editor@sikharchives.org

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਸੰਬੰਧਿਤ ਸਮਕਾਲੀ ਇਤਿਹਾਸਕ ਸ੍ਰੋਤ ਦਬਿਸਤਾਨ-ਏ-ਮੁਜ਼ਾਹਿਬ

ਇਸ ਕਿਤਾਬ ਵਿਚ ਚੌਦਾਂ ਧਰਮਾਂ ਅਤੇ ਫ਼ਿਰਕਿਆਂ ਦੀ ਭੂਮਿਕਾ ਅਤੇ ਪ੍ਰਮੁੱਖ ਪਹਿਲੂ ਦਰਜ ਮਿਲਦੇ ਹਨ ਜਿਵੇਂ ਪਾਰਸੀ, ਹਿੰਦੂ, ਤਿੱਬਤੀ, ਯਹੂਦੀ, ਨਾਨਕਪੰਥੀ (ਸਿੱਖ), ਮੁਸਲਮਾਨ, ਸਾਂਚਕੀਆ, ਬੋਧੀਆਂ, ਰੋਸ਼ਨੀਆਂ, ਇਲਾਹੀਆਂ, ਹਕੀਮਾਂ, ਸੂਫ਼ੀਆਂ ਤੇ ਕਬੀਰ ਪੰਥੀਆਂ ਆਦਿ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੋਤਾਂ ਦੀ ਆਮ ਤੌਰ ’ਤੇ ਦੋ ਅੱਡ-ਅੱਡ ਧਾਰਾਵਾਂ ਵਿਚ ਵੰਡ ਕੀਤੀ ਜਾਂਦੀ ਹੈ। ਇਕ ਧਾਰਾ ‘ਮੌਖਿਕ’ (ਜ਼ਬਾਨੀ-ਕਲਾਮੀ) ਅਤੇ ‘ਦੂਜੀ ਲਿਖਤੀ’ ਵਰਨਣਯੋਗ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਸੰਬੰਧਿਤ ਸਮਕਾਲੀ ਸ੍ਰੋਤਾਂ ਦੀ ਗਿਣਤੀ ਨਾ-ਮਾਤਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜ਼ਿਕਰ ਆਉਂਦਾ ਹੈ ਕਿ ਕਿਵੇਂ ਦੋਖੀਆਂ ਨੇ ਬਾਲਕ ਹਰਿਗੋਬਿੰਦ ਸਾਹਿਬ ਉੱਤੇ ਹਮਲੇ ਕੀਤੇ, ਚੰਦੂ ਅਤੇ ਪ੍ਰਿਥੀਏ ਦੀਆਂ ਜ਼ਿਆਦਤੀਆਂ ਦੀ ਤਸਵੀਰ ਮੌਜੂਦ ਹੈ। ਇਹ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪਹਿਲਾ ਇਤਿਹਾਸਕ ਸ੍ਰੋਤ ਆਖਿਆ ਜਾ ਸਕਦਾ ਹੈ। ਗੁਰੂ ਸਾਹਿਬ ਬਾਰੇ ਦੂਜਾ ਸ੍ਰੋਤ ਭਾਈ ਗੁਰਦਾਸ ਜੀ ਦੀ ਰਚਨਾ ਹੈ, ਜਿਸ ਨੂੰ ‘ਗੁਰਬਾਣੀ ਦੀ ਕੁੰਜੀ’ ਦਾ ਰੁਤਬਾ ਹਾਸਲ ਹੈ।

ਤੀਜਾ ਪ੍ਰਮੁੱਖ ਸ੍ਰੋਤ ਸਮਕਾਲੀ ‘ਦਾਬਿਸਤਾਨ-ਏ-ਮੁਜ਼ਾਹਿਬ’ ਦਾ ਹੈ ਜੋ ਫ਼ਾਰਸੀ ਦੀ ਪਹਿਲੀ ਹੱਥ-ਲਿਖਤ (ਬਾਅਦ ਵਿਚ ਪ੍ਰਕਾਸ਼ਤ) ਹੈ ਜੋ ਇਕ ਗ਼ੈਰ-ਸਿੱਖ ਨੇ ਲਿਖੀ ਹੈ। ਇਸ ਵਿਚ ਸਿੱਖਾਂ ਬਾਰੇ ਕਈ ਬੁਨਿਆਦੀ ਅਸੂਲਾਂ ਦੇ ਰੂ-ਬ-ਰੂ ਇਤਿਹਾਸ ਦਾ ਜ਼ਿਕਰ ਕੀਤਾ ਗਿਆ ਹੈ। ਦਬਿਸਤਾਨ-ਏ-ਮੁਜ਼ਾਹਿਬ (ਭਾਵ ਧਰਮਾਂ ਦਾ ਸਕੂਲ) ਬਾਰਾਂ ਖੰਡਾਂ ਵਿਚ ਵੰਡੀ ਹੋਈ ਹੈ, ਜਿਸ ਵਿਚ ਬਹੁਤ ਸਾਰੇ ਧਰਮਾਂ ਦੀ ਫ਼ਿਲਾਸਫ਼ੀ ਅਤੇ ਇਤਿਹਾਸ ਦਾ ਵਰਨਣ ਮਿਲਦਾ ਹੈ ਜੋ 17ਵੀਂ ਸਦੀ ਵਿਚ ਉਪ-ਮਹਾਂਦੀਪ ਵਿਚ ਪ੍ਰਚੱਲਤ ਸਨ। ਇਸ ਕਿਤਾਬ ਵਿਚ ਚੌਦਾਂ ਧਰਮਾਂ ਅਤੇ ਫ਼ਿਰਕਿਆਂ ਦੀ ਭੂਮਿਕਾ ਅਤੇ ਪ੍ਰਮੁੱਖ ਪਹਿਲੂ ਦਰਜ ਮਿਲਦੇ ਹਨ ਜਿਵੇਂ ਪਾਰਸੀ, ਹਿੰਦੂ, ਤਿੱਬਤੀ, ਯਹੂਦੀ, ਨਾਨਕਪੰਥੀ (ਸਿੱਖ), ਮੁਸਲਮਾਨ, ਸਾਂਚਕੀਆ, ਬੋਧੀਆਂ, ਰੋਸ਼ਨੀਆਂ, ਇਲਾਹੀਆਂ, ਹਕੀਮਾਂ, ਸੂਫ਼ੀਆਂ ਤੇ ਕਬੀਰ ਪੰਥੀਆਂ ਆਦਿ।

ਬਹੁਤ ਸਾਰੇ ਵਿਦਵਾਨ ਲੇਖਕਾਂ ਨੇ ਆਪਣੀਆਂ ਲਿਖਤਾਂ ਵਿਚ ‘ਦਬਿਸਤਾਨ-ਏ-ਮੁਜ਼ਾਹਿਬ’ ਦਾ ਲੇਖਕ ਮੁਲਾ ਮੋਹਸਨ ਫ਼ਾਨੀ ਕਸ਼ਮੀਰੀ 1 ਲਿਖਿਆ ਹੈ। ਪਰ ਜਦੋਂ ਇਸ ਕਿਤਾਬ ਦਾ ਅਧਿਐਨ ਕਰਦੇ ਹਾਂ ਤਾਂ ਇਸ ਦਾ ਲੇਖਕ ਮੋਹਸਨ ਫ਼ਾਨੀ ਨਹੀਂ ਕਿਹਾ ਜਾ ਸਕਦਾ। ਬਹੁਤ ਸਾਰੇ ਜੀਵਨੀ ਲੇਖਕਾਂ ਨੇ ਫ਼ਾਨੀ ਦਾ ਜ਼ਿਕਰ ਕੀਤਾ ਹੈ ਪਰ ਕਿਸੇ ਇਕ ਇਤਿਹਾਸਕਾਰ ਨੇ ‘ਦਬਿਸਤਾਨ-ਏ-ਮੁਜ਼ਾਹਿਬ’ ਦਾ ਲੇਖਕ 2 ਉਸ ਨੂੰ ਨਹੀਂ ਮੰਨਿਆ। ਦਬਿਸਤਾਨ-ਏ-ਮੁਜ਼ਾਹਿਬ ਦਾ ਮੋਹਸਨ ਫ਼ਾਨੀ ਕਸ਼ਮੀਰੀ ਨਾਲ ਨੇੜੇ ਦਾ ਸੰਬੰਧ ਵੀ ਨਹੀਂ ਸੀ। ਇਸ ਦਲੀਲ ਦੇ ਬਹੁਤ ਸਾਰੇ ਕਾਰਨ ਹਨ। ਫ਼ਾਨੀ ਦੀ ਵਾਰਤਕ ਵੰਨਗੀ ਦਬਿਸਤਾਨ ਤੋਂ ਬਿਲਕੁਲ ਵੱਖ ਹੈ। ਦਬਿਸਤਾਨ-ਏ-ਮੁਜ਼ਾਹਿਬ ਦੇ 395 ਸਫ਼ੇ ਹਨ, ਜਿਨ੍ਹਾਂ ਵਿੱਚੋਂ 134 ਸਫ਼ੇ ਕੇਵਲ ਇਰਾਨ ਦੇ ਧਾਰਮਿਕ ਫ਼ਿਰਕਿਆਂ ਬਾਰੇ ਹਨ ਜਿਨ੍ਹਾਂ ’ਚ ਵਿਸ਼ੇਸ਼ ਥਾਂ ਪਾਰਸੀ ਅਤੇ ਸਾਪਾਸੀ ਲਈ ਰਾਖਵੀਂ ਰੱਖੀ ਗਈ ਹੈ। ਇਸਲਾਮ ਬਾਰੇ ਕੇਵਲ 38 ਪੰਨੇ ਰਾਖਵੇਂ ਰੱਖੇ ਗਏ ਹਨ ਜਿਸ ਦੀ ਜਾਣਕਾਰੀ ਦੂਜੇ ਸੋਮਿਆਂ ਤੋਂ ਇਕੱਤਰ ਕੀਤੀ ਗਈ ਹੈ ਅਤੇ ਘੱਟ ਮਹੱਤਵ ਵਾਲੀ ਹੈ।

ਪ੍ਰਮੁੱਖ ਕਾਰਨ ਜੋ ਤਵਾਰੀਖ਼ ਵਿਚ ਘਰ ਕਰ ਗਏ ਹਨ ਉਹ ਇਹ ਕਿ ਮੋਹਸਨ ਫ਼ਾਨੀ ‘ਦਬਿਸਤਾਨ’ 3 ਦਾ ਲੇਖਕ ਹੈ ਕਿਉਂਕਿ ਬਹੁਤਿਆਂ ‘ਦਬਿਸਤਾਨ’ ਦੀਆਂ ਹੱਥ-ਲਿਖਤਾਂ ਵਿਚ ਸ਼ੁਰੂ ’ਚ ਇੰਝ ਲਿਖਿਆ ਮਿਲਦਾ ਹੈ, “ਮੋਹਸਨ ਫ਼ਾਨੀ ਨੇ ਕਿਹਾ” ਅਤੇ ਉਸ ਤੋਂ ਬਾਅਦ ਉਸ ਦੇ ਦੋ ਬੈਂਤ ਦਰਜ ਹਨ। ਇਸ ਨੁਕਤੇ ਨੂੰ ਸਪਸ਼ਟ ਕਰਦਿਆਂ ਹੋਇਆਂ ਮੁੱਲਾਂ ਫਿਰੋਜ਼ ਵਿਦਵਾਨ ਨੇ ਲਿਖਿਆ ਹੈ, “ਕਿ ਇਕ ਲਾਪਰਵਾਹ ਜਾਂ ਅਗਿਆਨੀ ਪੜਾਕੂ ਨੇ ਇਨ੍ਹਾਂ ਸ਼ਬਦਾਂ ਵੱਲ ਖਾਸ ਧਿਆਨ ਦੇ ਦਿੱਤਾ।” ਇਸ ਸਤਰ ਨਾਲ ਕਿਤਾਬ ਦਾ ਲੇਖਕ ਸਮਝਣ ਦੀ ਸ਼ੁਰੂਆਤ ਹੋ ਗਈ। ਬਹੁਤਿਆਂ ਨੇ ਕਿਤਾਬ ਦਾ ਲੇਖਕ ਹੀ ਫ਼ਾਨੀ ਨੂੰ ਸਮਝ ਲਿਆ ਜਦਕਿ ਅਸਲੀਅਤ ਵਿਚ ਮੋਹਸਨ ਫ਼ਾਨੀ ਦੋ ਬੈਂਤਾਂ ਦਾ ਲੇਖਕ ਸੀ। ਡਾਕਟਰ ਐਸ.ਏ.ਐੱਚ. ਆਬਾਦੀ ਨੇ ਸਪਸ਼ਟ ਲਿਖਿਆ ਹੈ ‘ਸਰ ਵਿਲੀਅਮ ਜੋਨਸ’ 4 ਨੂੰ ਵੀ ਭੁਲੇਖਾ ਲੱਗਾ ਸੀ।

ਜਿੱਥੋਂ ਤਕ ਮੁਲਾਂ ਮੋਹਸਨ ਫ਼ਾਨੀ ਦਾ ਸੰਬੰਧ ਹੈ ਉਹ ਸੱਚਮੁਚ ਕਸ਼ਮੀਰ ਦਾ ਰਹਿਣ ਵਾਲਾ ਸੀ ਅਤੇ ‘ਫ਼ਾਨੀ’ ਉਸ ਦਾ ਕਲਮੀ ਨਾਂ ਸੀ। ਇਹ ਮੁਲਾਂ ਯਾਕੂਬ ਸਫ਼ਰੀ (ਦੇਹਾਂਤ 1605 ਈ.) ਅਤੇ ਮੋਹਾਬੁਲਾ ਅਹਲਾਬਾਦੀ (ਦੇਹਾਂਤ 1648-49 ਈ.) ਦਾ ਸ਼ਾਗਿਰਦ ਸੀ। ਮੁਲਾਂ ਫ਼ਾਨੀ ਦੇ ਦੋ ਪ੍ਰਮੁੱਖ ਸ਼ਾਗਿਰਦ ਸਨ, ਉਨ੍ਹਾਂ ਵਿਚ ਗ਼ਨੀ ਕਸ਼ਮੀਰੀ (ਦੇਹਾਂਤ 1668-69 ਈ.) ਅਤੇ ਸਲੀਮ ਕਸ਼ਮੀਰੀ (ਦੇਹਾਂਤ 1707 ਈ.) ਵਰਨਣਯੋਗ ਹਨ। ਬਾਦਸ਼ਾਹ ਸ਼ਾਹ ਜਹਾਨ ਦੇ ਅਹਿਦੇ ਵਿਚ ਫ਼ਾਨੀ ਨੇ ਨੌਕਰੀ ਕੀਤੀ ਅਤੇ ਚੀਫ਼-ਜੱਜ ਦੇ ਅਹੁਦੇ ਤਕ ਪੁੱਜਾ। ਜਦੋਂ ਮੁਰਾਦ ਬਖ਼ਸ਼ ਨੇ ਨਾਜ਼ਰ ਮੁਹੰਮਦ ਨੂੰ ਜੰਗ ਵਿਚ ਹਾਰ ਦਿੱਤੀ ਤਾਂ ਉਸ ਨੇ ਫ਼ਾਨੀ ਦੇ ਦੀਵਾਨ ਦੀ ਇਕ ਕਾਪੀ ਲਾਇਬ੍ਰੇਰੀ ਵਿੱਚੋਂ ਲੱਭੀ ਜਿਸ ਵਿਚ ਨਾਜ਼ਰ ਮੁਹੰਮਦ ਦੀ ਤਾਰੀਫ਼ ਵਿਚ ਕਸੀਦੇ ਲਿਖੇ ਹੋਏ ਸਨ। ਫ਼ਾਨੀ ਨੂੰ ਤੁਰੰਤ ਚੀਫ਼ ਜੱਜ ਦੇ ਅਹੁਦੇ ਤੋਂ ਬਰਤਰਫ਼ ਕਰਕੇ ਉਸ ਨੂੰ ਗੁਜ਼ਾਰੇ ਵਾਸਤੇ ਥੋੜ੍ਹੀ ਜਿਹੀ ਪੈਨਸ਼ਨ ਦਿੱਤੀ ਗਈ। ਨੌਕਰੀ ਤੋਂ ਮਗਰੋਂ ਮੋਹਸਨ ਫ਼ਾਨੀ ਨੇ ਬਾਕੀ ਜ਼ਿੰਦਗੀ ਆਪਣੇ ਪੁਸ਼ਤੈਨੀ ਘਰ ਕਸ਼ਮੀਰ ਵਿਚ ਗੁਜ਼ਾਰੀ। ਇਨ੍ਹਾਂ ਸਮਿਆਂ ਵਿਚ ਫ਼ਾਨੀ ਨੇ ਬਹੁਤ ਸਾਰੇ ਲੋਕਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਪੜ੍ਹਾਉਣ ਦਾ ਕੰਮ ਕੀਤਾ ਜੋ ਉਸ ਨੂੰ ਲਗਾਤਾਰ ਮਿਲਣ ਆਉਂਦੇ ਸਨ।

ਮੋਹਸਨ ਫ਼ਾਨੀ ਦੀ ਯਾਦਗਾਰੀ ਰਚਨਾ ‘ਕੁਲਿਆਤ-ਏ-ਫ਼ਾਨੀ’ (ਹੱਥ-ਲਿਖਤ ਨੰ: 3565, ਰਾਮਪੁਰ) ਹੈ ਜਿਸ ਵਿਚ 5000 ਤੋਂ 7000 ਬੰਦ ਦਰਜ ਹਨ। ਮੋਹਸਨ ਫ਼ਾਨੀ ਦੀਆਂ ਮਸਨਵੀਆਂ ਇਸ ਪ੍ਰਕਾਰ ਹਨ: ਨਾਜ਼-ਓ-ਨੀਵਾ (ਇਤਿਹਾਸਕ ਪ੍ਰੇਮ ਕਹਾਣੀ), ਮਹਿਖਾਨੇ (ਕਸ਼ਮੀਰ ਦੇ ਬਾਗਾਂ, ਨਦੀਆਂ, ਦਰਿਆਵਾਂ ਅਤੇ ਖ਼ੂਬਸੂਰਤ ਥਾਵਾਂ ਦਾ ਵਰਨਣ), ਮਸਦਾਰੁਨ-ਅੱਤਰ (ਸ਼ਾਹਜਹਾਂ ਦੀ ਸਿਫ਼ਤ), ਹਫ਼ਤ-ਅੱਖਤਰ (ਆਲਮਗੀਰ ਬਾਰੇ) ਆਦਿ। ਇਸ ਤੋਂ ਇਲਾਵਾ ਉਸ ਨੇ ਬਹੁਤ ਸਾਰੇ ਕਸੀਦੇ, ਗ਼ਜ਼ਲਾਂ ਅਤੇ ਚਉਪਦੇ ਲਿਖੇ। ਫ਼ਾਨੀ ਨੇ ਅਰਬੀ ਵਿਚ ‘ਸ਼ਾਹ-ਏ-ਅਕੈਦ’ ਵਾਰਤਕ ਲਿਖੀ ਜਿਸ ਦੀ ਹੱਥ-ਲਿਖਤ ਇਸਲਾਮੀਆ ਕਾਲਜ, ਪਿਸ਼ਾਵਰ 5 ਵਿਚ ਮ:ਨੰ: 794 ਹੇਠ ਸਾਂਭੀ ਪਈ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੁਲਾਂ ਮੋਹਸਨਫਾਨੀ ਕਸ਼ਮੀਰੀ ਆਪਣੇ ਸਮੇਂ ਦਾ ਇਕ ਵੱਡਾ ਕਵੀ ਤੇ ਵਿਦਵਾਨ ਸੀ। ਉਸ ਦੀ ‘ਮਸਵਰੁਲ-ਮਾਥਰ’ ਕਿਤਾਬ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਉਸ ਨੂੰ ਇਸਲਾਮ ਦਾ ਡੂੰਘਾ ਗਿਆਨ ਸੀ। ਫ਼ਾਨੀ ਦਾ ਦੇਹਾਂਤ 6 ਕਸ਼ਮੀਰ ਵਿਚ ਹੋਇਆ।

ਅਜੋਕੀ ਖੋਜ ਅਨੁਸਾਰ ਹੁਣ ਇਹ ਗੱਲ ਸਪਸ਼ਟ ਹੋ ਚੁਕੀ ਹੈ ਕਿ ਦਬਿਸਤਾਨ-ਏ-ਮੁਜ਼ਾਹਿਬ ਦਾ ਲੇਖਕ ‘ਗੋਬਿਦ ਜ਼ੁਲਫਕਾਰ ਅਰਦਸਤਾਨੀ ਸਾਸਨੀ’ (1615- 1670 ਈ.) ਸੀ, ਜੋ ਈਰਾਨ ਦੇ ਸਾਸੂਨ ਇਲਾਕੇ ਦਾ ਪਾਰਸੀ ਪਾਦਰੀ ਸੀ। ਉਸ ਨੇ ਆਪਣੀ ਬਹੁਤੀ ਜ਼ਿੰਦਗੀ ਆਪਣੇ ਪ੍ਰਮੁੱਖ ਪਾਰਸੀ ਪਾਦਰੀ ਅਜ਼ਰ ਕਹਿਵਾਨ (ਦੇਹਾਂਤ 1618) ਦੇ ਹੇਠ ਗੁਜ਼ਾਰੀ ਸੀ ਜੋ ਅਕਬਰ ਬਾਦਸ਼ਾਹ (1542-1605 ਈ.) ਦੇ ਸਮੇਂ ਈਰਾਨ ਤੋਂ ਹਿੰਦੁਸਤਾਨ ਆਇਆ ਅਤੇ ਪਟਨੇ ਨੂੰ ਆਪਣਾ ਦੂਜਾ ਘਰ ਬਣਾ ਲਿਆ ਸੀ। ਜ਼ੁਲਫ਼ਕਾਰ ਇਕ ਧਾਰਮਿਕ ਵਿਚਾਰਾਂ ਵਾਲਾ ਨੌਜਵਾਨ ਸੀ ਜੋ ਬੜਾ ਉਦਾਰਚਿਤ ਦ੍ਰਿਸ਼ਟੀਕੋਣ ਦਾ ਮਾਲਕ ਸੀ। ਉਹ ਕਸ਼ਮੀਰ ਵਿਚ ਵੀ ਕਾਫੀ ਦੇਰ ਰਿਹਾ। 7 ਕਈਆਂ ਨੇ ਉਸ ਨੂੰ ਅਜ਼ਰ ਕਹਿਵਾਨ ਦਾ ਪੋਤਾ 8 ਕਰ ਕੇ ਵੀ ਲਿਖਿਆ ਹੈ। ‘ਦਬਿਸਤਾਨ-ਏ-ਮੁਜ਼ਾਹਿਬ’ ਦੀ ਹੱਥ-ਲਿਖਤ ਪ੍ਰੋ. ਸਾਈਦ ਹਸਨ ਅਸਕਾਰੀ ਨੇ ਸ਼ਹਿਰ ਵਿਚ 1930 ਈ. ਵਿਚ ਲੱਭੀ ਜੋ ਈਰਾਨ ਦੇ ਇਕ ਮੁਸਲਮਾਨ ਪਰਵਾਰ ਕੋਲੋਂ ਬੜੀ ਮਿਹਨਤ ਨਾਲ ਹਾਸਲ ਕੀਤੀ। ਉਸ ਹੱਥ-ਲਿਖਤ ਦੇ ਅਰੰਭਕ ਵਰਕੇ ’ਤੇ ਲਾਪਰਵਾਹੀ ਤੇ ਅਲੋਚਨਾਤਮਿਕ ਟਿੱਪਣੀਆਂ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚ ਲੇਖਕ ਬਾਰੇ ਮਹੱਤਵਪੂਰਨ ਜਾਣਕਾਰੀ ਦਰਜ ਕੀਤੀ ਗਈ ਸੀ। ਇਹ ਜਾਣਕਾਰੀ ਅੰਗਰੇਜ਼ ਵਿਦਵਾਨਾਂ ਡੇਵਿਡ ਸ਼ੀਹਾ ਅਤੇ ਐਨਥੋਨੀ ਟ੍ਰੋਇਰ ਨੂੰ ਨਹੀਂ ਸੀ ਮਿਲ ਸਕੀ। ਇਕ ਹੋਰ ਹੱਥ-ਲਿਖਤ ਮੁਸਲਿਮ ਅਲੀਗੜ੍ਹ ਲਾਇਬ੍ਰੇਰੀ ਅਲੀਗੜ੍ਹ ਵਿਚ ਪਈ ਹੈ। 9

ਸਿੱਖ ਧਰਮ ਬਾਰੇ ਜੋ ਇਸ ਵਿਚ ਜਾਣਕਾਰੀ ਆਈ ਹੈ, ਉਹ ਸਿੱਖ ਫ਼ਿਲਾਸਫ਼ੀ ਅਤੇ ਇਤਿਹਾਸ ਦੇ ਕਈ ਬੁਨਿਆਦੀ ਅਸੂਲਾਂ ’ਤੇ ਚਾਨਣਾ ਪਾਉਂਦਾ ਹੈ ਜੋ 17ਵੀਂ ਸਦੀ ਵਿਚ ਪ੍ਰਚੱਲਤ ਸਨ। ਡਾ. ਦਿਲਗੀਰ ਅਨੁਸਾਰ, “ਭਾਵੇਂ ਇਸ ਵਿਚ ਕਈ ਥਾਂ ਗ਼ਲਤ-ਸਮੱਗਰੀਆਂ ਤੇ ਛੋਟੀਆਂ-ਮੋਟੀਆਂ ਗ਼ਲਤੀਆਂ ਵੀ ਸ਼ਾਮਲ ਕਰ ਗਿਆ ਹੈ ਪਰ ਫਿਰ ਵੀ ਇਸ ਵਿਚਲਾ ਚਿਤਰਣ ਸੱਚਾਈ ਦੇ ਨੇੜੇ ਢੁੱਕਦਾ ਹੈ।” 10

ਦਬਿਸਤਾਨ-ਏ-ਮੁਜ਼ਾਹਿਬ ਦਾ ਲੇਖਕ ਲਿਖਦਾ ਹੈ ਕਿ ਉਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ (1590-1644) ਅਤੇ ਸ੍ਰੀ ਗੁਰੂ ਹਰਿਰਾਇ ਸਾਹਿਬ (1630-61) ਨੂੰ ਨਿੱਜੀ ਤੌਰ ’ਤੇ ਜਾਣਦਾ ਸੀ ਅਤੇ ਉਨ੍ਹਾਂ ਨਾਲ ਖਤੋ-ਕਿਤਾਬਤ ਵੀ ਕਰਦਾ ਸੀ। ਉਹ ਕੀਰਤਪੁਰ ਸਾਹਿਬ ਵਿਚ ਕਈ ਮਹੀਨੇ ਠਹਿਰਿਆ 11 ਸੀ।

ਦਬਿਸਤਾਨ ਵਿਚ ਜੋ ਸਿੱਖ ਇਤਿਹਾਸ ਅਤੇ ਧਰਮ ਬਾਰੇ ਬੁਨਿਆਦੀ ਅਸੂਲ ਦਰਜ ਮਿਲਦੇ ਹਨ, ਉਹ ਇਸ ਪ੍ਰਕਾਰ ਹਨ:

(ੳ) ਸਿੱਖ ਵਿਸ਼ਵਾਸ ਕਰਦੇ ਹਨ ਕਿ ਦਸ ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਸਾਹਿਬਦੀ ਹੀ ਰੂਹ ਹਨ।

(ਅ) ਸਿੱਖ ਇਕ ਅਕਾਲ ਪੁਰਖ ’ਤੇ ਵਿਸ਼ਵਾਸ ਰੱਖਦੇ ਹਨ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਿੱਖ ‘ਮੂਰਤੀ ਪੂਜਾ’ ਦਾ ਖੰਡਨ ਕਰਦੇ ਹਨ।

(ੲ) ਆਪਣੇ ਧਰਮ (ਸਿੱਖ) ਦੇ ਪ੍ਰਚਾਰ ਵਾਸਤੇ ਲੋਕ ਭਾਸ਼ਾ (ਪੰਜਾਬੀ) ਦੀ ਵਰਤੋਂ ਕਰਦੇ ਹਨ।

(ਸ) ਸਿੱਖ ਹਰ ਥਾਂ ’ਤੇ ਮੌਜੂਦ ਹਨ।

(ਹ) ਦਸਵੰਧ ਅਤੇ ਮਸੰਦਾਂ ਬਾਰੇ ਵਿਸਥਾਰ ਨਾਲ ਜ਼ਿਕਰ ਮਿਲਦਾ ਹੈ। ਮਸੰਦਾਂ ਨੂੰ ਰੁਖ਼ਸਤ ਕਰਨ ਸਮੇਂ ਗੁਰੂ ਸਾਹਿਬ ‘ਦਸਤਾਰ’ ਭੇਟ ਕਰਦੇ ਸਨ।

(ਕ) ਸ੍ਰੀ ਗੁਰੂ ਨਾਨਕ ਸਾਹਿਬ, ਸ੍ਰੀ ਗੁਰੂ ਅੰਗਦ ਸਾਹਿਬ, ਸ੍ਰੀ ਗੁਰੂ ਅਮਰਦਾਸ ਸਾਹਿਬ, ਸ੍ਰੀ ਗੁਰੂ ਅਰਜਨ ਸਾਹਿਬ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ ਹਰਿਰਾਇ ਸਾਹਿਬ ਬਾਰੇ ਕਿਤੇ ਸੁਕਚਵੇਂ ਅਤੇ ਕਿਤੇ ਵਿਸਥਾਰ ਨਾਲ ਜ਼ਿਕਰ ਕੀਤਾ ਹੈ।

(ਖ) ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ 700 ਘੋੜਿਆਂ, 300 ਘੋੜਸਵਾਰਾਂ ਅਤੇ 60 ਤੋਪਚੀਆਂ ਦਾ ਵਰਨਣ ਵੀ ਇਸ ਪੁਸਤਕ ਵਿਚ ਆਉਂਦਾ ਹੈ। ਗੁਰੂ ਸਾਹਿਬ ਦੀਆਂ ਜੰਗਾਂ ਦਾ ਜ਼ਿਕਰ ਵੀ ਆਉਂਦਾ ਹੈ।

(ਗ) ਗੁਰੂ ਸਾਹਿਬ ਦੇ ਚੋਣਵੇਂ ਅਤੇ ਮੁਖੀ ਮਸੰਦਾਂ ਦਾ ਵੀ ਵਿਸਥਾਰ ਨਾਲ ਉਲੇਖ ਕੀਤਾ ਮਿਲਦਾ ਹੈ।

(ਘ) ਵਿਧਾਂਤੀਆਂ ਦੇ ਖੰਡ ਵਿਚ ਸਫ਼ਾ 137 ’ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਉਨ੍ਹਾਂ ਦੇ ਸਿੱਖਾਂ ਦਾ ਉਲੇਖ ਮਿਲਦਾ ਹੈ ਜੋ ਡਾ. ਗੰਡਾ ਸਿੰਘ ਜੀ ਦੇ ਨਜ਼ਰੀਂ ਨਹੀਂ ਸੀ ਪਿਆ।

‘ਦਬਿਸਤਾਨ-ਏ-ਮੁਜ਼ਾਹਿਬ’ ਦੇ ਕਈ ਅਨੁਵਾਦ ਹੋਏ ਹਨ। ਅੰਗਰੇਜ਼ੀ ਵਿਚ ਪਹਿਲਾ ਅਨੁਵਾਦ ਡੇਵਿਡ ਸ਼ੀਹਾ ਅਤੇ ਐਨਥੋਨੀ ਟ੍ਰੋਇਰ ਨੇ ਕੀਤਾ ਸੀ ਜੋ ਲੰਡਨ ਵਿਚ 1843 ਨੂੰ ਛਪਿਆ। ਇਸ ਅਨੁਵਾਦ ਬਾਰੇ ਡਾ. ਗੰਡਾ ਸਿੰਘ ਜੀ ਲਿਖਦੇ ਹਨ,

“ਵੱਡੀ ਮੁਸ਼ਕਲ ਇਹ ਹੈ ਕਿ ਇਸ ਵਿਚ ਮੁੱਢ ਤੋਂ ਅਖੀਰ ਤਕ Punctuation ਦਾ ਕੋਈ ਨਿਸ਼ਾਨ ਕਿਧਰੇ ਵੀ ਨਹੀਂ ਲਗਾਇਆ ਹੋਇਆ। ਇਹ ਵੀ ਕਾਰਨ ਹੈ ਕਿ ਵਿਚਾਰੇ ਡੇਵਿਡ ਸ਼ੀਹਾ ਤੇ ਐਨਥੋਨੀ ਟ੍ਰੋਇਰ ਵਰਗੇ ਫ਼ਾਰਸੀ ਦੇ ਪ੍ਰਸਿੱਧ ਵਿਦਵਾਨਾਂ ਵੱਲੋਂ ਕੀਤੇ ਇਸ ਪੁਸਤਕ ਦੇ ਅੰਗਰੇਜ਼ੀ ਉਲੱਥੇ ਵਿਚ- ਜੋ ਸੰਨ 1843 ਵਿਚ ਪੈਰਿਸ ’ਚ ਛਪਿਆ ਸੀ, ਭੀ ਕਈ ਸਾਰੀਆਂ ਗ਼ਲਤੀਆਂ ਹੋ ਗਈਆਂ ਹਨ।”12

ਡਾ. ਗੰਡਾ ਸਿੰਘ ਨੇ ‘ਖਾਲਸਾ’ ਮੈਗਜ਼ੀਨ ਲਾਹੌਰ ਦੇ ਜਨਵਰੀ 1930 ਵਿਚ ਇਸ ਦਾ ਅੰਗਰੇਜ਼ੀ ਅਨੁਵਾਦ ਕਰ ਕੇ ਛਾਪਿਆ ਸੀ। ਸ. ਉਮਰੋ ਸਿੰਘ ਮਜੀਠੀਆ ਨੇ ਵੀ ‘ਖਾਲਸਾ ਰੀਵੀਊ’ ਜੂਨ 1930 ਵਿਚ ਇਸ ਦਾ ਅਨੁਵਾਦ ਕਰਕੇ ਛਾਪਿਆ। ਡਾ. ਗੰਡਾ ਸਿੰਘ ਵਾਲਾ ਅਨੁਵਾਦ ਅਗਸਤ 1940 ਵਿਚ ‘Journal of Indian History’ Annamalai University  ਅਤੇ ਬਾਅਦ ਵਿਚ ‘The Panjba Past and Present’ Vol.-I (Part I-II) Pbi. Uni. Patiala, April-Oct. 1967 (P. 47-71) Aqy Vol. III, 1969 (Part I & II) p. 45-53 ਵਿਚ ਛਪਿਆ ਸੀ। ਪੰਜਾਬੀ ਅਨੁਵਾਦ ‘ਫੁਲਵਾੜੀ ਲਾਹੌਰ’ ਮਾਰਚ-ਅਕਤੂਬਰ 1931 ਵਿਚ ‘ਕੁਝ ਕੁ ਪੁਰਾਤਨ ਸਿੱਖ-ਇਤਿਹਾਸਕ ਪੱਤਰੇ’ ਸਿਰਲੇਖ ਹੇਠ ਛਪਿਆ। ਇਸ ਦਾ ਇਕ ਹੋਰ ਪੰਜਾਬੀ ਅਨੁਵਾਦ ‘ਮਸਤੀ ਦਾ ਨਮਾਜ਼ੀ ਗੁਰੂ ਬਾਬਾ ਨਾਨਕ’ (ਅਨੁਵਾਦਕ ਅਤੇ ਸੰਪਾਦਕ ਗੁਰਬਖ਼ਸ਼ ਸਿੰਘ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ 1999 ਵਿਚ ਪ੍ਰਕਾਸ਼ਿਤ ਕੀਤਾ। ਅੰਗਰੇਜ਼ੀ ਦਾ ਇਕ ਹੋਰ ਚੰਗਾ ਅਨੁਵਾਦ ਇਰਫ਼ਾਨ ਹਬੀਬ ਨੇ ਕੀਤਾ ਜੋ ‘Sikh History from Parsian Source’ ਪੁਸਤਕ ’ਚ 2001 ਵਿਚ ਅਲੀਗੜ੍ਹ ਤੋਂ ਛਪਿਆ ਹੈ। ਕਿਤਾਬੀ ਰੂਪ ਵਿਚ ਦਬਿਸਤਾਨ 1904 ਵਿਚ ‘ਨਵਲ ਕਿਸ਼ੋਰ ਪ੍ਰੈਸ, ਕਾਨਪੁਰ’ ਨੇ ਚੰਗੀ ਜਿਲਦ ਕਰ ਕੇ ਛਾਪੀ।

ਪੰਜਾਬੀ ਦੀਆਂ ਟਾਕਰੀ ਅਤੇ ਨਾਗਰੀ ਲਿਪੀਆਂ ਵਿਚ ਵੀ ਦਬਿਸਤਾਨ ਦੇ ਅਨੁਵਾਦ ਹੋਏ ਹਨ। ਟਾਕਰੀ ਲਿੱਪੀ ਵਾਲੀ ਹੱਥ-ਲਿਖਤ ਅੱਜਕਲ੍ਹ ਡੋਗਰੀ ਵਿਭਾਗ ਜੰਮੂ ਯੂਨੀਵਰਸਿਟੀ, ਜੰਮੂ ਵਿਚ ਨੰਬਰ 380/156 ਹੇਠ ਇਨ੍ਹਾਂ ਸਤਰਾਂ ਦੇ ਲੇਖਕ ਨੇ ਆਪ ਵੇਖੀ ਹੈ। ਇਸ ਦੇ ਪਤਰੇ ਹੁਣ ਮਾਮੂਲੀ ਜਿਹੇ ਖਰਾਬ ਹੋਏ ਹਨ ਅਤੇ ਇਹ ਹੱਥ-ਲਿਖਤ 1980 ਵਿਚ ਸ੍ਰੀਨਗਰ ਯੂਨੀਵਰਸਿਟੀ ਕਸ਼ਮੀਰ ਤੋਂ ਜੰਮੂ ਭੇਜੀ ਗਈ ਸੀ। ਇਸ ਦੇ ਪਹਿਲੇ ਸਫ਼ੇ ’ਤੇ ਫ਼ਾਰਸੀ ਅੱਖਰਾਂ ਵਿਚ ‘ਸ੍ਰੀ ਵਾਹਿਗੁਰੂ ਸਾਹਿਬ’ ਲਿਖਿਆ ਮਿਲਦਾ ਹੈ। ਇਸ ਦੇ ਸਫਿਆਂ ’ਤੇ 250 ਨੰਬਰ ਲਿਖੇ ਹਨ। ਨਾਗਰੀ ਲਿਪੀ ਵਾਲੀ ਹੱਥ- ਲਿਖਤ ਕਸ਼ਮੀਰ ਯੂਨੀਵਰਸਿਟੀ, ਸ੍ਰੀਨਗਰ ਵਿਚ ਪਈ ਹੈ ਇਸ ਦੇ 519 ਸਫ਼ੇ ਹਨ ਅਤੇ ਲਿਖਾਈ ਖ਼ੂਬਸੂਰਤ ਹੈ। ਇਕ ਅਨੁਵਾਦ ਉਰਦੂ 13 ਦਾ ਵੀ ਹੋਇਆ ਦੱਸਿਆ ਜਾਂਦਾ ਹੈ।

ਇਹ ਇਕ ਗ਼ੈਰ-ਸਿੱਖ ਵੱਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਜੀਵਨ ਬਾਰੇ ਚਾਨਣਾ ਪਾਉਂਦਾ ਪਹਿਲਾ ਸ੍ਰੋਤ ਹੈ ਜੋ ਫ਼ਾਰਸੀ ਭਾਸ਼ਾ ਵਿਚ ਹੈ। ਨਾਨਕ ਪੰਥੀਆਂ ਦਾ ਵੇਰਵਾ 223 ਤੋਂ 240 ਪੰਨਿਆਂ ਤਕ ਦਰਜ ਹੈ। ਇਸ ਵਿਚ ਲੇਖਕ ਨੇ ਨਿਰਪੱਖ ਅਤੇ ਅੱਖੀਂ-ਡਿੱਠੀਆਂ ਘਟਨਾਵਾਂ ਨੂੰ ਕਲਮਬੰਦ ਕੀਤਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Jasbir Singh Sarna
ਸਾਬਕਾ ਅਧਿਕਾਰੀ, ਖੇਤੀਬਾੜੀ ਵਿਭਾਗ -ਵਿਖੇ: ਜੰਮੂ-ਕਸ਼ਮੀਰ ਸਰਕਾਰ

ਡਾ. ਜਸਬੀਰ ਸਿੰਘ ਸਰਨਾ, ਜੰਮੂ-ਕਸ਼ਮੀਰ ਸਰਕਾਰ, ਭਾਰਤ ਦੇ ਖੇਤੀਬਾੜੀ ਵਿਭਾਗ ਤੋਂ ਸੇਵਾ ਮੁਕਤ ਅਧਿਕਾਰੀ ਹਨ। ਅਜੋਕੇ ਸਮੇਂ ਵਿਚ ਸ੍ਰੀ ਨਗਰ ਦੇ ਵਾਸੀ, ਡਾ. ਸਰਨਾ ਜਿਥੇ ਖੇਤੀਬਾੜੀ ਵਿਸ਼ੇ ਦੇ ਮਾਹਿਰ ਹਨ, ਉਥੇ ਉਨ੍ਹਾਂ ਦਾ ਪੰਜਾਬੀ ਸਾਹਿਤ ਅਤੇ ਸਿੱਖ ਧਰਮ ਦੇ ਇਤਿਹਾਸ ਨਾਲ ਗਹਿਰਾ ਨਾਤਾ ਰਿਹਾ ਹੈ। ਪੰਜਾਬੀ ਸਾਹਿਤ ਅਤੇ ਸਿੱਖ ਚਿੰਤਨ ਦੇ ਵਿਭਿੰਨ ਪੱਖਾਂ ਦੀ ਪੜਚੋਲ ਉਨ੍ਹਾਂ ਦੇ ਜੀਵਨ ਦਾ ਅਹਿਮ ਅੰਗ ਰਹੀ ਹੈ। ਇਨ੍ਹਾਂ ਖੋਜਾਂ ਸੰਬੰਧਤ, ਉਨ੍ਹਾਂ ਦੀਆਂ ਅਨੇਕ ਰਚਨਾਵਾਂ, ਸਮੇਂ ਸਮੇਂ ਦੇਸ਼-ਵਿਦੇਸ਼ ਦੀਆਂ ਸਮਕਾਲੀ ਅਖਬਾਰਾਂ, ਮੈਗਜੀਨਾਂ ਤੇ ਖੋਜ ਪੱਤ੍ਰਿਕਾਵਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਉਨ੍ਹਾਂ ਦੀਆਂ ਹੁਣ ਤਕ 51 ਕਿਤਾਬਾਂ ਅਤੇ ਲਗਭਗ 300 ਸਾਹਿਤਕ ਲੇਖ ਛੱਪ ਚੁੱਕੇ ਹਨ।

Sant Niwas,R-11, Swarn Colony, Gole Gujral, Jammu Tawi 180002

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)