editor@sikharchives.org

ਕਿਰਸਾਨੀ ਰਾਜ-ਸੱਤਾ ਦੇ ਪ੍ਰਤੀਕ ਬਾਬਾ ਬੰਦਾ ਸਿੰਘ ਬਹਾਦਰ

ਬਾਬਾ ਬੰਦਾ ਸਿੰਘ ਬਹਾਦਰ ਇਨਕਲਾਬੀ ਚੇਤਨਾ ਨਾਲ ਭਰਪੂਰ, ਮਹਾਨ ਜਰਨੈਲ, ਸੁਯੋਗ ਲੀਡਰ, ਜਥੇਬੰਦਕ ਆਗੂ, ਨਿਪੁੰਨ ਨੀਤੀਵਾਨ, ਪ੍ਰਪੱਕ ਕੂਟਨੀਤਕ, ਪੰਜਾਬ ਦੇ ਕਿਸਾਨੀ ਅੰਦੋਲਨ ਦਾ ਮੁੱਢਲਾ ਸੰਚਾਲਕ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਬਾਬਾ ਬੰਦਾ ਸਿੰਘ ਬਹਾਦਰ ਇਨਕਲਾਬੀ ਚੇਤਨਾ ਨਾਲ ਭਰਪੂਰ, ਮਹਾਨ ਜਰਨੈਲ, ਸੁਯੋਗ ਲੀਡਰ, ਜਥੇਬੰਦਕ ਆਗੂ, ਨਿਪੁੰਨ ਨੀਤੀਵਾਨ, ਪ੍ਰਪੱਕ ਕੂਟਨੀਤਕ, ਪੰਜਾਬ ਦੇ ਕਿਸਾਨੀ ਅੰਦੋਲਨ ਦਾ ਮੁੱਢਲਾ ਸੰਚਾਲਕ ਸੀ। ਬਾਬਾ ਜੀ ਨੇ ਪੰਜਾਬ ਵਿਚ ਮੁਗ਼ਲ ਸਲਤਨਤ ਦੀ ਧੱਕੇਸ਼ਾਹੀ, ਜਬਰ-ਜ਼ੁਲਮ ਤੇ ਲਾਕਾਨੂੰਨੀ ਵਿਰੁੱਧ ਮਜ਼ਲੂਮਾਂ, ਨਿਹੱਥਿਆਂ, ਨਿਆਸਰਿਆਂ, ਭੈਭੀਤ ਹੋਈ ਜਨਤਾ, ਹਾਕਮਾਂ ਦੀ ਅੱਯਾਸ਼ੀ ਦੀ ਲੁੱਟ-ਖਸੁੱਟ ਦਾ ਸਿੱਧਾ ਸ਼ਿਕਾਰ ਹੋ ਚੁੱਕੀ ਕਿਸਾਨੀ ਅਤੇ ਕਿਰਤੀਆਂ ਨੂੰ ਲਾਮਬੰਦ ਕਰ ਕੇ ਬਹੁਤ ਥੋੜ੍ਹੇ ਸਮੇਂ ਵਿਚ ਦਿੱਲੀ ਅਤੇ ਲਾਹੌਰ ਦੇ ਸ਼ਕਤੀਸ਼ਾਲੀ ਕੇਂਦਰਾਂ ਦੇ ਦਰਮਿਆਨ ਆਜ਼ਾਦ ਸੱਤਾ ਸਥਾਪਤ ਕਰ ਕੇ ਸਿੱਕਾ ਚਲਾਇਆ। ਉਹ ਮੁਗ਼ਲ ਰਾਜ, ਮੁਗ਼ਲ ਸਲਤਨਤ ਜਿਸ ਦਾ ਉਸ ਵਕਤ ਕਾਬਲ ਤੋਂ ਲੈ ਕੇ ਅਹਿਮਦਨਗਰ ਦੱਖਣ ਤਕ, ਪੂਰਬ ਵਿਚ ਬੰਗਾਲ ਤੋਂ ਲੈ ਕੇ ਪੱਛਮ ਵਿਚ ਗੁਜਰਾਤ, ਸਿੰਧ ਤਕ ਪੂਰੇ ਹਿੰਦੁਸਤਾਨ ਉੱਪਰ ਦਬਦਬਾ ਸੀ ਤੇ ਉਸ ਦੀ ਰਾਜਧਾਨੀ ਦਿੱਲੀ ਸੀ। ਪੰਜਾਬ ਵਿਚ ਕਿਸਾਨੀ ਨੂੰ ਜਥੇਬੰਦ ਕਰਕੇ ਆਪਣੀ ਰਾਜਸੱਤਾ ਕਾਇਮ ਕਰਨਾ ਬਾਬਾ ਬੰਦਾ ਸਿੰਘ ਬਹਾਦਰ ਦੀ ਪ੍ਰਬੰਧਕੀ, ਫੌਜੀ, ਸਮਾਜਿਕ ਅਤੇ ਮਨੋਵਿਗਿਆਨਕ ਸੂਝ ਦੀ ਸਪਸ਼ਟ ਉਦਾਹਰਣ ਹੈ। ਸੂਬਾ ਸਰਹਿੰਦ ਜਿਸ ਦੇ ਤਹਿਤ ਸੁਨਾਮ, ਸਮਾਣਾ, ਸਨੌਰ, ਸਢੌਰਾ ਬਹੁਤ ਵੱਡੇ ਤਜ਼ਾਰਤੀ ਅਤੇ ਮਾਲੀਏ ਦੇ ਕੇਂਦਰ ਸਨ, ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਮਾਜ ਵਿਚ ਸਮੇਂ ਦੀ ਹਕੂਮਤ ਦੀ ਧੱਕੇਸ਼ਾਹੀ ਅਤੇ ਲੁੱਟ-ਖਸੁੱਟ ਵਿਰੁੱਧ ਫੈਲ ਰਹੇ ਰੋਹ ਤੇ ਰੋਸ ਨੂੰ ਸਥਾਪਤ ਨਿਜ਼ਾਮ ਨੂੰ ਜੜ੍ਹੋਂ ਉਖਾੜਨ ਦੇ ਵਿਰੁੱਧ ਵਰਤਿਆ। ਇਹ ਉਹ ਸਮਾਂ ਸੀ ਜਦੋਂ ਰਾਜਸੱਤਾ ਤਕ ਜਨਤਾ ਦੀ ਕੋਈ ਸੁਣਵਾਈ ਨਹੀਂ ਸੀ। ਸੱਚਾਈ ਨੂੰ ਕੋਈ ਨਹੀਂ ਸੁਣਦਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਵਾ ਦੇਣਾ ਸਮੇਂ ਦੀ ਹਕੂਮਤ ਦੇ ਜ਼ੁਲਮ ਅਤੇ ਲਾਕਾਨੂੰਨੀ ਦਾ ਸਿਖਰ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹੀ ਬੋਲ਼ੀ ਹਕੂਮਤ ਨੂੰ ਜਗਾਉਣ ਲਈ ਕਿਰਤੀਆਂ, ਕਿਸਾਨਾਂ ਤੇ ਇਨਸਾਫਪਸੰਦ ਸ਼ਕਤੀਆਂ ਨੂੰ ਇਕੱਤਰ ਕਰਕੇ ਖਾਲਸਾ ਪੰਥ ਦੀ ਸਾਜਨਾ ਕਰਕੇ ਸੰਘਰਸ਼ ਅਰੰਭਿਆ ਸੀ। ਰਾਜਸੱਤਾ ਨੇ ਮਾਸੂਮ ਬੱਚਿਆਂ ਨੂੰ ਨੀਹਾਂ ਵਿਚ ਚਿਣਵਾ ਕੇ ਜ਼ੁਲਮ ਦੀ ਇੰਤਹਾ ਦਿਖਾ ਦਿੱਤੀ ਸੀ। ਪੰਜਾਬੀਆਂ ਦਾ ਸੁਭਾਅ ਹੈ ਕਿ ਉਹ ਜ਼ੁਲਮ ਜ਼ਿਆਦਾ ਦੇਰ ਤਕ ਨਹੀਂ ਸਹਿੰਦੇ। ਇੰਨੇ ਜਬਰ ਤੋਂ ਬਾਅਦ ਉਨ੍ਹਾਂ ਵਿਚ ਰੋਹ ਤੇ ਵਿਦਰੋਹ ਮੌਜੂਦ ਸੀ ਪਰ ਇਸ ਦੇ ਪ੍ਰਗਟਾਵੇ ਲਈ ਬਾਬਾ ਬੰਦਾ ਸਿੰਘ ਜਿਹੇ ਆਗੂ ਦੀ ਲੋੜ ਸੀ। ਇਹੀ ਰੋਹ ਤੇ ਵਿਦਰੋਹ ਹੀ ਤਾਂ ਸੀ ਜਿਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬਾ ਸਰਹਿੰਦ ਨੂੰ ਸੋਧਣ ਲਈ ਵਰਤਿਆ।

ਬਾਬਾ ਬੰਦਾ ਸਿੰਘ ਬਹਾਦਰ ਅਕਤੂਬਰ 1708 ਈ: ਵਿਚ ਨਾਂਦੇੜ ਤੋਂ ਚੱਲਿਆ ਅਤੇ ਮਈ 1710 ਈ: ਨੂੰ ਚੱਪੜਚਿੜੀ ਦੇ ਮੈਦਾਨ ਵਿਚ ਸੂਬਾ ਸਰਹਿੰਦ ਨੂੰ ਸ਼ਿਕਸ਼ਤ ਦੇ ਕੇ ਸਰਹਿੰਦ ਵਿਚ ਦਾਖਲ ਹੋਇਆ। ਸਰਹਿੰਦ ਵਿਚ ਦੋਖੀਆਂ ਨੂੰ ਸਜ਼ਾਵਾਂ ਦੇ ਕੇ ਸਿੱਖ ਰਾਜ ਦੀ ਕਾਇਮੀ ਦਾ ਐਲਾਨ ਕੀਤਾ। ਸਰਹਿੰਦ ਦੇ ਕਿਲ੍ਹੇ ਵਿਚ ਜਿਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਿਆ ਗਿਆ ਸੀ ਇਕ ਭਾਰੀ ਦੀਵਾਨ ਸਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦੀ ਸਥਾਪਨਾ ਦਾ ਐਲਾਨ ਕੀਤਾ।” 1 ਬਾਬਾ ਬੰਦਾ ਸਿੰਘ ਬਹਾਦਰ ਨੇ ਯੁੱਧਨੀਤੀ ਦੇ ਪੱਖ ਤੋਂ ਮੁਖ਼ਲਿਸਗੜ੍ਹ ਨੂੰ ਲੋਹਗੜ੍ਹ ਦਾ ਨਾਂ ਦੇ ਕੇ ਆਪਣੀ ਰਾਜਧਾਨੀ ਬਣਾਇਆ। ਉਸ ਨੂੰ ਪਤਾ ਸੀ ਕਿ ਸਰਹਿੰਦ ਮੁੱਖ ਮਾਰਗ ’ਤੇ ਹੋਣ ਕਰਕੇ ਸੁਰੱਖਿਅਤ ਨਹੀਂ ਜਦ ਕਿ ਲੋਹਗੜ੍ਹ ਪਹਾੜੀ ਖੇਤਰ ਵਿਚ ਸੀ ਜਿਥੇ ਪਹੁੰਚਣ ਵਾਲੇ ਰਾਹ ਵਿਚ ਖੱਡਾਂ ਤੇ ਚਟਾਨਾਂ ਸਨ। ਉਸ ਨੇ ਸਿੱਖ ਰਾਜ ਦਾ ਝੰਡਾ, ਸਿੱਕਾ ਅਤੇ ਮੋਹਰਾਂ ਬਣਾਈਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਕਲਪ ਨੂੰ ਅੱਗੇ ਵਧਾਇਆ। ਉਸ ਵਿਰੁੱਧ ਨਿਰਮੂਲ ਅਤੇ ਆਧਾਰਹੀਣ ਕਹਾਣੀਆਂ ਜੋ ਮੁਗ਼ਲਈ ਹਕੂਮਤ ਦੇ ਪਿੱਠੂ ਇਤਿਹਾਸਕਾਰਾਂ, ਉਸ ਤੋਂ ਬਾਅਦ ਅਣਭੋਲ ਲਿਖਾਰੀਆਂ ਨੇ ਫੈਲਾਈਆਂ ਹਨ ਇਸ ਦੇ ਦੋ ਮੰਤਵ ਸਨ। ਇਕ ਤਾਂ ਸਿੱਖਾਂ ਦੀ ਵਧ ਰਹੀ ਸ਼ਕਤੀ ਨੂੰ ਖੋਰਾ ਲਾਉਣਾ ਅਤੇ ਦੂਸਰਾ, ਲੋਕ-ਉਭਾਰ ਨੂੰ ਰੋਕ ਕੇ ਸਥਾਪਤ ਪ੍ਰਬੰਧ ਨੂੰ ਹੋਰ ਲੰਮੇਰਾ ਕਰਨਾ। ਇਸ ਦੇ ਨਾਲ ਹੀ ਇਸ ਪ੍ਰਚਾਰ ਦਾ ਮੰਤਵ ਸਿੱਖ ਸੰਘਰਸ਼ ਵਿਚ ਫੁੱਟ ਪੈਦਾ ਕਰਨਾ ਸੀ ਜਿਸ ਵਿਚ ਮੁਗ਼ਲ ਸਲਤਨਤ ਕਾਫੀ ਹੱਦ ਤਕ ਕਾਮਯਾਬ ਵੀ ਹੋਈ ਜਿਵੇਂ ਕਿ ਅੱਜ ਵੀ ਰਾਜ-ਸੱਤਾ ਆਪਣੀਆਂ ਗਲਤੀਆਂ ਨੂੰ ਛੁਪਾਉਣ ਲਈ ਲੋਕ-ਸੰਘਰਸ਼ ਨੂੰ ਕੁਚਲਣ ਲਈ ਬਹੁਤ ਵੱਡੀਆਂ ਸਾਜ਼ਿਸ਼ਾਂ ਤੇ ਛੜਯੰਤਰ ਰਚਦੀ ਹੈ, ਜਿਸ ਦੇ ਫਲਸਰੂਪ ‘ਬੰਦਈ’ ਤੇ ‘ਤੱਤ ਖਾਲਸਾ’ ਦੇ ਰੂਪ ਵਿਚ ਦੋ ਦਲ ਸਾਹਮਣੇ ਆਏ। ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਹੁਕਮਾਂ ਅਨੁਸਾਰ ਕਾਰਜ ਕੀਤਾ। ਉਸ ਵੱਲੋਂ ਜਾਰੀ ਕੀਤੇ ਗਏ ਸਿੱਕੇ ਅਤੇ ਮੋਹਰਾਂ ਉੱਪਰ ਲਿਖੀ ਇਬਾਰਤ ਇਸ ਦੀ ਪੁਸ਼ਟੀ ਕਰਦੀ ਹੈ। ਸਿੱਕੇ ਉੱਪਰ ਇਕ ਪਾਸੇ ਲਿਖਿਆ ਸੀ:

ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗਿ ਨਾਨਕ ਵਾਹਿਬ ਅਸਤ
ਫ਼ਤਿਹ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜ਼ਲਿ ਸੱਚਾ ਸਾਹਿਬ ਅਸਤ

ਇਸ ਦਾ ਅਰਥ ਹੈ: ਮੈਂ ਦੁਨੀਆਂ ਭਰ ਵਾਸਤੇ ਸਿੱਕਾ ਜਾਰੀ ਕੀਤਾ ਹੈ। ਇਹ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ। ਮੈਨੂੰ ਸ਼ਾਹਾਂ ਦੇ ਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਤ ਬਖਸ਼ੀ ਹੈ। ਇਹ ਸੱਚੇ ਸਾਹਿਬ ਦੀ ਮਿਹਰ ਹੈ। ਸਿੱਕੇ ਦੇ ਦੂਸਰੇ ਪਾਸੇ ਦੀ ਇਬਾਰਤ ਇਸ ਤਰ੍ਹਾਂ ਸੀ:

ਜ਼ਰਬ-ਬ-ਅਮਾਨੁ-ਦਹਿਰ, ਮੁਸੱਵਰਤ ਸ਼ਹਿਰ,
ਜ਼ੀਨਤੁ-ਤਖਤ ਮੁਬਾਰਕ ਬਖਤ

ਇਸ ਦਾ ਅਰਥ ਹੈ: ਜਾਰੀ ਹੋਇਆ ਸੰਸਾਰ ਦੇ ਸ਼ਾਂਤੀ ਅਸਥਾਨ, ਸ਼ਹਿਰਾਂ ਦੀ ਮੂਰਤ ਧੰਨਭਾਗੀ ਰਾਜਧਾਨੀ ਤੋਂ।

ਸਰਕਾਰੀ ਕੰਮਾਂ ਲਈ ਬਣਾਈ ਮੋਹਰ ਦੇ ਫ਼ਾਰਸੀ ਸ਼ਬਦ ਇਸ ਤਰ੍ਹਾਂ ਸਨ:

ਦੇਗੋ ਤੇਗ਼ੋ ਫ਼ਤਿਹ ਓ ਨੁਸਰਤਿ ਬੇ-ਦਿਰੰਗ
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ

ਅਰਥ ਹੈ: ਮੈਨੂੰ ਦੇਗ਼ ਤੇਗ਼ ਫਤਹਿ ਤੇ ਸਫਲਤਾ ਇਕਦਮ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਾਪਤ ਹੋਈ ਹੈ।

ਇਨ੍ਹਾਂ ਭਾਵਾਂ ਨੂੰ ਰੱਖਣ ਵਾਲਾ ਵਿਅਕਤੀ ਗੁਰੂ-ਆਸ਼ੇ ਦੇ ਉਲਟ ਕਿਸ ਤਰ੍ਹਾਂ ਜਾ ਸਕਦਾ ਹੈ? ਇਸ ਵੇਲੇ ਬੰਦਈ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ, ਪਰ ਬੰਦਈ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਛੁੱਟ ਕੋਈ ਧਰਮ ਪੁਸਤਕ ਨਹੀਂ ਮੰਨਦੇ ਅਰ ਸਾਰੇ ਸੰਸਕਾਰ ਗੁਰਮਤਿ ਅਨੁਸਾਰ ਕਰਦੇ ਹਨ। 2

ਸਰਕਾਰੀ ਤੰਤਰ ਨੇ ਖਾਲਸਾ ਪੰਥ ਵਿਚ ਆਪਣੀਆਂ ਚਾਲਾਂ ਨਾਲ ਫੁੱਟ ਪੁਆ ਦਿੱਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਬਦਨਾਮ ਕਰਨ ਲਈ ਹਰ ਹੀਲਾ ਵਰਤਿਆ।

ਬੰਦਾ ਸਿੰਘ ਬਹਾਦਰ ਦੀ ਬਹਾਦਰੀ ਅਤੇ ਆਚਰਣਕ ਉੱਚਤਾ ਦੇ ਪ੍ਰਮਾਣ ਉਸ ਦੀਆਂ ਲੜਾਈਆਂ ਅਤੇ ਸ਼ਾਹੀ ਫੌਜਾਂ ਦੇ ਘੇਰੇ ਵਿੱਚੋਂ ਬਚ ਨਿਕਲਣ ਦੀਆਂ ਘਟਨਾਵਾਂ ਤੋਂ ਉਭਰ ਕੇ ਸਾਹਮਣੇ ਆਉਂਦਾ ਹੈ। ਲਸ਼ਕਰ ਵੱਲੋਂ ਲੋਹਗੜ੍ਹ ਦੀ ਘੇਰਾਬੰਦੀ ਵਿੱਚੋਂ ਬਾਬਾ ਬਾਬਾ ਬੰਦਾ ਸਿੰਘ ਬਹਾਦਰ ਬਚ ਕੇ ਨਿਕਲ ਗਏ। ਇਸ ਬਾਰੇ ਫੌਜਾਂ ਨੂੰ ਬਹੁਤ ਬਾਅਦ ਵਿਚ ਪਤਾ ਲੱਗਿਆ। ਇਸ ਨਾਕਾਮੀ ਤੋਂ ਬਾਦਸ਼ਾਹ ਆਪਣੇ ਜਰਨੈਲਾਂ ’ਤੇ ਬਹੁਤ ਖਫ਼ਾ ਹੋਇਆ। ਇਸ ਨਾਲ ਬਾਬਾ ਜੀ ਦੀ ਬਹਾਦਰੀ ਅਤੇ ਜਾਦੂਗਰ ਹੋਣ ਦੀ ਮਿੱਥ ਵੀ ਕਾਇਮ ਹੋ ਗਈ ਸੀ, ਜੋ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਵੀ ਕਿਸੇ ਨਾ ਕਿਸੇ ਰੂਪ ਵਿਚ ਕਾਇਮ ਰਹੀ।

ਲੋਹਗੜ੍ਹ ਨੂੰ ਛੱਡਣ ਤੋਂ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਾੜੀ ਇਲਾਕੇ ਵਿਚ ਰਹਿ ਕੇ ਆਪਣੀ ਸ਼ਕਤੀ ਇਕੱਤਰ ਕੀਤੀ। ਬਾਬਾ ਜੀ ਨੇ ਮੰਡੀ ਅਤੇ ਚੰਬੇ ਦੇ ਰਾਜਿਆਂ ਤੋਂ ਨਜ਼ਰਾਨੇ ਲਏ ਅਤੇ ਚੰਬੇ ਹੀ ਬਾਬਾ ਜੀ ਨੇ ਸ਼ਾਦੀ ਕਰਵਾਈ। ਆਪ ਨੇ ਕਲਾਨੌਰ ਅਤੇ ਬਟਾਲਾ ’ਤੇ ਹਮਲੇ ਕੀਤੇ ਅਤੇ ਆਪਣੇ ਅਧੀਨ ਕਰ ਲਏ। ਇਸੇ ਸਮੇਂ ਦੌਰਾਨ ਬਾਦਸ਼ਾਹ ਬਹਾਦਰ ਸ਼ਾਹ ਦੀ ਫਰਵਰੀ 1712 ਈ: ਵਿਚ ਮੌਤ ਹੋ ਗਈ। ਅਗਲੇ ਬਾਦਸ਼ਾਹ ਜਹਾਂਦਾਰਸ਼ਾਹ ਦੇ ਸਮੇਂ ਬਾਬਾ ਜੀ ਨੇ ਹੋਰ ਸ਼ਕਤੀ ਹਾਸਲ ਕਰਕੇ ਸਰਹਿੰਦ, ਸਢੌਰਾ ਅਤੇ ਲੋਹਗੜ੍ਹ ’ਤੇ ਦੁਬਾਰਾ ਕਬਜ਼ਾ ਕਰ ਲਿਆ, ਪਰ ਇਹ ਕਬਜ਼ਾ ਥੋੜ੍ਹਾ ਸਮਾਂ ਰਿਹਾ ਕਿਉਂਕਿ ਦਿੱਲੀ ਦੇ ਤਖ਼ਤ ’ਤੇ ਹੁਣ ਫ਼ਰੁਖਸੀਅਰ ਬੈਠ ਚੁੱਕਾ ਸੀ ਜਿਸ ਨੇ ਬਾਬਾ ਜੀ ਉੱਪਰ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ। ਸ਼ਾਹੀ ਲਸ਼ਕਰ ਦੇ ਦਬਾਅ ਹੇਠ ਬਾਬਾ ਜੀ ਸਰਹਿੰਦ ਛੱਡ ਕੇ ਚਲੇ ਗਏ ਤੇ ਕਸ਼ਮੀਰ ਦੇ ਇਲਾਕੇ ’ਚ ਰਹਿਣ ਲੱਗੇ। ਇਸ ਤਰ੍ਹਾਂ ਦੇ ਕਈ ਬ੍ਰਿਤਾਂਤ ਬਾਬਾ ਬੰਦਾ ਸਿੰਘ ਬਹਾਦਰ ਦੇ ਯੁੱਧਨੀਤਕ ਪੈਂਤੜਿਆਂ ਨੂੰ ਦਰਸਾਉਂਦੇ ਹਨ।

ਗੁਰਦਾਸ ਨੰਗਲ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਸ਼ਾਹੀ ਫੌਜਾਂ ਨੇ ਘੇਰ ਲਿਆ ਤਾਂ ਉਹ ਬਹੁਤ ਸਮਾਂ ਸਾਧਨਾਂ ਦੀ ਘਾਟ ਵਿਚ ਹੀ ਸ਼ਾਹੀ ਫੌਜਾਂ ਦਾ ਟਾਕਰਾ ਕਰਦੇ ਰਹੇ। ਜਦੋਂ ਖਾਣਾ-ਦਾਣਾ ਖ਼ਤਮ ਹੋ ਗਿਆ ਤਾਂ ਵੀ ਸ਼ਾਹੀ ਫੌਜਾਂ ਦੇ ਜਰਨੈਲਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਛਲ-ਕਪਟ ਨਾਲ ਹੀ ਗ੍ਰਿਫਤਾਰ ਕੀਤਾ ਪਰ ਉਸ ਅਵਸਥਾ ਵਿਚ ਵੀ ਬਾਬਾ ਜੀ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੇ ਕੋਈ ਕਮਜ਼ੋਰੀ ਨਹੀਂ ਦਿਖਾਈ ਸਗੋਂ ਬੜੀ ਸਿਦਕਦਿਲੀ ਨਾਲ ਜ਼ੁਲਮ ਤੇ ਤਸ਼ੱਦਦ ਨੂੰ ਝੱਲਿਆ। ਬਾਬਾ ਜੀ ਨੂੰ ਪਿੰਜਰੇ ਵਿਚ ਬੰਦ ਕਰਕੇ ਦਿੱਲੀ ਲਿਜਾਇਆ ਗਿਆ ਜਿਥੇ ਸਖ਼ਤ ਤਸੀਹੇ ਦਿੱਤੇ ਗਏ ਅਤੇ ਇਸਲਾਮ ਕਬੂਲ ਕਰਨ ਲਈ ਦਬਾਅ ਪਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਬਹੁਤ ਦਲੇਰੀ ਨਾਲ ਸ਼ਹਾਦਤ ਨੂੰ ਮਨਜ਼ੂਰ ਕੀਤਾ।

ਜੂਨ ਸੰਨ 1716 ਈ: ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਲਈ ਕਿਲ੍ਹੇ ’ਚੋਂ ਬਾਹਰ ਕੱਢਿਆ ਗਿਆ। ਆਪ ਨੂੰ ਸੰਗਲਾਂ ਅਤੇ ਬੇੜੀਆਂ ਨਾਲ ਨੂੜ ਕੇ ਪਿੰਜਰੇ ਵਿਚ ਬੰਦ ਕੀਤਾ ਹੋਇਆ ਸੀ। ਕਤਲਗਾਹ ’ਤੇ ਲਿਜਾ ਕੇ ਆਪ ਨੂੰ ਪਿੰਜਰੇ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਦੇ ਚਾਰ ਸਾਲਾਂ ਦੇ ਪੁੱਤਰ ਅਜੈ ਸਿੰਘ ਨੂੰ ਉਨ੍ਹਾਂ ਦੀ ਗੋਦ ਵਿਚ ਬਿਠਾ ਕੇ ਜਲਾਦ ਨੇ ਮਾਸੂਮ ਬਾਲ ਦੇ ਟੋਟੇ-ਟੋਟੇ ਕਰ ਦਿੱਤੇ ਅਤੇ ਉਸ ਦਾ ਦਿਲ ਕੱਢ ਕੇ ਬਾਬਾ ਜੀ ਦੇ ਮੂੰਹ ਵਿਚ ਪਾਇਆ ਗਿਆ। ਬਾਬਾ ਜੀ ਦੀ ਸ਼ਹਾਦਤ ਇਕ ਮਿਸਾਲ ਹੈ। ਜਲਾਦ ਨੇ ਪਹਿਲਾਂ ਉਨ੍ਹਾਂ ਦੀ ਖੱਬੀ ਅੱਖ ਕੱਢੀ, ਫਿਰ ਸੱਜੀ ਅੱਖ ਕੱਢੀ, ਇਸ ਤੋਂ ਪਿੱਛੋਂ ਆਪ ਦੀ ਖੱਬੀ ਲੱਤ ਕੱਟ ਦਿੱਤੀ ਗਈ, ਫਿਰ ਦੋਵੇਂ ਬਾਹਵਾਂ ਕੱਟ ਦਿੱਤੀਆਂ ਗਈਆਂ। ਸੱਜੀ ਲੱਤ ਕੱਟਣ ਤੋਂ ਬਾਅਦ ਗਰਮ ਜਮੂਰਾਂ ਨਾਲ ਉਨ੍ਹਾਂ ਦਾ ਮਾਸ ਨੋਚਿਆ ਗਿਆ ਪਰ ਸਿਦਕਦਿਲੀ ਦੀ ਸਿਖਰ ਹੀ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਬਿਲਕੁਲ ਅਡੋਲ ਰਹੇ। ਉਨ੍ਹਾਂ ਦੇ ਨੱਕ, ਕੰਨ ਵੀ ਕੱਟ ਦਿੱਤੇ ਗਏ। ਉਨ੍ਹਾਂ ਦਾ ਸਿਰ ਹਥੌੜਿਆਂ ਨਾਲ ਭੰਨਿਆ ਗਿਆ ਤੇ ਰਹਿੰਦੇ ਸਰੀਰ ਦੇ ਟੋਟੇ ਕੀਤੇ ਗਏ। ਅਜਿਹੀ ਤਸੀਹਾਜਨਕ ਸ਼ਹਾਦਤ ਘੱਟ ਹੀ ਦ੍ਰਿਸ਼ਟੀਗੋਚਰ ਹੁੰਦੀ ਹੈ। ਉਹ ਇੰਨੇ ਤਸੀਹੇ ਝੱਲ ਕੇ ਆਪਣੇ ਧਰਮ ਅਤੇ ਸਿਦਕ ’ਤੇ ਕਾਇਮ ਰਹੇ, ਇਤਨਾ ਹੀ ਨਹੀਂ ਸਗੋਂ ਉਨ੍ਹਾਂ ਦਾ ਕੋਈ ਵੀ ਸਾਥੀ ਆਪਣੇ ਅਕੀਦੇ ਤੋਂ ਨਹੀਂ ਡੋਲਿਆ ਸੀ।

ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਸ਼੍ਰੀ ਗੋਕਲ ਚੰਦ ਨਾਰੰਗ ਦਾ ਇਹ ਕਥਨ ਪੂਰੀ ਤਰ੍ਹਾਂ ਦਲੀਲ ਯੁਕਤ ਜਾਪਦਾ ਹੈ ਕਿ, “ਜਿਨ੍ਹਾਂ ਲੋਕਾਂ ਨੇ ਗੁਰੂ ਸਾਹਿਬਾਨ ਦਾ ਨਾਮ ਨਹੀਂ ਸੀ ਸੁਣਿਆ, ਉਹ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਦੁਆਰਾ ਪ੍ਰਾਪਤ ਹੋਈ ਸ਼ਾਨ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਦੀ ਗਿਣਤੀ ਵਿਚ ਉਸ ਨਾਲ ਮਿਲ ਗਏ। ਉਸ ਦੀ ਨਿੱਜੀ ਆਕਰਸ਼ਣ ਸ਼ਕਤੀ ਵੀ ਬੜੀ ਸੀ ਅਤੇ ਇਸ ਨੇ ਉਸ ਦੇ ਅਨੁਯਾਈਆਂ ਨੂੰ ਉਸ ਨਾਲ ਪੱਕੀ ਤਰ੍ਹਾਂ ਜੋੜ ਦਿੱਤਾ ਸੀ। ਇਸ ਤੱਥ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਮੁਗ਼ਲ ਸਰਕਾਰ ਦੁਆਰਾ ਫੜੇ ਅਤੇ ਕਤਲ ਕੀਤੇ ਗਏ ਹਜ਼ਾਰਾਂ ਸਿੱਖਾਂ ਵਿੱਚੋਂ ਇਕ ਨੇ ਵੀ ਆਪਣੀ ਜਾਨ ਬਚਾਉਣ ਲਈ ਧਰਮ ਨਾ ਛੱਡਿਆ, ਬੰਦੇ (ਬਾਬਾ ਬੰਦਾ ਸਿੰਘ ਬਹਾਦਰ) ਦੀ ਆਪਣੀ ਬੇਮਿਸਾਲ ਪਵਿੱਤਰਤਾ ਅਤੇ ਉੱਚਾ ਚਰਿੱਤਰ ਉਤਨਾ ਵੱਡਾ ਕਾਰਨ ਹੀ ਸੀ ਜਿਤਨਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਰਨਾ।”3

ਪੰਜਾਬ ਦੀ ਕਿਸਾਨੀ ਨੂੰ ਪਹਿਲੀ ਵਾਰ ਭੋਇੰ ਦੀ ਮਾਲਕੀ ਸੌਂਪ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਨਕਲਾਬੀ ਕਾਰਜ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸਦੀਆਂ ਤੋਂ ਕਾਇਮ ਜ਼ਿਮੀਂਦਾਰੀ ਪ੍ਰਥਾ ਨੂੰ ਖ਼ਤਮ ਕਰ ਕੇ ਹਲਵਾਹਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ, ਜਿਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਵਿਚ ਸੁਧਾਰ ਹੋਇਆ ਅਤੇ ਕਿਸਾਨ ਬਾਬਾ ਜੀ ਦੇ ਹਮਾਇਤੀ ਬਣੇ। ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਤਬਦੀਲੀਆਂ ਵਿਚ ਇਹ ਬਹੁਤ ਵੱਡਾ ਕਦਮ ਸੀ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਪੁੱਟਿਆ। ਇਹ ਲੋਕ-ਹਿਤੈਸ਼ੀ ਰਾਜ ਦੀ ਕਾਇਮੀ ਵੱਲ ਜਾਂਦਾ ਸੀ। ਇਸ ਉੱਪਰ ਹੀ ਸਿੱਖ ਮਿਸਲਾਂ ਕਾਇਮ ਹੋਈਆਂ ਜੋ ਸਿੱਖ ਗਣਰਾਜ ਦਾ ਨਮੂਨਾ ਸੀ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਸ਼ਕਤੀਸ਼ਾਲੀ ਰਾਜ ਕਾਇਮ ਹੋਇਆ। ਪੰਜਾਬ ਦੇ ਜੱਟਾਂ ਵੱਲੋਂ ਸ਼ਕਤੀ ਗ੍ਰਹਿਣ ਕਰਨ ਨੂੰ ਪ੍ਰਸਿੱਧ ਸ਼ਾਇਰ ਵਾਰਸ ਸ਼ਾਹ ਨੇ ਵੀ ਤਸਲੀਮ ਕੀਤਾ ਹੈ:

ਜਦੋਂ ਦੇਸ਼ ਦੇ ਜੱਟ ਸਰਦਾਰ ਹੋਏ,
ਘਰੋ ਘਰੀ ਜਾ ਨਵੀਂ ਬਹਾਰ ਹੋਈ।

ਪੰਜਾਬ ਵਿਚ ਜੱਟਾਂ ਨੂੰ ਇਹ ਸਰਦਾਰੀਆਂ ਦਰਅਸਲ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਦੀ ਬਦੌਲਤ ਹੀ ਪ੍ਰਾਪਤ ਹੋਈਆਂ ਸਨ। ਕਿਉਂਕਿ ‘ਮੁਗ਼ਲ ਸਾਸ਼ਨ ਵਿਚ ਬੇਨਾਮੀ ਵਾਹੀ ਆਮ ਸੀ। ਵਾਹੀ ਕੋਈ ਹੋਰ ਕਰਦਾ ਸੀ ਤੇ ਜ਼ਮੀਨ ਦਾ ਮਾਲਕ ਕੋਈ ਹੋਰ ਹੁੰਦਾ ਸੀ ਪਰ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵਿਚ ਵਾਹੀ ਕਰਨ ਵਾਲਿਆਂ ਨੂੰ ਜ਼ਮੀਨ ਦਾ ਮਾਲਕ ਘੋਸ਼ਿਤ ਕਰ ਦਿੱਤਾ ਗਿਆ। ਸਿੱਖ ਮਤ ਦੇ ਸਿਧਾਂਤ ਤੇ ਮਰਯਾਦਾ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਵੀ ਅਹੁਦੇ ਅਤੇ ਸਰਦਾਰੀਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਵੀ ਆਪਣੇ ਸਮਰਥਕ ਬਣਾ ਲਿਆ। ਕੁਝ ਮੁਸਲਮਾਨ ਇਤਿਹਾਸਕਾਰਾਂ ਨੇ ਤੁਅੱਸਬ ਦੇ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਿਰਦਈ ਤੇ ਅਤਿਆਚਾਰੀ ਵਜੋਂ ਪੇਸ਼ ਕੀਤਾ ਹੈ, ਪਰ ਅਸਲ ਵਿਚ ਉਨ੍ਹਾਂ ਦਾ ਪ੍ਰਸ਼ਾਸਨ ਮਨੁੱਖ ਜਾਤੀ ਦਾ ਹਿਤੂ ਸੀ।”4 ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਰਾਜਨੀਤਿਕ, ਸਭਿਆਚਾਰਕ, ਆਰਥਿਕ ਤੇ ਸਮਾਜਿਕ ਦੂਰ-ਦ੍ਰਿਸ਼ਟੀ ਦੀ ਗਵਾਹੀ ਦਿੰਦਾ ਹੈ।

ਮੁਗ਼ਲ ਸਲਤਨਤ ਦੇ ਢਹਿ-ਢੇਰੀ ਹੋਣ ’ਤੇ ਪੰਜਾਬ ਦੀ ਕਿਸਾਨੀ ਦੇ ਰਾਜਸੱਤਾ ਵੱਲ ਨੂੰ ਵਧਣ ਬਾਰੇ ਪ੍ਰਸਿੱਧ ਸੂਫੀ ਫਕੀਰ ਸਾਈਂ ਬੁੱਲ੍ਹੇ ਸ਼ਾਹ ਦੀ ਰਚੀ ਤੇ ਲੋਕ-ਕਹਾਵਤ ਦਾ ਰੂਪ ਬਣ ਚੁੱਕੀ ਇਹ ਉਕਤੀ ਮਸ਼ਹੂਰ ਹੈ:

“ਭੂਰਿਆਂ ਵਾਲੇ ਰਾਜੇ ਕੀਤੇ ਮੁਗ਼ਲਾਂ ਜ਼ਹਿਰ ਪਿਆਲੇ ਪੀਤੇ।”

ਪੰਜਾਬ ਦੇ ਕਿਸਾਨ ਜੋ ਸਿੱਖ ਸੰਘਰਸ਼ ਵਿਚ ਸ਼ਾਮਲ ਹੋਏ ਸਨ ਤੇ ਉਸ ਵੇਲੇ ਭੂਰਿਆਂ ਦੀ ਬੁੱਕਲ ਮਾਰ ਕੇ ਘੋੜਿਆਂ ’ਤੇ ਸਵਾਰ ਰਹਿੰਦੇ ਸਨ। ਅਜਿਹਾ ਲੋਕ-ਹਿਤੈਸ਼ੀ ਵਿਅਕਤੀ ਨਿਰਦਈ ਨਹੀਂ ਹੋ ਸਕਦਾ, ਜਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਪ੍ਰਚਾਰਿਆ ਗਿਆ ਹੈ ਕਿ ਉਹ ਜ਼ਾਲਮ ਤੇ ਤੁਅੱਸਬੀ ਸੀ ਅਤੇ ਉਸ ਨੇ ਮੁਸਲਮਾਨਾਂ ਦੀਆਂ ਕਬਰਾਂ ਤਕ ਫਰੋਲੀਆਂ ਸਨ। ਉਸ ਨੇ ਤਾਂ ਸਿਰਫ਼ ਬੀਬੀ ਅਨੂਪ ਕੌਰ ਦੀ ਦੇਹ ਨੂੰ ਮਲੇਰਕੋਟਲਾ ਵਿਖੇ ਕਬਰ ’ਚੋਂ ਕਢਵਾ ਕੇ ਸਿੱਖ ਮਰਯਾਦਾ ਅਨੁਸਾਰ ਸੰਸਕਾਰ ਕਰਾਇਆ ਸੀ, ਹੋਰ ਕਬਰਾਂ ਜਾਂ ਮਕਬਰੇ ਨਹੀਂ ਤੋੜੇ ਸਨ। ਇਸ ਦਾ ਸਬੂਤ ਸਰਹਿੰਦ ਅਤੇ ਉਸ ਦੇ ਆਲੇ-ਦੁਆਲੇ ਸਦੀਆਂ ਪੁਰਾਣੀਆਂ ਕਬਰਾਂ, ਮਕਬਰੇ, ਖਾਨਗਾਹਾਂ ਅਤੇ ਦਰਗਾਹਾਂ ਅੱਜ ਵੀ ਮੌਜੂਦ ਹਨ।

ਉਕਤ ਮੰਥਨ ਤੋਂ ਅਸੀਂ ਇਸ ਸਿੱਟੇ ’ਤੇ ਪਹੁੰਚਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਇਕ ਸੁਯੋਗ ਪ੍ਰਬੰਧਕ ਅਤੇ ਕਿਰਸਾਨੀ ਰਾਜਸੱਤਾ ਦੇ ਪ੍ਰਤੀਕ ਸਨ, ਜੋ ਉਨ੍ਹਾਂ ਨੇ ਗੁਰੂ ਆਸ਼ੇ ਅਨੁਸਾਰ ਕਾਇਮ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਚਰਿੱਤਰ ਅਤੇ ਜੀਵਨ ਬਾਰੇ ਆਧੁਨਿਕ ਪ੍ਰਸੰਗ ਵਿਚ ਹੋਰ ਖੋਜ ਕਰਨ ਦੀ ਲੋੜ ਹੈ ਤਾਂ ਜੋ ਉਨ੍ਹਾਂ ਬਾਰੇ ਪਾਈਆਂ ਗਈਆਂ ਭ੍ਰਾਂਤੀਆਂ ਨੂੰ ਦੂਰ ਕੀਤਾ ਜਾ ਸਕੇ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਭਾਸ਼ਾ ਵਿਭਾਗ ਪੰਜਾਬ, ਪਟਿਆਲਾ

ਡਾ.ਭਗਵੰਤ ਸਿੰਘ ਆਪਣੇ ਨਿਰੰਤਰ ਖੋਜ ਕਾਰਜ ਅਤੇ ਸਾਹਿਤ ਰਚਨਾ ਕਾਰਨ ਭਾਸ਼ਾ ਵਿਭਾਗ ਪੰਜਾਬ ਦੇ ਸਾਹਿਤਕ ਚਿਹਰਿਆਂ ਵਿਚੋਂ ਇਕ ਉੱਭਰਵਾਂ ਅਤੇ ਵੱਖਰੀ ਪਹਿਚਾਣ ਵਾਲਾ ਚਿਹਰਾ ਹੈ। ਜਿਸ ਨੇ ਨਾ ਕੇਵਲ ਖੋਜ, ਸੰਪਾਦਨਾ, ਸਾਹਿਤ ਰਚਨਾ, ਆਲੋਚਨਾ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ ਸਗੋਂ ਇਕ ਖੋਜ ਅਫ਼ਸਰ ਵਜੋਂ ਉਸਨੇ ਆਪਣਾ ਪ੍ਰਭਾਵ ਇਕ ਕੁਸ਼ਲ ਪ੍ਰਸ਼ਾਸਕ, ਸਾਹਿਤ ਸਰਗਰਮੀਆਂ ਦਾ ਸਫਲ ਪ੍ਰਬੰਧਕ, ਸਟੇਜ ਦਾ ਧਨੀ, ਭਾਸ਼ਾ ਵਿਭਾਗ ਵਲੋਂ ਪ੍ਰਕਾਸ਼ਤ ਸਾਹਿਤ ਰਸਾਲਿਆਂ “ਜਨ-ਸਾਹਿਤ” ਅਤੇ ਪੰਜਾਬੀ ਦੁਨੀਆਂ ਦਾ ਪ੍ਰਬੁੱਧ ਸਹਾਇਕ ਸੰਪਾਦਕ ਵਜੋਂ ਵੀ ਪੰਜਾਬੀ ਸਾਹਿਤ ਜਗਤ ਵਿੱਚ ਇਕ ਸੁਲਝੇ ਹੋਏ ਵਿਦਵਾਨ ਵਜੋਂ ਵਡਾਇਆ ਹੈ। ਭਾਸ਼ਾ ਵਿਭਾਗ,ਪੰਜਾਬ ਵਿੱਚ ਆਪਣੀ 23 ਸਾਲ ਦੀ ਸੇਵਾ ਕਰਦਿਆਂ ਉਸਦੀ ਸਰਗਰਮ ਭੂਮਿਕਾ ਕਾਰਨ ਬਹੁਤ ਸਾਰੇ ਯਾਦਗਾਰੀ ਸਮਾਗਮਾਂ ਦਾ ਸਿਲਸਿਲਾ ਜਾਰੀ ਰਿਹਾ ਹੈ। ਪੰਜਾਬੀ, ਹਿੰਦੀ, ਰਾਜਨੀਤੀ ਵਿਗਿਆਨ, ਪਰਸ਼ੀਅਨ, ਬਹੁ ਭਾਸ਼ੀ ਉਚ ਡਿਗਰੀਆਂ ਦੀ ਯੋਗਤਾ ਕਾਰਨ ਉਹ ਭਾਸ਼ਾ ਵਿਭਾਗ ਵਿਚ ਇਕ ਵਿਦਵਾਨ ਅਨੁਵਾਦਕ, ਸੋਧਕਾਰ, ਕੋਸ਼ਕਾਰ ਵਜੋਂ ਹੀ ਨਹੀਂ ਜਾਣਿਆ ਗਿਆ ਸਗੋਂ ਉਸਦੀ ਆਪਣੀ ਮੌਲਿਕ ਰਚਨਾ ਦੀ ਸ਼ਬਦਾਵਲੀ ਦੀ ਅਮੀਰੀ ਦਾ ਸਬੱਬ ਵੀ ਬਣੀ। ਡਾ.ਭਗਵੰਤ ਸਿੰਘ ਨੇ ਆਪਣੀ ਕਲਮ ਤੋਂ ਦਸ ਤੋਂ ਵੱਧ ਪੁਸਤਕਾਂ ਦੀ ਰਚਨਾ ਕੀਤੀ ਜਿਨ੍ਹਾਂ ਵਿਚੋਂ ਪਿਆਰਾ ਸਿੰਘ ਸਹਿਰਾਈ ਦਾ ਕਾਵਿ ਲੋਕ, ਸ਼ਬਦ ਟਕਸਾਲ, ਗਿੱਲ ਮੋਰਾਂਵਲੀ ਦੀ ਨਾਰੀ ਚੇਤਨਾ, ਸ਼ੇਰ ਸਿੰਘ ਕੰਵਲ ਦੀ ਵਿਚਾਰਧਾਰਾ, ਸੁਰਜੀਤ ਸਿੰਘ ਪੰਛੀ ਵਿਵੇਚਨਾਤਮਕ ਅਧਿਐਨ, ਸਾਡੇ ਇਤਿਹਾਸਕ ਸਮਾਰਕ, ਤੂੰ ਸੰਪੂਰਣ ਹੈਂ, ਗਿੱਲ ਮੋਰਾਂਵਾਲੀ ਰਚਨਾ ਅਤੇ ਸਮਾਜਿਕ ਸਾਪੇਖਤਾ, ਮਹਾਰਾਜਾ ਰਣਜੀਤ ਸਿੰਘ, ਗੁਰਦੇਵ ਸਿੰਘ ਮਾਨ, ਸਾਡੇ ਸਮਿਆਂ ਦਾ ਆਦਰਸ਼ ਬਾਪੂ ਕਰਤਾਰ ਸਿੰਘ ਧਾਲੀਵਾਲ ਆਦਿ ਦੀ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਪਹਿਚਾਣ ਹੈ। ਆਪਨੇ ਤਕਰੀਬਨ ਦੋ ਸੌ ਤੋਂ ਵੱਧ ਖੋਜ ਪੱਤਰ ਲਿਖੇ ਹਨ ਜੋ ਵੱਖੋ ਵੱਖਰੀਆਂ ਕਾਨਫਰੰਸਾਂ ਵਿੱਚ ਪੜ੍ਹੇ ਗਏ ਅਤੇ ਵੱਖ-ਵੱਖ ਖੋਜ ਪੱਤਰਾਂ ਵਿੱਚ ਛਪੇ।ਆਪ ਜੀ ਦੀ ਸੰਪਾਦਨਾ ਹੇਠ ‘ਜਾਗੋ ਇੰਟਰਨੈਸ਼ਨਲ’ ਪੰਜਾਬੀ ਤ੍ਰੈਮਾਸਿਕ ਨਿਰੰਤਰ ਅੱਠ ਸਾਲ ਤੋਂ ਪ੍ਰਕਾਸ਼ਤ ਹੋ ਰਿਹਾ ਹੈ। ਡਾ.ਭਗਵੰਤ ਸਿੰਘ ਆਪਣੀ ਈਮਾਨਦਾਰੀ, ਮਿਲਾਪੜੀ ਅਤੇ ਬੁੱਧੀਮਾਨ ਸ਼ਖ਼ਸੀਅਤ ਸਦਕਾ ਸਾਹਿਤਕ ਖੇਤਰ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਦੇ ਅਹੁਦੇਦਾਰ ਚਲੇ ਆ ਰਹੇ ਹਨ। ਮਾਲਵਾ ਰਿਸਰਚ ਸੈਂਟਰ, ਪਟਿਆਲਾ (ਰਜਿ.) ਦੇ ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਪ੍ਰਧਾਨ, ਨਿਰਮਲਾ ਵਿਦਿਅਕ ਚੈਰੀਟੇਬਲ ਟਰੱਸਟ ਚਮਕੌਰ ਸਾਹਿਬ ਦੇ ਪ੍ਰੈਸ ਸਕੱਤਰ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਅੱਜ ਵੀ ਹਨ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋ) ਰਜਿ: ਦੇ ਕਾਰਜਕਾਰਨੀ ਮੈਂਬਰ ਅਤੇ ਖੋਜ ਅਤੇ ਆਲੋਚਨਾ ਸਕੂਲ ਕਮੇਟੀ ਦੇ ਮੀਤ ਪ੍ਰਧਾਨ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)