editor@sikharchives.org

ਪਹਿਲਾ ਸਿੱਖ ਹੁਕਮਰਾਨ – ਬਾਬਾ ਬੰਦਾ ਸਿੰਘ ਬਹਾਦਰ

ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਖਾਲਸੇ ਨੇ ਪੰਜਾਬ ਵਿਚ ਇਕ ਅਜਿਹਾ ਸਿੰਘ-ਨਾਦ ਪੈਦਾ ਕੀਤਾ ਕਿ ਮੁਗ਼ਲ ਰਾਜ ਦੇ ਮਹਿਲ ਢਹਿ- ਢੇਰੀ ਹੋਣ ਲੱਗੇ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਪੰਜਾਬ ਦੀ ਧਰਤੀ ਸਦੀਆਂ ਤੋਂ ਬਦੇਸ਼ੀ ਹਮਲਾਵਰਾਂ ਦੇ ਪੈਰਾਂ ਥੱਲੇ ਲਤਾੜੀ ਜਾਂਦੀ ਰਹੀ ਹੈ। ਇੱਥੋਂ ਦੇ ਲੋਕਾਂ ਨੂੰ ਰੋਜ਼-ਰੋਜ਼ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਧਾੜਵੀਆਂ ਦੇ ਹੱਥੋਂ ਅਪਮਾਨਿਤ ਹੋਣਾ ਪੈਂਦਾ ਸੀ। ਗੁਰੂ ਸਾਹਿਬਾਨ ਇਥੋਂ ਦੀ ਦੱਬੀ-ਕੁਚਲੀ, ਸਾਹਸਤਹੀਣ ਤੇ ਨਿਰਾਸ਼ਤਾ ਵਿਚ ਘਿਰੀ ਜਨਤਾ ਲਈ ਅਧਿਆਤਮਿਕ ਗਿਆਨ, ਉੱਦਮ, ਸੂਰਬੀਰਤਾ, ਆਤਮ-ਸਨਮਾਨ, ਆਤਮ-ਵਿਸ਼ਵਾਸ, ਜੂਝਣ, ਮਰਨ ਤੇ ਫਤਹਿ ਦੀ ਚੜ੍ਹਦੀ ਕਲਾ ਵਾਲੇ ਜੀਵਨ ਦਾ ਸੁਨੇਹਾ ਲੈ ਕੇ ਆਏ ਸਨ। ਉਨ੍ਹਾਂ ਨੇ ਆਪਣੇ ਮਹਾਨ ਅਗੰਮੀ ਜੀਵਨ, ਸੱਚੀ-ਸੁੱਚੀ ਕਹਿਣੀ ਤੇ ਕਰਨੀ ਤੇ ਅੰਮ੍ਰਿਤ ਬਾਣੀ ਨਾਲ ਪੰਜਾਬ ਦੇ ਲੋਕਾਂ ਵਿਚ ਇਕ ਨਵੇਂ ਜੀਵਨ ਦਾ ਸੰਚਾਰ ਕਰ ਦਿੱਤਾ ਸੀ। ਗੁਰਮਤਿ ਦੇ ਆਦਰਸ਼ਾਂ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਗਤੀ ਤੇ ਸ਼ਕਤੀ ਦੇ ਧਾਰਨੀ ਸੰਤ-ਸਿਪਾਹੀ ਤਥਾ ਇਕ ਸੁਤੰਤਰ ਤੇ ਸੰਪੂਰਨ ਮਨੁੱਖ ‘ਖਾਲਸਾ’ ਦੀ ਸਾਜਨਾ ਕੀਤੀ। ਖਾਲਸਾ ਪੰਥ ਦੀ ਸਾਜਨਾ ਨਾਲ ਪੰਜਾਬ ਦੇ ਤ੍ਰਾਸੇ ਹੋਏ ਲੋਕਾਂ ਦੇ ਚਿਹਰੇ ’ਤੇ ਇਕ ਜਲਾਲ ਚਮਕਣ ਲੱਗਾ। ਇਕ-ਇਕ ਸਿੰਘ ਆਪਣੇ ਆਪ ਨੂੰ ਸਵਾ ਲੱਖ ਦੇ ਬਰਾਬਰ ਸਮਝਦਾ ਸੀ। ਮੁਗ਼ਲ ਹਕੂਮਤ ਅਤੇ ਸਥਾਨਕ ਰਜਵਾੜਿਆਂ ਨੇ ਇਸ ਨਵੀਂ ਪੈਦਾ ਹੋਈ ਰੋਸ਼ਨੀ ਨੂੰ ਖਤਮ ਕਰਨ ਦਾ ਯਤਨ ਕੀਤਾ ਕਿਉਂਕਿ ਉਹ ਆਪਣੇ ਆਪ ਨੂੰ ਜੀਵਨ ਵਿਚ ਪਾਈਆਂ ਢੇਰ ਸਾਰੀਆਂ ਕਮਜ਼ੋਰੀਆਂ ਕਾਰਨ ਇਨ੍ਹਾਂ ਨਵੇਂ ਸਜੇ ਸਿੰਘਾਂ/ਖਾਲਸਾ ਪੰਥ ਦੇ ਸਾਹਮਣੇ ਬੌਣੇ ਮਹਿਸੂਸ ਕਰਨ ਲੱਗ ਪਏ ਸਨ। ਇਸ ਸੰਘਰਸ਼ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ-ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ, ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਅਤੇ ਅਨੇਕ ਸਿੰਘ-ਸਿੰਘਣੀਆਂ ਅਤੇ ਭੁਝੰਗੀ ਸ਼ਹੀਦ ਹੋ ਗਏ। ਥੋੜ੍ਹੀ ਗਿਣਤੀ ਵਿਚ ਹੋਣ ’ਤੇ ਵੀ ਚਮਕੌਰ ਦੀ ਗੜ੍ਹੀ ਅਤੇ ਮੁਕਤਸਰ ਦੇ ਸਥਾਨ ’ਤੇ ਸਿੰਘਾਂ ਨੇ ਮੁਗ਼ਲ ਫੌਜ ਦਾ ਮੂੰਹ ਮੋੜ ਦਿੱਤਾ ਸੀ। ਅਸਲ ਵਿਚ ਸੰਘਰਸ਼ ਦਾ ਸਿਧਾਂਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਉਂ ਸਪਸ਼ਟ ਕੀਤਾ ਸੀ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)

ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਦ੍ਰਿੜ੍ਹ ਕਰਵਾਇਆ ਗਿਆ ਕਿ

ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ॥
ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ॥ (ਪੰਨਾ 1096)

ਇਸ ਲੇਖ ਵਿਚ ਦੁਨੀਆਂ ਵਿਚ ਪਹਿਲੇ ਸਿੱਖ ਹੁਕਮਰਾਨ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਵਿਚਾਰ ਕਰ ਰਹੇ ਹਾਂ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੰਘ ਸਜਾਇਆ ਤੇ ਖਾਲਸੇ ਦਾ ਆਗੂ ਥਾਪ ਕੇ ਜ਼ਾਲਮਾਂ ਦੀ ਸੋਧ ਕਰਨ ਹਿੱਤ ਪੰਜਾਬ ਵੱਲ ਤੋਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਖਾਲਸੇ ਨੇ ਪੰਜਾਬ ਵਿਚ ਇਕ ਅਜਿਹਾ ਸਿੰਘ-ਨਾਦ ਪੈਦਾ ਕੀਤਾ ਕਿ ਮੁਗ਼ਲ ਰਾਜ ਦੇ ਮਹਿਲ ਢਹਿ- ਢੇਰੀ ਹੋਣ ਲੱਗੇ। ਡਰਾਉਣੇ ਅਤੇ ਜ਼ਾਲਮ ਸੂਬੇਦਾਰ ਅਤੇ ਵੱਡੇ-ਵੱਡੇ ਫੌਜਦਾਰ ਖੁਦ ਡਰ ਨਾਲ ਕੰਬਣ ਲੱਗ ਪਏ। ਖਾਲਸੇ ਨੇ ਥੋੜ੍ਹੇ ਸਮੇਂ ਵਿਚ ਹੀ ਪੰਜਾਬ ਦੇ ਰਾਜ, ਸਮਾਜ ਤੇ ਅਰਥ-ਵਿਵਸਥਾ ਨੂੰ ਪਲਟ ਕੇ ਰੱਖ ਦਿੱਤਾ ਸੀ।

ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 16 ਅਕਤੂਬਰ 1670 ਈ: ਨੂੰ ਪੁਣਛ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਰਾਜੌਰੀ ਵਿਚ ਹੋਇਆ। ਉਸ ਦੇ ਪਿਤਾ ਦਾ ਨਾਂ ਰਾਮਦੇਵ ਸੀ ਜੋ ਕਿ ਭਾਰਦਵਾਜ ਰਾਜਪੂਤ ਸੀ। ਉਹ ਇਕ ਸਾਧਾਰਨ ਕਿਸਾਨ ਸੀ। ਬਾਬਾ ਬੰਦਾ ਸਿੰਘ ਦਾ ਪਹਿਲਾ ਨਾਂ ਲਛਮਣ ਦੇਵ ਸੀ। ਉਸ ਨੂੰ ਸ਼ਿਕਾਰ ਖੇਡਣ ਦਾ ਬਹੁਤ ਸ਼ੌਕ ਸੀ। ਇਕ ਦਿਨ ਉਸ ਨੇ ਇਕ ਹਿਰਨੀ ਦਾ ਸ਼ਿਕਾਰ ਕੀਤਾ। ਹਿਰਨੀ ਦੇ ਪੇਟ ਵਿਚ ਦੋ ਬੱਚੇ ਸਨ। ਇਹ ਬੱਚੇ ਉਸ ਦੀਆਂ ਅੱਖਾਂ ਸਾਹਮਣੇ ਤੜਫ-ਤੜਫ ਕੇ ਮਰ ਗਏ। ਲਛਮਣ ਦੇਵ ਨੂੰ ਇਸ ਘਟਨਾ ਨੇ ਝੰਜੋੜ ਕੇ ਰੱਖ ਦਿੱਤਾ। ਉਸ ਨੇ ਅੱਗੋਂ ਕਦੇ ਸ਼ਿਕਾਰ ਨਾ ਖੇਡਣ ਦੀ ਸਹੁੰ ਖਾਧੀ। ਹਿਰਨੀ ਦੀ ਹੱਤਿਆ ਦੇ ਪਸ਼ਚਾਤਾਪ ਕਾਰਨ ਉਸ ਦੇ ਮਨ ਵਿਚ ਉਦਾਸੀਨਤਾ ਦੀ ਭਾਵਨਾ ਜਾਗ ਉਠੀ। ਉਹ ਸਾਧੂਆਂ ਦੇ ਇਕ ਟੋਲੇ ਨਾਲ ਮਿਲ ਕੇ ਭਾਰਤ ਵਿਚ ਤੀਰਥਾਂ ’ਤੇ ਘੁੰਮਣ-ਫਿਰਨ ਲੱਗਾ। ਕੁਝ ਚਿਰ ਬਾਅਦ ਨਾਸਿਕ ਵਿਖੇ ਪਹੁੰਚਣ ’ਤੇ ਉਸ ਦਾ ਮੇਲ ਇਕ ਜੋਗੀ ਔਘੜ ਨਾਥ ਨਾਲ ਹੋਇਆ। ਔਘੜ ਨਾਥ ਇਕ ਤਾਂਤਰਿਕ ਸੀ ਜੋ ਜੰਤਰ-ਮੰਤਰ ਵਿਚ ਨਿਪੁੰਨ ਸੀ। ਲਛਮਣ ਦੇਵ ਉਸ ਦਾ ਚੇਲਾ ਬਣ ਗਿਆ ਅਤੇ ਉਸ ਕੋਲ ਹੀ ਰਹਿਣ ਲੱਗਾ। ਉਸ ਨੇ ਔਘੜ ਨਾਥ ਦੀ ਤਨੋਂ ਮਨੋਂ ਸੇਵਾ ਕੀਤੀ ਅਤੇ ਜੰਤਰ-ਮੰਤਰ ਵਿੱਦਿਆ ਦਾ ਪੂਰਾ ਗਿਆਨ ਹਾਸਲ ਕਰ ਲਿਆ। ਔਘੜ ਨਾਥ ਨੇ ਆਪਣਾ ਗ੍ਰੰਥ ‘ਸਿਧ ਅਨੂਨੀਆ’ ਵੀ ਲਛਮਣ ਦੇਵ ਦੇ ਹਵਾਲੇ ਕਰ ਦਿੱਤਾ ਸੀ। ਲਛਮਣ ਦੇਵ ਨੇ ਤਾਂਤਰਿਕ ਵਿੱਦਿਆ ਵਿਚ ਨਿਪੁੰਨ ਹੋ ਕੇ ਆਪਣਾ ਸੁਤੰਤਰ ਡੇਰਾ ਗੋਦਾਵਰੀ ਦੇ ਕੰਢੇ ਨਾਂਦੇੜ ਦੇ ਸਥਾਨ ’ਤੇ ਬਣਾ ਲਿਆ ਸੀ। ਉਸ ਇਲਾਕੇ ਦੇ ਲੋਕਾਂ ਵਿਚ ਉਸ ਦੀ ਬੜੀ ਪ੍ਰਸਿੱਧੀ ਹੋ ਗਈ ਸੀ। ਲੋਕ ਉਸ ਕੋਲ ਆਪਣੀਆਂ ਤਕਲੀਫਾਂ ਦੇ ਨਿਵਾਰਨ ਤੇ ਕਾਰਜਸਿਧੀ ਲਈ ਆਉਂਦੇ ਸਨ। ਇਸ ਸਮੇਂ ਲਛਮਣ ਦੇਵ ਦਾ ਨਾਂ ਸਾਧੂਆਂ ਵਿਚ ਮਾਧੋਦਾਸ ਬੈਰਾਗੀ ਪ੍ਰਸਿੱਧ ਸੀ।

ਆਪਣੀ ਦੱਖਣ ਦੀ ਯਾਤਰਾ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਨ 1708 ਈ: ਵਿਚ ਨਾਂਦੇੜ ਪਹੁੰਚੇ। ਗੁਰੂ ਜੀ ਨੂੰ ਮਾਧੋਦਾਸ ਦੀ ਪ੍ਰਸਿੱਧੀ ਦੀ ਜਾਣਕਾਰੀ ਮਿਲ ਚੁੱਕੀ ਸੀ। ਇਕ ਦਿਨ ਉਹ ਸਿੰਘਾਂ ਸਮੇਤ ਮਾਧੋਦਾਸ ਦੇ ਡੇਰੇ ਜਾ ਬਿਰਾਜਮਾਨ ਹੋਏ। ਮਾਧੋਦਾਸ ਸਤਿਗੁਰਾਂ ਨੂੰ ਆਪਣੇ ਆਸਣ ਉੱਤੇ ਬਿਰਾਜਮਾਨ ਵੇਖ ਕੇ ਅਤਿ ਕ੍ਰੋਧਵਾਨ ਹੋਇਆ ਪਰੰਤੂ ਉਸ ਦੇ ਸਾਰੇ ਜੰਤਰ-ਤੰਤਰ ਫੇਲ੍ਹ ਹੋ ਗਏ। ਮਾਧੋਦਾਸ ਗੁਰੂ ਜੀ ਦੀ ਅਗੰਮੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਦੇ ਮਨ ਵਿਚ ਪੂਰਨ ਬ੍ਰਹਮ ਗਿਆਨ ਦੀ ਅਭਿਲਾਖਾ ਸੀ। ਇਸ ਦੀ ਪੂਰਤੀ ਲਈ ਉਹ ਗੁਰੂ ਜੀ ਦਾ ਬੰਦਾ, ਉਨ੍ਹਾਂ ਦਾ ਸੇਵਕ ਬਣ ਗਿਆ। ਗੁਰੂ ਜੀ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਉਸ ਦਾ ਨਵਾਂ ਨਾਂ ਗੁਰਬਖ਼ਸ਼ ਸਿੰਘ ਰੱਖ ਦਿੱਤਾ। ਉਸ ਦਾ ਗੁਰੂ ਜੀ ਪ੍ਰਤੀ ਪੂਰਨ ਸਮਰਪਣ ਨੂੰ ਦੇਖਦਿਆਂ ਉਸ ਦਾ ਨਾਮ ਬੰਦਾ ਸਿੰਘ ਬਹਾਦਰ ਰੱਖ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਇਕ ਤਪੱਸਵੀ ਰਿਹਾ ਸੀ, ਉਸ ਦਾ ਹਿਰਦਾ ਸ਼ੁੱਧ ਸੀ। ਗੁਰੂ ਜੀ ਦਾ ਪ੍ਰਤੱਖ ਰੂਪ ਵਿਚ ਅਸ਼ੀਰਵਾਦ ਅਤੇ ਛੋਹ ਪ੍ਰਾਪਤ ਕਰਕੇ ਉਸ ਨੇ ਥੋੜ੍ਹੇ ਦਿਨਾਂ ਵਿਚ ਹੀ ਗੁਰਮਤਿ ਦਾ ਗਿਆਨ ਤੇ ਖਾਲਸੇ ਦੀ ਰਹਿਤ ਦ੍ਰਿੜ੍ਹ ਕਰ ਲਈ ਸੀ। ਉਸ ਨੇ ਜੰਤਰ-ਮੰਤਰ ਤਿਆਗ ਕੇ ਧੁਰ ਕੀ ਬਾਣੀ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਸੀ। ਉਹ ਇਸ ਤਰ੍ਹਾਂ ਪੂਰਨ ਗੁਰਸਿੱਖ ਤੇ ਗੁਰੂ-ਘਰ ਦਾ ਪੱਕਾ ਸੇਵਕ ਬਣ ਚੁੱਕਾ ਸੀ। ਗੁਰੂ ਜੀ ਨੇ ਉਸ ਦਾ ਨਿਸ਼ਚਾ, ਦ੍ਰਿੜ੍ਹਤਾ ਅਤੇ ਯੋਗਤਾ ਵੇਖ ਕੇ ਹੀ ਉਸ ਨੂੰ ਖਾਲਸੇ ਦਾ ਆਗੂ ਥਾਪਿਆ।

ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਮੇਂ ਦਾ ਇਕ ਉੱਤਮ ਦਰਜੇ ਦਾ ਸਿੱਖ ਯੋਧਾ ਤੇ ਪਹਿਲਾ ਸਿੱਖ ਹੁਕਮਰਾਨ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਦੇਸ਼ ਅਨੁਸਾਰ ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਪੰਜਾਬ ਵਿਚ ਜੋ ਇਨਕਲਾਬ ਲਿਆਂਦਾ, ਉਹ ਇਕ ਹੈਰਾਨੀਕੁੰਨ ਇਤਿਹਾਸਕ ਹਕੀਕਤ ਹੈ ਜੋ ਬੇਮਿਸਾਲ ਹੈ। ਬਾਬਾ ਬੰਦਾ ਸਿੰਘ ਬਹਾਦਰ ਜਦ ਸੰਨ 1708 ਈ: ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈਣ ਉਪਰੰਤ ਪੰਜਾਬ ਨੂੰ ਤੁਰਿਆ ਤਾਂ ਉਨ੍ਹਾਂ ਦੇ ਸਾਹਮਣੇ ਮੁੱਖ ਉਦੇਸ਼ ਜ਼ਾਲਮ ਮੁਗਲਾਂ ਦੇ ਰਾਜ ਦੀ ਸਮਾਪਤੀ ਤੇ ਪੰਜਾਬ ਦੀ ਉਸ ਸੁਤੰਤਰਤਾ ਨੂੰ ਬਹਾਲ ਕਰਨਾ ਸੀ, ਜੋ ਸੱਤ ਸੌ ਸਾਲ ਪਹਿਲਾਂ ਗਜ਼ਨੀ ਦੇ ਤੁਰਕਾਂ ਨੇ ਮਹਿਮੂਦ ਗਜ਼ਨਵੀ ਦੀ ਅਗਵਾਈ ਵਿਚ ਪੰਜਾਬ ਦੇ ਲੋਕਾਂ ਤੋਂ ਖੋਹੀ ਸੀ ਅਤੇ ਆਪਣੇ ਘੋੜਿਆਂ ਦੇ ਸੁੰਮਾਂ ਹੇਠ ਦਰੜੀ ਸੀ।

ਕੁਰਬਾਨੀ ਉਹ ਮਹਾਨ ਹੁੰਦੀ ਹੈ ਜਿਸ ਦੇ ਪਿੱਛੇ ਉਦੇਸ਼ ਮਹਾਨ ਹੋਵੇ, ਸੰਘਰਸ਼ ਉਹ ਮਹਾਨ ਹੁੰਦਾ ਹੈ ਜੋ ਕਿਸੇ ਉਦੇਸ਼ ਦੀ ਪੂਰਤੀ ਲਈ ਹੋਵੇ। ਨਿਆਂਸ਼ੀਲ ਹੋਣਾ ਗੁਰੂ ਦੇ ਸਿੱਖ ਦਾ ਮੂਲ ਆਸ਼ਾ ਹੈ, ਇਸ ਲਈ ਜਿਥੇ ਕਿਤੇ ਵੀ ਉਹ ਜਬਰ, ਜ਼ੁਲਮ, ਅਤਿਆਚਾਰ ਜਾਂ ਧੱਕੇਸ਼ਾਹੀ ਹੁੰਦੀ ਦੇਖਦਾ ਹੈ, ਉਸ ਦਾ ਵਿਰੋਧ ਕਰਨਾ ਉਹ ਆਪਣਾ ਪਰਮ ਕਰਤੱਵ ਸਮਝਦਾ ਹੈ। ਨਤੀਜੇ ਵਜੋਂ ਸ਼ਹੀਦੀ ਵੀ ਦੇਣੀ ਪੈ ਸਕਦੀ ਹੈ। ਸਿੱਖ ਇਤਿਹਾਸ ਅਜਿਹੀਆਂ ਸ਼ਹੀਦੀਆਂ ਨਾਲ ਭਰਿਆ ਪਿਆ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਦਾ ਪਾਲਣ ਕਰਨ ਲਈ ਜਦ ਬਾਬਾ ਜੀ ਪੰਜਾਬ ਆਏ ਤਾਂ ਉਨ੍ਹਾਂ ਕੋਲ ਗੁਰੂ ਜੀ ਵੱਲੋਂ ਬਖਸ਼ੇ ਗਏ ਪੰਜ ਤੀਰ, ਖੰਡਾ ਤੇ ਨਗਾਰਾ ਸੀ। ‘ਪੰਥ ਪ੍ਰਕਾਸ਼’ ਅਨੁਸਾਰ:-

ਬੰਦੇ ਗੁਰ ਖੰਡਾ ਦਯੋ, ਲਯੋ ਉਨੇਂ ਗਲ ਪਾਇ॥
ਖਾਲਸੋ ਦੇਖ ਸੁ ਵਿਟਰਿਓ ਤਿਨ ਖੰਡੋ ਲਯੋ ਛਿਨਾਇ॥ (ਪੰਥ ਪ੍ਰਕਾਸ਼)

ਸਲਾਹ-ਮਸ਼ਵਰਾ ਕਰਨ ਲਈ ਗੁਰੂ ਸਾਹਿਬ ਨੇ ਪੰਜ ਪਿਆਰੇ ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ ਤੇ ਭਾਈ ਰਣ ਸਿੰਘ ਨਾਲ ਤੋਰੇ। ਇਨ੍ਹਾਂ ਤੋਂ ਇਲਾਵਾ 20 ਸਿੰਘ ਹੋਰ ਸੰਭਾਵੀ ਸੰਘਰਸ਼ ਵਿਚ ਬਾਬਾ ਬੰਦਾ ਸਿੰਘ ਜੀ ਦਾ ਸਾਥ ਦੇਣ ਲਈ ਨਾਲ ਤੋਰੇ। ਬਾਬਾ ਜੀ ਅਤੇ ਇਨ੍ਹਾਂ 25 ਸਿੰਘਾਂ ਦੇ ਕਾਫਲੇ ਨੇ ਪੰਜਾਬ ਵੱਲ ਕੂਚ ਕੀਤਾ। ਦਿੱਲੀ ਪਾਰ ਕਰਦਿਆਂ ਹੀ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ। ਹੁਕਮ ਦਾ ਪਾਲਣ ਕਰਦਿਆਂ ਸਿੱਖ ਸੰਗਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸੁਆਗਤ ਲਈ ਅੱਗੇ ਆ ਗਈਆਂ। ਗੁਰੂ ਸਾਹਿਬ ਦੇ ਪਰਵਾਰ ਦੀਆਂ ਸ਼ਹੀਦੀਆਂ ਦੇ ਜ਼ਖਮ, ਸਿੱਖ ਸੰਗਤਾਂ ਵਿਚ ਅਜੇ ਤਾਜ਼ਾ ਸਨ। “ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ” ਦੀ ਭਾਵਨਾ ਅਨੁਸਾਰ ਸਿੱਖ ਸਾਹਿਬਜ਼ਾਦਿਆਂ ਅਤੇ ਹੋਰ ਅਨੇਕ ਸ਼ਹੀਦ ਸਿੰਘਾਂ ਦੀਆਂ ਸ਼ਹੀਦੀਆਂ ਦਾ ਬਦਲਾ ਲੈਣ ਲਈ ਕਚੀਚੀਆਂ ਵੱਟ ਰਹੇ ਸਨ। ਬਸ ਉਨ੍ਹਾਂ ਨੂੰ ਯੋਗ ਅਗਵਾਈ ਦੀ ਲੋੜ ਸੀ, ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਨੇ ਪੂਰੀ ਕਰ ਦਿੱਤੀ। ਇਸ ਲਈ ਉਹ ਕੁਝ ਸਮੇਂ ਦੇ ਅੰਦਰ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਕੇਸਰੀ-ਖਾਲਸਾਈ ਝੰਡੇ ਥੱਲੇ ਇਕੱਠੇ ਹੋ ਗਏ, ਉਨ੍ਹਾਂ ਨੇ ਰਣ-ਭੂਮੀ ਵਿਚ ਆਪਣਾ ਨਾਹਰਾ ‘ਰਾਜ ਕਰੇਗਾ ਖਾਲਸਾ’ ਨਿਸ਼ਚਿਤ ਕਰ ਦਿੱਤਾ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਨੂੰ ਤੁਰੇ ਤਾਂ ਉਨ੍ਹਾਂ ਕੋਲ 25 ਸਿੰਘਾਂ ਤੋਂ ਇਲਾਵਾ ਕੋਈ ਫੌਜ ਨਹੀਂ ਸੀ। ਕੋਈ ਜੰਗੀ ਸਾਜੋ-ਸਾਮਾਨ, ਗੋਲੀ, ਬਾਰੂਦ ਆਦਿ ਨਹੀਂ ਸੀ। ਕੋਈ ਸਿਖਿਅਤ ਫੌਜ ਨਹੀਂ ਸੀ। ਮੁਸਲਮਾਨ ਲਿਖਾਰੀ ਖਾਫ਼ੀ ਖਾਨ ਤੇ ਮੁਹੰਮਦ ਕਾਸਮ ਅਨੁਸਾਰ ਛੇਤੀ ਹੀ 4000 ਘੋੜ-ਸਵਾਰ ਤੇ 7800 ਸਿਪਾਹੀ ਪੈਦਲ ਉਸ ਨਾਲ ਆ ਰਲ਼ੇ। ਮਸ਼ਹੂਰ ਇਤਿਹਾਸਕਾਰ ਸ੍ਰੀ ਗੋਕਲ ਚੰਦ ਨਾਰੰਗ ਅਨੁਸਾਰ ਪੈਦਲ ਸੈਨਿਕਾਂ ਦੀ ਗਿਣਤੀ 8900 ਹੋ ਗਈ ਤੇ ਵਧਦੀ ਹੋਈ ਅੰਤ 40,000 ਤਕ ਪਹੁੰਚ ਗਈ। ਮਹਾਨ ਜਰਨੈਲਾਂ ਸਿਕੰਦਰ ਮਹਾਨ, ਨੈਪੋਲੀਅਨ ਬੋਨਾਪਾਰਟ, ਹਿਟਲਰ ਜਾਂ ਚਰਚਿਲ ਦੀ ਮਹਾਨਤਾ ਦੁਨੀਆਂ ਵਿਚ ਮੰਨੀ ਜਾਂਦੀ ਹੈ। ਪਰੰਤੂ ਇਨ੍ਹਾਂ ਯਤਨਾਂ ਦੇ ਪਿੱਛੇ ਉਨ੍ਹਾਂ ਦੇ ਮੁਲਕਾਂ ਦੀ ਮੁਕੰਮਲ ਜਨ-ਸ਼ਕਤੀ ਤੇ ਰਾਜ-ਸ਼ਕਤੀ ਸੀ। ਵੱਡੀ ਜੰਗਜੂ ਅਤੇ ਯੁੱਧ ਵਿੱਦਿਆ ਵਿਚ ਪੂਰੀ ਤਰ੍ਹਾਂ ਨਿਪੁੰਨ ਫੌਜ ਸੀ ਅਤੇ ਉਹ ਉਨ੍ਹਾਂ ਮੁਲਕਾਂ ਦੇ ਬਾਦਸ਼ਾਹ ਜਾਂ ਮੰਨੇ ਹੋਏ ਰਾਜਨੀਤਿਕ ਨੇਤਾ ਵੀ ਸਨ। ਪਰੰਤੂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਮਹਾਨਤਾ ਇਹ ਹੈ ਕਿ ਸਤਿਗੁਰੂ ਦੀ ਕਿਰਪਾ ਦੁਆਰਾ ਉਨ੍ਹਾਂ ਨੇ ਸਭ ਕੁਝ ਨਾਲੋ- ਨਾਲ ਕੀਤਾ। ਫੌਜੀ ਸੰਗਠਨ, ਸੰਘਰਸ਼ ਅਤੇ ਜਿੱਤਾਂ ਨਾਲੋ-ਨਾਲ ਚਲਦੀਆਂ ਰਹੀਆਂ।

ਬਾਬਾ ਬੰਦਾ ਸਿੰਘ ਜੀ ਦੀ ਫੌਜ ਦੀ ਬਣਤਰ ਤੋਂ ਇਸ ਗੱਲ ਦੀ ਪ੍ਰੋੜ੍ਹਤਾ ਹੁੰਦੀ ਹੈ ਕਿ ਬਾਬਾ ਜੀ ਦਾ ਮੰਤਵ ਪੰਜਾਬ ਦੇ ਹਰ ਵਰਗ ਦੇ ਲੋਕਾਂ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਇੱਕ ਪਲੇਟਫਾਰਮ ‘ਤੇ ਇਕੱਠੇ ਕਰਨਾ ਸੀ। ਸਮਕਾਲੀ ਭਰੋਸੇਯੋਗ ਗਵਾਹੀਆਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਫੌਜ ਵਿਚ ਕੇਵਲ ਸਿੱਖ ਹੀ ਨਹੀਂ ਸਨ, ਘੱਟੋ-ਘੱਟ ਪੰਜ ਹਜ਼ਾਰ ਮੁਸਲਮਾਨ ਵੀ ਜ਼ਾਲਮਾਂ ਵਿਰੁੱਧ ਲੜਨ ਲਈ ਉਨ੍ਹਾਂ ਦਾ ਸਾਥ ਦੇ ਰਹੇ ਸਨ। ਈਰਾਨ, ਤੁਰਕੀ, ਕਾਬਲ, ਕੰਧਾਰ ਤੇ ਮੁਲਤਾਨ ਦੇ ਹਿੰਦੂ ਵੀ ਹਜ਼ਾਰਾਂ ਦੀ ਗਿਣਤੀ ਵਿਚ ਨਾਲ ਆ ਰਲ਼ੇ। ਉਦਾਸੀ ਸੰਪਰਦਾ ਦੇ ਲੋਕ ਵੀ ਪ੍ਰਵੇਸ਼ ਕਰ ਚੁੱਕੇ ਸਨ। ਪੰਜਾਬ ਵਿਚ ਆ ਕੇ ਇਹ ਅੰਮ੍ਰਿਤ ਛਕ ਕੇ ਬਾਬਾ ਬੰਦਾ ਸਿੰਘ ਜੀ ਦੀ ਫੌਜ ਵਿਚ ਸ਼ਾਮਲ ਹੋ ਗਏ।

ਇਨ੍ਹਾਂ ਤੋਂ ਇਲਾਵਾ ਗੁਰੂ ਆਸ਼ੇ ਅਤੇ ਜੁਗਤ ਅਨੁਸਾਰ ਬਾਬਾ ਜੀ ਨੇ ਅਖੌਤੀ ਪੱਛੜੀਆਂ ਸ਼੍ਰੇਣੀਆਂ ਤੇ ਦਲਿਤ ਜਾਤੀਆਂ ਨੂੰ ਵੀ ਨਾਲ ਰੱਖਿਆ। ਉਨ੍ਹਾਂ ਨੇ ਪ੍ਰਤੀਤ ਕਰ ਲਿਆ ਸੀ ਕਿ ਅੰਮ੍ਰਿਤ ਛਕਣ ਦੇ ਬਾਅਦ ਜਾਤ-ਪਾਤ ਦਾ ਭੇਦ-ਭਾਵ ਮਿਟ ਜਾਂਦਾ ਹੈ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਇਨ੍ਹਾਂ ਦੁਰਬਲ ਤੇ ਨਿਤਾਣੇ ਹੋਏ ਲੋਕਾਂ ਅੰਦਰ ਸਾਹਸ ਪੈਦਾ ਕਰ ਕੇ ਆਪਣੇ ਨਾਲ ਰਲਾਉਣ ਨਾਲ ਅੰਦੋਲਨ ਦੁਰਬਲ ਹੋਣ ਦੀ ਥਾਂ ਹੋਰ ਮਜ਼ਬੂਤ ਹੁੰਦਾ ਹੈ।

ਬਾਬਾ ਬੰਦਾ ਸਿੰਘ ਬਹਾਦਰ ਦੇ ਸਮਕਾਲੀ ਮੁਸਲਮਾਨ ਲੇਖਕ ਮੁਹੰਮਦ ਕਾਸਮ ਲਾਹੌਰੀ ਦੀ ਲਿਖਤ ‘ਇਬਰਤਨਾਮਾ’ ਅਨੁਸਾਰ “ਸਿੱਖਾਂ ਤੇ ਮੁਗ਼ਲਾਂ ਵਿਚਕਾਰ ਘੋਲ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਉਪਰੰਤ ਸ਼ੁਰੂ ਹੋਇਆ ਤੇ ਇਸ ਨੂੰ ਸ਼ੁਰੂ ਕਰਨ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਸੀ।” ਇਸ ਪ੍ਰਕਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਸਿਆਸਤ ਵਿਚ ਪਹਿਲੀ ਵਾਰ ਸਰਗਰਮ ਧਮਾਕਾ ਛੱਡਿਆ। ਇਸ ਧਮਾਕੇ ਨੂੰ ‘ਅਜਬ ਬਲਾ’ ਕਹਿਣ ਵਾਲੇ ਸਰਕਾਰੀ ਮੁਸਲਮਾਨ ਲੇਖਕ ਇਸ ਗੱਲ ਦੀ ਪ੍ਰੋੜ੍ਹਤਾ ਕਰਦੇ ਹਨ ਕਿ ਪੰਜਾਬ ਦੀ ਸਿਆਸਤ ਵਿਚ ਬਾਬਾ ਬੰਦਾ ਸਿੰਘ ਨੇ ਅਜਿਹੀ ਹਲਚਲ ਮਚਾਈ ਕਿ ਮੁਗ਼ਲਾਂ ਨੂੰ ਵਿਸ਼ਵਾਸ ਨਹੀਂ ਆ ਸਕਦਾ ਸੀ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ।

ਖਰਚਾ ਚਲਾਉਣ ਅਤੇ ਧਨ ਦੀ ਪੂਰਤੀ ਲਈ ਗੁਰੂ-ਘਰ ਨਾਲ, ਚਿਰਾਂ ਤੋਂ ਜੁੜੇ ਆ ਰਹੇ ਸ਼ਾਹੂਕਾਰਾਂ ਅਤੇ ਉੱਘੇ ਵਪਾਰੀਆਂ ਨੇ ਬਾਬਾ ਜੀ ਦੀ ਖੁੱਲ੍ਹ ਕੇ ਮਦਦ ਕੀਤੀ। ਆਰਥਿਕ ਲੋੜਾਂ ਦੀ ਪੂਰਤੀ ਹੁੰਦਿਆਂ ਹੀ ਉਨ੍ਹਾਂ ਨੇ ਪੰਜਾਬ ‘ਤੇ ਹਮਲਾ ਕਰ ਦਿੱਤਾ ਤੇ ਜਿੱਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਨਵੰਬਰ 11, 1709 ਈ: ਨੂੰ ਸਮਾਣਾ ‘ਤੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਸੋਨੀਪਤ, ਕੈਂਥਲ, ਸਮਾਣਾ, ਘੁੜਾਮ, ਠਸਕਾ, ਸ਼ਾਹਬਾਦ, ਕਪੂਰੀ ਤੇ ਸਢੌਰਾ ‘ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਉਹਨੀਂ ਦਿਨੀਂ ਇਹ ਸ਼ਹਿਰ ਮੁਗ਼ਲ ਰਾਜ ਦੇ ਗੜ੍ਹ ਮੰਨੇ ਜਾਂਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਦੇ ਆਉਣ ਬਾਰੇ ਸੁਣ ਕੇ ਮਾਝੇ ਤੇ ਦੁਆਬੇ ਦੇ ਸਿੱਖਾਂ ਨੇ ਹਕੂਮਤ ਵਿਰੁੱਧ ਬਗ਼ਾਵਤ ਕਰ ਦਿੱਤੀ, ਕਿਉਂਕਿ ਸਿੱਖਾਂ ਦੇ ਹੌਸਲੇ ਬਹੁਤ ਬੁਲੰਦ ਹੋ ਚੁੱਕੇ ਸਨ। ਉਹ ਰੋਪੜ ਨੂੰ ਜਿੱਤ ਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਮਿਲੇ। ਹੁਣ ਸਿੱਖ ਆਪਣੇ ਮੁੱਖ ਨਿਸ਼ਾਨੇ ਸਰਹਿੰਦ ‘ਤੇ ਜ਼ੋਰਦਾਰ ਹੱਲਾ ਬੋਲਣ ਲਈ ਕਚੀਚੀਆਂ ਲੈਣ ਲੱਗੇ।

ਆਖਰ ਉਹ ਘੜੀ ਆ ਗਈ ਜਿਸ ਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸੂਬੇਦਾਰ ਵਜ਼ੀਰ ਖਾਨ ਨੂੰ ਸਬਕ ਸਿਖਾਉਣ ਲਈ ਸਿੱਖਾਂ ਨੇ ਚੱਪੜਚਿੜੀ ਦਾ ਮੈਦਾਨ ਆ ਮੱਲਿਆ (ਚੱਪੜਚਿੜੀ, ਸਰਹਿੰਦ ਤੋਂ ਲਗਭਗ 10-12 ਕੋਹ ਦੀ ਵਿੱਥ ‘ਤੇ ਖਰੜ-ਲਾਂਡਰਾ ਸੜਕ ‘ਤੇ ਸਥਿਤ ਹੈ) ਸੂਬੇਦਾਰ ਵਜ਼ੀਰ ਖਾਨ ਦੀਆਂ ਫੌਜਾਂ ਸਿੱਖਾਂ ਦੇ ਤੂਫਾਨ ਨੂੰ ਰੋਕਣ ਲਈ ਅੱਗੇ ਵਧੀਆਂ। ਸਿੰਘਾਂ ਨੇ ਸਰਹਿੰਦ ‘ਤੇ ਹਮਲੇ ਲਈ ਪਹਿਲਾਂ ਹੀ ਜ਼ੋਰਦਾਰ ਤਿਆਰੀਆਂ ਕੀਤੀਆਂ ਹੋਈਆਂ ਸਨ। 12 ਮਈ, 1710 ਈ: ਨੂੰ ਚੱਪੜਚਿੜੀ ਦੇ ਮੈਦਾਨ ਵਿਚ ਜ਼ੋਰਦਾਰ ਖੂਨ-ਡੋਲ੍ਹਵਾਂ ਮੁਕਾਬਲਾ ਹੋਇਆ। ਇਸ ਭਿਆਨਕ ਲੜਾਈ ਵਿਚ ਵਜ਼ੀਰ ਖਾਨ ਮਾਰਿਆ ਗਿਆ। ਵਜ਼ੀਰ ਖਾਨ ਦੇ ਮਰਨ ਨਾਲ ਬਾਕੀ ਮੁਸਲਮਾਨ ਫੌਜਾਂ ਮੈਦਾਨ ਛੱਡ ਕੇ ਦੌੜ ਗਈਆਂ ਅਤੇ ਸਰਹਿੰਦ ਫਤਹਿ ਹੋ ਗਈ।

14 ਮਈ, 1710 ਈ: ਨੂੰ ਸਿੱਖ ਫੌਜਾਂ ਸਰਹਿੰਦ ਵਿਚ ਦਾਖਲ ਹੋਈਆਂ। ਦੋਸ਼ੀਆਂ ਨੂੰ ਚੁਣ-ਚੁਣ ਕੇ ਸਜ਼ਾਵਾਂ ਦਿੱਤੀਆਂ ਗਈਆਂ। ਵਜ਼ੀਰ ਖਾਨ ਦੇ ਮਹੱਲਾਂ ਵਿੱਚੋਂ ਬਹੁਤ ਸਾਰਾ ਧਨ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਲੱਗਾ। ਬਾਬਾ ਜੀ ਨੇ ਸਰਹਿੰਦ ਵਿਖੇ ਇਕ ਵਿਸ਼ਾਲ ਲੋਕ ਦਰਬਾਰ ਲਾਇਆ ਗਿਆ ਜਿਸ ਵਿਚ ਸਥਾਨਕ ਲੋਕਾਂ ਨੂੰ ਉਨ੍ਹਾਂ ਦੇ ਜਾਨ, ਮਾਲ, ਧਰਮ, ਧਾਰਮਿਕ ਚਿੰਨ੍ਹਾਂ ਅਤੇ ਧਾਰਮਿਕ ਅਸਥਾਨਾਂ ਦੀ ਮੁਕੰਮਲ ਸੁਰੱਖਿਆ ਦਾ ਭਰੋਸਾ ਦਿਵਾਇਆ ਗਿਆ।

ਜਾਗੀਰਦਾਰੀ ਸਿਸਟਮ ਖ਼ਤਮ ਕਰਕੇ ਵਾਹੀਕਾਰਾਂ ਨੂੰ ਉਨ੍ਹਾਂ ਵੱਲੋਂ ਵਾਹੀ ਜਾ ਰਹੀ ਜ਼ਮੀਨ ਦੇ ਮਾਲਕ ਬਣਾ ਦਿੱਤਾ। ਇਸ ਤਰ੍ਹਾਂ ਹੁਣ ਗੁਰੂ-ਆਸ਼ੇ ਅਨੁਸਾਰ ਉਨ੍ਹਾਂ ਅਖੌਤੀ ਦਲਿਤਾਂ, ਪੱਛੜੀਆਂ ਸ਼੍ਰੇਣੀਆਂ, ਕਿਰਤੀਆਂ ਅਤੇ ਗਰੀਬਾਂ ਨੂੰ ਸਰਦਾਰੀ, ਜ਼ਿਮੀਦਾਰੀ, ਧਰਮ, ਧਾਰਮਿਕਤਾ, ਸ਼ਾਸਤਰ, ਸ਼ਸਤਰ ਅਤੇ ਰਾਜ-ਭਾਗ ਦੇ ਮਾਲਕ ਬਣਾ ਦਿੱਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਅਰੰਭੇ ਮੁਕੰਮਲ ਇਨਕਲਾਬ ਦਾ 1 ਵੈਸਾਖ 1756 ਬਿ. ਨੂੰ ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਇਹ ਦੂਸਰਾ ਕ੍ਰਿਸ਼ਮਾ ਸੀ। ਫੈਸਲੇ ਅਨੁਸਾਰ ਰਾਜ ਪ੍ਰਬੰਧ ਨੂੰ ਸਹੀ ਰੂਪ ਵਿਚ ਚਲਾਉਣ ਹਿਤ ਬਾਬਾ ਬਾਜ ਸਿੰਘ ਨੂੰ ਸਰਹਿੰਦ ਦਾ ਗਵਰਨਰ ਅਤੇ ਬਾਬਾ ਆਲੀ ਸਿੰਘ ਸਲੌਦੀ ਨੂੰ ਡਿਪਟੀ ਗਵਰਨਰ ਥਾਪਿਆ ਗਿਆ। ਸਮਾਣੇ ਦਾ ਗਵਰਨਰ ਸ. ਫਤਹਿ ਸਿੰਘ ਨੂੰ ਨਿਯੁਕਤ ਕੀਤਾ ਗਿਆ।

ਸਰਹਿੰਦ ‘ਤੇ ਮੁਕੰਮਲ ਕਬਜ਼ਾ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਮਲੇਰਕੋਟਲੇ ਵੱਲ ਵਧਿਆ। ਨਵਾਬ ਵੱਲੋਂ ਬਾਬਾ ਜੀ ਦਾ ਮੁਕਾਬਲਾ ਨਾ ਕਰਨ ਅਤੇ ਅਧੀਨਗੀ ਮੰਨ ਲੈਣ ਕਾਰਨ ਇਸ ਸ਼ਹਿਰ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਗਿਆ। ਬਾਬਾ ਜੀ ਨੇ ਬੀਬੀ ਅਨੂਪ ਕੌਰ, ਜੋ ਨਵਾਬ ਮਲੇਰਕੋਟਲਾ ਦੇ ਜ਼ੁਲਮ ਦਾ ਸ਼ਿਕਾਰ ਹੋਣ ਕਾਰਨ ਸ਼ਹੀਦ ਹੋ ਗਈ ਸੀ, ਦੀ ਲਾਸ਼ ਬਰਾਮਦ ਕਰਕੇ ਸਿੱਖ ਮਰਯਾਦਾ ਅਨੁਸਾਰ ਆਪਣੇ ਹੱਥੀਂ ਸਸਕਾਰ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਬਜਾਏ ਮੁਖਲਿਸਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਤੇ ਆਪਣੀਆਂ ਅਗਲੀਆਂ ਮੁਹਿੰਮਾਂ ਦਾ ਆਧਾਰ ਕੇਂਦਰ ਬਣਾਇਆ। ਮੁਖਲਿਸਗੜ੍ਹ ਦਾ ਕਿਲ੍ਹਾ ਸ਼ਾਹ ਜਹਾਨ ਦੀ ਆਗਿਆ ਅਨੁਸਾਰ ਮੁਖਲਿਸ ਖਾਨ ਨੇ ਬਣਵਾਇਆ ਸੀ। ਜਿਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਕਿਲ੍ਹੇ ਉੱਤੇ ਕਬਜ਼ਾ ਕੀਤਾ ਤਾਂ ਇਹ ਬੜੀ ਟੁੱਟੀ-ਭੱਜੀ ਹਾਲਤ ਵਿਚ ਸੀ, ਛੇਤੀ ਹੀ ਇਸ ਦੀ ਮੁਰੰਮਤ ਕੀਤੀ ਤੇ ਇਸ ਦਾ ਨਾਂ ‘ਲੋਹਗੜ੍ਹ’ ਰੱਖਿਆ ਗਿਆ। ਸਰਹਿੰਦ ਦਾ ਖ਼ਜ਼ਾਨਾ, ਸਾਰੀਆਂ ਮੁਹਿੰਮਾਂ ਵਿਚ ਪ੍ਰਾਪਤ ਹੋਇਆ ਮਾਲ-ਅਸਬਾਬ ਤੇ ਜੰਗੀ ਸਾਮਾਨ ਅਤੇ ਕਬਜ਼ੇ ਹੇਠ ਆਏ ਇਲਾਕਿਆਂ ਤੋਂ ਉਗਰਾਹਿਆ ਹੋਇਆ ਮਾਮਲਾ ਸਭ ਇਥੇ ਇਕੱਠੇ ਕੀਤੇ ਗਏ। ਅਸਲੀ ਅਰਥਾਂ ਵਿਚ ਲੋਹਗੜ੍ਹ ਸਿੰਘਾਂ ਦੇ ਨਵੇਂ ਬਣ ਰਹੇ ਰਾਜ ਦੀ ਰਾਜਧਾਨੀ ਬਣ ਗਿਆ। ਫੌਜੀ ਨਜ਼ਰੀਏ ਤੋਂ ਇਸ ਜਗ੍ਹਾ ਦੀ ਚੋਣ ਕਾਫ਼ੀ ਬੁੱਧੀਮਾਨੀ ਵਾਲੀ ਸੀ, ਕਿਉਂਕਿ ਸੁਰੱਖਿਆ ਪੱਖੋਂ ਇਹ ਮੁੱਖ ਮਾਰਗ ਤੋਂ ਹਟ ਕੇ ਨੀਮ ਪਹਾੜੀ ਇਲਾਕੇ ਨਾਲ ਲੱਗਣ ਕਰਕੇ ਕਾਫ਼ੀ ਸੁਰੱਖਿਅਤ ਸੀ। ਬਾਬਾ ਬੰਦਾ ਸਿੰਘ ਬਹਾਦਰ ਹੁਣ ਪਹਿਲਾ ਸਿੱਖ ਬਾਦਸ਼ਾਹ ਬਣ ਗਿਆ ਸੀ। ਉਸ ਦੇ ਕੋਲ ਸ਼ਰਧਾਲੂ ਸਿੰਘਾਂ ਦੀ ਫੌਜ ਭੀ ਹੋ ਗਈ ਸੀ। ਰਾਜ-ਕਾਜ ਲਈ ਰਾਜਧਾਨੀ ਵੀ ਤੇ ਰਹਿਣ ਲਈ ਮਹਿਲ ਭੀ।

ਉਸ ਨੇ ਰਾਜ ਦੀ ਸਦੀਵੀ ਪੱਕੀ ਨਿਸ਼ਾਨੀ ਲਈ ਸ੍ਰੀ ਗੁਰੂ ਨਾਨਕ ਦੇਵ ਜੀ-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਸਿੱਕਾ ਭੀ ਜਾਰੀ ਕਰ ਦਿੱਤਾ, ਜਿਸ ‘ਤੇ ਫ਼ਾਰਸੀ ਦੇ ਹੇਠ ਲਿਖੇ ਸ਼ਬਦ ਉੱਕਰੇ ਹੋਏ ਸਨ:

‘ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ਼ਿ ਨਾਨਕ ਵਾਹਿਬ ਅਸਤ’ ਫ਼ਤਿਹ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜਲਿ ਸੱਚਾ ਸਾਹਿਬ ਅਸਤ’

ਜਿਸ ਦਾ ਅਰਥ ਹੈ:

ਸਿੱਕਾ ਮਾਰਿਆ ਦੋ ਜਹਾਨ ਉੱਤੇ,
ਬਖ਼ਸ਼ਾਂ ਬਖ਼ਸ਼ੀਆਂ ਨਾਨਕ ਦੀ ਤੇਗ ਨੇ ਜੀ।
ਫਤਹਿ ਸ਼ਾਹਿ ਸ਼ਾਹਾਨ ਗੋਬਿੰਦ ਸਿੰਘ ਦੀ,
ਮਿਹਰਾਂ ਕੀਤੀਆਂ ਸੱਚੇ ਰੱਬ ਏਕ ਨੇ ਜੀ।

ਬਾਦਸ਼ਾਹੀ ਸਿੱਕਿਆਂ ਦੀ ਤਰ੍ਹਾਂ ਇਸ ਦੇ ਪਿਛਲੇ ਪਾਸੇ ਰਾਜਧਾਨੀ ਦੀ ਉਸਤਤਿ ਦੇ ਇਹ ਸ਼ਬਦ ਸਨ:

ਜ਼ਰਬ ਬ-ਅਮਾਨੁ-ਦਹਿਰ, ਮੁਸੱਵਰਤ ਸ਼ਹਿਰ, ਜੀਨਤੁ-ਤਖ਼ਤੁ, ਮੁਬਾਰਕ ਬਖ਼ਤ।

ਅਰਥਾਤ ਜਾਰੀ ਹੋਇਆ ਸੰਸਾਰ ਦੇ ਸ਼ਾਂਤੀ-ਅਸਥਾਨ, ਸ਼ਹਿਰਾਂ ਦੀ ਮੂਰਤਿ, ਧੰਨਭਾਗੀ ਰਾਜਧਾਨੀ ਤੋਂ।

ਬਾਬਾ ਬੰਦਾ ਸਿੰਘ ਬਹਾਦਰ ਨੇ ਸਰਕਾਰੀ ਦਸਤਾਵੇਜ਼, ਸਨਦਾਂ, ਪ੍ਰਵਾਨਿਆਂ ਆਦਿ ਲਈ ਮੋਹਰ ਬਣਵਾਈ। ਮੋਹਰ ਦੇ ਸ਼ਬਦ ਇਹ ਸਨ:-

ਦੇਗੋ ਤੇਗ਼ੋ ਫ਼ਤਿਹ ਓ ਨੁਸਰਤਿ ਬੇ-ਦਿਰੰਗ ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ

ਅਰਥਾਤ- ਦੇਗ ਤੇਗ ਜਿੱਤ ਸੇਵ ਨਿਰਾਲਮ, ਗੁਰੂ ਨਾਨਕ-ਗੋਬਿੰਦ ਸਿੰਘ ਤੋਂ ਪਾਈ।

ਮੁਗ਼ਲ ਬਾਦਸ਼ਾਹਾਂ ਦੇ ਸੰਨਿ-ਜਲੂਸ ਦੀ ਅਰਥਾਤ ਰਾਜ-ਸੰਮਤ ਦੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਭੀ ਸਰਹਿੰਦ ਦੀ ਫ਼ਤਹਿ ਤੋਂ ਇਕ ਨਵਾਂ ਸੰਮਤ ਨਾਨਕਸ਼ਾਹੀ ਅਰੰਭ ਕੀਤਾ…। ਉਸ ਨੇ ਇਹ ਸਭ ਕੁਝ ਬਰਾਬਰੀ ਦੇ ਤੌਰ ’ਤੇ ਮੁਗ਼ਲ ਬਾਦਸ਼ਾਹ ਦੀ ਨਕਲ ਦੇ ਤੌਰ ’ਤੇ ਇਸ ਲਈ ਕੀਤਾ ਕਿ ਸਿੰਘਾਂ ਵਿਚ ਮੁਗ਼ਲਾਂ ਦੀ ਬਰਾਬਰੀ ਦੀ ਸਪਿਰਟ ਪੈਦਾ ਹੋ ਜਾਵੇ ਕਿ ਉਹ ਕਿਸੇ ਨਾਲੋਂ ਘੱਟ ਨਹੀਂ ਹਨ। ਫ਼ਰਕ ਇੰਨਾ ਹੈ ਕਿ ਮੁਗ਼ਲ ਬਾਦਸ਼ਾਹ ਦੇ ਸਿੱਕੇ, ਰਾਜਧਾਨੀ, ਮੋਹਰਾਂ ਬਾਦਸ਼ਾਹ ਦੇ ਨਾਂ ‘ਤੇ ਚੱਲਦੇ ਸਨ ਪਰ ਖਾਲਸੇ ਦਾ ਰਾਜ ਨੇਤਾ ਬਾਬਾ ਬੰਦਾ ਸਿੰਘ ਆਪਣੇ ਨਿੱਜੀ ਨਾਂ ‘ਤੇ ਕੁਝ ਨਹੀਂ ਕਰਦਾ ਸੀ। ਉਹ ਰਾਜ ਦੀ ਪ੍ਰਾਪਤੀ ਵਾਹਿਗੁਰੂ ਦੀ ਮਿਹਰ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਮੰਨਦਾ ਹੈ ਤੇ ਆਪ ਦੇਗ ਤੇ ਤੇਗ਼ ਰਾਹੀਂ ਕੇਵਲ ਸੇਵਾਦਾਰ ਹੈ। ਉਸ ਲਈ ਬਖਸ਼ਿਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ। ਫਤਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਪਾਤਸ਼ਾਹੀ ਅਕਾਲ ਪੁਰਖ ਦੀ ਹੈ। (ਪੁਸਤਕ ‘ਬੰਦਾ ਸਿੰਘ ਬਹਾਦਰ’ ਰਚਨਾ ਡਾ. ਗੰਡਾ ਸਿੰਘ, ਪੰਨਾ 39-41)

ਜਿੱਤਾਂ ਦਾ ਸਿਲਸਿਲਾ ਜਾਰੀ ਰੱਖਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਜੁਲਾਈ 1710 ਈ: ਵਿਚ ਗੰਗਾ ਤੇ ਜਮਨਾ ਦੇ ਮੈਦਾਨੀ ਇਲਾਕਿਆਂ ‘ਤੇ ਕਬਜ਼ਾ ਕਰ ਲਿਆ। ਮਾਝੇ ਤੇ ਦੁਆਬੇ ਦੇ ਸਿੱਖ ਉੱਠ ਖੜ੍ਹੇ ਹੋਏ। ਅਕਤੂਬਰ 1710 ਈ: ਤਕ ਕਿਲ੍ਹਾ ਭਗਵੰਤ ਰਾਏ ਤੇ ਭੀਲੋਵਾਲ ਭੀ ਸਿੱਖ ਫੌਜਾਂ ਦੇ ਕਬਜ਼ੇ ਵਿਚ ਆ ਗਏ। ਸਿੱਖਾਂ ਦੀ ਚੜ੍ਹਤ ਨੇ ਹਿੰਦੋਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਭੈ-ਭੀਤ ਕਰ ਦਿੱਤਾ। ਉਸ ਨੇ ਸਿੱਖਾਂ ਕੋਲੋਂ ਜਿੱਤਿਆ ਹੋਇਆ ਇਲਾਕਾ ਲੈਣ ਲਈ ਆਪ ਪੰਜਾਬ ਵੱਲ ਕੂਚ ਕੀਤਾ। ਹਾਲਾਤ ਅਨੁਸਾਰ ਸਿੱਖਾਂ ਨੂੰ ਪਿੱਛੇ ਹਟਣਾ ਪਿਆ। ਬਾਬਾ ਬੰਦਾ ਸਿੰਘ ਬਹਾਦਰ ਸਮੇਤ ਸਿੱਖ ਲੋਹਗੜ੍ਹ ਦੇ ਕਿਲ੍ਹੇ ਆ ਟਿਕੇ। ਸ਼ਾਹੀ ਸੈਨਾ ਨੇ ਕਿਲ੍ਹੇ ਨੂੰ ਘੇਰ ਲਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਪਿੱਛੇ ਹਟ ਕੇ ਪਹਾੜਾਂ ਵੱਲ ਚਲਾ ਗਿਆ। ਇਸੇ ਦੌਰਾਨ ਪੰਥ-ਦੋਖੀ ਪਹਾੜੀ ਰਾਜੇ ਭੀਮ ਚੰਦ ਨੂੰ ਜਾ ਸੋਧਿਆ।

18 ਫਰਵਰੀ 1712 ਈ: ਨੂੰ ਬਹਾਦਰ ਸ਼ਾਹ ਦੀ ਮੌਤ ਹੋ ਗਈ। ਦਿੱਲੀ ਦਾ ਬਾਦਸ਼ਾਹ ਫ਼ਰੁੱਖਸੀਅਰ ਇਕ ਕਮਜ਼ੋਰ ਪਰ ਜ਼ਾਲਮ ਬਾਦਸ਼ਾਹ ਸੀ। ਕਾਇਰ ਹਾਕਮ ਹਮੇਸ਼ਾਂ ਹੀ ਜ਼ਾਲਮ ਅਤੇ ਜ਼ੁਲਮੀ ਹੋਇਆ ਕਰਦਾ ਹੈ। ਨੀਤੀਵਾਨ ਅਤੇ ਗੁਣਵਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਮੌਕੇ ਦਾ ਲਾਭ ਉਠਾਇਆ ਅਤੇ ਮੁੜ ਆਪਣੀ ਤਾਕਤ ਨੂੰ ਸੰਗਠਿਤ ਕੀਤਾ ਤੇ ਕਈ ਇਲਾਕਿਆਂ ‘ਤੇ ਕਬਜ਼ਾ ਕਰ ਲਿਆ। 1712 ਈ: ਨੂੰ ਸਰਹਿੰਦ ਤੇ ਲੋਹਗੜ੍ਹ ਫਿਰ ਜਿੱਤ ਲਏ। ਬਟਾਲਾ ਤੇ ਕਲਾਨੌਰ ਨੂੰ ਜਿੱਤ ਕੇ ਸਮਸ਼ ਖਾਨ ਨੂੰ ਮਾਰ ਮੁਕਾਇਆ। ਅੰਤ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿਚ ਬਾਬਾ ਬੰਦਾ ਸਿੰਘ ਤੇ ਕਈ ਹੋਰ ਸਿੰਘ ਮੁਗ਼ਲ ਫੌਜ ਦੇ ਘੇਰੇ ਵਿਚ ਆ ਗਏ। ਇਹ ਘੇਰਾ ਅੱਠ ਮਹੀਨੇ ਤਕ ਜਾਰੀ ਰਿਹਾ। ਘੇਰਾ ਲੰਬਾ ਹੋਣ ਕਾਰਨ ਰਾਸ਼ਨ ਦੀ ਕਮੀ ਹੋਣ ਲੱਗੀ। ਸਿਪਾਹੀ ਭੁੱਖ ਤੇ ਪਿਆਸ ਦਾ ਸਾਹਮਣਾ ਕਰ ਰਹੇ ਸਨ। ਨਤੀਜੇ ਵਜੋਂ ਤਕਰੀਬਨ 740 ਸਿੰਘ ਸੂਰਮਿਆਂ ਸਮੇਤ ਬਾਬਾ ਬੰਦਾ ਸਿੰਘ ਨੂੰ ਦਸੰਬਰ 1715 ਈ: ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਂਞ ਤਾਂ ਸਾਰਾ ਸਿੱਖ-ਇਤਿਹਾਸ ਹੀ ਸ਼ਹੀਦੀਆਂ ਨਾਲ ਭਰਿਆ ਪਿਆ ਹੈ ਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਿੱਖ ਇਤਿਹਾਸ ਵਿਚ ਹੀ ਨਹੀਂ, ਸਗੋਂ ਸੰਸਾਰ ਦੇ ਸਮੁੱਚੇ ਇਤਿਹਾਸ ਵਿਚ ਹੀ ਲੂੰ- ਕੰਡੇ ਖੜ੍ਹੇ ਕਰਨ ਵਾਲੀ ਸ਼ਹੀਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ ਸਾਥੀ ਸਿੰਘਾਂ ਸਮੇਤ ਗ੍ਰਿਫ਼ਤਾਰ ਕਰਕੇ ਦਿੱਲੀ ਲਿਜਾਇਆ ਗਿਆ। ਪਿੰਜਰੇ ਵਿਚ ਬੰਦ ਬਾਬਾ ਬੰਦਾ ਸਿੰਘ ਬਹਾਦਰ ਤੋਂ ਅਜੇ ਵੀ ਮੁਗ਼ਲ ਫੌਜੀਆਂ ਨੂੰ ਭੈਅ ਆ ਰਿਹਾ ਸੀ। ਦਿੱਲੀ ਪਹੁੰਚ ਕੇ ਉਨ੍ਹਾਂ ਨੂੰ ਕੈਦ ਕਰ ਦਿੱਤਾ ਗਿਆ। ਤਸੀਹੇ ਦਿੱਤੇ ਗਏ ਅਤੇ ਅੰਤ 5 ਮਾਰਚ, 1716 ਈ: ਨੂੰ ਸਿੰਘਾਂ ਦਾ ਕਤਲੇਆਮ ਸ਼ੁਰੂ ਹੋਇਆ। ਤਕਰੀਬਨ 100 ਸਿੰਘਾਂ ਨੂੰ ਰੋਜ਼ ਕਤਲ ਕੀਤਾ ਜਾਂਦਾ। ਸਿੰਘ ਅਜਿੱਤ ਭਾਵਨਾ ਨਾਲ ਮੌਤ ਨੂੰ ਜੀ ਆਇਆਂ ਕਹਿੰਦੇ, ਖਿੜੇ ਚਿਹਰੇ ਨਾਲ ਸ਼ਹੀਦ ਹੁੰਦੇ ਰਹੇ।

ਤਕਰੀਬਨ ਤਿੰਨ ਮਹੀਨੇ ਤਕ ਅੰਤਾਂ ਦਾ ਜਬਰ, ਜ਼ੁਲਮ, ਤਸ਼ੱਦਦ ਅਤੇ ਤਸੀਹੇ ਦੇਣ ਤੋਂ ਬਾਅਦ ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਾਲਮਾਂ ਦੀ ਈਨ ਨਾ ਮੰਨੀ ਅਰਥਾਤ ਦੀਨ ਮੁਹੰਮਦੀ ਕਬੂਲ ਨਾ ਕੀਤੀ ਤਾਂ 9 ਜੂਨ, 1716 ਈ: ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਉਨ੍ਹਾਂ ਦੇ ਚੋਣਵੇਂ ਸਾਥੀਆਂ ਨੂੰ ਕਿਲ੍ਹੇ ਤੋਂ ਬਾਹਰ ਲਿਆਂਦਾ ਗਿਆ ਤੇ ਜਲੂਸ ਦੀ ਸ਼ਕਲ ਵਿਚ ਕੁਤਬ ਮੀਨਾਰ ਦੇ ਨੇੜੇ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੇ ਰੋਜ਼ੇ ਪਾਸ ਪਹੁੰਚਾਇਆ ਗਿਆ। ਬਹੁਤ ਸਾਰੇ ਚਸ਼ਮਦੀਦ ਗਵਾਹਾਂ ਅਨੁਸਾਰ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਇਸ ਤਰ੍ਹਾਂ ਹੋਈ।

ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਜਾਮ ਪਿਲਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਉਨ੍ਹਾਂ ਦੇ ਬੇਟੇ ਨੂੰ ਕਤਲ ਕਰਨ ਦਾ ਡਰ ਦਿੱਤਾ ਗਿਆ ਪਰ ਉਹ ਦ੍ਰਿੜ੍ਹ ਰਹੇ। ਉਨ੍ਹਾਂ ਦੇ ਪੌਣੇ ਚਾਰ ਸਾਲ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰ ਕੇ ਉਸ ਦਾ ਧੜਕਦਾ ਦਿਲ ਬਾਬਾ ਜੀ ਦੇ ਮੂੰਹ ਵਿਚ ਤੁੰਨਿਆ ਗਿਆ। ਉਨ੍ਹਾਂ ਦੇ ਪੁੱਤਰ ਦੀਆਂ ਆਂਦਰਾਂ ਕੱਢ ਕੇ ਉਨ੍ਹਾਂ ਦਾ ਹਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਵਿਚ ਪਾਇਆ ਗਿਆ। ਫਿਰ ਜਲਾਦ ਨੇ ਉਨ੍ਹਾਂ ਦੀਆਂ ਅੱਖਾਂ ਕੱਢੀਆਂ, ਹੱਥ-ਪੈਰ ਕੱਟੇ, ਲਾਲ ਭਖਦੇ ਜੰਬੂਰਾਂ ਨਾਲ ਸਰੀਰ ਤੋਂ ਮਾਸ ਨੋਚਿਆ ਗਿਆ ਅਤੇ ਅੰਤ ਵਿਚ ਸਿਰ ਤੇ ਧੜ ਨੂੰ ਅਲੱਗ ਕਰ ਕੇ ਟੁਕੜੇ-ਟੁਕੜੇ ਕਰ ਦਿੱਤੇ ਗਏ। ਸਿੱਖਾਂ ਦਾ ਪਹਿਲਾ ਹੁਕਮਰਾਨ ਇਸ ਤਰ੍ਹਾਂ ਸਤਿਗੁਰੂ ਦਾ ਸੱਚਾ ਧਰਮੀ ਸਿੱਖ ਆਪਣੇ ਧਰਮ ’ਤੇ ਕਾਇਮ ਰਹਿੰਦਾ ਹੋਇਆ ਸ਼ਹੀਦ ਹੋ ਗਿਆ। ਇਹ ਸ਼ਹੀਦੀ ਆਪਣੇ-ਆਪ ਵਿਚ ਅਦੁੱਤੀ ਤੇ ਲਾਸਾਨੀ ਸੀ। ਇਹ ਗੌਰਵ, ਮਾਣ ਪਰ ਅਸਰਚਜਤਾ ਵਾਲੀ ਗੱਲ ਹੈ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਇਸ ਸਾਰੇ ਜ਼ੁਲਮ-ਸਿਤਮ ਦੌਰਾਨ ਪੂਰੀ ਤਰ੍ਹਾਂ ਅਹਿੱਲ ਅਤੇ ਅਡੋਲ ਰਹੇ। ਇਸ ਤਰ੍ਹਾਂ ਉਨ੍ਹਾਂ ਸਿੱਖ ਸ਼ਹੀਦੀ ਵਿਰਾਸਤ ਉੱਤੇ ਪੂਰਾ ਪਹਿਰਾ ਦਿੱਤਾ।

ਬਾਬਾ ਬੰਦਾ ਸਿੰਘ ਬਹਾਦਰ ਦੀ ਦੇਸ਼, ਪੰਜਾਬ ਖਾਸ ਕਰ ਸਿੱਖਾਂ ਨੂੰ ਬਹੁਤ ਵੱਡੀ ਦੇਣ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਅੰਦਰ ਸੁਤੰਤਰਤਾ, ਵੱਖਰੀ ਅਤੇ ਵਿਲੱਖਣ ਕੌਮ ਅਤੇ ਰਾਜ ਕਰਨ ਦੀ ਭਾਵਨਾ ਦਾ ਅਹਿਸਾਸ ਪੈਦਾ ਕਰ ਦਿੱਤਾ। ਕੁਝ ਖੇਤਰਾਂ ਵਿਚ ਉਨ੍ਹਾਂ ਦੇ ਪਾਏ ਹੋਏ ਪੂਰਨੇ ਅੱਜ ਤਕ ਅਪਣਾਏ ਜਾ ਰਹੇ ਹਨ। ਉਨ੍ਹਾਂ ਦਾ ਪਹਿਲਾ ਕੰਮ ਸਿਰਲੱਥ ਖਾਲਸਾ ਨੂੰ ਦਰਪੇਸ਼ ਹਾਲਾਤ ਦੇ ਮੱਦੇ-ਨਜ਼ਰ ਹੋਰ ਚੰਗੀ ਤਰ੍ਹਾਂ ਸੰਗਠਿਤ ਕਰਨਾ ਸੀ। ਫੌਜੀ ਜਰਨੈਲ ਦੇ ਤੌਰ ‘ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਟਾਕਰੇ ਦਾ ਹੋਰ ਕੋਈ ਵਿਅਕਤਿੱਤਵ ਮਿਲਣਾ ਅਤਿ ਮੁਸ਼ਕਲ ਹੈ। ਮਿਸਟਰ ਮੈਗਰੇਗਰ ਲਿਖਦਾ ਹੈ, “ਬੰਦਾ ਸਿੰਘ ਬਹਾਦਰ ਜਰਨੈਲਾਂ ਵਿਚ ਉੱਚੀ ਥਾਂ ਰੱਖਦਾ ਹੈ। ਉਸ ਦਾ ਨਾਮ ਪੰਜਾਬ ਤੇ ਪੰਜਾਬੋਂ ਬਾਹਰ ਮੁਗਲਾਂ ਵਿਚ ਦਹਿਸ਼ਤ ਫੈਲਾਉਣ ਲਈ ਕਾਫ਼ੀ ਸੀ।” ਸ੍ਰੀ ਗੋਕਲ ਚੰਦ ਨਾਰੰਗ ਅਨੁਸਾਰ, “ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਅਜਿੱਤ ਹੋਣ ਦਾ ਭਰਮ ਤੋੜਿਆ ਤੇ ਬਾਬਾ ਬੰਦਾ ਸਿੰਘ ਨੇ ਮੁਗ਼ਲਾਂ (ਜ਼ਾਲਮਾਂ) ਨੂੰ ਪੰਜਾਬ ਦੀ ਧਰਤੀ ‘ਤੇ ਮਾਰ ਮੁਕਾਇਆ।”

ਉਨ੍ਹਾਂ ਨੇ ਪੰਜਾਬ ਦੇ ਵਾਹੀਕਾਰ ਕਿਸਾਨਾਂ ਨੂੰ ਭੋਇੰ ਦੇ ਮਾਲਕ ਬਣਾ ਦਿੱਤਾ। ਉਨ੍ਹਾਂ ਤੋਂ ਪਿੱਛੋਂ ਵੀ ਇਹ ਪ੍ਰਬੰਧ ਅੰਗਰੇਜ਼ਾਂ ਦੇ ਰਾਜ ਤਕ ਇਵੇਂ ਹੀ ਚੱਲਦਾ ਰਿਹਾ। ਉਨ੍ਹਾਂ ਨੇ ਪੰਜਾਬ ਵਿਚ ਰਾਜਨੀਤਕ ਜਾਗ੍ਰਿਤੀ ਲਿਆਉਣ ਦੇ ਨਾਲ-ਨਾਲ ਆਰਥਿਕ ਖੁਸ਼ਹਾਲੀ ਦਾ ਮੁੱਢ ਵੀ ਬੰਨ੍ਹ ਦਿੱਤਾ ਸੀ। ਉਨ੍ਹਾਂ ਨੇ ਪੰਜਾਬ ਵਿਚ ਇਕ ਵੱਡੀ ਕ੍ਰਾਂਤੀ ਲਿਆਂਦੀ ਸੀ। ਦੂਜਿਆਂ ਦੀਆਂ ਜ਼ਮੀਨਾਂ ’ਤੇ ਕੰਮ ਕਰਨ ਵਾਲੇ ਬੇਜ਼ਮੀਨੇ ਮੁਜਾਰੇ ਤੇ ਕਿਸਾਨਾਂ ਨੂੰ ਜ਼ਿਮੀਂਦਾਰ ਤੇ ਸਿੱਖ ਸਰਦਾਰ ਬਣਾ ਦਿੱਤਾ ਸੀ। ਇਸ ਪੱਖੋਂ ਵੀ ਪੰਜਾਬ ਬਾਬਾ ਬੰਦਾ ਸਿੰਘ ਬਹਾਦਰ ਦੀ ਦੂਰ-ਦ੍ਰਿਸ਼ਟੀ ਤੇ ਡੂੰਘੀ ਸੋਚ ਨਾਲ ਦਿੱਤੀ ਉਨ੍ਹਾਂ ਦੀ ਦੇਣ ਦਾ ਸਦਾ ਰਿਣੀ ਰਹੇਗਾ।

ਬਾਬਾ ਬੰਦਾ ਸਿੰਘ ਬਹਾਦਰ ਨੇ ਆਜ਼ਾਦ ਲੋਕ-ਰਾਜ ਦੀ ਸਥਾਪਨਾ ਕੀਤੀ। ਚਿਰਾਂ ਦੀ ਸਮਾਜਿਕ ਅਤੇ ਰਾਜਨੀਤਿਕ ਗ਼ੁਲਾਮੀ ਤੋਂ ਬਾਅਦ ਲੋਕਾਂ ਨੇ ਅਜ਼ਾਦੀ ਦੀ ਹਵਾ ਵਿਚ ਸਾਹ ਲਿਆ ਅਤੇ ਅਜ਼ਾਦੀ ਦਾ ਨਿੱਘ ਮਾਣਿਆ। ਰਾਜਨੀਤਿਕ ਵਿਉਂਤਬੰਦੀ ਅਨੁਸਾਰ ਹਰ ਇਲਾਕੇ ਦਾ ਪ੍ਰਬੰਧਕ ਨਿਯੁਕਤ ਕੀਤਾ। ਉਹ ਪ੍ਰਬੰਧਕ ਦੱਬੇ-ਕੁਚਲੇ ਲੋਕਾਂ ਵਿੱਚੋਂ ਹੀ ਹੁੰਦਾ ਸੀ। ਇਹ ਪਹਿਲੀ ਵਾਰ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਰਹਿਨੁਮਾਈ ਹੇਠ ਪੰਜਾਬ ਦੇ ਦੱਬੇ-ਕੁਚਲੇ ਲੋਕਾਂ ਨੇ ਆਜ਼ਾਦੀ ਦਾ ਅਨੰਦ ਮਾਣਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਪਾਏ ਪੂਰਨਿਆਂ ਨੇ ਆਉਣ ਵਾਲੇ ਸਮੇਂ ਵਿਚ ਸਿੱਖ ਕੌਮ ਲਈ ਚਾਨਣ-ਮੁਨਾਰੇ ਦਾ ਕੰਮ ਕੀਤਾ ਤੇ ਹਮੇਸ਼ਾਂ ਲਈ ਸਿੱਖ ਕੌਮ ਅੰਦਰ ਆਜ਼ਾਦੀ ਦੀ ਚਿਣਗ ਲਾ ਦਿੱਤੀ ਜੋ ਕਿ ਪਿੱਛੋਂ ਜਾ ਕੇ ਰਾਜ ਦੀ ਪ੍ਰਾਪਤੀ ਲਈ ਸੰਘਰਸ਼ ਦਾ ਕਾਰਨ ਬਣੀ।

ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਤਕਰੀਬਨ 6 ਸਾਲ ਯਮਨਾ ਤੋਂ ਰਾਵੀ ਤਕ ਦੇ ਵਿਸ਼ਾਲ ਇਲਾਕੇ ਉੱਤੇ ਆਪਣਾ ਦਬਦਬਾ ਕਾਇਮ ਰੱਖਿਆ। ਸੰਨ 1716 ਈ: ਵਿਚ ਉਹ ਭਾਵੇਂ ਸ਼ਹੀਦ ਹੋ ਗਏ ਪਰ ਉਹ ਪੰਜਾਬ ਵਿਚ ਜਿਸ ਸਿੱਖ ਰਾਜ ਦੀ ਬੁਨਿਆਦ ਕਾਇਮ ਕਰ ਗਏ ਸਨ, ਉਸ ਉੱਤੇ ਹੀ ਸੰਨ 1799 ਈ: ਨੂੰ ਲਾਹੌਰ ਫਤਹਿ ਕਰਨ ਉਪਰੰਤ ਸੰਨ 1801 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿਚ ਇਕ ਵਿਸ਼ਾਲ ਸਿੱਖ ਹਲੇਮੀ ਰਾਜ ਕਾਇਮ ਕੀਤਾ। ਸੰਨ 1717 ਈ: ਤੋਂ ਬਾਅਦ ਕਈ ਦਹਾਕੇ ਸਿੰਘਾਂ ਨੂੰ ਖ਼ਤਮ ਕਰਨ ਲਈ ਮੁਗ਼ਲ ਸਰਕਾਰ ਵੱਲੋਂ ਬੇਹੱਦ ਜ਼ੁਲਮ ਕੀਤੇ ਗਏ, ਪਰ ਉਨ੍ਹਾਂ ਨੇ ਸੰਘਰਸ਼ ਜਾਰੀ ਰੱਖਿਆ। ਸੰਨ 1748 ਈ: ਵਿਚ ਸਿੰਘਾਂ ਦੇ 12 ਜਥੇ ਬਣਾਏ ਗਏ ਅਤੇ ਬਾਅਦ ਵਿਚ ਇਨ੍ਹਾਂ ਤੋਂ ਬਾਰ੍ਹਾਂ ਮਿਸਲਾਂ ਹੋਂਦ ਵਿਚ ਆਈਆਂ। ਇਨ੍ਹਾਂ ਵਿੱਚੋਂ ਇਕ ਸੀ ਸ਼ੁਕਰਚੱਕੀਆ ਮਿਸਲ। ਇਸ ਮਿਸਲ ਦੇ ਮੁਖੀ ਸਨ ਮਹਾਰਾਜਾ ਰਣਜੀਤ ਸਿੰਘ।

ਬਾਬਾ ਬੰਦਾ ਸਿੰਘ ਬਹਾਦਰ ਨੇ ਜਿੰਨਾ ਸਮਾਂ ਵੀ ਰਾਜ ਪ੍ਰਬੰਧ ਚਲਾਇਆ, ਉਸ ਸਮੇਂ ਦੌਰਾਨ ਉਨ੍ਹਾਂ ਦੇ ਤਹਿਤ ਇਲਾਕਿਆਂ ਵਿਚ ਕਿਸੇ ਧਾਰਮਿਕ ਅਸਥਾਨ ਭਾਵੇਂ ਉਹ ਇਸਲਾਮ ਨਾਲ ਸੰਬੰਧਿਤ ਸੀ ਜਾਂ ਹਿੰਦੂ ਧਰਮ ਨਾਲ, ਦੀ ਮਰਯਾਦਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਅਤੇ ਉਸ ਸਮੇਂ ਦੌਰਾਨ ਕਿਸੇ ਵੀ ਮਨੁੱਖ ਜਾਂ ਤ੍ਰੀਮਤ ਦੇ ਧਾਰਮਿਕ ਚਿੰਨ੍ਹ ਦਾ ਅਪਮਾਨ ਨਹੀਂ ਹੋਣ ਦਿੱਤਾ ਅਤੇ ਸਮੂਹ ਧਰਮਾਂ ਦੇ ਲੋਕਾਂ ਦੀਆਂ ਧੀਆਂ-ਭੈਣਾਂ ਦੀ ਇੱਜ਼ਤ-ਆਬਰੂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ। ਸਹੀ ਅਰਥਾਂ ਵਿਚ ਬਾਬਾ ਜੀ ਦਾ ਰਾਜ ਇਕ ਆਦਰਸ਼ਕ ਰਾਜ ਸੀ। ਅਜਿਹਾ ਸੀ ਪਹਿਲਾ ਸਿੱਖ ਹੁਕਮਰਾਨ ਜੋ ਦੇਸ਼ ਦੇ ਵੱਡੇ ਹਿੱਸੇ ਨੂੰ ਚਿਰਾਂ ਦੀ ਗ਼ੁਲਾਮੀ ਤੋਂ ਅਜ਼ਾਦੀ ਦਿਵਾਉਣ ਵਾਲਾ। ਸਾਨੂੰ ਉਨ੍ਹਾਂ ਉੱਤੇ ਹਮੇਸ਼ਾ ਮਾਣ ਰਹੇਗਾ।

ਅੱਜ ਫਿਰ ਲੋੜ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਵਰਗੇ ਸ਼ਕਤੀਸ਼ਾਲੀ ਤੇ ਨਿਸ਼ਕਾਮ ਆਗੂ ਦੀ ਜੋ ਮੁਲਕ ਵਿਚ ਖਾਲਸਾ ਮਿਸ਼ਨ ਅਨੁਸਾਰ ਸਮਾਜਿਕ ਬਰਾਬਰੀ, ਆਰਥਿਕ ਖੁਸ਼ਹਾਲੀ ਤੇ ਲੋਕ-ਰਾਜੀ ਕਦਰਾਂ-ਕੀਮਤਾਂ ਨੂੰ ਬਹਾਲ ਕਰ ਸਕੇ ਅਤੇ ਦੇਸ਼ ਅੰਦਰ ਸਹੀ ਅਰਥਾਂ ਵਿਚ ਹਲੇਮੀ ਰਾਜ ਸਥਾਪਤ ਕਰ ਸਕੇ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)