ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਰਬ ਦੇ ਮਾਰੂਥਲਾਂ ਵਿਚ, ਹਿਮਾਲਾ ਪਰਬਤ ਦੀਆਂ ਬਰਫਾਨੀ ਚੋਟੀਆਂ ਉੱਪਰ, ਤੀਰਥਾਂ ਉੱਤੇ ਜਾਣ ਵਾਲੇ ਅਤੇ ਨੌਂ ਖੰਡ ਪ੍ਰਿਥਵੀ ਉੱਤੇ ਰਹਿਣ ਵਾਲੇ ਪ੍ਰਾਣੀਆਂ ਨੂੰ ਸਤਿਨਾਮੁ ਦਾ ਉਪਦੇਸ਼ ਦੇ ਕੇ ਸੱਚ ਦੇ ਰਸਤੇ ਪਾਇਆ। ਗੁਰੂ-ਕਾਲ ਦੇ ਸਮੇਂ ਅਤੇ ਬਾਅਦ ਵਿਚ ਅਨੇਕਾਂ ਮਹਾਂਪੁਰਖ ਹੋਏ ਹਨ ਜਿਨ੍ਹਾਂ ਨੇ ਇਸ ਮਾਰਗ ’ਤੇ ਚਲਦਿਆਂ ਇਤਿਹਾਸ ਦੇ ਪੰਨਿਆਂ ਉੱਤੇ ਆਪਣੀਆਂ ਅਮਿਟ ਪੈੜਾਂ ਛੱਡੀਆਂ ਹਨ। ਇਨ੍ਹਾਂ ਵਿਚ ਆਪਣੀ ਰਹਿਣੀ ਤੇ ਕਹਿਣੀ ਨਾਲ ਸਿੱਖੀ ਦੀ ਸੇਵਾ ਕਰਨ ਵਾਲਿਆਂ ਦੀ ਲੰਬੀ ਕਤਾਰ ਹੈ।
ਇਨ੍ਹਾਂ ਮਹਾਨ ਸਿੱਖਾਂ ਵਿਚ ਹੀ ਬਾਬਾ ਨਿਧਾਨ ਸਿੰਘ ਜੀ ਦਾ ਨਾਮ ਵੀ ਸ਼ਾਮਲ ਹੈ ਜਿਨ੍ਹਾਂ ਨੇ ਦਸਮੇਸ਼ ਪਿਤਾ ਜੀ ਦੇ ਜੋਤੀ ਜੋਤਿ ਸਮਾਉਣ ਵਾਲੇ ਅਸਥਾਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਵਿਖੇ ਲੰਗਰ ਦੀ ਸੇਵਾ ਅਰੰਭ ਕਰ ਕੇ ਇਕ ਵਿਸ਼ੇਸ਼ ਨਾਮਣਾ ਖੱਟਿਆ ਹੈ। ਬਾਬਾ ਨਿਧਾਨ ਸਿੰਘ ਜੀ ਨੇ ਆਪਣਾ ਸੰਪੂਰਨ ਜੀਵਨ ਗੁਰਮਤਿ ਅਨੁਸਾਰ ਬਤੀਤ ਕੀਤਾ। ਸਤਿਗੁਰਾਂ ਨੂੰ ਪੂਰਨ ਰੂਪ ਵਿਚ ਸਮਰਪਿਤ ਬਾਬਾ ਨਿਧਾਨ ਸਿੰਘ ਜੀ ਆਪਣੇ ਜਨਮ-ਸਥਾਨ ਨਡਾਲੋਂ ਨਗਰ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਲੈ ਕੇ ਆਪਣੇ ਅੰਤਿਮ ਸਥਾਨ ਨਾਂਦੇੜ ਸਾਹਿਬ ਤਕ ਸਿੱਖੀ ਵਿਚ ਲੀਨ ਹੋ ਕੇ ਕਾਰਜ ਕਰਦੇ ਰਹੇ।
ਅਜੋਕੇ ਸਮੇਂ ਜਦੋਂ ਕਪਟ, ਕੂੜ, ਪਾਖੰਡ, ਕਰਮਕਾਂਡ, ਤ੍ਰਿਸ਼ਨਾਲੂ, ਈਰਖਾਲੂ ਬਿਰਤੀਆਂ ਵਾਲੇ ਅਖੌਤੀ ਸੰਤਾਂ ਅਤੇ ਡੇਰੇਦਾਰਾਂ ਦੀ ਭਰਮਾਰ ਹੈ ਤਾਂ ਵੀਹਵੀਂ ਸਦੀ ਦੇ ਮਹਾਨ ਤਿਆਗੀ, ਪਰਉਪਕਾਰੀ, ਸੇਵਾ ਅਤੇ ਸਿਮਰਨ ਦੇ ਪੁੰਜ ਗੁਰਸਿੱਖ ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਇਕ ਸੱਚੇ ਸੰਤ ਦੇ ਰੋਲ ਮਾਡਲ ਦਾ ਵਧੀਆ ਨਮੂਨਾ ਹਨ। ਆਪ ਜੀ ਦੁਆਰਾ ਅਰੰਭ ਕੀਤੀ ਲੰਗਰ ਦੀ ਸੇਵਾ ਅੱਜ ਹਜ਼ੂਰ ਸਾਹਿਬ ਵਿਖੇ ਇਕ ਵਿਸ਼ਾਲ ਰੂਪ ਅਖਤਿਆਰ ਕਰ ਚੁੱਕੀ ਹੈ।
ਬਾਬਾ ਨਿਧਾਨ ਸਿੰਘ ਜੀ ਦਾ ਜਨਮ ਪਿੰਡ ਨਡਾਲੋਂ, ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪਿਤਾ ਸਰਦਾਰ ਉੱਤਮ ਸਿੰਘ ਦੇ ਘਰ ਮਾਤਾ ਗੁਲਾਬ ਕੌਰ ਜੀ ਦੀ ਕੁੱਖੋਂ 25 ਮਾਰਚ, 1882 ਈ. ਨੂੰ ਹੋਇਆ। ਬਚਪਨ ਵਿਚ ਆਪ ਜੀ ਉੱਤੇ ਬਾਬਾ ਦੀਵਾਨ ਸਿੰਘ ਜੀ ਦਾ ਅਮਿਟ ਪ੍ਰਭਾਵ ਪਿਆ ਅਤੇ ਆਪ ਦੀ ਲਗਨ ਵਾਹਿਗੁਰੂ ਦੀ ਭਗਤੀ ਵੱਲ ਲੱਗ ਗਈ। ਜਵਾਨੀ ਵਿਚ ਪੈਰ ਧਰਦਿਆਂ ਆਪ ਨੇ ਸ਼ਸਤਰ-ਵਿੱਦਿਆ ਦੀ ਸਿਖਲਾਈ ਲੈ ਕੇ ਖਾਲਸਾਈ ਮਾਰਸ਼ਲ ਆਰਟ ਗਤਕਾ ਆਦਿ ਵਿਚ ਨਿਪੁੰਨਤਾ ਹਾਸਲ ਕਰ ਲਈ। ਛੇਤੀ ਹੀ ਬਾਬਾ ਨਿਧਾਨ ਸਿੰਘ ਜੀ ਚੰਗੀ ਸਰੀਰਕ ਦਿੱਖ ਕਰਕੇ ਫੌਜ ਵਿਚ ਭਰਤੀ ਹੋ ਗਏ ਅਤੇ ਆਪ ਨੇ ਝਾਂਸੀ ਦੇ ਪੰਜ ਨੰਬਰ ਰਸਾਲਾ ਵਿਖੇ ਥੋੜ੍ਹਾ ਸਮਾਂ ਨੌਕਰੀ ਕੀਤੀ।
ਆਪ ਦੇ ਜੀਵਨ-ਕਾਲ ਵਿਚ ਉਸ ਮੌਕੇ ਇਕ ਮਹੱਤਵਪੂਰਨ ਮੋੜ ਆਇਆ ਜਦੋਂ ਆਪ ਨੇ ਇਕ ਦਿਨ ਸੰਗਤਾਂ ਦਾ ਇਕ ਜਥਾ ਹਜ਼ੂਰ ਸਾਹਿਬ ਵੱਲ ਜਾਂਦਾ ਦੇਖਿਆ। ਬਾਬਾ ਜੀ ਨੂੰ ਵੀ ਹਜ਼ੂਰ ਸਾਹਿਬ ਜਾਣ ਲਈ ਇਕ ਨਿਰਾਲੀ ਅਤੇ ਰੂਹਾਨੀ ਖਿੱਚ ਮਹਿਸੂਸ ਹੋਣ ਲੱਗੀ। ਗੁਰੂ ਨਾਲ ਪਿਆਰ ਕਰਨ ਵਾਲੀ ਪਿਆਸੀ ਜਿੰਦ ਅਬਚਲ ਨਗਰ ਵੱਲ ਚੱਲਣ ਲਈ ਉਤਾਵਲੀ ਹੋਣ ਲੱਗੀ। ਅਧਿਆਤਮਿਕ ਉੱਚਤਾ ਦੇ ਸਤੋਗੁਣੀ ਪ੍ਰਭਾਵ ਕਾਰਨ ਆਪ ਨੇ ਨੌਕਰੀ ਛੱਡ ਕੇ ਹਜ਼ੂਰ ਸਾਹਿਬ ਵੱਲ ਚਾਲੇ ਪਾ ਦਿੱਤੇ। ਦਸਮੇਸ਼ ਪਿਤਾ ਦੇ ਪਵਿੱਤਰ ਸਥਾਨ ਸ੍ਰੀ ਹਜ਼ੂਰ ਸਾਹਿਬ ਨੇ ਇਤਨਾ ਪ੍ਰਭਾਵਿਤ ਕੀਤਾ ਕਿ ਆਪ ਉਥੇ ਹੀ ਟਿਕ ਗਏ। ਪਹਿਲੇ-ਪਹਿਲ ਆਪ ਨੇ ਕਈ ਦਿਨ ਹੇਠਲੇ ਨਿਸ਼ਾਨ ਸਾਹਿਬ ਕੋਲ ਆਸਣ ਕੀਤਾ ਅਤੇ ਇਥੇ ਹੀ ਸਿਮਰਨ-ਬੰਦਗੀ ਕਰਨ ਉਪਰੰਤ ਕੁਝ ਚਿਰ ਬਾਅਦ ਸੱਚਖੰਡ ਦੀ ਉੱਤਰੀ ਬਾਹੀ ਦੇ ਪਿਛਲੇ ਪਾਸੇ ਯਾਤਰੂਆਂ ਦੀ ਸਹੂਲਤ ਦਾ ਧਿਆਨ ਰੱਖਦੇ ਹੋਏ ਜਲ ਦੀ ਸੇਵਾ ਅਰੰਭ ਕੀਤੀ।
ਫਿਰ ਕੁਝ ਚਿਰ ਬਾਅਦ ਛੋਲਿਆਂ ਦੀਆਂ ਬੱਕਲੀਆਂ ਦੀ ਸੇਵਾ ਅਰੰਭ ਕੀਤੀ। ਆਪ ਬਹੁਤੀ ਵਾਰ ਭੁੱਖੇ ਸੌਂ ਜਾਂਦੇ ਪਰ ਕਿਸੇ ਯਾਤਰੂ ਨੂੰ ਭੁੱਖਾ ਨਾ ਜਾਣ ਦਿੰਦੇ। ਆਪ ਡੇਢ ਮਣ ਦੀ ਪਾਣੀ ਦੀ ਗਾਗਰ ਗੋਦਾਵਰੀ ਤੋਂ ਸੰਗਤ ਨੂੰ ਜਲ ਛਕਾਉਣ ਵਾਸਤੇ ਲੈ ਕੇ ਆਉਂਦੇ। ਸਥਾਨਕ ਲੋਕ ਆਪ ਨਾਲ ਪਿਆਰ ਕਰਦੇ ਸਨ ਪਰ ਕੁਝ ਪੰਥ-ਵਿਰੋਧੀ ਆਪ ਨਾਲ ਈਰਖਾ ਕਰਨ ਲੱਗ ਪਏ ਅਤੇ ਇਹ ਈਰਖਾ ਏਨੀ ਵਧ ਗਈ ਕਿ ਇਕ ਦਿਨ ਆਪ ਜੀ ਨੂੰ ਇਸ ਸੇਵਾ ਤੋਂ ਹੱਥ ਧੋਣਾ ਪਿਆ।
ਆਪ ਨੇ ਇਕ ਇਮਲੀ ਦੇ ਦਰਖ਼ਤ ਥੱਲੇ ਜਿੱਥੇ ਹੁਣ ਗੁਰਦੁਆਰਾ ਲੰਗਰ ਸਾਹਿਬ ਹੈ, ਝੌਂਪੜੀ ਬਣਾ ਲਈ ਅਤੇ ਛੋਲਿਆਂ ਦੀ ਸੇਵਾ ਫਿਰ ਅਰੰਭ ਕਰ ਦਿੱਤੀ। ਇਸ ਸੇਵਾ ਦਾ ਪ੍ਰਤਾਪ ਇੰਨਾ ਰੰਗ ਲਿਆਇਆ ਕਿ ਅਖੀਰ ਇਥੇ ਲੰਗਰ ਵੀ ਸਜਣ ਲੱਗ ਪਿਆ। ਹੁਣ ਇਹ ਸੰਸਥਾ ਇਕ ਵਿਸ਼ਾਲ ਆਕਾਰ ਲੈ ਚੁੱਕੀ ਹੈ।
ਆਪ ਨੇ ਗੁਰਬਾਣੀ ਦੇ ਪਵਿੱਤਰ ਵਾਕ “ਗੁਰੂ ਦੁਆਰੈ ਹੋਇ ਸੋਝੀ ਪਾਇਸੀ” ਦੇ ਮੱਦੇ ਨਜ਼ਰ ਅਨੇਕ ਗੁਰਦੁਆਰਿਆਂ ਦੀ ਸੇਵਾ ਕਰਾਈ। ਗੁਰਦੁਆਰਾ ਲੰਗਰ ਸਾਹਿਬ, ਨਾਂਦੇੜ ਤੋਂ ਇਲਾਵਾ ਅਬਚਲ ਨਗਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਆਉਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਮਨਮਾਂੜ ਵਿਖੇ ਸਥਿਤ ਗੁਰਦੁਆਰਾ ਗੁਪਤਸਰ ਸਾਹਿਬ ਦੀ ਉਸਾਰੀ ਕਰਵਾਈ, ਜਿਥੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਜਾਣ ਲਈ ਸੰਗਤ ਨੂੰ ਗੱਡੀ ਬਦਲਣੀ ਪੈਂਦੀ ਸੀ। ਸੰਗਤ ਉੱਥੇ ਰੁਕ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੀ ਅਤੇ ਨਿਵਾਸ ਦੀ ਸਹੂਲਤ ਹੋਣ ਕਰਕੇ ਉਥੇ ਆ ਕੇ ਸੰਗਤ ਵਿਸ਼ਰਾਮ ਵੀ ਕਰਦੀ। ਇਸ ਤੋਂ ਇਲਾਵਾ ਆਪ ਜੀ ਨੇ ਗੁਰਦੁਆਰਾ ਰਤਨਗੜ੍ਹ ਸਾਹਿਬ, ਗੁਰਦੁਆਰਾ 33 ਖਾਲਸਾ ਦੀਵਾਨ ਕਰਾਚੀ, ਗੁਰਦੁਆਰਾ ਸੰਤ ਦੀਵਾਨ ਨਡਾਲੋਂ ਅਤੇ ਹੋਰ ਅਨੇਕਾਂ ਗੁਰਧਾਮਾਂ ਦੀ ਸੇਵਾ ਕਰਾਈ। ਆਪ ਜੀ ਉਨ੍ਹਾਂ ਪੰਜ ਪਿਆਰਿਆਂ ’ਚ ਸ਼ਾਮਲ ਸਨ, ਜਿਨ੍ਹਾਂ ਪੰਜਾ ਸਾਹਿਬ ਵਿਖੇ ਦਰਬਾਰ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ-ਪੱਥਰ 14 ਅਕਤੂਬਰ 1932 ਨੂੰ ਰੱਖਿਆ।
ਗੁਰਧਾਮਾਂ ਦੀ ਸੇਵਾ ਦੇ ਨਾਲ-ਨਾਲ ਬਾਬਾ ਜੀ ਨੇ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਵਿਚ ਵੀ ਅਹਿਮ ਯੋਗਦਾਨ ਪਾਇਆ। ਗੁਰਬਾਣੀ ਦਾ ਮਹਾਂਵਾਕ ‘ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ’ ਵਿੱਦਿਆ ਦੀ ਜੁਗਤ ਅਤੇ ਉਦੇਸ਼ ਨੂੰ ਪ੍ਰਗਟ ਕਰਦਾ ਹੈ। ਇਸ ਕਰਕੇ ਬਾਬਾ ਜੀ ਨੇ ਸੰਸਾਰ ਦੇ ਪਰਉਪਕਾਰ ਵਾਸਤੇ ਸਕੂਲਾਂ ਅਤੇ ਕਾਲਜਾਂ ਨੂੰ ਵੀ ਆਰਥਿਕ ਸਹਾਇਤਾ ਦਿੱਤੀ।
ਬਾਬਾ ਨਿਧਾਨ ਸਿੰਘ ਜੀ ਨੇ ਗੁਰ-ਸ਼ਬਦ ਦੁਆਰਾ ਸਤਿਗੁਰੂ ਨਾਲ ਸਾਂਝ ਪਾ ਕੇ ਨਾਮ-ਸਿਮਰਨ ਕੀਤਾ। ਇਸ ਬੰਦਗੀ ਦੁਆਰਾ ਹਾਸਲ ਹੋਏ ਬ੍ਰਹਮ-ਗਿਆਨ ਨੂੰ ਅਮਲੀ ਜੀਵਨ ਵਿਚ ਢਾਲਦਿਆਂ ਤਨ, ਮਨ, ਧਨ ਸਭ ਗੁਰੂ ਨੂੰ ਅਰਪਣ ਕਰ ਕੇ ਆਪ ਹੁਕਮੀ ਸੇਵਕ ਬਣ ਕੇ ਸੰਸਾਰ ਅੰਦਰ ਵਿਚਰੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੱਚੇ ਸੇਵਕ ਉੱਤੇ ਗੁਰੂ ਦੇ ਸਦਾ ਦਿਆਲ ਹੋਣ ਦਾ ਜੋ ਭਰੋਸਾ ਦਿਵਾਇਆ ਹੈ ਉਸ ਉੱਤੇ ਆਪ ਜੀ ਦਾ ਦ੍ਰਿੜ੍ਹ ਵਿਸ਼ਵਾਸ ਸੀ ਜਿਸ ਕਰਕੇ ਆਪ ਜੀ ਨੇ ਸੇਵਾ ਦੇ ਖੇਤਰ ਵਿਚ ਆਈਆਂ ਸਾਰੀਆਂ ਔਕੜਾਂ ਨੂੰ ਗੁਰੂ ਦਾ ਭਾਣਾ ਮੰਨਦਿਆਂ ਹਮੇਸ਼ਾਂ ਸੰਗਤਾਂ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਆਦਰਸ਼ ਬਣਾਈ ਰੱਖਿਆ। ਆਪ ਜੀ 4 ਅਗਸਤ 1947 ਈ. ਨੂੰ ਸੰਗਤਾਂ ਦੀ ਸੇਵਾ ਕਰਦੇ ਹੋਏ ਇਸ ਫਾਨੀ ਦੁਨੀਆਂ ਤੋਂ ਸਦਾ ਲਈ ਵਿਦਾ ਹੋ ਗਏ। ਉਨ੍ਹਾਂ ਦੀ ਜੀਵਨ-ਯਾਤਰਾ ਪੂਰਨ ਰੂਪ ਵਿਚ ਸਫਲ ਹੋਈ। ਫ਼ੁਰਮਾਨ ਹੈ:
ਜਿਚਰੁ ਅੰਦਰਿ ਸਾਸੁ ਤਿਚਰੁ ਸੇਵਾ ਕੀਚੈ ਜਾਇ ਮਿਲੀਐ ਰਾਮ ਮੁਰਾਰੀ॥ (ਪੰਨਾ 911)
ਇਹੋ ਜਿਹੇ ਮਹਾਂਪੁਰਖਾਂ ਦਾ ਜੀਵਨ ਚਾਨਣ-ਮੁਨਾਰੇ ਦਾ ਕੰਮ ਕਰਦਾ ਹੈ, ਜਿਸ ਤੋਂ ਕੌਮ ਨੂੰ ਸੇਧ ਤੇ ਅਗਵਾਈ ਮਿਲਦੀ ਹੈ। ਉਨ੍ਹਾਂ ਵਾਂਗ ਹੀ ਸਾਨੂੰ ਵੀ ਨਿਸ਼ਕਾਮ ਹੋ ਕੇ ਸੇਵਾ ਕਰਨ ਦੀ ਲੋੜ ਹੈ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ