਹਿਣ ਲੱਗੇ ਤੋਂ ਭਾਰਤ ਦੇ ਲੱਖਾਂ ਲੋਕ ਜੇ ਨਦੀਆਂ ’ਚ ਅੱਜ ਵੀ ਡਰਦੇ ਹੋਏ ਡੁਬਕੀਆਂ ਲਾਉਂਦੇ ਚੈਨਲਾਂ ’ਤੇ ਵਿਖਾਏ ਜਾਂਦੇ ਹਨ ਤਾਂ ਇਹ ਕੋਈ 21ਵੀਂ ਸਦੀ ਦੇ ਭਾਰਤ ਦੀ ਚੰਗੀ ਤਸਵੀਰ ਨਹੀਂ ਹੈ। ਇਧਰ ਗੁਰਮਤਿ ਵਿਚ ਫੋਕਟ ਕਰਮਕਾਂਡਾਂ ਤੇ ਅੰਧ-ਵਿਸ਼ਵਾਸਾਂ ਨੂੰ ਕੋਈ ਥਾਂ ਹੀ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਕੁਝ ਕੁ ਅਗਿਆਨੀ ਕਬਰਾਂ, ਮੜ੍ਹੀਆਂ ਉਤੇ ਦੁੱਧ, ਖੀਰ, ਸ਼ਰਾਬ ਆਦਿ ਦਾ ਚੜ੍ਹਾਵਾ ਚਾੜ੍ਹ ਕੇ ਨੱਕ ਰਗੜਦੇ ਹਨ। ਗਿਆਨੀ ਜੀ ਇਥੇ ਜੀਵ-ਜੰਤੂਆਂ ਦੀਆਂ ਉਦਾਹਰਣਾਂ ਦੇ ਕੇ ਸਮਝਾਉਂਦੇ ਹਨ ਕਿ ਕੀ ਇਹ ਜੀਵ-ਜੰਤੂ ਭੀ ਮੰਨਤਾਂ ਮਨਾਉਤਾਂ ਮੰਨਦੇ ਹਨ, ਇਹ ਵੀ ਬਾਲ-ਬੱਚੇਦਾਰ ਹਨ:-
ਕਹੁ ਸੂਰੀ ਜੋ ਬਾਰਾਂ ਜਾਏ।
ਕਿਆ ਉਹ ਸਰਵਰ ਪੀਰ ਮਨਾਏ ?
ਪਿਰ ਮੁਰਗੀ ਦੇ ਗਿਣ ਲੈ ਆਂਡੇ।
ਦੇ ਕੇ ਭਰ ਦੇਂਦੀ ਹੈ ਭਾਂਡੇ।
ਇਹ ਜੋ ਕੁੱਤੀ ਸੂਈ ਕੱਲ।
ਬੈਠੀ ਹੈ ਘਰ ਤੇਰਾ ਮੱਲ।
ਬੱਚੇ ਸੱਤ ਜੋ ਏਸ ਨਿਕਾਲੇ।
ਗਈ ਕਦੀ ਸਰਵਰ ਦੇ ਚਾਲੇ ? (ਸੁਲਤਾਨ ਪੁਆੜਾ)
ਇਸੇ ਤਰ੍ਹਾਂ ਜਾਤ-ਪਾਤ ਦੇ ਭੇਦ-ਭਾਵ ਕਿਸੇ ਕੌਮ ਨੂੰ ਅਤਿ ਨਿਤਾਣੀ ਕਰ ਦਿੰਦੇ ਹਨ। ਕੌਮੀ ਵਾਰਸਾਂ ਦਾ ਨਸ਼ਿਆਂ ਤੇ ਐਸ਼ਪ੍ਰਸਤੀ ’ਚ ਗ੍ਰਸਤ ਹੋ ਜਾਣਾ ਅਤੇ ਬੁਰੇ ਕਰਮਾਂ ਨੂੰ ਮਾਣ-ਵਡਿਆਈ ਸਮਝਣਾ ਅਤਿ ਖ਼ਤਰਨਾਕ ਹੁੰਦਾ ਹੈ। ਗਿਆਨੀ ਜੀ ਧਾਰਮਿਕ ਤੇ ਸਮਾਜਿਕ ਬੁਰਾਈਆਂ ਦੇ ਵਰਤਾਰੇ ਸੰਬੰਧੀ ਲਿਖਦੇ ਹਨ:-
“ਸ਼ੋਕ ਦੀ ਬਾਤ ਹੈ ਬਹੁਤ ਸਾਰੇ ਸਾਡੇ ਭਾਈ ਬੁਰੇ ਕੰਮਾਂ ਵਿਚ ਵਧ ਕੇ ਹਿੱਸਾ ਲੈਂਦੇ ਹਨ ਅਤੇ ਸ਼ਰਾਬ ਪੀਣੀ, ਕੰਜਰ ਕਲਾਲਾਂ ਨੂੰ ਧਨ ਲੁਟਾਉਨਾ, ਭਾਈਆਂ ਨੂੰ ਵੱਢ ਕੇ ਆਪ ਫਾਂਸੀ ਚੜ੍ਹਨਾ ਇਸ ਦਾ ਇਕ ਆਮ ਵਰਤੀਰਾ ਹੈ। ਮੇਲਯਾਂ ਪਰ ਬਕਵਾਸ ਕਰਨੇ, ਪੁਲਸ ਤੇ ਹਥਕੜੀਆਂ ਲਗਾ ਕੇ ਕਾਂਜੀ ਹੌਦ ਭਰਨੇ ਅਰ ਦਾੜ੍ਹੇ ਮੁਨਾਉਨੇ, ਇਸ ਕੌਮ ਦੇ ਪੁੱਤ੍ਰਾਂ ਦਾ ਇਕ ਬਲਾਸ ਹੈ।” (ਖਾਲਸਾ ਅਖ਼ਬਾਰ ਲਾਹੌਰ, 7 ਜੂਨ, 1901)
ਇਸੇ ਤਰ੍ਹਾਂ ਕੌਮੀਅਤ ਦੀ ਭਾਵਨਾ ਨੂੰ ਪ੍ਰਪੱਕ ਕਰਦਿਆਂ ਆਪਣੀ ਇਕ ਰਚਨਾ ਵਿਚ ਗਿਆਨੀ ਜੀ ਖਾਲਸਾ ਧਰਮ ਤੇ ਹਿੰਦੂ ਧਰਮ ਦੇ ਅਸੂਲਾਂ ਦਾ ਖੁਲਾਸਾ ਕਰਦੇ ਹਨ। ਇਸ ਵਿਸ਼ੇ ਉੱਪਰ ਭਾਈ ਕਾਨ੍ਹ ਸਿੰਘ ਨਾਭਾ ਦੀ ਪੁਸਤਕ ‘ਹਮ ਹਿੰਦੂ ਨਹੀਂ’ 1898 ਈ. ਵਿਚ ਪਹਿਲੀ ਵਾਰ ਛਪੀ ਸੀ ਪਰ ਗਿਆਨੀ ਦਿੱਤ ਸਿੰਘ ਦੀ 1895 ਈ. ਦੀ ਪ੍ਰਕਾਸ਼ਤ ਪੁਸਤਕ ਵਿਚ ਇਹ ਪ੍ਰਕਰਣ ਵਿਸ਼ੇਸ਼ ਧਿਆਨ ਮੰਗਦਾ ਹੈ:-
“ਖਾਲਸਾ ਧਰਮ ਵਿਚ ਹਿੰਦੂ ਧਰਮ ਦਾ ਕੋਈ ਅਸੂਲ ਨਹੀਂ ਵਰਤਿਆ ਜਾਂਦਾ-ਜਿਸਤੇ ਹਿੰਦੂ ਪਰਮੇਸਰ ਨੂੰ ਜਨਮ ਮੰਨਦੇ ਹਨ ਅਤੇ ਖਾਲਸਾ ਧਰਮ ਅਜਨਮ ਦੱਸਦਾ ਹੈ,-ਇਸੀ ਪ੍ਰਕਾਰ ਹਿੰਦੂ ਧਰਮ ਪ੍ਰਮੇਸਰ ਦੇ ਚੌਬੀ ਅਵਤਾਰ ਦੱਸਦਾ ਹੈ ਅਤੇ ਖਾਲਸਾ ਧਰਮ ਉਸਨੂੰ ਅਦੁਤੀਯ ਅਤੇ ਨਿਰ ਵਿਕਾਰ ਆਖਦਾ ਹੈ,-ਫੇਰ ਹਿੰਦੂ ਧਰਮ ਮੂਰਤਿ ਪੂਜਨ ਦੱਸਦਾ ਹੈ ਅਤੇ ਖਾਲਸਾ ਧਰਮ ਉਸਦਾ ਖੰਡਨ ਕਰਦਾ ਹੈ,-ਹਿੰਦੂ ਧਰਮ ਵਿਚ ਜੰਓੂ ਦੀ ਧਾਰਨਾ ਹੈ ਅਤੇ ਖਾਲਸਾ ਵਿਚ ਉਤਾਰਨਾ ਹੈ,-ਹਿੰਦੂ ਧਰਮ ਵਿਚ ਲੜਕੇ ਦਾ ਮੁੰਡਨ ਅਤੇ ਮਰੇ ਪਰ ਭੱਦਨ ਹੈ ਅਰ ਖਾਲਸਾ ਵਿਚ ਇਸਦਾ ਨਾਉਂ ਭੀ ਨਹੀਂ ਹੈ,-ਫੇਰ ਹਿੰਦੂਆਂ ਦਾ ਧਰਮ ਪੁਸਤਕ ਵੇਦ ਹੈ, ਅਤੇ ਖਾਲਸਾ ਦਾ ਗੁਰੂ ਗੰਥ ਸਾਹਿਬ ਹੈ, ਫੇਰ ਇਹ ਕਿਸ ਤਰ੍ਹਾਂ ਮਿਲ ਸਕਦੇ ਹਨ।” (ਡਰਪੋਕ ਸਿੰਘ, ਦਲੇਰ ਸਿੰਘ)
ਕੌਮਾਂ ਦਾ ਆਪਸੀ ਇਤਫ਼ਾਕ ਉਨ੍ਹਾਂ ਨੂੰ ਕਿਸ ਤਰੱਕੀ ਤੱਕ ਲੈ ਜਾਂਦਾ ਹੈ ਤੇ ਆਪਸੀ ਖਿੱਚੋਤਾਣ ਕਿੰਨਾ ਨੀਵਾਂ ਗਿਰਾ ਦਿੰਦੀ ਹੈ। ਅਜੋਕੇ ਸਮੇਂ ’ਚ ਇਸ ਪ੍ਰਤੀ ਹਰ ਸਿੱਖ ਨੂੰ ਚਿੰਤਨ ਕਰਨਾ ਜ਼ਰੂਰੀ ਹੈ। ਸਾਡੀ ਬਹੁਤੀ ਕੌਮੀ ਸ਼ਕਤੀ ਆਪਸੀ ਖਿੱਚੋਤਾਣ ਵਿਚ ਵਿਅਰਥ ਜਾ ਰਹੀ ਹੈ। ਅਸੀਂ ਰੋਜ਼ਾਨਾ ਅਰਦਾਸ ਵਿਚ ਦੇਖ ਕੇ ਅਣਡਿੱਠ ਕਰਨ ਵਾਲਿਆਂ ਦਾ ਧਿਆਨ ਧਰ ਕੇ ਵਾਹਿਗੁਰੂ ਜ਼ਰੂਰ ਉਚਾਰਦੇ ਹਾਂ ਪਰ ਆਪ ਅਸੀਂ ਨਿੱਕੇ-ਨਿੱਕੇ ਖੰਭ ਲੱਭ ਕੇ ਉਡਾਰ ਬਣਾਉਣ ਲੱਗੇ ਆਪਣੇ ਗੁਰੂ ਸਾਹਿਬਾਨ, ਇਤਿਹਾਸ ਤੇ ਕੌਮੀ ਮਰਯਾਦਾ ਦੇ ਸਤਿਕਾਰ ਦਾ ਵੀ ਖਿਆਲ ਭੁਲਾ ਦਿੰਦੇ ਹਾਂ। ਬੀਤੇ ਸਾਲਾਂ ’ਚ ਨਿੱਜੀ ਰੰਜਸ਼ਾਂ ਤੇ ਵਿਅਕਤੀਗਤ ਵਿਚਾਰਾਂ ਨੇ ਕੌਮ ਦੀ ਹਰ ਮਾਣ ਮਰਯਾਦਾ ਉੱਪਰ ਬੇਲੋੜਾ ਪ੍ਰਸ਼ਨ ਚਿੰਨ੍ਹ ਲਾਇਆ ਹੈ ਅਤੇ ਇੰਨੇ ਬੇਅਰਥੇ ਤੇ ਬੇਹੂਦਾ ਕਿਸਮ ਦੇ ਸਵਾਲੀਆ ਚਿੰਨ੍ਹ ਕਿਸੇ ਕੌਮ ਵਿਚ ਕੌਮੀਅਤ ਦੇ ਜਜ਼ਬੇ ਨੂੰ ਕਦੇ ਪ੍ਰਪੱਕ ਹੋਣ ਦੇਣਗੇ? ਸਾਡੀਆਂ ਜਾਤੀ ਵਿਚਾਰਾਂ ਨੇ ਜਮਾਤੀ ਸ਼ਕਤੀ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ, ਜਿਸ ਕਰਕੇ ਅਸੀਂ ਧਰਮ ਪ੍ਰਚਾਰ ਘੱਟ ਤੇ ਆਪਸੀ ਤਕਰਾਰ ਵਧ ਕਰਦੇ ਹਾਂ। ਇਸ ਦਾ ਲਾਭ ਪੰਥ ਵਿਰੋਧੀ ਸ਼ਕਤੀਆਂ ਨੂੰ ਪੂਰਾ-ਪੂਰਾ ਹੋ ਰਿਹਾ ਹੈ। ਇਸ ਸੰਬੰਧੀ ਗਿਆਨੀ ਜੀ ਦੀ ਦ੍ਰਿਸ਼ਟੀ ਤੋਂ ਅਧਿਐਨ ਕਰਨ ਦੀ ਲੋੜ ਹੈ:-
“ਘਾਸ ਦਾ ਇਕ-ਇਕ ਤੀਲਾ ਕੁਛ ਭੀ ਸਮਰੱਥਾ ਨਹੀਂ ਰੱਖਦਾ ਪਰੰਤੂ ਜਦ ਉਸਦੇ ਤਿਨਕਯਾਂ ਨੂੰ ਪਕੜ ਕੇ ਰੱਸਾ ਵੱਟ ਲਈਏ ਤਦ ਉਸ ਵਿਚ ਅਜੇਹੀ ਸਮਰੱਥਾ ਹੋ ਜਾਂਦੀ ਹੈ ਜੋ ਮੱਤੇ ਹੋਏ ਹਾਥੀ ਨੂੰ ਬੰਨ੍ਹ ਕੇ ਬਠਾਲ ਸਕਦਾ ਹੈ। ਇਸੀ ਪ੍ਰਕਾਰ ਕੌਮ ਦਾ ਇਕ-ਇਕ ਆਦਮੀ ਕੁਝ ਭੀ ਕਾਰਜ ਨਹੀਂ ਕਰ ਸਕਦਾ ਪਰੰਤੂ ਓਹੀ ਜਦ ਮਿਲਕੇ ਇਕ ਹੋ ਜਾਂਦਾ ਹੈ ਤਦ ਵੱਡੀਆਂ-ਵੱਡੀਆਂ ਮੁਸ਼ਕਲ ਕਾਰਵਾਈਆਂ ਨੂੰ ਭੀ ਅਸਾਨ ਕਰਨੇ ਦੀ ਸਮਰੱਥਾ ਵਾਲਾ ਹੋ ਜਾਂਦਾ ਹੈ।” (ਖਾਲਸਾ ਅਖ਼ਬਾਰ ਲਾਹੌਰ, 3 ਅਪ੍ਰੈਲ, 1896)
ਕੌਮੀਅਤ ਦਾ ਜਜ਼ਬਾ ਨਾ ਹੋਣ ਕਾਰਨ ਕਈ ਵਾਰ ਸਾਡਾ ਕੁਝ ਤਬਕਾ ਅੰਮ੍ਰਿਤ ਸੰਚਾਰ ਤੇ ਪ੍ਰਚਾਰ ਉੱਪਰ ਵੀ ਕਿੰਤੂ ਕਰਨ ਤੋਂ ਬਾਜ ਨਹੀਂ ਆਉਂਦਾ। ਇਸ ਦੌੜ ਵਿਚ ਕੁਝ ਤਰਕਵਾਦੀਏ ਸਿੱਖ ਤੇ ਕੁਝ ਪੰਥ ’ਚੋਂ ਛੇਕੇ ਹੋਏ ਜ਼ਿਆਦਾ ਹੀ ਕਾਰਜਸ਼ੀਲ ਹਨ। ਇਨ੍ਹਾਂ ’ਚੋਂ ਕਈ ਤਾਂ ਆਪਣੀ ਤੁਲਨਾ ਵੀ ਗਿਆਨੀ ਦਿੱਤ ਸਿੰਘ ਜੀ ਨਾਲ ਕਰਦੇ ਹਨ, ਪਰ ਜੋ ਸਿੱਖ ਕੌਮ ਦੇ ਅਟੱਲ ਰਹਿਣ ਦੀ ਦਲੀਲ ਗਿਆਨੀ ਜੀ ਨੇ ਦਿੱਤੀ ਹੈ, ਇਹ ਸਦੀਵੀ ਸੱਚ ਹੈ ਜੋ ਸਾਡਾ ਸਭਨਾਂ ਦਾ ਧਿਆਨ ਮੰਗਦੀ ਹੈ:-
“ਖਾਲਸਾ ਕੌਮ ਦੀ ਜ਼ਿੰਦਗੀ ਭੀ ਇਸ ਭਾਰਤ ਭੂਮੀ ਪਰ ਏਹੋ ਬਾਹਰਲੇ ਪੰਜ ਕੱਕੇ ਦੇਖਦੇ ਹਾਂ ਅਰ ਅੰਦਰੂਨੀ ਜ਼ਿੰਦਗੀ ਗੁਰੂਆਂ ਦੇ ਉਪਦੇਸ਼ ਜਾਨਦੇ ਹਾਂ। ਅਰ ਆਸ਼ਾ ਰਖਦੇ ਹਾਂ ਕਿ ਜਿਤਨਾ ਚਿਰ ਇਸ ਕੌਮ ਵਿਚ ਅੰਮ੍ਰਿਤ ਦਾ ਪ੍ਰਚਾਰ ਰਿਹਾ ਅਰ ਇਸਦੇ ਪ੍ਰਤਿਸ਼ਟਤ ਪੁਰਖਾਂ ਨੇ ਕੇਸਾਂ ਦਾ ਕਦਰ ਕੀਤਾ ਤਦ ਤਕ ਇਹ ਕੌਮ ਸੰਸਾਰ ਪਰ ਅਟਲ ਰਹੇਗੀ ਅਰ ਦਿਨੋ ਦਿਨ ਉਨਤੀ ਕਰੇਗੀ ਪਰੰਤੂ ਜਦ ਇਨ੍ਹਾਂ ਦੇ ਬਾਹਰਲੇ ਨਸ਼ਾਨ ਮਿਟ ਗਏ ਤਦ ਓਹੋ ਜਾਤੀ ਅਤੇ ਸਨਾਤੀ ਹੋ ਕੇ ਕਮੀਨ ਬਣ ਜਾਨਗੇ। ਇਸ ਵਾਸਤੇ ਐ ਖਾਲਸਾ ਕੌਮ ਨੂੰ ਅਟੱਲ ਰੱਖਨ ਦੇ ਹਾਮੀਓ, ਆਪ ਪ੍ਰਚਾਰ ਕਰੋ ਅੰਮ੍ਰਿਤ ਦਾ ਅਤੇ ਧਾਰਨ ਕਰੋ ਕੇਸਾਂ ਦਾ।”(ਖਾਲਸਾ ਅਖ਼ਬਾਰ ਲਾਹੌਰ, 6 ਮਈ, 1898)
ਇਸੇ ਤਰ੍ਹਾਂ ਗਿਆਨੀ ਜੀ ਕੌਮੀ ਵਾਰਸਾਂ ਨੂੰ ਪ੍ਰੇਰਦੇ ਹੋਏ ਇਸ ਗੱਲ ਉੱਪਰ ਜ਼ੋਰ ਦਿੰਦੇ ਸਨ ਕਿ ਸੰਸਾਰ ਵਿਚ ਜੇਕਰ ਉੱਚ-ਵਿਦਿਆ ਪ੍ਰਾਪਤ ਲੋਕ ਹੋਣਗੇ ਤਾਂ ਖਾਲਸਾ ਪੰਥ ਦੀ ਹੋਂਦ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ। ਅਗਰ ਇਹ ਲੋਕ ਆਪਣੀ ਧਰਤੀ ’ਤੇ ਹੁਕਮਰਾਨ ਹੋਣਗੇ ਤਾਂ ਨੇਕੀ ਅਤੇ ਧਰਮ ਦਾ ਬੋਲਬਾਲਾ ਹੋਵੇਗਾ। ਇਹ ਉਨ੍ਹਾਂ ਦਾ ਕੌਮੀਅਤ ਦਾ ਜਜ਼ਬਾ ਤੇ ਦੂਰਅੰਦੇਸ਼ੀ ਸੀ ਕਿ ਉਨ੍ਹਾਂ ਨੇ ਭਵਿੱਖ ਨੂੰ ਸੰਵਾਰਨ ਤੇ ਸੁਚੇਤ ਵਰਗ ਦੇ ਪੈਦਾ ਹੋਣ ਦੀ ਕਾਮਨਾ ਕੀਤੀ। ਇਹ ਸਮੁੱਚੀ ਵਿਚਾਰ ਤੇ ਨਿਮਨਲਿਖਤ ਬੋਲ ਸਿੱਖਾਂ ਵਿਚ ਕੌਮੀਅਤ ਦਾ ਜਜ਼ਬਾ ਭਰਨ ਲਈ ਅੱਜ ਵੀ ਉਨੇ ਹੀ ਕਾਰਗਰ ਹਨ:-
“ਅਪਨੇ ਪੁੱਤ੍ਰ ਪੋਤਿਆਂ ਤਾਈਂ ਧਰਮ ਕਰਮ ਮਹਿ ਲਾਓ।
ਊਚ ਵਿੱਦਯਾ ਦੇ ਕਰ ਤਿਨਕੋ ਅਹੁਦੇ ਊਚ ਦਵਾਓ।
ਕਰਨ ਹਕੂਮਤ ਨਾਲ ਅਦਲ ਦੇ ਅਰ ਯਸ ਜਗ ਮਹਿ ਪਾਉਨ।
ਖਾਨ ਦਾਨ ਦੀ ਇੱਜ਼ਤ ਤਾਈਂ ਦਸ ਗੁਨ ਚਾਇ ਵਧਾਉਨ।” (ਮੀਰਾਂਕੋਟੀਏ ਮਤਾਬ ਸਿੰਘ ਦੀ ਬਹਾਦਰੀ)
ਲੇਖਕ ਬਾਰੇ
ਇੰਦਰਜੀਤ ਸਿੰਘ ਗੋਗੋਆਣੀ ਸਿੱਖ ਪੰਥ ਦੇ ਪ੍ਰਮੁੱਖ ਵਿਦਵਾਨ ਲੇਖਕਾਂ ਦੀ ਲੜੀ ਵਿੱਚ ਆਉਂਦੇ ਹਨ। ਆਪ ਨੇ ਸਿੱਖੀ ਤੇ ਸਿੱਖ ਇਤਿਹਾਸ ਨਾਲ ਸੰਬੰਧਤ ਅਨੇਕਾਂ ਪੁਸਤਕਾਂ ਦੇ ਨਾਲ-ਨਾਲ ਗੁਰਮਤਿ ਸਿਧਾਂਤ ਨਾਲ ਸੰਬੰਧਤ ਤੇ ਹੋਰ ਖੋਜ-ਭਰਪੂਰ ਲੇਖ ਸਿੱਖ ਪੰਥ ਦੀ ਝੋਲੀ ਪਾਉਂਦੇ ਆ ਰਹੇ ਹਨ।
- ਇੰਦਰਜੀਤ ਸਿੰਘ ਗੋਗੋਆਣੀhttps://sikharchives.org/kosh/author/%e0%a8%87%e0%a9%b0%e0%a8%a6%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%97%e0%a9%8b%e0%a8%97%e0%a9%8b%e0%a8%86%e0%a8%a3%e0%a9%80/June 1, 2007
- ਇੰਦਰਜੀਤ ਸਿੰਘ ਗੋਗੋਆਣੀhttps://sikharchives.org/kosh/author/%e0%a8%87%e0%a9%b0%e0%a8%a6%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%97%e0%a9%8b%e0%a8%97%e0%a9%8b%e0%a8%86%e0%a8%a3%e0%a9%80/August 1, 2007
- ਇੰਦਰਜੀਤ ਸਿੰਘ ਗੋਗੋਆਣੀhttps://sikharchives.org/kosh/author/%e0%a8%87%e0%a9%b0%e0%a8%a6%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%97%e0%a9%8b%e0%a8%97%e0%a9%8b%e0%a8%86%e0%a8%a3%e0%a9%80/August 1, 2009
- ਇੰਦਰਜੀਤ ਸਿੰਘ ਗੋਗੋਆਣੀhttps://sikharchives.org/kosh/author/%e0%a8%87%e0%a9%b0%e0%a8%a6%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%97%e0%a9%8b%e0%a8%97%e0%a9%8b%e0%a8%86%e0%a8%a3%e0%a9%80/September 1, 2009
- ਇੰਦਰਜੀਤ ਸਿੰਘ ਗੋਗੋਆਣੀhttps://sikharchives.org/kosh/author/%e0%a8%87%e0%a9%b0%e0%a8%a6%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%97%e0%a9%8b%e0%a8%97%e0%a9%8b%e0%a8%86%e0%a8%a3%e0%a9%80/February 1, 2010
- ਇੰਦਰਜੀਤ ਸਿੰਘ ਗੋਗੋਆਣੀhttps://sikharchives.org/kosh/author/%e0%a8%87%e0%a9%b0%e0%a8%a6%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%97%e0%a9%8b%e0%a8%97%e0%a9%8b%e0%a8%86%e0%a8%a3%e0%a9%80/March 1, 2010