ਸਰਦਾਰ ਬਘੇਲ ਸਿੰਘ ਅਠਾਰ੍ਹਵੀਂ ਸਦੀ ਦੇ ਉਨ੍ਹਾਂ ਮਹਾਨ ਸਿੱਖ ਯੋਧਿਆਂ ਵਿੱਚੋਂ ਹੈ ਜਿਨ੍ਹਾਂ ਨੇ ਨਾ ਸਿਰਫ ਪੰਜਾਬ ਵਿਚ ਖਾਲਸਾ ਰਾਜ ਸਥਾਪਤ ਕਰਨ ਲਈ ਜ਼ਮੀਨ ਹੀ ਤਿਆਰ ਕੀਤੀ ਸਗੋਂ ਸੰਨ 1783 ਈਸਵੀ ਵਿਚ ਦਿੱਲੀ ਨੂੰ ਜਿੱਤ ਕੇ ਇਥੋਂ ਦੇ ਇਤਿਹਾਸਕ ਗੁਰਦੁਆਰਿਆਂ ਨੂੰ ਕਾਇਮ ਕੀਤਾ, ਜਿਨ੍ਹਾਂ ਲਈ ਕੌਮ ਸਦਾ ਉਨ੍ਹਾਂ ਦੀ ਰਿਣੀ ਰਹੇਗੀ।
ਸਰਦਾਰ ਬਘੇਲ ਸਿੰਘ ਸਿੱਖਾਂ ਦੀਆਂ ਬਾਰ੍ਹਾਂ ਮਿਸਲਾਂ ਵਿੱਚੋਂ ਕਰੋੜਸਿੰਘੀਆ ਮਿਸਲ ਦਾ ਜਥੇਦਾਰ ਸੀ। ਇਸ ਮਿਸਲ ਦਾ ਮੋਢੀ ਸਰਦਾਰ ਸ਼ਾਮ ਸਿੰਘ 1739 ਈ. ਵਿਚ ਨਾਦਰ ਸ਼ਾਹ ਦੇ ਵਿਰੁੱਧ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਉਸ ਮਗਰੋਂ ਇਸ ਮਿਸਲ ਦੀ ਕਮਾਨ ਸਰਦਾਰ ਕਰਮ ਸਿੰਘ ਅਤੇ ਫਿਰ ਸਰਦਾਰ ਕਰੋੜਾ ਸਿੰਘ, ਪਿੰਡ ਪੰਜਗੜ੍ਹੀਆ ਨੇ ਸੰਭਾਲੀ। ਉਸ ਦੇ ਨਾਮ ’ਤੇ ਹੀ ਇਸ ਮਿਸਲ ਦਾ ਨਾਮ ਕਰੋੜਸਿੰਘੀਆ ਪ੍ਰਸਿੱਧ ਹੋਇਆ। ਉਹ ਬੜਾ ਬਹਾਦਰ ਅਤੇ ਵੀਰ ਯੋਧਾ ਸੀ। ਉਸ ਦੇ ਸਮੇਂ ਇਸ ਮਿਸਲ ਨੂੰ ਬੜੀ ਤਰੱਕੀ ਨਸੀਬ ਹੋਈ। ਫ਼ਰਖਾਬਾਦ ਤਕ ਉਸ ਦੇ ਘੋੜਿਆਂ ਨੂੰ ਰੋਕਣ ਵਾਲਾ ਕੋਈ ਨਹੀਂ ਸੀ। ਜਦੋਂ ਇਹ ਯੋਧਾ ਅਹਿਮਦਸ਼ਾਹ ਅਬਦਾਲੀ ਵਿਰੁੱਧ ਲੜਦਾ ਹੋਇਆ ਸ਼ਹੀਦ ਹੋ ਗਿਆ ਤਾਂ ਸਰਦਾਰ ਬਘੇਲ ਸਿੰਘ ਦੇ ਪੰਥਕ ਜਜ਼ਬੇ ਅਤੇ ਫੌਜੀ ਯੋਗਤਾ ਨੂੰ ਧਿਆਨ ਵਿਚ ਰੱਖਦੇ ਹੋਏ 1765 ਈ. ਵਿਚ ਉਸ ਨੂੰ ਕਰੋੜਸਿੰਘੀਆ ਮਿਸਲ ਦਾ ਜਥੇਦਾਰ ਥਾਪਿਆ ਗਿਆ। A history of the Sikh People ਵਿਚ ਡਾ. ਗੋਪਾਲ ਸਿੰਘ ਲਿਖਦੇ ਹਨ ਕਿ “This Shows that succession was not always hereditary among the Misals and merit was more the determining factor, and even the meanest could rise to the highest position. (ਸਫ਼ਾ 385) ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ ਕਿ ਇਸ ਮਿਸਲ ਦੇ ਸਰਦਾਰਾਂ ਨੇ ਕੌਮੀ ਜੱਦੋਜਹਿਦ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਸੀ।
ਸਰਦਾਰ ਬਘੇਲ ਸਿੰਘ ਇਸ ਮਿਸਲ ਦਾ ਸਭ ਤੋਂ ਸ਼ਕਤੀਸ਼ਾਲੀ ਸਰਦਾਰ ਸੀ। ਉਸ ਨੇ ਦੂਰ-ਦੂਰ ਤਕ ਆਪਣੇ ਇਲਾਕਿਆਂ ਦਾ ਵਿਸਥਾਰ ਕਰ ਕੇ ਕਰਨਾਲ ਦੇ ਨੇੜੇ ਛਲੌਦੀ ਨਾਮ ਦੇ ਸਥਾਨ ਨੂੰ ਆਪਣੀ ਰਾਜਧਾਨੀ ਬਣਾਇਆ। ਇਹ ਨਗਰ ਲਾਡਵਾ ਤੋਂ ਤਿੰਨ ਮੀਲ ਉੱਤਰ ਵੱਲ ਸੀ। ਉਸ ਦਾ ਰਾਜਸੀ ਖੇਤਰ ਜਲੰਧਰ ਤੋਂ ਲੈ ਕੇ ਗੰਗਾ-ਜਮਨਾ ਦੁਆਬ ਦੇ ਕਈ ਨਗਰਾਂ ਤਕ ਫੈਲਿਆ ਹੋਇਆ ਸੀ। ਇਨ੍ਹਾਂ ਇਲਾਕਿਆਂ ਤੋਂ ਉਸ ਨੂੰ ਤਿੰਨ ਲੱਖ ਰੁਪੈ ਸਾਲਾਨਾ ਦੀ ਆਮਦਨ ਸੀ। ਮੁਹੰਮਦ ਲਤੀਫ ਅਨੁਸਾਰ ਉਸ ਦੀ ਕਮਾਨ ਥੱਲੇ 12,000 ਘੋੜ-ਸਵਾਰ ਸਨ ਜਿਨ੍ਹਾਂ ਤੋਂ ਉਸ ਵੇਲੇ ਦੇ ਮੁਗ਼ਲ, ਮਰਾਠੇ ਅਤੇ ਰੁਹੇਲੇ ਥਰ-ਥਰ ਕੰਬਦੇ ਅਤੇ ਭੈ ਖਾਂਦੇ ਸਨ।
ਸਰਦਾਰ ਬਘੇਲ ਸਿੰਘ ਪਿੰਡ ਝਬਾਲ, ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਉਸ ਦਾ ਜਨਮ 1725 ਈ. ਦੇ ਆਸ-ਪਾਸ ਹੋਇਆ। ਕਈ ਇਤਿਹਾਸਕਾਰ ਉਸ ਨੂੰ ਹਰਿਆਣਾ (ਜ਼ਿਲ੍ਹਾ ਗੁਰਦਾਸਪੁਰ) ਦਾ ਵਸਨੀਕ ਮੰਨਦੇ ਹਨ। ਉਨ੍ਹਾਂ ਦਾ ਖਿਆਲ ਹੈ ਕਿ ਝਬਾਲ ਵਿਖੇ ਸਰਦਾਰ ਬਘੇਲ ਸਿੰਘ ਦੀ ਭੈਣ ਸੁੱਖਾਂ ਵਿਆਹੀ ਹੋਈ ਸੀ ਤੇ ਮਗਰੋਂ ਉਹ ਆਪ ਵੀ ਇਥੇ ਹੀ ਆ ਕੇ ਵੱਸ ਗਿਆ ਸੀ। ਭਾਈ ਰਤਨ ਸਿੰਘ (ਭੰਗੂ) ਅਤੇ ਗਿਆਨੀ ਗਿਆਨ ਸਿੰਘ ਅਨੁਸਾਰ ਉਹ ਧਾਲੀਵਾਲ ਜੱਟ ਸੀ। ਜ਼ਮੀਨ ਦੀ ਵਾਹੀ ਅਤੇ ਸਰਕਾਰ ਨੂੰ ਲਗਾਨ ਦੇਣ ਦੇ ਮਸਲੇ ’ਤੇ ਭਰਾਵਾਂ ਨਾਲ ਮੱਤਭੇਦ ਹੋ ਜਾਣ ਕਾਰਨ ਉਹ ਘਰ ਛੱਡ ਕੇ ਦਲ ਖਾਲਸਾ ਵਿਚ ਰਲ ਗਿਆ। ਹੌਲੀ-ਹੌਲੀ ਉਹ ਆਪਣੀ ਰਾਜਸੀ ਸੂਝ-ਬੂਝ, ਸਾਹਸ ਅਤੇ ਦਲੇਰੀ ਕਾਰਨ ਕਰੋੜਸਿੰਘੀਆ ਮਿਸਲ ਦਾ ਜਥੇਦਾਰ ਬਣ ਗਿਆ। Fall of the Mughal Empire ਵਿਚ ਸਰ ਜਾਦੂ ਨਾਥ ਸਰਕਾਰ ਲਿਖਦਾ ਹੈ ਕਿ ਆਉਣ ਵਾਲੇ 35 ਵਰ੍ਹਿਆਂ ਵਿਚ ਉਹ ਆਪਣੀ ਮਿਸਲ ਦਾ ਸਭ ਤੋਂ ਵੱਧ ਕਿਰਿਆਸ਼ੀਲ ਅਤੇ ਪ੍ਰਸਿੱਧੀ ਵਾਲਾ ਸਰਦਾਰ ਸੀ। ਗਿਆਨੀ ਗਿਆਨ ਸਿੰਘ ਨੇ ਉਸ ਨੂੰ ਬੜੀ ਹਿੰਮਤ ਵਾਲਾ ਅਤੇ ਜਵਾਂਮਰਦ ਸਰਦਾਰ ਲਿਖਿਆ ਹੈ।
ਕਾਰਜ ਦੀ ਆਰੰਭਤਾ
ਮਿਸਲ ਦੀ ਜਥੇਦਾਰੀ ਦਾ ਕਾਰਜ-ਭਾਰ ਸੰਭਾਲਦਿਆਂ ਹੀ ਉਸ ਨੇ ਜਲੰਧਰ-ਦੁਆਬਾ ਵਿਚ ਆਪਣਾ ਦਬਦਬਾ ਕਾਇਮ ਕਰ ਲਿਆ। ਇਸ ਦੇ ਮਗਰੋਂ ਉਸ ਦਾ ਅਗਲਾ ਕਦਮ ਤਲਵਾਨ ਵਿਖੇ ਇਕ ਕਿਲ੍ਹਾ ਉਸਾਰਨਾ ਅਤੇ ਉਥੇ ਇਕ ਥਾਣਾ ਕਾਇਮ ਕਰਨਾ ਸੀ ਜਿਸ ਨਾਲ ਆਸ-ਪਾਸ ਦੇ ਇਲਾਕਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਵਿਚ ਅਮਨ-ਅਮਾਨ ਕਾਇਮ ਰੱਖਿਆ ਜਾ ਸਕੇ। ਇਥੋਂ ਦੇ ਮੀਆਂ ਮਹਿਮੂਦ ਖਾਂ ਰਾਜਪੂਤ ਨੇ ਮਿਸਲਾਂ ਦੁਆਰਾ ਸਥਾਪਤ ‘ਰਾਖੀ’ ਪ੍ਰਥਾ ਦੇ ਅੰਤਰਗਤ ਸਰਦਾਰ ਬਘੇਲ ਸਿੰਘ ਨੂੰ ਆਪਣੀ ਸਹਾਇਤਾ ਦੇ ਬਦਲੇ ਇਲਾਕੇ ਦੀ ਆਮਦਨੀ ਦਾ ਚੌਥਾ ਹਿੱਸਾ ਦੇਣਾ ਸਵੀਕਾਰ ਕਰ ਲਿਆ। ਇਸ ਤੋਂ ਪਹਿਲਾਂ ਸਰਦਾਰ ਕਰੋੜ ਸਿੰਘ ਨੇ ਵੀ ਮੀਆਂ ਮਹਿਮੂਦ ਖਾਂ ਨੂੰ ਮਿਸਲ ਵੱਲੋਂ ਸੁਰੱਖਿਆ ਪ੍ਰਦਾਨ ਕੀਤੀ ਹੋਈ ਸੀ।
ਜਲੰਧਰ, ਅੰਬਾਲਾ ਅਤੇ ਹਰਿਆਣਾ ਦੇ ਉੱਤਰ-ਪੱਛਮੀ ਇਲਾਕਿਆਂ ਉੱਪਰ ਆਪਣਾ ਅਧਿਕਾਰ ਕਾਇਮ ਕਰਨ ਲੈਣ ਮਗਰੋਂ ਸਰਦਾਰ ਬਘੇਲ ਸਿੰਘ ਨੇ ਕਰਨਾਲ ਤੋਂ 20 ਮੀਲ ਦੂਰ ਛਲੌਦੀ ਨਾਮ ਦੇ ਸਥਾਨ ’ਤੇ ਆਪਣਾ ਮੁੱਖ ਟਿਕਾਣਾ ਸਥਾਪਤ ਕੀਤਾ। ਇਥੋਂ ਗੰਗਾ-ਜਮਨਾ ਦੁਆਬ ਅਤੇ ਦਿੱਲੀ ਦੇ ਆਸ-ਪਾਸ ਦੇ ਸ਼ਾਹੀ ਇਲਾਕਿਆਂ ’ਤੇ ਹਮਲਾ ਕਰਨਾ ਅਸਾਨ ਸੀ। ਉਸ ਨੇ ਪੂਰਬੀ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਈ ਨਗਰਾਂ ’ਤੇ ਕਬਜ਼ਾ ਕਰ ਕੇ ਆਪਣੀ ਮਿਸਲ ਦੀ ਅਜਿਹੀ ਧਾਂਕ ਜਮਾ ਲਈ ਕਿ ਉੱਤਰੀ ਭਾਰਤ ਵਿਚ ਅਹਿਮਦਸ਼ਾਹ ਅਬਦਾਲੀ ਵੱਲੋਂ ਨਿਯੁਕਤ ਕੀਤੇ ਗਏ ਅਫ਼ਗਾਨ ਫੌਜਦਾਰ, ਮੁਗ਼ਲ, ਰੁਹੇਲੇ ਅਤੇ ਮਰਾਠਿਆਂ ਤੋਂ ਇਲਾਵਾ ਬੰਗਾਲ ਵੱਲੋਂ ਦਿੱਲੀ ਵੱਲ ਵਧਦੇ ਚਲੇ ਆ ਰਹੇ ਅੰਗਰੇਜ਼ ਵੀ ਉਸ ਨਾਲ ਮਿੱਤਰਤਾ ਕਾਇਮ ਕਰਨ ਲਈ ਤਤਪਰ ਰਹਿਣ ਲੱਗ ਪਏ। ਰਾਜਸੀ ਗੱਠਜੋੜ ਕਰਨ ਵਿਚ ਸਰਦਾਰ ਬਘੇਲ ਸਿੰਘ ਪਹਿਲੇ ਦਰਜੇ ਦਾ ਉਸਤਾਦ ਸੀ। ਕਈ ਵਾਰ ਇਤਿਹਾਸਕਾਰਾਂ ਨੇ ਉਸ ਦੇ ਇਨ੍ਹਾਂ ਗੱਠਜੋੜਾਂ ਤੋਂ ਗ਼ਲਤ ਸਿੱਟੇ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਉਹ ਰਾਜਨੀਤੀ ਦੀ ਖੇਡ ਦਾ ਸਫ਼ਲ ਖਿਡਾਰੀ ਸੀ ਜਿਸ ਤੋਂ ਕਈ ਵਾਰ ਰੁਹੇਲੇ, ਅਫ਼ਗਾਨ, ਮਰਾਠੇ, ਮੁਗ਼ਲ ਅਤੇ ਸਿੱਖ ਸਰਦਾਰ ਵੀ ਧੋਖਾ ਖਾ ਜਾਂਦੇ ਸਨ। ਪਰ ਉਸ ਦੀਆਂ ਇਹ ਕਾਰਵਾਈਆਂ ਕਦੇ ਵੀ ਪੰਥ- ਵਿਰੋਧੀ ਜਾਂ ਦੇਸ਼-ਵਿਰੋਧੀ ਨਹੀਂ ਸਨ। ਇਹ ਤਾਂ ਸ਼ਤਰੰਜ ਦੀ ਖੇਡ ਸੀ ਜਿਸ ਵਿਚ ਉਹ ਕਦੇ ਨਹੀਂ ਸੀ ਹਾਰਿਆ।
1761 ਈ. ਵਿਚ ਅਹਿਮਦ ਸ਼ਾਹ ਅਬਦਾਲੀ ਨੇ ਮਰਾਠਿਆਂ ਨੂੰ ਪਾਨੀਪਤ ਦੀ ਤੀਸਰੀ ਲੜਾਈ ਵਿਚ ਕਰਾਰੀ ਹਾਰ ਦੇ ਕੇ ਉਨ੍ਹਾਂ ਦੇ ਸਮੁੱਚੇ ਉੱਤਰੀ ਭਾਰਤ ’ਤੇ ਰਾਜ ਕਰਨ ਦੇ ਸੁਪਨੇ ਨੂੰ ਮਿੱਟੀ ਵਿਚ ਮਿਲਾ ਦਿੱਤਾ ਸੀ। 5 ਫਰਵਰੀ 1762 ਈ. ਨੂੰ ਵੱਡੇ ਘੱਲੂਘਾਰੇ ਦੇ ਮੌਕੇ ’ਤੇ ਕਰੀਬ 30,000 ਸਿੰਘਾਂ, ਸਿੱਖ ਬੱਚਿਆਂ ਅਤੇ ਇਸਤਰੀਆਂ ਨੂੰ ਕਤਲ ਕਰ ਕੇ ਅਬਦਾਲੀ ਸਮਝ ਬੈਠਾ ਸੀ ਕਿ ਹੁਣ ਇਹ ਕੌਮ ਵੀ ਦੁਬਾਰਾ ਉੱਠਣ ਦੇ ਕਾਬਲ ਨਹੀਂ ਰਹੇਗੀ। ਪਰ ਇਤਨਾ ਵੱਡਾ ਨੁਕਸਾਨ ਹੋ ਜਾਣ ਦੇ ਬਾਵਜੂਦ ਵੀ ਸਿੱਖ ਬੜੀ ਜਲਦੀ ਸੰਭਲ ਗਏ ਤੇ ਉਨ੍ਹਾਂ ਨੇ ਜਨਵਰੀ 1764 ਈ. ਵਿਚ ਸਰਹੰਦ ਜਿੱਤ ਕੇ ਅਤੇ ਅਪ੍ਰੈਲ 1764 ਈ. ਵਿਚ ਅੰਮ੍ਰਿਤਸਰ ਵਿਖੇ ਵਿਸਾਖੀ ਦਾ ਪੁਰਬ ਮਨਾ ਕੇ ਇਹ ਸਾਬਤ ਕਰ ਦਿੱਤਾ ਕਿ ਕੋਈ ਵੀ ਰਾਜਸੀ ਸ਼ਕਤੀ ਜਾਂ ਉਨ੍ਹਾਂ ਵੱਲੋਂ ਕੀਤਾ ਗਿਆ ਜ਼ੁਲਮ ਅਤੇ ਤਸ਼ੱਦਦ ਉਨ੍ਹਾਂ ਨੂੰ ਖ਼ਤਮ ਨਹੀਂ ਸੀ ਕਰ ਸਕਦਾ।
ਜਿਤਨੀ ਦੇਰ ਤਕ ਅਹਿਮਦਸ਼ਾਹ ਅਬਦਾਲੀ ਹਿੰਦੁਸਤਾਨ ਅਤੇ ਵਿਸ਼ੇਸ ਕਰ ਕੇ ਪੰਜਾਬ ’ਤੇ ਹਮਲੇ ਕਰਦਾ ਰਿਹਾ, ਸਿੱਖ ਮਿਸਲਦਾਰ ਇਕ ਦੂਜੇ ਦੀ ਵਧ-ਚੜ੍ਹ ਕੇ ਮਦਦ ਕਰਦੇ ਰਹੇ। ਉਨ੍ਹਾਂ ਦਾ ਨਿਸ਼ਾਨਾ ਸਾਂਝੇ ਦੁਸ਼ਮਣ ਨੂੰ ਹਰਾਉਣਾ ਅਤੇ ਦੇਸ਼ ਵਿੱਚੋਂ ਭਜਾਉਣਾ ਸੀ। ਫਰਵਰੀ 1764 ਈ. ਵਿਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਸਰਦਾਰ ਬਘੇਲ ਸਿੰਘ ਨੇ 40,000 ਸਿੰਘਾਂ ਦੀ ਸੈਨਾ ਨਾਲ ਬੂੜੀਏ ਦੇ ਪੱਤਣੋਂ ਜਮਨਾ ਪਾਰ ਕੀਤੀ ਅਤੇ ਸਹਾਰਨਪੁਰ ’ਤੇ ਹਮਲਾ ਬੋਲ ਦਿੱਤਾ। ਇਹ ਇਲਾਕਾ ਰੁਹੇਲੇ ਸਰਦਾਰ ਨਜੀਬ-ਉ-ਦੌਲਾ ਦੇ ਅਧਿਕਾਰ ਵਿਚ ਸੀ। ਉਸ ਨੇ ਅਹਿਮਦਸ਼ਾਹ ਦੇ ਹਮਲਿਆਂ ਸਮੇਂ ਦੁੱਰਾਨੀ ਦੀ ਬੜੀ ਮਦਦ ਕੀਤੀ ਸੀ। ਇਕ ਤਕੜੀ ਲੜਾਈ ਮਗਰੋਂ 20 ਫਰਵਰੀ 1764 ਈ. ਨੂੰ ਸਿੱਖਾਂ ਨੇ ਇਸ ਨਗਰ ’ਤੇ ਆਪਣਾ ਅਧਿਕਾਰ ਜਮਾ ਲਿਆ ਤੇ ਆਸ-ਪਾਸ ਦੇ ਇਲਾਕਿਆਂ ਨੂੰ ਤਹਿਸ-ਨਹਿਸ ਕਰ ਦਿੱਤਾ। ਇਸ ਮੁਹਿੰਮ ਵਿਚ ਸਰਦਾਰ ਬਘੇਲ ਸਿੰਘ ਦੇ ਨਾਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੋਂ ਛੁਟ ਸਰਦਾਰ ਖੁਸ਼ਹਾਲ ਸਿੰਘ, ਸਰਦਾਰ ਤਾਰਾ ਸਿੰਘ, ਸਰਦਾਰ ਕਰੋੜਾ ਸਿੰਘ, ਸਰਦਾਰ ਗੁਰਬਖਸ਼ ਸਿੰਘ, ਸਰਦਾਰ ਭੰਗਾ ਸਿੰਘ, ਸਰਦਾਰ ਕਰਮ ਸਿੰਘ ਅਤੇ ਸਰਦਾਰ ਰਾਇ ਸਿੰਘ ਆਦਿ ਸਿੱਖ ਸਰਦਾਰ ਵੀ ਸ਼ਾਮਲ ਸਨ। ਇਸ ਹਮਲੇ ਦੌਰਾਨ ਉਨ੍ਹਾਂ ਨੇ ਸ਼ਾਮਲੀ, ਕਾਂਧਲਾ, ਅੰਬਲੀ, ਮੀਰਾਂਪੁਰ, ਦਿਉਬੰਦ, ਮੁਜ਼ੱਫਰਨਗਰ, ਜੁਆਲਾਪੁਰ, ਕਨਖਲ, ਲੰਢੋਰਾ ਅਤੇ ਨਜੀਬਾਬਾਦ ਆਦਿ ਨਗਰਾਂ ਨੂੰ ਜਿੱਤ ਕੇ ਨਜੀਬ-ਉ-ਦੌਲਾ ਲਈ ਬੜੀ ਭਾਰੀ ਪ੍ਰੇਸ਼ਾਨੀ ਪੈਦਾ ਕਰ ਦਿੱਤੀ ਸੀ। ਉਨ੍ਹਾਂ ਨੇ ਨਗੀਨਾ, ਮੁਰਾਦਾਬਾਦ, ਚੰਦੌਸੀ, ਅਨੂਪ ਸ਼ਹਿਰ ਅਤੇ ਗੜ੍ਹ ਮੁਕਤੇਸ਼ਵਰ ’ਤੇ ਹਮਲਾ ਕਰ ਕੇ ਇੱਕੋ ਝਟਕੇ ਵਿਚ ਅਵਧ ਅਤੇ ਦਿੱਲੀ ਲਈ ਵੀ ਖ਼ਤਰਾ ਪੈਦਾ ਕਰ ਦਿੱਤਾ ਸੀ। ਆਪਣੇ ਹਾਰੇ ਹੋਏ ਇਨ੍ਹਾਂ ਇਲਾਕਿਆਂ ਨੂੰ ਦੁਬਾਰਾ ਹਾਸਲ ਕਰਨ ਲਈ ਨਜੀਬ-ਉ-ਦੌਲਾ ਨੇ ਸਿੱਖ ਸਰਦਾਰਾਂ ਨੂੰ 11 ਲੱਖ ਰੁਪਿਆ ਨਜ਼ਰਾਨਾ ਭੇਟ ਕਰ ਕੇ ਉਨ੍ਹਾਂ ਦੀ ਅਧੀਨਗੀ ਪ੍ਰਵਾਨ ਕਰ ਲਈ। ਦਲ ਖਾਲਸਾ ਆਪਣੇ ਮਿਸ਼ਨ ਦੀ ਇਸ ਵੱਡੀ ਸਫਲਤਾ ਮਗਰੋਂ ਪੰਜਾਬ ਵਾਪਸ ਪਰਤ ਆਇਆ।
1767 ਈ. ਵਿਚ ਅਹਿਮਦਸ਼ਾਹ ਅਬਦਾਲੀ ਨੇ ਹਿੰਦੁਸਤਾਨ ’ਤੇ ਫਿਰ ਹਮਲਾ ਕੀਤਾ। ਉਸ ਨੇ ਆਪਣੀ ਵਿਸ਼ਾਲ ਸੈਨਾ ਨਾਲ ਦਰਿਆ ਬਿਆਸ ਦੇ ਕੰਢੇ ਪੜਾਅ ਕੀਤਾ। ਨਜੀਬ-ਉ-ਦੌਲਾ ਆਪਣੀਆਂ ਫੌਜਾਂ ਲੈ ਕੇ ਉਸ ਦੀ ਸੇਵਾ ਵਿਚ ਹਾਜ਼ਰ ਹੋਇਆ। ਕਿਸੇ ਤਰ੍ਹਾਂ ਵੀ ਨਾ ਦਬਾਏ ਜਾ ਸਕਣ ਵਾਲੇ ਸਿੱਖ ਸਰਦਾਰਾਂ ਨੇ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਨਜੀਬ-ਉ-ਦੌਲਾ ਦੇ ਗੰਗਾ-ਜਮਨਾ-ਦੁਆਬ ਵਿਚਕਾਰਲੇ ਇਲਾਕਿਆਂ ’ਤੇ ਹਮਲਾ ਬੋਲ ਦਿੱਤਾ। ਅਜਿਹਾ ਇਸ ਕਰ ਕੇ ਕੀਤਾ ਗਿਆ ਕਿ ਆਪਣੇ ਇਲਾਕਿਆਂ ਨੂੰ ਖ਼ਤਰੇ ਵਿਚ ਪਿਆ ਵੇਖ ਕੇ ਨਜੀਬ ਵਾਪਸ ਭੱਜਣ ਦੀ ਕੋਸ਼ਿਸ਼ ਕਰੇਗਾ ਅਤੇ ਦੂਸਰਾ ਮੰਤਵ ਅਬਦਾਲੀ ਦੀ ਸੈਨਿਕ ਸ਼ਕਤੀ ਨੂੰ ਕਮਜ਼ੋਰ ਕਰਨਾ ਸੀ ਤਾਂ ਕਿ ਉਹ ਪੰਜਾਬ ਵਿਚ ਸਿੱਖਾਂ ਨੂੰ ਬਹੁਤਾ ਨੁਕਸਾਨ ਨਾ ਪਹੁੰਚਾ ਸਕੇ। ਸਿੱਖ ਸਰਦਾਰ ਅੰਬੇਟਾ, ਨਨੌਤੀ ਅਤੇ ਮੇਰਠ ਨੂੰ ਲਿਤਾੜਦੇ ਹੋਏ ਸ਼ਾਮਲੀ ਤਕ ਪਹੁੰਚ ਗਏ। ਨਜੀਬ- ਉ-ਦੌਲਾ ਨੇ ਆਪਣੇ ਇਲਾਕਿਆਂ ਦੀ ਸੁਰੱਖਿਆ ਲਈ ਅਹਿਮਦਸ਼ਾਹ ਅਬਦਾਲੀ ਨੂੰ ਬੇਨਤੀ ਕੀਤੀ। ਅਬਦਾਲੀ ਨੇ ਆਪਣੇ ਵੱਡੇ ਜਰਨੈਲ ਜਹਾਨ ਖਾਨ ਨੂੰ 8000 ਸੈਨਿਕ ਦੇ ਕੇ ਦੁਆਬ ਦੇ ਇਲਾਕੇ ਵਿਚ ਭੇਜਿਆ ਤਾਂ ਕਿ ਉਹ ਸਿੱਖਾਂ ਨੂੰ ਦਬਾ ਸਕੇ। ਉਸ ਦੇ ਨਾਲ ਜ਼ਾਬਤਾ ਖਾਂ ਦੇ ਵੀ 5000 ਸਿਪਾਹੀ ਸਨ। ਡਾ. ਐੱਨ. ਕੇ. ਸਿਨ੍ਹਾ ਲਿਖਦਾ ਹੈ ਕਿ ਅਬਦਾਲੀ ਅਤੇ ਨਜੀਬ ਦੀਆਂ ਫੌਜਾਂ ਨਾਲ ਹੋਏ ਮੁਕਾਬਲੇ ਵਿਚ ਇਕ ਸਿੱਖ ਸਰਦਾਰ ਅਤੇ ਬਹੁਤ ਸਾਰੇ ਸਿੱਖ ਸੈਨਿਕ ਮਾਰੇ ਗਏ। ਇਸ ਲੜਾਈ ਵਿਚ ਸਰਦਾਰ ਬਘੇਲ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪਰ ਸਿੱਖਾਂ ਦੁਆਰਾ ਕੀਤੀ ਗਈ ਇਸ ਫੌਜੀ ਕਾਰਵਾਈ ਕਾਰਨ ਅਹਿਮਦਸ਼ਾਹ ਅਬਦਾਲੀ ਦਾ ਇਹ ਹਮਲਾ ਨਾਕਾਮਯਾਬ ਹੋ ਗਿਆ ਤੇ ਉਸ ਨੂੰ ਪੰਜਾਬ ਤੋਂ ਨਿਰਾਸ਼ ਹੀ ਵਾਪਸ ਕਾਬਲ ਪਰਤਣਾ ਪਿਆ।
ਅਮਨ-ਅਮਾਨ ਕਾਇਮ ਰੱਖਣ ਦੀ ਦ੍ਰਿਸ਼ਟੀ ਤੋਂ ਸਰਦਾਰ ਬਘੇਲ ਸਿੰਘ ਨੇ ਜਿੱਤੇ ਹੋਏ ਇਲਾਕਿਆਂ ਵਿਚ ਪੁਲਿਸ-ਚੌਂਕੀਆਂ ਸਥਾਪਤ ਕੀਤੀਆਂ। ਇਹ ਇਲਾਕੇ ਕਈ ਦਹਾਕਿਆਂ ਤੋਂ ਬਦਅਮਨੀ ਦਾ ਸ਼ਿਕਾਰ ਹੁੰਦੇ ਚਲੇ ਆ ਰਹੇ ਸਨ। ਉਹ ਇਕ ਦਲੇਰ ਤੇ ਨਿਰਭੈ ਯੋਧਾ ਹੀ ਨਹੀਂ ਸਗੋਂ ਕੁਸ਼ਲ ਪ੍ਰਬੰਧਕ ਵੀ ਸਨ। ਪਰ ਦੇਸ਼ ਵਿਚ ਹਰ ਪਾਸੇ ਫੈਲੀ ਅਫਰਾ-ਤਫਰੀ ਕਾਰਨ ਇਹ ਇੰਤਜ਼ਾਮ ਬਹੁਤੀ ਦੇਰ ਤਕ ਕਾਇਮ ਨਾ ਰਹਿ ਸਕੇ।
ਹਿੰਦੁਸਤਾਨੀ ਔਰਤਾਂ ਨੂੰ ਛੁਡਵਾਉਣਾ
ਸਰਦਾਰ ਬਘੇਲ ਸਿੰਘ ਦੇ ਸਿੱਖ ਮਿਸਲਦਾਰਾਂ ਨਾਲ ਚੰਗੇ ਸੰਬੰਧ ਸਨ। ਇਹੀ ਕਾਰਨ ਹੈ ਕਿ ਉਸ ਦੀਆਂ ਕਈ ਫੌਜੀ ਮੁਹਿੰਮਾਂ ਵੇਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਵਰਗੇ ਸਿੱਖ ਸਰਦਾਰ ਵੀ ਉਸ ਦੇ ਨਾਲ ਸਨ। ਕਿਸੇ ਸਾਂਝੇ ਖਤਰੇ ਵੇਲੇ ਇਹ ਸਿੱਖ ਸਰਦਾਰ ਆਪਣੇ ਨਿੱਜੀ ਗ਼ਿਲੇ-ਸ਼ਿਕਵੇ ਭੁਲਾ ਕੇ ਇਕ ਹੋ ਜਾਇਆ ਕਰਦੇ ਸਨ। ਇਸੇ ਕਰ ਕੇ ਇਨ੍ਹਾਂ ਦੀ ਸਾਂਝੀ ਸ਼ਕਤੀ ਅੱਗੇ ਕਿਸੇ ਵੀ ਹਮਲਾਵਰ ਦਾ ਟਿਕ ਸਕਣਾ ਆਸਾਨ ਨਹੀਂ ਸੀ। ਅਗਲੇ ਹੀ ਸਾਲ ਜਦੋਂ ਅਹਿਮਦਸ਼ਾਹ ਅਬਦਾਲੀ ਸਿਆਲਕੋਟ ਅਤੇ ਪੰਜਾਬ ਦੇ ਹੋਰ ਇਲਾਕਿਆਂ ਵਿੱਚੋਂ ਸੈਂਕੜੇ ਔਰਤਾਂ ਨੂੰ ਬੰਦੀ ਬਣਾ ਕੇ ਕਾਬਲ ਪਰਤ ਰਿਹਾ ਸੀ ਤਾਂ ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਉਸ ਦੀਆਂ ਫੌਜਾਂ ’ਤੇ ਜਾ ਪਏ ਤੇ ਉਨ੍ਹਾਂ ਹਿੰਦੁਸਤਾਨੀ ਔਰਤਾਂ ਨੂੰ ਛੁਡਵਾ ਲਿਆ, ਜਿਨ੍ਹਾਂ ਨੂੰ ਕਾਬਲ, ਕੰਧਾਰ ਅਤੇ ਗਜ਼ਨੀ ਦੇ ਬਜ਼ਾਰਾਂ ਵਿਚ ਵੇਚਿਆ ਜਾਣਾ ਸੀ। ਸਿੱਖਾਂ ਨਾਲ ਹੋਈ ਇਸ ਲੜਾਈ ਵਿਚ ਅਹਿਮਦਸ਼ਾਹ ਅਬਦਾਲੀ ਨੂੰ ਬੜਾ ਭਾਰੀ ਨੁਕਸਾਨ ਉਠਾਉਣਾ ਪਿਆ। ਉਹ ਵੀ ਹੈਰਾਨ ਸੀ ਕਿ ਜਿਸ ਦੀ ਤਾਕਤ ਅੱਗੇ ਮੁਗ਼ਲ ਅਤੇ ਮਰਾਠਾ ਸਰਦਾਰ ਗੋਡੇ ਟੇਕ ਚੁੱਕੇ ਸਨ ਉਸ ਨੂੰ ਇਨ੍ਹਾਂ ਮੁੱਠੀ ਭਰ ਸਿੱਖ ਸਰਦਾਰਾਂ ਨੇ ਪ੍ਰੇਸ਼ਾਨ ਕਰ ਦਿੱਤਾ ਸੀ। ਉਹ (ਸਿੱਖ) ਉਸ ਦੇ ਹਿੰਦੁਸਤਾਨ ਉੱਪਰ ਰਾਜ ਸਥਾਪਤ ਕਰਨ ਦੇ ਮਨਸੂਬਿਆਂ ਵਿਚ ਦੀਵਾਰ ਬਣ ਕੇ ਖਲੋ ਗਏ ਸਨ।
ਪਟਿਆਲੇ ਨਾਲ ਸੰਬੰਧ
ਆਪਣੇ ਅਠਵੇਂ ਹਮਲੇ ਦੌਰਾਨ ਅਹਿਮਦਸ਼ਾਹ ਅਬਦਾਲੀ ਨੇ ਕੋਸ਼ਿਸ਼ ਕੀਤੀ ਸੀ ਕਿ ਪੰਜਾਬ ਦੀਆਂ ਮਿਸਲਾਂ ਦੇ ਸਿੱਖ ਸਰਦਾਰ ਉਸ ਦੀ ਅਧੀਨਗੀ ਪ੍ਰਵਾਨ ਕਰ ਲੈਣ ਅਤੇ ਉਸ ਦੇ ਨਾਲ ਸਮਝੌਤਾ ਕਰ ਲੈਣ। ਪਰ ਕੋਈ ਵੀ ਪ੍ਰਮੁੱਖ ਮਿਸਲਦਾਰ ਅਜਿਹੀ ਸ਼ਰਤ ਮੰਨਣ ਲਈ ਅੱਗੇ ਨਾ ਆਇਆ। ਕੇਵਲ ਪਟਿਆਲੇ ਦਾ ਮਹਾਰਾਜਾ ਅਮਰ ਸਿੰਘ ਹੀ ਦੁੱਰਾਨੀ ਧਾੜਵੀ ਅਹਿਮਦਸ਼ਾਹ ਅਬਦਾਲੀ ਨੂੰ ਸਰਹਿੰਦ ਮਿਲਿਆ ਤੇ ਉਸ ਦੀਆਂ ਸ਼ਰਤਾਂ ਮੰਨ ਕੇ ਉਸ ਕੋਲੋਂ ਮਹਾਰਾਜਗੀ ਦਾ ਖ਼ਿਤਾਬ ਹਾਸਲ ਕੀਤਾ। ਇਹ ਗੱਲ ਮਿਸਲਾਂ ਦੇ ਸਿੱਖ ਸਰਦਾਰਾਂ ਨੂੰ ਚੰਗੀ ਨਾ ਲੱਗੀ। ਸੰਨ 1767 ਈ. ਦੀਆਂ ਗਰਮੀਆਂ ਵਿਚ ਜਦੋਂ ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਕੁਝ ਹੋਰ ਸਿੱਖ ਸਰਦਾਰ ਮਾਲਵੇ ਵਿਚ ਵਿਚਰਦੇ ਪਟਿਆਲੇ ਪਹੁੰਚੇ ਤਾਂ ਮਹਾਰਾਜਾ ਅਮਰ ਸਿੰਘ ਆਪਣੀ ਰਾਜਧਾਨੀ ਵਿਚ ਨਹੀਂ ਸੀ। ਸਰਦਾਰ ਬਘੇਲ ਸਿੰਘ ਚਾਹੁੰਦਾ ਸੀ ਕਿ ਇਸ ਮੌਕੇ ਦਾ ਫਾਇਦਾ ਉਠਾ ਕੇ ਸਰਦਾਰ ਅਮਰ ਸਿੰਘ ਨੂੰ ਬਰਤਰਫ਼ ਕਰ ਕੇ ਪਟਿਆਲੇ ’ਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ। ਉਸ ਨੇ ਇਹ ਗੱਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਕਹੀ। ਪਰ ਸਰਦਾਰ ਜੱਸਾ ਸਿੰਘ ਨੇ ਕਰੋੜਸਿੰਘੀਆ ਮਿਸਲ ਦੇ ਸਰਦਾਰ ਦੀ ਇਸ ਸਲਾਹ ਨੂੰ ਇਹ ਕਹਿ ਕੇ ਨਜ਼ਰ-ਅੰਦਾਜ਼ ਕਰ ਦਿੱਤਾ ਕਿ ਸਾਡਾ ਨਿਸ਼ਾਨਾ ਕਿਸੇ ਵਿਦੇਸ਼ੀ ਨੂੰ ਪੰਜਾਬ ਵਿਚ ਨਾ ਟਿਕਣ ਦੇਣ ਦਾ ਹੈ। ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਇਸ ਮਾਮਲੇ ਵਿਚ ਅਹਿਮਦਸ਼ਾਹ ਅਬਦਾਲੀ ਦੀਆਂ ਸਾਰੀਆਂ ਕੋਸਿਸ਼ਾਂ ਨੂੰ ਨਾਕਾਮਯਾਬ ਕਰ ਚੁੱਕੇ ਹਾਂ। ਹੁਣ ਸਾਨੂੰ ਆਪਣੀ ਤਾਕਤ ਆਪਣੇ ਹੀ ਭਰਾਵਾਂ ਵਿਰੁੱਧ ਨਹੀਂ ਵਰਤਣੀ ਚਾਹੀਦੀ।
ਅਹਿਮਦਸ਼ਾਹ ਅਬਦਾਲੀ ਨੇ ਹਿੰਦੁਸਤਾਨ ’ਤੇ ਆਖਰੀ ਹਮਲਾ 1769 ਈ. ਵਿਚ ਕੀਤਾ। ਉਹ ਦਰਿਆ ਚਨਾਬ ਤਕ ਹੀ ਪਹੁੰਚਿਆ ਸੀ ਕਿ ਘਰੇਲੂ ਹਾਲਾਤ ਖ਼ਰਾਬ ਹੋ ਜਾਣ ਕਾਰਨ ਉਸ ਨੂੰ ਤੁਰੰਤ ਅਫਗਾਨਿਸਤਾਨ ਪਰਤਣਾ ਪੈ ਗਿਆ। ਉਸ ਦੇ ਵਾਪਸ ਚਲੇ ਜਾਣ ਤੋਂ ਬਾਅਦ ਹੁਣ ਵਿਦੇਸ਼ੀ ਹਮਲਿਆਂ ਦਾ ਡਰ ਖ਼ਤਮ ਹੋ ਗਿਆ। ਹੁਣ ਮਿਸਲਾਂ ਦੇ ਸਰਦਾਰ ਆਪੋ-ਆਪਣੇ ਇਲਾਕੇ ਵਧਾਉਣ ਦੀ ਹੋੜ ਵਿਚ ਲੱਗ ਗਏ। ਬਹੁਤੀ ਦੌਲਤ ਅਤੇ ਜ਼ਮੀਨ ਹਾਸਲ ਕਰਨ ਦੀ ਦੌੜ ਵਿਚ ਉਨ੍ਹਾਂ ਨੇ ਇਕ-ਦੂਜੇ ਦੇ ਇਲਾਕਿਆਂ ’ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਇਸ ਸਥਿਤੀ ਦਾ ਲਾਭ ਉਠਾਉਂਦਿਆਂ 1769 ਈ. ਵਿਚ ਪਟਿਆਲੇ ਦੇ ਮਹਾਰਾਜੇ ਨੇ ਕਰੋੜਸਿੰਘੀਆ ਮਿਸਲ ਦੇ ਕੁਝ ਪਿੰਡਾਂ, ਜਿਨ੍ਹਾਂ ਵਿਚ ਲਾਲਰੂ, ਭੂਨੀ ਅਤੇ ਮੁੱਲਾਂਪੁਰ ਸ਼ਾਮਲ ਸਨ ’ਤੇ ਕਬਜ਼ਾ ਕਰ ਲਿਆ। ਸਰਦਾਰ ਬਘੇਲ ਸਿੰਘ ਨੇ ਸਰਦਾਰ ਦੁਲਚਾ ਸਿੰਘ, ਸਰਦਾਰ ਸੁਖੂ ਸਿੰਘ, ਸਰਦਾਰ ਭਾਗ ਸਿੰਘ ਅਤੇ ਸਰਦਾਰ ਭੰਗਾ ਸਿੰਘ ਇਤਿਆਦਿ ਦੀ ਸਹਾਇਤਾ ਨਾਲ ਪਟਿਆਲੇ ’ਤੇ ਹਮਲਾ ਬੋਲ ਦਿੱਤਾ। ਦੋਹਾਂ ਦਲਾਂ ਦੀ ਪਿੰਡ ਘੁੜਾਮ ਦੇ ਨੇੜੇ ਜੰਗ ਹੋਈ ਪਰ ਸਰਦਾਰ ਚੈਨ ਸਿੰਘ ਦੇ ਵਿਚ ਪੈ ਜਾਣ ਕਾਰਨ ਦੋਹਾਂ ਧਿਰਾਂ ਵਿਚ ਅਮਨ ਕਾਇਮ ਹੋ ਗਿਆ।
ਬ੍ਰਾਹਮਣ ਦੀ ਬੇਟੀ ਛੁਡਵਾਈ
1773 ਈ. ਵਿਚ ਸਰਦਾਰ ਬਘੇਲ ਸਿੰਘ ਨੇ ਜਮਨਾ ਪਾਰ ਦੇ ਇਲਾਕੇ ਜਲਾਲਾਬਾਦ ਲੋਹਾਰੀ ’ਤੇ ਹਮਲਾ ਕੀਤਾ। ਇੱਥੋਂ ਦਾ ਹਾਕਮ ਮੀਰ ਹਸਨ ਖਾਂ ਬੜਾ ਜ਼ਾਲਮ ਅਤੇ ਅੱਯਾਸ਼ ਤਬੀਅਤ ਦਾ ਵਿਅਕਤੀ ਸੀ। ਉਸ ਨੇ ਆਪਣੇ ਘਰ ਵਿਚ ਬ੍ਰਾਹਮਣ ਪਰਵਾਰ ਦੀ ਇਕ ਕੁੜੀ ਨੂੰ ਜ਼ਬਰਦਸਤੀ ਰੱਖਿਆ ਹੋਇਆ ਸੀ। 11 ਦਸੰਬਰ 1773 ਈ. ਨੂੰ ਹੋਈ ਲੜਾਈ ਵਿਚ ਮੀਰ ਹਸਨ ਮਾਰਿਆ ਗਿਆ ਅਤੇ ਸਰਦਾਰ ਬਘੇਲ ਸਿੰਘ ਨੇ ਉਸ ਕੁੜੀ ਨੂੰ ਛੁਡਵਾ ਕੇ ਅਤੇ ‘ਖਾਲਸੇ ਦੀ ਪੁੱਤਰੀ’ ਦਾ ਮਾਣ ਦੇ ਕੇ ਉਸ ਦੇ ਮਾਪਿਆਂ ਦੇ ਘਰ ਭੇਜ ਦਿੱਤਾ। ਅਠਾਰ੍ਹਵੀਂ ਸਦੀ ਦੀ ਸਿੱਖ ਲਹਿਰ ਨੂੰ ਦਰਸਾਉਂਦਿਆਂ ਹੋਇਆਂ ‘ਪ੍ਰਾਚੀਨ ਪੰਥ ਪ੍ਰਕਾਸ਼’ ਦਾ ਕਰਤਾ ਭਾਈ ਰਤਨ ਸਿੰਘ (ਭੰਗੂ) ਲਿਖਦਾ ਹੈ ਕਿ ਸਿੱਖ-ਅਫ਼ਗਾਨ ਅਤੇ ਸਿੱਖ-ਮੁਗ਼ਲ ਸੰਘਰਸ਼ ਵਿਚ ਖ਼ਾਲਸੇ ਨੇ ਸਦਾ ਜ਼ੁਲਮ ਦੀ ਵਿਰੋਧਤਾ ਕੀਤੀ ਅਤੇ ਗ਼ਰੀਬ ਤੇ ਮਜ਼ਲੂਮ ਦਾ ਪੱਖ ਲਿਆ। ਜਲਾਲਾਬਾਦ ਦੇ ਜ਼ਾਲਮ ਸੱਯਦ ਕੋਲੋਂ ਬ੍ਰਾਹਮਣ ਦੀ ਪੁੱਤਰੀ ਨੂੰ ਛੁਡਵਾਉਣ ਦੇ ਪ੍ਰਸੰਗ ਨੂੰ ਉਸ ਨੇ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਬੜੇ ਵਿਸਥਾਰ ਨਾਲ ਦਰਜ ਕੀਤਾ ਹੈ। ਇਸ ਸੰਬੰਧ ਵਿਚ ਉਹ ਲਿਖਦਾ ਹੈ:
ਸੁਨੋ ਸਾਖੀ ਔਰ ਸਿੰਘਨ ਕੀ,
ਜਿਨ ਕੀਨੋ ਬਿਪ ਉਪਕਾਰੁ।
ਦਿੱਲੀ ਢਿਗ ਜ਼ੁਲਮੀ ਹੁਤੀ,
ਜਾਇ ਸਯੱਦ ਦੀਨੋ ਮਾਰ।
ਮਾਰਯੇ ਸਯੱਦ ਜਬ ਖ਼ਾਲਸੇ
ਤੌ ਭਇਓ ਤੁਰਕਨ ਤਰਥੱਲ
ਪੂਰਬ ਦੱਖਨ ਲਗ ਮਰੇ
ਗਈ ਗੱਲ ਯਹ ਚੱਲ॥
ਉਸ ਸੱਯਦ ਨੂੰ ਪਾਰ ਬੁਲਾ ਦੇਣ ਮਗਰੋਂ ਸਿੰਘਾਂ ਨੇ ਉਸ ਕਲਾਲ ਨੂੰ ਵੀ ਸਜ਼ਾ ਦਿੱਤੀ ਜੋ ਪੈਸੇ ਦੇ ਲਾਲਚ ਵਿਚ ਪਰਾਈਆਂ ਧੀਆਂ ਦਾ ਥਹੁ-ਪਤਾ ਅਧਿਕਾਰੀਆਂ ਨੂੰ ਦਿਆ ਕਰਦਾ ਸੀ:
ਸੋ ਭੀ ਸਿੰਘਨ ਫੜ ਤੁਰਤ ਮੰਗਾਯਾ,
ਪਾਇ ਰੱਸਾ ਉਸ ਫਾਹੈ ਟੰਗਾਯਾ।
ਜੈ ਜੈ ਕਾਰ ਤਹਿ ਪੰਥੇ ਭਏ,
ਬਹੁ ਤੁਰਕਨ ਘਰ ਸਯਾਪੇ ਪਏ॥
ਇਸ ਮਗਰੋਂ ਸਰਦਾਰ ਬਘੇਲ ਸਿੰਘ ਦੀ ਕਮਾਨ ਥੱਲੇ ਖਾਲਸਾ ਫੌਜਾਂ ਅਲੀਗੜ੍ਹ, ਖੁਰਜਾ, ਚੰਦੌਸੀ, ਹਾਥਰਸ ਅਤੇ ਇਟਾਵਾ ਨੂੰ ਲਤਾੜਦੀਆਂ ਹੋਈਆਂ ਫ਼ਰਖਾਬਾਦ ਪਹੁੰਚੀਆਂ। ਇੱਥੋਂ ਦੇ ਨਵਾਬ ਈਸਾ ਖਾਂ ਨਾਲ ਤਿੰਨ ਦਿਨ ਤਕ ਜੰਮ ਕੇ ਲੜਾਈ ਹੋਈ, ਪਰ ਫਿਰ ਉਹ ਮੈਦਾਨ ਛੱਡ ਕੇ ਭੱਜ ਗਿਆ। ਫ਼ਰਖਾਬਾਦ ’ਤੇ ਕਬਜ਼ਾ ਹੋ ਜਾਣ ਮਗਰੋਂ ਖਾਲਸਾ ਫੌਜਾਂ ਮੁਰਾਦਾਬਾਦ, ਅਨੂਪ ਸ਼ਹਿਰ, ਬੁਲੰਦ ਸ਼ਹਿਰ, ਬਿਜਨੌਰ ਆਦਿ ਸਥਾਨਾਂ ਦੇ ਹਾਕਮਾਂ ਨੂੰ ਸੋਧਦੀਆਂ ਤੇ ਉਨ੍ਹਾਂ ਕੋਲੋਂ ਨਜ਼ਰਾਨੇ ਵਸੂਲ ਕਰਦੀਆਂ ਪੰਜਾਬ ਪਰਤ ਆਈਆਂ। ਇਨ੍ਹਾਂ ਲੜਾਈਆਂ ਵਿਚ ਅਨੇਕ ਸਿੱਖ ਸੈਨਿਕ ਵੀ ਸ਼ਹੀਦ ਹੋਏ ਸਨ।
ਗੰਗਾ-ਜਮਨਾ ਦੁਆਬ ਤੋਂ ਵਾਪਸ ਮੁੜ ਕੇ ਸਰਦਾਰ ਬਘੇਲ ਸਿੰਘ ਨੇ ਦੁਆਬਾ ਬਿਸਤ ਜਲੰਧਰ ਦੇ ਪਿੰਡ ਵਲਵਨ ਦੇ ਰਈਸ ਮੁਹੰਮਦ ਖਾਂ ਨੂੰ, ਜੋ ਸਰਦਾਰ ਕਰੋੜਾ ਸਿੰਘ ਦੇ ਸਮੇਂ ਤੋਂ ਹੀ ਇਸ ਮਿਸਲ ਦੇ ਮਾਤਹਿਤ ਸੀ ਅਤੇ ਜਿਸ ਨੇ ਕੁਝ ਸਮੇਂ ਤੋਂ ਖਰਾਜ ਦੇਣਾ ਬੰਦ ਕਰ ਦਿੱਤਾ ਸੀ, ਜਾ ਘੇਰਿਆ। ਬਦਇੰਤਜ਼ਾਮੀ ਕਰ ਕੇ ਉਸ ਨੂੰ ਉਸ ਦੀ ਜਗੀਰ ਤੋਂ ਬੇਦਖਲ ਕਰ ਦਿੱਤਾ ਗਿਆ। ਸਰਦਾਰ ਬਘੇਲ ਸਿੰਘ ਨੇ ਉਸ ਦੇ ਇਲਾਕੇ ਨੂੰ ਆਪਣੇ ਨਾਲ ਮਿਲਾ ਗਿਆ। ਇਸੇ ਤਰ੍ਹਾਂ ਦੀਵਾਨ ਸਿੰਘ ਨੂਰਮਹਿਲ ਵਾਲੇ ਤੋਂ ਉਸ ਦਾ ਇਲਾਕਾ ਲੈ ਲਿਆ। ਸੁਰੱਖਿਆ ਇੰਤਜ਼ਾਮ ਮਜ਼ਬੂਤ ਕਰਨ ਲਈ ਪਿੰਡ ਵਲਵਨ ਵਿਖੇ ਇਕ ਕਿਲ੍ਹਾ ਉਸਾਰਿਆ ਗਿਆ ਜਿੱਥੇ ਸਿੱਖ ਸੈਨਿਕਾਂ ਨੂੰ ਤੈਨਾਤ ਕੀਤਾ ਗਿਆ।
ਗੰਗਾ-ਜਮਨਾ ਦੇ ਰੁਹੇਲੇ
31 ਅਕਤੂਬਰ ਸੰਨ 1770 ਈ. ਨੂੰ ਨਜੀਬ-ਉ-ਦੌਲਾ ਦੀ ਮੌਤ ਹੋ ਗਈ। ਉਸ ਦੇ ਮਗਰੋਂ ਉਸ ਦਾ ਪੁੱਤਰ ਜ਼ਾਬਤਾ ਖਾਂ ਗੰਗਾ-ਜਮਨਾ ਦੁਆਬ ਦੇ ਇਲਾਕੇ ਦਾ ਹਾਕਮ ਬਣ ਗਿਆ। ਸਿੱਖਾਂ ਪ੍ਰਤੀ ਉਸ ਦੇ ਬਦਲਦੇ ਤੇਵਰ ਨੂੰ ਦੇਖ ਕੇ ਸਰਦਾਰ ਬਘੇਲ ਸਿੰਘ ਨੇ ਅਪ੍ਰੈਲ 1775 ਈ. ਵਿਚ ਆਪਣੇ ਸਾਥੀਆਂ ਸਰਦਾਰ ਰਾਇ ਸਿੰਘ ਭੰਗੀ ਅਤੇ ਸਰਦਾਰ ਤਾਰਾ ਸਿੰਘ ਗੈਬਾ ਨਾਲ ਉਸ ਦੇ ਇਲਾਕੇ ’ਤੇ ਹਮਲਾ ਬੋਲ ਦਿੱਤਾ। ਉਨ੍ਹਾਂ ਪਿੰਡ ਗੰਗੋ, ਨਨੂਤਾਹ ਅਤੇ ਦਿਉਬੰਦ ਤੋਂ ਬਾਅਦ ਗੋਸਗੜ੍ਹ ਨੂੰ ਜਾ ਘੇਰਿਆ ਜਿੱਥੇ ਜ਼ਾਬਤਾ ਖਾਂ ਛਿਪਿਆ ਬੈਠਿਆ ਸੀ। ਗੋਸਗੜ੍ਹ ਉਸ ਦਾ ਹੈੱਡ ਕੁਆਰਟਰ ਸੀ। ਇਸ ਤੋਂ ਪਹਿਲਾ ਵੀ ਖਾਲਸੇ ਨੇ ਉਸ ਦੇ ਪਿਉ ਨਜੀਬ-ਉ-ਦੌਲਾ ਕੋਲੋਂ ਈਨ ਮੰਨਵਾ ਕੇ 11 ਲੱਖ ਰੁਪਿਆ ਨਜ਼ਰਾਨਾ ਵਸੂਲ ਕੀਤਾ ਸੀ। ਹੁਣ ਜ਼ਾਬਤਾ ਖਾਂ ਨੇ ਕਿਸੇ ਵੱਡੀ ਤਬਾਹੀ ਤੋਂ ਡਰਦਿਆਂ ਭਾਰੀ ਰਕਮ ਦੇ ਕੇ ਸਿੰਘਾਂ ਨਾਲ ਸਮਝੌਤਾ ਕਰ ਲਿਆ। ਡਾ. ਐਨ.ਕੇ. ਸਿਨ੍ਹਾ ਲਿਖਦੇ ਹਨ ਕਿ ਉਸ ਨੇ 50,000 ਰੁਪੈ ਨਜ਼ਰਾਨਾ ਭੇਂਟ ਕਰ ਕੇ ਸਿੱਖਾਂ ਦੀ ਈਨ ਮੰਨ ਲਈ। ਇਸ ਦੇ ਨਾਲ ਹੀ ਉਸ ਨੇ ਸਰਦਾਰ ਬਘੇਲ ਸਿੰਘ ਨੂੰ ਸਾਂਝੀਆਂ ਫੌਜਾਂ ਨਾਲ ਦਿੱਲੀ ਸਾਸ਼ਨ ਅਧੀਨ ਇਲਾਕਿਆਂ ’ਤੇ ਹਮਲਾ ਕਰਨ ਦੀ ਵੀ ਪੇਸ਼ਕਸ਼ ਕੀਤੀ। ਜ਼ਾਬਤਾ ਖਾਂ ਨਾਲ ਹੋਏ ਇਸ ਸਮਝੌਤੇ ਮਗਰੋਂ ਸਿੱਖਾਂ ਅਤੇ ਰੁਹੇਲਿਆਂ ਦੀ ਫੌਜ ਦਿੱਲੀ ਵੱਲ ਚਲ ਪਈ। 1776 ਈ. ਵਿਚ ਮੁਜ਼ੱਫਰ ਨਗਰ ਦੇ ਸਥਾਨ ’ਤੇ ਉਨ੍ਹਾਂ ਦਾ ਮੁਕਾਬਲਾ ਸ਼ਾਹੀ ਫੌਜਾਂ ਨਾਲ ਹੋਇਆ ਜਿਸ ਵਿਚ ਸ਼ਾਹੀ ਸੈਨਾ ਬੁਰੀ ਤਰ੍ਹਾਂ ਹਾਰ ਕੇ ਦਿੱਲੀ ਵੱਲ ਭੱਜ ਗਈ।
ਸ਼ਾਹੀ ਫੌਜਾਂ ਦਾ ਪਟਿਆਲੇ ’ਤੇ ਹਮਲਾ
1779 ਈ. ਦੀ ਪੱਤਝੜ ਵਿਚ ਜਦੋਂ ਮੁਗ਼ਲਾਂ ਦੀ ਇਕ ਤਕੜੀ ਫੌਜ ਨੇ ਸ਼ਹਿਜ਼ਾਦਾ ਫਰਖੰਦਾ ਬਖ਼ਤ ਅਤੇ ਵਜ਼ੀਰ ਅਬਦੁਲ ਅਹਦ ਖਾਂ ਦੀ ਕਮਾਨ ਥੱਲੇ ਪਟਿਆਲੇ ’ਤੇ ਹਮਲਾ ਬੋਲਿਆ ਤਾਂ ਸਰਦਾਰ ਬਘੇਲ ਸਿੰਘ ਆਪਣੇ ਸਾਥੀਆਂ ਸਰਦਾਰ ਰਾਇ ਸਿੰਘ ਬੂਰੀਆ, ਸਰਦਾਰ ਭੰਗਾ ਸਿੰਘ ਥਾਨੇਸਰ ਅਤੇ ਸਰਦਾਰ ਭਾਗ ਸਿੰਘ ਜੀਂਦ ਨਾਲ ਉਨ੍ਹਾਂ ਨੂੰ ਕਰਨਾਲ ਦੇ ਸਥਾਨ ’ਤੇ ਮਿਲਿਆ ਅਤੇ ਪਟਿਆਲੇ ਵਿਰੁੱਧ ਉਨ੍ਹਾਂ ਦੀ ਮਦਦ ਕਰਨ ਲਈ ਰਾਜ਼ੀ ਹੋ ਗਿਆ। ਉਸ ਦੇ ਮਨ ਵਿਚ ਸਰਦਾਰ ਅਮਰ ਸਿੰਘ ਪ੍ਰਤੀ ਰੋਸ ਸੀ ਕਿ ਉਸ ਨੇ ਬਦੇਸ਼ੀ ਹਮਲਾਵਰ ਦੀਆਂ ਸ਼ਰਤਾਂ ਮੰਨ ਕੇ ਉਸ ਕੋਲੋਂ ਮਹਾਰਾਜਗੀ ਦਾ ਖ਼ਿਤਾਬ ਕਿਉਂ ਲਿਆ ਸੀ ਅਤੇ ਦੂਸਰੇ ਇਹ ਕਿ 1769 ਈ. ਵਿਚ ਉਸ ਨੇ ਕਰੋੜਸਿੰਘੀਆ ਮਿਸਲ ਦੇ ਕਈ ਪਿੰਡਾਂ ’ਤੇ ਅਕਾਰਨ ਹਮਲਾ ਬੋਲ ਦਿੱਤਾ ਸੀ। ਮੁਗ਼ਲਾਂ ਅਤੇ ਸਿੱਖ ਸਰਦਾਰਾਂ ਦੀਆਂ ਫੌਜਾਂ ਨੇ ਅੱਗੇ ਵਧ ਕੇ ਪਟਿਆਲੇ ਨੂੰ ਚੌਹਾਂ ਪਾਸਿਆਂ ਤੋਂ ਘੇਰ ਲਿਆ। ਪਟਿਆਲੇ ’ਤੇ ਜ਼ਬਰਦਸਤ ਹਮਲਾ ਹੋਇਆ ਵੇਖ ਕੇ ਸਰਦਾਰ ਅਮਰ ਸਿੰਘ ਕਿਸੇ ਤਰ੍ਹਾਂ ਪਿੰਡ ਲਾਹਲ ਦੇ ਸਥਾਨ ’ਤੇ ਸਰਦਾਰ ਬਘੇਲ ਸਿੰਘ ਨੂੰ ਮਿਲਿਆ। ਨਾ ਸਿਰਫ਼ ਉਸ ਨੇ ਆਪਣੇ ਕੀਤੇ ’ਤੇ ਅਫਸੋਸ ਹੀ ਪ੍ਰਗਟ ਕੀਤਾ ਸਗੋਂ ਆਪਣੇ ਪੁੱਤਰ ਸਾਹਿਬ ਸਿੰਘ ਨੂੰ ਉਨ੍ਹਾਂ ਹੱਥੋਂ ਅੰਮ੍ਰਿਤ ਛਕਵਾ ਕੇ ਖਾਲਸੇ ਪ੍ਰਤੀ ਵਫ਼ਾਦਾਰ ਰਹਿਣ ਦਾ ਬਚਨ ਵੀ ਦਿੱਤਾ। ਅਮਰ ਸਿੰਘ ਦੀ ਅਧੀਨਗੀ ਅਤੇ ਉਸ ਦੁਆਰਾ ਪੰਥ ਪ੍ਰਤੀ ਵਫ਼ਾਦਾਰ ਰਹਿਣ ਦੇ ਭਰੋਸੇ ਮਗਰੋਂ ਸਰਦਾਰ ਬਘੇਲ ਸਿੰਘ ਨੇ ਪਟਿਆਲੇ ਨੂੰ ਨੁਕਸਾਨ ਨਾ ਪਹੁੰਚਾਉਣ ਦਾ ਫੈਸਲਾ ਕਰ ਲਿਆ। ਜਦੋਂ ਇਸ ਨਵੀਂ ਸਥਿਤੀ ਦਾ ਪਤਾ ਮੁਗ਼ਲ ਜਰਨੈਲ ਅਬਦੁਲ ਅਹਦ ਖਾਂ ਨੂੰ ਚੱਲਿਆ ਤਾਂ ਉਹ ਡਰ ਗਿਆ। ਉਸ ਨੂੰ ਇਹ ਵੀ ਪਤਾ ਚੱਲ ਚੁੱਕਾ ਸੀ ਕਿ ਮਹਾਰਾਜਾ ਅਮਰ ਸਿੰਘ ਦੀ ਬੇਨਤੀ ’ਤੇ ਸਤਲੁਜ ਪਾਰ ਤੋਂ ਮਾਝੇ ਦੇ ਇਲਾਕੇ ਵਿੱਚੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਥੱਲੇ ਇਕ ਤਕੜੀ ਫੌਜ ਉਨ੍ਹਾਂ ਵਿਰੁੱਧ ਲੜਨ ਲਈ ਆ ਰਹੀ ਹੈ। ਉਹ ਪਟਿਆਲੇ ਦਾ ਘੇਰਾ ਚੁੱਕ ਕੇ ਦਿੱਲੀ ਵੱਲ ਭੱਜ ਜਾਣਾ ਚਾਹੁੰਦਾ ਸੀ। ਪਰ ਉਸ ਨੂੰ ਇਹ ਵੀ ਖ਼ਤਰਾ ਸੀ ਕਿ ਕਿਤੇ ਆ ਰਹੇ ਸਿੱਖ ਸਰਦਾਰ ਉਸ ਦੀ ਸੈਨਾ ’ਤੇ ਹਮਲਾ ਬੋਲ ਕੇ ਉਨ੍ਹਾਂ ਨੂੰ ਰਾਹ ਵਿਚ ਹੀ ਨਾ ਖ਼ਤਮ ਕਰ ਦੇਣ। ਉਸ ਨੇ ਸਰਦਾਰ ਬਘੇਲ ਸਿੰਘ ਨੂੰ ਵਿੱਚ ਪਾ ਕੇ ਗੱਲ ਮੁਕਾਉਣੀ ਚਾਹੀ। ਕਸੂਤੇ ਫਸੇ ਅਹਦ ਖਾਂ ਕੋਲੋਂ ਲਾਭ ਉਠਾਉਣ ਦਾ ਇਹ ਚੰਗਾ ਮੌਕਾ ਸੀ। ਉਸ ਨੇ ਮੁਗ਼ਲ ਜਰਨੈਲ ਨੂੰ ਸਾਫ਼ ਕਹਿ ਦਿੱਤਾ ਕਿ ਜਿਤਨੀ ਦੇਰ ਤਕ ਮਾਝੇ ਵੱਲੋਂ ਆ ਰਹੇ ਸਰਦਾਰਾਂ ਨੂੰ ਭਾਰੀ ਨਜ਼ਰਾਨਾ ਨਾ ਦਿੱਤਾ ਗਿਆ ਉਹ ਵਾਪਸ ਨਹੀਂ ਜਾਣਗੇ। ਅਬਦੁਲ ਅਹਦ ਖਾਂ ਨੇ ਸਰਦਾਰ ਬਘੇਲ ਸਿੰਘ ਨੂੰ ਇਸ ਸ਼ਰਤ ’ਤੇ 7 ਲੱਖ ਰੁਪਿਆ ਦੇਣਾ ਮਨਜ਼ੂਰ ਕਰ ਲਿਆ ਕਿ ਦਿੱਲੀ ਵਾਪਸ ਪਰਤਣ ਸਮੇਂ ਉਨ੍ਹਾਂ ਦੀ ਸੈਨਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਇਸ ਤਰ੍ਹਾਂ ਦਿੱਲੀ ਦਰਬਾਰ ਵੱਲੋਂ ਪੰਜਾਬ ਦੀਆਂ ਰਿਆਸਤਾਂ ਨੂੰ ਆਪਣੇ ਕਬਜ਼ੇ ਵਿਚ ਕਰਨ ਦੀ ਇਹ ਯੋਜਨਾ ਬੁਰੀ ਤਰ੍ਹਾਂ ਫੇਲ੍ਹ ਹੋ ਗਈ।
ਕਈ ਇਤਿਹਾਸਕਾਰਾਂ ਨੇ ਸਰਦਾਰ ਬਘੇਲ ਸਿੰਘ ਦੁਆਰਾ ਸ਼ਾਹੀ ਫੌਜਾਂ ਦਾ ਸਾਥ ਦੇਣ ਅਤੇ ਉਨ੍ਹਾਂ ਨੂੰ ਪਟਿਆਲੇ ’ਤੇ ਹਮਲਾ ਕਰਨ ਲਈ ਉਕਸਾਉਣ ਵਾਲੇ ਕਿਰਦਾਰ ਨੂੰ ਦੇਸ਼ ਅਤੇ ਪੰਥ ਵਿਰੋਧੀ ਕਾਰਵਾਈ ਕਹਿ ਕੇ ਨਿੰਦਿਆ ਹੈ। ਪਰ ਡਾ. ਗੰਡਾ ਸਿੰਘ ਅਨੁਸਾਰ ਇਹ ਤਾਂ ਸ਼ਤਰੰਜ ਦੀ ਖੇਡ ਸੀ ਜਿਸ ਵਿਚ ਇਕ ਪਾਸੇ ਮੈਦਾਨੇ-ਜੰਗ ਦਾ ਇਕ ਉੱਘਾ ਸੂਰਮਾ-ਝਬਾਲੀਆ ਸਰਦਾਰ ਬਘੇਲ ਸਿੰਘ ਸੀ ਅਤੇ ਦੂਸਰੇ ਪਾਸੇ ਪਰਲੇ ਦਰਜੇ ਦਾ ਕਾਇਰ ਅਤੇ ਸਵਾਰਥੀ ਅਬਦੁਲ ਅਹਦ ਖਾਂ ਸੀ ਜੋ ਸਿੱਖਾਂ ਵਿਚ ਪਾੜ ਪਾ ਕੇ ਸਤਲੁਜੋਂ ਉਰਾਰ ਤਕ ਸ਼ਾਹ ਆਲਮ ਦੇ ਰਾਜ ਨੂੰ ਮੁੜ ਕਾਇਮ ਕਰ ਦੇਣ ਦੇ ਸੁਪਨੇ ਲੈ ਰਿਹਾ ਸੀ। ਸਰ ਜਾਦੂ ਨਾਥ ਸਰਕਾਰ ਵੀ ਇਸ ਗੱਲ ਨੂੰ ਮੰਨਦਾ ਹੈ ਕਿ ‘ਮੂਰਖ ਅਬਦੁਲ ਅਹਦ ਖਾਂ, (ਸਰਦਾਰ) ਬਘੇਲ ਸਿੰਘ ਦੇ ਜਾਲ ਵਿਚ ਫਸ ਗਿਆ’ and the old fool swallowed the bait. ਇਸ ਗੱਲ ਨੂੰ ਸਪੱਸ਼ਟ ਕਰਦਿਆਂ ਹੋਇਆਂ ਡਾ. ਗੰਡਾ ਸਿੰਘ ਲਿਖਦਾ ਹੈ ਕਿ (ਦਿੱਲੀ ਦਾ ਵਜ਼ੀਰ) ਅਬਦੁਲ ਅਹਦ ਖਾਂ ਸਰਦਾਰ ਬਘੇਲ ਸਿੰਘ ਦੇ ਦਾਉ ਵਿਚ ਆ ਗਿਆ ਅਤੇ ਉਸ ਨੇ ਮੱਛੀਆਂ ਫੜਨ ਵਾਲੀ ਸੁੱਟੀ ਹੋਈ ਕੁੰਡੀ ਨਾਲ ਲੱਗੀ ਮਾਸ ਦੀ ਬੋਟੀ ਨੂੰ ਜਾ ਮੂੰਹ ਪਾਇਆ ਅਤੇ ਉਹ ਕੁੰਡੀ ਅਬਦੁਲ ਅਹਦ ਖਾਂ ਦੇ ਸੰਘ ਵਿਚ ਫਸ ਗਈ। ਗਿਆਨੀ ਗਿਆਨ ਸਿੰਘ ਨੇ ਸਰਦਾਰ ਬਘੇਲ ਸਿੰਘ ਦੇ ਰਾਜਸੀ ਪੈਂਤੜਿਆਂ ਨੂੰ ਬਿਆਨ ਕਰਦਿਆਂ ਲਿਖਿਆ ਹੈ ਕਿ ‘ਇਸੇ ਤਰ੍ਹਾਂ ਜਦ ਕਦੀ ਵੀ ਦਿੱਲੀ ਵੱਲੋਂ ਕੋਈ ਹਮਲਾ ਹੋਣ ਲੱਗਦਾ ਤਦ ਸਰਦਾਰ ਬਘੇਲ ਸਿੰਘ ਉਨ੍ਹਾਂ ਨਾਲ ਮਿਲ ਜਾਂਦਾ ਰਿਹਾ, ਕਿੰਤੂ ਜਿਉਂ ਹੀ (ਉਨ੍ਹਾਂ ਦੀ) ਸੈਨਾ ਪੰਜਾਬ ਪੁੱਜਦੀ ਤੇ ਚਾਰੇ ਪਾਸਿਓਂ ਸਿੱਖਾਂ ਵਿਚ ਘਿਰ ਜਾਂਦੀ, ਤਦੋਂ ਹੀ ਸਰਦਾਰ ਬਘੇਲ ਸਿੰਘ ਖਾਲਸੇ ਨੂੰ ਹਰਜਾਨਾ ਦੁਆ ਕੇ ਫੌਜ ਨੂੰ ਵਾਪਸ ਕਰ ਦਿੰਦਾ।
ਜਿਸ ਤਰ੍ਹਾਂ ਕਿ ਸਰਦਾਰ ਬਘੇਲ ਸਿੰਘ ਨੇ ਇਕਰਾਰ ਕੀਤਾ ਸੀ ਉਸੇ ਅਨੁਸਾਰ ਸ਼ਾਹੀ ਸੈਨਾ ਨੂੰ ਵਾਪਸ ਦਿੱਲੀ ਪਰਤਦੇ ਸਮੇਂ ਕਿਸੇ ਤਰ੍ਹਾਂ ਵੀ ਪ੍ਰੇਸ਼ਾਨ ਨਾ ਕੀਤਾ ਗਿਆ। ਅਬਦੁਲ ਅਹਦ ਖਾਂ ਕੋਲੋਂ ਮਿਲੇ ਪੈਸੇ ਨੂੰ ਸਰਦਾਰਾਂ ਵਿਚ ਵੰਡ ਦਿੱਤਾ ਗਿਆ। ਡਾ. ਗੰਡਾ ਸਿੰਘ ਅਨੁਸਾਰ ਸ਼ਾਹੀ ਸੈਨਾ 5 ਨਵੰਬਰ 1779 ਈ. ਨੂੰ ਦਿੱਲੀ ਪਹੁੰਚ ਗਈ। ਉਨ੍ਹਾਂ ਦੇ ਸਹੀ-ਸਲਾਮਤ ਵਾਪਸ ਪਹੁੰਚ ਜਾਣ ’ਤੇ ਸ਼ਾਹ ਆਲਮ, ਮੁਗ਼ਲ ਦਰਬਾਰੀਆਂ ਅਤੇ ਸ਼ਾਹੀ ਪਰਵਾਰ ਦੇ ਲੋਕਾਂ ਨੇ ਸੁਖ ਦਾ ਸਾਹ ਲਿਆ। ਪਰ ਉਨ੍ਹਾਂ ਦਾ ਇਸ ਤਰ੍ਹਾਂ ਪੰਜਾਬ ਤੋਂ ਖਾਲੀ ਹੱਥ ਪਰਤ ਜਾਣਾ ਬੜਾ ਨਿਰਾਦਰੀ ਅਤੇ ਨਮੋਸ਼ੀ ਭਰਿਆ ਸੀ। ਇਸ ਘਟਨਾ ਨੇ ਮਿਸਲਦਾਰਾਂ ਦੇ ਹੌਸਲੇ ਹੋਰ ਬੁਲੰਦ ਕਰ ਦਿੱਤੇ।
ਜਦੋਂ ਅਪ੍ਰੈਲ 1781 ਈ. ਵਿਚ ਮੁਗ਼ਲ ਪ੍ਰਧਾਨ ਮੰਤਰੀ ਦੇ ਇਕ ਕਰੀਬੀ ਰਿਸ਼ਤੇਦਾਰ ਮਿਰਜ਼ਾ ਸ਼ਾਫੀ ਨੇ ਲਾਡਵਾ ਤੋਂ 10 ਕਿਲੋਮੀਟਰ ਦੱਖਣ ਵਿਚ ਇੰਦਰੀ ਦੀ ਸਿੱਖ ਫੌਜੀ ਚੌਕੀ ’ਤੇ ਕਬਜ਼ਾ ਕਰ ਲਿਆ ਤਾਂ ਸਰਦਾਰ ਬਘੇਲ ਸਿੰਘ ਨੇ ਨਾ ਸਿਰਫ ਇਸ ਗੱਲ ਦਾ ਵਿਰੋਧ ਹੀ ਪ੍ਰਗਟ ਕੀਤਾ ਸਗੋਂ ਬਦਲੇ ਦੀ ਕਾਰਵਾਈ ਕਰ ਕੇ ਸ਼ਾਹਬਾਦ ਦੇ ਖਲੀਲ ਬੇਗ ਖਾਂ ਨੂੰ ਹਥਿਆਰ ਸੁੱਟਣ ’ਤੇ ਮਜਬੂਰ ਕਰ ਦਿੱਤਾ। ਉਸ ਕੋਲ 300 ਘੋੜੇ, 800 ਪੈਦਲ ਸਵਾਰ ਅਤੇ 2 ਤੋਪਾਂ ਵੀ ਸਨ। ਖਲੀਲ ਬੇਗ ਉੱਪਰ ਹੋਏ ਹਮਲੇ ਕਾਰਨ ਦਿੱਲੀ ਦੀ ਮੁਗ਼ਲ ਹਕੂਮਤ ਲਈ ਵੀ ਨਵੇਂ ਖਤਰੇ ਪੈਦਾ ਹੋ ਗਏ। ਪੂਰਬੀ ਪੰਜਾਬ ਅਤੇ ਗੰਗਾ-ਜਮਨਾ ਦੁਆਬ ਉੱਪਰ ਆਪਣੀ ਪ੍ਰਭੂਤਾ ਸਥਾਪਤ ਕਰ ਲੈਣ ਮਗਰੋਂ ਹੁਣ ਸਰਦਾਰ ਬਘੇਲ ਸਿੰਘ ਦੀ ਨਜ਼ਰ ਦਿੱਲੀ ਵੱਲ ਸੀ।
ਦਿੱਲੀ ਉੱਪਰ ਹਮਲੇ
1765 ਈ. ਤੋਂ ਲੈ ਕੇ 1787 ਈ. ਵਿਚਕਾਰ ਸਿੱਖਾਂ ਨੇ ਦਿੱਲੀ ’ਤੇ 15 ਵਾਰ ਹਮਲੇ ਕੀਤੇ। ਇਨ੍ਹਾਂ ਵਿੱਚੋਂ ਬਹੁਤੇ ਹਮਲੇ ਕਰੋੜਸਿੰਘੀਆ ਮਿਸਲ ਦੇ ਸਰਦਾਰ ਬਘੇਲ ਸਿੰਘ ਨੇ ਕੀਤੇ ਸਨ। ਮੁਗ਼ਲ ਹਕੂਮਤ ਦਿਨ-ਬ-ਦਿਨ ਕਮਜ਼ੋਰ ਹੁੰਦੀ ਚਲੀ ਜਾ ਰਹੀ ਸੀ। ਦਿੱਲੀ ਉੱਤੇ ਸ਼ਾਹ ਆਲਮ ਦੂਜੇ ਦਾ ਰਾਜ ਸੀ। ਉਹ ਬੜਾ ਕਮਜ਼ੋਰ ਅਤੇ ਅੱਯਾਸ਼ ਕਿਸਮ ਦਾ ਬਾਦਸ਼ਾਹ ਸੀ। ਉਸ ਦੇ ਦਰਬਾਰੀ ਵੀ ਕਾਇਰ, ਮੌਕਾਪ੍ਰਸਤ ਅਤੇ ਨਾਲਾਇਕ ਸਨ। ਸਰਦਾਰ ਬਘੇਲ ਸਿੰਘ ਇਹੋ ਜਿਹੇ ਹਾਲਾਤ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ। ਉਸ ਨੇ ਦਿੱਲੀ ’ਤੇ ਪਹਿਲਾ ਹਮਲਾ 18 ਜਨਵਰੀ 1774 ਈ. ਵਿਚ ਕੀਤਾ। ਬੇਸ਼ੱਕ ਉਸ ਦੀਆਂ ਫੌਜਾਂ ਜਮਨਾ ਦੇ ਪਰਲੇ ਪਾਰ ਸ਼ਹਾਦਰਾ ਤਕ ਪਹੁੰਚ ਗਈਆਂ ਸਨ ਪਰ ਅਜੇ ਸੈਨਿਕ ਦ੍ਰਿਸ਼ਟੀ ਤੋਂ ਹਾਲਾਤ ਨੂੰ ਅਨਕੂਲ ਨਾ ਸਮਝ ਕੇ ਉਹ ਦਿੱਲੀ ਸ਼ਹਿਰ ਵਿਚ ਦਾਖਲ ਨਾ ਹੋਇਆ। ਆਪਣੀ ਫੌਜ ਲਈ ਰਸਦ-ਪਾਣੀ ਅਤੇ ਮਾਇਕ ਲੋੜਾਂ ਨੂੰ ਪੂਰਿਆਂ ਕਰਨ ਲਈ ਉਨ੍ਹਾਂ ਨੇ ਸ਼ਾਹਦਰਾ ਨੂੰ ਲੁੱਟਿਆ ਤੇ ਅਮੀਰ ਵਿਉਪਾਰੀਆਂ ਕੋਲੋਂ ਨਜ਼ਰਾਨੇ ਲੈ ਕੇ ਵਾਪਸ ਪੰਜਾਬ ਪਰਤ ਗਏ। ਵਾਪਸੀ ਵਿਚ ਉਨ੍ਹਾਂ ਨੇ ਦਿਉਬੰਦ ’ਤੇ ਹਮਲਾ ਕੀਤਾ ਅਤੇ ਫਿਰ ਗੌਸਗੜ੍ਹ ਦੇ ਨਵਾਬ ਕੋਲੋਂ 50,000 ਰੁਪਏ ਸਾਲਾਨਾ ਵਸੂਲ ਕੀਤੇ।
ਸਰਦਾਰ ਬਘੇਲ ਸਿੰਘ ਨੇ ਦਿੱਲੀ ਉੱਪਰ ਦੂਸਰਾ ਹਮਲਾ 15 ਜੁਲਾਈ 1775 ਈ. ਨੂੰ ਕੀਤਾ। ਉਨ੍ਹਾਂ 22 ਅਪ੍ਰੈਲ ਨੂੰ ਬੇਗੀ ਦੇ ਸਥਾਨ ਤੋਂ ਜਮਨਾ ਪਾਰ ਕੀਤੀ ਸੀ। ਇਸ ਵਾਰ ਸਰਦਾਰ ਬਘੇਲ ਸਿੰਘ ਨਾਲ ਸਰਦਾਰ ਤਾਰਾ ਸਿੰਘ ਗ਼ੈਬਾ ਅਤੇ ਸਰਦਾਰ ਰਾਇ ਸਿੰਘ ਭੰਗੀ ਵੀ ਸਨ। ਇਸ ਵਾਰ ਉਨ੍ਹਾਂ ਦੀਆਂ ਫੌਜਾਂ ਸ਼ਹਿਰ ਦੀ ਘਣੀ ਆਬਾਦੀ ਵਾਲੇ ਇਲਾਕੇ ਪਹਾੜ ਗੰਜ ਅਤੇ ਜੈ ਸਿੰਘ ਪੁਰਾ (ਮੌਜੂਦਾ ਬੰਗਲਾ ਸਾਹਿਬ ਵਾਲੀ ਥਾਂ) ਤਕ ਪਹੁੰਚ ਗਈਆਂ। ਇਥੇ ਖਾਲਸਾ ਫੌਜਾਂ ਦੀ ਮੁਗ਼ਲ ਸੈਨਾ ਨਾਲ ਇਕ ਝੜਪ ਹੋਈ ਜਿਸ ਵਿਚ ਸ਼ਾਹੀ ਟੁਕੜੀ ਹਾਰ ਖਾ ਕੇ ਲਾਲ ਕਿਲ੍ਹੇ ਵੱਲ ਭੱਜ ਗਈ। ਦੋਹਾਂ ਪਾਸਿਉਂ ਤੋਂ ਕਰੀਬ 60 ਬੰਦੇ ਮਾਰੇ ਗਏ। ਲੱਗਦਾ ਹੈ ਇਨ੍ਹਾਂ ਮੁੱਢਲੇ ਹਮਲਿਆਂ ਦੌਰਾਨ ਸਰਦਾਰ ਬਘੇਲ ਸਿੰਘ ਦਿੱਲੀ ਦੀ ਭੂਗੋਲਿਕ ਸਥਿਤੀ ਅਤੇ ਸ਼ਾਹੀ ਫੌਜਾਂ ਦੀ ਸ਼ਕਤੀ ਦਾ ਜਾਇਜ਼ਾ ਲੈ ਰਿਹਾ ਸੀ ਤਾਂ ਕਿ ਆਉਣ ਵਾਲੇ ਸਮੇਂ ਵਿਚ ਲਾਲ ਕਿਲ੍ਹੇ ’ਤੇ ਸਫਲ ਹਮਲਾ ਬੋਲਿਆ ਜਾ ਸਕੇ। ਕੁਝ ਦਿਨ ਦਿੱਲੀ ਰੁਕ ਕੇ ਉਹ 25 ਜੁਲਾਈ 1775 ਈ. ਨੂੰ ਵਾਪਸ ਪੰਜਾਬ ਪਰਤ ਗਿਆ।
ਸਿੱਖਾਂ ਦੀਆਂ ਇਨ੍ਹਾਂ ਸਾਹਸਪੂਰਨ ਅਤੇ ਬੇਰੋਕ ਗਤੀਵਿਧੀਆਂ ’ਤੇ ਅੰਕੁਸ਼ ਲਗਾਉਣ ਲਈ ਦਿੱਲੀ ਦੇ ਵਜ਼ੀਰ ਅਬਦੁਲ ਅਹਦ ਖਾਂ ਨੇ ਆਪਣੇ ਭਰਾ ਅਬਦੁਲ ਕਾਸਿਮ ਨੂੰ ਸਹਾਰਨਪੁਰ ਦਾ ਫੌਜਦਾਰ ਨਿਯੁਕਤ ਕਰ ਦਿੱਤਾ। ਉਸ ਦਾ ਕੰਮ ਜ਼ਾਬਤਾ ਖਾਂ ਅਤੇ ਸਿੱਖਾਂ ਨੂੰ ਦਬਾਉਣਾ ਸੀ। ਇਸ ਨਿਯੁਕਤੀ ਦੀ ਖ਼ਬਰ ਮਿਲਦਿਆਂ ਹੀ ਜ਼ਾਬਤਾ ਖਾਂ ਨੇ ਸਰਦਾਰ ਬਘੇਲ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਅਬਦੁਲ ਕਾਸਿਮ ਵਿਰੁੱਧ ਉਸ ਦੀ ਮਦਦ ਕਰੇ। ਕਿਉਂਕਿ ਇਸ ਤੋਂ ਪਹਿਲਾਂ ਜ਼ਾਬਤਾ ਖਾਂ ਨਜ਼ਰਾਨਾ ਭੇਂਟ ਕਰ ਕੇ ਸਿੱਖਾਂ ਦੀ ਅਧੀਨਗੀ ਪ੍ਰਵਾਨ ਕਰ ਚੁੱਕਾ ਸੀ। ਇਸ ਲਈ ਸਰਦਾਰ ਬਘੇਲ ਸਿੰਘ, ਕੈਥਲ ਦੇ ਸਰਦਾਰ ਦੇਸੂ ਸਿੰਘ, ਸਰਦਾਰ ਰਾਇ ਸਿੰਘ, ਸਰਦਾਰ ਦੁਲਚਾ ਸਿੰਘ, ਸਰਦਾਰ ਦੀਵਾਨ ਸਿੰਘ ਅਤੇ ਕੁਝ ਹੋਰ ਸਿੱਖ ਸਰਦਾਰਾਂ ਨੂੰ ਨਾਲ ਲੈ ਕੇ ਜ਼ਾਬਤਾ ਖਾਂ ਦੀ ਮਦਦ ਲਈ ਪਹੁੰਚ ਗਿਆ। 11 ਅਪ੍ਰੈਲ 1776 ਈ.ਨੂੰ ਅਮੀਰ ਨਗਰ ਦੇ ਸਥਾਨ ’ਤੇ ਦੋਹਾਂ ਧਿਰਾਂ ਵਿਚ ਫੈਸਲਾਕੁੰਨ ਲੜਾਈ ਹੋਈ ਜਿਸ ਵਿਚ ਅਬਦੁਲ ਕਾਸਿਮ ਖਾਂ ਮਾਰਿਆ ਗਿਆ ਅਤੇ ਸ਼ਾਹੀ ਸੈਨਾ ਮੈਦਾਨ ਛੱਡ ਕੇ ਦਿੱਲੀ ਵੱਲ ਭੱਜ ਗਈ। ਇਸ ਦੇ ਮਗਰੋਂ ਸਰਦਾਰ ਬਘੇਲ ਸਿੰਘ ਨੇ ਅਲੀਗੜ੍ਹ ਅਤੇ ਕਾਸਗੰਜ ’ਤੇ ਹਮਲਾ ਕਰ ਕੇ ਉਥੋਂ ਦੇ ਮੁਗ਼ਲ ਅਧਿਕਾਰੀਆਂ ਕੋਲੋਂ ਭਾਰੀ ਰਕਮ ਵਸੂਲ ਕੀਤੀ। ਗੰਗਾ ਦੁਆਬ ਇਲਾਕੇ ਵਿਚ ਕੁਝ ਮਹੀਨੇ ਵਿਚਰਨ ਮਗਰੋਂ ਉਹ ਜੂਨ 1776 ਈ. ਨੂੰ ਪੰਜਾਬ ਵਾਪਸ ਪਰਤ ਗਿਆ।
ਸ਼ਾਹ ਆਲਮ ਨਾਲ ਸੰਧੀ
12 ਅਪ੍ਰੈਲ 1781 ਈ. ਵਿਚ ਸਰਦਾਰ ਬਘੇਲ ਸਿੰਘ ਨੇ ਦਿੱਲੀ ਤੋਂ 32 ਕਿਲੋਮੀਟਰ ਦੂਰ ਉੱਤਰ ਵੱਲ ਬਾਘਪਤ ’ਤੇ ਹਮਲਾ ਬੋਲਿਆ। ਉੱਥੋਂ ਉਹ ਅੱਗੇ ਵਧਦੇ ਖੇਖਰਾ ਤੇ ਫਿਰ ਬਿਨਾਂ ਰੋਕ-ਟੋਕ ਦੇ ਸ਼ਾਹਦਰਾ ਅਤੇ ਪਟਪੜ ਗੰਜ ਤਕ ਪਹੁੰਚ ਗਏ। ਮੁਗ਼ਲ ਬਾਦਸ਼ਾਹ ਸ਼ਾਹ ਆਲਮ ਨੇ ਸਿੱਖਾਂ ਵੱਲੋਂ ਦਿੱਲੀ ਦੇ ਇਰਦ-ਗਿਰਦ ਲਗਾਤਾਰ ਹੁੰਦੇ ਇਨ੍ਹਾਂ ਹਮਲਿਆਂ ਤੋਂ ਡਰ ਕੇ ਸਿੱਖਾਂ ਨਾਲ ਇਕ ਸੰਧੀ ਕਰ ਲਈ ਜਿਸ ਅਨੁਸਾਰ ਗੰਗਾ-ਜਮਨਾ ਦੇ ਵਿਚਕਾਰਲੇ ਇਲਾਕਿਆਂ ’ਤੇ ਉਨ੍ਹਾਂ ਦੇ ਅਧਿਕਾਰ ਨੂੰ ਮੰਨ ਲਿਆ ਗਿਆ। ਇਸ ਸੰਧੀ ਦੀ ਦੂਸਰੀ ਸ਼ਰਤ ਮੁਤਾਬਿਕ ਇਸ ਇਲਾਕੇ ਦੀ ਕੁੱਲ ਆਮਦਨੀ ਦਾ ਅੱਠਵਾਂ ਹਿੱਸਾ ਸਿੱਖਾਂ ਨੂੰ ਮਿਲਣਾ ਸ਼ੁਰੂ ਹੋ ਗਿਆ। ਕਿਉਂਕਿ ਮੁਗ਼ਲ ਬਾਦਸ਼ਾਹ ਅਤੇ ਸਥਾਨਕ ਕਰਮਚਾਰੀ ਆਪਣੀ ਨੀਯਤ ਵੱਲੋਂ ਖਰੇ ਨਹੀਂ ਸਨ ਇਸ ਕਰ ਕੇ ਸੰਧੀ ਦੀਆਂ ਇਹ ਸ਼ਰਤਾਂ ਇਕ ਸਾਲ ਤੋਂ ਵੱਧ ਨਾ ਚੱਲ ਸਕੀਆਂ ਤੇ ਟੁੱਟ ਗਈਆਂ।
ਉਧਰ ਅਵਧ ਦਾ ਨਵਾਬ ਅਤੇ ਅੰਗਰੇਜ਼ ਵੀ ਸਿੱਖਾਂ ਦੀ ਵਧ ਰਹੀ ਤਾਕਤ ਅਤੇ ਬਦਲ ਰਹੀ ਇਸ ਸਥਿਤੀ ਨੂੰ ਬੜੀ ਗੰਭੀਰਤਾ ਨਾਲ ਵੇਖ ਰਹੇ ਸਨ। ਅਵਧ ਤੋਂ ਪਾਰ ਬੈਠੇ ਅੰਗਰੇਜ਼ ਸਰਦਾਰ ਬਘੇਲ ਸਿੰਘ ਨਾਲ ਦੋਸਤੀ ਦੇ ਖਾਹਿਸ਼ਮੰਦ ਤਾਂ ਹੋ ਸਕਦੇ ਸਨ ਪਰ ਉਹ ਅਜੇ ਇਸ ਪੁਜ਼ੀਸ਼ਨ ਵਿਚ ਨਹੀਂ ਸਨ ਕਿ ਉਸ ਨਾਲ ਲੜਾਈ ਛੇੜ ਕੇ ਉਸ ਦੀਆਂ ਗਤੀਵਿਧੀਆਂ ’ਤੇ ਕੋਈ ਰੋਕ ਲਾ ਸਕਦੇ। ਇਹ ਦੋਵੇਂ ਤਾਕਤਾਂ ਗੰਗਾ ਪਾਰ ਡਰੀਆਂ ਬੈਠੀਆਂ ਸਨ।
ਦਿੱਲੀ ਦੀ ਜਿੱਤ ਅਤੇ ਇਤਿਹਾਸਕ ਗੁਰਦੁਆਰਿਆਂ ਦੀ ਸਥਾਪਨਾ
ਦਿੱਲੀ ਦੇ ਲਾਲ ਕਿਲ੍ਹੇ ’ਤੇ ਸਫ਼ਲ ਹਮਲਾ ਕਰਨ ਤੋਂ ਪਹਿਲਾਂ ਉਸ ਨੇ ਇਕ ਵਾਰ ਫਿਰ ਗੰਗਾ-ਜਮਨਾ ਦੁਆਬ ਦੇ ਕਈ ਨਗਰਾਂ ’ਤੇ ਹਮਲਾ ਕੀਤਾ। ਅਪ੍ਰੈਲ 1781 ਈ. ਵਿਚ ਸ਼ਾਹ ਆਲਮ ਨਾਲ ਸੰਧੀ ਹੋ ਜਾਣ ਦੇ ਬਾਵਜੂਦ ਵੀ ਇਸ ਇਲਾਕੇ ਨੇ ਸਿੱਖਾਂ ਨੂੰ ਆਮਦਨੀ ਦਾ ਅਠਵਾਂ ਹਿੱਸਾ ਨਹੀਂ ਸੀ ਭੇਜਿਆ। ਸਰਦਾਰ ਬਘੇਲ ਸਿੰਘ ਨੇ ਫਰਵਰੀ 1783 ਈ. ਵਿਚ ਅਲੀਗੜ੍ਹ, ਟੁੰਡਲਾ, ਹਾਥਰਸ, ਖੁਰਜਾ, ਸ਼ਿਕੌਹਾਬਾਦ ਅਤੇ ਫਰੁਖਾਬਾਦ ਆਦਿ ਨਗਰਾਂ ’ਤੇ ਹਮਲਾ ਕਰ ਕੇ ਇਥੋਂ ਤੇਤੀ ਹਜ਼ਾਰ ਰੁਪਏ ਦੀ ਇਕ ਛੜੀ ਤੇ ਬਹੁਤ ਸਾਰੀ ਦੌਲਤ ਹਾਸਲ ਕੀਤੀ। ਇਸ ਪੈਸੇ ਵਿੱਚੋਂ ਇਕ ਲੱਖ ਰੁਪਿਆ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਲਈ ਭੇਜ ਦਿੱਤਾ ਗਿਆ ਜਿਸ ਨੂੰ ਵੱਡੇ ਘੱਲੂਘਾਰੇ ਦੇ ਮੌਕੇ ’ਤੇ ਅਹਿਮਦਸ਼ਾਹ ਅਬਦਾਲੀ ਨੇ ਤੋਪਾਂ ਨਾਲ ਉਡਾ ਕੇ ਨਸ਼ਟ ਕਰ ਦਿੱਤਾ ਸੀ।
ਸਰਦਾਰ ਬਘੇਲ ਸਿੰਘ 40,000 ਸਿੱਖ ਫੌਜਾਂ ਨੂੰ ਨਾਲ ਲੈ ਕੇ 8 ਮਾਰਚ ਸੰਨ 1783 ਈ. ਨੂੰ ਦਿੱਲੀ ਵਿਚ ਦਾਖਲ ਹੋਇਆ। ਉਸ ਦੀ ਸੈਨਾ ਨੇ ਦਰਿਆ ਜਮਨਾ ਨੂੰ ਬੁਰਾੜੀ ਘਾਟੀ ਤੋਂ ਪਾਰ ਕਰ ਕੇ ਨਗਰ ਵਿਚ ਪ੍ਰਵੇਸ਼ ਕੀਤਾ ਸੀ। ਉਸ ਨੇ ਆਪਣੀ ਫੌਜ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਿਸ ਵਿੱਚੋਂ ਪੰਜ ਹਜ਼ਾਰ ਦੀ ਇਕ ਟੁਕੜੀ ਮਜਨੂੰ ਟਿੱਲੇ ਵਾਲੀ ਥਾਂ ’ਤੇ ਤੈਨਾਤ ਕੀਤੀ ਗਈ ਅਤੇ 5000 ਦੀ ਦੂਸਰੀ ਟੁਕੜੀ ਅਜਮੇਰੀ ਗੇਟ ਵਾਲੇ ਪਾਸੇ ਭੇਜੀ ਗਈ। ਬਾਕੀ ਤੀਹ ਹਜ਼ਾਰ ਫੌਜਾਂ ਨਾਲ ਉਸ ਨੇ ਸ਼ਹਿਰ ਦੇ ਉਸ ਭਾਗ ਵਿਚ ਪੜਾਅ ਕੀਤਾ ਜਿਸ ਨੂੰ ਅੱਜਕਲ੍ਹ ਤੀਸ ਹਜ਼ਾਰੀ ਕਿਹਾ ਜਾਂਦਾ ਹੈ। ਇਹ ਥਾਂ ਦਿੱਲੀ ਦੀ ਪੁਰਾਣੀ ਸਬਜ਼ੀ ਮੰਡੀ ਅਤੇ ਕਸ਼ਮੀਰੀ ਗੇਟ ਦੇ ਵਿਚਕਾਰ ਹੈ। ਸਰਦਾਰ ਬਘੇਲ ਸਿੰਘ ਦੀਆਂ ਤੀਹ ਹਜ਼ਾਰ ਫੌਜਾਂ ਦੇ ਇਥੇ ਰੁਕਣ ਕਰ ਕੇ ਹੀ ਇਸ ਥਾਂ ਦਾ ਨਾਮ ਤੀਸ ਹਜ਼ਾਰੀ ਪ੍ਰਸਿੱਧ ਹੋਇਆ ਸੀ। ਇਸ ਵਾਰ ਸਰਦਾਰ ਬਘੇਲ ਸਿੰਘ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਸਰਦਾਰ ਰਾਜ ਸਿੰਘ ਭੰਗੀ ਵਰਗੇ ਸਿੱਖ ਸਰਦਾਰਾਂ ਦਾ ਵੀ ਸਮਰਥਨ ਹਾਸਲ ਸੀ।
ਸਭ ਤੋਂ ਪਹਿਲਾਂ ਖਾਲਸੇ ਦੀ ਇਸ ਵਿਸ਼ਾਲ ਸੈਨਾ ਨੇ ਮਲਕਾ ਗੰਜ, ਮੁਗ਼ਲਪੁਰਾ ਅਤੇ ਸਬਜ਼ੀ ਮੰਡੀ ਆਦਿ ਦੇ ਇਲਾਕਿਆਂ ’ਤੇ ਆਪਣਾ ਕਬਜ਼ਾ ਕਾਇਮ ਕੀਤਾ। ਮੁਗ਼ਲਪੁਰਾ ਵਿਖੇ ਸ਼ਾਹੀ ਸੈਨਾ ਦੇ ਬਹੁਤ ਸਾਰੇ ਸਿਪਾਹੀ ਮਾਰੇ ਗਏ। ਸ਼ਾਹ ਆਲਮ ਵੱਲੋਂ ਭੇਜੇ ਗਏ ਸ਼ਹਿਜ਼ਾਦਾ ਮਿਰਜ਼ਾ ਸ਼ਿਕੋਹ ਨੇ ਸਿੱਖਾਂ ਨੂੰ ਕਿਲ੍ਹਾ ਮਹਿਤਾਬਪੁਰ ਦੇ ਸਥਾਨ ’ਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਹਾਰ ਖਾ ਕੇ ਲਾਲ ਕਿਲ੍ਹੇ ਵਿਚ ਭੱਜ ਗਿਆ। ਇਸ ਮਗਰੋਂ ਖਾਲਸਾ ਫੌਜ ਨੇ ਲਾਲ ਕਿਲ੍ਹੇ ਦਾ ਰੁਖ਼ ਕੀਤਾ। ਦੂਜੇ ਦਸਤੇ ਨੇ ਅਜਮੇਰੀ ਗੇਟ ਵਾਲੇ ਪਾਸੇ ਤੋਂ ਸ਼ਹਿਰ ’ਤੇ ਹਮਲਾ ਬੋਲ ਦਿੱਤਾ। ਸਿੰਘਾਂ ਦੇ ਆਉਣ ਦੀ ਖ਼ਬਰ ਸੁਣ ਕੇ ਮੁਗ਼ਲ ਦਰਬਾਰੀ ਅਤੇ ਸ਼ਾਹ ਆਲਮ ਦੂਜਾ ਮੁਕਾਬਲਾ ਕਰਨ ਦੀ ਥਾਂ ਕਿਲ੍ਹੇ ਦੇ ਅੰਦਰਲੇ ਭਾਗਾਂ ਵਿਚ ਜਾ ਕੇ ਛਿਪ ਗਏ। ਸਰਦਾਰ ਬਘੇਲ ਸਿੰਘ ਆਪਣੀਆਂ ਜੇਤੂ ਫੌਜਾਂ ਨਾਲ 11 ਮਾਰਚ 1783 ਈ. ਨੂੰ ਲਾਲ ਕਿਲ੍ਹੇ ਵਿਚ ਦਾਖਲ ਹੋਇਆ। ਲਾਹੌਰੀ ਦਰਵਾਜ਼ਾ, ਮੀਨਾ ਬਜ਼ਾਰ ਅਤੇ ਨਕਾਰਖਾਨਾ ਲੰਘ ਕੇ ਉਹ ਦੀਵਾਨ-ਏ-ਆਮ ਵਿਚ ਪਹੁੰਚੇ ਜਿੱਥੇ ਕਦੇ ਸ਼ਾਹ ਜਹਾਨ, ਔਰੰਗਜ਼ੇਬ ਅਤੇ ਬਹਾਦਰਸ਼ਾਹ ਵਰਗੇ ਮੁਗ਼ਲ ਬਾਦਸ਼ਾਹ ਆਪਣਾ ਦਰਬਾਰ ਲਗਾਇਆ ਕਰਦੇ ਸਨ। ਦੀਵਾਨ-ਏ-ਆਮ ’ਤੇ ਕਬਜ਼ਾ ਕਰ ਲੈਣ ਮਗਰੋਂ ਕਿਲ੍ਹੇ ਦੇ ਮੁੱਖ ਦੁਆਰ ’ਤੇ ਖਾਲਸਾਈ ਝੰਡਾ ਝੁਲਾਇਆ ਗਿਆ। ਦੀਵਾਨ-ਏ-ਆਮ ਵਿਚ ਦਰਬਾਰ ਲਗਾ ਕੇ ਦਲ ਖਾਲਸਾ ਦੇ ਬਜ਼ੁਰਗ ਨੇਤਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ ਘੋਸ਼ਿਤ ਕੀਤਾ ਗਿਆ। ਉਸ ਦੇ ਨਾਲ ਪੰਜ ਪ੍ਰਮੁੱਖ ਸਰਦਾਰਾਂ (ਪੰਜਾਂ ਪਿਆਰਿਆਂ) ਨੂੰ ਬਿਠਾਇਆ ਗਿਆ ਜਿਨ੍ਹਾਂ ਦੀ ਅਗਵਾਈ ਥੱਲੇ ਖਾਲਸੇ ਨੇ ਦਿੱਲੀ ਨੂੰ ਜਿੱਤਿਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾ ਜਾਣ ਤੋਂ ਬਾਅਦ ਖਾਲਸੇ ਦੀਆਂ ਹੁਣ ਤਕ ਦੀਆਂ ਪ੍ਰਾਪਤੀਆਂ ਵਿੱਚੋਂ ਇਹ ਸਭ ਤੋਂ ਵੱਡੀ ਸਫਲਤਾ ਸੀ। ਜਿਸ ਲਾਲ ਕਿਲ੍ਹੇ ਵਿੱਚੋਂ 1716 ਈ. ਵਿਚ ਬਾਦਸ਼ਾਹ ਫ਼ਰੁਖਸੀਅਰ ਦੇ ਹੁਕਮ ਨਾਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ 740 ਸਾਥੀ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ, ਅੱਜ ਉਹੀ ਲਾਲ ਕਿਲ੍ਹਾ ਖਾਲਸੇ ਦੇ ਕਦਮਾਂ ਵਿਚ ਸੀ ਤੇ ਇਥੋਂ ਦਾ ਮੁਗ਼ਲ ਬਾਦਸ਼ਾਹ ਖਾਲਸੇ ਕੋਲੋਂ ਆਪਣੀ ਜਾਨ ਅਤੇ ਆਪਣੇ ਰਾਜ ਦੀ ਸਲਾਮਤੀ ਦੀ ਭੀਖ ਮੰਗ ਰਿਹਾ ਸੀ।
ਲਾਲ ਕਿਲ੍ਹੇ ’ਤੇ ਸਿੰਘਾਂ ਦਾ ਕਬਜ਼ਾ ਹੋ ਜਾਣ ਮਗਰੋਂ ਸ਼ਾਹ ਆਲਮ ਦੂਜੇ ਨੇ ਆਪਣੇ ਵਕੀਲ ਰਾਮ ਦਿਆਲ ਅਤੇ ਬੇਗ਼ਮ ਸਮਰੂ ਰਾਹੀਂ ਸਿੱਖ ਸਰਦਾਰਾਂ ਨਾਲ ਸੁਲਾਹ ਦੀ ਗੱਲ ਤੋਰੀ। ਬੇਗ਼ਮ ਸਮਰੂ ਬੜੀ ਸਿਆਣੀ, ਸੂਝਵਾਨ ਅਤੇ ਰਾਜਸੀ ਪਿੜ ਦੀ ਚੰਗੀ ਖਿਡਾਰਨ ਸੀ। ਉਸ ਦਾ ਮੁਗ਼ਲ ਦਰਬਾਰ ਵਿਚ ਬੜਾ ਰਸੂਖ ਸੀ। ਸ਼ਾਹ ਆਲਮ ਨੇ ਉਚੇਚੇ ਤੌਰ ’ਤੇ ਉਸ ਨੂੰ ਸਰਦਾਨਾ ਤੋਂ ਬੁਲਾਇਆ ਸੀ। ਸਰਦਾਨਾ ਦੀ ਜਗੀਰ ਉਸ ਦੇ ਪਤੀ ਨੂੰ ਮੁਗ਼ਲਾਂ ਵੱਲੋਂ ਦਿੱਤੀ ਗਈ ਸੀ। ਬੇਗਮ ਸਮਰੂ ਨੇ ਸਰਦਾਰ ਬਘੇਲ ਸਿੰਘ ਨੂੰ ਭਰਾ ਬਣਾ ਕੇ ਦੋ ਗੱਲਾਂ ਦੀ ਮੰਗ ਕੀਤੀ:
1. ਸ਼ਾਹ ਆਲਮ ਦੀ ਜ਼ਿੰਦਗੀ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ।
2. ਲਾਲ ਕਿਲ੍ਹੇ ’ਤੇ ਸ਼ਾਹ ਆਲਮ ਦਾ ਅਧਿਕਾਰ ਬਣਿਆ ਰਹਿਣ ਦਿੱਤਾ ਜਾਵੇ।
ਇਨ੍ਹਾਂ ਦੋ ਵੱਡੀਆਂ ਮੰਗਾਂ ਦੇ ਮੁਕਾਬਲੇ ’ਤੇ ਸਰਦਾਰ ਬਘੇਲ ਸਿੰਘ ਨੇ ਦਿੱਲੀ ਵਿਚ ਸਿੱਖ ਇਤਿਹਾਸਕ ਅਸਥਾਨਾਂ ਦੀ ਪ੍ਰਾਪਤੀ ਅਤੇ ਉਨ੍ਹਾਂ ਉੱਤੇ ਯੋਗ ਯਾਦਗਾਰਾਂ ਕਾਇਮ ਕਰਨ ਨੂੰ ਤਰਜੀਹ ਦਿੱਤੀ। ਉਸ ਵੱਲੋਂ ਸ਼ਾਹ ਆਲਮ ਅੱਗੇ ਰੱਖੀਆਂ ਗਈਆਂ ਚਾਰ ਸ਼ਰਤਾਂ ਵਿੱਚੋਂ ਪਹਿਲੀ ਸ਼ਰਤ ਇਹ ਸੀ ਕਿ ਦਿੱਲੀ ਦੀਆਂ ਉਹ ਸਾਰੀਆਂ ਥਾਵਾਂ ਖਾਲਸੇ ਨੂੰ ਸੌਂਪ ਦਿੱਤੀਆਂ ਜਾਣ ਜਿਨ੍ਹਾਂ ਦਾ ਸੰਬੰਧ ਗੁਰੂ ਸਾਹਿਬਾਨ ਦੀ ਦਿੱਲੀ ਫੇਰੀ ਜਾਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨਾਲ ਜੁੜਿਆ ਹੋਇਆ ਸੀ। ਇਸ ਨਗਰੀ ਵਿਚ ਪੰਜ ਗੁਰੂ ਸਾਹਿਬਾਨ- ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨ ਪਾਏ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾ ਜਾਣ ਮਗਰੋਂ ਇਥੇ ਹੀ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਕਾਫ਼ੀ ਲੰਮੇ ਸਮੇਂ ਤਕ ਰਹੇ ਅਤੇ ਜੋਤੀ ਜੋਤਿ ਸਮਾਏ ਸਨ ਅਤੇ ਇਸੇ ਨਗਰ ਵਿਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ।
ਸਰਦਾਰ ਬਘੇਲ ਸਿੰਘ ਵੱਲੋਂ ਰੱਖੀ ਗਈ ਦੂਸਰੀ ਸ਼ਰਤ ਇਹ ਸੀ ਕਿ ਇਨ੍ਹਾਂ ਸਥਾਨਾਂ ਦੀ ਨਿਸ਼ਾਨਦੇਹੀ ਹੋ ਜਾਣ ਮਗਰੋਂ ਸ਼ਾਹੀ ਫ਼ਰਮਾਨ ਜਾਰੀ ਕੀਤਾ ਜਾਵੇ ਅਤੇ ਪੰਥ ਨੂੰ ਆਪਣੇ ਗੁਰੂ ਸਾਹਿਬਾਨ ਦੀਆਂ ਯਾਦਗਾਰਾਂ ਕਾਇਮ ਕਰਨ ਦੀ ਆਗਿਆ ਦਿੱਤੀ ਜਾਵੇ। ਉਦੋਂ ਅਜਿਹੇ ਅਸਥਾਨਾਂ ਦੀ ਸੰਖਿਆ ਸੱਤ ਆਂਕੀ ਗਈ ਸੀ।
ਤੀਸਰੀ ਸ਼ਰਤ ਇਹ ਸੀ ਕਿ ਸ਼ਹਿਰ ਦੀ ਕੋਤਵਾਲੀ ਖਾਲਸੇ ਦੇ ਸਪੁਰਦ ਕੀਤੀ ਜਾਵੇ ਅਤੇ ਦਿੱਲੀ ਵਿਚ ਮਾਲ ਦੀ ਵਿਕਰੀ ਤੋਂ ਇਕੱਠੀ ਹੋਣ ਵਾਲੀ ਚੁੰਗੀ ਵਿੱਚੋਂ ਇਕ ਰੁਪੈ ਵਿੱਚੋਂ ਛੇ ਆਨੇ (37.5%) ਦੇ ਹਿਸਾਬ ਨਾਲ ਸਿੱਖਾਂ ਨੂੰ ਪੈਸਾ ਦਿੱਤਾ ਜਾਵੇ। ਇਹੀ ਪੈਸਾ ਗੁਰਦੁਆਰਿਆਂ ਦੇ ਨਿਰਮਾਣ ਅਤੇ ਫੌਜ ਦੀਆਂ ਤਨਖਾਹਾਂ ਆਦਿ ਦੇਣ ’ਤੇ ਖਰਚ ਕੀਤਾ ਜਾਣਾ ਸੀ।
ਸਰਦਾਰ ਬਘੇਲ ਸਿੰਘ ਵੱਲੋਂ ਰੱਖੀ ਗਈ ਚੌਥੀ ਸ਼ਰਤ ਇਹ ਸੀ ਕਿ ਜਿਤਨੀ ਦੇਰ ਤਕ ਦਿੱਲੀ ਦੇ ਗੁਰਦੁਆਰੇ ਸਥਾਪਤ ਨਹੀਂ ਹੋ ਜਾਂਦੇ ਉਤਨੀ ਦੇਰ ਤਕ ਉਸ ਦੇ 4000 ਸਿੱਖ ਸੈਨਿਕ ਦਿੱਲੀ ਵਿਚ ਟਿਕੇ ਰਹਿਣਗੇ। ਇਨ੍ਹਾਂ ਸੈਨਿਕਾਂ ਦਾ ਖਰਚ ਸ਼ਾਹੀ ਖ਼ਜ਼ਾਨੇ ਵਿੱਚੋਂ ਦਿੱਤਾ ਜਾਵੇਗਾ।
ਇਹ ਸਾਰੀਆਂ ਸ਼ਰਤਾਂ ਉਸ ਦੇ ਸਿੱਖੀ ਜਜ਼ਬੇ ਅਤੇ ਗੁਰੂ ਸਾਹਿਬਾਨ ਪ੍ਰਤੀ ਅਥਾਹ ਸ਼ਰਧਾ ਅਤੇ ਪਿਆਰ ਦੀਆਂ ਲਖਾਇਕ ਹਨ। ਉਸ ਨੇ ਦਿੱਲੀ ’ਤੇ ਰਾਜ ਕਰਨ ਨਾਲੋਂ ਗੁਰੂ ਸਾਹਿਬਾਨ ਦੀਆਂ ਯਾਦਗਾਰਾਂ ਕਾਇਮ ਕਰਨ ਨੂੰ ਪਹਿਲ ਦਿੱਤੀ ਸੀ। ਲੱਗਦਾ ਹੈ ਗੁਰਬਾਣੀ ਦੀਆਂ ਇਹ ਪੰਕਤੀਆਂ ਇਹੋ ਜਿਹੇ ਗੁਰਸਿੱਖਾਂ ਦੇ ਜੀਵਨ ਨੂੰ ਹੀ ਦਰਸਾਉਂਦੀਆਂ ਹਨ ਜਿਨ੍ਹਾਂ ਸੰਸਾਰਕ ਸੁਖਾਂ ਦੀ ਥਾਂ ’ਤੇ ਗੁਰੂ-ਚਰਨਾਂ ਦੀ ਪ੍ਰੀਤੀ ਨੂੰ ਸ੍ਰੇਸ਼ਟ ਜਾਣਿਆ ਸੀ:
ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥ (ਪੰਨਾ 534)
ਸ਼ਾਹ ਆਲਮ ਦੁਆਰਾ ਸਰਦਾਰ ਬਘੇਲ ਸਿੰਘ ਵੱਲੋਂ ਰੱਖੀਆਂ ਗਈਆਂ ਸ਼ਰਤਾਂ ਨੂੰ ਮੰਨ ਲੈਣ ਮਗਰੋਂ ਖ਼ਾਲਸਾ ਫੌਜਾਂ ਕਿਲ੍ਹੇ ਵਿੱਚੋਂ ਬਾਹਰ ਆ ਗਈਆਂ। ਨਗਰ ਦੀ ਸੁਰੱਖਿਆ ਨੂੰ ਭੰਗ ਨਾ ਕਰਨ ਅਤੇ ਕਿਲ੍ਹਾ ਛੱਡ ਜਾਣ ਦੀ ਹਾਲਤ ਵਿਚ ਸ਼ਾਹ ਆਲਮ, ਸਿੱਖਾਂ ਨੂੰ 10 ਲੱਖ ਰੁਪਿਆ ਨਜ਼ਰਾਨਾ ਦੇਣ ਲਈ ਰਾਜ਼ੀ ਹੋ ਗਿਆ। ਸੰਧੀ ਦੀਆਂ ਸ਼ਰਤਾਂ ਤਹਿ ਹੋ ਜਾਣ ਮਗਰੋਂ ਸਰਦਾਰ ਬਘੇਲ ਸਿੰਘ ਨੇ ਆਪਣੇ ਵੱਲੋਂ ਲਖਪਤ ਰਾਇ ਨੂੰ ਮੁਗ਼ਲ ਦਰਬਾਰ ਵਿਚ ਆਪਣਾ ਦੂਤ ਮੁਕੱਰਰ ਕਰ ਦਿੱਤਾ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਇਥੋਂ ਜਾਂਦਾ ਹੋਇਆ ਮੁਗ਼ਲਾਂ ਦੀਆਂ 5 ਤੋਪਾਂ, ਕਈ ਬੰਦੂਕਾਂ ਅਤੇ ਉਨ੍ਹਾਂ ਦੀ ਤਾਜਪੋਸ਼ੀ ਵਾਲੀ ਰੰਗ-ਬਰੰਗੇ ਪੱਥਰ ਦੀ ਇਕ ਸੁੰਦਰ ਸਿਲ ਆਪਣੇ ਨਾਲ ਲੈ ਗਿਆ। ਇਹ ਸਿਲ 6 ਫੁੱਟ ਲੰਬੀ, ਚਾਰ ਫੁੱਟ ਚੌੜੀ ਅਤੇ 9 ਇੰਚ ਮੋਟੀ ਸੀ। ਇਹ ਸੁੰਦਰ ਸਿੱਲ ਸ੍ਰੀ ਅੰਮ੍ਰਿਤਸਰ ਦੇ ਰਾਮਗੜ੍ਹੀਆ ਬੁੰਗੇ ਵਿਚ ਅਜੇ ਵੀ ਪਈ ਹੋਈ ਹੈ।
ਮੁਗ਼ਲ ਬਾਦਸ਼ਾਹ ਨਾਲ ਸਮਝੌਤਾ ਹੋ ਜਾਣ ਮਗਰੋਂ ਸਰਦਾਰ ਬਘੇਲ ਸਿੰਘ ਨਗਰ ਦੇ ਪੁਰਾਣੇ ਹਿੰਦੂ, ਮੁਸਲਮਾਨ ਅਤੇ ਟਾਵੇਂ-ਟਾਵੇਂ ਸਿੱਖ ਬਜ਼ੁਰਗਾਂ ਨੂੰ ਮਿਲਿਆ ਜੋ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਮੇਂ ਤੋਂ ਹੀ ਦਿੱਲੀ ਵਿਚ ਵੱਸ ਗਏ ਸਨ। ਉਨ੍ਹਾਂ ਕੋਲੋਂ ਪੁੱਛ ਕੇ ਉਸ ਨੇ ਉਨ੍ਹਾਂ ਸਥਾਨਾਂ ਦੀ ਭਾਲ ਸ਼ੁਰੂ ਕੀਤੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸੁੰਦਰੀ ਜੀ ਆ ਕੇ ਠਹਿਰੇ ਸਨ ਅਤੇ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ 11 ਨਵੰਬਰ 1675 ਈ. ਨੂੰ ਸ਼ਹੀਦ ਕੀਤਾ ਗਿਆ ਸੀ। ਪੁਰਾਣੇ ਇਤਿਹਾਸਕ ਗ੍ਰੰਥਾਂ ਅਨੁਸਾਰ ਸਰਦਾਰ ਬਘੇਲ ਸਿੰਘ ਨੇ ਅਜਿਹੇ ਸੱਤ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਜਿਥੇ ਹੁਣ ਗੁਰਦੁਆਰਾ ਸਾਹਿਬ ਨਾਨਕ ਪਿਆਉ, ਗੁਰਦੁਆਰਾ ਸਾਹਿਬ ਮਜਨੂੰ ਕਾ ਟਿੱਲਾ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਰਕਾਬ ਗੰਜ ਸਾਹਿਬ, ਗੁਰਦੁਆਰਾ ਸਾਹਿਬ ਮੋਤੀ ਬਾਗ ਅਤੇ ਗੁਰਦੁਆਰਾ ਸਾਹਿਬ ਮਾਤਾ ਸੁੰਦਰੀ ਜੀ ਸਥਾਪਤ ਹਨ। ਬਾਕੀ ਤਿੰਨ ਗੁਰਦੁਆਰੇ- ਗੁਰਦੁਆਰਾ ਬਾਲਾ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ ਅਤੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਮਗਰੋਂ ਕਾਇਮ ਕੀਤੇ ਗਏ।
ਇਨ੍ਹਾਂ ਗੁਰਦੁਆਰਿਆਂ ਨੂੰ ਸਥਾਪਤ ਕਰਨ ਲਈ ਸਰਦਾਰ ਬਘੇਲ ਸਿੰਘ ਅਪ੍ਰੈਲ 1783 ਈ. ਤੋਂ ਲੈ ਕੇ ਨਵੰਬਰ 1783 ਈ. ਤਕ ਦਿੱਲੀ ਵਿਚ ਹੀ ਠਹਿਰਿਆ ਰਿਹਾ। ਉਹ ਜਾਣਦਾ ਸੀ ਕਿ ਜੇ ਉਹ ਇਹ ਕਾਰਜ ਕੀਤੇ ਬਗੈਰ ਵਾਪਸ ਪੰਜਾਬ ਚਲਾ ਗਿਆ ਤਾਂ ਮੁਗ਼ਲ ਬਾਦਸ਼ਾਹ ਅਤੇ ਸਥਾਨਕ ਅਧਿਕਾਰੀ ਫਿਰ ਬੇਈਮਾਨ ਹੋ ਜਾਣਗੇ ਅਤੇ ਇਹ ਯਾਦਗਾਰਾਂ ਕਾਇਮ ਨਹੀਂ ਹੋ ਸਕਣਗੀਆਂ।
ਇਤਿਹਾਸਕ ਗੁਰਦੁਆਰਿਆਂ ਵਾਲੀਆਂ ਬਹੁਤੀਆਂ ਥਾਵਾਂ ’ਤੇ ਮਸੀਤਾਂ ਕਾਇਮ ਹੋ ਚੁੱਕੀਆਂ ਸਨ। ਸਥਾਨਕ ਮੁਸਲਮਾਨਾਂ ਨੇ ਦੋ ਥਾਵਾਂ ’ਤੇ ਹਿੰਸਕ ਝਗੜੇ ਵੀ ਕੀਤੇ (ਸੀਸ ਗੰਜ ਅਤੇ ਗੁਰਦੁਆਰਾ ਰਕਾਬ ਗੰਜ ਸਾਹਿਬ)। ਪਰ ਮੁਗ਼ਲ ਬਾਦਸ਼ਾਹ ਨਾਲ ਹੋਏ ਸਮਝੌਤੇ ਕਾਰਨ, ਸਿੱਖ ਇਨ੍ਹਾਂ ਗੁਰਦੁਆਰਿਆਂ ਨੂੰ ਸਥਾਪਤ ਕਰਨ ਵਿਚ ਕਾਮਯਾਬ ਹੋ ਗਏ। ਮੁਗ਼ਲ ਦਰਬਾਰ ਦੇ ਇਕ ਕਰਮਚਾਰੀ ਦੀ ਸਲਾਹ ’ਤੇ ਜਦੋਂ ਗੁਰਦੁਆਰਾ ਰਕਾਬ ਗੰਜ ਵਾਲੀ ਥਾਂ ’ਤੇ ਬਣੀ ਮਸੀਤ ਦਾ ਫਰਸ਼ ਪੁੱਟਿਆ ਗਿਆ ਤਾਂ ਥੱਲਿਓਂ ਪਿੱਤਲ ਦੀ ਇਕ ਗਾਗਰ ਮਿਲੀ ਜਿਸ ਦਾ ਮੂੰਹ ਉੱਪਰੋਂ ਬੰਦ ਸੀ ਅਤੇ ਉਸ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਧੜ ਦੀਆਂ ਅਸਥੀਆਂ ਨੂੰ ਸੰਭਾਲ ਕੇ ਰੱਖਿਆ ਹੋਇਆ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਾਲੀ ਥਾਂ ਖੋਜਣ ਵਿਚ ਚਾਂਦਨੀ ਚੌਕ ਦੇ ਇਕ ਮਾਸ਼ਕੀ ਪਰਵਾਰ ਨੇ ਸਰਦਾਰ ਬਘੇਲ ਸਿੰਘ ਦੀ ਬੜੀ ਮਦਦ ਕੀਤੀ ਸੀ। ਜਿਸ ਬੁੱਢੀ ਮਾਸ਼ਕਣ ਨੇ ਸੀਸ ਗੰਜ ਵਾਲੀ ਥਾਂ ਦਾ ਥਹੁ-ਪਤਾ ਦੱਸਿਆ ਸੀ, ਉਸ ਦੇ ਪਿਤਾ ਨੇ ਖੂਨ ਨਾਲ ਲੱਥ-ਪੱਥ ਹੋਇਆ ਉਹ ਥੜ੍ਹਾ ਧੋਤਾ ਸੀ, ਜਿਸ ’ਤੇ ਬਿਠਾ ਕੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਉਸ ਬੁੱਢੀ ਮਾਸ਼ਕਣ ਨੇ ਦੱਸਿਆ ਕਿ ਸ਼ਹੀਦੀ ਦੇ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮੁੱਖ ਪੂਰਬ ਵੱਲ ਸੀ ਅਤੇ ਉਨ੍ਹਾਂ ਦਾ ਸੀਸ ਧੜ ਨਾਲੋਂ ਅਲੱਗ ਹੋ ਕੇ ਅੱਗੇ ਡਿੱਗਿਆ ਸੀ। ਇਸ ਥਾਂ ’ਤੇ ਵੀ ਗੁਰਦੁਆਰਾ (ਸੀਸ ਗੰਜ) ਸਥਾਪਤ ਕਰਨ ਸਮੇਂ ਰੂੜ੍ਹੀਵਾਦੀ ਮੁਲਸਮਾਨਾਂ ਨਾਲ ਝਗੜਾ ਹੋ ਗਿਆ। ਦੋਹਾਂ ਪਾਸਿਆਂ ਤੋਂ ਤਲਵਾਰਾਂ ਨਿਕਲ ਆਈਆਂ। ਪਰ ਵੱਡੇ ਵਜ਼ੀਰ ਦੇ ਆ ਜਾਣ ਨਾਲ ਇਹ ਮਸਲਾ ਹੱਲ ਹੋ ਗਿਆ। ਮਗਰੋਂ ਰਾਜਾ ਸਰੂਪ ਸਿੰਘ ਅਤੇ ਰਾਜਾ ਰਘਬੀਰ ਸਿੰਘ ਜੀਂਦ ਵਾਲਿਆਂ ਨੇ ਹੋਰ ਜਗ੍ਹਾ ਲੈ ਕੇ ਗੁਰਦੁਆਰੇ ਦੀ ਨਵੀਂ ਇਮਾਰਤ ਤਾਮੀਰ ਕਰਵਾ ਦਿੱਤੀ।
ਦਿੱਲੀ ਵਿਚ ਗੁਰੂ ਮਹਾਰਾਜ ਦੀਆਂ ਯਾਦਗਾਰਾਂ ਕਾਇਮ ਕਰਨੀਆਂ ਸਰਦਾਰ ਬਘੇਲ ਸਿੰਘ ਦੇ ਜੀਵਨ ਦੀ ਅਜਿਹੀ ਮਹਾਨ ਪ੍ਰਾਪਤੀ ਹੈ ਜਿਸ ਕਾਰਨ ਪੰਥ ਵਿਚ ਸਦਾ ਉਸ ਦਾ ਨਾਮ ਉਜਲਾ ਰਹੇਗਾ। ਭਾਈ ਰਤਨ ਸਿੰਘ (ਭੰਗੂ) ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਲਿਖਦੇ ਹਨ:
ਮੱਧ ਦਿੱਲੀ ਲਯੋ ਦੇਹਰੋ ਚਿਣਾਇ,
ਸਤਮੋਂ ਝੰਡੋ ਇਮ ਦੀਉ ਝੁਲਾਇ।
ਬਜਾਇ ਨਗਾਰੇ ਕੜਾਹੁ ਕਰਾਏ,
ਸਿੱਖ ਪਰਸੰਨ ਚੁਤਰਫੋਂ ਆਏ।
ਸ੍ਰਦਾਰ ਬਘੇਲ ਸਿੰਘ ਇਮ ਗਢ ਮਾਰਾ,
ਰਹੂਗੁ ਪ੍ਰਿਥੀ ਉਸ ਨਾਮ ਉਜਾਰਾ।
ਐਸੀ ਕਰੀ ਉਨ ਗੁਰ ਕੀ ਕਾਰ,
ਪਾਊ ਜਗ੍ਹਾ ਵਹਿ ਗੁਰ ਕੇ ਦ੍ਵਾਰ॥87॥
ਸ਼ਾਹ ਆਲਮ ਨਾਲ ਹੋਈ ਸੰਧੀ ਅਨੁਸਾਰ ਜਿਤਨੀ ਦੇਰ ਤਕ ਸਰਦਾਰ ਬਘੇਲ ਸਿੰਘ ਦਿੱਲੀ ਵਿਚ ਰਿਹਾ ਸਾਰੇ ਨਗਰ ਦਾ ਪ੍ਰਬੰਧ ਉਸ ਦੇ ਆਪਣੇ ਹੱਥ ਵਿਚ ਸੀ। ਉਸ ਲਈ ਸਬਜ਼ੀ ਮੰਡੀ ਦੇ ਨੇੜੇ ਸਦਰ ਦਰਵਾਜ਼ੇ ਕੋਲ ਇਕ ਚਬੂਤਰਾ ਉਸਾਰਿਆ ਗਿਆ ਜਿੱਥੇ ਬੈਠ ਕੇ ਉਹ ਦਿੱਲੀ ਵਿਚ ਆਉਣ ਵਾਲੇ ਤਜਾਰਤੀ ਮਾਲ ਦੀ ਚੁੰਗੀ ਵਸੂਲ ਕਰਿਆ ਕਰਦਾ ਸੀ। ਚੁੰਗੀ ਤੋਂ ਇਕੱਠੇ ਹੋਣ ਵਾਲੇ ਪੈਸੇ ਅਤੇ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਿਆਂ ਦੀ ਉਸਾਰੀ ਦਾ ਕੰਮ ਪੂਰਾ ਕੀਤਾ ਗਿਆ। ਗੁਰਦੁਆਰੇ ਕਾਇਮ ਹੋ ਜਾਣ ਤੋਂ ਬਾਅਦ ਇਨ੍ਹਾਂ ਵਿਚ ਇਕ-ਇਕ ਗ੍ਰੰਥੀ ਨਿਯੁਕਤ ਕੀਤਾ ਗਿਆ ਅਤੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਤੇ ਖਰਚਿਆਂ ਨੂੰ ਪੂਰਾ ਕਰਨ ਲਈ ਇਨ੍ਹਾਂ ਨਾਲ ਸਥਾਈ ਤੌਰ ’ਤੇ ਜਗੀਰਾਂ ਲਗਵਾ ਦਿੱਤੀਆਂ ਗਈਆਂ।
ਚੁੰਗੀ ਇਕੱਠੀ ਕਰਨ ਦੇ ਨਾਲ-ਨਾਲ ਸਰਦਾਰ ਬਘੇਲ ਸਿੰਘ ਦੇ ਕੋਲ ਨਗਰ ਦੇ ਕੋਤਵਾਲ ਦੇ ਅਧਿਕਾਰ ਵੀ ਸਨ। ਸ਼ਹਿਰ ਵਿਚ ਖਾਲਸੇ ਦਾ ਹੁਕਮ ਚੱਲਦਾ ਸੀ। ਉਸ ਵੇਲੇ ਇਹ ਗੱਲ ਆਮ ਪ੍ਰਚਲਤ ਸੀ ਕਿ ਬਾਦਸ਼ਾਹ ਦਾ ਰਾਜ ਕਿਲ੍ਹੇ ਤੇ ਸ਼ਹਿਰ ਦੀਆਂ ਅੰਦਰਲੀਆਂ ਦੀਵਾਰਾਂ ਤਕ ਸੀਮਿਤ ਹੈ ਪਰ ਬਾਹਰ ਰਾਜ ਖਾਲਸੇ ਦਾ ਚੱਲਦਾ ਹੈ। ਜਿਸ ਥਾਂ ’ਤੇ ਟਿਕ ਕੇ ਸਰਦਾਰ ਬਘੇਲ ਸਿੰਘ ਨੇ ਦਿੱਲੀ ਦੇ ਗੁਰਦੁਆਰਿਆਂ ਦੀ ਉਸਾਰੀ ਕਰਵਾਈ ਸੀ, ਸਮੇਂ ਦੇ ਗੇੜ ਨਾਲ ਉਨ੍ਹਾਂ ਦਾ ਉਹ ਰਿਹਾਇਸ਼ੀ ਸਥਾਨ ਲੁਪਤ ਹੋ ਚੁੱਕਾ ਹੈ ਜਿਸ ਦੀ ਭਾਲ ਕਰਨੀ ਚਾਹੀਦੀ ਹੈ।
ਪੰਜਾਬ ਪਰਤਣ ਤੋਂ ਪਹਿਲਾ ਸਰਦਾਰ ਬਘੇਲ ਸਿੰਘ ਆਖਰੀ ਵਾਰ ਸ਼ਾਹ ਆਲਮ ਦੂਜੇ ਨੂੰ ਨਵੰਬਰ 1783 ਈ. ਵਿਚ ਮਿਲਿਆ। ਇਹ ਮਿਲਣੀ ਦੋ ਸੁਤੰਤਰ ਰਾਜਿਆਂ ਵਿਚਕਾਰ ਸੀ। ਇਸ ਸਾਰੀ ਕਾਰਵਾਈ ਵਿਚ ਰਾਮ ਦਿਆਲ ਨੇ ਬੜੀ ਅਹਿਮ ਭੂਮਿਕਾ ਨਿਭਾਈ ਸੀ। ਦਰਬਾਰ ਤੋਂ ਵਿਦਾ ਹੋਣ ਸਮੇਂ ਸ਼ਾਹ ਆਲਮ ਨੇ ਸਰਦਾਰ ਬਘੇਲ ਸਿੰਘ ਨੂੰ ਸਾਜ਼ੋ-ਸਾਮਾਨ ਨਾਲ ਲੱਦਿਆ ਇਕ ਹਾਥੀ, ਪੰਜ ਘੋੜੇ, ਹੀਰੇ ਜੜਤ ਇਕ ਕੀਮਤੀ ਮਾਲਾ ਤੇ ਬਹੁਤ ਸਾਰੇ ਵਡਮੁੱਲੇ ਤੋਹਫੇ ਦੇ ਕੇ ਪੂਰੇ ਸ਼ਾਹੀ ਸਨਮਾਨ ਨਾਲ ਤੋਰਿਆ।
ਸਿੱਖਾਂ ਦੇ ਵਾਪਸ, ਪੰਜਾਬ ਪਰਤ ਜਾਣ ਤੋਂ ਬਾਅਦ ਸ਼ਾਹ ਆਲਮ ਨੇ ਫਿਰ ਉਨ੍ਹਾਂ ਵਿਰੁੱਧ ਗੌਂਦਾਂ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਦਸੰਬਰ 1784 ਈ. ਵਿਚ ਮਰਾਠਾ ਸਰਦਾਰ ਮਾਹਦ ਜੀ ਸਿੰਧੀਆ ਨੂੰ ਵਕੀਲੇ ਮੁਤਲਕ ਬਣਾ ਕੇ ਉਸ ਨੂੰ ਸਿੱਖਾਂ ਅਤੇ ਰੁਹੇਲਿਆਂ ਨੂੰ ਦਬਾਉਣ ਦਾ ਕੰਮ ਸੌਂਪਿਆ। ਇਸੇ ਦੌਰਾਨ ਸਿੱਖਾਂ ਦੀ ਇਕ ਵੱਡੀ ਫੌਜ ਸਰਦਾਰ ਬਘੇਲ ਸਿੰਘ, ਸਰਦਾਰ ਗੁਰਦਿੱਤ ਸਿੰਘ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਕਮਾਨ ਥੱਲੇ ਗੰਗਾ-ਜਮਨਾ ਦੁਆਬ ’ਤੇ ਜਾ ਪਈ। ਉਹ ਵਧਦੇ- ਵਧਦੇ ਗੰਗਾ ਦੇ ਉਰਲੇ ਪਾਰ ਅਵਧ ਤਕ ਪਹੁੰਚ ਗਏ। ਉਨ੍ਹਾਂ ਦੇ ਇਸ ਹਮਲੇ ਤੋਂ ਅਵਧ ਦਾ ਨਵਾਬ ਅਤੇ ਪੂਰਬੀ ਪ੍ਰਾਂਤਾਂ ਵਿਚ ਬੈਠੇ ਅੰਗਰੇਜ਼ ਚੌਕਸ ਹੋ ਗਏ। ਸਿੱਖਾਂ ਦੇ ਸੰਭਾਵਿਤ ਹਮਲੇ ਤੋਂ ਡਰ ਕੇ ਉਨ੍ਹਾਂ ਨੇ ਗੰਗਾ ਦੇ ਪਰਲੇ ਪਾਰ ਮੋਰਚੇਬੰਦੀ ਕਰ ਲਈ। ਪਰ ਸਿੱਖ ਗੰਗਾ ਪਾਰ ਕੀਤੇ ਬਗ਼ੈਰ ਹੀ ਕਈ ਨਗਰਾਂ ਨੂੰ ਜਿੱਤਦੇ ਵਾਪਸ ਪੰਜਾਬ ਪਰਤ ਗਏ।
ਸ਼ਾਹ ਆਲਮ ਦੇ ਬਦਲਦੇ ਵਤੀਰੇ ਕਾਰਨ ਜਨਵਰੀ 1785 ਈ. ਵਿਚ ਇਕ ਵਾਰ ਫਿਰ ਸਰਦਾਰ ਬਘੇਲ ਸਿੰਘ ਨੇ ਦਿੱਲੀ ’ਤੇ ਹਮਲਾ ਕੀਤਾ। ਉਸ ਦੇ ਨਾਲ ਸਰਦਾਰ ਗੁਰਦਿੱਤ ਸਿੰਘ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਵੀ ਸਨ। ਇਸ ਵਾਰ ਮਰਾਠਾ ਸਰਦਾਰ ਅੰਬਾ ਜੀ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੀ ਮਦਦ ’ਤੇ ਸੀ। ਸਰਦਾਰ ਬਘੇਲ ਸਿੰਘ ਨੇ ਉਨ੍ਹਾਂ ਦੀਆਂ ਸਾਂਝੀਆਂ ਫੌਜਾਂ ਨੂੰ ਹਰਾ ਕੇ ਸ਼ਾਹ ਆਲਮ ਤੋਂ ਭਾਰੀ ਨਜ਼ਰਾਨਾ ਵਸੂਲ ਕੀਤਾ। 30 ਮਾਰਚ 1785 ਈ. ਨੂੰ ਸ਼ਾਹ ਆਲਮ ਨਾਲ ਇਕ ਸੰਧੀ ’ਤੇ ਦਸਤਖਤ ਕੀਤੇ ਗਏ ਜਿਸ ਅਨੁਸਾਰ ਉਸ ਨੇ ਦਸ ਲੱਖ ਰੁਪਿਆ ਸਾਲਾਨਾ ਸਰਦਾਰ ਬਘੇਲ ਸਿੰਘ ਨੂੰ ਦੇਣਾ ਮਨਜ਼ੂਰ ਕਰ ਲਿਆ। ਇਸ ਸੰਧੀ ’ਤੇ ਦਸਤਖ਼ਤ ਕਰਨ ਸਮੇਂ ਸਰਦਾਰ ਬਘੇਲ ਸਿੰਘ ਦੇ ਨਾਲ ਸਰਦਾਰ ਕਰਮ ਸਿੰਘ, ਸਰਦਾਰ ਦੁਲਚਾ ਸਿੰਘ, ਸਰਦਾਰ ਭਾਗ ਸਿੰਘ, ਸਰਦਾਰ ਦੀਵਾਨ ਸਿੰਘ ਅਤੇ ਸਰਦਾਰ ਮੋਹਰ ਸਿੰਘ ਆਦਿ ਸਿੱਖ ਸਰਦਾਰ ਵੀ ਸਨ। ਕਿਹਾ ਜਾਂਦਾ ਹੈ ਕਿ ਜਦੋਂ ਤਕ ਸਰਦਾਰ ਬਘੇਲ ਸਿੰਘ ਜ਼ਿੰਦਾ ਰਹੇ 10 ਲੱਖ ਦੀ ਇਹ ਰਕਮ ਨਿਯਮਤ ਤੌਰ ’ਤੇ ਉਨ੍ਹਾਂ ਨੂੰ ਮਿਲਦੀ ਰਹੀ।
1787 ਈ. ਦੇ ਅੱਧ ਵਿਚ ਜਦੋਂ ਜ਼ਾਬਤਾ ਖਾਂ ਦੇ ਪੁੱਤਰ ਗੁਲਾਮ ਕਾਦਰ ਰੁਹੇਲੇ ਨੇ ਦਿੱਲੀ ’ਤੇ ਹਮਲਾ ਕੀਤਾ ਤਾਂ ਸ਼ਾਹ ਆਲਮ ਨੇ ਸਿੱਖਾਂ ਦੀ ਮਦਦ ਲੈਣ ਲਈ ਸਰਦਾਰ ਬਘੇਲ ਸਿੰਘ ਨੂੰ ਕਈ ਚਿੱਠੀਆਂ ਲਿਖੀਆਂ ਪਰ ਸਿੱਖਾਂ ਨੂੰ ਇਸ ਗੱਲ ਦਾ ਇਤਰਾਜ਼ ਸੀ ਕਿ ਮੁਗ਼ਲ ਦਰਬਾਰ ਵਿਚ ਰਹਿ ਰਹੇ ਮਰਾਠੇ ਉਨ੍ਹਾਂ ਵਿਰੁੱਧ ਲੜੇ ਸਨ ਅਤੇ ਉਨ੍ਹਾਂ ਨੂੰ ਉਹ ਸਨਮਾਨ ਨਹੀਂ ਸੀ ਦਿੱਤਾ ਗਿਆ ਜਿਸ ਦੇ ਉਹ ਹੱਕਦਾਰ ਸਨ। ਇਸ ਲਈ ਸਰਦਾਰ ਬਘੇਲ ਸਿੰਘ ਨੇ ਮੁਗ਼ਲ ਬਾਦਸ਼ਾਹ ਦੀ ਮਦਦ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਗ਼ੁਲਾਮ ਕਾਦਰ ਨੇ ਦਿੱਲੀ ’ਤੇ ਹਮਲਾ ਕਰ ਕੇ ਲਾਲ ਕਿਲ੍ਹੇ ’ਤੇ ਕਬਜ਼ਾ ਕਰ ਲਿਆ। ਸ਼ਾਹ ਆਲਮ ਨੂੰ ਬੰਦੀ ਬਣਾ ਕੇ ਉਸ ਦੇ ਸਾਹਮਣੇ ਲਿਆਂਦਾ ਗਿਆ। ਗ਼ੁਲਾਮ ਕਾਦਰ ਦੇ ਹੁਕਮ ਨਾਲ 10 ਅਗਸਤ 1788 ਈ. ਨੂੰ ਸ਼ਾਹ ਆਲਮ ਨੂੰ ਅੰਨ੍ਹਾ ਕਰ ਦਿੱਤਾ ਗਿਆ।
ਹੁਣ ਸਰਦਾਰ ਬਘੇਲ ਸਿੰਘ ਦੀ ਉਮਰ ਵਧਦੀ ਜਾ ਰਹੀ ਸੀ। ਉਹ ਆਪਣਾ ਬਹੁਤਾ ਸਮਾਂ ਆਪਣੀ ਰਾਜਧਾਨੀ ਛਲੌਦੀ (ਕਰਨਾਲ), ਅੰਮ੍ਰਿਤਸਰ ਅਤੇ ਹਰਿਆਣਾ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਰਹਿ ਕੇ ਬਿਤਾਉਣ ਲੱਗ ਪਿਆ। ਸਿੱਖ ਮਿਸਲਾਂ ਵਿੱਚੋਂ ਭੰਗੀ ਅਤੇ ਸ਼ੁਕਰਚੱਕੀਆ ਮਿਸਲ ਦੇ ਸਰਦਾਰਾਂ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਸਨ। ਸਰਦਾਰ ਬਘੇਲ ਸਿੰਘ ਦਾ ਇਕ ਬਜ਼ੁਰਗ ਨੇਤਾ ਵਜੋਂ ਸਾਰੇ ਸਿੱਖ ਸਰਦਾਰ ਸਤਿਕਾਰ ਕਰਦੇ ਸਨ ਅਤੇ ਉਨ੍ਹਾਂ ਕੋਲੋਂ ਅਗਵਾਈ ਲੈਂਦੇ ਸਨ। 1798 ਈ. ਵਿਚ ਜਦੋਂ ਜਾਰਜ ਥੌਮਸ ਨੇ ਜੀਂਦ ਉੱਪਰ ਹਮਲਾ ਕੀਤਾ ਤਾਂ ਸਰਦਾਰ ਬਘੇਲ ਸਿੰਘ ਆਪਣੀ ਵਡੇਰੀ ਉਮਰ ਦੇ ਬਾਵਜੂਦ ਵੀ ਜੀਂਦ ਦੇ ਰਾਜੇ ਦੀ ਮੱਦਦ ਲਈ ਪਹੁੰਚ ਗਿਆ। ਇਸੇ ਤਰ੍ਹਾਂ ਜਦੋਂ ਜਾਰਜ ਥੌਮਸ ਨੇ ਪਟਿਆਲੇ ਦੁਆਲੇ ਘੇਰਾ ਪਾ ਲਿਆ ਤਾਂ ਰਾਣੀ ਸਾਹਿਬ ਕੌਰ ਦੀ ਬੇਨਤੀ ’ਤੇ ਸਰਦਾਰ ਬਘੇਲ ਸਿੰਘ ਆਪਣੇ ਸਾਥੀ ਭਾਗ ਸਿੰਘ ਨੂੰ ਨਾਲ ਲੈ ਕੇ ਉਨ੍ਹਾਂ ਦੀ ਮਦਦ ਲਈ ਆ ਗਿਆ। ਉਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਸੀ ਕਿ ਕੋਈ ਹੋਰ ਤਾਕਤ ਸਿੱਖ ਰਿਆਸਤਾਂ ਨੂੰ ਦਬਾ ਕੇ ਉਨ੍ਹਾਂ ’ਤੇ ਕਬਜ਼ਾ ਕਰ ਲਵੇ। ਸਮੇਂ ਸਿਰ ਪਹੁੰਚੀ ਮਦਦ ਕਾਰਨ ਜਾਰਜ ਥੌਮਸ ਨੂੰ ਪਟਿਆਲੇ ਦਾ ਘੇਰਾ ਚੁੱਕਣਾ ਪੈ ਗਿਆ।
ਦੇਹਾਂਤ
ਸੰਨ 1800 ਈ. ਵਿਚ ਸਰਦਾਰ ਬਘੇਲ ਸਿੰਘ ਸ੍ਰੀ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਦਰਸ਼ਨ ਕਰਨ ਲਈ ਗਿਆ। ਸਰਦਾਰ ਬਘੇਲ ਸਿੰਘ ਦਾ ਦੇਹਾਂਤ 1802 ਈ. ਵਿਚ ਹੋਇਆ। ਉਨ੍ਹਾਂ ਦੀ ਯਾਦਗਾਰ ਹਰਿਆਣਾ (ਜ਼ਿਲ੍ਹਾ ਹੁਸ਼ਿਆਰਪੁਰ) ਵਿਚ ਹੈ। ਭਾਈ ਕਾਹਨ ਸਿੰਘ ਨਾਭਾ ਉਨ੍ਹਾਂ ਦਾ ਦੇਹਾਂਤ ਅੰਮ੍ਰਿਤਸਰ ਵਿਖੇ ਹੋਇਆ ਲਿਖਦੇ ਹਨ। ਇਸ ਮਹਾਨ ਯੋਧੇ ਦੀ ਯਾਦ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਗੁਰਦੁਆਰਾ ਬੰਗਲਾ ਸਾਹਿਬ ਵਿਖੇ ‘ਬਾਬਾ ਬਘੇਲ ਸਿੰਘ ਅਜਾਇਬ ਘਰ’ ਸਥਾਪਤ ਹੈ ਜਿਸ ਨੂੰ ਵੇਖਣ ਲਈ ਦੇਸ਼-ਵਿਦੇਸ਼ ਤੋਂ ਸੰਗਤਾਂ ਆਉਂਦੀਆਂ ਤੇ ਉਨ੍ਹਾਂ ਪ੍ਰਤੀ ਆਪਣੀ ਕ੍ਰਿਤੱਗਤਾ ਦਾ ਪ੍ਰਗਟਾਵਾ ਕਰਦੀਆਂ ਹਨ।
ਲੇਖਕ ਬਾਰੇ
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/July 1, 2007
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/September 1, 2007
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/April 1, 2009
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/October 1, 2009
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/July 1, 2010
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/