editor@sikharchives.org

ਜੀਵਨ ਦਰਸ਼ਨ ਤੇ ਬਾਣੀ ਰਚਨਾ : ਪੰਜ ਗੁਰੂ ਸਾਹਿਬਾਨ

ਜਪੁਜੀ ਸਾਹਿਬ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬ-ਪ੍ਰਥਮ ਬਾਣੀ ਹੈ ਜੋ ਸਿੱਖ ਰਹਿਤ ਮਰਯਾਦਾ ਅਨੁਸਾਰ ਹਰ ਗੁਰਸਿੱਖ ਲਈ ਰੋਜ਼ਾਨਾ ਪੜ੍ਹਨ ਤੇ ਵਿਚਾਰਨ ਦਾ ਵਿਧਾਨ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਨਾਨਕ ਦੇਵ ਜੀ:

ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਅਤੇ ਚਹੁੰ ਵਰਣਾਂ (ਖੱਤਰੀ, ਬ੍ਰਾਹਮਣ, ਸੂਦ, ਵੈਸ਼) ਨੂੰ ਸਰਬ-ਸਾਂਝਾ ਧੁਰ-ਦਰਗਾਹੀ ਉਪਦੇਸ਼ ਦੇ ਕੇ, ਹਿੰਦੂ-ਮੁਸਲਮਾਨ ਦੋਵਾਂ ਮਹਾਨ ਧਰਮਾਂ ਨੂੰ ਜਾਤ-ਪਾਤ, ਨਸਲ-ਧਰਮ ਦੇ ਵਿਤਕਰਿਆਂ ਤੋਂ ਉੱਪਰ ਉੱਠ ਕੇ, ‘ਸ਼ੁਭ ਅਮਲ’ ਕਰਨ ਦਾ ਸਾਂਝਾ ਉਪਦੇਸ਼ ਦੇਣ ਵਾਲੇ ਮਹਾਨ ਜਗਤ- ਗੁਰੂ ਹਨ। ਆਪ ਜੀ ਦਾ ਜਨਮ ਸ੍ਰੀ ਨਨਕਾਣਾ ਸਾਹਿਬ (ਪੁਰਾਣਾ ਨਾਮ ਰਾਇ ਭੋਇ ਦੀ ਤਲਵੰਡੀ), ਪਾਕਿਸਤਾਨ ਵਿਖੇ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ 1469 ਈ. ਨੂੰ ਹੋਇਆ। ਆਪ ਜੀ ਦੇ ਨਾਨਕੇ ਪਿੰਡ ਚਾਹਲ (ਲਾਹੌਰ) ਵਿਚ ਸਨ। ਆਪ ਜੀ ਦੀ ਇਕ ਭੈਣ ਬੀਬੀ ਨਾਨਕੀ ਜੀ ਸਨ ਜੋ ਆਪ ਜੀ ਤੋਂ ਪੰਜ ਸਾਲ ਵੱਡੇ ਸਨ। ਆਪ ਜੀ ਨੂੰ ਆਰੰਭਕ ਜੀਵਨ ਵਿਚ ਪੰਡਤ ਗੋਪਾਲ ਪਾਸੋਂ ਹਿੰਦੀ, ਹਿਸਾਬ ਅਤੇ ਹੋਰ ਵਿਸ਼ੇ, ਪੰਡਤ ਬ੍ਰਿਜ ਲਾਲ ਪਾਸੋਂ ਸੰਸਕ੍ਰਿਤ ਅਤੇ ਮੌਲਵੀ ਕੁਤਬੁਦੀਨ ਕੋਲੋਂ ਫ਼ਾਰਸੀ ਅਤੇ ਅਰਬੀ ਵਿੱਦਿਆ ਪੜ੍ਹਨ ਲਈ ਭੇਜਿਆ ਗਿਆ। ਗੁਰੂ ਜੀ ਦੀ ਅਥਾਹ ਤੀਖਣ ਬੁੱਧੀ, ਧੁਰ ਦਰਗਾਹੋਂ ਪ੍ਰਾਪਤ ਭਰਪੂਰ ਗਿਆਨ ਅਤੇ ਬੇਸ਼ੁਮਾਰ ਸਮਝ ਵੇਖ ਕੇ, ਇਹ ਤਿੰਨੇ ਉਸਤਾਦ ਹੈਰਾਨ ਰਹਿ ਗਏ। ਗੁਰੂ ਜੀ ਨੇ ਜਲਦੀ ਹੀ ਸਾਰੀਆਂ ਭਾਸ਼ਾਵਾਂ ਵਿਚ ਪ੍ਰਬੀਨਤਾ ਹਾਸਲ ਕਰ ਲਈ। ਗੁਰੂ ਜੀ ਵੱਲੋਂ ਪੁੱਛੇ ਗਏ ਕਈ ਪ੍ਰਸ਼ਨਾਂ ਦੇ ਉੱਤਰ ਤਾਂ ‘ਉਸਤਾਦਾਂ’ ਨੂੰ ਵੀ ਨਹੀਂ ਸਨ ਆਉਂਦੇ। ਉਨ੍ਹਾਂ ਨੇ ਹੈਰਾਨ ਹੋ ਕੇ ਇਕ ਦਿਨ ਪਿਤਾ ਮਹਿਤਾ ਕਾਲੂ ਜੀ ਨੂੰ ਕਿਹਾ, ‘ਨਾਨਕ ਨੇ ਸਭ ਕੁਝ ਸਿੱਖ ਲਿਆ ਹੈ। ਇਹ ਕੋਈ ਮਮੂਲੀ ਬਾਲਕ ਨਹੀਂ ਹੈ। ਇਸ ਨੂੰ ਅੰਤਰ-ਗਿਆਨ ਹੈ।’

ਅਕਾਲ ਪੁਰਖ ਜੀ ਦਾ ‘ਸਤਿਨਾਮ’ ਪ੍ਰਚਾਰਨ, ਕੁਰਾਹੇ ਪਈ ਹੋਈ ਲੋਕਾਈ ਨੂੰ ਸੱਚ-ਧਰਮ ਅਤੇ ਨੈਤਿਕਤਾ ਦਾ ਉੱਚਾ-ਸੁੱਚਾ ਰਸਤਾ ਦੱਸਣ ਲਈ, ਆਪ ਜੀ ਨੇ ਧਰਤਿ-ਲੋਕਾਈ ਨੂੰ ਸੋਧਣ ਲਈ ਦੇਸ਼-ਵਿਦੇਸ਼ ਵਿਚ ਚਾਰ ਉਦਾਸੀਆਂ (ਲੰਮੀਆਂ ਯਾਤਰਾਵਾਂ) ਕੀਤੀਆਂ। ਇਨ੍ਹਾਂ ਉਦਾਸੀਆਂ ਦਾ ਸਮਾਂ 1507 ਈ. ਤੋਂ 1521 ਈ. ਤਕ ਲਗਭਗ ਹੈ। ਜੀਵਨ-ਕਾਲ ਦੇ ਅੰਤਲੇ ਸਮੇਂ ਕਰਤਾਰਪੁਰ (ਪਾਕਿਸਤਾਨ) ਵਿਚ ਬੈਠ ਕੇ ਗੁਰਮਤਿ-ਮਾਰਗ ਦੇ ਸੁਨਹਿਰੀ ਮੀਲ-ਪੱਥਰ ਸਥਾਪਤ ਕੀਤੇ ਗਏ। 1539 ਈ. ਵਿਚ ਆਪ ਜੀ ਨੇ ਦੇਹ ਰੂਪੀ ਚੋਲਾ ਤਿਆਗ ਦਿੱਤਾ ਅਤੇ ਅਕਾਲ ਪੁਰਖ ਨਾਲ ਅਭੇਦ ਹੋ ਗਏ। ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 19 ਰਾਗਾਂ ਅੰਦਰ ਬਾਣੀ ਦੀ ਰਚਨਾ ਕੀਤੀ। ਇਸ ਦੇ ਇਲਾਵਾ ‘ਸਲੋਕ ਵਾਰਾਂ ਤੇ ਵਧੀਕ’ ਸਿਰਲੇਖ ਹੇਠ ਆਪ ਜੀ ਦੇ 32 ਸ਼ਬਦ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਰਚਨਾ ਦਾ ਸਾਰ ਸੰਖਿਪਤ ਵੇਰਵਾ ਇਸ ਪ੍ਰਕਾਰ ਹੈ। ਕੁੱਲ ਸ਼ਬਦ 206, ਅਸਟਪਦੀਆਂ 121, ਛੰਤ 25, ਸਲੋਕ 256। ਗੁਰੂ ਜੀ ਨੇ ਤਿੰਨ ਵਾਰਾਂ ਦੀ ਰਚਨਾ ਕੀਤੀ ਰਾਗ ਮਾਝ, ਰਾਗ ਆਸਾ, ਰਾਗ ਮਲਾਰ।

ਵਿਸ਼ੇਸ਼ ਬਾਣੀਆਂ : ਜਪੁਜੀ ਸਾਹਿਬ, ਬਾਰਾਮਾਹ (ਰਾਗ ਤੁਖਾਰੀ), ਪਟੀ, ਅਲਾਹੁਣੀਆਂ, ਸਿਧ ਗੋਸਿਟ ਆਦਿ।

ਜਪੁਜੀ ਸਾਹਿਬ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬ-ਪ੍ਰਥਮ ਬਾਣੀ ਹੈ ਜੋ ਸਿੱਖ ਰਹਿਤ ਮਰਯਾਦਾ ਅਨੁਸਾਰ ਹਰ ਗੁਰਸਿੱਖ ਲਈ ਰੋਜ਼ਾਨਾ ਪੜ੍ਹਨ ਤੇ ਵਿਚਾਰਨ ਦਾ ਵਿਧਾਨ ਹੈ।

ਸ੍ਰੀ ਗੁਰੂ ਅੰਗਦ ਦੇਵ ਜੀ :

ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਪਿੰਡ ਮੱਤੇ ਦੀ ਸਰਾਂ (ਮੁਕਤਸਰ) ਵਿਖੇ ਮਾਤਾ ਦਇਆ ਕੌਰ ਜੀ ਅਤੇ ਪਿਤਾ ਸ੍ਰੀ ਫੇਰੂ ਮੱਲ ਜੀ ਦੇ ਗ੍ਰਹਿ ਵਿਖੇ 1504 ਈ. ਨੂੰ ਹੋਇਆ। ਸਮੇਂ ਦੇ ਗੇੜ ਨਾਲ ਪਿੰਡ ਮੱਤੇ ਕੀ ਸਰਾਂ ਉੱਜੜ ਗਿਆ ਸੀ ਅਤੇ ਇਕ ਨਾਂਗੇ ਉਦਾਸੀ ਸਾਧੂ ਦੇ ਯਤਨ ਕਰਕੇ, ਇਹ ਪਿੰਡ ਫਿਰ ਅਬਾਦ ਹੋਇਆ ਸੀ, ਜਿਸ ਕਰਕੇ ਇਸ ਪਿੰਡ ਦਾ ਨਾਮ ਅੱਜਕਲ੍ਹ ਨਾਂਗੇ ਦੀ ਸਰਾਂ ਕਰਕੇ ਪ੍ਰਸਿੱਧ ਹੈ। ਇਸੇ ਪ੍ਰਕਾਰ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ‘ਭਾਈ ਲਹਿਣਾ ਜੀ’ ਸੀ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਗੁਰਗੱਦੀ ਦੀ ਪਦਵੀ ਪ੍ਰਾਪਤ ਕਰਨ ਉਪਰੰਤ, ਉਨ੍ਹਾਂ ਦਾ ਨਾਮ ‘ਗੁਰੂ ਅੰਗਦ ਦੇਵ ਜੀ’ ਰੱਖਿਆ ਗਿਆ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਅਰੰਭਲੀ ਅਵਸਥਾ ਤੋਂ ਹੀ ਪਰਉਪਕਾਰੀ ਸੰਤ-ਸੁਭਾਅ ਦੇ ਮਾਲਕ ਸਨ ਅਤੇ ਸਦੀਵੀ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦੇ ਸਨ। ਆਪ ਜੀ ਦੇ ਪਿਤਾ ਸ੍ਰੀ ਫੇਰੂ ਮੱਲ ਜੀ ਵੈਸ਼ਨੋ ਦੇਵੀ ਦੇ ਭਗਤ ਸਨ। ਆਪ ਜੀ ਵੀ ਪਿਤਾ ਜੀ ਦੇ ਨਾਲ ਹਰ ਸਾਲ, ਦੇਵੀ- ਭਗਤਾਂ ਦੀ ਮੰਡਲੀ ਦੇ ਨਾਲ ਸ਼ਾਮਲ ਹੋ ਕੇ, ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਹੁੰਦੇ ਸਨ। 1526 ਈ. ਵਿਚ ਜਦੋਂ ਆਪ ਦੀ ਉਮਰ ਹਾਲੇ 22 ਸਾਲਾਂ ਦੀ ਹੀ ਸੀ, ਪਿਤਾ ਜੀ ਅਕਾਲ ਚਲਾਣਾ ਕਰ ਗਏ। ਆਪ ਜੀ ਦਾ ਪਿਤਾ-ਪੁਰਖੀ ਕਿੱਤਾ ਦੁਕਾਨਦਾਰੀ ਸੀ ਤੇ ਘਰ ਦੀ ਆਰਥਿਕ ਹਾਲਤ ਬਹੁਤ ਹੀ ਵਧੀਆ ਸੀ। ਆਪ ਜੀ ਦੀ ਧਰਮ ਪਤਨੀ ਦਾ ਨਾਮ ਮਾਤਾ ਖੀਵੀ ਜੀ ਸੀ ਅਤੇ ਆਪ ਜੀ ਦੇ ਦੋ ਪੁੱਤਰ ਬਾਬਾ ਦਾਤੂ ਜੀ ਅਤੇ ਬਾਬਾ ਦਾਸੂ ਜੀ ਸਨ। ਇਸੇ ਪ੍ਰਕਾਰ ਆਪ ਜੀ ਦੀਆਂ ਦੋ ਧੀਆਂ ਸਨ: ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ। ਆਪ ਜੀ ਭਾਵੇਂ ਸਮਾਜ ਭਾਈਚਾਰੇ ਵਿਚ ਚੰਗਾ ਉੱਚਕੋਟੀ ਦਾ ਇੱਜਤਵਾਨ ਸਥਾਨ ਰੱਖਦੇ ਸਨ ਪਰ ਇਸ ਸਭ ਕੁਝ ਦੇ ਬਾਵਜੂਦ, ਆਪ ਜੀ ਦਾ ਮਨ ਅਸ਼ਾਂਤ ਰਹਿੰਦਾ ਸੀ। ਸ਼ਾਇਦ ਇਹ ਕੋਈ ਰੱਬੀ ਧੁਰ ਦਰਗਾਹੀ ਕ੍ਰਿਸ਼ਮਾ ਸੀ, ਆਪਣੇ ਜਨ ਨੂੰ ਆਪਣੇ ਸੰਗ ਮਿਲਾਉਣ ਦਾ। ਅਸਲ ਵਿਚ ਭਾਈ ਲਹਿਣਾ ਜੀ ਸਦੀਵੀ ਸੱਚ ਦੀ ਭਾਲ ਵਿਚ ਸਨ ਜੋ ਸਦੀਵੀ ਸੱਚ ਹੈ, ਨਿਰਭਉ ਹੈ, ਨਿਰਵੈਰੁ ਹੈ, ਅਡੋਲ ਹੈ, ਨਾ ਜਨਮਦਾ ਹੈ, ਨਾ ਮਰਦਾ ਹੈ, ਨਾ ਹੀ ਉਹ ਕਦੇ ਘਟਦਾ ਹੈ ਤੇ ਨਾ ਹੀ ਵਧਦਾ ਹੈ। ਜਿਸ ਦੀ ਸ਼ਰਨ ਪਏ ਨੂੰ ਸਦੀਵੀ ਸੁਖ ਹੈ। ਸਦੀਵੀ ਅਨੰਦ ਤੇ ਖਿੜਾਓ ਹੈ।

ਪਰਮਾਤਮਾ ਦੇ ਰੰਗ ਨਿਆਰੇ ਹਨ। ਆਪ ਜੀ ਭਾਈ ਜੋਧ ਜੀ ਅਤੇ ਬੀਬੀ ਵਿਰਾਈ ਜੀ ਦੀ ਪ੍ਰੇਰਨਾ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਅਤੇ ਦਰਸ਼ਨ ਕਰ ਸਕੇ। 1532 ਈ. ਵਿਚ ਜਦੋਂ ਭਾਈ ਲਹਿਣਾ ਜੀ ਆਪਣੇ ਦੇਵੀ ਭਗਤਾਂ ਨਾਲ, ਵੈਸ਼ਨੋ ਦੇਵੀ ਦੀ ਯਾਤਰਾ ’ਤੇ ਜਾ ਰਹੇ ਸਨ ਤਾਂ ਰਸਤੇ ਵਿਚ ਕਰਤਾਰਪੁਰ ਪੜਾਉ ਕੀਤਾ ਅਤੇ ਇਥੇ ਹੀ ਆਪ ਜੀ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਹੋਇਆ। ਆਪ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਗਤ, ਬਚਨਾਂ ਅਤੇ ਸ਼ਖ਼ਸੀਅਤ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਸਦਾ ਲਈ ਗੁਰੂ-ਘਰ ਦੇ ਸੇਵਾਦਾਰ ਬਣ ਗਏ। ਗੁਰੂ-ਹੁਕਮ ਵਿਚ ਰਹਿ ਕੇ ਸ਼ਬਦ, ਸੇਵਾ, ਪਰਉਪਕਾਰ ਦੀ ਏਨੀ ਕਰੜੀ ਕਮਾਈ ਕੀਤੀ ਕਿ ਆਪ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਹੀ ਬਣ ਗਏ। ਗੁਰੂ ਤੇ ਚੇਲੇ ਵਿਚ ਰਤਾ-ਭਰ ਵੀ ਫ਼ਰਕ ਨਾ ਰਿਹਾ। 2 ਸਤੰਬਰ 1539 ਈ. ਨੂੰ ਆਪ ਜੀ ਗੁਰਗੱਦੀ ਦੇ ਵਾਰਸ, ਲਹਿਣਾ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਬਣ ਗਏ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦੇ ਕੇਵਲ 63 ਸਲੋਕ ਸ਼ਾਮਲ ਹਨ। ਇਹ ਸਾਰੇ ਸਲੋਕ ਭਾਵਾਂ ਦੀ ਸਪਸ਼ਟਤਾ ਲਈ, ਵਾਰਾਂ ਦੇ ਅੰਤਰਗਤ ਹੀ ਦਰਜ ਹਨ: ਵਾਰ ਮਾਝ (ਮਹਲਾ ਪਹਿਲਾ) ਵਿਚ 12 ਸਲੋਕ, ਵਾਰ ਆਸਾ (ਮਹਲਾ ਪਹਿਲਾ) ਵਿਚ 15 ਸਲੋਕ, ਵਾਰ ਮਲਾਰ (ਮਹਲਾ ਪਹਿਲਾ) ਵਿਚ 5 ਸਲੋਕ, ਵਾਰ ਸੂਹੀ (ਮਹਲਾ ਤੀਜਾ) ਵਿਚ 11 ਸਲੋਕ, ਵਾਰ ਰਾਮਕਲੀ (ਮਹਲਾ ਤੀਜਾ) ਵਿਚ 7 ਸਲੋਕ, ਵਾਰ ਮਾਰੂ (ਮਹਲਾ ਤੀਜਾ) ਵਿਚ 1 ਸਲੋਕ। ਇਸੇ ਪ੍ਰਕਾਰ ਵਾਰ ਸਿਰੀ ਰਾਗ (ਮਹਲਾ ਚੌਥਾ) ਵਿਚ ਦੋ ਸਲੋਕ, ਸੋਰਠਿ ਕੀ ਵਾਰ ਵਿਚ (ਮਹਲਾ ਚੌਥਾ) 1 ਸਲੋਕ, ਵਾਰ ਸਾਰੰਗ ਕੀ (ਮਹਲਾ ਚੌਥਾ) ਵਿਚ 9 ਸਲੋਕ ਅੰਕਿਤ ਹਨ।

ਸ੍ਰੀ ਗੁਰੂ ਅਮਰਦਾਸ ਜੀ :

ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ 1479 ਈ. ਨੂੰ ਪਿੰਡ ਬਾਸਰਕੇ (ਜ਼ਿਲ੍ਹਾ ਅੰਮ੍ਰਿਤਸਰ) ਵਿਚ ਮਾਤਾ ਲਛਮੀ ਜੀ (ਉਰਫ਼ ਸੁਲੱਖਣੀ ਜੀ) ਅਤੇ ਪਿਤਾ ਸ੍ਰੀ ਤੇਜ ਭਾਨ ਭੱਲਾ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੇ ਤਿੰਨ ਭਰਾ ਹੋਰ ਸਨ, ਜੋ ਪਿਤਾ ਜੀ ਨਾਲ ਖੇਤੀਬਾੜੀ ਅਤੇ ਦੁਕਾਨਦਾਰੀ (ਵਪਾਰ) ਆਦਿ ਦੀ ਕਿਰਤ ਕਰਦੇ ਸਨ। 11 ਮਾਘ ਸੰਮਤ 1559 ਅਨੁਸਾਰ 1503 ਈ. ਵਿਚ ਆਪ ਜੀ ਦਾ ਵਿਆਹ ਪਿੰਡ ਸਣਖਤਰੇ ਦੇ ਸ੍ਰੀ ਦੇਵੀ ਚੰਦ ਬਹਿਲ ਦੀ ਬੇਟੀ ਬੀਬੀ ਰਾਮ ਕੌਰ ਜੀ ਨਾਲ ਹੋਇਆ। ਆਪ ਜੀ ਦੇ ਦੋ ਪੁੱਤਰ ਅਤੇ ਦੋ ਪੁੱਤਰੀਆਂ ਸਨ: ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ। ਆਪ ਜੀ ਦਾ ਸੁਭਾਅ ਆਰੰਭਕ ਜੀਵਨ ਤੋਂ ਹੀ ਭਗਤੀ ਭਾਵ, ਪਰਉਪਕਾਰੀ, ਸੇਵਾ ਅਤੇ ਦਇਆ-ਭਾਵਨਾ ਵਾਲਾ ਸੀ।

ਆਪ ਜੀ ਹਰ ਸਾਲ 1521 ਈ. ਤੋਂ 1540 ਈ. ਤਕ ਲਗਭਗ 20 ਸਾਲ ਹਰਿਦੁਆਰ ਆਦਿ ਤੀਰਥਾਂ ’ਤੇ ਯਾਤਰਾ ਲਈ ਜਾਂਦੇ ਰਹੇ। ਜਦੋਂ ਆਪ ਜੀ 21ਵੀਂ ਵਾਰ 1541 ਈ. ਵਿਚ ਗੰਗਾ (ਹਰਿਦੁਆਰ) ਦੀ ਯਾਤਰਾ ’ਤੇ ਗਏ ਤਾਂ ਰਸਤੇ ਵਿਚ, ਇਕ ਬ੍ਰਹਮਚਾਰੀ ਸਾਧੂ ਦੇ ਬਚਨਾਂ ਨਾਲ ਅਜਿਹੀ ਮਨ ਨੂੰ ਠੇਸ ਲੱਗੀ ਕਿ ਪੂਰੇ ਗੁਰੂ ਦੀ ਭਾਲ ਵਿਚ ਲੱਗ ਗਏ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ, ਉਨ੍ਹਾਂ ਦੇ ਸਕੇ ਭਤੀਜੇ ਨਾਲ ਵਿਆਹੀ ਹੋਈ ਸੀ। ਉਸ ਦੀ ਪ੍ਰੇਰਨਾ ਸਦਕਾ ਆਪ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੰਗਤ ਵਿਚ ਆਏ ਤੇ ਸਦਾ ਲਈ ਗੁਰੂ-ਘਰ ਦੇ ਹੀ ਹੋ ਗਏ।

“ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ” (ਪੰਨਾ 918)

ਅਨੁਸਾਰ ਆਪ ਜੀ ਨੇ ਆਪਾ-ਭਾਵ ਛੱਡ ਕੇ, ਗੁਰੂ-ਹੁਕਮ ਵਿਚ ਇੰਨੀ ਕਰੜੀ ਘਾਲਣਾ ਘਾਲੀ ਕਿ ਸੇਵਕ, ਗੁਰੂ ਦਾ ਰੂਪ ਹੀ ਬਣ ਗਿਆ। ‘ਹਰਿ-ਜਨ’ ਅਤੇ ‘ਹਰਿ’ ਵਿਚ ਜ਼ਰਾ ਜਿੰਨਾ ਵੀ ਫ਼ਰਕ ਨਾ ਰਹਿ ਗਿਆ। ਆਪ ਦੀ ਘਾਲਣਾ ਸੰਪੂਰਨ ਹੋਈ, ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਰਬ-ਪ੍ਰਕਾਰੀ ਕਸਵੱਟੀ ’ਤੇ ਪਰਖ-ਪਰਖ ਕੇ ਆਪ ਜੀ ਨੂੰ ‘ਤਖਤੈ ਲਾਇਕ” ਜਾਣ ਕੇ ਗੁਰਗੱਦੀ ਦੀ ਦਾਤ ਬਖ਼ਸ਼ ਦਿੱਤੀ।… ਤੇ ਆਪਣੀ ਜੋਤ ਸ੍ਰੀ ਗੁਰੂ ਅਮਰਦਾਸ ਜੀ ਵਿਚ ਸਮਾਵੇਸ਼ ਕਰ ਦਿੱਤੀ।

ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 17 ਰਾਗਾਂ ਵਿਚ ਅੰਕਿਤ ਹੈ। ਜਿਸ ਵਿਚ 171 ਸ਼ਬਦ, 91 ਅਸਟਪਦੀਆਂ, 20 ਛੰਤ, 401 ਸਲੋਕ ਅਤੇ 85 ਪਉੜੀਆਂ ਸੰਮਿਲਤ ਹਨ। ਇਸ ਤੋਂ ਇਲਾਵਾ ਵਿਸ਼ੇਸ਼ ਬਾਣੀਆਂ ਦੀ ਸ਼੍ਰੇਣੀ ਵਿਚ ਆਪ ਜੀ ਨੇ ਰਾਗ ਆਸਾ ਵਿਚ ਇਕ ਕਾਫ਼ੀ, ਪੱਟੀ 1 (18 ਪਉੜੀਆਂ), ਰਾਗ ਵਡਹੰਸ ਵਿਚ ਅਲਾਹੁਣੀਆਂ 4 ਸ਼ਬਦ, ਰਾਗ ਬਿਲਾਵਲ ਵਿਚ ਵਾਰ ਸਤੁ (ਸਤਵਾਰਾ), ਦਸ ਦਸ ਬੰਦਾਂ ਦੇ ਦੋ ਸ਼ਬਦ (ਕੁਲ 20 ਸ਼ਬਦ), ਰਾਗ ਰਾਮਕਲੀ ਵਿਚ ਅਨੰਦ ਸਾਹਿਬ 40 ਪਉੜੀਆਂ, ਰਾਗ ਮਾਰੂ ਵਿਚ ‘ਸੋਲਹੇ’ 24 ਸ਼ਬਦ ਦੀ ਰਚਨਾ ਕੀਤੀ ਹੈ। ਇਸ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਰਚਨਾ ਵਿਚ ਸਬਦ, ਸਲੋਕ, ਅਸਟਪਦੀਆਂ, ਪਉੜੀਆਂ, ਛੰਤ ਅਤੇ ਵਿਸ਼ੇਸ਼ ਬਾਣੀਆਂ ਦੀ ਕੁੱਲ ਗਿਣਤੀ 875 ਹੈ।

ਸ੍ਰੀ ਗੁਰੂ ਰਾਮਦਾਸ ਜੀ :

ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ ਸੰਨ 1534 ਈ. ਨੂੰ ਪਿਤਾ ਸ੍ਰੀ ਹਰਿਦਾਸ ਸੋਢੀ ਅਤੇ ਮਾਤਾ ਦਇਆ ਕੌਰ ਜੀ ਦੇ ਪਵਿੱਤਰ ਗ੍ਰਹਿ ਵਿਖੇ, ਲਾਹੌਰ (ਪਾਕਿਸਤਾਨ) ਦੇ ਚੂਨਾ ਮੰਡੀ ਬਜ਼ਾਰ ਵਿਚ ਹੋਇਆ। ਸਮੇਂ ਦੀ ਪਰੰਪਰਾ ਅਨੁਸਾਰ ਵੱਡੇ ਪੁੱਤਰ ਨੂੰ ‘ਜੇਠਾ’ ਕਿਹਾ ਜਾਂਦਾ ਸੀ। ਇਸ ਕਰਕੇ ਪ੍ਰਾਰੰਭਕ ਰੂਪ ਵਿਚ ਆਪ ਜੀ ‘ਭਾਈ ਜੇਠਾ ਜੀ’ ਦੇ ਨਾਮ ਨਾਲ ਜਾਣੇ ਜਾਂਦੇ ਰਹੇ। ਆਪ ਜੀ ਦੇ ਪਿਤਾ ਸ੍ਰੀ ਹਰਿਦਾਸ ਜੀ, ਦੁਕਾਨਦਾਰੀ ਕਰਦੇ ਸਨ ਅਤੇ ਇਕ ਅਕਾਲ ਪੁਰਖ ਦੇ ਉਪਾਸ਼ਕ ਸਨ। ਅਰਥਾਤ ਆਪ ਜੀ ਦੇਵੀ-ਦੇਵਤਿਆਂ ਨੂੰ ਬਿਲਕੁਲ ਹੀ ਨਹੀਂ ਸਨ ਮੰਨਦੇ। ਸ੍ਰੀ ਗੁਰੂ ਰਾਮਦਾਸ ਜੀ ਦਾ ਇਕ ਭਰਾ ਸ੍ਰੀ ਹਰਿਦਿਆਲ ਜੀ ਅਤੇ ਇਕ ਭੈਣ ‘ਰਮਦਾਸੀ ਜੀ’ ਸੀ, ਜੋ ਸਭ ਤੋਂ ਛੋਟੀ ਸੀ। ਛੋਟੀ ਉਮਰ ਵਿਚ ਹੀ ਆਪ ਜੀ ਦੇ ਮਾਤਾ ਜੀ ਚੜ੍ਹਾਈ ਕਰ ਗਏ ਅਤੇ ਅਜੇ ਸ੍ਰੀ ਗੁਰੂ ਰਾਮਦਾਸ ਜੀ ਸੱਤ ਸਾਲ ਦੇ ਹੀ ਸਨ ਕਿ ਆਪ ਜੀ ਦੇ ਪਿਤਾ ਜੀ ਵੀ ਰੱਬ ਨੂੰ ਪਿਆਰੇ ਹੋ ਗਏ। ਆਪ ਜੀ ਉੱਤੇ ਅਥਾਹ ਗਰੀਬੀ ਆਣ ਪਈ। ਬਾਸਰਕੇ ਪਿੰਡ (ਅੰਮ੍ਰਿਤਸਰ) ਵਿਚ ਆਪ ਜੀ ਦੇ ਨਾਨਕੇ ਸਨ। ਆਪ ਜੀ ਦੇ ਨਾਨੀ ਜੀ ਇਨ੍ਹਾਂ ਤਿੰਨਾਂ ਭੈਣ-ਭਰਾਵਾਂ (ਅਨਾਥਾਂ) ਨੂੰ ਆਪਣੇ ਕੋਲ ਪਿੰਡ ਬਾਸਰਕੇ ਲੈ ਗਏ। ਇਥੇ ਹੀ ਆਪ ਜੀ ਦਾ ਮਿਲਾਪ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨਾਲ ਹੋਇਆ। ਸ੍ਰੀ ਗੁਰੂ ਅਮਰਦਾਸ ਜੀ ਨਾਲ ਆਪ ਜੀ, ਸ੍ਰੀ ਗੋਇੰਦਵਾਲ ਸਾਹਿਬ ਆ ਗਏ। ਗੁਰੂ-ਸੰਗਤ ਦੀ ਆਪ ਜੀ ਉੱਤੇ ਅਜਿਹੀ ਰੰਗਤ ਚੜ੍ਹੀ ਕਿ ਆਪ ਜੀ ਨੇ ਸੇਵਾ-ਸਿਮਰਨ ਅਤੇ ਗੁਰੂ-ਹੁਕਮ ਮੰਨਣ ਦੀ ਕਮਾਲ ਹੀ ਕਰ ਦਿੱਤੀ। ਸਰਬ-ਗੁਣ ਸੰਪੰਨ ਅਤੇ ਮੱਥੇ ਦਾ ਤੇਜ ਪ੍ਰਤਾਪ ਵੇਖ ਕੇ, ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਪੁੱਤਰੀ ਬੀਬੀ ਭਾਨੀ ਜੀ ਦਾ, ਸ੍ਰੀ ਗੁਰੂ ਰਾਮਦਾਸ ਜੀ ਨਾਲ ਵਿਆਹ ਕਰ ਦਿੱਤਾ। ਰੱਬੀ ਬਖਸ਼ਿਸ਼ ਨਾਲ ਆਪ ਜੀ ਦੇ ਘਰ ਤਿੰਨ ਪੁੱਤਰ ਬਾਬਾ ਪ੍ਰਿਥੀ ਚੰਦ ਜੀ (1557 ਈ.), ਬਾਬਾ ਮਹਾਂਦੇਵ ਜੀ (1560 ਈ.) ਅਤੇ ਸ੍ਰੀ ਗੁਰੂ ਅਰਜਨ ਦੇਵ ਜੀ (1563 ਈ.) ਵਿਚ ਪੈਦਾ ਹੋਏ। ਸ੍ਰੀ ਗੁਰੂ ਅਮਰਦਾਸ ਜੀ ਦੀ ਦੀਰਘ ਦ੍ਰਿਸ਼ਟੀ, ਤੀਖਣ ਸੂਝ ਨੇ ਜਦੋਂ ਜਾਣਿਆ ਕਿ ਗੁਰੂ ਰਾਮਦਾਸ ਜੀ, ‘ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ” ਅਰਥਾਤ ਇਹ ਹੁਣ ਸੰਪੂਰਨ ਸ਼ਖ਼ਸੀਅਤ ਬਣ ਚੁੱਕੇ ਹਨ। ਇਨ੍ਹਾਂ ਵਿਚ ਰਤੀ-ਭਰ ਵੀ ਕਮੀ ਨਹੀਂ ਹੈ ਤਾਂ ਚੰਗੀ ਤਰ੍ਹਾਂ ਘੋਖ-ਪਰਖ ਕੇ, ਸ੍ਰੀ ਗੁਰੂ ਅਮਰਦਾਸ ਜੀ ਨੇ, ਆਪ ਜੀ ਨੂੰ 1574 ਈ. ਵਿਚ ਗੁਰਗੱਦੀ ਦੀ ਦਾਤ ਬਖਸ਼ ਕੇ ਨਿਹਾਲ ਕਰ ਦਿੱਤਾ। ਉਸ ਵੇਲੇ ਸ੍ਰੀ ਗੁਰੂ ਰਾਮਦਾਸ ਜੀ ਦੀ ਉਮਰ 40 ਸਾਲ ਸੀ। 1574 ਈ. ਵਿਚ ਸ੍ਰੀ ਗੁਰੂ ਅਮਰਦਾਸ ਜੀ ਅਕਾਲ ਪੁਰਖ ਦੀ ਜੋਤਿ ਨਾਲ ਜੋਤਿ ਮਿਲਾ ਗਏ। ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚੀ ਹੋਈ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ, ਨਿਮਨਲਿਖਤ ਅਨੁਸਾਰ ਹੈ: ਸ਼ਬਦ 246, ਛੰਤ 28, ਸਲੋਕ 135, ਵਣਜਾਰਾ ਇਕ ਸ਼ਬਦ, ਘੋੜੀਆਂ ਦੋ ਸ਼ਬਦ, ਅਸ਼ਟਪਦੀਆਂ 33, ਪਹਰੇ ਇਕ ਸ਼ਬਦ, ਕਰਹਲੇ 2 ਸ਼ਬਦ, ਸੋਲਹੇ ਦੋ (ਰਾਗ ਮਾਰੂ)। ਇਸ ਦੇ ਇਲਾਵਾ ਲਾਵਾਂ ਇਕ ਸ਼ਬਦ (ਚਾਰ ਬੰਦ) ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦੀ ਬਾਣੀ 30 ਰਾਗਾਂ ਵਿਚ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ :

ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੁ ਅਰਜਨ ਦੇਵ ਜੀ ਦਾ ਜਨਮ 1563 ਈ. ਨੂੰ, ਸ੍ਰੀ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ ਦੇ ਗ੍ਰਹਿ ਵਿਖੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਇਆ। ਅਰੰਭਕ ਅਵਸਥਾ ਤੋਂ ਹੀ ਆਪ ਜੀ ਕੋਮਲ ਦਿਲ, ਤੀਖਣ ਸੂਝ ਅਤੇ ਧਾਰਮਿਕ ਬਿਰਤੀਆਂ ਦੇ ਮਾਲਕ ਸਨ। ਆਪ ਜੀ ਦਾ ਵਿਆਹ 23 ਹਾੜ ਸੰਮਤ 1636 (1693 ਈ.) ਨੂੰ ਪਿੰਡ ‘ਮੌ’ ਤਹਿਸੀਲ ਫਿਲੌਰ (ਜਲੰਧਰ) ਦੇ ਵਸਨੀਕ ਭਾਈ ਕਿਸ਼ਨ ਚੰਦ ਜੀ ਦੀ ਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ। ਆਪ ਜੀ ਦੇ ਘਰ 19 ਜੂਨ 1595 ਈ. ਨੂੰ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਜਨਮ ਲਿਆ।

ਆਪ ਜੀ ਦੀ ਧਰਮ ਪ੍ਰਤੀ ਦ੍ਰਿੜ੍ਹਤਾ, ਵਿਸ਼ਵਾਸ, ਨਾਮ-ਸਿਮਰਨ ਵਿਚ ਪ੍ਰਪੱਕਤਾ, ਸਤਿਸੰਗਤ ਲਈ ਪਿਆਰ, ਨਿਮਰਤਾ ਆਦਿ ਸਾਰੇ ਸ਼ੁਭ ਗੁਣ ਵੇਖ ਕੇ, ਸ੍ਰੀ ਗੁਰੂ ਰਾਮਦਾਸ ਜੀ ਨੇ ਆਪ ਜੀ ਨੂੰ 1 ਸਤੰਬਰ 1581 ਈ. ਨੂੰ ਗੁਰਤਾਗੱਦੀ ਦੀ ਜ਼ਿੰਮੇਵਾਰੀ ਬਖ਼ਸ਼ਿਸ਼ ਕਰ ਦਿੱਤੀ। ਆਪ ਜੀ ਨੇ ਆਪਣੇ ਜੀਵਨ ਕਾਲ ਵਿਚ ਬਹੁਤ ਸਾਰੇ ਨਗਰ ਵਸਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਮਹਾਨ ਕਾਰਜ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕੀਤੀ। ਆਪ ਜੀ ਦੀ ਬਾਣੀ ਰਚਨਾ, ਬਾਕੀ ਗੁਰੂ ਸਾਹਿਬਾਨ, ਸੰਤਾਂ, ਭਗਤਾਂ ਆਦਿ ਦੀ ਬਾਣੀ ਨਾਲੋਂ ਮਾਤਰਾ ਅਤੇ ਆਕਾਰ ਵਿਚ ਸਭ ਤੋਂ ਵੱਧ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁੱਲ 30 ਰਾਗਾਂ ਵਿਚ ਹੈ। ਜਿਸ ਦਾ ਵੇਰਵਾ ਇਸ ਪ੍ਰਕਾਰ ਹੈ: ਸ਼ਬਦ 1345, ਅਸ਼ਟਪਦੀਆਂ 62, ਛੰਤ 621। ਇਸ ਦੇ ਇਲਾਵਾ ਆਪ ਜੀ ਨੇ 6 ਵਾਰਾਂ ਦੀ ਰਚਨਾ ਵੀ ਕੀਤੀ। ਜਿਨ੍ਹਾਂ ਵਿਚ ਪਉੜੀਆਂ ਦੀ ਗਿਣਤੀ ਇਸ ਪ੍ਰਕਾਰ ਹੈ। ਰਾਗ ਗਉੜੀ 21 ਪਉੜੀਆਂ, ਰਾਗ ਗੂਜਰੀ 21 ਪਉੜੀਆਂ, ਰਾਗ ਜੈਤਸਰੀ 20 ਪਉੜੀਆਂ, ਰਾਗ ਰਾਮਕਲੀ 22 ਪਉੜੀਆਂ, ਰਾਗ ਮਾਰੂ 23 ਪਉੜੀਆਂ, ਰਾਗ ਬਸੰਤ ਕੀ ਵਾਰ 3 ਪਉੜੀਆਂ। ਇਨ੍ਹਾਂ ਪਉੜੀਆਂ ਦਾ ਕੁੱਲ ਜੋੜ 21+21+20+22+23+3=110 ਹੈ। ਇਸ ਦੇ ਇਲਾਵਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਗਉੜੀ ਕੀ ਵਾਰ (ਮਹਲਾ ਚੌਥਾ) ਵਿਚ 5 ਪਉੜੀਆਂ, ਸਾਰੰਗ ਕੀ ਵਾਰ (ਮਹਲਾ ਚੌਥਾ) ਵਿਚ ਅਤੇ ਮਲਾਰ ਕੀ ਵਾਰ (ਮਹਲਾ ਪਹਿਲਾ) ਦੋਵਾਂ ਵਿਚ ਵੀ 1-1 ਪਉੜੀ ਹੈ। ਇਸ ਪ੍ਰਕਾਰ ਆਪ ਜੀ ਦੁਆਰਾ ਰਚਿਤ ਪਉੜੀਆਂ ਦੀ ਗਿਣਤੀ 110+7=117 ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਹੁਤ ਸਾਰੀਆਂ ਵਿਸ਼ੇਸ਼ ਬਾਣੀਆਂ ਦੀ ਵੀ ਰਚਨਾ ਕੀਤੀ। ਉਦਾਹਰਣ ਵਜੋਂ: ਸ੍ਰੀ ਰਾਗ ਵਿਚ ਪਹਰੇ ਇਕ ਸ਼ਬਦ, ਰਾਗ ਮਾਝ 14 ਪਉੜੀਆਂ ਬਾਰਹਮਾਹ, ਰਾਗ ਗਉੜੀ ਵਿਚ ਬਾਵਨ ਅਖਰੀ 57 ਸਲੋਕ ਤੇ 55 ਪਉੜੀਆਂ, ਸੁਖਮਨੀ ਸਾਹਿਬ 24 ਸਲੋਕ ਤੇ 24 ਅਸ਼ਟਪਦੀਆਂ, ਰਾਗ ਆਸਾ ਵਿਚ ਬਿਰਹੜੇ 4 ਸ਼ਬਦ, ਰਾਗ ਸੂਹੀ ਵਿਚ ਗੁਣਵੰਤੀ 1 ਸ਼ਬਦ ਆਦਿ ਤੋਂ ਇਲਾਵਾ ਆਪ ਜੀ ਨੇ ਫੁਨਹੇ, ਚਉਬੋਲੇ, ਗਾਥਾ ਆਦਿ ਕਾਵਿ-ਰੂਪਾਂ ਦੀ ਵੀ ਰਚਨਾ ਕੀਤੀ ਹੈ। ਕੁਲ ਸਲੋਕ ਜੋ ਵਾਰਾਂ ਨਾਲ ਹਨ ਦੀ ਗਿਣਤੀ 255 ਹੈ। ਵਾਰਾਂ ਤੇ ਵਧੀਕ ਆਪ ਜੀ ਦੇ 22 ਸਲੋਕ ਹਨ। ਭਗਤ ਕਬੀਰ ਜੀ ਅਤੇ ਭਗਤ ਫਰੀਦ ਜੀ ਦੇ ਸਲੋਕਾਂ ਵਿਚ ਵੀ ਆਪ ਜੀ ਦੇ 13 ਸਲੋਕ ਅੰਕਿਤ ਹਨ। ਇਸ ਪ੍ਰਕਾਰ ਆਪ ਜੀ ਦੁਆਰਾ ਰਚਿਤ ਸਲੋਕਾਂ ਦੀ ਕੁਲ ਗਿਣਤੀ 255+22+13=290 ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਖੇਤਰੀ ਖੋਜ ਕੇਂਦਰ -ਵਿਖੇ: ਪੰਜਾਬ ਐਗਰੀਕਲਚਰ ਯੂਨੀਵਰਸਿਟੀ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)