ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1904 ਈ. ਨੂੰ ਪਿੰਡ ਰਾਜੇਵਾਲ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ੍ਰੀ ਸ਼ਿੱਬੂ ਮੱਲ ਸ਼ਾਹੂਕਾਰ ਦੇ ਗ੍ਰਹਿ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਹੋਇਆ। ਬਚਪਨ ਤੋਂ ਹੀ ਉਨ੍ਹਾਂ ਨੂੰ ਸੇਵਾ ਕਰਨ ਦਾ ਸ਼ੌਂਕ ਸੀ। ਘਰ ਗਰੀਬੀ ਆ ਜਾਣ ਕਰਕੇ ਪੜ੍ਹਾਈ ਵਿਚੇ ਹੀ ਛੱਡਣੀ ਪਈ ਅਤੇ ਨੌਕਰੀ ਦੀ ਭਾਲ ਵਿਚ ਮਾਤਾ ਨਾਲ ਲਾਹੌਰ ਜਾਣਾ ਪਿਆ। ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਭਗਤ ਪੂਰਨ ਸਿੰਘ ਜੀ ਬਿਨਾਂ ਤਨਖਾਹ ਤੋਂ ਸੇਵਾ ਕਰਨ ਲੱਗੇ, ਉਥੋਂ ਦੇ ਮਹੰਤ ਤੇਜਾ ਸਿੰਘ ਜੀ ਬਹੁਤ ਗੁਰਮੁਖ ਪਿਆਰੇ ਸਨ। ਉਹ ਭਗਤ ਜੀ ਨੂੰ ਅਨੇਕਾਂ ਵਾਰ ਲਾਡ ਨਾਲ ਬੁਲਾਉਂਦੇ ਕਹਿੰਦੇ, ਪੂਰਨ ਸਿੰਘ ਪ੍ਰੇਮੀ! ਪੂਰਨ ਸਿੰਘ ਪ੍ਰੇਮੀ! ਭਗਤ ਪੂਰਨ ਸਿੰਘ ਜੀ ਦਾ ਬਚਪਨ ਦਾ ਨਾਂ ਰਾਮ ਜੀ ਦਾਸ ਸੀ। ਗੁਰਦੁਆਰਾ ਡੇਹਰਾ ਸਾਹਿਬ ਵਿਖੇ ਕੀਤੀ ਨਿਸ਼ਕਾਮ ਸੇਵਾ ਅਤੇ ਲਾਚਾਰ ਤੇ ਲਾਵਾਰਸ ਰੋਗੀਆਂ ਦੀ ਸੇਵਾ-ਸੰਭਾਲ ਨੇ ਉਨ੍ਹਾਂ ਨੂੰ ਰਾਮ ਜੀ ਦਾਸ ਤੋਂ ਪੂਰਨ ਸਿੰਘ ਬਣਾ ਦਿੱਤਾ। ਗਿਆਨੀ ਕਰਤਾਰ ਸਿੰਘ ਜੀ ਨੇ ਇਨ੍ਹਾਂ ਦੀ ਸੇਵਾ ਨੂੰ ਵੇਖ ਕੇ ‘ਭਗਤ ਜੀ’ ਕਹਿ ਕੇ ਸੰਬੋਧਨ ਕੀਤਾ। ਭਗਤ ਜੀ ਜਦ 26 ਸਾਲ ਦੇ ਹੋਏ ਤਾਂ ਮਰਨ ਕਿਨਾਰੇ ਬਿਸਤਰੇ ’ਤੇ ਪਈ ਆਪਣੀ ਮਾਂ ਨਾਲ ਇਹ ਪ੍ਰਣ ਲਿਆ ਕਿ ਮੈਂ ਉਮਰ-ਭਰ ਬੇਸਹਾਰਾ, ਅਪੰਗਾਂ ਅਤੇ ਗਰੀਬਾਂ ਦੀ ਸੇਵਾ ਵਿਚ ਹੀ ਜੀਵਨ ਬਤੀਤ ਕਰਾਂਗਾ। ਭਗਤ ਜੀ ਨੇ ਲਾਹੌਰ ਵਿਖੇ ਦਿਆਲ ਸਿੰਘ ਲਾਇਬ੍ਰੇਰੀ ’ਚ ‘ਯੰਗ ਇੰਡੀਆ’ ਮੈਗਜ਼ੀਨ ਵਿੱਚੋਂ ਬੇਕਾਰੀ ਦੂਰ ਕਰਨ ਦਾ ਹੱਲ ਲੱਭਿਆ।
ਭਗਤ ਪੂਰਨ ਸਿੰਘ ਜੀ ਨੇ ਮਨੁੱਖਤਾ ਦੀ ਸੇਵਾ ਦਾ ਮੁੱਢ ਸੰਨ 1934 ਈ. ਵਿਚ ਇਕ ਚਾਰ ਸਾਲ ਦੇ ਬੱਚੇ (ਪਿਆਰਾ ਸਿੰਘ) ਦੀ ਸੇਵਾ ਤੋਂ ਸ਼ੁਰੂ ਕੀਤਾ। ਇਸ ਅਪੰਗ ਬੱਚੇ ਨੂੰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਡਿਉਢੀ ਅੱਗੇ ਕੋਈ ਛੱਡ ਗਿਆ ਸੀ। ਇਹ ਬੱਚਾ ਸ਼ਕਲ-ਸੂਰਤ ਤੋਂ ਬੜਾ ਕਰੂਪ ਸੀ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਬੱਚੇ ਨੂੰ ਭਗਤ ਜੀ ਦੇ ਹਵਾਲੇ ਕਰਕੇ ਆਖਿਆ ਕਿ ‘ਪੂਰਨ ਸਿੰਘ! ਤੂੰ ਹੀ ਅੱਜ ਤੋਂ ਇਸ ਬੱਚੇ ਦੀ ਸੇਵਾ-ਸੰਭਾਲ ਕਰ।’ ਭਗਤ ਜੀ ਲਈ ਇਹ ਬੱਚਾ ਪਿਆਰ ਦਾ ਸੋਮਾ ਹੋ ਨਿੱਬੜਿਆ ਜਿਸ ਕਰਕੇ ਉਸ ਦਾ ਨਾਮ ਪਿਆਰਾ ਸਿੰਘ ਹੋ ਗਿਆ।
ਜਦੋਂ ਦੇਸ਼ ਦੀ ਵੰਡ ਹੋਈ ਤਾਂ ਭਗਤ ਪੂਰਨ ਸਿੰਘ ਉਸ ਲੂਲ੍ਹੇ ਬੱਚੇ ਨੂੰ 18 ਅਗਸਤ 1947 ਨੂੰ ਖਾਲਸਾ ਕਾਲਜ ਅੰਮ੍ਰਿਤਸਰ ਦੇ ਸ਼ਰਨਾਰਥੀ ਕੈਂਪ ਵਿਚ ਲੈ ਕੇ ਪਹੁੰਚੇ। ਉਸ ਕੈਂਪ ਵਿਚ 25,000 ਦੇ ਕਰੀਬ ਮਰਦ, ਇਸਤਰੀਆਂ ਤੇ ਬੱਚੇ ਸਨ। ਅਪਾਹਜਾਂ ਦੀ ਸੇਵਾ-ਸੰਭਾਲ, ਕੱਪੜੇ ਧੋਣ ਅਤੇ ਉਨ੍ਹਾਂ ਨੂੰ ਨਹਾਉਣ ਤੋਂ ਇਲਾਵਾ ਭਗਤ ਪੂਰਨ ਸਿੰਘ ਇਕੱਲੇ ਹੀ ਦੋਵੇਂ ਵੇਲੇ ਘਰਾਂ ਵਿੱਚੋਂ ਪਰਸ਼ਾਦੇ ਮੰਗ ਕੇ ਲਿਆਉਂਦੇ ਤੇ ਸਭ ਨੂੰ ਵਰਤਾਉਂਦੇ ਸਨ। 31 ਦਸੰਬਰ 1948 ਤਕ ਇਹ ਕੈਂਪ ਚੱਲਿਆ। ਇਕੱਲੇ ਭਗਤ ਪੂਰਨ ਸਿੰਘ ਜੀ ਨੇ ਆਪਣੇ ਹੱਥਾਂ ਨਾਲ ਇਹ ਸੇਵਾ ਨਿਭਾਈ।
1948 ਤੋਂ 1955 ਈ. ਤਕ ਫੁਟਪਾਥਾਂ, ਰੁੱਖਾਂ ਦੀ ਛਾਵੇਂ, ਕਦੇ ਖ਼ਾਲਸਾ ਕਾਲਜ ਕੋਲ, ਕਦੇ ਰੇਲਵੇ ਸਟੇਸ਼ਨ ਕੋਲ, ਕਦੇ ਚੀਫ਼ ਖ਼ਾਲਸਾ ਦੀਵਾਨ ਦੇ ਕੋਲ, ਝੌਂਪੜੀਆਂ ਬਣਾ ਕੇ ਪੀੜਤ ਲੋਕਾਂ ਦੀ ਸੇਵਾ-ਸੰਭਾਲ ਕੀਤੀ। 1955 ਵਿਚ ਤਹਿਸੀਲਪੁਰਾ ਅੰਮ੍ਰਿਤਸਰ ਵਿਖੇ ਥਾਂ ਮੁੱਲ ਖਰੀਦ ਕੇ ਭਗਤ ਜੀ ਨੇ ਪਿੰਗਲਵਾੜੇ ਦੀ ਨੀਂਹ ਰੱਖੀ ਜਿਥੇ ਮਾਨਸਿਕ ਅਤੇ ਲਾਵਾਰਸ ਰੋਗੀਆਂ, ਲੂਲ੍ਹੇ, ਲੰਗੜਿਆਂ ਅਤੇ ਬੇਸਹਾਰਾ ਬਜ਼ੁਰਗਾਂ ਦੀ ਸੇਵਾ-ਸੰਭਾਲ ਕੀਤੀ ਜਾਣ ਲੱਗ ਪਈ। ਇਹ ਆਸ਼ਰਮ ਜੋ ਕੁਝ ਕੁ ਮਰੀਜ਼ਾਂ ਨੂੰ ਲੈ ਕੇ ਭਗਤ ਪੂਰਨ ਸਿੰਘ ਜੀ ਨੇ ਬੀਜ ਰੂਪ ਵਿਚ ਸ਼ੁਰੂ ਕੀਤਾ ਸੀ, ਅੱਜ 900 ਤੋਂ ਵੀ ਵੱਧ ਮਰੀਜ਼ਾਂ ਜਿਨ੍ਹਾਂ ਵਿਚ ਇਸਤਰੀਆਂ, ਬੱਚੇ ਤੇ ਬੁੱਢੇ ਸ਼ਾਮਲ ਹਨ, ਲਈ ਘਰ ਵਰਗੇ ਸੁਖਾਂ ਦਾ ਸਾਧਨ ਬਣਿਆ ਹੋਇਆ ਹੈ।
ਭਗਤ ਪੂਰਨ ਸਿੰਘ ਜੀ ਨੇ ਪ੍ਰਦੂਸ਼ਣ, ਜਲ-ਸਾਧਨਾਂ, ਜੰਗਲਾਂ ਦੀ ਕਟਾਈ ਤੋਂ ਪੈਦਾ ਹੋਣ ਵਾਲੇ ਖ਼ਤਰਿਆਂ ਨਾਲ ਸੰਬੰਧਿਤ ਅਨੇਕਾਂ ਕਿਤਾਬਚੇ, ਟ੍ਰੈਕਟ, ਫੋਲਡਰ ਅਤੇ ਇਸ਼ਤਿਹਾਰ ਲੱਖਾਂ ਦੀ ਗਿਣਤੀ ਵਿਚ ਛਾਪ ਕੇ ਵੰਡੇ। ਉਨ੍ਹਾਂ ਤੋਂ ਮਗਰੋਂ ਵੀ ਇਹ ਕਾਰਜ ਇਸ ਸੰਸਥਾ ਵੱਲੋਂ ਨਿਰਵਿਘਨ ਜਾਰੀ ਹੈ। ਅੱਜ ਵੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਬਾਹਰ ਘੰਟਾ ਘਰ ਚੌਂਕ ਤੇ ਸਰਾਂ (ਰਿਹਾਇਸ਼) ਵਾਲੇ ਪਾਸੇ ਉਨ੍ਹਾਂ ਦੇ ਕਿਤਾਬਚੇ, ਟ੍ਰੈਕਟ, ਇਸ਼ਤਿਹਾਰ, ਪੈਂਫਲਿਟ, ਫੋਲਡਰ ਮੁਫ਼ਤ ਵੰਡੇ ਜਾਂਦੇ ਹਨ। ਪਿੰਗਲਵਾੜੇ ਵਿਚ ਬਿਮਾਰ, ਬੇਸਹਾਰਾ, ਮੰਦਬੁੱਧੀ ਵਾਲੇ ਬੱਚੇ ਅਤੇ ਸਿਆਣੀ ਉਮਰ ਦੇ ਮਰਦ ਅਤੇ ਇਸਤਰੀਆਂ ਚਾਹੇ ਉਹ ਕਿਸੇ ਵੀ ਕੌਮ ਜਾਂ ਜਾਤੀ ਨਾਲ ਸੰਬੰਧ ਰੱਖਦੇ ਹੋਣ, ਇਨ੍ਹਾਂ ਸਾਰਿਆਂ ਨੂੰ ਵੱਖਰੇ-ਵੱਖਰੇ ਵਾਰਡਾਂ ਵਿਚ ਰੱਖਿਆ ਜਾਂਦਾ ਹੈ। ਪਿੰਗਲਵਾੜਾ ਸੰਸਥਾ ਦੀ ਹਦੂਦ ਅੰਦਰ ਦਰਜ਼ੀ ਦਾ ਕੰਮ, ਟਾਈਪ ਕਰਨਾ, ਕੁਰਸੀਆਂ ਬੁਣਨੀਆਂ, ਮੋਮਬੱਤੀਆਂ, ਗੁੱਡੀਆਂ, ਖਿਡਾਉਣੇ ਬਣਾਉਣ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ। ਪਿੰਗਲਵਾੜਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 6 ਲੱਖ ਰੁਪਏ ਦੀ ਸਾਲਾਨਾ ਸਹਾਇਤਾ ਦਿੱਤੀ ਜਾਂਦੀ ਹੈ। ਸਰਕਾਰ ਵੱਲੋਂ ਵੀ 50 ਹਜ਼ਾਰ ਰੁਪਏ ਦੀ ਸਹਾਇਤਾ ਮਿਲਦੀ ਹੈ। ਹੋਰ ਵੀ ਅਨੇਕਾਂ ਸਮਾਜ-ਸੇਵੀ ਸੰਸਥਾਵਾਂ, ਸਭਾ-ਸੁਸਾਇਟੀਆਂ, ਸਿੰਘ-ਸਭਾਵਾਂ, ਦੂਰ-ਦੁਰਾਡੀਆਂ ਥਾਵਾਂ ਤੋਂ ਚੈੱਕ, ਮਨੀਆਰਡਰ, ਬੈਂਕ ਡਰਾਫਟ ਆਦਿ ਰਾਹੀਂ ਮਾਇਆ ਭੇਜਦੀਆਂ ਹਨ।
ਭਗਤ ਪੂਰਨ ਸਿੰਘ ਜੀ ਨੇ ਪਿੰਗਲਵਾੜਾ ਸਥਾਪਿਤ ਕਰਕੇ ਬੇਸਹਾਰਾ, ਅਪਾਹਜਾਂ, ਅਪੰਗਾਂ ਉੱਤੇ ਮਹਾਨ ਪਰਉਪਕਾਰ ਕੀਤਾ ਹੈ। ਭਾਰਤ ਵਿਚ ਮਦਰ ਟੈਰੇਸਾ ਦਾ ਕੰਮ ਨਿਰਸੰਦੇਹ ਪ੍ਰਸੰਸਾਯੋਗ ਹੈ, ਪਰ ਭਗਤ ਪੂਰਨ ਸਿੰਘ ਜੀ ਦਾ ਕੰਮ ਆਪਣੇ ਆਪ ਵਿਚ ਬੇਮਿਸਾਲ ਹੈ। ਭਗਤ ਪੂਰਨ ਸਿੰਘ ਜੀ ਨੇ ਕਦੇ ਵੀ ਇਨਾਮਾਂ-ਸਨਮਾਨਾਂ ਦੇ ਖਿਆਲ ਨਾਲ ਸੇਵਾ-ਕਾਰਜ ਨਹੀਂ ਕੀਤਾ, ਪਰ ਉਨ੍ਹਾਂ ਦੀ ਝੋਲੀ ਵਿਚ ਫਿਰ ਵੀ ਅਨੇਕਾਂ ਮਾਣ-ਸਨਮਾਨ ਪਏ। ਉਨ੍ਹਾਂ ਨੂੰ 1981 ’ਚ ਪਦਮ ਸ੍ਰੀ ਐਵਾਰਡ, 1990 ’ਚ ਹਾਰਮਨੀ ਐਵਾਰਡ, 1991 ’ਚ ਲੋਕ ਰਤਨ ਐਵਾਰਡ ਪ੍ਰਾਪਤ ਹੋਏ। ‘ਭਾਈ ਘਨੱਈਆ ਐਵਾਰਡ’ ਕਮੇਟੀ ਜਿਸ ਦੇ ਚੇਅਰਮੈਨ ਮਹੰਤ ਤੀਰਥ ਸਿੰਘ ਜੀ ‘ਸੇਵਾ ਪੰਥੀ’ ਹਨ, ਵੱਲੋਂ ਪਹਿਲਾ ‘ਭਾਈ ਘਨੱਈਆ ਐਵਾਰਡ’ ਭਗਤ ਪੂਰਨ ਸਿੰਘ ਜੀ ਬਾਨੀ ਪਿੰਗਲਵਾੜਾ ਨੂੰ ਮਰਨ ਉਪਰੰਤ 4 ਅਕਤੂਬਰ 1995 ਈ. ਨੂੰ ਦਿੱਤਾ ਗਿਆ, ਜੋ ਡਾ. ਇੰਦਰਜੀਤ ਕੌਰ ਮੌਜੂਦਾ ਮੁਖੀ ਨੇ ਪ੍ਰਾਪਤ ਕੀਤਾ। ਇਸ ਐਵਾਰਡ ’ਚ ਇਕ ਲੱਖ ਰੁਪਏ ਨਕਦ, ਇਕ ਸ਼ਾਲ, ਇਕ ਪ੍ਰਸੰਸਾ-ਪੱਤਰ ਤੇ ਮੋਮੈਂਟੋ ਦਿੱਤਾ ਗਿਆ।
ਭਗਤ ਜੀ ਨੇ ਕੁਦਰਤੀ ਸੋਮਿਆਂ ਦੀ ਰੱਖਿਆ ਕਰੋ, ਸਾਦਾ ਜੀਵਨ ਬਤੀਤ ਕਰੋ, ਵੱਧ ਤੋਂ ਵੱਧ ਰੁੱਖ ਲਗਾ ਕੇ ਮਨੁੱਖਤਾ ਦਾ ਭਲਾ ਕਰੋ, ਖਾਦੀ ਦਾ ਕੱਪੜਾ ਪਹਿਨ ਕੇ ਬੇਰੁਜ਼ਗਾਰੀ ਨੂੰ ਘਟਾਉਣ ਵਿਚ ਮਦਦ ਕਰੋ, ਸਾਦਾ ਖਾਣਾ, ਸਾਦਾ ਪਾਉਣਾ ਅਤੇ ਸਾਦਗੀ ਵਿਚ ਰਹਿਣ ਦਾ ਆਨੰਦ ਹੀ ਵੱਖਰਾ ਹੈ, ਡੀਜ਼ਲ ਤੇ ਪੈਟਰੋਲ ਦੀ ਵਰਤੋਂ ਘੱਟ ਕਰੋ, ਵਧ ਰਹੀ ਆਬਾਦੀ ਨੂੰ ਠੱਲ੍ਹ ਪਾਉਣ ਲਈ ਸੰਜਮ-ਮਈ ਜੀਵਨ ਬਤੀਤ ਕਰੋ, ਰੋ ਰਹੀ ਹਵਾ, ਪਾਣੀ ਅਤੇ ਧਰਤੀ ਮਾਤਾ ਦੀ ਪੁਕਾਰ ਸੁਣੋ, ਬਰਸਾਤ ਦੇ ਮੌਸਮ ਵਿਚ ਹਰ ਪ੍ਰਾਣੀ ਘੱਟੋ-ਘੱਟ ਇਕ ਰੁੱਖ ਜ਼ਰੂਰ ਲਗਾਵੇ, ਰਸਤੇ ਵਿਚ ਪਏ ਕੇਲਿਆਂ ਦੇ ਛਿੱਲੜ, ਕਿੱਲ, ਸ਼ੀਸ਼ੇ ਅਤੇ ਖੁਰੀ ਚੁੱਕ ਕੇ ਪ੍ਰਾਣੀ-ਮਾਤਰ ਦਾ ਭਲਾ ਕਰੋ, ਜਾਨਵਰਾਂ ਦੀ ਰੱਖਿਆ ਲਈ ਵੱਧ ਤੋਂ ਵੱਧ ਉਪਰਾਲੇ ਕਰੋ ਆਦਿ ਉਪਦੇਸ਼ ਸਮੁੱਚੀ ਮਾਨਵਤਾ ਨੂੰ ਦਿੱਤੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ‘ਭਗਤ ਪੂਰਨ ਸਿੰਘ ਚੇਅਰ’ ਦੀ ਸਥਾਪਨਾ ਕੀਤੀ ਗਈ ਹੈ। ਭਾਰਤ ਸਰਕਾਰ ਵੱਲੋਂ 10 ਦਸੰਬਰ 2004 ਈ. ਨੂੰ ਭਗਤ ਜੀ ਦੀ ਇਕ ਡਾਕ ਟਿਕਟ ਦਿੱਲੀ ਵਿਖੇ ਰਿਲੀਜ਼ ਕੀਤੀ ਗਈ।
ਸੇਵਾ ਦੇ ਪੁੰਜ, ਪਰਉਪਕਾਰੀ ਭਗਤ ਪੂਰਨ ਸਿੰਘ ਜੀ ਅਕਾਲ ਪੁਰਖ ਦੇ ਹੁਕਮ ਅਨੁਸਾਰ 5 ਅਗਸਤ, 1992 ਈ. ਨੂੰ 88 ਸਾਲ ਦੀ ਉਮਰ ਬਤੀਤ ਕਰਕੇ ਸੱਚਖੰਡ ਜਾ ਬਿਰਾਜੇ।
ਲੇਖਕ ਬਾਰੇ
63-ਏ, ਗਲੀ ਨੰ: 1, ਗੁਰੂ ਤੇਗ ਬਹਾਦਰ ਨਗਰ, ਜਮਾਲਪੁਰ, ਚੰਡੀਗੜ੍ਹ ਰੋਡ, ਲੁਧਿਆਣਾ।
- ਹੋਰ ਲੇਖ ਉਪਲੱਭਧ ਨਹੀਂ ਹਨ