editor@sikharchives.org

ਤੇਰੀ ਉਪਮਾ ਤੋਹਿ ਬਨਿ ਆਵੈ

ਤੀਸਰੇ ਗੁਰੂ, ਸ੍ਰੀ ਗੁਰੂ ਅਮਰਦਾਸ ਜੀ ਅਨੇਕ ਪੱਖਾਂ ਤੋਂ ਅਦੁੱਤੀ ਤੇ ਲਾਸਾਨੀ ਸਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਤੀਸਰੇ ਗੁਰੂ, ਸ੍ਰੀ ਗੁਰੂ ਅਮਰਦਾਸ ਜੀ ਅਨੇਕ ਪੱਖਾਂ ਤੋਂ ਅਦੁੱਤੀ ਤੇ ਲਾਸਾਨੀ ਸਨ। ਉਹ ਉਸ ਉਮਰ ਵਿਚ ਗੁਰਗੱਦੀ ’ਤੇ ਬਿਰਾਜਮਾਨ ਹੋਏ ਜਿਸ ਵਿਚ ਮਨੁੱਖ ਇਸ ਸੰਸਾਰ ਤੋਂ ਜਾਣ ਦੀ ਤਿਆਰੀ ਕਰ ਲੈਂਦਾ ਹੈ। ਬਾਬਾ ਅਮਰਦਾਸ ਜੀ ਦਾ ਮਿਲਾਪ ਸ੍ਰੀ ਗੁਰੂ ਅੰਗਦ ਦੇਵ ਜੀ ਨਾਲ 1541 ਈ: ਵਿਚ ਹੋਇਆ। ਉਦੋਂ ਉਨ੍ਹਾਂ ਦੀ ਉਮਰ 61 ਸਾਲ ਸੀ ਤੇ ਉਹ 1552 ਈ: ਵਿਚ 72 ਵਰ੍ਹਿਆਂ ਦੀ ਉਮਰ ਵਿਚ ਗੁਰਗੱਦੀ ’ਤੇ ਬੈਠੇ ਤੇ ਲੱਗਭਗ 22 ਸਾਲ ਗੁਰਗੱਦੀ ’ਤੇ ਬਿਰਾਜਮਾਨ ਰਹਿ ਕੇ, 95 ਸਾਲ, 3 ਮਹੀਨੇ, 23 ਦਿਨ (ਮਹਾਨ ਕੋਸ਼) ਦੀ ਉਮਰ ਵਿਚ ਜੋਤੀ ਜੋਤਿ ਸਮਾਏ। ਆਪਣੀ ਲੰਮੀ ਆਯੂ, ਵਡੇਰੀ ਉਮਰ ਵਿਚ ਗੁਰੂ ਬਣਨ ਤੇ ਫਿਰ ਸਿੱਖ ਧਰਮ ਵਿਚ ਅਨੇਕਾਂ ਚੰਗੀਆਂ ਪਿਰਤਾਂ ਪਾ ਕੇ ਵੱਖਰਾ ਰੂਪ ਦੇਣ ਤੇ ਮਰਿਆਦਾ ਕਾਇਮ ਕਰਨ ਵਿਚ ਉਨ੍ਹਾਂ ਦੀ ਭੂਮਿਕਾ ਅਦੁੱਤੀ ਹੈ।

ਇਹ ਵੀ ਇਕ ਹਕੀਕਤ ਹੈ ਕਿ ਆਪ ਨੇ ਆਪਣੇ ਗੁਰੂ ਦੇ ਰਿਸ਼ਤੇ ’ਚੋਂ ਕੁੜਮ ਹੁੰਦਿਆਂ ਜੋ ਟਹਿਲ-ਸੇਵਾ ਕਰਕੇ ਘਾਲ ਕਮਾਈ ਕੀਤੀ, ਉਸ ਦੀ ਵੀ ਇਤਿਹਾਸ ਵਿਚ ਕੋਈ ਹੋਰ ਮਿਸਾਲ ਨਹੀਂ ਮਿਲਦੀ। ਭਾਈ ਕੇਸਰ ਸਿੰਘ ਛਿੱਬਰ ਠੀਕ ਹੀ ਲਿਖਦੇ ਹਨ

ਟਹਲੀਆ ਨਹੀਂ ਕੋਈ ਅਮਰਦਾਸ ਜੇਹਾ ਬਣਿ ਖੜੋਇਆ।1

ਜਦੋਂ ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਆਏ ਤਾਂ ਉਹ ਉਸ ਸਮੇਂ ਆਪਣੇ ਗੁਰਦੇਵ ਤੋਂ ਕਈ ਸਾਲ ਵੱਡੇ ਸਨ ਤੇ ਰਿਸ਼ਤੇ ਵਿਚ ਉਨ੍ਹਾਂ ਦੇ ਕੁੜਮ ਲੱਗਦੇ ਸਨ। ਇਸ ਉਮਰ ਵਿਚ ਉਨ੍ਹਾਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬੇਟੀ ਬੀਬੀ ਅਮਰੋ ਦੇ ਮੂੰਹੋਂ ਗੁਰਬਾਣੀ ਸੁਣ ਕੇ ਬਾਸਰਕਿਆਂ ਤੋਂ ਖਡੂਰ ਸਾਹਿਬ ਦਾ ਰਾਹ ਫੜਿਆ। ਬੀਬੀ ਅਮਰੋ ਜੀ ਦੇ ਨਾਲ ਉਹ ਘਰ ਅੰਦਰ ਨਹੀਂ ਗਏ। ਪੁੱਛਣ ’ਤੇ ਬੀਬੀ ਜੀ ਨੇ ਦੱਸਿਆ ਕਿ ‘ਉਹ ਤਾਂ ਬਾਹਰ ਬੈਠੇ ਹਨ। ਕਹਿੰਦੇ ਹਨ ਕਿ ਮੈਂ ਕੁੜਮਾਚਾਰੀ ਦੇ ਰਿਸ਼ਤੇ ਕਰਕੇ ਨਹੀਂ ਆਇਆ, ਮੈਂ ਤਾਂ ਭਿਖਾਰੀ ਬਣ ਕੇ ਆਪ ਨੂੰ ਗੁਰੂ ਧਾਰਨ ਤੇ ਨਾਮ ਦੀ ਦਾਤ ਲੈਣ ਆਇਆ ਹਾਂ।”2

ਸ੍ਰੀ ਗੁਰੂ ਅਮਰਦਾਸ ਜੀ ਭਾਈ ਜੋਧ ਜੀ ਦੇ ਨਾਲ ਲੰਗਰ ਦੀ ਸੇਵਾ ਕਰਦੇ ਰਹੇ। ਇਕ ਦਿਨ ਉਨ੍ਹਾਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਉਣ ਦੀ ਸੇਵਾ ਲੈ ਲਈ। ਹਾੜ ਹੋਵੇ, ਸਿਆਲ ਹੋਵੇ, ਮੀਂਹ ਹੋਵੇ, ਹਨ੍ਹੇਰੀ ਹੋਵੇ, ਖਡੂਰ ਸਾਹਿਬ ਤੋਂ ਬਿਆਸ ਕਿਨਾਰੇ ਜਾ ਕੇ ਪਾਣੀ ਦੀ ਗਾਗਰ ਭਰ ਕੇ ਲਿਆਉਣੀ। ਪੂਰੇ 12 ਸਾਲ ਸੇਵਾ ਕੀਤੀ। ਇਕ ਦਿਨ ਹਨ੍ਹੇਰੀ ਰਾਤ ਸੀ, ਮੀਂਹ ਵਰ੍ਹ ਰਿਹਾ ਸੀ ਤੇ ਝੱਖੜ ਝੱਲ ਰਿਹਾ ਸੀ। ਆਪ ‘ਗੁਰੂ-ਗੁਰੂ’ ਕਰਦੇ ਖਡੂਰ ਪਹੁੰਚ ਗਏ। ਪਰ ਜੁਲਾਹੇ ਦੀ ਖੱਡੀ ਦੀ ਕਿੱਲੀ ਨਾਲ ਅੜਕ ਕੇ ਡਿੱਗ ਪਏ। ਆਪ ਜੀ ਦੇ ਡਿੱਗਣ ਦੀ ਆਵਾਜ਼ ਨਾਲ ਜੁਲਾਹੇ ਦੀ ਨੀਂਦ ਖੁੱਲ੍ਹ ਗਈ। ਬੋਲਿਆ, ‘ਕੌਣ ਹੈ’? ਜੁਲਾਹੀ ਨੇ ਕਿਹਾ, ‘ਅਮਰੂ ਨਿਥਾਵਾਂ ਹੋਣਾ, ਹੋਰ ਐਸ ਵੇਲੇ ਕੌਣ ਹੋਣੈਂ।’ ਸ੍ਰੀ ਗੁਰੂ ਅਮਰਦਾਸ ਜੀ ਇਹ ਸੁਣ ਕੇ ਬੋਲੇ, “ਝੱਲੀਏ! ਮੈਂ ਨਿਥਾਵਾਂ ਨਹੀਂ। ਮੈਨੂੰ ਤਾਂ ਜਗਤ-ਗੁਰੂ ਦੇ ਚਰਨਾਂ ਵਿਚ ਥਾਂ ਮਿਲੀ ਹੋਈ ਹੈ।” ਸ੍ਰੀ ਗੁਰੂ ਅਮਰਦਾਸ ਜੀ ਨੇ ਗਾਗਰ ਸੰਭਾਲੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਜਾ ਇਸ਼ਨਾਨ ਕਰਾਇਆ। ਸ੍ਰੀ ਗੁਰੂ ਅੰਗਦ ਦੇਵ ਜੀ ਨੇ, ਸ੍ਰੀ ਗੁਰੂ ਅਮਰਦਾਸ ਜੀ ਨੂੰ ਗੋਂਦੇ ਨਾਲ ਦਰਿਆ ਬਿਆਸ ਕਿਨਾਰੇ ਉਸ ਦੀ ਜ਼ਮੀਨ ’ਤੇ ਗੋਇੰਦਵਾਲ ਸਾਹਿਬ ਨਗਰ ਦਾ ਨਿਰਮਾਣ ਕਰਨ ਲਈ ਭੇਜਿਆ। ਸ੍ਰੀ ਗੁਰੂ ਅੰਗਦ ਦੇਵ ਜੀ ਨੇ 1552 ਈ: ਨੂੰ ਗੁਰਗੱਦੀ ਬਾਬਾ ਅਮਰਦਾਸ ਜੀ ਨੂੰ ਸੌਂਪ ਦਿੱਤੀ। ਡਾ. ਆਸਾ ਨੰਦ ਵੋਹਰਾ ਨੇ ਠੀਕ ਹੀ ਲਿਖਿਆ ਹੈ, ‘ਉਨ੍ਹਾਂ ਨੇ ਸਿੱਖ ਧਰਮ ਦੇ ਪ੍ਰਸਾਰ ਵਿਚ ਅਦਭੁਤ ਯੋਗਦਾਨ ਦਿੱਤਾ ਹੈ ਜਿਸ ਵਜੋਂ ਸਿੱਖ ਧਰਮ ਦੀ ਨਿਵੇਕਲੀ ਹੋਂਦ ਸਥਾਪਿਤ ਹੋਈ। ਗੁਰੂ ਜੀ ਇਕ ਮਨੁੱਖ ਦੇ ਰੂਪ ਵਿਚ, ਗੁਰਸਿੱਖ ਦੇ ਰੂਪ ਵਿਚ, ਸੇਵਕ ਦੇ ਰੂਪ ਵਿਚ, ਗੁਰੂ ਦੇ ਰੂਪ ਵਿਚ, ਸਿੱਖ ਧਰਮ ਦੇ ਪ੍ਰਚਾਰਕ ਦੇ ਰੂਪ ਵਿਚ, ਬਾਣੀਕਾਰ ਦੇ ਰੂਪ ਵਿਚ ਮਹਾਨ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਦੀ ਅਧਿਆਤਮਿਕ ਅਨੁਭੂਤੀ ਉਨ੍ਹਾਂ ਦੀ ਬਾਣੀ ਵਿਚ ਸਪਸ਼ਟ ਪ੍ਰਗਟ ਹੁੰਦੀ ਹੈ।3

ਗੁਰੂ-ਘਰ ਨਾਲ ਕਿਵੇਂ ਜੁੜੇ?

ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਸ੍ਰੀ ਤੇਜ ਭਾਨ ਭੱਲਾ ਖੱਤਰੀ ਦੇ ਘਰ ਮਾਤਾ ਸੁਲੱਖਣੀ ਜੀ ਦੀ ਕੁੱਖ ਤੋਂ ਹੋਇਆ। ਆਪ ਦਾ ਵਿਆਹ ਸਿਆਲਕੋਟ ਜ਼ਿਲ੍ਹੇ ਦੇ ਪਿੰਡ ਸੰਖਤੱਰਾ ਦੇ ਭਾਈ ਦੇਵੀ ਚੰਦ ਬਹਿਲ ਖੱਤਰੀ ਦੀ ਪੁੱਤਰੀ ਬੀਬੀ ਮਨਸ਼ਾ ਦੇਵੀ ਨਾਲ ਹੋਇਆ। ਉਨ੍ਹਾਂ ਦੇ ਦੋ ਪੁੱਤਰ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ਤੇ ਦੋ ਧੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਪੈਦਾ ਹੋਈਆਂ। ਆਪ ਜੀ ਸ਼ੁਰੂ ਤੋਂ ਹੀ ਧਾਰਮਿਕ ਬਿਰਤੀ ਵਾਲੇ ਪੁਰਸ਼ ਸਨ। ਉਹ ਵੈਸ਼ਨਵ ਮੱਤ ਦੇ ਧਾਰਨੀ ਸਨ। ਉਹ ਹਰ ਸਾਲ ਹਰਿਦੁਆਰ ਯਾਤਰਾ ’ਤੇ ਜਾਇਆ ਕਰਦੇ ਸਨ। ਇਹ ਉਲੇਖ ਮਿਲਦਾ ਹੈ ਕਿ ਉਹ 20 ਵਾਰ ਹਰਿਦੁਆਰ ਗੰਗਾ ਇਸ਼ਨਾਨ ਲਈ ਗਏ। ਆਖਰੀ ਵਾਰ ਗੰਗਾ ਯਾਤਰਾ ਤੋਂ ਜਦ ਉਹ ਮੁੜੇ ਤਾਂ ਇਕ ਐਸੀ ਘਟਨਾ ਵਾਪਰੀ ਜਿਸ ਨੇ ਉਨ੍ਹਾਂ ਦੇ ਜੀਵਨ ਦੀ ਧਾਰਾ ਹੀ ਬਦਲ ਦਿੱਤੀ।

ਪ੍ਰੋ. ਕਰਤਾਰ ਸਿੰਘ ਲਿਖਦੇ ਹਨ ਕਿ “ਸੰਮਤ 1597 ਦੇ ਚੜ੍ਹਦੇ ਅੱਸੂ ਦੇ ਮਹੀਨੇ, ਵੀਹਵੀਂ ਯਾਤਰਾ ਤੋਂ ਵਾਪਸ ਆਉਂਦਿਆਂ ਨੂੰ ਇਕ ਬ੍ਰਹਮਚਾਰੀ ਸਾਧ ਆਪ ਨੂੰ ਮਿਲਿਆ। ਦੋਹਾਂ ਦਾ ਪਰਸਪਰ ਪ੍ਰੇਮ ਪੈ ਗਿਆ ਤੇ ਦੋਵੇਂ ਇਕੱਠੇ ਸਫਰ ਕਰਦੇ ਰਹੇ। ਇਕ ਦਿਨ ਉਸ ਨੇ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ? ਅੱਗੋਂ ਬਾਬਾ ਅਮਰਦਾਸ ਜੀ ਨੇ ਉੱਤਰ ਦਿੱਤਾ ਕਿ ਅਜੇ ਤਕ ਅਸਾਂ ਕੋਈ ਗੁਰੂ ਧਾਰਨ ਨਹੀਂ ਕੀਤਾ। ਇਹ ਸੁਣਦਿਆਂ ਹੀ ਬ੍ਰਹਮਚਾਰੀ ਗੁੱਸੇ ਵਿਚ ਆ ਗਿਆ ਤੇ ਕਹਿਣ ਲੱਗਾ, “ਅਰੇ ਹੇ! ਇਹ ਕੀ ਹੋਇਆ? ਨਿਗੁਰੇ ਦਾ ਤਾਂ ਦਰਸ਼ਨ ਹੀ ਬੁਰਾ ਹੁੰਦਾ ਹੈ। ਮੈਂ ਤਾਂ ਨਿਗੁਰੇ ਦੇ ਹੱਥ ਦਾ ਰਿੱਧਾ-ਪੱਕਾ ਖਾਂਦਾ ਰਿਹਾ ਹਾਂ…”

ਬ੍ਰਹਮਚਾਰੀ ਤਾਂ ਅਜਿਹੇ ਵਾਕ ਬੋਲਦਾ-ਬੋਲਦਾ ਤੁਰਦਾ ਹੋਇਆ। ਪਰ ਉਹ ਬਾਬਾ ਅਮਰਦਾਸ ਜੀ ਨੂੰ ਇਕ ਨਾ ਮਿਟਣ ਵਾਲੀ ਉਦਾਸੀ ਵਿਚ ਪਾ ਗਿਆ। ‘ਨਾ ਦਿਨੇ ਚੈਨ ਨਾ ਆਵੇ ਤੇ ਨਾ ਰਾਤੀਂ ਨੀਂਦ।”4

ਇਕ ਦਿਨ ਬਾਬਾ ਅਮਰਦਾਸ ਜੀ ਨੇ ਆਪਣੇ ਛੋਟੇ ਭਰਾ ਦੇ ਘਰੋਂ ਮਿੱਠੀ-ਮਿੱਠੀ ਆਵਾਜ਼ ਸੁਣੀ। ਛੋਟੇ ਭਰਾ ਦੀ ਨੂੰਹ ਜੋ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਸੀ, ਗੁਰਬਾਣੀ ਪੜ੍ਹ ਰਹੀ ਸੀ:

ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ॥
ਕੋਇਲੇ ਪਾਪ ਪੜੇ ਤਿਸੁ ਊਪਰਿ ਮਨੁ ਜਲਿਆ ਸੰਨੀ੍ ਚਿੰਤ ਭਈ॥
ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ॥
ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ॥ (ਪੰਨਾ 990)

ਇਸ ਬਾਣੀ ਦਾ ਮਨ ’ਤੇ ਇਤਨਾ ਪ੍ਰਭਾਵ ਪਿਆ ਕਿ ਉਹ ਸੰਮਤ 1597 ਦੇ ਕੱਤਕ-ਮੱਘਰ ਦੇ ਨੇੜੇ-ਤੇੜੇ ਖਡੂਰ ਸਾਹਿਬ ਪਹੁੰਚ ਗਏ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਮੰਨ ਕੇ ਸੇਵਾ ਅਰੰਭ ਦਿੱਤੀ।5

12 ਸਾਲ ਦੀ ਨਿਰੰਤਰ ਸੇਵਾ :

ਸਿੱਖੀ ਦੀ ਦਾਤ ਪ੍ਰਾਪਤ ਕਰ ਕੇ ਅਮਰਦਾਸ ਜੀ ਆਪਣੇ ਪਿੰਡ ਬਾਸਰਕੇ ਨਾ ਗਏ। ਉਹ ਖਡੂਰ ਸਾਹਿਬ ਟਿਕ ਕੇ ਗੁਰਸੰਗਤ ਦੀ ਤਨ-ਮਨ ਦੁਆਰਾ ਨਿਸ਼ਕਾਮ ਤੇ ਕਠਨ ਸੇਵਾ ਕਰਦੇ ਰਹੇ। ਇਹ ਸੇਵਾ ਹੀ ਉਨ੍ਹਾਂ ਲਈ ਜਪ-ਤਪ ਸੀ। ਉਨ੍ਹਾਂ ਦੀ ਨਿੱਤ ਦੀ ਸੇਵਾ ਵਿਚ ਅੰਮ੍ਰਿਤ ਵੇਲੇ ਉਠ ਕੇ ਤਿੰਨ ਕੋਹ ਦੂਰ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਣੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਉਣਾ, ਖੂਹ ’ਤੇ ਖਲੋ ਕੇ ਪਾਣੀ ਭਰਦੇ ਤੇ ਗੁਰਸਿੱਖਾਂ ਨੂੰ ਇਸ਼ਨਾਨ ਕਰਾਉਂਦੇ, ਲੰਗਰ ਵਰਤਣ ਵੇਲੇ ਸੰਗਤ ਨੂੰ ਜਲ ਛਕਾਉਂਦੇ ਤੇ ਮਗਰੋਂ ਆਪ ਭੋਜਨ ਕਰਨਾ ਸ਼ਾਮਲ ਸੀ। ਇਸ ਤਰ੍ਹਾਂ 12 ਸਾਲ ਸੇਵਾ ਕਰਦਿਆਂ ਜਦੋਂ ਹਨੇਰੀ ਕਾਰਨ ਜੁਲਾਹੇ ਦੀ ਖੱਡੀ ’ਚ ਡਿੱਗੇ ਤੇ ਜੁਲਾਹੀ ਨੇ ਬੋਲ-ਕੁਬੋਲ ਕੱਢੇ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ‘ਨਿਥਾਵੇਂ’ ਨੂੰ ਉਸ ਦੇ ਹੱਕੀ ਥਾਂ ’ਤੇ ਪਹੁੰਚਾ ਦਿੱਤਾ ਤੇ ਆਪ ਤੀਸਰੇ ਗੁਰੂ ਜੀ ਦੇ ਰੂਪ ਵਿਚ ਜਗਤ ਦੇ ਕਲਿਆਣ ਲਈ ਸਿੱਖ ਪੰਥ ਦੇ ਰਹਿਬਰ ਬਣੇ।

ਸਿੱਖ ਧਰਮ ਦੀ ਅਗਵਾਈ :

ਸ੍ਰੀ ਗੁਰੂ ਅਮਰਦਾਸ ਜੀ ਨੇ 22 ਸਾਲ ਸਿੱਖ ਧਰਮ ਦੀ ਅਗਵਾਈ ਕੀਤੀ। ਉਨ੍ਹਾਂ ਨੇ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਬਣਾ ਦਿੱਤਾ। 22 ਮੰਜੀਆਂ ਸਥਾਪਿਤ ਕਰ ਕੇ ਸਿੱਖ ਧਰਮ ਦਾ ਦੂਰ-ਦੂਰ ਤਕ ਪ੍ਰਚਾਰ ਕੀਤਾ। ਉਨ੍ਹਾਂ ਨੇ ਸਮਾਜ ਵਿਚ ਪਈਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਨਵੀਆਂ ਤੇ ਨਿਰੋਈਆਂ ਪਿਰਤਾਂ ਪਾਈਆਂ। ਘੁੰਡ ਦਾ ਰਿਵਾਜ ਹਟਾਇਆ, ਵਿਧਵਾ ਵਿਆਹ ਨੂੰ ਉਤਸ਼ਾਹਿਤ ਕੀਤਾ। ਸਤੀ ਦੀ ਵਿਰੋਧਤਾ ਕੀਤੀ। ਨਸ਼ਿਆਂ ਦੀ ਨਿਖੇਧੀ ਕੀਤੀ। ਵੇਲਾ ਵਿਹਾ ਚੁੱਕੀਆਂ ਰੀਤਾਂ ਨੂੰ ਉਨ੍ਹਾਂ ਆਪਣੀ ਬਾਣੀ ਰਾਹੀਂ ਵੀ ਖ਼ਤਮ ਕਰਨ ਦਾ ਕਾਰਜ ਅਰੰਭਿਆ।

ਸਤੀ ਪ੍ਰਥਾ ਬਾਰੇ ਆਪ ਜੀ ਦਾ ਪਾਵਨ ਫ਼ਰਮਾਨ ਹੈ:

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ੍॥
ਨਾਨਕ ਸਤੀਆ ਜਾਣੀਅਨਿ੍ ਜਿ ਬਿਰਹੇ ਚੋਟ ਮਰੰਨਿ੍॥
ਮਃ 3॥
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿ੍॥
ਸੇਵਨਿ ਸਾਈ ਆਪਣਾ ਨਿਤ ਉਠਿ ਸੰਮਾ੍ਲੰਨਿ੍॥ (ਪੰਨਾ 787)

ਜਾਤ-ਪਾਤ ਦੇ ਹੰਕਾਰ ਬਾਰੇ ਆਪ ਜੀ ਦਾ ਪਾਵਨ ਫ਼ਰਮਾਨ ਹੈ:

ਜਾਤਿ ਕਾ ਗਰਬੁ ਨ ਕਰੀਅਹੁ ਕੋਈ॥
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ॥
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥ (ਪੰਨਾ 1127-28)

ਸ਼ਰਾਬ ਦੀ ਨਿਖੇਧੀ ਬਾਰੇ ਆਪ ਫ਼ਰਮਾਉਂਦੇ ਹਨ:

ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ (ਪੰਨਾ 554)

ਸ੍ਰੀ ਗੁਰੂ ਅਮਰਦਾਸ ਜੀ ਨੇ ਰਾਜੇ ਹਰੀ ਚੰਦ ਦੀ ਨਵ-ਵਿਆਹੀ ਪਤਨੀ ਨੂੰ ਘੁੰਡ ਕੱਢ ਕੇ ਦਰਬਾਰ ਵਿਚ ਆਉਣ ਸਮੇਂ ‘ਝੱਲੀ’ ਕਿਹਾ ਤੇ ਇਸ ਤਰ੍ਹਾਂ ਸਭ ਜਗਿਆਸੂਆਂ ਨੂੰ ਪਰਦੇ ਜਾਂ ਘੁੰਡ ਦੀ ਰਸਮ ਦਾ ਤਿਆਗ ਕਰਨ ਦਾ ਆਦੇਸ਼ ਦਿੱਤਾ।

ਗੁਰੂ ਜੀ ਨੇ ਆਮ ਗ੍ਰਿਹਸਤੀਆਂ, ਸਾਧੂਆਂ, ਸੰਨਿਆਸੀਆਂ ਤੇ ਰਾਜਿਆਂ ਤਕ ਨੂੰ ਆਦਰਸ਼ ਜ਼ਿੰਦਗੀ ਜਿਊਣ ਦੀ ਸਿੱਖਿਆ ਦਿੱਤੀ। ਰਾਜਿਆਂ ਬਾਰੇ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਮੁੱਖ ਧਰਮ ਨਿਆਂ ਕਰਨਾ ਹੈ:

ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥
ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ॥ (ਪੰਨਾ 1088)

ਉਨ੍ਹਾਂ ਨੇ ਸਭ ਲਈ ਦੀਵਾਨ ਵਿਚ ਆਉਣ ਤੋਂ ਪਹਿਲਾਂ ਪੰਗਤ ਵਿਚ ਰਲਮਿਲ ਕੇ ਬਹਿਣ ਤੇ ਪਰਸ਼ਾਦਾ ਛਕਣ ਦੀ ਗੁਰੂ-ਘਰ ਦੀ ਮਰਯਾਦਾ ਦੀ ਪਾਲਣਾ ਕਰਨ ਦਾ ਹੁਕਮ ਦਿੱਤਾ। ਪਹਿਲਾਂ ‘ਪੰਗਤਿ ਫਿਰ ਸੰਗਤਿ’ ਦਾ ਨੇਮ ਲਾਗੂ ਕਰ ਦਿੱਤਾ। ਅਕਬਰ ਬਾਦਸ਼ਾਹ ਨੂੰ ਵੀ ਦਰਸ਼ਨ ਦੇਣ ਤੋਂ ਪਹਿਲਾਂ ਪੰਗਤ ਵਿਚ ਬਿਠਾ ਕੇ ਪਰਸ਼ਾਦਾ ਛਕਾਇਆ ਗਿਆ। ਇਸ ਜ਼ਾਬਤੇ ਨਾਲ ਸੰਗਤ ਵਿਚ ਛੂਤ-ਛਾਤ ਦੀ ਭਾਵਨਾ ਮਿਟ ਗਈ। ਸਿੱਖੀ ਦਾ ਪ੍ਰਚਾਰ :

ਗੁਰੂ ਜੀ ਨੇ ਸਿੱਖੀ ਦੇ ਪ੍ਰਚਾਰ ਲਈ 22 ਮੰਜੀਆਂ ਦੀ ਸਥਾਪਨਾ ਕੀਤੀ। ਗੁਰੂ ਜੀ ਨੇ ਬਾਉਲੀ ਦਾ ਨਿਰਮਾਣ ਕਰਵਾਇਆ। ਗੋਇੰਦਵਾਲ ਪੱਤਣ ਦਾ ਨਗਰ ਸੀ ਤੇ ਉਹ ਪੱਤਣ ਵੀ ਸੀ ਸ਼ਾਹੀ ਸੜਕ ਦਾ। ਮੁਸਾਫਰਾਂ ਦਾ ਇਥੋਂ ਲਾਂਘਾ ਬਹੁਤ ਸੀ। ਗੁਰੂ ਸੰਗਤ ਵੀ ਇਥੇ ਕਾਫੀ ਜੁੜੀ ਰਹਿੰਦੀ ਸੀ। ਲੰਗਰ ਤਾਂ ਚਲਦਾ ਰਹਿੰਦਾ ਸੀ ਪਰ ਪੀਣ ਵਾਲੇ ਪਾਣੀ ਦੀ ਥੋੜ ਸੀ। ਗੁਰੂ ਜੀ ਨੇ ਸੰਨ 1559 ਈ: (1616 ਬਿ:) ਵਿਚ ਬਾਉਲੀ ਤਿਆਰ ਕਰਵਾਈ। ਇਸ ਦੀਆਂ 84 ਪੌੜੀਆਂ ਹਨ। ਇਸ ਬਾਉਲੀ ਦੇ ਨਿਰਮਾਣ ਨਾਲ ਜਲ ਦੀ ਤੋਟ ਖਤਮ ਹੋ ਗਈ।

ਸ਼ਾਹੀ ਮਾਰਗ ਹੋਣ ਕਰਕੇ ਗੋਇੰਦਵਾਲ ਸਾਹਿਬ ਪ੍ਰਸਿੱਧ ਨਗਰ ਬਣ ਗਿਆ। ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਮਗਰੋਂ ਇਹ ਸਿੱਖ ਧਰਮ ਦਾ ਤੀਸਰਾ ਕੇਂਦਰ ਸੀ। ਗੋਇੰਦਵਾਲ ਸਾਹਿਬ ਸਿੱਖੀ ਦਾ ਧੁਰਾ ਬਣ ਗਿਆ। ਲੰਗਰ ਦੇ ਨਿਰੰਤਰ ਚੱਲਣ ਨਾਲ ਸਿੱਖ ਧਰਮ ਦਾ ਬੜਾ ਵਿਕਾਸ ਹੋਇਆ। ਰਾਮਕਲੀ ਦੀ ਵਾਰ ਵਿਚ ਰਾਇ ਬਲਵੰਡਿ ਅਤੇ ਸਤੇ ਡੂਮ ਨੇ ਇਸੇ ਤੱਥ ਨੂੰ ਬਿਆਨ ਕੀਤਾ ਹੈ:

ਨਿਤ ਰਸੋਈ ਤੇਰੀਐ ਘਿਉ ਮੈਦਾ ਖਾਣੁ॥
ਚਾਰੇ ਕੁੰਡਾਂ ਸੁਝੀਓਸੁ ਮਨ ਮਹਿ ਸਬਦੁ ਪਰਵਾਣੁ॥
ਆਵਾ ਗਉਣੁ ਨਿਵਾਰਿਓ ਕਰਿ ਨਦਰਿ ਨੀਸਾਣੁ॥
ਅਉਤਰਿਆ ਅਉਤਾਰੁ ਲੈ ਸੋ ਪੁਰਖੁ ਸੁਜਾਣੁ॥
ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ॥
ਜਾਣੈ ਬਿਰਥਾ ਜੀਅ ਕੀ ਜਾਣੀ ਹੂ ਜਾਣੁ॥
ਕਿਆ ਸਾਲਾਹੀ ਸਚੇ ਪਾਤਿਸਾਹ ਜਾਂ ਤੂ ਸੁਘੜੁ ਸੁਜਾਣੁ॥ (ਪੰਨਾ 968)

ਗੁਰੂ ਸਾਹਿਬ ਦੀ ਦਿੱਤ ਦੇਣ, ਯੋਗਤਾ, ਮਹੱਤਵਪੂਰਨ ਕਾਰਜਾਂ ਤੇ ਯੋਗਦਾਨ ਦਾ ਉਲੇਖ ਸਮਕਾਲੀਆਂ ਤੇ ਉਤਰਵਰਤੀ ਇਤਿਹਾਸਕਾਰਾਂ ਨੇ ਬੜੀ ਸ਼ਰਧਾ ਨਾਲ ਕੀਤਾ ਹੈ। ਭੱਟ ਕੀਰਤ ਹੋਰਾਂ ਨੇ ਉਨ੍ਹਾਂ ਨੂੰ ਨਾਰਾਇਣ ਰੂਪ ਫ਼ਰਮਾਇਆ ਹੈ:

ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ॥ (ਪੰਨਾ 1395)

ਭੱਟ ਭੱਲਯ ਹੋਰਾਂ ਦੀ ਕੀਤੀ ਉਪਮਾ ਉਨ੍ਹਾਂ ਦੇ ਜੀਵਨ ਦੇ ਸਾਰ-ਤੱਤ ਅਨੁਕੂਲ ਹੈ:

ਰੁਦ੍ਰ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ ਭਲ੍ਹ ਉਨਹ ਜੋੁ ਗਾਵੈ॥
ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ॥ (ਪੰਨਾ 1396)

ਗੁਰੂ ਜੀ ਨੇ ਧਰਮ ਪ੍ਰਚਾਰ ਤੇ ਮੰਜੀਆਂ ਦੀ ਸਥਾਪਨਾ ਰਾਹੀਂ ਤੇ ਸਮਾਜਕ ਰਹੁ-ਰੀਤਾਂ ਵਿਰੁੱਧ ਆਵਾਜ਼ ਉਠਾ ਕੇ ਸਿੱਖ ਧਰਮ ਦੇ ਜਿਹੜੇ ਵਿਲੱਖਣ ਰੂਪ ਨੂੰ ਉਭਾਰਿਆ, ਉਹ ਮਹੱਤਵਪੂਰਨ ਸੀ। ਲੇਖਕ ਪੇਨ ਠੀਕ ਹੀ ਲਿਖਦਾ ਹੈ ਕਿ “ਸਤੀ ਦੀ ਰਸਮ ਨੂੰ ਨਿਖੇਧਣ ਤੇ ਉਸ ਵਿਰੁੱਧ ਆਵਾਜ਼ ਉਠਾਉਣ ਦੀ ਪਹਿਲ ਆਪ ਨੇ ਹੀ ਕੀਤੀ ਸੀ।”6 ਸਾਰੇ ਧਰਮਾਂ ਦਾ ਸਤਿਕਾਰ ਕਰਦਿਆਂ, ਸਰਬ-ਸਾਂਝੀ ਬਾਣੀ ਰਚਦਿਆਂ ਤੇ ਸੰਗ੍ਰਹਿਤ ਕਰਦਿਆਂ ਉਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਾਰਜ ਦੀ ਮੁਢਲੀ ਭੂਮਿਕਾ ਬੰਨ੍ਹੀ।7

ਬਾਣੀ ਰਾਹੀਂ ਦਿੱਤੇ ਗਏ ਉਨ੍ਹਾਂ ਦੇ ਮਹੱਤਵਪੂਰਨ ਸੰਦੇਸ਼ ਨੂੰ ਹੇਠਲੇ ਸ਼ਬਦਾਂ ’ਚ ਵੇਖਿਆ ਜਾ ਸਕਦਾ ਹੈ:

ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰੁ॥ (ਪੰਨਾ 29-30)

ਜਿਸੁ ਅੰਤਰਿ ਪ੍ਰੀਤਿ ਲਗੈ ਸੋ ਮੁਕਤਾ॥
ਇੰਦ੍ਰੀ ਵਸਿ ਸਚ ਸੰਜਮਿ ਜੁਗਤਾ॥ (ਪੰਨਾ 122)

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਪੰਨਾ 853)

ਉਨ੍ਹਾਂ ਨੇ ਸੱਚੀ ਬਾਣੀ ਦੀ ਮਹੱਤਤਾ ਦਰਸਾਈ:

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥ (ਪੰਨਾ 920)

ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ॥
ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ॥
ਕਲਿ ਵਿਚਿ ਧੂ ਅੰਧਾਰੁ ਸਾ ਚੜਿਆ ਰੈ ਭਾਣੁ॥
ਸਤਹੁ ਖੇਤੁ ਜਮਾਇਓ ਸਤਹੁ ਛਾਵਾਣੁ॥ (ਪੰਨਾ 968)

ਸਿੱਖ ਧਰਮ ਦੀ ਮਹਾਨ ਸੇਵਾ ਕਰ ਕੇ ਆਪ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ’ਤੇ ਬਿਠਾ ਕੇ ਜੋਤੀ ਜੋਤਿ ਸਮਾ ਗਏ।

ਫੁੱਟ ਨੋਟ :

1. ਭਾਈ ਕੇਸਰ ਸਿੰਘ ਛਿੱਬਰ, ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ (ਪਰਖ), ਪੰ. ਯੂ. ਚੰਡੀਗੜ੍ਹ, 1972, ਸਫਾ 156.
2. ਗਿਆਨੀ ਹਜ਼ਾਰਾ ਸਿੰਘ, ਗੁਰਮੁਖਿ ਗੁਰਮਤਿ ਕਥਾ ਕਹਾਣੀਆਂ, ਸਿਮਾਨੀ ਪ੍ਰਕਾਸ਼ਨ ਲੁਧਿਆਣਾ, 1988, ਸਫਾ 113.
3. ਡਾ. ਆਸਾ ਨੰਦ ਵੋਹਰਾ ਦਾ ‘ਖੋਜ ਪੱਤ੍ਰਿਕਾ ਵਿਸ਼ੇਸ਼ ਅੰਕ’ ਪਟਿਆਲਾ, ਸਤੰਬਰ 1979 ਨੂੰ ਛਪੇ ਲੇਖ ’ਚੋਂ। ਸਫਾ 12 (ਸੰਪਾਦਿਕ) ਡਾ. ਰਤਨ ਸਿੰਘ ਜੱਗੀ।
4. ਪ੍ਰੋ. ਕਰਤਾਰ ਸਿੰਘ, ਸਿੱਖ ਇਤਿਹਾਸ, ਭਾਗ 1, ਸਫਾ 142-143.
5. ਪ੍ਰੋ. ਕਰਤਾਰ ਸਿੰਘ, ਸਿੱਖ ਇਤਿਹਾਸ, ਸਫਾ 144.
6. Payne, A Short History of the Sikhs, P. 31.

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

# 66, ਚੰਦਰ ਨਗਰ, ਜਨਕਪੁਰੀ, ਨਵੀਂ ਦਿੱਲੀ-110058

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)