ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਵਰੋਸਾਏ ਬਹਾਦਰ ਤੇ ਅਣਖੀ ਸੂਰਮੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸ਼ਾਨਦਾਰ ਜਿੱਤਾਂ ਨਾ ਕੇਵਲ ਸਿੱਖ ਇਤਿਹਾਸ ਸਗੋਂ ਪੰਜਾਬ ਦੇ ਇਤਿਹਾਸ ਦਾ ਵੀ ਮਹਤੱਵਪੂਰਨ ਤੇ ਅਨਿੱਖੜਵਾਂ ਅੰਗ ਹਨ। ਇਨ੍ਹਾਂ ਜਿੱਤਾਂ ਨੇ ਸਿੱਖਾਂ ਤੇ ਪੰਜਾਬੀਆਂ ਦੇ ਦਿਲਾਂ ਵਿੱਚੋਂ ਮੁਗ਼ਲਾਂ ਦਾ ਭੈ ਦੂਰ ਕਰਕੇ ਉਨ੍ਹਾਂ ਨੂੰ ਮੁਕਾਬਲਾ ਕਰਨ ਦੇ ਯੋਗ ਬਣਾਇਆ ਅਤੇ ਮੁਗ਼ਲ ਰਾਜ ਦੇ ਖ਼ਾਤਮੇ ਲਈ ਡੂੰਘੀ ਸੱਟ ਮਾਰੀ। ‘ਪੰਥ ਪ੍ਰਕਾਸ਼’ ਦੇ ਕਰਤਾ ਅਨੁਸਾਰ, ‘ਬੰਦਾ ਲਾਗਯੋ ਤੁਰਕਨ ਬੰਦਾ’ ਅਰਥਾਤ ਬਾਬਾ ਬੰਦਾ ਸਿੰਘ ਬਹਾਦਰ ਤੁਰਕਾਂ ਨੂੰ ਬੰਦਾ ਹੋ ਕੇ ਲੱਗਾ। ਕਵੀ ਹਾਕਮ ਰਾਇ ਨੇ ‘ਬੰਦੇ ਬਹਾਦਰ ਦੀ ਵਾਰ’ ਲਿਖੀ ਹੈ, ਜਿਸ ਵਿਚ ਇਸ ਜੋਧੇ ਦੀਆਂ ਜਿੱਤਾਂ ਦਾ ਕੁਝ ਕੁ ਵੇਰਵਾ ਬੜੇ ਅੱਛੇ ਵੀਰ-ਰਸੀ ਢੰਗ ਨਾਲ ਦਿੱਤਾ ਹੋਇਆ ਹੈ।1
ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਇਤਿਹਾਸ ਵਿਚ ਮਹਾਨ ਜੇਤੂ, ਚੰਗੇ ਜਰਨੈਲ, ਜਾਂਬਾਜ਼ ਯੋਧੇ, ਨਿਧੜਕ ਆਗੂ ਤੇ ਸਿਦਕੀ ਸੈਨਿਕ ਕਮਾਂਡਰ ਵਜੋਂ ਮਾਨਤਾ ਪ੍ਰਾਪਤ ਹੈ, ਜਿਸ ਨੇ ਆਪਣੀ ਬੀਰਤਾ, ਦੂਰਅੰਦੇਸ਼ੀ, ਦ੍ਰਿੜ੍ਹਤਾ ਆਦਿ ਗੁਣਾਂ ਕਾਰਨ ਮੁਗ਼ਲ ਹਕੂਮਤ ਨਾਲ ਲੋਹਾ ਲਿਆ ਅਤੇ ਜ਼ਾਲਮਾਂ ਦੇ ਮੈਦਾਨਿ-ਜੰਗ ਵਿਚ ਦੰਦ ਖੱਟੇ ਕੀਤੇ। ਸ. ਸ਼ਮਸ਼ੇਰ ਸਿੰਘ ਅਸ਼ੋਕ ਦੇ ਸ਼ਬਦਾਂ ਵਿਚ: “ਖ਼ਾਲਸਾ ਰਾਜ ਦੀਆਂ ਨੀਂਹਾਂ ਭਰਨ ਵਿਚ ਇਹ ਹੀ ਵਿਅਕਤੀ ਹੈ। ਸਿੱਖ ਜਦੋਂ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਕਥਾ ਸੁਣਾਉਂਦੇ ਹਨ ਤਾਂ ਸ਼ਰਧਾ ਨਾਲ ਸਿਰ ਹੀ ਨਹੀਂ ਝੁਕਾਉਂਦੇ, ਸਗੋਂ ਅੱਥਰੂ ਵਗਾਏ ਬਗੈਰ ਨਹੀਂ ਰਹਿ ਸਕਦੇ। ਸਿੱਖ ਰਾਜ ਦੇ ਉਸਰਈਏ ਵਿਚ ਇਨ੍ਹਾਂ ਦਾ ਨਾਮ ਪਹਿਲਾ ਹੈ। ਸਭ ਤੋਂ ਵੱਧ ਬਾਬਾ ਜੀ ਦੀ ਲਗਨ, ਸ਼ਰਧਾ, ਸਿੱਖ ਸਿਦਕ ਦੀਆਂ ਉਦਾਹਰਣਾਂ ਆਉਣ ਵਾਲੀਆਂ ਨਸਲਾਂ ਲਈ ਸਦਾ ਇਕ ਚਾਨਣ-ਮੁਨਾਰੇ ਦਾ ਕੰਮ ਦਿੰਦੀਆਂ ਰਹਿਣਗੀਆਂ।” 2 ਡਾ. ਗੰਡਾ ਸਿੰਘ ਨੇ ਐਨਫਿਨਸਟਨ ਦੇ ਹਵਾਲੇ ਨਾਲ ਲਿਖਿਆ ਹੈ: ‘ਬਾਬਾ ਬੰਦਾ ਸਿੰਘ ਇਸ ਫ਼ਖਰ ਨਾਲ ਇਸ ਸੰਸਾਰ ਤੋਂ ਗਿਆ ਸੀ ਕਿ ਵਾਹਿਗੁਰੂ ਨੇ ਉਸ ਜੁੱਗ ਦੇ ਘੋਰ ਅਤਿਆਚਾਰ ਦਾ ਖਾਤਮਾ ਕਰਨ ਦੀ ਸਮਰੱਥਾ ਤੇ ਵਡਿਆਈ ਉਸ ਨੂੰ ਬਖਸ਼ੀ ਸੀ।’ ਸ. ਖੁਸ਼ਵੰਤ ਸਿੰਘ ਅਨੁਸਾਰ, ‘ਗੁਰੂ ਜੀ ਨੇ ਬੰਦਾ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਦੀਆਂ ਡੂੰਘੀਆਂ ਅੱਖਾਂ ਵਿਚ ਮਿਕਨਾਤੀਸੀ ਖਿੱਚ-ਇਕ ਅਗੰਮੀ ਚਮਕ ਪਛਾਣ ਲਈ ਸੀ, ਜਿਹੜੀ ਇਕ ਪੂਰੀ ਜਵਾਲਾ ਬਣਨ ਦੀ ਸਮਰੱਥਾ ਰਖਦੀ ਸੀ।’ 3 ਇਸੇ ਲਈ ਜੋਤੀ-ਜੋਤਿ ਸਮਾਉਣ ਤੋਂ ਕੁਝ ਸਮਾਂ ਪਹਿਲਾਂ, ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਤਿਹਾਸ ਦੇ ਅਤਿ ਨਾਜ਼ਕ ਦੌਰ ਵਿਚ ਖ਼ਾਲਸੇ ਦੀ ਰਹਿਨੁਮਾਈ ਕਰਨ ਲਈ ਮਾਧੋਦਾਸ ਬੈਰਾਗੀ ਨੂੰ ਯੋਗ ਵਿਅਕਤੀ ਸਮਝ ਕੇ ਨਾਂਦੇੜ ਦੇ ਸਥਾਨ ਤੇ ਉਸ ਦੀ ਚੋਣ ਕੀਤੀ। ਉਸ ਨੂੰ ਅੰਮ੍ਰਿਤ ਛਕਾ ਕੇ ਨਾਉਂ ਗੁਰਬਖਸ਼ ਸਿੰਘ ਰੱਖਿਆ ਪਰ ਪੰਥ ਵਿਚ ਪ੍ਰਸਿੱਧ ਨਾਮ ਬਾਬਾ ਬੰਦਾ ਸਿੰਘ ਹੀ ਰਿਹਾ। 4
ਬਾਬਾ ਬੰਦਾ ਸਿੰਘ ਜੀ ਨੂੰ ਜ਼ੁਲਮ ਤੇ ਜਬਰ ਦਾ ਖਾਤਮਾ ਕਰਨ ਲਈ ਤਿਆਰ ਕਰਨਾ:
ਕਿਹਾ ਜਾਂਦਾ ਹੈ ਕਿ ਇਸ ਮਿਸ਼ਨ ’ਤੇ ਭੇਜਣ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਜੀ ਨੂੰ ਸਿੱਖੀ ਅਸੂਲਾਂ ਅਨੁਸਾਰ ਤਿਆਰ ਕੀਤਾ। ਉਸ ਨੂੰ ਗੁਰਮਤਿ ਸਿਧਾਂਤਾਂ, ਗੁਰਸਿੱਖੀ ਜੀਵਨ-ਜਾਚ, ਗੁਰਮਤਿ ਰਹਿਤ ਤੇ ਖ਼ਾਲਸੇ ਦੇ ਆਦਰਸ਼ਾਂ ਤੋਂ ਜਾਣੂ ਕਰਵਾਇਆ।
“ਹਠ-ਜੋਗ ਤੇ ਤਾਂਤਰਿਕ ਸਾਧਨਾਂ ਦੀ ਜਿਲ੍ਹਣ ਵਿੱਚੋਂ ਕੱਢ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਲਾਏ ‘ਗੁਰਮੁਖ ਗਾਡੀ ਰਾਹੁ’ ’ਤੇ ਪਾਇਆ ਅਤੇ ਸਹਿਜ ਜੋਗ ਕਮਾਉਣਾ ਸਿਖਾਇਆ; ਉਸ ਅਹਿੰਸਾ ਦੇ ਪੁਜਾਰੀ ਵੈਸ਼ਨੋ ਸਾਧੂ ਨੂੰ ਕਰਮ-ਜੋਗੀ ਧਰਮ-ਯੋਧਾ ਅਥਵਾ ਸੰਤ-ਸਿਪਾਹੀ ਖ਼ਾਲਸਾ ਬਣਾਇਆ। ਫਿਰ ਗੁਰੂ ਜੀ ਨੇ ਉਸ ਨੂੰ ਸਿੱਖ ਇਤਿਹਾਸ ਤੋਂ ਵਾਕਫ਼ੀ ਕਰਾਈ; ਖਾਸ ਕਰਕੇ ਆਪ ਨੇ ਉਸ ਨੂੰ ਪੰਜਵੇਂ ਤੇ ਨੌਵੇਂ ਗੁਰੂ ਸਾਹਿਬਾਂ ਦੀਆਂ ਸ਼ਹੀਦੀਆਂ; ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਦੇ ਧਰਮ ਯੁੱਧਾਂ ਤੇ ਜਿੱਤਾਂ; ਭੰਗਾਣੀ, ਨਾਦੌਣ, ਅਨੰਦਪੁਰ ਸਾਹਿਬ, ਚਮਕੌਰ ਸਾਹਿਬ, ਮੁਕਤਸਰ ਸਾਹਿਬ ਆਦਿ ਦੇ ਜੰਗਾਂ; ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ, ਲੋਕਾਂ ਨਾਲ ਜ਼ਾਲਮ ਰਾਜ ਅਤੇ ਉਸ ਦੇ ਪਿੱਠੂਆਂ ਹਮਾਇਤੀਆਂ ਵੱਲੋਂ ਕੀਤੇ ਗਏ ਤੇ ਕੀਤੇ ਜਾ ਰਹੇ ਜ਼ੁਲਮਾਂ ਤੇ ਅਤਿਆਚਾਰਾਂ ਦਾ ਹਾਲ ਸੁਣਾਇਆ। ਗੁਰੂ ਸਾਹਿਬ ਦੇ ਬਚਨਾਂ ਅਤੇ ਆਪ ਦੀ ਤਾਕਤਵਰ ਅਸਰ- ਪਾਊ ਸ਼ਖ਼ਸੀਅਤ ਨੇ ਬਾਬਾ ਬੰਦਾ ਸਿੰਘ ਦੇ ਤਨ-ਮਨ ਨੂੰ ਅਜਿਹਾ ਹਲੂਣਾ ਦਿੱਤਾ ਕਿ ਉਨ੍ਹਾਂ ਵਿਚ ਖ਼ਾਲਸਾਈ ਬੀਰ-ਰਸ ਪੈਦਾ ਹੋ ਕੇ ਠਾਠਾਂ ਮਾਰ ਉਠਿਆ; ਉਨ੍ਹਾਂ ਦੇ ਮਨ ਵਿਚ ਧਰਮ-ਯੁੱਧ ਦਾ ਚਾਉ ਉਛਾਲੇ ਮਾਰਨ ਲੱਗ ਪਿਆ। ਉਨ੍ਹਾਂ ਦੇ ਡੌਲੇ ਫਰਕਣ ਲੱਗ ਪਏ। ਉਨ੍ਹਾਂ ਨੇ ਗੁਰੂ ਪਾਤਸ਼ਾਹ ਜੀ ਅੱਗੇ ਬੇਨਤੀ ਕੀਤੀ ਕਿ ‘ਮੈਨੂੰ ਪੰਜਾਬ ਜਾਣ ਤੇ ਖ਼ਾਲਸੇ ਦੀ ਸਹਾਇਤਾ ਨਾਲ ਜ਼ਾਲਮਾਂ ਨੂੰ ਸੋਧਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਜਾਬਰਾਂ ਜਰਵਾਣਿਆਂ ਨੂੰ ਉਨ੍ਹਾਂ ਦੇ ਕੁਕਰਮਾਂ ਦਾ ਫਲ ਭੁਗਤਾਇਆ ਜਾਵੇ।’ ਬਾਬਾ ਬੰਦਾ ਸਿੰਘ ਜੀ ਦੀ ਬੇਨਤੀ ਮੰਨ ਕੇ ਗੁਰੂ ਜੀ ਨੇ ਆਗਿਆ ਕੀਤੀ ਕਿ ਪੰਜਾਬ ਵਿਚ ਜਾ ਕੇ ਖ਼ਾਲਸੇ ਦੇ ਜਥੇਦਾਰ ਬਣ ਕੇ ਜ਼ਾਲਮਾਂ ਨੂੰ ਸੋਧੋ ਅਤੇ ਉਨ੍ਹਾਂ ਦੇ ਰਾਜ ਦੀਆਂ ਜੜ੍ਹਾਂ ਨੂੰ ਹਿਲਾ ਕੇ ਤੇ ਪੋਲੀਆਂ ਕਰਕੇ; ਪੁੱਟਣ-ਯੋਗ ਬਣਾਉ।” 5
ਇੱਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਬੈਰਾਗੀ ਮਾਧੋਦਾਸ ਦੇ ਜੀਵਨ ਵਿਚ ਇਹ ਤਬਦੀਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿਚ ਆ ਕੇ, ਉਨ੍ਹਾਂ ਤੋਂ ਖੰਡੇ-ਬਾਟੇ ਦਾ ਅੰਮ੍ਰਿਤ ਛਕਣ ਕਰਕੇ ਆਈ।“ ਪ੍ਰਤੱਖ ਹੈ ਕਿ ਉਸ ਦੀ ਰੂਹ ਅੰਦਰ ਨਵੀਂ ਸ਼ਕਤੀ ਆਈ ਤੇ ਬਾਹਰਮੁਖੀ ਰੂਪ ਵੀ ਬਦਲਿਆ। ਗੁਰੂ ਜੀ ਨੇ ਉਨ੍ਹਾਂ ਨੂੰ ਕੇਸਾਧਾਰੀ ਸਿੰਘ ਬਣਾ ਕੇ ਪੰਜਾਬ ਨੂੰ ਤੋਰਿਆ ਸੀ।… ਜੀਵਨ ਸੰਗਰਾਮ ਦੇ ਇਕ ਭਗੌੜੇ ਨੂੰ, ਜੋ ਮੁੜ ਰਣਭੂਮੀ ਵਿਚ ਸ਼ਸਤ੍ਰਧਾਰੀ ਹੋ ਕੇ ਬਲਕਾਰੀ ਯੋਧੇ ਦੇ ਰੂਪ ਵਿਚ ਦੜਕਿਆ ਸੀ।” 6 ਇਤਿਹਾਸ ਗਵਾਹ ਹੈ ਕਿ ਸਿੰਘ-ਸੂਰਮਾ ਜ਼ੁਲਮ ਦਾ ਨਾਸ ਕਰਨ ਲਈ ਪੰਜਾਬ ਵਿਚ ਸ਼ੇਰ ਬਣ ਕੇ ਗੱਜਿਆ ਸੀ।
ਜ਼ਾਲਮਾਂ ਨੂੰ ਸੋਧਣ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣਾ:
ਦਸਮੇਸ਼ ਪਿਤਾ ਜੀ ਨੇ ਜ਼ਾਲਮਾਂ ਨੂੰ ਸੋਧਣ ਲਈ ਬਾਬਾ ਬੰਦਾ ਸਿੰਘ ਜੀ ਨੂੰ ਸਿੱਖ ਕੌਮ ਦਾ ਜਥੇਦਾਰ ਬਣਾ ਕੇ ਪੰਜਾਬ ਭੇਜਿਆ ਤਾਂ ਕਿ ਉੱਥੇ ਚੱਲ ਰਹੇ ਜ਼ਾਲਮ ਰਾਜ ਨੂੰ ਖ਼ਤਮ ਕਰਕੇ ਗੁਰੂ ਆਸ਼ੇ ਅਨੁਸਾਰ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ ਜਾ ਸਕੇ। “ਪਾਪੀਆਂ ਨੂੰ ਨੀਚ ਕਰਮਾਂ ਦਾ ਫਲ ਭੁਗਤਾਉਣ ਲਈ ਗੁਰੂ ਸਾਹਿਬ ਨੇ ਪੰਜ ਸਿੰਘ- ਭਾਈ ਬਿਨੋਦ ਸਿੰਘ, ਭਾਈ ਕਾਨ੍ਹ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ ਤੇ ਭਾਈ ਰਣ ਸਿੰਘ ਨਾਲ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਤੋਰਿਆ ਅਤੇ ਸਹਾਇਤਾ ਲਈ ਸਿੱਖਾਂ ਦੇ ਨਾਮ ਹੁਕਮਨਾਮੇ ਲਿਖ ਦਿੱਤੇ। ਬਾਬਾ ਜੀ ਨੂੰ ਪੰਜਾਂ ਦੀ ਸਲਾਹ ਨਾਲ ਸਾਰੇ ਕੰਮ ਕਰਨ, ਹਰ ਮੈਦਾਨ ਖ਼ਾਲਸੇ ਦੀ ਫਤਹਿ ਵਿਚ ਪੱਕਾ ਨਿਸਚਾ ਰੱਖਣ ਦੀ ਨਿਰਮਲ ਸਿਖਿਆ ਪ੍ਰਦਾਨ ਕੀਤੀ ਗਈ। ਇਸ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸੰਸਾਰਿਕ ਜੀਵਨ-ਕਾਲ ਦੇ ਅੰਤਲੇ ਸਮੇਂ ਵਿਚ, ਬਾਬਾ ਬੰਦਾ ਸਿੰਘ ਬਹਾਦਰ ਦੇ ਮੋਢੇ ਉਤੇ ਖਾਸ ਜ਼ਿੰਮੇਵਾਰੀਆਂ ਸੌਂਪ ਕੇ ਪੰਜਾਬ ਵੱਲ ਰਵਾਨਾ ਹੋਣ ਦਾ ਹੁਕਮ ਦਿੱਤਾ। ਬਾਬਾ ਬੰਦਾ ਸਿੰਘ ਨੇ ਗੁਰੂ ਜੀ ਦੇ ਇਲਾਹੀ ਹੁਕਮ ਨੂੰ ਸਿਰ ਮੱਥੇ ’ਤੇ ਮੰਨਦੇ ਹੋਏ; ਉਨ੍ਹਾਂ ਦੀਆਂ ਅਸੀਸਾਂ ਅਤੇ ਖਾਸ ਬਖਸ਼ਿਸ਼ਾਂ- ਪੰਜ ਤੀਰ, ਕੇਸਰੀ ਨਿਸ਼ਾਨ ਤੇ ਨਗਾਰਾ, ਲੈ ਕੇ ਨਾਂਦੇੜ ਤੋਂ ਪੰਜ ਪ੍ਰਮੁੱਖ ਸਿੰਘਾਂ ਨਾਲ ਪੰਜਾਬ ਵੱਲ ਕੂਚ ਕੀਤਾ। ਨਾਲ ਹੋਰ 20 ਸਿੰਘ ਵੀ ਸਨ।
ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਜੀ ਵੱਲੋਂ ਸਿੱਖਾਂ ਦੇ ਨਾਂ ਲਿਖੇ ਹੁਕਮਨਾਮੇ ਭੇਜਣੇ:
ਬਾਬਾ ਬੰਦਾ ਸਿੰਘ ਨੇ ਸਿਹਰੀ-ਖੰਡੇ (ਦਿੱਲੀ ਤੋਂ 20 ਕੁ ਮੀਲ ਦੂਰ) ਪਾਸ ਪਹੁੰਚ ਕੇ ਟਿਕਾਣਾ ਕੀਤਾ ਤੇ ਅਗਲੀ ਰਣਨੀਤੀ ਤਿਆਰ ਕੀਤੀ। ਉਸ ਨੇ ਇੱਥੋਂ ਪੰਜਾਬ ਦੇ ਮੁਖੀ ਸਿੰਘਾਂ ਵੱਲ ਕਲਗੀਧਰ ਪਿਤਾ ਵੱਲੋਂ ਜਾਰੀ ਕੀਤੇ ਹੁਕਮਨਾਮੇ ਭੇਜੇ ਤੇ ਨਾਲ ਇਹ ਵੀ ਪੱਤਰ ਲਿਖੇ ਕਿ ‘ਅਸੀਂ ਸਰਹਿੰਦ ਦੇ ਫੌਜਦਾਰ ਵਜ਼ੀਰ ਖਾਨ ਤੇ ਉਸ ਦੇ ਹਮਾਇਤੀਆਂ, ਸਲਾਹਕਾਰਾਂ ਤੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੀਤੇ ਜ਼ੁਲਮਾਂ ਦੀ ਸਜ਼ਾ ਦੇਣ ਲਈ ਆ ਰਹੇ ਹਾਂ। ਜਿਨ੍ਹਾਂ ਪਹਾੜੀ ਰਾਜਿਆਂ ਨੇ ਗੁਰੂ ਜੀ ਨਾਲ ਵੈਰ ਕਮਾਇਆ ਸੀ, ਉਨ੍ਹਾਂ ਨੂੰ ਵੀ ਸੋਧਿਆ ਜਾਵੇਗਾ ਅਤੇ ਸਭ ਦੁਸ਼ਟਾਂ ਦੀ ਜੜ੍ਹ ਉਖੇੜੀ ਜਾਵੇਗੀ। ਇਸ ਲਈ ਧਰਮ ਯੁੱਧ ਲਈ ਤਿਆਰ-ਬਰ-ਤਿਆਰ ਹੋ ਕੇ ਮੇਰੇ ਨਾਲ ਆ ਰਲੋ।’ 7
ਬਾਬਾ ਜੀ ਦੇ ਹੁਕਮ ਮਾਲਵੇ ਵਿਚ ਸਭ ਤੋਂ ਪਹਿਲਾਂ ਪੁੱਜੇ। ਉੱਥੋਂ ਸਿੰਘ ਝਟ-ਪਟ ਆਉਣੇ ਸ਼ੁਰੂ ਹੋ ਗਏ। ਹੁਕਮਨਾਮੇ ਮਿਲਦਿਆਂ ਹੀ ਭਾਈ ਭਗਤੂ ਦਾ ਪੋਤਰਾ ਭਾਈ ਫਤਹਿ ਸਿੰਘ; ਭਾਈ ਰੂਪੇ ਦੀ ਸੰਤਾਨ ਵਿੱਚੋਂ ਭਾਈ ਕਰਮ ਸਿੰਘ, ਭਾਈ ਧਰਮ ਸਿੰਘ, ਭਾਈ ਨਗਾਹੀਆ ਸਿੰਘ ਤੇ ਭਾਈ ਚੂਹੜ ਸਿੰਘ ਆਪਣੇ-ਆਪਣੇ ਜਥੇ ਲੈ ਕੇ ਸਭ ਤੋਂ ਪਹਿਲਾਂ ਬਾਬਾ ਜੀ ਪਾਸ ਪਹੁੰਚੇ। ਉਨ੍ਹਾਂ ਤੋਂ ਬਾਅਦ ਜ਼ਿਲ੍ਹਾ ਲੁਧਿਆਣਾ ਦੇ ਭਾਈ ਆਲੀ ਸਿੰਘ ਤੇ ਭਾਈ ਮਾਲੀ ਸਿੰਘ ਆਪਣੇ ਜਥਿਆਂ ਨਾਲ ਆਏ। ਫੂਲਕੀਆਂ ਘਰਾਣੇ ਵੱਲੋਂ ਫੌਜੀ ਸਾਮਾਨ ਤੇ ਕੁਝ ਆਦਮੀ ਭੇਜੇ ਗਏ। 8
ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸੈਨਿਕ ਮੁਹਿੰਮਾਂ ਦਾ ਅਰੰਭ:
ਬਾਬਾ ਬੰਦਾ ਸਿੰਘ ਨੇ ਸਿਹਰੀ-ਖੰਡੇ ਤੋਂ ਚਲ ਕੇ ਸਰਹਿੰਦ ਵੱਲ ਨੂੰ ਚੜ੍ਹਾਈ ਕੀਤੀ। ਖਾਲਸੇ ਦੇ ਜੋਸ਼ ਤੇ ਮਨੋਬਲ ਤੋਂ ਉਤਸ਼ਾਹਿਤ ਹੋ ਕੇ ਬਾਬਾ ਬੰਦਾ ਸਿੰਘ ਨੇ ਆਪਣੀਆਂ ਸੈਨਿਕ ਮੁਹਿੰਮਾਂ ਦਾ ਅਰੰਭ ਕੀਤਾ। ਸੋਨੀਪਤ ’ਤੇ ਹਮਲਾ ਕਰ ਕੇ ਵੱਡੀ ਜਿੱਤ ਪ੍ਰਾਪਤ ਕੀਤੀ। ਬਾਬਾ ਬੰਦਾ ਸਿੰਘ ਰਾਹ ਵਿਚ ਜ਼ਾਲਮਾਂ ਜਾਬਰਾਂ ਨੂੰ ਸੋਧਦੇ ਤੇ ਉਨ੍ਹਾਂ ਦੇ ਗੜ੍ਹ ਤੋੜਦੇ ਗਏ। ਨਾਰਨੌਲ ਦੇ ਸਥਾਨ ’ਤੇ ਬਾਬਾ ਜੀ ਨੇ ਲੋਕਾਂ ਨੂੰ ਡਾਕੂਆਂ ਤੇ ਲੁਟੇਰਿਆਂ ਤੋਂ ਮੁਕਤੀ ਦਿਵਾਈ ਤੇ ਕੈਥਲ ਦੇ ਫੌਜਦਾਰ ਨੂੰ ਸਬਕ ਸਿਖਾਇਆ। ਫੌਜੀ ਖਰਚੇ ਪੂਰੇ ਕਰਨ ਲਈ ਕੈਥਲ ਦੇ ਨੇੜੇ ਦਿੱਲੀ ਨੂੰ ਜਾਂਦਾ ਸ਼ਾਹੀ ਖ਼ਜ਼ਾਨਾ ਲੁੱਟਿਆ। 9
ਸਮਾਣੇ ਦੀ ਜਿੱਤ:
ਬਾਬਾ ਬੰਦਾ ਸਿੰਘ ਦੀ ਫੌਜ ਸਮਾਣੇ, ਜੋ ਜਰਵਾਣੇ ਸੱਯਦਾਂ ਤੇ ਮੁਗ਼ਲਾਂ ਦਾ ਬਹੁਤ ਵੱਡਾ ਗੜ੍ਹ ਸੀ, ’ਤੇ ਜਾ ਪਈ। ਅਸਲ ਵਿਚ, ਸਮਾਣਾ ਬਾਬਾ ਬੰਦਾ ਸਿੰਘ ਬਹਾਦਰ ਦੀ ਸੂਚੀ ਵਿਚ ਪਹਿਲਾ ਸ਼ਹਿਰ ਸੀ, ਜਿਸ ਨੂੰ ਸਜ਼ਾ ਦੇਣੀ ਲਾਜ਼ਮੀ ਸੀ। ਇਸ ਸ਼ਹਿਰ ਵਿਰੁੱਧ ਖ਼ਾਲਸੇ ਨੂੰ ਖਾਸ ਰੋਸ ਅਤੇ ਸ਼ਿਕਾਇਤਾਂ ਸਨ ਕਿਉਂਕਿ ਇੱਥੋਂ ਦੇ ਸੱਯਦ ਜਲਾਲਦੀਨ ਨੇ ਦਿੱਲੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਤਲਵਾਰ ਨਾਲ ਕੱਟਿਆ ਸੀ, ਇੱਥੋਂ ਦੇ ਹੀ ਪਠਾਣ ਜਲਾਦਾਂ ਨੇ ਛੋਟੇ ਸਾਹਿਬਜ਼ਾਦਿਆਂ ਦੇ ਸੀਸ ਕੱਟੇ ਸਨ। ਮੁਗ਼ਲਾਂ, ਸੱਯਦਾਂ ਅਤੇ ਪਠਾਣਾਂ ਨੇ ਬਾਬਾ ਬੰਦਾ ਸਿੰਘ ਦੀ ਫੌਜ ਦਾ ਟਾਕਰਾ ਕੀਤਾ। ਜਲਾਲਦੀਨ, ਸਾਸ਼ਲ ਬੇਗ ਤੇ ਬਾਸ਼ਲ ਬੇਗ ਨੂੰ ਮੌਤ ਦੇ ਘਾਟ ਉਤਾਰਿਆ। ਗਲੀਆਂ ਤੇ ਬਜ਼ਾਰਾਂ ਵਿਚ ਖੂਨੀ ਲੜਾਈ ਹੋਈ ਪਰ ਅੰਤ ਨੂੰ ਜਰਵਾਣੇ ਤੇਗ ਦੀ ਭੇਟ ਹੋ ਗਏ ਤੇ ਖ਼ਾਲਸੇ ਦੀ ਫ਼ਤਹਿ ਹੋਈ। ਬਾਬਾ ਬੰਦਾ ਸਿੰਘ ਬਹਾਦਰ ਜੇਤੂ ਦੇ ਤੌਰ ’ਤੇ ਸ਼ਹਿਰ ਵਿਚ ਦਾਖਲ ਹੋਇਆ ਤੇ ਭਾਈ ਫਤਹਿ ਸਿੰਘ ਨੂੰ ਸਮਾਣੇ ਦਾ ਫੌਜਦਾਰ ਥਾਪਿਆ।
ਹੋਰ ਇਲਾਕਿਆਂ ਦੀ ਜਿੱਤ:
ਬਾਬਾ ਬੰਦਾ ਸਿੰਘ ਨੇ ਕੁਝ ਦਿਨ ਸਮਾਣੇ ਰੁਕਣ ਤੋਂ ਬਾਅਦ ਸਨੌਰ, ਘੁੜਾਮ, ਠਸਕਾ, ਸ਼ਾਹਬਾਦ, ਮੁਸਤਫਾਬਾਦ, ਮੁਖਲਿਸਪੁਰ (ਲੋਹਗੜ੍ਹ), ਕੁੰਜਪੁਰਾ (ਵਜ਼ੀਰ ਖਾਨ ਦਾ ਪਿੰਡ), ਦਾਮਲਾ ਆਦਿ ਜ਼ੁਲਮ ਤੇ ਜਬਰ ਦੇ ਅੱਡਿਆਂ ਨੂੰ ਖਤਮ ਕੀਤਾ। ਇਨ੍ਹਾਂ ਥਾਵਾਂ ਤੋਂ ਕਾਫ਼ੀ ਮਾਤਰਾ ਵਿਚ ਜੰਗੀ ਸਾਮਾਨ ਤੇ ਖਜ਼ਾਨਾ ਸਿੰਘਾਂ ਦੇ ਹੱਥ ਲੱਗਾ। ਫਿਰ ਕਪੂਰੀ ਪਹੁੰਚੇ ਤਾਂ ਪਤਾ ਲੱਗਾ ਕਿ ਉੱਥੋਂ ਦਾ ਹਾਕਮ ਕਦਮੁੱਦੀਨ ਬੜਾ ਵਿਸ਼ਈ ਤੇ ਬਦਮਾਸ਼ ਸੀ। ਇੱਥੋਂ ਤਕ ਜ਼ਾਲਮ ਸੀ ਕਿ ‘ਉਹ ਹਿੰਦੂ ਇਸਤਰੀਆਂ ਨੂੰ ਡੋਲਿਆਂ ਵਿੱਚੋਂ ਕੱਢ ਕੇ ਉਨ੍ਹਾਂ ਦੇ ਸਤ ਭੰਗ ਕਰ ਦਿੰਦਾ ਸੀ ਤੇ ਹਿੰਦੂਆਂ ਉਤੇ ਹੋਰ ਵੀ ਬੜੀਆਂ ਸਖ਼ਤੀਆਂ ਕਰਦਾ ਸੀ। ਬਾਬਾ ਜੀ ਨੇ ਇਸ ਪਾਪੀ ਦਾ ਖਾਤਮਾ ਕਰਨ ਦਾ ਇਰਾਦਾ ਕਰ ਲਿਆ।’ 11 ਇਸ ਪਾਪੀ ਨੂੰ ਤਲਵਾਰ ਦੀ ਭੇਟ ਕਰਕੇ ਤੇ ਬਦਮਾਸ਼ੀ ਦੇ ਅੱਡਿਆਂ ਨੂੰ ਸਾੜ-ਫੂਕ ਕੇ, ਲੋਕਾਂ ਦਾ ਲੁੱਟਿਆ ਮਾਲ ਉਨ੍ਹਾਂ ਨੂੰ ਮੋੜ ਦਿੱਤਾ। ਲੋਕਾਂ ਨੇ ਸੁਖ ਦਾ ਸਾਹ ਲਿਆ। ਕਪੂਰੀ ਨੂੰ ਸਰ ਕਰਨ ਉਪਰੰਤ ਸਢੌਰੇ ਵੱਲ ਚਾਲੇ ਪਾ ਦਿੱਤੇ।
ਸਢੌਰੇ ਦੀ ਜਿੱਤ:
ਸਢੌਰਾ ਜਬਰ ਦਾ ਵੱਡਾ ਗੜ੍ਹ ਸੀ ਤੇ ਇੱਥੋਂ ਦਾ ਹਾਕਮ ਉਸਮਾਨ ਖਾਨ ਸੀ। ਇਸ ਜ਼ਾਲਮ ਨੇ ਸੱਯਦ ਬੁੱਧੂ ਸ਼ਾਹ ਨੂੰ ਇਸ ਕਾਰਨ ਦੁੱਖ ਤੇ ਤਸੀਹੇ ਦੇ ਕੇ ਮਾਰਿਆ ਸੀ ਕਿਉਂਕਿ ਉਸ ਨੇ ਭੰਗਾਣੀ ਦੇ ਯੁੱਧ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਕੀਤੀ ਸੀ। ਇੱਥੋਂ ਦੇ ਹਿੰਦੂ ਵੀ ਉਸ ਦੇ ਜ਼ੁਲਮ ਤੋਂ ਤੰਗ ਆ ਚੁੱਕੇ ਸਨ। ਹਿੰਦੂਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਫਰਿਆਦ ਕੀਤੀ ਕਿ ‘ਜ਼ਾਲਮ ਉਨ੍ਹਾਂ ਨੂੰ ਮੁਰਦਿਆਂ ਦੇ ਸਸਕਾਰ ਤੇ ਹੋਰ ਰਸਮਾਂ-ਰੀਤਾਂ ਨਹੀਂ ਕਰਨ ਦਿੰਦੇ। ਉਨ੍ਹਾਂ ਦੇ ਘਰਾਂ ਦੇ ਸਾਹਮਣੇ ਗਊਆਂ ਵੱਢੀਆਂ ਜਾਂਦੀਆਂ ਹਨ ਤੇ ਗਊਆਂ ਦਾ ਖੂਨ ਤੇ ਮਿੱਝ ਬਜ਼ਾਰਾਂ ਵਿਚ ਪਈ ਰਹਿੰਦੀ ਹੈ। ਇਨ੍ਹਾਂ ਜ਼ੁਲਮਾਂ ਤੋਂ ਤੰਗ ਆ ਕੇ ਹਿੰਦੂ ਘਰ ਛੱਡ ਕੇ ਜਾਣ ਲਈ ਮਜਬੂਰ ਹਨ।’ ਇਨ੍ਹਾਂ ਜ਼ਾਲਮਾਂ ਦਾ ਨਾਸ ਕਰਨ ਲਈ ਸਢੌਰੇ ’ਤੇ ਹਮਲਾ ਕੀਤਾ ਗਿਆ। ਆਲੇ-ਦੁਆਲੇ ਦੇ ਲੋਕ, ਜੋ ਮੁਗ਼ਲਾਂ ਦੇ ਜ਼ੁਲਮਾਂ ਤੋਂ ਸਤਾਏ ਹੋਏ ਸਨ, ਵੀ ਖ਼ਾਲਸੇ ਨਾਲ ਆ ਮਿਲੇ। ਜਬਰਦਸਤ ਲੜਾਈ ਦੌਰਾਨ ਉਸਮਾਨ ਖਾਨ ਤੇ ਉਸ ਦੇ ਸਾਥੀਆਂ ਨੂੰ ਮਾਰ ਮੁਕਾਇਆ। ਅੰਤ ਕਿਲ੍ਹੇ ’ਤੇ ਕਬਜ਼ਾ ਹੋ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਜਿੱਤ ਹੋਈ। ਉਸ ਨੇ ਸਿਰਫ ਜ਼ਾਲਮਾਂ ਨੂੰ ਹੀ ਸਜ਼ਾਵਾਂ ਦਿੱਤੀਆਂ। 12
ਸਢੌਰੇ ਦੀ ਜਿੱਤ ਤੋਂ ਬਾਅਦ ਪਹਾੜੀ ਕਿਲ੍ਹਾ ਮੁਖਲਿਸਗੜ੍ਹ, ਜੋ ਸੈਨਿਕ ਦ੍ਰਿਸ਼ਟੀ ਤੋਂ ਬਹੁਤ ਮਹਤੱਵਪੂਰਨ ਸੀ, ਵੀ ਕਬਜ਼ੇ ਵਿਚ ਕਰ ਲਿਆ ਤੇ ਸਰਹਿੰਦ ਵੱਲ ਚਾਲੇ ਪਾ ਦਿੱਤੇ।
ਮਾਝੇ ਤੇ ਦੁਆਬੇ ਤੋਂ ਖ਼ਾਲਸਾ ਦਲ ਦੇ ਸ਼ਾਮਲ ਹੋਣ ਨਾਲ ਖ਼ਾਲਸਾ ਫੌਜ ਵਿਚ ਵਾਧਾ:
ਬਾਬਾ ਬੰਦਾ ਸਿੰਘ ਦੀ ਫੌਜ ਸਰਹਿੰਦ ਵੱਲ ਵਧ ਰਹੀ ਸੀ ਕਿ ਮਾਝੇ ਤੇ ਦੁਆਬੇ ਤੋਂ ਖ਼ਾਲਸਾ ਦਲ ਨੇ ਵੀ ਸ਼ਾਮਲ ਹੋਣ ਲਈ ਵਹੀਰਾਂ ਘੱਤ ਲਈਆਂ। ਜਦੋਂ ਸਿੰਘਾਂ ਨੂੰ ਬਾਬਾ ਜੀ ਦਾ ਹੁਕਮ ਪਹੁੰਚਾ ਤਾਂ ਉਨ੍ਹਾਂ ਸਿਦਕੀ ਬਹਾਦਰਾਂ ਨੇ ਆਪਣੀ ਜ਼ਮੀਨ, ਮਾਲ-ਡੰਗਰ, ਘਰ ਦਾ ਸਾਮਾਨ ਆਦਿ ਵੇਚ ਕੇ ਘੋੜੇ ਤੇ ਹਥਿਆਰ ਆਦਿ ਖਰੀਦ ਲਏ ਤੇ ਇਕੱਠੇ ਹੋ ਕੇ ਸਰਹਿੰਦ ਵੱਲ ਤੁਰ ਪਏ। ਜਦੋਂ ਵਜ਼ੀਰ ਖਾਨ ਨੂੰ ਪਤਾ ਲੱਗਾ ਤਾਂ ਉਸ ਨੇ ਮਲੇਰਕੋਟਲੇ ਦੇ ਨਵਾਬ ਨੂੰ ਰੋਕਣ ਲਈ ਹੁਕਮ ਭੇਜਿਆ। ਉਹ ਤਕੜੀ ਫੌਜ ਲੈ ਕੇ ਰੋਪੜ ਵੱਲ ਵਧਿਆ। ਇਲਾਕੇ ਦੇ ਰੰਘੜਾਂ ਤੇ ਬਹਿਲੋਲਪੁਰ ਦੇ ਪਠਾਣਾਂ ਨੇ ਵੀ ਉਸ ਦਾ ਸਾਥ ਦਿੱਤਾ। ਸਿੰਘਾਂ ਕੋਲ ਹਥਿਆਰਾਂ ਦੀ ਕਮੀ ਹੋਣ ਦੇ ਬਾਵਜੂਦ ਵੀ ਖਾਲਸੇ ਦੀ ਜਿੱਤ ਹੋਈ। ਬਾਬਾ ਬੰਦਾ ਸਿੰਘ ਨੇ ਛਤ ਬਨੂੜ, ਜੋ ਜਬਰ ਦੇ ਗੜ੍ਹ ਸਨ, ਨੂੰ ਵੀ ਕਬਜ਼ੇ ਵਿਚ ਕਰ ਲਿਆ। ਇੱਥੋਂ ਦੇ ਮੁਸਲਮਾਨ ਹਿੰਦੂਆਂ ਦੇ ਘਰਾਂ ਸਾਹਮਣੇ ਗਊਆਂ ਮਾਰਦੇ ਸਨ। ਇਸ ਤੋਂ ਬਾਅਦ ਬਾਬਾ ਜੀ ਆਪਣੇ ਦਲ ਨਾਲ ਖਰੜ ਵੱਲ ਜਾ ਰਹੇ ਸਨ ਤਾਂ ਮਾਝੇ ਤੇ ਦੁਆਬੇ ਤੋਂ ਆ ਰਿਹਾ ਖਾਲਸਾ ਦਲ ਵੀ ਆ ਰਲਿਆ। ਇਸ ਤਰ੍ਹਾਂ ਰਾਹ ਵਿਚ ਸਿੰਘਾਂ ਦੀਆਂ ਵਹੀਰਾਂ ਮਿਲਦੀਆਂ ਗਈਆਂ ਅਤੇ ਉਨ੍ਹਾਂ ਦੀ ਫੌਜ ਵਧਦੀ ਗਈ।
ਇਤਿਹਾਸਕਾਰਾਂ ਅਨੁਸਾਰ, ਜਦੋਂ ਖ਼ਾਲਸੇ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਥ ਦਾ ਜਥੇਦਾਰ ਥਾਪਿਆ ਹੈ ਤੇ ਉਹ ਗੁਰੂ ਜੀ ਦੀਆਂ ਬਖਸ਼ਿਸ਼ਾਂ ਲੈ ਕੇ ਜ਼ਾਲਮਾਂ ਦਾ ਖ਼ਾਤਮਾ ਕਰਨ ਲਈ ਪੰਜਾਬ ਵੱਲ ਆ ਰਿਹਾ ਹੈ ਤਾਂ ਸਾਰੇ ਪੰਜਾਬ ਦਾ ਖ਼ਾਲਸਾ ਰਵਾਇਤੀ ਸ਼ਸਤਰਾਂ ਨਾਲ ਲੈਸ ਹੋ ਕੇ ਬਾਬਾ ਬੰਦਾ ਸਿੰਘ ਦੀ ਕਮਾਂਡ ਹੇਠ (ਸਰਹਿੰਦ ’ਤੇ ਗੁੱਸਾ ਕੱਢਣ ਲਈ) ਤਿਆਰ ਹੋ ਗਿਆ ਤੇ ਹਜ਼ਾਰਾਂ ਸਿੰਘ ਸੂਰਮਿਆਂ ਨੇ ਸਿਰ ਤਲੀ ’ਤੇ ਧਰ ਕੇ ਸਰਹਿੰਦ ਵੱਲ ਚਾਲੇ ਪਾ ਦਿੱਤੇ। ਸਰਹਿੰਦ ਦੇ ਨੇੜੇ ਪਹੁੰਚਣ ਤੱਕ ਅਣਗਿਣਤ ਫੌਜ ਜਮ੍ਹਾਂ ਹੋ ਗਈ। ਬਾਬਾ ਬੰਦਾ ਸਿੰਘ ਅਧੀਨ ਸਿੱਖਾਂ ਦੀ ਜਥੇਬੰਦੀ ਮਜ਼ਬੂਤ ਹੋ ਗਈ ਤੇ ਉਨ੍ਹਾਂ ਨੂੰ ਲੜਾਈ ਕਰਨ ਦਾ ਬਹੁਤ ਤਜ਼ਰਬਾ ਹੋ ਗਿਆ। ਖਾਫੀ ਖ਼ਾਨ ਲਿਖਦਾ ਹੈ ਕਿ ਤਿੰਨ-ਚਾਰ ਮਹੀਨਿਆਂ ਵਿਚ ਉਸ ਦੇ ਅਧੀਨ ਚਾਰ ਤੋਂ ਪੰਜ ਹਜ਼ਾਰ ਘੋੜ ਸਵਾਰ ਅਤੇ ਸੱਤ ਤੋਂ ਅੱਠ ਹਜ਼ਾਰ ਪੈਦਲ ਸਿਪਾਹੀ ਹੋ ਗਏ। ਇਹ ਗਿਣਤੀ ਰੋਜ਼ਾਨਾ ਵਧਦੀ ਹੋਈ ਅਠਾਰਾਂ ਤੋਂ ਉੱਨੀ ਹਜ਼ਾਰ ਤਕ ਹੋ ਗਈ। ਬਾਬਾ ਜੀ ਨੇ ਉਨ੍ਹਾਂ ਨੂੰ ਸਿਖਾਇਆ ਕਿ ਕਿਵੇਂ ਲੜਾਈ ਕਰੀਦੀ ਹੈ ਤੇ ਕਿਵੇਂ ਜਿੱਤ ਪ੍ਰਾਪਤ ਕਰੀਦੀ ਹੈ। Like Xanthippes, Banda Singh Bahadur as ‘one man and one brain laid low the forces that had seemed invincible’, and restored confidence in his troops. 12
ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਹੇਠ ਲਿਖੀਆਂ ਪੰਜ ਕਿਸਮਾਂ ਦੇ ਬੰਦੇ ਇਕੱਠੇ ਹੋ ਗਏ ਸਨ:
1. ਸੱਚੇ ਸਿਦਕੀ ਸਿੱਖ, ਜੋ ਪੰਜਾਬ, ਕਾਬਲ, ਕੰਧਾਰ, ਕਸ਼ਮੀਰ, ਮੁਲਤਾਨ, ਆਦਿ ਇਲਾਕਿਆਂ ਤੋਂ ਜ਼ੁਲਮ ਜਬਰ ਕਰਨ ਵਾਲੇ ਜਰਵਾਣਿਆਂ ਨਾਲ ਜੂਝਣ, ਧਰਮ ਯੁੱਧ ਕਰਨ ਤੇ ਲੋੜ ਪੈਣ ’ਤੇ ਧਰਮ ਦੀ ਖ਼ਾਤਰ ਸ਼ਹੀਦੀ ਪ੍ਰਾਪਤ ਕਰਨ ਦੇ ਇਰਾਦੇ ਨਾਲ ਬਾਬਾ ਬੰਦਾ ਸਿੰਘ ਦੀ ਫੌਜ ਵਿਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ ਲੁੱਟ ਦਾ ਧਨ-ਮਾਲ ਜਾਂ ਮਾਣ-ਵਡਿਆਈ ਕਰਨ ਦੀ ਕੋਈ ਇੱਛਾ ਨਹੀਂ ਸੀ। ਇਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ-ਛੁਹ ਪ੍ਰਾਪਤ ਕੀਤੀ ਸੀ ਤੇ ਉਨ੍ਹਾਂ ਤੋਂ ਅੰਮ੍ਰਿਤ ਛਕਿਆ ਸੀ।
2. ਖ਼ੁਦਾ ਤੋਂ ਡਰਨ ਵਾਲੇ ਮੁਸਲਮਾਨ, ਜਿਹੜੇ ਯੁੱਧਾਂ ਸਮੇਂ ਹਮੇਸ਼ਾਂ ਗੁਰੂ ਜੀ ਦੇ ਨਾਲ ਰਹੇ।
3. ਤਨਖਾਹਦਾਰ, ਜਿਨ੍ਹਾਂ ਨੂੰ ਫੂਲ ਬੰਸ ਦੇ ਭਾਈ ਰਾਮ ਸਿੰਘ ਤੇ ਭਾਈ ਤਿਲ੍ਰੋਕ ਸਿੰਘ ਵਰਗੇ ਗੁਰੂ-ਘਰ ਦੇ ਸ਼ਰਧਾਲੂ ਚੌਧਰੀਆਂ ਰਜਵਾੜਿਆਂ ਨੇ ਭਰਤੀ ਕਰਕੇ ਘੱਲਿਆ ਸੀ। 13
4. ਗਰੀਬ ਤੇ ਲਿਤਾੜੇ ਹੋਏ ਲੋਕ, ਜਿਹੜੇ ਹਮੇਸ਼ਾਂ ਜ਼ੁਲਮਾਂ ਦੇ ਸ਼ਿਕਾਰ ਹੁੰਦੇ ਸਨ।
5. ਹਾਕਮਾਂ ਵੱਲੋਂ ਭੇਜੇ ਤੇ ਸਾਜਿਸ਼ ਤਹਿਤ ਭਰਤੀ ਹੋਏ ਕੁਝ ਲੁਟੇਰੇ, ਡਾਕੇ ਮਾਰਨ ਵਾਲੇ ਅਤੇ ਧਾੜਵੀ, ਜਿਨ੍ਹਾਂ ਦਾ ਮਕਸਦ ਕੇਵਲ ਲੁੱਟ-ਮਾਰ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਦਨਾਮ ਕਰਨਾ ਸੀ।
ਸਰਹਿੰਦ ’ਤੇ ਹਮਲਾ ਤੇ ਜਿੱਤ:
ਸਰਹਿੰਦ ਦਾ ਨਵਾਬ ਵਜ਼ੀਰ ਖਾਨ, ਜਿਸ ਨੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜੁਝਾਰ ਸਿੰਘ ਤੇ ਬਾਬਾ ਫਤਹਿ ਸਿੰਘ) ਨੂੰ ਬੇਰਹਿਮੀ ਨਾਲ ਨੀਂਹਾਂ ਵਿਚ ਚਿਣਵਾ ਦਿੱਤਾ ਸੀ, ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਟਾਕਰੇ ਲਈ ਪੂਰੀ-ਪੂਰੀ ਤਿਆਰੀ ਕਰ ਰਿਹਾ ਸੀ। ਉਸ ਨੂੰ ਆਪਣੀ ਮੌਤ ਸਾਹਮਣੇ ਦਿੱਸ ਰਹੀ ਸੀ। ਇਸ ਲਈ ਵਜ਼ੀਰ ਖਾਨ ਨੇ ਇਸ ਲੜਾਈ ਨੂੰ ਜਹਾਦ ਦਾ ਰੂਪ ਦੇ ਕੇ ਹੈਦਰੀ ਝੰਡਾ ਖੜ੍ਹਾ ਕੀਤਾ ਅਤੇ ਮੁਸਲਮਾਨਾਂ ਨੂੰ ਇਸਲਾਮ ਦੀ ਖ਼ਾਤਰ ‘ਕਾਫਰਾਂ’ ਵਿਰੁੱਧ ਲੜਨ ਤੇ ਜਹਾਦ ਵਿਚ ਹਰ ਪ੍ਰਕਾਰ ਦੀ ਸਹਾਇਤਾ ਕਰਨ ਲਈ ਵੰਗਾਰਿਆ। ਆਪਣੇ ਸੂਬੇ ਦੀ ਫੌਜ ਤੋਂ ਇਲਾਵਾ ਉਸ ਨੇ ਪੰਜਾਬ ਭਰ ਵਿੱਚੋਂ ਮੁਸਲਮਾਨ ਫੌਜ ਮੰਗਵਾ ਲਈ। ਪੰਜਾਬ ਭਰ ਦੇ ਪਠਾਣ, ਸੱਯਦ, ਰੰਘੜ, ਆਦਿ ਵੀ ਜਹਾਦ ਵਿਚ ਸ਼ਾਮਲ ਹੋਣ ਲਈ ਹੈਦਰੀ ਝੰਡੇ ਹੇਠ ਆ ਜੁੜੇ। ਇਸ ਤੋਂ ਇਲਾਵਾ ਵਜ਼ੀਰ ਖਾਨ ਨੇ ਸਾਜ਼ਿਸ਼ ਦਾ ਸਹਾਰਾ ਲੈਂਦਿਆਂ ਇਕ ਚਾਲ ਚੱਲੀ। ਉਸ ਨੇ ਸੁੱਚਾ ਨੰਦ ਦੇ ਭਤੀਜੇ ਨੂੰ ਸਿਖਾਇਆ ਕਿ ਕੁਝ ਫੌਜ ਲੈ ਕੇ ਖ਼ਾਲਸਾ ਫੌਜ ਨਾਲ ਜਾ ਮਿਲੇ ਪਰ ਜਦੋਂ ਲੜਾਈ ਸਿਖਰ ’ਤੇ ਹੋਵੇ ਤਾਂ ਸਾਥੀਆਂ ਸਮੇਤ ਭੱਜ ਕੇ ਉਸ ਦੀ ਫੌਜ ਵਿਚ ਆ ਰਲੇ। ਸਾਜਿਸ਼ ਤਹਿਤ ਸੁੱਚਾ ਨੰਦ ਦਾ ਭਤੀਜਾ ਇਕ ਹਜ਼ਾਰ ਬੰਦੇ ਲੈ ਕੇ ਬਾਬਾ ਜੀ ਕੋਲ ਆਇਆ ਤੇ ਮਿਲ ਕੇ ਕਿਹਾ, ‘ਵਜ਼ੀਰ ਖਾਨ ਬੜਾ ਜ਼ਾਲਮ ਹੈ। ਉਹ ਹਿੰਦੂਆਂ ਦਾ ਵੱਡਾ ਵੈਰੀ ਹੈ। ਮੈਂ ਨੱਸ ਕੇ ਆਪ ਦੀ ਸ਼ਰਨ ਆਇਆ ਹਾਂ। ਮੇਰੇ ਸਾਥੀ ਆਪ ਦੇ ਨਾਲ ਹੋ ਕੇ ਜ਼ਾਲਮ ਵਜ਼ੀਰ ਖਾਨ ਨਾਲ ਲੜਨਗੇ।’ ਉਸ ਗ਼ਦਾਰ ਦੀ ਇਹ ਵੀ ਬਦਨੀਤ ਸੀ ਕਿ ਜੇ ਦਾਅ ਲੱਗੇ ਤਾਂ ਬਾਬਾ ਬੰਦਾ ਸਿੰਘ ਨੂੰ ਕਤਲ ਕਰ ਦਿੱਤਾ ਜਾਵੇ। (ਪਰ ਬਾਬਾ ਬੰਦਾ ਸਿੰਘ ਨੇ ਉਸ ਦੀ ਨੀਅਤ ਤਾੜ ਲਈ ਤੇ ਵਿਸਾਹ ਨਾ ਖਾਧਾ।) ਵਜ਼ੀਰ ਖਾਨ ਪੂਰੀ ਫੌਜੀ ਤਿਆਰੀ ਨਾਲ ਟਾਕਰਾ ਕਰਨ ਲਈ ਅੱਗੇ ਵਧਿਆ।
ਸਰਹਿੰਦ ਤੋਂ 10-12 ਕੋਹ ਦੀ ਵਿੱਥ ਉੱਤੇ ਚੱਪੜਚਿੜੀ ਦੇ ਮੈਦਾਨ ਵਿਚ 12 ਮਈ, 1710 ਈ: ਨੂੰ ਦੋਹਾਂ ਫੌਜਾਂ ਵਿਚਕਾਰ ਗਹਿ-ਗੱਚ ਲੜਾਈ ਹੋਈ। ਪਹਿਲਾ ਹਮਲਾ ਹੁੰਦਿਆਂ ਹੀ ਸਾਜਿਸ਼ ਤਹਿਤ ਲੁੱਟ-ਮਾਰ ਦੀ ਖ਼ਾਤਰ ਰਲੇ ਲੁਟੇਰੇ ਤੇ ਧਾੜਵੀ ਹਰਨ ਹੋ ਗਏ। ਸੁੱਚਾ ਨੰਦ ਦਾ ਭਤੀਜਾ, ਜਿਸ ’ਤੇ ਭਾਈ ਫਤਹਿ ਸਿੰਘ ਤੇ ਭਾਈ ਬਾਜ ਸਿੰਘ ਦੀ ਨਜ਼ਰ ਸੀ, ਵੀ ਸਾਥੀਆਂ ਸਮੇਤ ਭੱਜਣ ਲੱਗਾ ਤਾਂ ਸਿੰਘਾਂ ਨੇ ਘੇਰ ਕੇ ਉਨ੍ਹਾਂ ਨੂੰ ਪਾਰ ਬੁਲਾ ਦਿੱਤਾ। ਇਸ ਲੜਾਈ ਵਿਚ ਸਿੰਘ ਵੀ ਬਹੁਤ ਸ਼ਹੀਦ ਹੋਏ ਤੇ ਸ਼ਾਹੀ ਸੈਨਾ ਦਾ ਵੀ ਕਾਫੀ ਨੁਕਸਾਨ ਹੋਇਆ। 14 ਵਜ਼ੀਰ ਖਾਨ ਦੀਆਂ ਫੌਜਾਂ ਨੇ ਤੋਪ ਦਿਆਂ ਗੋਲਿਆਂ ਨਾਲ ਸਿੰਘਾਂ ਦਾ ਮਲੋਬਲ ਡੇਗਣ ਦਾ ਯਤਨ ਕੀਤਾ ਪਰ ਖ਼ਾਲਸਾ ਮੌਤ ਦੇ ਭੈ ਤੋਂ ਰਹਿਤ ਹੋ ਜੂਝ ਰਿਹਾ ਸੀ। ਬਾਬਾ ਬੰਦਾ ਸਿੰਘ ਬਹਾਦਰ ਆਪਣੀ ਸੈਨਾ ਦੀਆਂ ਸਾਰੀਆਂ ਟੁਕੜੀਆਂ ਵਿਚ ਵਿਚਰ ਰਿਹਾ ਸੀ। ਉਸ ਨੇ ਫੌਜ ਦਾ ਹੌਸਲਾ ਵਧਾਉਂਦੇ ਹੋਏ ਕਿਹਾ- ‘ਇਕ ਪਹਿਰ ਤੁਮ ਤਕੜੇ ਰਹਯੋ, ਜਿਤ ਪੈਰ ਚੁੰਮੇਂਗੀ…ਤੁਮ ਘੜੀਆਂ ਚਾਰ ਲੜੋ, ਜਿੱਤ ਸਾਹਮਣੇ ਖੜ੍ਹੀ ਹੈ।’ 15 ਵਜ਼ੀਰ ਖਾਨ ਇਸ ਲੜਾਈ ਵਿਚ ਮਾਰਿਆ ਗਿਆ। ਇਸ ਨਾਲ ਮੁਗ਼ਲ ਫੌਜ ਵਿਚ ਭਾਜੜ ਪੈ ਗਈ ਤੇ ਉਹ ਹਰਨ ਹੋ ਗਈ। ਖ਼ਾਲਸੇ ਨੇ ਸਰਹਿੰਦ ਤਕ ਪਿੱਛਾ ਕੀਤਾ। ਸਿੰਘਾਂ ਦੇ ਜੈਕਾਰਿਆਂ ਨਾਲ ਮੈਦਾਨ ਗੂੰਜ ਉੱਠਿਆ।
ਚੱਪੜਚਿੜੀ ਦੀ ਜਿੱਤ ਪਿੱਛੋਂ ਖਾਲਸੇ ਨੇ ਗੁਰੂ ਮਾਰੀ ਸਰਹਿੰਦ ਨੂੰ ਜਾ ਮਾਰਿਆ।ਪਾਪੀ ਸੁੱਚਾ ਨੰਦ ਨੂੰ ਕਤਲ ਕੀਤਾ ਗਿਆ ਅਤੇ ਹੋਰ ਵੀ ਦੁਸ਼ਟਾਂ ਤੇ ਜ਼ਾਲਮਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਸੁੱਚਾ ਨੰਦ ਦੀ ਹਵੇਲੀ ਸਮੇਤ ਸਾਰੇ ਸ਼ਾਹੀ ਮਹੱਲ ਢਾਹ ਦਿੱਤੇ। ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਬਾਜ ਸਿੰਘ ਨੂੰ ਸਰਹਿੰਦ ਦੇ ਇਲਾਕੇ ਦਾ ਹਾਕਮ ਤੇ ਭਾਈ ਆਲੀ ਸਿੰਘ ਨੂੰ ਉਸ ਦਾ ਨਾਇਬ ਨਿਯੁਕਤ ਕੀਤਾ। ਇੱਥੇ ਇਹ ਗੱਲ ਵਿਸ਼ੇਸ਼ ਲਿਖਣ ਵਾਲੀ ਹੈ ਕਿ ਖ਼ਾਲਸਾ ਫੌਜ ਨੇ ਸ਼ੇਖ ਅਹਿਮਦ ਮੁਜੱਦਦ ਅਲਫ ਸਾਨੀ ਦੇ ਮਜ਼ਾਰ ਤੇ ਹੋਰ ਧਾਰਮਿਕ ਸਥਾਨਾਂ ਨੂੰ ਛੇੜਿਆ ਤਕ ਨਹੀਂ। ਇਸੇ ਲਈ ਇਹ ਯਾਦਗਾਰਾਂ ਹੁਣ ਤਕ ਕਾਇਮ ਹਨ ਤੇ ਸਿੰਘਾਂ ਦੇ ਸਵੈ-ਸੰਜਮ ਦਾ ਸਬੂਤ ਦਿੰਦੀਆਂ ਹਨ।
ਸਰਹਿੰਦ ਦੀ ਜਿੱਤ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਲਈ ਜਿੱਤ ਦੇ ਦਰਵਾਜ਼ੇ ਖੋਲ੍ਹ ਦਿੱਤੇ।
ਹੋਰ ਜਿੱਤਾਂ:
ਸਰਹਿੰਦ ਦੀ ਜਿੱਤ ਤੋਂ ਬਾਅਦ ਵੀ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਦਾ ਸਿਲਸਿਲਾ ਜਾਰੀ ਰਿਹਾ। ਮਲੇਰਕੋਟਲੇ ’ਤੇ ਹਮਲਾ ਕੀਤਾ। ਬੀਬੀ ਅਨੂਪ ਕੌਰ ਦੀ ਮ੍ਰਿਤਕ ਦੇਹ ਕਬਰ ਵਿੱਚੋਂ ਕੱਢ ਕੇ ਸਿੱਖ ਰੀਤੀ ਅਨੁਸਾਰ ਸਸਕਾਰ ਕੀਤਾ। ਮਲੇਰਕੋਟਲਾ ਸ਼ਹਿਰ ਤਬਾਹ ਨਾ ਕੀਤਾ ਕਿਉਂਕਿ ਇੱਥੋਂ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੇ ਵਿਰੋਧ ਵਿਚ ਹਾਅ ਦਾ ਨਾਅਰਾ ਮਾਰਿਆ ਸੀ। ਇਤਿਹਾਸਕਾਰਾਂ ਨੇ ਸ਼ੇਰ ਮੁਹੰਮਦ ਖਾਨ ਦੇ ਭਰਾ ਦੀ ਮੌਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੱਥੋਂ ਹੋਣ ਦਾ ਜ਼ਿਕਰ ਕੀਤਾ ਹੈ। ‘ਪ੍ਰਾਚੀਨ ਪੰਥ ਪ੍ਰਕਾਸ਼’ ਦੇ ਕਰਤਾ ਭਾਈ ਰਤਨ ਸਿੰਘ (ਭੰਗੂ) ਦੇ ਸ਼ਬਦਾਂ ਅਨੁਸਾਰ ਵਜ਼ੀਰ ਖਾਨ ਨੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਨੂੰ ਸੰਬੋਧਿਤ ਕਰ ਕੇ ਕਿਹਾ:
ਤੁਮਰੋ ਮਾਰਯੋ ਗੁਰ ਨਾਹਰ ਖਾਨ ਭਾਈ,
ਉਸ ਬੇਟੇ ਤੁਮ ਦੇਹੁ ਮਰਾਈ॥24॥
ਪਰ ਉਸ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਪਿਤਾ ਦੀ ਥਾਂ ਮਾਸੂਮ ਬੱਚਿਆਂ ਤੋਂ ਲੈਣ ਨੂੰ ਕਾਇਰਤਾ ਮੰਨਿਆ:
ਸ਼ੇਰ ਮੁਹੰਮਦ ਨਂਹਿ ਗਨੀ, ਬੋਲਯੋ ਸੀਸ ਹਿਲਾਇ।
ਹਮ ਮਾਰੈਂ ਸ਼ੀਰ ਖੋਰਿਆਂ, ਜਗ ਮੈਂ ਔਜਸ ਆਇ॥25॥
ਜਿਨ੍ਹਾਂ ਪਹਾੜੀ ਰਾਜਿਆਂ ਨੇ ਕਲਗੀਧਰ ਪਿਤਾ ਜੀ ਨੂੰ ਦੁੱਖ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਉਨ੍ਹਾਂ ਨੂੰ ਸੋਧਣ ਤੇ ਸਜ਼ਾ ਦੇਣ ਦਾ ਫੈਸਲਾ ਕੀਤਾ:
“ਜਿਨ ਜਿਨ ਸਤਗੁਰ ਕੋ ਦੁਖ ਦਯੋ।
ਸੋ ਉਨ ਚਾਹੀਅਤ ਉਧਾਰ ਉਤਰਯੋ। 16
ਸਭ ਤੋਂ ਪਹਿਲਾਂ ਕਹਿਲੂਰ ਦੇ ਰਾਜੇ ਭੀਮ ਚੰਦ ਨੂੰ ਈਨ ਮੰਨਣ ਲਈ ਚਿੱਠੀ ਲਿਖੀ, ਪਰ ਉਹ ਨਾ ਮੰਨਿਆ ਤਾਂ ਖਾਲਸਾ ਫੌਜ ਨੇ ਹਮਲਾ ਕਰ ਦਿੱਤਾ। ਦੋਹਾਂ ਫੌਜਾਂ ਵਿਚ ਲੜਾਈ ਹੋਈ ਪਰ ਖ਼ਾਲਸੇ ਦੀ ਜਿੱਤ ਹੋਈ। ਇਹ ਵੇਖ ਕੇ ਬਾਕੀ ਪਹਾੜੀ ਰਾਜੇ- ਕੁੱਲੂ, ਮੰਡੀ, ਆਦਿ ਸ਼ਰਨ ਵਿਚ ਆ ਗਏ। ਇੱਥੋਂ ਤਕ ਕਿ ਚੰਬਾ ਰਿਆਸਤ ਦੇ ਰਾਜੇ ਉਦੈ ਸਿੰਘ ਨੇ ਤਾਂ ਬਾਬਾ ਜੀ ਨਾਲ ਸਾਕ ਨਾਤਾ ਕਾਇਮ ਕਰ ਲਿਆ। ਉਸ ਨੇ ਆਪਣੇ ਘਰਾਣੇ ਦੀ ਸੁੰਦਰ ਲੜਕੀ ਉਨ੍ਹਾਂ ਨਾਲ ਵਿਆਹ ਦਿੱਤੀ। ਉਸ ਦੀ ਕੁੱਖ ਤੋਂ ਇਕ ਪੁੱਤਰ ਅਜੈ ਸਿੰਘ ਪੈਦਾ ਹੋਇਆ। 17
ਇਸ ਤੋਂ ਇਲਾਵਾ, ਬਾਬਾ ਬੰਦਾ ਸਿੰਘ ਬਹਾਦਰ ਰਾਏਕੋਟ, ਜਲੰਧਰ ਦੁਆਬ, ਹੁਸ਼ਿਆਰਪੁਰ, ਬਟਾਲਾ, ਕਲਾਨੌਰ, ਪਠਾਨਕੋਟ, ਪੱਟੀ, ਅੰਮ੍ਰਿਤਸਰ, ਰਿਆੜਕੀ, ਆਦਿ ਇਲਾਕਿਆਂ ’ਤੇ ਕਬਜ਼ਾ ਕਰਦਾ ਹੋਇਆ ਲਾਹੌਰ ਦੀਆਂ ਕੰਧਾਂ ਤਕ ਜਾ ਪਹੁੰਚਿਆ। ਇਤਿਹਾਸਕਾਰਾਂ ਨੇ ਸਹਾਰਨਪੁਰ ਦੀ ਜਿੱਤ ਨੂੰ ਬਹੁਤ ਵੱਡੀ ਜਿੱਤ ਮੰਨਿਆ ਹੈ, ਜਿਸ ਨਾਲ ਕਾਫ਼ੀ ਮਾਲ-ਖਜ਼ਾਨਾ ਹੱਥ ਲੱਗਾ ਤੇ ਬਾਬਾ ਬੰਦਾ ਸਿੰਘ ਦਾ ਲੋਕਾਂ ਵਿਚ ਸਨਮਾਨ ਵਧ ਗਿਆ। 18 ਇਸ ਤਰ੍ਹਾਂ ਨਾਲ ਲਾਹੌਰ ਤੋਂ ਲੈ ਕੇ ਦਿੱਲੀ ਤਕ ਬਾਬਾ ਬੰਦਾ ਸਿੰਘ ਦਾ ਬੋਲ-ਬਾਲਾ ਹੋ ਗਿਆ। ਬਾਬਾ ਜੀ ਦੀ ਸ਼ਕਤੀ ਐਨੀ ਵਧ ਚੁੱਕੀ ਸੀ ਕਿ ਮੁਗ਼ਲਾਂ ਵਿਚ ਤਰਸ-ਓ-ਹਰਾਸ ਛਾ ਗਿਆ ਸੀ। ਮੈਲਕਮ ਆਪਣੀ ਰਚਨਾ ‘ਦਾ ਸਕੈਚ ਆਫ ਦਾ ਸਿਖਜ਼’ ਵਿਚ ਲਿਖਦਾ ਹੈ ਕਿ ਜੇ ਸੰਨ 1710 ਈ: ਵਿਚ ਬਹਾਦਰ ਸ਼ਾਹ ਦੱਖਣ ਛੱਡ ਕੇ ਪੰਜਾਬ ਨਾ ਆਉਂਦਾ ਤਾਂ ਇਸ ਵਿਚ ਕੋਈ ਸੰਦੇਹ ਨਹੀਂ ਕਿ ਸਿੱਖ ਸਾਰੇ ਹਿੰਦੁਸਤਾਨ ਨੂੰ ਜ਼ੇਰ ਕਰ ਲੈਂਦੇ। 19
ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਦਾ ਪ੍ਰਭਾਵ:
ਲੱਗਭਗ ਸਾਰੇ ਇਤਿਹਾਸਕਾਰ ਇਸ ਵਿਚਾਰ ਨਾਲ ਸਹਿਮਤ ਹਨ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾ ਜਾਣ ਤੋਂ ਬਾਅਦ ਸਿੱਖਾਂ ਦੀ ਖਿੰਡੀ-ਪੁੰਡੀ ਸ਼ਕਤੀ ਨੂੰ ਇਕੱਠਾ ਕੀਤਾ। ਉਨ੍ਹਾਂ ਵਿਚ ਵੀਰ-ਭਾਵਨਾ ਪ੍ਰਚੰਡ ਕੀਤੀ ਤੇ ਅਜ਼ਾਦੀ ਲਈ ਤੜਪ ਪੈਦਾ ਕੀਤੀ। ਸਿੱਖਾਂ ਵਿਚ ਅਹਿਸਾਸ ਪੈਦਾ ਕੀਤਾ ਕਿ ਉਹ ਆਪਣਾ ਰਾਜ ਸਥਾਪਤ ਕਰਨ ਦੇ ਸਮਰੱਥ ਹਨ। ਵਿਸ਼ੇਸ਼ ਕਰਕੇ ਸਰਹਿੰਦ ਦੀ ਜਿੱਤ ਨੇ ਸਿੱਖਾਂ ਦਾ ਰੋਹਬ ਅਤੇ ਦਬਦਬਾ ਸਾਰੇ ਪੰਜਾਬ ਵਿਚ ਬਿਠਾ ਦਿੱਤਾ। ਨਿਰਸੰਦੇਹ, ਬਾਬਾ ਬੰਦਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਲਈ ਬਹੁਤ ਪਹਿਲਾਂ ਹੀ ਪੰਜਾਬ ਵਿਚ ਖ਼ਾਲਸਾ ਰਾਜ ਸਥਾਪਤ ਕਰਨ ਲਈ ਮੈਦਾਨ ਤਿਆਰ ਕਰ ਦਿੱਤਾ। ਬੇਸ਼ੱਕ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਕੁਝ ਸਮਾਂ ਹੀ ਰਿਹਾ ਪਰ ਉਸ ਦਾ ਮਹੱਤਵ ਕਿਸੇ ਲੰਬੇ ਰਾਜ ਤੋਂ ਘੱਟ ਨਹੀਂ ਹੈ।
ਇਸ ਜਿੱਤ ਦਾ ਇੰਨਾ ਪ੍ਰਭਾਵ ਪਿਆ ਕਿ ਛੋਟੇ-ਛੋਟੇ ਜ਼ਿਮੀਂਦਾਰਾਂ, ਫੌਜਦਾਰਾਂ, ਚੌਧਰੀਆਂ ਤੇ ਨਾਜ਼ਮਾਂ ਨੇ ਈਨ ਮੰਨਣ ਵਿਚ ਹੀ ਆਪਣਾ ਭਲਾ ਸਮਝਿਆ। ਸਾਰੇ ਪਰਗਨਿਆਂ ਦੇ ਸ਼ਾਹੀ ਕਾਰਦਾਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਤਾਬੇਦਾਰੀ ਪ੍ਰਵਾਨ ਕਰ ਲਈ। ਇਸ ਤਰ੍ਹਾਂ ਸਰਹਿੰਦ ਦਾ ਸਾਰਾ ਸੂਬਾ ਅਰਥਾਤ ਕਰਨਾਲ ਤੋਂ ਲੈ ਕੇ ਲੁਧਿਆਣੇ ਤੀਕ ਦਾ ਸਾਰਾ ਇਲਾਕਾ ਸਿੱਖਾਂ ਦੇ ਕਬਜ਼ੇ ਵਿਚ ਆ ਗਿਆ। ਇਸ ਦੀ ਆਮਦਨ 36 ਲੱਖ ਰੁਪਏ ਸਾਲਾਨਾ ਸੀ। 20
ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਦੇ ਕਾਰਨ ਹੀ ਸਥਾਨਕ ਕਿਸਾਨ ਉਨ੍ਹਾਂ ਦੇ ਨਾਲ ਰਲ ਗਏ ਕਿਉਂਕਿ ਬਾਬਾ ਜੀ ਨੇ ਜ਼ਿਮੀਂਦਾਰੀ ਪ੍ਰਣਾਲੀ ਨੂੰ ਖ਼ਤਮ ਕਰਕੇ ਬੇਜ਼ਮੀਨੇ ਵਾਹੀਕਾਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ। ਪਾਤਸ਼ਾਹੀ ਉਗਰਾਹੀ ਹਟਾ ਦਿੱਤੀ। ਇਸ ਸੰਬੰਧ ਵਿਚ ਇਰਵਨ ਆਪਣੀ ਰਚਨਾ ‘ਲੈਟਰਜ਼ ਮੁਗ਼ਲਜ਼’ ਵਿਚ ਲਿਖਦਾ ਹੈ ਕਿ ਬਹੁਤ ਸਾਰੇ ਪਰਗਨਿਆਂ ਵਿਚ ਜਿਨ੍ਹਾਂ ਦੇ ਸਿੱਖ ਮਾਲਕ ਬਣੇ ਭੂਮੀ-ਨੀਤੀ ਪੂਰਨ ਰੂਪ ਵਿਚ ਬਦਲ ਕੇ ਰੱਖ ਦਿੱਤੀ ਗਈ। ਗਰੀਬ- ਗੁਰਬੇ ਹਲਵਾਹਕ ਭੂਮੀ ਦੇ ਮਾਲਕ ਬਣ ਗਏ। ਉੱਚ ਜਨਮੇ ਤੇ ਸ਼ਾਹੂਕਾਰ ਉਨ੍ਹਾਂ ਦਾ ਸਤਿਕਾਰ ਕਰਨ ਲੱਗੇ। ਇੱਥੋਂ ਤਕ ਕਿ ਕੋਈ ਵੀ ਅਧਿਕਾਰੀ ਅਜਿਹਾ ਨਹੀਂ ਸੀ ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਹਲਵਾਹਕਾਂ ਦੇ ਹਿੱਤ ਵਿਚ ਦਿੱਤੇ ਹੁਕਮਾਂ ਦੀ ਨਿਰਾਦਰੀ ਕਰਦਾ (ਭਾਵੇਂ ਅਜਿਹਾ ਥੋੜ੍ਹੀ ਦੇਰ ਹੀ ਰਿਹਾ)। ਇਰਵਨ ਨੇ ਲਿਖਿਆ ਹੈ ਕਿ ਉਸ ਸਮੇਂ ਸਿੱਖਾਂ ਦੀ ਇੱਜ਼ਤ ਇੰਨੀ ਵਧ ਗਈ ਸੀ, ਜੇ ਕੋਈ ਨੀਵੀਂ ਜਾਤ ਦਾ ਕਹਿਲਾਣ ਵਾਲਾ, ਜੋ ਸਿੱਖੀ ਧਾਰਨ ਕਰ ਲੈਂਦਾ ਸੀ ਤੇ ਫਿਰ ਆਪਣੇ ਉਸੇ ਇਲਾਕੇ ਵਿਚ ਜਾਂਦਾ ਸੀ ਜਿੱਥੇ ਉਹ ਨੀਵੀਂ ਜਾਤ ਕਰਕੇ ਦੁਰਕਾਰਿਆ ਜਾਂਦਾ ਸੀ, ਤਾਂ ਉਸ ਦੇ ਆਦਰ ਲਈ ਅੱਗੋਂ ਲੈਣ ਲਈ ਪਿੰਡ ਦੇ ਚੌਧਰੀ ਆਉਂਦੇ ਸਨ। 21 ਬਾਬਾ ਜੀ ਦਾ ਨਾਅਰਾ ਸੀ:
‘ਮਿਤ੍ਰਣ ਸੁਖ ਅਰ ਦੁਸ਼ਮਣ ਦੁਖੇ।’ 22
ਇਸ ਤਰ੍ਹਾਂ, ਦਸਮੇਸ਼ ਪਿਤਾ ਜੀ ਦੀ ਅਪਾਰ ਰਹਿਮਤ ਸਦਕਾ, ਬਾਬਾ ਬੰਦਾ ਸਿੰਘ ਬਹਾਦਰ ਦੀ ਜਥੇਦਾਰੀ ਹੇਠਾਂ ਤੇ ਖ਼ਾਲਸਾ ਫੌਜਾਂ ਦੀ ਅਥਾਹ ਸ਼ਕਤੀ ਨਾਲ, ਦੁਸ਼ਟਾਂ ਨੂੰ ਸੋਧਣ ਦਾ ਮਿਸ਼ਨ ਪੂਰਾ ਹੋਇਆ।
ਸਿੱਖ ਰਾਜ ਦਾ ਐਲਾਨ:
ਸਰਹਿੰਦ ਦੀ ਜਿੱਤ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਢੌਰੇ ਨੇੜੇ ਮੁਖਲਿਸਪੁਰ ਨੂੰ ਆਪਣਾ ਟਿਕਾਣਾ ਬਣਾ ਲਿਆ ਤੇ ਇਸ ਦਾ ਨਾਂ ਲੋਹਗੜ੍ਹ ਰੱਖ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸੁਤੰਤਰ ਸਿੱਖ ਰਾਜ ਦਾ ਐਲਾਨ ਕਰ ਕੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾ ਲਿਆ ਤੇ ਪਰਜਾਤੰਤਰ ਦੀ ਨੀਂਹ ਰੱਖੀ। “ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫ਼ਤਹਿ ਕਰਕੇ ਭਾਈ ਬਾਜ ਸਿੰਘ ਨੂੰ, ਜੋ ਮੀਰਪੁਰ ਪੱਟੀ (ਮਾਝੇ) ਦਾ ਵਸਨੀਕ ਸੀ, ਸਰਹਿੰਦ ਦੇ ਇਲਾਕੇ ਦਾ ਹਾਕਮ ਤੇ ਭਾਈ ਆਲੀ ਸਿੰਘ ਨੂੰ ਉਸ ਦਾ ਨਾਇਬ ਨਿਯੁਕਤ ਕੀਤਾ। ਭਾਈ ਫਤਹਿ ਸਿੰਘ ਨੂੰ ਸਮਾਣਾ ਤੇ ਭਾਈ ਰਾਮ ਸਿੰਘ ਨੂੰ ਭਾਈ ਬਿਨੋਦ ਸਿੰਘ ਸਮੇਤ ਥਾਨੇਸਰ ਦੀ ਹਕੂਮਤ ਬਖਸ਼ੀ। ਇਸ ਤੋਂ ਬਿਨਾਂ ਰੋਪੜ, ਆਦਿ ਜੋ ਇਲਾਕੇ ਉਨ੍ਹਾਂ ਦੇ ਕਬਜ਼ੇ ਵਿਚ ਆਏ ਉੱਥੇ ਬਾਕਾਇਦਾ ਆਪਣੇ ਥਾਣੇ ਬਿਠਾ ਦਿੱਤੇ।” 23 ਕਿਲ੍ਹਿਆਂ ਦੀ ਰਾਖੀ ਲਈ ਯੋਗ ਪ੍ਰਬੰਧ ਕੀਤੇ।
ਸਿੱਕਾ ਜਾਰੀ ਕਰਨਾ:
ਇੱਥੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਸਿੱਕਾ ਜਾਰੀ ਕੀਤਾ। ਉਸ ਦੇ ਇਕ ਪਾਸੇ ਉਕਰੇ ਸ਼ਬਦ ਸਨ:
ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ਼ਿ ਨਾਨਕ ਵਾਹਿਬ ਅਸਤ
ਫ਼ਤਿਹ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫਜ਼ਲਿ ਸੱਚਾ ਸਾਹਿਬ ਅਸਤ
ਭਾਵ “ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਇਹ ਸਿੱਕਾ ਦੋ ਜਹਾਨਾਂ ਵਿਚ ਚਲਾਇਆ, ਇਹ ਸਭ ਦਾਤਾਂ ਦੀ ਦਾਤੀ ਗੁਰੂ ਨਾਨਕ ਦੀ ਕ੍ਰਿਪਾਨ ਹੈ ਤੇ ਫ਼ਤਹਿ ਸ਼ਹਿਨਸ਼ਾਹ ਗੋਬਿੰਦ ਸਿੰਘ ਦੀ।” ਸਿੱਕੇ ਦੇ ਦੂਜੇ ਪਾਸੇ ਉੱਕਰੇ ਸ਼ਬਦਾਂ ਦਾ ਭਾਵ ਸੀ:‘ਸੰਸਾਰ ਦੇ ਰੱਖਿਅਕ, ਨਮੂਨੇ ਦੇ ਸ਼ਹਿਰ ਅਤੇ ਭਾਗਾਂ ਵਾਲੇ ਸ਼ਹਿਰ (ਲੋਹਗੜ੍ਹ) ਵਿਚ ਇਹ ਘੜੇ ਗਏ।’ 24
ਮੋਹਰ ਜਾਰੀ ਕਰਨਾ:
ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿਚ ਖ਼ਾਲਸਈ ਰਾਜ ਕਾਇਮ ਕਰਨ ਉਪਰੰਤ ਜੋ ਮੋਹਰ ਆਪਣੇ ਸਰਕਾਰੀ ਦਸਤਾਵੇਜ਼ ਅਤੇ ਚਿੱਠੀ-ਪੱਤਰ ਲਈ ਪ੍ਰਵਾਨ ਕੀਤੀ, ਉਸ ਉੱਤੇ ਵੀ ਗੁਰੂ ਦੀ ਉਸਤਤੀ ਤੇ ਸਿੱਖੀ ਅਸੂਲਾਂ ਨੂੰ ਉੱਕਰਿਆ ਸੀ:
ਦੇਗੋ ਤੇਗੋ ਫ਼ਤਿਹ ਓ ਨੁਸਰਤਿ ਬੇ-ਦਿਰੰਗ
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ
ਅਰਥਾਤ ‘ਦੇਗ ਤੇ ਤੇਗ ਜੋ ਕਿ ਚੜ੍ਹਦੀ ਕਲਾ, ਸ਼ਸਤਰ ਸ਼ਕਤੀ ਦੇ ਪ੍ਰਤੀਕ ਹਨ, ਫਤਹਿ ਅਤੇ ਸਭ ਦੀ ਖੁਸ਼ਹਾਲੀ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਪ੍ਰਾਪਤ ਹੋਏ ਸਨ।’
ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸ਼ਾਨਦਾਰ ਜਿੱਤਾਂ ਦਾ ਰਾਜ਼:
ਇਹ ਕਰਾਮਾਤ ਹੀ ਸੀ ਕਿ ਮਾਧੋਦਾਸ ਬੈਰਾਗੀ, ਸਿੰਘ ਸਜ ਕੇ ਇਕ ਮਹਾਨ ਜੇਤੂ ਬਣ ਗਿਆ। ਦੁਨੀਆਂ ਵਿਚ ਕੋਈ ਵੀ ਅਜਿਹਾ ਜਰਨੈਲ ਨਹੀਂ ਹੋਇਆ ਜੋ ਬਿਨਾਂ ਕਿਸੇ ਸਿਖਲਾਈ ਤੇ ਜੰਗ ਦੇ ਤਜਰਬੇ ਤੋਂ ਏਨੇ ਥੋੜ੍ਹੇ ਸਮੇਂ ਵਿਚ ਯੁੱਧ ਕਲਾ ਵਿਚ ਨਿਪੁੰਨ ਹੋ ਗਿਆ ਹੋਵੇ। ਮੁਗ਼ਲਾਂ ਦੇ ਮੁਕਾਬਲੇ ਵਿਚ, ਖਾਲਸਾ ਫੌਜ ਕੋਲ ਲੜਾਈ ਵਿਚ ਵਰਤਣ ਲਈ ਅਸਲਾ, ਹਥਿਆਰ ਤੇ ਸਿੱਕਾ ਬਰੂਦ (munitions), ਘੱਟ ਸੀ। ਬੇਸ਼ੱਕ ਗਿਣਤੀ ਦੇ ਹਿਸਾਬ ਨਾਲ ਫੌਜ ਵੀ ਬਹੁਤ ਜ਼ਿਆਦਾ ਨਹੀਂ ਸੀ, ਫਿਰ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ। ਸਵਾਲ ਪੈਦਾ ਹੁੰਦਾ ਹੈ ਕਿ ਇਸ ਦਾ ਰਾਜ਼ ਕੀ ਸੀ? ਇਸ ਦਾ ਉੱਤਰ ਕੁਝ ਇਸ ਪ੍ਰਕਾਰ ਹੋ ਸਕਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਲੜਾਈ ਦੇ ਨਵੀਨ ਢੰਗਾਂ ਤੋਂ ਚੰਗੀ ਤਰ੍ਹਾਂ ਵਾਕਫ਼ ਸਨ। ਲੜਾਈ ਤੋਂ ਪਹਿਲਾਂ ਉਹ ਦੁਸ਼ਮਣ ਦੀ ਤਾਕਤ ਤੇ ਉਸ ਦੇ ਮੋਰਚਿਆਂ ਦੀ ਮਜ਼ਬੂਤੀ ਨੂੰ ਚੰਗੀ ਤਰ੍ਹਾਂ ਤੋਲਦੇ। ਆਪਣੇ ਪਾਸੇ ਦੇ ਲੁਟੇਰੇ ਤੇ ਧਾੜਵੀ ਲੋਕਾਂ ਦੀ ਗਿਣਤੀ ਤੋਂ ਉਨ੍ਹਾਂ ਨੇ ਕਦੀ ਧੋਖਾ ਨਹੀਂ ਸੀ ਖਾਧਾ, ਸਗੋਂ ਆਪਣੀ ਤਾਕਤ ਉਹ ਸਿਰਫ ਉਨ੍ਹਾਂ ਬਹਾਦਰ ਸਿੱਖਾਂ ਦੀ ਸਮਝਦੇ ਸਨ, ਜਿਹੜੇ ਨੇਕ ਹਸਰਤਾਂ ਸੀਨੇ ਵਿਚ ਛੁਪਾਈ ਦੁਸ਼ਮਣ ਨੂੰ ਮਾਰਨਾ ਤੇ ਆਪ ਮਰਨਾ ਹੀ ਜਾਣਦੇ ਸਨ। ਬਾਬਾ ਜੀ ਨੇ ਕੋਈ ਲੜਾਈ ਬਹੁਤੀ ਫੌਜ ਹੋਣ ਕਰਕੇ ਨਹੀਂ ਸੀ ਜਿੱਤੀ ਸਗੋਂ ਉਨ੍ਹਾਂ ਦੀ ਤੂਫਾਨ ਵਰਗੀ ਤੇਜ਼ੀ ਤੇ ਫਜ਼ੂਲ ਸੋਚਾਂ ਵਿਚ ਨਾ ਪੈਣਾ ਸੀ। ਜਦੋਂ ਤੇ ਜਿੱਥੇ ਵੀ ਉਹ ਆਪਣੀ ਫੌਜ ਦੀ ਕੋਈ ਬਾਹੀ ਕਮਜ਼ੋਰ ਵੇਖਦੇ, ਉੱਥੇ ਫੌਰਨ ਗੋਲੀ ਵਾਂਗ ਪੁੱਜਦੇ ਤੇ ਬਾਜ ਵਾਂਗ ਝਪਟ ਕੇ ਦੁਸ਼ਮਣ ਉੱਪਰ ਟੁੱਟ ਕੇ ਪੈਂਦੇ। ਉਹ ਕਦੀ ਲੜਾਈ ਵਿਚ ਘਬਰਾਉਂਦੇ ਨਹੀਂ ਸਨ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸਦਾ ਆਪਣੇ ਆਪ ’ਤੇ ਅਤੇ ਆਪਣੇ ਬਹਾਦਰ ਸਿਪਾਹੀਆਂ ਉੱਪਰ ਮਾਣ ਰਿਹਾ ਸੀ। ਬਾਬਾ ਜੀ ਨੇ ਕਦੀ ਹੌਂਸਲਾ ਨਾ ਹਾਰਿਆ ਕਿਉਂਕਿ ਸੂਰਬੀਰ ਜਰਨੈਲ ਤੇ ਬਹਾਦਰ ਯੋਧੇ ਲੜਾਈ ਹਾਰ ਜਾਂਦੇ ਹਨ ਪਰ ਕਦੀ ਹੌਂਸਲਾ ਨਹੀਂ ਛੱਡਦੇ। ਉਹ ਹਮੇਸ਼ਾਂ ਕਾਲ ਰੂਪ ਹੋ ਮੁਗ਼ਲਾਂ ਨਾਲ ਭਿੜੇ। ਜਿਨ੍ਹਾਂ ਮੁਹਿੰਮਾਂ ਵਿਚ ਉਹ ਆਪ ਸ਼ਾਮਲ ਨਾ ਹੁੰਦੇ, ਉਥੇ ਵੀ ਜਦੋਂ ਸਿੱਖ ਫੌਜਾਂ ਦੁਸ਼ਮਣ ਉੱਪਰ ਟੁੱਟਦੀਆਂ ਤਾਂ ‘ਬੰਦਾ ਆ ਗਿਆ’ ਦਾ ਇਕ ਬੋਲ ਹੀ ਦੁਸ਼ਮਣ ਨੂੰ ਭਾਜੜਾਂ ਪਾ ਦੇਣ ਲਈ ਕਾਫ਼ੀ ਹੁੰਦਾ ਸੀ। ਉਹ ਗੁਰੀਲਾ ਲੜਾਈ ਦੇ ਢੰਗ ਤੋਂ ਚੰਗੀ ਤਰ੍ਹਾਂ ਵਾਕਫ਼ ਸੀ। ਜਦੋਂ ਦੁਸ਼ਮਣ ਦੀ ਤਾਕਤ ਬਹੁਤ ਜ਼ਿਆਦਾ ਹੁੰਦੀ ਤਾਂ ਉਹ ਇਕਦਮ ਫੌਜ ਲੈ ਕੇ ਪਿੱਛੇ ਹਟ ਜਾਂਦੇ। ਦੁਸ਼ਮਣ ਉਨ੍ਹਾਂ ਦੇ ਪਿੱਛੇ ਹਟਣ ਨੂੰ ਉਨ੍ਹਾਂ ਦੀ ਹਾਰ ਸਮਝ ਕੇ ਪਿੱਛਾ ਕਰਦਾ, ਬੰਦਾ ਵਾਹੋਦਾਹੀ ਨੱਠੀ ਜਾਂਦਾ ਤੇ ਜਦ ਵੈਰੀ ਦਾ ਪਿੱਛੇ ਆ ਰਿਹਾ ਦਸਤਾ ਬਾਕੀ ਫੌਜਾਂ ਨਾਲੋਂ ਬਹੁਤ ਦੂਰ ਹੋ ਜਾਂਦਾ ਤਾਂ ਬੰਦਾ ਆਪਣੀਆਂ ਦੌੜ ਰਹੀਆਂ ਫੌਜਾਂ ਦਾ ਰੁਖ਼ ਉਲਟਾ ਕੇ ਵੈਰੀ ਉੱਪਰ ਇਸ ਤਰ੍ਹਾਂ ਝਪਟਾ ਮਾਰਦਾ ਕਿ ਵੈਰੀ ਦੀਆਂ ਸੱਤੇ-ਸੁੱਧਾਂ ਭੁੱਲ ਜਾਂਦੀਆਂ। ਉਸ ਸਮੇਂ ਦੁਸ਼ਮਣ ਦੇ ਹਜ਼ਾਰਾਂ ਸਿਪਾਹੀ ਮਾਰੇ ਜਾਂਦੇ ਤੇ ਜਾਂ ਆਪਣਾ ਸਭ ਕੁਝ ਛੱਡ ਕੇ ਐਸੇ ਨੱਠਦੇ ਕਿ ਮੁੜ ਕਦੀ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਦੇ ਨੱਠਣ ਸਮੇਂ ਉਨ੍ਹਾਂ ਦਾ ਪਿੱਛਾ ਨਾ ਕਰਦੇ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਇਨ੍ਹਾਂ ਚਾਲਾਂ ਤੋਂ ਅਠਾਰ੍ਹਵੀਂ ਸਦੀ ਦੇ ਆਖਰੀ ਦਹਾਕਿਆਂ ਵਿਚ ਰੁਹੇਲੇ ਸਰਦਾਰਾਂ ਤੇ ਕਰੋੜਸਿੰਘੀਆ ਮਿਸਲ ਦੇ ਸਰਦਾਰ ਬਘੇਲ ਸਿੰਘ ਨੇ ਲਾਭ ਉਠਾਇਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਤਕ ਸਿੱਖ ਫੌਜਾਂ ਅਮਲ ਕਰਦੀਆਂ ਰਹੀਆਂ।” 25
ਬਾਬਾ ਬੰਦਾ ਸਿੰਘ ਬਹਾਦਰ ਦੀ ਯੁੱਧਾਂ ਦੌਰਾਨ ਧਾਰਮਿਕ ਨੀਤੀ:
ਇਤਿਹਾਸ ਗਵਾਹ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਫੌਜ ਨੂੰ ਆਮ ਲੋਕਾਂ ਦੀ ਇੱਜ਼ਤ ਤੇ ਮਾਲ ਦੀ ਹਿਫ਼ਾਜ਼ਤ ਕਰਨ ਅਤੇ ਧਰਮ ਸਥਾਨਾਂ ਦਾ ਪੂਰਾ ਸਤਿਕਾਰ ਕਰਨ ਦਾ ਹੁਕਮ ਦਿੱਤਾ ਸੀ। ਇਹ ਖਾਲਸਾ ਫੌਜ ਦੀ ਵਡਿਆਈ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਯੁੱਧਾਂ ਦੌਰਾਨ ਵੀ ਧਾਰਮਿਕ ਕਟੱੜਤਾ ਨੂੰ ਨਹੀਂ ਅਪਣਾਇਆ। ਇਸ ਦੀ ਗਵਾਹੀ ਉਸ ਸਮੇਂ ਦੀਆਂ ਸਰਕਾਰੀ ਲਿਖਤਾਂ ਵਿੱਚੋਂ ਮਿਲਦੀ ਹੈ: ‘ਬੰਦਾ ਸਿੰਘ ਬਹਾਦਰ ਨੇ ਮੁਸਲਮਾਨਾਂ ਤੇ ਕੋਈ ਧਾਰਮਿਕ ਬੰਦਸ਼ ਨਹੀਂ ਲਗਾਈ। ਉਨ੍ਹਾਂ ਨੇ ਬੂੜੀਏ ਦੇ ਮੁਸਲਮਾਨ ਜ਼ਿਮੀਂਦਾਰ ਜਾਨ ਮੁਹੰਮਦ ਨੂੰ ਪਰਗਨੇ ਦਾ ਮੁਖੀ ਮੁਕੱਰਰ ਕੀਤਾ। ਜੋ ਵੀ ਮੁਸਲਮਾਨ ਉਨ੍ਹਾਂ ਪਾਸ ਆਉਂਦਾ, ਬਾਬਾ ਬੰਦਾ ਸਿੰਘ ਬਹਾਦਰ ਉਸ ਦੀ ਰੋਜ਼ਾਨਾ ਤਨਖਾਹ ਨੀਯਤ ਕਰ ਦਿੰਦੇ। ਉਨ੍ਹਾਂ ਨੇ ਮੁਸਲਮਾਨਾਂ ਨੂੰ ਨਮਾਜ਼ ਤੇ ਖੁਤਬਾ ਪੜ੍ਹਨ ਦੀ ਆਗਿਆ ਦਿੱਤੀ ਹੋਈ ਹੈ। ਇਸ ਵਕਤ ਵੀ ਪੰਜ ਹਜ਼ਾਰ ਮੁਸਲਮਾਨ ਫੌਜੀ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਹਨ, ਜਿਨ੍ਹਾਂ ਨੂੰ ਬਾਂਗ ਦੇਣ, ਨਮਾਜ਼ ਪੜ੍ਹਨ ਦੀ ਪੂਰੀ ਤਰ੍ਹਾਂ ਖੁੱਲ੍ਹ ਹੈ। (18 ਅਪ੍ਰੈਲ, 1714 ਈ: ਨੂੰ ਪੰਜਾਬ ’ਚੋਂ ਦਿੱਲੀ ਦਰਬਾਰ ਵਿਚ ਪਹੁੰਚਿਆ ਰੋਜ਼ਨਾਮਚਾ) 26
““Although he had to fight against the Mughals for whom of course, he was an ‘unbeliever’,’ a dog’, ‘an imposter’, and ‘a rebel of the government he was not a religious fanatic. He never converted the fighting into a religious war. He had oclaimed that ‘ we donot oppose Muslims and we donot oppose Islam, we only oppose tyranny, and we only op- pose usurpation of the political power, which belongs to the people and not to privileged individuals or to Mughals.” 27
“The wretched Nanak –worshipper has his camp in the town of Kalanaur upto the 19th instant. During the period he has promised and proclaimed: ‘I do not oppress the Muslims’. Accordingly, for any Muslim, who ap- proached him , he fixes a daily allowance and wages and looks after him. He has permitted them to read khutba and namaz. As such five thousand Muslims have gathered around him. Having entered into his friendship, they are free to shout their cakk and say prayers in the army of the wretched Sikhs.” 28
ਨਵਾਬ ਅਮੀਨ-ਉਦ-ਦੌਲਾ ਲਿਖਦਾ ਹੈ ਕਿ ਉਂਞ ਆਪਣੀ ਮਰਜ਼ੀ ਨਾਲ ਅਨੇਕਾਂ ਹਿੰਦੂਆਂ ਤੇ ਮੁਸਲਮਾਨਾਂ ਨੇ ਸਿੱਖ ਧਰਮ ਅਪਣਾ ਲਿਆ ਸੀ: “…a large number of Muslmans abandoned Islam and adopted the misguided path of Sikhism. 29 ਬਾਬਾ ਬੰਦਾ ਸਿੰਘ ਬਹਾਦਰ ਨੇ ਸਧਾਰਨ ਲੋਕਾਂ ਦੀ ਇੱਜ਼ਤ ਤੇ ਮਾਲ ਦੀ ਰਾਖੀ ਕੀਤੀ। ‘ਬੰਸਾਵਲੀਨਾਮਾ’ ਵਿਚ ਅੰਕਿਤ ਹੈ ਕਿ ਬਾਬਾ ਬੰਦਾ ਸਿੰਘ ਨੇ ਫੌਜ ਨੂੰ ਸਖ਼ਤ ਹਦਾਇਤ ਕੀਤੀ ਸੀ:
ਇਸਤ੍ਰੀ ਤਨ ਜੋ ਗਹਿਣਾ ਹੋਈ।
ਤਾ ਕੋ ਹਾਥ ਨ ਲਾਓ ਕੋਈ।
ਪੁਰਸ਼ ਪੌਸ਼ਾਕ ਔਰ ਸਿਰ ਕੀ ਪਾਗ।
ਇਨ ਭੀ ਕੋਈ ਹੱਥ ਨਾ ਲਾਗ। 30
ਯੁੱਧਾਂ ਦੌਰਾਨ, ਜੋ ਵੀ ਧਨ-ਦੌਲਤ ਹੱਥ ਲੱਗਦਾ ਸੀ ਉਹ ਆਪਣੇ ਸਿਪਾਹੀਆਂ ਤੇ ਲੋੜਵੰਦਾਂ ਵਿਚ ਵੰਡ ਦਿੰਦੇ ਸਨ। ਉਨ੍ਹਾਂ ਨੇ ਆਪਣੇ ਲਈ ਕੋਈ ਦੌਲਤ ਇਕੱਠੀ ਨਹੀਂ ਕੀਤੀ। ਉਹ ਸਾਰਿਆਂ ਲਈ ਬਰਾਬਰ ਦੇ ਨਿਆਂ ਵਿਚ ਵਿਸ਼ਵਾਸ ਰੱਖਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਗਰੀਬ ਤੇ ਲਿਤਾੜੇ ਲੋਕਾਂ ਦੇ ਚੈਂਪੀਅਨ ਸਨ।
ਜੇਤੂ ਬੰਦਾ ਸਿੰਘ ਬਹਾਦਰ ਸੰਬੰਧੀ ਵਿਦਵਾਨਾਂ ਦੇ ਵਿਚਾਰ:
ਬਾਬਾ ਬੰਦਾ ਸਿੰਘ ਤੇ ਖ਼ਾਲਸਾ ਫੌਜ ਦੀ ਬਹਾਦਰੀ ਦੀ ਸ਼ੋਭਾ ਚਾਰੇ ਪਾਸੇ ਫੈਲ ਗਈ। ਜੇਤੂ ਰਹਿਣ ਵਾਲੇ ਬੰਦਾ ਸਿੰਘ ਬਹਾਦਰ ਸੰਬੰਧੀ ਵਿਦਵਾਨਾਂ ਨੇ ਆਪਣੇ-ਆਪਣੇ ਵਿਚਾਰ ਲਿਖੇ ਹਨ:
ਮੈਕਰੇਗਰ ਲਿਖਦਾ ਹੈ-
‘ਬੰਦਾ ਬਹਾਦਰ ਦਾ ਸੰਸਾਰ-ਭਰ ਦੇ ਬਹਾਦਰ ਯੋਧਿਆਂ ਵਿਚ ਬਹੁਤ ਉੱਚਾ ਸਥਾਨ ਹੈ। ਉਸ ਦਾ ਨਾਂ ਹੀ ਪੰਜਾਬ ਤੇ ਪੰਜਾਬੋਂ ਬਾਹਰ ਦੇ ਮੁਗ਼ਲਾਂ ਵਿਚ ਦਹਿਸ਼ਤ ਫੈਲਾਣ ਲਈ ਕਾਫੀ ਹੁੰਦਾ ਸੀ।’ 31 ਕਾਜ਼ੀ ਨੂਰ ਮੁਹੰਮਦ ਅਨੁਸਾਰ- ‘ਜੰਗ ਦਾ ਤਰੀਕਾ ਕੋਈ ਇਨ੍ਹਾਂ (ਬੰਦਾ ਸਿੰਘ ਦੇ ਸਿਪਾਹੀਆਂ) ਕੋਲੋਂ ਸਿੱਖੇ।’ 32 “…ਜਿਸ ਵੇਲੇ ਭਾਈ ਕਰਮ ਸਿੰਘ ਨੇ ‘ਬੰਦਾ ਬਹਾਦਰ’ ਲਿਖਿਆ ਤਾਂ ਉਸ ਵਕਤ ਕੌਮੀ ਜਜ਼ਬੇ ਨਾਲ ਪ੍ਰਭਾਵਿਤ ਹੋ ਕੇ ਤਵਾਰੀਖੀ ਮਸਾਲੇ ਤੋਂ ਇਕ ਜਿਊਂਦੀ ਜਾਗਦੀ ਮੂਰਤੀ ਖੜ੍ਹੀ ਕੀਤੀ, ਜਿਸ ਦੀਆਂ ਅੱਖਾਂ ਦੀ ਭਿਆਨਕਤਾ ਵਿੱਚੋਂ ਅਣਖ ਦੀਆਂ ਚਿੰਗਾੜੀਆਂ ਡਿੱਗ ਰਹੀਆਂ ਸਨ, ਜੋ ਉਸ ਵੇਲੇ ਕਈ ਬਰੂਦੀ ਹਿਰਦਿਆਂ ਉੱਪਰ ਢਹਿ ਪਈਆਂ”:
ਅਣਖ ਬੰਦੇ ਦੀ ਮੁਗ਼ਲ ਤੋਂ ਨਾ ਗਈ ਮਿਟਾਈ।
ਦਿਲਬਰ ਨੇਰ੍ਹੀ ਕਹਿਰ ਦੀ ਇਕ ਐਸੀ ਆਈ।
ਜ਼ਾਲਮ ਹਕੂਮਤ ਜੜ੍ਹਾਂ ਤੋਂ ਜਿਸ ਨੇ ਉਲਟਾਈ।
ਬਾਬਾ ਬੰਦਾ ਸਿੰਘ ਬਹਾਦਰ ਨੇ ਲੱਗਭਗ ਅੱਠ ਸਾਲ ਪੰਜਾਬ ਦੀ ਧਰਤੀ ’ਤੇ ਜ਼ੁਲਮ ਦੀ ਹਨੇਰੀ ਵਿਰੁੱਧ ਤਕੜਾ ਜਹਾਦ ਕੀਤਾ। ਇਨ੍ਹਾਂ ਅੱਠਾਂ ਸਾਲਾਂ ਵਿਚ ਉਨ੍ਹਾਂ ਨੇ ਸੈਂਕੜੇ ਜ਼ਾਲਮ, ਦੋਖੀ ਤੇ ਹਤਿਆਰੇ ਹਾਕਮਾਂ ਨੂੰ ਸੋਧਿਆ।…ਉਹ ਕਾਲ ਰੂਪ ਹੋ ਦੁਸ਼ਮਣ ਨਾਲ ਲੜਿਆ। ਬਾਬਾ ਜੀ ਦੀ ਬਹਾਦਰੀ ਦਾ ਸਿੱਕਾ ਦੁਸ਼ਮਣ ’ਤੇ ਅਜਿਹਾ ਬੈਠਿਆ ਕਿ ਉਸ ਦਾ ਨਾਂ ਸੁਣ ਕੇ ਦੁਸ਼ਮਣ ਸਿਪਾਹੀਆਂ ਦਾ ਪਸੀਨਾ ਨਿਕਲ ਜਾਂਦਾ ਸੀ।” 33 ‘ਸੀਅਰਲ ਮੁਤਾਖਰਈਂ ਦਾ ਕਰਤਾ ਲਿਖਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਆਚਰਨ ਸੰਬੰਧੀ ਨਿਸ਼ਚੇ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਆਪਣੇ ਵੈਰੀ ਨਾਲ ਵੀ ਉਹ ਨੇਕੀ ਤੇ ਤੀਖਣਤਾ ਨਾਲ ਪੇਸ਼ ਆਉਂਦਾ। ਇੱਥੋਂ ਤਕ ਕਿ ਬਹੁਤ ਸਾਰੇ ਲਿਖਾਰੀ ਬਾਬਾ ਬੰਦਾ ਸਿੰਘ ਬਹਾਦਰ ਦੇ ਸੁਭਾਅ, ਸੀਤਲਤਾ ਅਤੇ ਦਲੇਰੀ ਸੰਬੰਧੀ ਖੁੱਲ੍ਹ ਕੇ ਗੱਲ ਕਰਦੇ ਹਨ। ਅਸਲ ਵਿਚ ਬਾਬਾ ਬੰਦਾ ਸਿੰਘ ਬਹਾਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਦੇ ਸਮੇਂ ਤੋਂ ਆਪਣੀ ਸ਼ਹੀਦੀ ਤਕ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਮਿਸ਼ਨ ਦਾ ਪੈਰੋਕਾਰ ਰਿਹਾ। 34 ‘ਤਾਰੀਖ-ਏ-ਮੁਜੱਫਰੀ’ ਵਿਚ “ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਚੋਣਵਾਂ ਸਿੱਖ ਕਰ ਕੇ ਲਿਖਿਆ ਹੈ ਕਿ ‘ਇਸ ਮਿੱਟੀ ਦੀ ਮੜੋਲੀ ਨੂੰ ਬਚਾਉਣ ਖ਼ਾਤਰ, ਸਿੱਖ ਧਰਮ ਤਿਆਗਣ ਤੋਂ ਇਨਕਾਰ ਕੀਤਾ ਅਤੇ ਇਕ ਸਿਦਕਵਾਨ ਸਿੱਖ ਵਾਂਗ ਮਰਨਾ ਕਬੂਲ ਕੀਤਾ।” ਉਸ ਸਮੇਂ ਦਾ ਇਕ ਵਾਕਿਆ ਇਉਂ ਲਿਖਿਆ ਮਿਲਦਾ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਨੂੰ ਹਾਥੀ ਉੱਪਰ ਸਵਾਰ ਕੁਤਬ ਦੀ ਲਾਠ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿਚ ਬੰਦਾ ਸਿੰਘ ਦੇ ਚਿਹਰੇ ਦਾ ਜਲਾਲ ਤੱਕ ਕੇ ਇਕ ਮੁਗ਼ਲ ਸਰਦਾਰ ਇਹ ਕਹਿਣੋਂ ਨਾ ਰਹਿ ਸਕਿਆ:‘ਸੁਬਹਾਨ ਅੱਲਾ! ਕੈਸਾ ਦੀਦਾਰ ਔਰ ਇਤਨੇ ਅਤਿਆਚਾਰ’ ਬਾਬਾ ਬੰਦਾ ਸਿੰਘ ਨੇ ਸੁਣਦੇ ਸਾਰ ਉੱਤਰ ਦਿੱਤਾ ਕਿ ਜਦੋਂ ਜ਼ੁਲਮਾਂ ਤੇ ਸਿਤਮਾਂ ਦੀ ਅੱਤ ਹੋ ਜਾਵੇ ਅਤੇ ਹਾਕਮ ਬਘਿਆੜ ਬਣ ਜਾਣ ਤਾਂ ਰੱਬ ਮੇਰੇ ਜਿਹਿਆਂ ਨੂੰ ਜ਼ਾਲਮਾਂ ਦੀ ਜੜ੍ਹ ਪੁੱਟਣ ਹਿਤ ਭੇਜਦਾ ਹੈ। ਉਹ ਰੱਬੀ ਹੁਕਮ ਦੀ ਕਾਰ ਕਰਦੇ ਹਨ, ਜਦੋਂ ਉਨ੍ਹਾਂ ਦਾ ਕਰਤੱਵ ਪੂਰਾ ਹੋ ਜਾਵੇ ਤਾਂ ਰੱਬ ਤੁਹਾਡੇ ਜਹਿਆਂ ਨੂੰ ਭੇਜਦਾ ਹੈ ਕਿ ਸਾਨੂੰ ਜਾਮੇ-ਸ਼ਹਾਦਤ ਪਿਲਾਉਣ ਤਾਂ ਕਿ ਸਾਡਾ ਨਾਮ ਰਹਿੰਦੀ ਦੁਨੀਆਂ ਤਕ ਕਾਇਮ ਰਹੇ। 35
ਭਾਈ ਕੇਸਰ ਸਿੰਘ ਛਿੱਬਰ ਦੇ ਸ਼ਬਦਾਂ ਵਿਚ:
ਬੰਦੇ ਸਾਹਿਬ ਰਲਿ ਸਿੱਖਾਂ ਨਾਲ ਸੀਸ ਕਟਾਇਆ। ਪਰ ਧਰਮ ਨੂੰ ਦਾਗ਼ ਜ਼ਰਾ ਨਹੀਂ ਲਾਇਆ। 36
ਉਪਰੋਕਤ ਵਿਚਾਰ ਤੋਂ ਬਾਅਦ ਅਸੀਂ ਇਸ ਸਿੱਟੇ ’ਤੇ ਪਹੁੰਚਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਇਕ ਨਿਰਭੈ ਜਰਨੈਲ ਹੋਣ ਦੇ ਨਾਲ-ਨਾਲ ਪੂਰਨ ਗੁਰਸਿੱਖ ਸਨ, ਜਿਨ੍ਹਾਂ ਨੇ ਯੁੱਧ ਕਰਦਿਆਂ ਤੇ ਜਿੱਤਾਂ ਹਾਸਲ ਕਰਨ ਉਪਰੰਤ, ਸ਼ਹੀਦ ਹੋਣ ਤਕ ਵੀ ਸਿੱਖੀ ਆਦਰਸ਼ਾਂ ਨੂੰ ਨਿਭਾਇਆ ਅਤੇ ਖ਼ਾਲਸਾ ਪੰਥ ਦੇ ਸ਼ਹੀਦੀਆਂ ਦੇ ਲੰਬੇ ਇਤਿਹਾਸ ਵਿਚ ਇਕ ਹੋਰ ਸੁਨਹਿਰੀ ਪੰਨਾ ਜੋੜ ਦਿੱਤਾ। ਭਗਤ ਕਬੀਰ ਜੀ ਦਾ ਸਲੋਕ ਇਸ ਬਹਾਦਰ ਸੂਰਮੇ ’ਤੇ ਪੂਰਾ ਢੁੱਕਦਾ ਹੈ:
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਪੰਨਾ 1105)
ਡਾ. ਗੰਡਾ ਸਿੰਘ ਅਨੁਸਾਰ,
“ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਸਦਕਾ ਹੀ ਪੰਜਾਬੀਆਂ ਨੇ ਪਹਿਲੀ ਵਾਰ ਸਦੀਆਂ ਬਾਅਦ ਆਜ਼ਾਦੀ ਦਾ ਸਵਾਦ ਚੱਖਿਆ। ਬੰਦਾ ਸਿੰਘ ਪਹਿਲੇ ਜਰਨੈਲ ਸਨ, ਜਿਨ੍ਹਾਂ ਨੇ ਮੁਗ਼ਲਾਂ ਦੇ ਰਾਜ ਨੂੰ ਕਰੜੀ ਸੱਟ ਮਾਰੀ। ਬੰਦਾ ਸਿੰਘ ਨੇ ਹੀ ਮੁਗ਼ਲਾਂ ਦੇ ਬਣੇ ਕੜ੍ਹ ਨੂੰ ਤੋੜ ਕੇ ਸਿੱਖਾਂ ਨੂੰ ਰਾਜ ਅਸਥਾਪਨ ਕਰਨ ਯੋਗ ਬਣਾਇਆ। ਸਿੱਖ ਰਾਜ ਦੀਆਂ ਨੀਂਹਾਂ ਬੰਦਾ ਸਿੰਘ ਹੀ ਰੱਖ ਗਿਆ ਸੀ।” 37
ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸ਼ਾਨਦਾਰ ਜਿੱਤਾਂ ਸਿੱਖ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖੀਆਂ ਗਈਆਂ ਹਨ। ਇਤਿਹਾਸ ਗਵਾਹ ਹੈ ਕਿ ਇਨ੍ਹਾਂ ਜਿੱਤਾਂ ਨੇ ਜ਼ੁਲਮ ਦੇ ਵਿਰੁੱਧ ਸੰਘਰਸ਼ ਕਰਨ ਲਈ ਸਿੱਖਾਂ ਵਿਚ ਬੀਰਤਾ ਦੀ ਭਾਵਨਾ ਪ੍ਰਚੰਡ ਕੀਤੀ, ਜਿਸ ਦੇ ਸਿੱਟੇ ਵਜੋਂ ਖ਼ਾਲਸੇ ਨੇ ਜ਼ਕਰੀਆ ਖਾਨ, ਫਰੁੱਖਸੀਅਰ, ਲਖਪਤ ਰਾਇ, ਯਹੀਆ ਖਾਂ ਆਦਿ ਜ਼ਾਲਮਾਂ ਦਾ ਡਟ ਕੇ ਟਾਕਰਾ ਕੀਤਾ। ਨਿਸ਼ਚਿਤ ਤੌਰ ’ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇਹ ਪ੍ਰੇਰਨਾ-ਸ੍ਰੋਤ ਬਣਨਗੀਆਂ।
ਲੇਖਕ ਬਾਰੇ
ਪਿੰਡ ਤੇ ਡਾਕ: ਸੂਲਰ, ਜ਼ਿਲ੍ਹਾ ਪਟਿਆਲਾ-147001
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/December 1, 2007
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/April 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/May 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/June 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/July 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/September 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/October 1, 2008