editor@sikharchives.org

ਲਹਣੇ ਧਰਿਓਨੁ ਛਤੁ ਸਿਰਿ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਆਰੇ ਸੇਵਕ, ਭਾਈ ਲਹਿਣਾ ਜੀ ਨੂੰ ਘੋਖ-ਪਰਖ ਕੇ ਜਦੋਂ ਜਾਣਿਆ ਕਿ ਇਹ ਹਰ ਕਸਵੱਟੀ ’ਤੇ ਪੂਰੇ ਹਨ ਤਾਂ ਪੂਰੇ ਸਤਿਗੁਰੂ (ਸ੍ਰੀ ਗੁਰੂ ਨਾਨਕ ਦੇਵ ਜੀ) ਨੇ, ਸੇਵਕ ਨੂੰ ‘ਅੰਗਦ’ ਬਣਾ ਲਿਆ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਅੰਗਦ ਦੇਵ ਜੀ, 5 ਵੈਸਾਖ ਸੰਮਤ 1561 ਨੂੰ ਮੱਤੇ ਦੀ ਸਰਾਂ (ਜਿਸ ਨੂੰ ‘ਨਾਗੇ ਦੀ ਸਰਾਂ’ ਵੀ ਕਿਹਾ ਜਾਂਦਾ ਹੈ) ਵਿਖੇ, ਪਿਤਾ ਸ੍ਰੀ ਫੇਰੂ ਮੱਲ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਪਾਵਨ ਗ੍ਰਹਿ ਵਿਖੇ ਪ੍ਰਗਟ ਹੋਏ। ਮਾਤਾ ਪਿਤਾ ਨੇ ਆਪ ਜੀ ਦਾ ਨਾਮ ਲਹਿਣਾ ਰੱਖਿਆ। ਆਪ ਜੀ ਅਰੰਭਕ ਕਾਲ ਤੋਂ ਹੀ ਧਾਰਮਿਕ ਬਿਰਤੀਆਂ ਅਤੇ ਤੀਖਣ ਬੁੱਧੀ ਦੇ ਮਾਲਕ ਸਨ। ਆਪ ਜੀ ਆਪਣੇ ਪਿਤਾ ਜੀ ਦੇ ਕਾਰੋਬਾਰ ਵਿਚ ਹੱਥ ਵਟਾਉਂਦੇ ਰਹੇ। ਆਪ ਜੀ ਦਾ ਵਿਆਹ 1519 ਈ: ਵਿਚ, ਪਿੰਡ ਸੰਘਰ (ਨੇੜੇ ਖਡੂਰ ਸਾਹਿਬ) ਦੇ ਵਸਨੀਕ ਸ੍ਰੀ ਦੇਵੀ ਚੰਦ ਮਰਵਾਹਾ ਦੀ ਸਪੁੱਤਰੀ ਬੀਬੀ ਖੀਵੀ ਜੀ ਨਾਲ ਹੋਇਆ। ਆਪ ਜੀ ਦੇ ਦੋ ਸਪੁੱਤਰ (ਬਾਬਾ ਦਾਤੂ ਜੀ ਅਤੇ ਬਾਬਾ ਦਾਸੂ ਜੀ) ਅਤੇ ਦੋ ਧੀਆਂ (ਬੀਬੀ ਅਮਰੋ ਜੀ, ਬੀਬੀ ਅਨੋਖੀ ਜੀ) ਸਨ। 1532 ਈ: ਨੂੰ ਜਦੋਂ ਆਪ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਰਸ਼ਨ ਕਰਨ ਆਏ ਤਾਂ “ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ” ਗੁਰਬਾਣੀ ਦੇ ਮਹਾਂਵਾਕ ਅਨੁਸਾਰ ਸਦਾ ਲਈ ਗੁਰੂ ਜੀ ਦੇ ਹੀ ਹੋ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਹਿਮਤ ਭਰੀ ਨਿਗ੍ਹਾ ਆਪ ਜੀ ਉੱਤੇ ਐਸੀ ਪਈ ਕਿ ਜਨਮਾਂ-ਜਨਮਾਂ ਦਾ ਹਨ੍ਹੇਰਾ ਮਿਟ ਗਿਆ। ਮਨ ਸ਼ਾਂਤ ਅਤੇ ਮਹਾਂ ਅਨੰਦ ਦੀ ਪ੍ਰਾਪਤੀ ਹੋ ਗਈ:

ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ॥
ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ॥ (ਪੰਨਾ 204)

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਆਰੇ ਸੇਵਕ, ਭਾਈ ਲਹਿਣਾ ਜੀ ਨੂੰ ਘੋਖ-ਪਰਖ ਕੇ ਜਦੋਂ ਜਾਣਿਆ ਕਿ ਇਹ ਹਰ ਕਸਵੱਟੀ ’ਤੇ ਪੂਰੇ ਹਨ ਤਾਂ ਪੂਰੇ ਸਤਿਗੁਰੂ (ਸ੍ਰੀ ਗੁਰੂ ਨਾਨਕ ਦੇਵ ਜੀ) ਨੇ, ਸੇਵਕ ਨੂੰ ‘ਅੰਗਦ’ ਬਣਾ ਲਿਆ। ਪਾਰਸ ਧਾਤ ਵਿਚ ਇਹ ਗੁਣ ਹੈ ਕਿ ਉਹ ਲੋਹੇ ਨੂੰ ਸੋਨਾ ਤਾਂ ਬਣਾ ਸਕਦਾ ਹੈ ਪਰ ਆਪਣੇ ਵਰਗਾ (ਪਾਰਸ) ਨਹੀਂ ਬਣਾ ਸਕਦਾ। ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਸੇਵਕ ਨੂੰ ਆਪਣਾ ਹੀ ਰੂਪ ਬਣਾ ਲਿਆ ਅਤੇ ਉਸ ਵਿਚ ਰਤੀ ਭਰ ਵੀ ਭਿੰਨ-ਭੇਦ ਨਾ ਰਹਿਣ ਦਿੱਤਾ। ਭਾਈ ਗੁਰਦਾਸ ਜੀ ਨੇ ਇਸ ਨੂੰ ਇੰਞ ਬਿਆਨ ਕੀਤਾ ਹੈ:

ਪਾਰਸੁ ਹੋਆ ਪਾਰਸਹੁ ਸਤਿਗੁਰ ਪਰਚੇ ਸਤਿਗੁਰੁ ਕਹਣਾ।
ਚੰਦਨੁ ਹੋਇਆ ਚੰਦਨਹੁ ਗੁਰ ਉਪਦੇਸ ਰਹਤ ਵਿਚਿ ਰਹਣਾ।
ਜੋਤਿ ਸਮਾਣੀ ਜੋਤਿ ਵਿਚਿ ਗੁਰਮਤਿ ਸੁਖੁ ਦੁਰਮਤਿ ਦੁਖ ਦਹਣਾ।
ਅਚਰਜ ਨੋ ਅਚਰਜੁ ਮਿਲੈ ਵਿਸਮਾਦੈ ਵਿਸਮਾਦੁ ਸਮਹਣਾ।
ਅਪਿਉ ਪੀਅਣ ਨਿਝਰੁ ਝਰਣੁ ਅਜਰੁ ਜਰਣੁ ਅਸਹੀਅਣੁ ਸਹਣਾ।
ਸਚੁ ਸਮਾਣਾ ਸਚੁ ਵਿਚਿ ਗਾਡੀ ਰਾਹੁ ਸਾਧਸੰਗਿ ਵਹਣਾ।
ਬਾਬਾਣੈ ਘਰਿ ਚਾਨਣੁ ਲਹਣਾ। (ਵਾਰ 24:6)

ਇੰਞ ਗੁਰੂ-ਚੇਲਾ ਪਰੰਪਰਾ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪ੍ਰਾਰੰਭ ਹੋਈ ਅਤੇ ਇਹ ਦਸਵੇਂ ਸਰੂਪ ਤਕ ਵਧਦੀ-ਫੁਲਦੀ ਰਹੀ।

ਉਸ ਸਮੇਂ ਹਿੰਦੁਸਤਾਨ ਵਿਚ ਦੇਵਨਾਗਰੀ ਲਿੱਪੀ ਅਥਵਾ ਸੰਸਕ੍ਰਿਤ ਭਾਸ਼ਾ ਦੀ ਚੜ੍ਹਤ ਸੀ। ਉੱਚ ਵਰਗ ਦਾ ਸਮੁੱਚੇ ਮਨੁੱਖੀ ਜੀਵਨ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਅਦਾਰਿਆਂ ਵਿਚ ਬੋਲਬਾਲਾ ਸੀ। ਸਾਰੀਆਂ ਧਾਰਮਿਕ, ਸਮਾਜਿਕ ਰੀਤਾਂ-ਰਸਮਾਂ ਸੰਸਕ੍ਰਿਤ ਭਾਸ਼ਾ ਵਿਚ ਕੀਤੀਆਂ ਜਾਂਦੀਆਂ ਸਨ। ਪਰ ਸੰਸਕ੍ਰਿਤ ਭਾਸ਼ਾ ਸਾਧਾਰਨ ਲੋਕਾਂ ਦੀ ਬੋਲੀ ਨਾ ਹੋਣ ਕਰਕੇ, ਆਮ ਲੋਕਾਂ ਦੀ ਸਮਝ ਤੋਂ ਬਾਹਰ ਸੀ। ਜਿਸ ਗੱਲ (ਉਪਦੇਸ਼) ਦੀ ਲੋਕਾਂ ਵਿਚ ਸਮਝ ਨਹੀਂ ਸੀ, ਉਸ ਦਾ ਉਪਦੇਸ਼ ਭਾਵੇਂ ਕਿੰਨਾ ਵੀ ਵਧੀਆ ਕਿਉਂ ਨਾ ਹੋਵੇ, ਦਾ ਮਨੁੱਖੀ ਮਨ ਉੱਤੇ ਕਿਵੇਂ ਪ੍ਰਭਾਵ ਪੈ ਸਕਦਾ ਹੈ? ਗੁਰੂ ਸਾਹਿਬ ਦਾ ਮੁੱਖ ਮੰਤਵ ਤਾਂ ਲੋਕਾਈ ਨੂੰ ਅਕਾਲ ਪੁਰਖ ਦੇ ਨਾਮ ਹੇਠਾਂ ਇਕੱਤਰ ਕਰ ਕੇ, ਸਭ ਪ੍ਰਕਾਰੀ ਊਚ-ਨੀਚ ਦੇ ਭੇਦ-ਭਾਵ ਮਿਟਾ ਕੇ, “ਏਕੁ ਪਿਤਾ ਏਕਸ ਕੇ ਹਮ ਬਾਰਿਕ” ਦਾ ਸਰਬਸਾਂਝਾ ਸੁਨੇਹਾ ਦੇਣਾ ਸੀ। ਆਪਣੇ ਇਸ ਮਹਾਨ ਉਦੇਸ਼ ਦੀ ਪੂਰਤੀ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲੋਕ-ਲਿਪੀ ‘ਗੁਰਮੁਖੀ’ ਦਾ ਬਾਲ-ਬੋਧ ਤਿਆਰ ਕਰਵਾ ਕੇ, ਇਸ ਨੂੰ ਸਾਧਾਰਨ ਜਨਤਾ ਵਿਚ ਪ੍ਰਚਾਰਿਆ ਅਤੇ ਲੋਕਪ੍ਰਿਯ ਬਣਾਇਆ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦਾ ਸੁਧਾਰ ਅਤੇ ਪ੍ਰਚਾਰ ਹੋਰ ਵੀ ਜ਼ੋਰ ਨਾਲ ਕੀਤਾ।

ਸ੍ਰੀ ਗੁਰੂ ਅੰਗਦ ਦੇਵ ਜੀ ਛੋਟੀ ਉਮਰ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ, ਜਿੱਥੇ ਗੁਰਮੁਖੀ ਲਿਪੀ, ਗੁਰਮਤਿ ਸਿੱਖਿਆ ਦੁਆਰਾ ਮਾਨਸਿਕ ਤੌਰ ’ਤੇ ਸ਼ਕਤੀਸ਼ਾਲੀ ਬਣਾ ਰਹੇ ਸਨ, ਉਥੇ ਨਾਲ-ਨਾਲ, ਉਨ੍ਹਾਂ ਨੂੰ ਸਰੀਰਕ ਤੌਰ ’ਤੇ ਬਲਵਾਨ ਬਣਾਉਣ ਲਈ ਕਸਰਤਾਂ/ਕੁਸ਼ਤੀਆਂ ਵਗੈਰਾ ਵੀ ਕਰਵਾਇਆ ਕਰਦੇ ਸਨ।

ਲੰਗਰ ਅਤੇ ਪੰਗਤ ਦੀ ਪਰੰਪਰਾ ਤਾਂ ਭਾਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਸ਼ੁਰੂ ਹੋ ਗਈ ਸੀ ਪਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ, ਇਸ ਨਰੋਈ ਪਰੰਪਰਾ ਨੂੰ ਜਾਰੀ ਰੱਖਿਆ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਲੰਗਰ ਵਿਚ ਘਿਉ ਵਾਲੀ ਖੀਰ ਵਰਤਾਈ ਜਾਂਦੀ ਸੀ ਅਤੇ ਇਸ ਲੰਗਰ ਦੀ ਸੇਵਾ ਦਾ ਮਹਾਨ ਕੰਮ ਉਨ੍ਹਾਂ ਦੇ ਮਹਿਲ ਮਾਤਾ ਖੀਵੀ ਜੀ ਦੇ ਸਪੁਰਦ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ, ਸਰੀਰਕ ਬਣਤਰ ਕਰਕੇ ਭਾਵੇਂ ਸੰਸਾਰਿਕ ਦ੍ਰਿਸ਼ਟੀ ਤੋਂ ਵੱਖ-ਵੱਖ ਪ੍ਰਤੀਤ ਹੁੰਦੇ ਹੋਣ ਪਰ ਵਾਸਤਵਿਕ ਰੂਪ ਵਿਚ, ਅੰਤ੍ਰੀਵੀ ਜੋਤ ਸਰੂਪ ਕਰਕੇ, ਦੋਵਾਂ ਵਿਚ ਰਤੀ ਜਿੰਨਾ ਵੀ ਭਿੰਨ-ਭੇਦ ਨਹੀਂ ਸੀ।

ਅਕਾਲ ਪੁਰਖ ਨੇ ਜਗਤ-ਕਲਿਆਣ ਦੇ ਜਿਸ ਮੰਤਵ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਭੇਜਿਆ ਸੀ, ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਸੇ ਮਾਰਗ ਨੂੰ ਅੱਗੇ ਤੋਰਿਆ। ਮਨੁੱਖਤਾ ਦੇ ਭਲੇ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੇ, ਅਜਿਹਾ ਗੁਰਮਤਿ ਪ੍ਰਵਾਹ ਚਲਾਇਆ ਜੋ ਸਭ ਪ੍ਰਕਾਰੀ ਵਹਿਮਾਂ-ਭਰਮਾਂ, ਅਡੰਬਰਾਂ ਅਤੇ ਮਨੁੱਖੀ ਊਚ-ਨੀਚ ਦੀ ਕਾਣੀ-ਵੰਡ ਤੋਂ ਮੁਕਤ ਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ, ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਵਿਸ਼ੇ, ਰੂਪ ਅਤੇ ਸਿਧਾਂਤ ਦੇ ਪੱਖ ਤੋਂ ਬੜੀ ਮਹਾਨ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਦੀ ਵਿਸ਼ੇਸ਼ਤਾ ਇਸ ਗੱਲ ਵਿਚ ਵੀ ਹੈ ਕਿ ਵੱਡੇ ਗੁਰਮਤਿ ਸਿਧਾਂਤਾਂ ਨੂੰ, ਸੀਮਤ ਸ਼ਬਦਾਂ ਵਿਚ ਪ੍ਰਸਤੁਤ ਕਰ ਦਿੱਤਾ ਗਿਆ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ।

ਆਪ ਜੀ ਨੇ ਬਾਣੀ ਵਿਚ ਲੋਕਾਈ ਨੂੰ ਸਿੱਖਿਆ ਦਿੰਦੇ ਲਿਖਿਆ ਹੈ ਕਿ ਪੂਰੇ ਗੁਰੂ ਦੀ ਕਿਰਪਾ ਤੋਂ ਬਿਨਾਂ ਸੰਸਾਰ-ਸਾਗਰ ਤਰਿਆ ਨਹੀਂ ਜਾ ਸਕਦਾ। ਗੁਰੂ ਤੋਂ ਹੀਣ ਅਰਥਾਤ ਨਿਗੁਰੇ ਪੁਰਸ਼ਾਂ ਦਾ ਜਨਮ ਵਿਅਰਥ ਚਲਾ ਜਾਂਦਾ ਹੈ।

ਸਾਰੇ ਬ੍ਰਹਿਮੰਡ ਦੇ ਸਮੁੱਚੇ ਜੀਵ-ਜੰਤੂਆਂ, ਬਨਸਪਤੀ ਦਾ ਕਰਤਾ, ਨਾਸ਼ ਕਰਨ ਵਾਲਾ ਅਤੇ ਸਭ ਦੀ ਸੰਭਾਲ ਕਰਨ ਵਾਲਾ ਵੀ ਪਰਮੇਸ਼ਰ ਖੁਦ ਆਪ ਹੀ ਹੈ। ਇਸ ਲਈ ਅਕਾਲ ਪੁਰਖ ਨੂੰ ਛੱਡ ਕੇ, ਹੋਰ ਕਿਸੇ ਅੱਗੇ ਬੇਨਤੀ ਕਰਨੀ ਚੰਗੀ ਨਹੀਂ ਲੱਗਦੀ ਕਿਉਂਕਿ ਸਭ ਥਾਈਂ ਤਾਂ ਉਹ ਆਪ ਹੀ ਵਰਤ ਰਿਹਾ ਹੈ।

ਸੋਰਠਿ ਕੀ ਵਾਰ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਬਿਆਨ ਕਰਦੇ ਹਨ ਕਿ ਬੰਦੇ ਨੂੰ ਹਰ ਥਾਂ ਰਿਜਕ (ਕਿਰਤ) ਹੀ ਖਿੱਚੀ ਫਿਰਦਾ ਹੈ। ਸਾਰੀ ਸ੍ਰਿਸ਼ਟੀ ਦਾ ਕਰਤਾ ਅਕਾਲ-ਪੁਰਖ ਸਰਬ ਕਲਾ ਸਮਰੱਥ ਹੈ। ਉਸੇ ਨੇ ਹੀ ਸਾਰੇ ਸੰਸਾਰ ਵਿਚ ਆਪਣੀ ਸਤ੍ਹਾ ਟਿਕਾ ਰੱਖੀ ਹੈ।

ਨਕਿ ਨਥ ਖਸਮ ਹਥ ਕਿਰਤੁ ਧਕੇ ਦੇ॥
ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ॥ (ਪੰਨਾ 653)

ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਹੋਏ “ਗੁਰਮੁਖੀ ਸਫਰ” ਦੇ ਅਸਲ ਪਾਂਧੀ ਸ੍ਰੀ ਗੁਰੂ ਅੰਗਦ ਦੇਵ ਜੀ ਹਨ। ਸਭ ਪ੍ਰਕਾਰੀ ਕਠਿਨ ਘਾਲਨਾਵਾਂ ਅਤੇ ਪ੍ਰੀਖਿਆਵਾਂ ਵਿੱਚੋਂ ਭਾਈ ਲਹਿਣਾ ਜੀ ਸਫਲ ਹੋਏ। ਭਾਈ ਲਹਿਣਾ ਜੀ ਤੋਂ ਆਪ ਜੀ ‘ਅੰਗਦ’ ਬਣੇ ਅਤੇ ਅੰਗਦ ਤੋਂ ‘ਗੁਰੂ ਅੰਗਦ ਦੇਵ ਜੀ’ ਬਣ ਕੇ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਹੀ ਧਾਰ ਗਏ। ਜਿਵੇਂ ਪਾਣੀ ਦਾ ਬੁਲਬੁਲਾ ਪਾਣੀ ਵਿਚ ਹੀ ਸਮਾ ਜਾਂਦਾ ਹੈ ਇਵੇਂ ‘ਗੁਰੂ’ ਅਤੇ ‘ਚੇਲਾ’ ਵਿਚ ਰਤੀ ਭਰ ਵੀ ਫਰਕ ਨਾ ਰਿਹਾ। ਜੋਤ ਵਿਚ ਜੋਤ ਸਮਾ ਗਈ।

ਇਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ, “ਗੁਰੂ ਅੰਗਦ ਦੇਵ” ਬਣਾ ਕੇ, ਜਗਤ-ਗੁਰੂ ਥਾਪ ਦਿੱਤਾ।

ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥
ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ॥ (ਪੰਨਾ 966)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਖੇਤਰੀ ਖੋਜ ਕੇਂਦਰ -ਵਿਖੇ: ਪੰਜਾਬ ਐਗਰੀਕਲਚਰ ਯੂਨੀਵਰਸਿਟੀ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)