editor@sikharchives.org

ਮਹਾਂਕਵੀ ਭਾਈ ਸੰਤੋਖ ਸਿੰਘ ਜੀ : ਇਕ ਪਰਿਚਯ

ਭਾਈ ਸੰਤੋਖ ਸਿੰਘ ਜੀ ਉਨ੍ਹੀਵੀਂ ਸਦੀ ਦੇ ਸਿੱਖ ਇਤਿਹਾਸ, ਧਰਮ, ਦਰਸ਼ਨ ਤੇ ਸਭਿਆਚਾਰ ਦੇ ਪਰਮ-ਗਿਆਤਾ ਸਨ ਤੇ ਕਾਵਿ ਜਗਤ ਦੇ ਸੂਰਜ ਸਨ, ਜਿਨ੍ਹਾਂ ਨੂੰ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਭਾਈ ਸੰਤੋਖ ਸਿੰਘ ਜੀ ਉਨ੍ਹੀਵੀਂ ਸਦੀ ਦੇ ਸਿੱਖ ਇਤਿਹਾਸ, ਧਰਮ, ਦਰਸ਼ਨ ਤੇ ਸਭਿਆਚਾਰ ਦੇ ਪਰਮ-ਗਿਆਤਾ ਸਨ ਤੇ ਕਾਵਿ ਜਗਤ ਦੇ ਸੂਰਜ ਸਨ, ਜਿਨ੍ਹਾਂ ਨੂੰ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨ ਸੀ। ਆਪ ਦੀ ਕਵਿਤਾ ਵਿਚ ਉਹ ਸਾਰੇ ਗੁਣ ਪ੍ਰਚੰਡ ਰੂਪ ਵਿਚ ਵਿਦਮਾਨ ਹਨ, ਜਿਨ੍ਹਾਂ ਦਾ ਜ਼ਿਕਰ ਭਾਰਤੀ ਕਾਵਿ ਸ਼ਾਸਤਰ ਵਿਚ ਹੈ।

ਭਾਈ ਸੰਤੋਖ ਸਿੰਘ ਦਾ ਜਨਮ ਨੂਰ ਦੀ ਸਰਾਂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸੰਮਤ 1787 ਨੂੰ ਭਾਈ ਦੇਵਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਰਜਾਦੀ ਜੀ ਦੀ ਕੁੱਖੋਂ ਕਰੀਰ ਵੰਸ਼ ਦੇ ਮਿਹਨਤੀ ਦਰਜੀ ਪਰਵਾਰ ਵਿਚ ਹੋਇਆ। ਆਪ ਦਾ ਬਚਪਨ ਗਰੀਬੀ ਵਿਚ ਲੰਘਿਆ। ਸਮਾਂ ਪਾ ਕੇ ਆਪ ਦਾ ਵਿਆਹ ਜਗਾਧਰੀ ਦੇ ਇਕ ਪਰਵਾਰ ਦੀ ਬੀਬੀ ਰਾਮ ਕੌਰ ਨਾਲ ਹੋਇਆ। ਆਪ ਦੇ ਪੰਜ ਪੁੱਤਰ ਅਤੇ ਤਿੰਨ ਧੀਆਂ ਸਨ।

ਆਪ ਨੇ ਵਿੱਦਿਆ ਪ੍ਰਾਪਤ ਕਰਨ ਲਈ ਉਸ ਸਮੇਂ ਦੇ ਪ੍ਰਸਿੱਧ ਗਿਆਨੀ ਸੰਤ ਸਿੰਘ ਜੀ ਨੂੰ ਉਸਤਾਦ ਧਾਰਨ ਕੀਤਾ। ਗਿਆਨੀ ਸੰਤ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੁੱਖ ਗ੍ਰੰਥੀ ਸਨ। ਮਹਾਰਾਜਾ ਰਣਜੀਤ ਸਿੰਘ ਉਨ੍ਹਾਂ ਦਾ ਪਰਮ ਸ਼ਰਧਾਲੂ ਸੀ। ਉਨ੍ਹਾਂ ਦੇ ਰਾਹੀਂ ਹੀ ਸ੍ਰੀ ਦਰਬਾਰ ਸਾਹਿਬ ’ਤੇ ਸੋਨਾ ਲਗਾਇਆ ਗਿਆ ਸੀ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦੁੱਤੀ ਕਥਾਕਾਰ ਸਨ। ਆਪ ਲਗਭਗ 15 ਵਰ੍ਹੇ ਉਨ੍ਹਾਂ ਦੀ ਹਜ਼ੂਰੀ ਵਿਚ ਰਹੇ ਤੇ ਮਗਰੋਂ ਬੂੜੀਆ ਚਲੇ ਗਏ ਤੇ ਕਿਸੇ ਸਰਦਾਰ ਪਾਸ ਰਹਿਣ ਲੱਗ ਗਏ। ਕਿਸੇ ਕਾਰਨ ਇਥੋਂ ਮਨ ਉਪਰਾਮ ਹੋ ਗਿਆ ਤੇ ਆਪ ਕਈ ਸਥਾਨਾਂ ’ਤੇ ਰਹੇ। ਆਪ ਨੇ ਆਪਣੀ ਗਰੀਬੀ ਤੇ ਮੰਦੀ ਦਸ਼ਾ ਦਾ ਜ਼ਿਕਰ ਇਉਂ ਕੀਤਾ ਹੈ:

ਛੁਟਯੋ ਹੈ ਪ੍ਰਾਕ੍ਰਮ ਔ ਬਿਸਾਰਯੋ ਹੈ ਨੇਮ ਧਰਮ,
ਐਂ ਖੋਈ ਹਯਾਉ ਸ਼੍ਰਮ ਅਤਿ ਦੁਖ ਪਾਈਯਤਿ ਹੈ॥
ਘਰ ਕੇ ਰੁਸਾਨੇ ਸਬ ਆਪਨੇ ਭਏ ਬਿਗਾਨੇ,
ਨਾਰੀ ਦੇ ਤਾਨੇ ਸੁਨ ਸਿਰ ਨਿਆਈਯਤਿ ਹੈ॥
ਮਿਤ੍ਰ ਹੂੰ ਛੁਪਾਨੇ ਨੈਨ ਸੂਧੇ ਹੂ ਨ ਬੋਲੇ ਬੈਨ,
ਮਨ ਮੈ ਨ ਧਰੇ ਜਾ ਕੇ ਢਿਗ ਜਾਈਯਤਿ ਹੈ॥
ਦੁਆਰ ਪੈ ਕਰਜ਼ਦਾਰ ਠਾਢੇ ਮੁਖ ਦੇਤਿ ਗਾਰ,
ਬਿਨਾ ਰੋਜ਼ਗਾਰ ਰੋਜ਼ ਗਾਰ ਖਾਈਯਤਿ ਹੈ।

ਆਪ ਦੀ ਵਿਦਵਤਾ ਅਤੇ ਕਾਵਿ-ਕਲਾ ਵਿਚ ਨਿਪੁੰਨਤਾ ਬਾਰੇ ਜਦੋਂ ਕੈਥਲ ਨਰੇਸ਼ ਉਦੈ ਸਿੰਘ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਆਪ ਨੂੰ ਆਪਣੇ ਪਾਸ ਬੁਲਾ ਲਿਆ, ਜਿਥੇ ਆਪ ਆਪਣੇ ਅੰਤਮ ਸਮੇਂ ਤਕ ਰਹੇ। ਇਥੇ ਮਹਾਰਾਜਾ ਸਾਹਿਬ ਨੇ ਆਪ ਨੂੰ ਹਰ ਪ੍ਰਕਾਰ ਦੀਆਂ ਸੁਖ-ਸੁਵਿਧਾਵਾਂ ਦੇਣ ਦਾ ਸ਼ਲਾਘਾਯੋਗ ਕਾਰਜ ਕੀਤਾ। ਆਪ ਨੂੰ ਰਹਿਣ ਲਈ ਇਕ ਵੱਡੀ ਹਵੇਲੀ, ਨੌਕਰ-ਚਾਕਰ ਤੇ ਖਾਣ-ਪੀਣ ਦਾ ਸਮਾਨ ਆਦਿ ਪੂਰੀ ਖੁੱਲ੍ਹਦਿਲੀ ਨਾਲ ਦਿੱਤਾ। ਆਪ ਕਾਫੀ ਸੌਖੇ ਹੋ ਗਏ ਤੇ ਸਾਹਿਤ ਦੀ ਰਚਨਾ ਕਰਨੀ ਅਰੰਭ ਕੀਤੀ।

ਭਾਈ ਸਾਹਿਬ ਨੇ ਕਈ ਸਥਾਨਾਂ ’ਤੇ ਕੈਥਲ ਅਤੇ ਮਹਾਰਾਜਾ ਉਦੈ ਸਿੰਘ ਦਾ ਜ਼ਿਕਰ ਕੀਤਾ ਹੈ। ਉਹ ਵਿਦਿਆ ਪ੍ਰੇਮੀ, ਵਿਦਵਾਨਾਂ ਤੇ ਕਦਰਦਾਨ, ਬਹਾਦਰ ਤੇ ਜੰਗ ਵਿਚ ਕਮਾਲ ਵਿਖਾਉਣ ਵਾਲੇ ਸਨ। ਆਪ ਦੀ ਮਹਿਮਾ ਕਵੀ ਜੀ ਨੇ ਇਉਂ ਕੀਤੀ ਹੈ:

ਭਾਗ ਭੂਰ ਭਗਤੁ ਭਗਤਿ ਭਰਪੂਰ ਭਵ,
ਭਾਰੋ ਭਯ ਭੰਜਨ ਭਗਤ ਭਗਵਾਨ ਕੋ।
ਤਾਂ ਕੇ ਸੁਭ ਬੰਸ ਮੈ ਵਡੰਸ ਉਦੈ ਸਿੰਘ ਭੂਪ,
ਜ਼ਾਹਰ ਜਹਾਨ ਮੈਂ ਮਹਾਨ ਕੀਨ ਆਨ ਕੋ।
ਸਿਖੀ ਸੁਖ ਖਾਨ ਕੋ ਸਿਖੈਯਾ ਸੀਖ ਸਯਾਨ ਕੋ,
ਸੁਨੈਯਾ ਗੁਣ ਗਯਾਨ ਕੋ ਧਰਯਾ ਗੁਰ ਧਯਾਨ ਕੋ।
ਪਕਰੈ ਕ੍ਰਿਪਾਨ ਕੋ ਨਸੈਯਾ ਸ਼ਤਰੂ ਜਾਨ ਕੋ,
ਰਖੈਯਾ ਕੁਲ ਖਾਨ ਕੋ ਦਿਵੈਯਾ ਜਗ ਦਾਨ ਕੋ॥

ਮਹਾਰਾਜਾ ਉਦੈ ਸਿੰਘ ਦੇ ਔਲਾਦ ਨਹੀਂ ਸੀ। ਅੰਗਰੇਜ਼ਾਂ ਨੇ ਕੈਥਲ ’ਤੇ ਕਬਜ਼ਾ ਕਰਨਾ ਚਾਹਿਆ ਤਾਂ ਮਹਾਰਾਜ ਮਹਿਤਾਬ ਕੌਰ ਨੇ ਉਨ੍ਹਾਂ ਦਾ ਮੁਕਾਬਲਾ ਕੀਤਾ। ਯੁੱਧ ਵਿਚ ਉਸ ਦੀ ਹਾਰ ਹੋਈ। ਅੰਗਰੇਜ਼ਾਂ ਨੇ ਇਸ ਰਿਆਸਤ ’ਤੇ ਕਬਜ਼ਾ ਕਰ ਲਿਆ। ਫੌਜਾਂ ਨੂੰ ਸ਼ਹਿਰ ਲੁੱਟਣ ਦੀ ਇਜਾਜ਼ਤ ਦੇ ਦਿੱਤੀ। ਉਨ੍ਹਾਂ ਉਹ ਭਿਆਨਕ ਤਬਾਹੀ ਮਚਾਈ ਕਿ ਰਹੇ ਰੱਬ ਦਾ ਨਾਂ। ਭਾਈ ਸਾਹਿਬ ਦੀ ਹਵੇਲੀ ਵੀ ਲੁੱਟ ਦਾ ਸ਼ਿਕਾਰ ਬਣੀ। ਆਪ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਧਨ/ਸੰਪਦਾ ਸਭ ਜ਼ਾਲਮ ਲੁੱਟ ਕੇ ਲੈ ਗਏ। ਇਹ ਵੀ ਸੰਭਵ ਹੈ ਕਿ ਆਪ ਦੇ ਕੁਝ ਗ੍ਰੰਥ ਵੀ ਇਸ ਲੁੱਟ ਵਿਚ ਨਸ਼ਟ ਹੋ ਗਏ ਹੋਣ। ਭਾਈ ਸਾਹਿਬ ਨੇ ਇਸ ਲੁੱਟ ਦਾ ਜ਼ਿਕਰ ਬਹੁਤ ਕਰੁਣਾਮਈ ਢੰਗ ਨਾਲ ਕੀਤਾ ਹੈ।

ਆਪ ਨੇ ਸੰਮਤ 1900 ਵਿਚ ਕੈਥਲ ਵਿਖੇ ਸਰੀਰ ਤਿਆਗਿਆ। ਭਾਈ ਜੀ ਭਾਰਤੀ ਦਰਸ਼ਨ ਸ਼ਾਸਤਰਾਂ ਦੇ ਗਿਆਤਾ ਸਨ। ਆਪ ਨੂੰ ਕਾਵਿ ਦੇ ਸ਼ਾਸਤਰੀ ਨਿਯਮਾਂ ਜਾਂ ਸਿਧਾਂਤਾਂ ਦਾ ਪੂਰਨ ਗਿਆਨ ਸੀ। ਆਪ ਘੋੜ-ਵਿੱਦਿਆ, ਵੈਦਿਕ, ਸੰਗੀਤ, ਰਾਜਨੀਤੀ, ਸ਼ਸਤਰ ਵਿੱਦਿਆ ਆਦਿ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਜਿਨ੍ਹਾਂ ਦਾ ਪ੍ਰਮਾਣ ਆਪ ਦੇ ਕਾਵਿ ਗ੍ਰੰਥਾਂ ਵਿਚ ਇਨ੍ਹਾਂ ਬਾਰੇ ਸੂਖ਼ਮ ਟਿੱਪਣੀਆਂ ਹਨ। ਆਪ ਨੂੰ ਭਾਰਤੀ ਇਤਿਹਾਸ/ਮਿਥਿਹਾਸ ਦਾ ਪੂਰਨ ਗਿਆਨ ਸੀ। ਆਪ ਨੇ ਰਾਮਾਇਣ, ਮਹਾਂਭਾਰਤ, ਪੁਰਾਣਾਂ ਆਦਿ ਵਿਚ ਕਈ ਹਵਾਲੇ ਦਿੱਤੇ ਹਨ। ਆਪ ਨੇ ਵੇਦਾਂਤ ਦਾ ਡੂੰਘਾ ਅਧਿਐਨ ਕੀਤਾ ਹੋਇਆ ਸੀ। ਜਿਸ ਦਾ ਪ੍ਰਮਾਣ ਹੈ ਕਿ ਆਪ ਨੇ ਜਿਥੇ ਕਿਤੇ ਦਾਰਸ਼ਨਿਕ ਵਿਸ਼ੇ ਦੀ ਗੱਲ ਛੋਹੀ ਹੈ, ਉਥੇ ਵੇਦਾਂਤ ਦਾ ਸਪਸ਼ਟ ਪ੍ਰਭਾਵ ਦ੍ਰਿਸ਼ਟੀਗੋਚਰ ਹੁੰਦਾ ਹੈ। ਭਗਤੀ-ਯੋਗ, ਗਿਆਨ-ਮਾਰਗ ਦਾ ਵਿਸਤ੍ਰਿਤ ਵਿਵੇਚਨ ਆਪ ਨੇ ਕੀਤਾ ਹੈ। ਆਪ ਸੰਸਕ੍ਰਿਤ, ਹਿੰਦੀ, ਬ੍ਰਜ, ਅਰਬੀ-ਫ਼ਾਰਸੀ, ਪਹਾੜੀ, ਲਹਿੰਦੀ, ਪੰਜਾਬੀ ਦੇ ਪਰਮ-ਗਿਆਤਾ ਸਨ। ਜਿਥੇ ਆਪ ਦੀ ਰਚਨਾ ਵਿਚ ਇਤਿਹਾਸ, ਸੰਸਕ੍ਰਿਤੀ, ਧਰਮ-ਦਰਸ਼ਨ ਦੀ ਵਿਆਖਿਆ ਹੈ, ਉਥੇ ਭਾਰਤ ਦੀ ਮੌਜੂਦਾ ਰਾਜਨੀਤਿਕ ਤੇ ਇਤਿਹਾਸਕ ਦਸ਼ਾ ਦਾ ਵੀ ਜ਼ਿਕਰ ਹੈ। ਆਪ ਵਿਚ ਮਹਾਂਕਵੀ ਵਾਲੇ ਸਾਰੇ ਗੁਣਾਂ ਦੇ ਦਰਸ਼ਨ ਹੁੰਦੇ ਹਨ। ਆਪ ਦੀਆਂ ਰਚਨਾਵਾਂ ਬਾਰੇ ਸੰਖਿਪਤ ਵਿਚਾਰ ਪ੍ਰਸਤੁਤ ਹਨ: ਨਾਮ ਕੋਸ਼ : ਇਹ ਭਾਈ ਸਾਹਿਬ ਦੀ ਪਹਿਲੀ ਰਚਨਾ ਹੈ। ਇਹ ਸੰਸਕ੍ਰਿਤ ਦੇ ਪ੍ਰਸਿੱਧ ਗ੍ਰੰਥ ‘ਅਮਰ ਕੋਸ਼’ ਕ੍ਰਿਤ ਅਮਰ ਸਿੰਘ ਦਾ ਸੁੰਦਰ ਕਾਵਿ ਅਨੁਵਾਦ ਹੈ ਜੋ ਦੋਹਰਾ, ਸਵੈਯਾ, ਕਬਿੱਤ, ਚੌਪਈ ਆਦਿ ਛੰਦਾਂ ਵਿਚ ਹੈ। ਇਸ ਦੀ ਰਚਨਾ ਆਪ ਨੇ ਬੂੜੀਆ ਰਹਿੰਦਿਆਂ ਅਰੰਭ ਕੀਤੀ ਤੇ 1878 ਸੰਮਤ ਵਿਚ ਅੰਮ੍ਰਿਤਸਰ ਵਿਖੇ ਪੂਰੀ ਕੀਤੀ। ਆਪ ਨੇ ਸੰਸਕ੍ਰਿਤ ਨਾ ਜਾਣਨ ਵਾਲਿਆਂ ਨੂੰ ਸੰਸਕ੍ਰਿਤ ਦੇ ਸ਼ਬਦ- ਸਾਗਰ ਦੇ ਦਰਸ਼ਨ ਕਰਵਾਉਣ ਹਿਤ ਇਹ ਅਨੁਵਾਦ ਕੀਤਾ। ਇਹ ਆਪ ਦੀ ਭਾਸ਼ਾ ਤੇ ਸ਼ਬਦਾਵਲੀ ਨੂੰ ਅਮੀਰ ਬਣਾਉਣ ਵਿਚ ਵੀ ਸਹਾਈ ਹੋਇਆ।ਇਸ ਦੀ ਇੱਕੋ ਇਕ ਪ੍ਰਤੀ ਸੈਂਟਰਲ ਪਬਲਿਕ ਲਾਇਬ੍ਰੇਰੀ ਪਟਿਆਲਾ ਵਿਖੇ ਉਪਲਬਧ ਹੈ।

ਗੁਰੂ ਨਾਨਕ ਪ੍ਰਕਾਸ਼ :

ਇਹ ਸ੍ਰੀ ਗੁਰੂ ਨਾਨਕ ਸਾਹਿਬ ਦੀ ਜੀਵਨ-ਗਾਥਾ ਹੈ, ਜੋ ਆਪ ਦੀ ਮੌਲਿਕ ਕਿਰਤ ਹੈ। ਇਸ ਨੂੰ ਭਾਈ ਸਾਹਿਬ ਨੇ 1823 ਈ: ਵਿਚ ਬੂੜੀਆ ਵਿਖੇ ਪੂਰਾ ਕੀਤਾ। ਇਸ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ: ਉਤਰਾਰਧ ਜਿਸ ਦੇ 73 ਅਤੇ ਪੂਰਵਾਰਧ ਜਿਸ ਦੇ 57 ਅਧਿਆਇ ਹਨ। ਇਸ ਗ੍ਰੰਥ ਦੀ ਛੰਦ ਸੰਖਿਆ 97000 ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਸਾਹਿਬ ਦੇ ਇਸ਼ਟ ਸਨ ਜਿਨ੍ਹਾਂ ਨੇ ਭਾਰਤ ਦੇ ਲੋਕਾਂ ਨੂੰ ਉਪਦੇਸ਼ ਦਿੰਦਿਆਂ ਹਰ ਪੱਖੋਂ ਚੰਗੇਰਾ ਜੀਵਨ ਬਸਰ ਕਰਨ ਲਈ ਪ੍ਰੇਰਿਤ ਕੀਤਾ। ਅਜਿਹੇ ਸਰਬ-ਸਾਂਝੇ ਸਤਿਗੁਰੂ ਬਾਰੇ ਉਨ੍ਹਾਂ ਦੇ ਸਮਕਾਲੀ ਤੇ ਪਰਵਰਤੀ ਸਾਹਿਤਕਾਰਾਂ ਨੇ ਸ਼ਰਧਾ ਸਹਿਤ ਲਿਖਿਆ। ਭਾਈ ਸੰਤੋਖ ਸਿੰਘ ਇਨ੍ਹਾਂ ਸ਼ਰਧਾਲੂ ਸਾਹਿਤਕਾਰਾਂ ਵਿਚ ਪ੍ਰਮੁਖ ਹਨ, ਜਿਨ੍ਹਾਂ ਨੇ ਗੁਰੂ ਨਾਨਕ ਪ੍ਰਕਾਸ਼ ਪ੍ਰਬੰਧ ਕਾਵਿ ਲਿਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ-ਗਾਥਾ ਉਪਦੇਸ਼ ਤੇ ਧਰਮ ਸਾਧਨਾ ਬਾਰੇ ਜਨ-ਸਾਧਾਰਨ ਨੂੰ ਸਹਿਲ ਢੰਗ ਨਾਲ ਦੱਸਣ ਦਾ ਸਫਲ ਯਤਨ ਕੀਤਾ। ਆਪ ਦੀ ਨਜ਼ਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਭੂ ਦਾ ਅਵਤਾਰ ਸਨ। ਇਸ ਕਾਰਨ ਇਸ ਰਚਨਾ ਵਿਚ ਇਤਿਹਾਸ ਦੇ ਨਾਲ-ਨਾਲ ਮਿਥਿਹਾਸ ਦਾ ਰੰਗ ਵਧੇਰੇ ਗੂੜ੍ਹਾ ਹੋ ਗਿਆ ਹੈ। ਅਸਲ ਵਿਚ ਆਪ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਸ ਸਰੂਪ ਨੂੰ ਸ਼ਬਦਾਂ ਵਿਚ ਸਾਕਾਰ ਕਰਨ ਦਾ ਉਪਰਾਲਾ ਕੀਤਾ ਹੈ ਜੋ ਉਨ੍ਹਾਂ ਦੀ ਭਾਵਨਾ ਦੇ ਅਨੁਰੂਪ ਸੀ। ਇਹੀ ਕਾਰਨ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਿੰਬ ਦੈਵੀ ਮਹਾਂਪੁਰਖਾਂ ਵਾਲਾ ਹੈ। ਆਪ ਨੇ ਇਸ ਗ੍ਰੰਥ ਵਿਚ ਨੈਤਿਕ ਸਿੱਖਿਆ ਦੇ ਨਾਲ-ਨਾਲ ਨਾਮ-ਸਿਮਰਨ, ਪ੍ਰਭੂ-ਭਗਤੀ ਤੇ ਧਰਮ ਦੇ ਆਦਰਸ਼ਕ ਰੂਪ ਨੂੰ ਪ੍ਰਸਤੁਤ ਕਰਨ ਦਾ ਸਫ਼ਲ ਯਤਨ ਕੀਤਾ ਹੈ। ਆਪ ਦਾ ਵਿਚਾਰ ਹੈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਕਲਯੁਗ ਵਿਚ ਸਤਿਯੁਗ ਵਰਤਾਉਣ ਲਈ ਆਏ ਸਨ।

ਗਰਬ ਗੰਜਨੀ ਜਪੁਜੀ ਸਟੀਕ :

ਆਨੰਦਘਣ ਹੰਕਾਰੀ ਵਿਦਵਾਨ ਸੀ, ਜਿਸ ਨੇ ਆਪਣੀ ਵਿਦਵਤਾ ਵਿਖਾਉਣ ਦੇ ਲਾਲਚ-ਵਸ ਗੁਰੂ ਸਾਹਿਬ ਦੀ ਉਤਕ੍ਰਿਸ਼ਟ ਰਚਨਾ ਦਾ ਟੀਕਾ ਕਰਦਿਆਂ ਅਸ਼ੁੱਧ ਤੇ ਭਰਮ ਉਪਜਾਊ ਅਰਥ ਕੀਤੇ, ਜਿਸ ਦਾ ਜੁਆਬ ਦੇਣ ਲਈ ਆਪ ਨੇ ਕੈਥਲ ਨਰੇਸ਼ ਉਦੈ ਸਿੰਘ ਦੇ ਕਹਿਣ ’ਤੇ ਇਸ ਗ੍ਰੰਥ ਦੀ ਰਚਨਾ ਕੀਤੀ। ਆਪ ਨੇ ਇਸ ਟੀਕੇ ਵਿਚ ਥਾਂ-ਥਾਂ ਆਨੰਦਘਣ ਟੀਕੇ ਦਾ ਉਲੇਖ ਕਰਦਿਆਂ ਜਪੁਜੀ ਦਾ ਸ਼ੁੱਧ ਤੇ ਦਾਰਸ਼ਨਿਕ ਰੰਗਣ ਵਾਲਾ ਟੀਕਾ ਕਰਨ ਦਾ ਸਫਲ ਯਤਨ ਕੀਤਾ ਹੈ। ਇਹ ਨਿਰਾ ਟੀਕਾ ਨਹੀਂ ਹੈ, ਜਪੁਜੀ ਦਾ ਭਾਸ਼ਯ ਹੈ ਕਿਉਂਕਿ ਆਪ ਨੇ ਭਾਰਤੀ ਚਿੰਤਨਧਾਰਾ ਦੇ ਸੰਦਰਭ ਵਿਚ ਬਾਣੀ ਦਾ ਵਿਸ਼ਲੇਸ਼ਣ ਕੀਤਾ ਹੈ। ਆਪ ਨੇ ਬਾਣੀ ਵਿਚ ਆਏ ਲਗਭਗ 50 ਅਲੰਕਾਰਾਂ ਬਾਰੇ ਵਿਚਾਰ ਕੀਤਾ ਹੈ। ਇਉਂ ਪਹਿਲੀ ਵਾਰ ਜਪੁਜੀ ਦਾ ਸਾਹਿਤਕ ਮੁਲਾਂਕਣ ਹੋਇਆ ਹੈ। ਇਉਂ ਇਹ ਰਚਨਾ ਜਪੁਜੀ ਦੀ ਦਾਰਸ਼ਨਿਕ ਵਿਆਖਿਆ ਤੇ ਸਾਹਿਤਕ ਮੁਲਾਂਕਣ ਕਰਨ ਵਾਲੀ ਮਹੱਤਵਪੂਰਨ ਰਚਨਾ ਹੈ।

ਵਾਲਮੀਕੀ ਰਮਾਇਣ :

ਰਾਮ-ਕਥਾ ਭਾਰਤੀ ਸੰਸਕ੍ਰਿਤੀ ਤੇ ਸਾਹਿਤ ਦਾ ਅਨਮੋਲ ਖਜ਼ਾਨਾ ਹੈ ਤੇ ਪੰਜਾਬ ਵਿਚ ਵੀ ਕਈ ਕਵੀਆਂ ਨੇ ਇਸ ਮਹਾਨ ਕਥਾ ਨੂੰ ਕਾਵਿ-ਬੱਧ ਕਰਨ ਦੇ ਸਫਲ ਯਤਨ ਕੀਤੇ ਹਨ। ਸੰਸਕ੍ਰਿਤ ਦੇ ਆਦਿ ਕਵੀ ਵਾਲਮੀਕ ਨੇ ਪਹਿਲੀ ਵਾਰ ਸ੍ਰੀ ਰਾਮ ਚੰਦਰ ਜੀ ਦੀ ਜੀਵਨ-ਗਾਥਾ ਲਿਖੀ ਤੇ ਇਹ ਗ੍ਰੰਥ-ਵਾਲਮੀਕੀ ਰਮਾਇਣ ਜਗਤ ਪ੍ਰਸਿੱਧ ਹੈ। ਭਾਈ ਸੰਤੋਖ ਸਿੰਘ ਨੂੰ ਮਹਾਰਾਜਾ ਉਦੈ ਸਿੰਘ ਕੈਥਲ ਨਰੇਸ਼ ਨੇ ਇਸ ਗ੍ਰੰਥ ਦਾ ਸਰਲ ਭਾਸ਼ਾ ਵਿਚ ਅਨੁਵਾਦ ਕਰਨ ਲਈ ਆਖਿਆ ਤਾਂ ਭਾਈ ਸਾਹਿਬ ਨੇ ਇਸ ਮਹਾਨ ਗ੍ਰੰਥ ਦਾ ਕਾਵਿ ਅਨੁਵਾਦ ਸ਼ੁੱਧ ਬ੍ਰਜ ਭਾਸ਼ਾ ਵਿਚ ਕੀਤਾ। ਇਹ ਗ੍ਰੰਥ 1833 ਈ. ਵਿਚ ਮੁਕੰਮਲ ਹੋਇਆ। ਮਹਾਰਾਜਾ ਇਸ ਦਾ ਪਾਠ ਸੁਣ ਕੇ ਇੰਨੇ ਪ੍ਰਸੰਨ ਹੋਏ ਕਿ ਉਨ੍ਹਾਂ ਨੇ ਭਾਈ ਸਾਹਿਬ ਨੂੰ ਮੋਰਥਲੀ ਪਿੰਡ ਇਨਾਮ ਵਜੋਂ ਪ੍ਰਦਾਨ ਕੀਤਾ। ਇਸ ਬਾਰੇ ਆਪ ਨੇ ਲਿਖਿਆ ਹੈ:

ਸੁੰਦਰ ਸਾਗਰ ਗ੍ਰੰਥ ਬਨਿਓ ਪਦ ਗੁੰਥਤ ਨੌਰਸ ਰੀਤ ਭਲੀ।
ਰਾਮ ਕਥਾ ਗੁਨ ਗ੍ਰਾਮਾ ਭਿਮਾਨ ਮਹਾਮਤਿ ਧਾਮ ਅਨੰਦ ਫਲੀ।
ਰੰਜਨ ਹੈ ਭ੍ਰਮ ਭੰਜਨ ਹੈ ਗਮ ਭੰਜਨ ਹੈ ਪ੍ਰਦ ਗਯਾਨ ਬਲੀ।
ਕੈਥਲ ਨਾਥ ਪ੍ਰਸੰਨ ਭਯੋ ਪਠਿ ਗ੍ਰਾਮ ਦਯੋ ਤਬ ਮੋਰਥਲੀ।

ਗੁਰ ਪ੍ਰਤਾਪ ਸੂਰਜ ਗ੍ਰੰਥ :

ਕੈਥਲ ਨਰੇਸ਼ ਉਦੈ ਸਿੰਘ ਦੇ ਬੇਨਤੀ ਕਰਨ ’ਤੇ ਕਵੀ ਸੰਤੋਖ ਸਿੰਘ ਨੇ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕੀਤੀ। ਆਪ ਨੇ 1836 ਈ. ਵਿਚ ਇਹ ਗ੍ਰੰਥ ਲਿਖਣਾ ਅਰੰਭਿਆ ਜੋ 1843 ਈ. ਵਿਚ ਪੂਰਾ ਹੋਇਆ। ਇਉਂ ਇਹ ਕਵੀ ਜੀ ਦੀ ਸੱਤ-ਅੱਠ ਵਰ੍ਹਿਆਂ ਦੀ ਨਿਰੰਤਰ ਸਾਧਨਾ ਦਾ ਫਲ ਹੈ। ਇਸ ਗ੍ਰੰਥ ਦੇ ਨਾਮਕਰਨ ਦਾ ਭਾਵ ਹੈ ਕਿ ਗੁਰੂ ਸਾਹਿਬਾਨ ਦੇ ਪ੍ਰਤਾਪ ਤੇ ਗਿਆਨ ਰੂਪੀ ਸੂਰਜ ਦੀਆਂ ਕਿਰਨਾਂ ਨੇ ਹਰ ਪ੍ਰਕਾਰ ਦੇ ਅੰਧ-ਵਿਸ਼ਵਾਸਾਂ, ਅਗਿਆਨ ਅਨਿਆਇ ਆਦਿ ਦੇ ਹਨ੍ਹੇਰੇ ਨੂੰ ਨਸ਼ਟ ਕਰ ਦਿੱਤਾ ਹੈ ਤੇ ਸਭ ਪਾਸੇ ਧਰਮ ਦਾ ਪ੍ਰਕਾਸ਼ ਕਰ ਦਿੱਤਾ ਹੈ। ਭਾਈ ਜੀ ਨੇ ਸੂਰਜ ਦੀ ਗਤੀ ਅਨੁਸਾਰ ਇਸ ਗ੍ਰੰਥ ਦੇ ਕਥਾਨਕ ਨੂੰ ਵੰਡਿਆ ਹੈ- 12 ਰਾਸ਼ਾ, 6 ਰਿਤੂਆਂ ਅਤੇ 2 ਐਨਾਂ ਵਿਚ ਅਤੇ ਇਸ ਗ੍ਰੰਥ ਦੇ ਵੀਹ ਅਧਿਆਇ ਹਨ, 1151 ਅੰਸ਼ਾਂ/ਕਿਰਨਾਂ ਤੇ 51829 ਛੰਦ ਹਨ।

ਭਾਈ ਸਾਹਿਬ ਨੇ ਇਸ ਗ੍ਰੰਥ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਕਥਾ ਲਿਖਦਿਆਂ ਬਾਬਾ ਬੰਦਾ ਸਿੰਘ ਬਹਾਦਰ ਤੇ ਮੁਗ਼ਲਾਂ ਦੇ ਜ਼ੁਲਮ ਦੀ ਲੂੰ-ਕੰਡੇ ਖੜ੍ਹੇ ਕਰਨ ਲਈ ਅਤਿਆਚਾਰਾਂ ਦੀ ਗਾਥਾ ਵਿਸਥਾਰ ਸਹਿਤ ਆਖੀ ਹੈ। ਇਸ ਗ੍ਰੰਥ ਦੀ ਸਿਰਜਣਾ ਕਰਦਿਆਂ ਆਪ ਨੇ ਪੂਰਵਵਰਤੀ ਗ੍ਰੰਥਾਂ ਦੀ ਸਹਾਇਤਾ ਲਈ ਹੈ। ਆਪ ਨੇ ਕਈ ਥਾਈਂ ਆਪ ਜਾ ਕੇ ਜਾਂ ਬੰਦੇ ਭੇਜ ਕੇ ਸੂਚਨਾ ਇਕੱਤਰ ਕਰਕੇ ਸਤਿ ਦੀ ਤਹਿ ਤਕ ਜਾਣ ਦਾ ਉਪਰਾਲਾ ਕੀਤਾ ਹੈ। ਗੁਰੂ ਸਾਹਿਬਾਨ, ਉਨ੍ਹਾਂ ਦੇ ਸਮਕਾਲੀਆਂ ਤੇ ਸਿੱਖਾਂ ਦੇ ਜੀਵਨ ਆਦਿ ਬਾਰੇ ਆਪ ਨੇ ਬਹੁਤ ਬਰੀਕੀ ਨਾਲ ਬਿਆਨ ਕੀਤਾ। ਪਾਠਕ/ਕਥਾ ਦਾ ਸ੍ਰੋਤਾ ਇਉਂ ਮਹਿਸੂਸ ਕਰਦਾ ਹੈ ਜਿਵੇਂ ਇਹ ਸਭ ਕੁਝ ਵਾਪਰਨ ਸਮੇਂ ਉਹ ਨਾਲ ਸੀ। ਇਸ ਗ੍ਰੰਥ ਵਿਚ ਸਿੱਖ ਧਰਮ, ਇਤਿਹਾਸ, ਨੈਤਿਕ-ਮੁਲਾਂ ਤੇ ਸੰਸਕ੍ਰਿਤੀ ਬਾਰੇ ਗੰਭੀਰਤਾ ਨਾਲ ਲਿਖਦਿਆਂ ਭਾਰਤੀ ਦਰਸ਼ਨ, ਇਤਿਹਾਸ ਜਾਂ ਧਾਰਮਿਕ ਮਾਨਤਾਵਾਂ ਬਾਰੇ ਵੀ ਬਹੁਤ ਸੁੰਦਰ ਟਿੱਪਣੀਆਂ ਕੀਤੀਆਂ ਹਨ। ਹਿੰਦੂ ਧਰਮ ਬਾਰੇ ਜਾਣਕਾਰੀ ਬਹੁਤ ਮੁੱਲਵਾਨ ਹੈ।

ਭਾਈ ਸਾਹਿਬ ਨੇ ਗੁਰੂ ਸਾਹਿਬਾਨ ਨੂੰ ਅਵਤਾਰ ਮੰਨ ਕੇ ਉਨ੍ਹਾਂ ਨੂੰ ਦੇਵਤਿਆਂ/ਅਵਤਾਰਾਂ ਵਾਂਗੂ ਅਲੌਕਿਕ ਸ਼ਕਤੀਆਂ ਦੇ ਸੁਆਮੀ ਕਰਾਮਾਤੀ ਤੇ ਚਮਤਕਾਰੀ ਪਰਮ ਪੁਰਖ ਦਰਸਾਇਆ ਹੈ। ਇਹੀ ਕਾਰਨ ਹੈ ਕਿ ਕਈ ਸਥਾਨਾਂ ’ਤੇ ਅਜਿਹੇ ਬਿਰਤਾਂਤ ਤੇ ਵਿਚਾਰ ਪ੍ਰਸਤੁਤ ਕੀਤੇ ਗਏ ਹਨ ਜੋ ਗੁਰਮਤਿ ਦਰਸ਼ਨ ਨਾਲ ਮੇਲ ਨਹੀਂ ਖਾਂਦੇ। ਇਉਂ ਇਹ ਗੁਰੂ-ਕਥਾ ਕਾਫੀ ਹੱਦ ਤਕ ਇਤਿਹਾਸਕ ਨਹੀਂ ਰਹਿ ਜਾਂਦੀ, ਪੌਰਾਣਿਕ ਬਣ ਜਾਂਦੀ ਹੈ। ਇਸ ਗ੍ਰੰਥ ਵਿਚ ਪੌਰਾਣਿਕ ਰੰਗ ਕਾਫੀ ਗੂੜ੍ਹਾ ਨਜ਼ਰੀਂ ਆਉਂਦਾ ਹੈ। ਕਵੀ ਨੇ ਅਸਲ ਵਿਚ ‘ਸਿੱਖ ਪੁਰਾਣਾਂ’ ਦੀ ਸਿਰਜਣਾ ਕਰ ਦਿੱਤੀ ਹੈ। ਇਸ ਵਿਚ ਅਵਤਾਰੀ ਭਾਵਨਾ ਤੇ ਚਮਤਕਾਰੀ ਰੰਗ ਰੂਪ ਪ੍ਰਮੁਖ ਹੈ, ਜਿਸ ਕਾਰਨ ਇਸ ਦੀ ਕਥਾ ਸਿੱਖ ਸੰਗਤਾਂ ਨੂੰ ਅਤਿ ਪਿਆਰੀ ਲਗਦੀ ਹੈ। ਲਗਭਗ ਸਾਰੇ ਇਤਿਹਾਸਕ ਜਾਂ ਵੱਡੇ ਗੁਰਦੁਆਰਿਆਂ ਵਿਚ ਇਸ ਗ੍ਰੰਥ ਦੀ ਕਥਾ ਰੋਜ਼ ਸ਼ਾਮ ਨੂੰ ਹੁੰਦੀ ਹੈ ਤੇ ਹਜ਼ਾਰਾਂ ਸ਼ਰਧਾਲੂ ਨਿਤਨੇਮ ਨਾਲ ਸੁਣਦੇ ਹਨ।

ਇਹ ਮਹਾਨ ਗ੍ਰੰਥ ਕੇਵਲ ਗੁਰ-ਇਤਿਹਾਸ ਹੀ ਨਹੀਂ ਸਗੋਂ ਭਾਰਤੀ ਸੰਸਕ੍ਰਿਤੀ ਦਾ ਚਿਤਰਨ ਕਰਨ ਵਾਲਾ ਅਹਿਮ ਸ੍ਰੋਤ ਗ੍ਰੰਥ ਵੀ ਹੈ ਕਿਉਂਕਿ ਇਸ ਗ੍ਰੰਥ ਵਿਚ ਜਿੱਥੇ ਭਾਰਤੀ ਦਰਸ਼ਨ, ਚਿੰਤਨ-ਧਾਰਾ, ਭਗਤੀ, ਨੈਤਿਕਤਾ ਆਦਿ ਬਾਰੇ ਮਹੱਤਵਪੂਰਨ ਟਿੱਪਣੀਆਂ ਹਨ, ਉਥੇ ਸਿੱਖ ਧਰਮ-ਦਰਸ਼ਨ, ਸਾਧਨਾ-ਪਧਤੀ, ਰਹਿਤ-ਮਰਯਾਦਾ, ਜੀਵਨ-ਜਾਚ ਆਦਿ ਦੀ ਬਹੁਤ ਸੁੰਦਰ ਵਿਆਖਿਆ ਵੀ ਕੀਤੀ ਗਈ ਹੈ। ਅਸਲ ਵਿਚ ਇਹ ਭਾਰਤੀ ਸੰਸਕ੍ਰਿਤੀ, ਦਰਸ਼ਨ ਤੇ ਸਿੱਖ-ਇਤਿਹਾਸ ਵਿਚਾਰਧਾਰਾ ਆਦਿ ਵੀ ਵਿਆਖਿਆ ਕਰਨ ਵਾਲਾ ਵਿਸ਼ਵਕੋਸ਼ ਹੈ।

ਆਪ ਨੇ ਆਤਮ-ਪੁਰਾਣ ਦਾ ਹਿੰਦੀ/ਬ੍ਰਜ ਭਾਸ਼ਾ ਵਿਚ ਅਨੁਵਾਦ ਕੀਤਾ ਪਰ ਹੁਣ ਉਹ ਉਪਲਬਧ ਨਹੀਂ ਹੈ। ਇਕ ਸੀਹਰਫੀ ਪੰਜਾਬੀ ਵਿਚ ਮਿਲਦੀ ਹੈ ਪਰ ਉਹ ਆਪ ਦੀ ਰਚਨਾ ਨਹੀਂ ਜਾਪਦੀ ਭਾਵੇਂ ਨਾਮ ਆਪ ਦਾ ਹੀ ਆਇਆ ਹੈ।

ਭਾਈ ਸੰਤੋਖ ਸਿੰਘ ਉਨ੍ਹੀਵੀਂ ਸਦੀ ਦੇ ਮਹਾਨ ਵਿਦਵਾਨ ਤੇ ਕਵੀ ਸਨ, ਜਿਨ੍ਹਾਂ ਨੇ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਸ਼ਰਧਾਲੂ ਸਿੱਖ ਸੇਵਕਾਂ ਦਾ ਮੁਕੰਮਲ ਇਤਿਹਾਸ ਕਵਿਤਾ ਵਿਚ ਰਚ ਕੇ ਉਨ੍ਹਾਂ ਦਾ ਜਸ ਘਰ-ਘਰ ਪਹੁੰਚਾਉਣ ਦਾ ਸੁੰਦਰ ਉਪਰਾਲਾ ਕੀਤਾ ਹੈ। ਉਨ੍ਹਾਂ ਨੇ ਜਨ-ਸਾਧਾਰਨ ਅੰਦਰ ਭਾਰਤੀ ਸੰਸਕ੍ਰਿਤੀ, ਦਰਸ਼ਨ ਤੇ ਜੀਵਨ ਮੁੱਲਾਂ ਲਈ ਚੇਤਨਾ ਪੈਦਾ ਕਰਨ ਦਾ ਯਤਨ ਕੀਤਾ ਹੈ। ਗੁਰੂ ਨਾਨਕ ਪ੍ਰਕਾਸ਼ ਤੇ ਗੁਰ ਪ੍ਰਤਾਪ ਸੂਰਜ ਗ੍ਰੰਥ ਹਿੰਦੀ ਸਾਹਿਤ ਦੀਆਂ ਮਹਾਨ ਪ੍ਰਾਪਤੀਆਂ ਹਨ। ਭਾਈ ਸਾਹਿਬ ਨੇ ਭਾਰਤੀ ਗ੍ਰੰਥਾਂ ਦੇ ਕਾਵਿ-ਅਨੁਵਾਦ ਕਰਕੇ ਮਹਾਨ ਅਨੁਵਾਦਕਾਂ ਵਿਚ ਸਥਾਨ ਬਣਾ ਲਿਆ ਹੈ।

ਅਫਸੋਸ ਹੈ ਕਿ ਉਨ੍ਹਾਂ ਦੀਆਂ ਇਨ੍ਹਾਂ ਮਹਾਨ ਰਚਨਾਵਾਂ ਦਾ ਯੋਗ ਮੁੱਲ ਨਹੀਂ ਪੈ ਸਕਿਆ, ਕਿਉਂਕਿ ਸਿੱਖ ਵਿਦਵਾਨ ਇਨ੍ਹਾਂ ਨੂੰ ਹਿੰਦੀ ਜਾਂ ਬ੍ਰਜ ਭਾਸ਼ਾ ਦੇ ਗ੍ਰੰਥ ਮੰਨ ਨਜ਼ਰ-ਅੰਦਾਜ਼ ਕਰ ਦਿੰਦੇ ਹਨ ਤੇ ਹਿੰਦੀ ਦੇ ਵਿਦਵਾਨ ਗੁਰਮੁਖੀ ਤੋਂ ਜਾਣੂ ਨਾ ਹੋਣ ਕਰਕੇ ਪੰਜਾਬੀ ਰਚਨਾ ਮੰਨ ਕੇ ਚੁਪ ਧਾਰਨ ਕਰ ਲੈਂਦੇ ਹਨ। ਇਨ੍ਹਾਂ ਗ੍ਰੰਥਾਂ ਦਾ ਗਹਿਰ ਗੰਭੀਰ ਵਿਵੇਚਨ ਹਿੰਦੀ ਤੇ ਪੰਜਾਬੀ ਦੋਨਾਂ ਭਾਸ਼ਾਵਾਂ ਵਿਚ ਹੋਣਾ ਚਾਹੀਦਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Gurmukh Singh

# 8 ਦਸਮੇਸ਼ ਨਗਰ, ਪੁਲੀਸ ਲਾਈਨ ਰੋਡ, ਪਟਿਆਲਾ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)