ਭਿੰਨ-ਭਿੰਨ ਦੇਸ਼ਾਂ ਦੀਆਂ ਕਹਾਣੀਆਂ/ਲੋਕ ਕਹਾਣੀਆਂ ਜਾਂ ਸਾਹਿਤ ਵਿਚ ਕੁਝ ਸਾਂਝੀਆਂ ਰੂੜੀਆਂ ਕਾਰਜਸ਼ੀਲ ਹੁੰਦੀਆਂ ਹਨ। ਹਰ ਇਕ ਕਥਾ ਕਈ ਛੋਟੇ-ਛੋਟੇ ਤੱਤਾਂ ਦੀ ਬਣੀ ਹੁੰਦੀ ਹੈ, ਉਨ੍ਹਾਂ ਵਿੱਚੋਂ ਕੁਝ ਤੱਤ ਬਾਰ-ਬਾਰ ਦੁਹਰਾਏ ਹੋਏ ਮਿਲਦੇ ਹਨ। ਕਥਾ ਦੇ ਅਜਿਹੇ ਸਾਂਝੇ ਤੱਤਾਂ ਨੂੰ ਕਥਾਨਕ ਰੂੜੀ ਕਿਹਾ ਜਾਂਦਾ ਹੈ। ਇਹ ਤੱਤ ਸੰਸਾਰ ਦੇ ਅਨੇਕਾਂ ਦੇਸ਼ਾਂ ਦੀਆਂ ਪ੍ਰਚਲਿਤ ਲੋਕ-ਕਥਾਵਾਂ ਦੇ ਤੱਤਾਂ ਨਾਲ ਮੇਲ ਖਾਂਦੇ ਹਨ।
‘ਕਥਾਨਕ ਰੂੜੀ’ ਲਈ ਅੰਗਰੇਜ਼ੀ ਦਾ ਸਮਾਨਾਰਥਕ ਸ਼ਬਦ ‘ਮੋਟਿਫ’ (Mo-tif) ਹੈ। ਮੋਟਿਫ ਤੋਂ ਭਾਵ ਕਿਸੇ ਕਥਾ ਜਾਂ ਬਹੁਤੀਆਂ ਕਥਾਵਾਂ ਦਾ ਕੋਈ ਇਕ ਅੰਗ ਜਾਂ ਇਕ ਤੱਥ। ਇਸ ਨੂੰ ਇਕ ਸੰਕਲਪ, ਇਕ ਘਟਨਾ, ਇਕ ਲੱਛਣ, ਇਕ ਸ਼ਕਤੀ, ਇਕ ਵਾਰਤਾ, ਇਕ ਜੀਵ ਜਾਂ ਇਕ ਵਸਤੂ ਵੀ ਮੰਨਿਆ ਗਿਆ ਹੈ। ‘ਮੋਟਿਫ’ ਸ਼ਬਦ ਆਪਣੇ ਆਪ ਵਿਚ ਵਿਸ਼ਾਲ ਅਰਥ-ਖੇਤਰ ਨਾਲ ਸੰਬੰਧਿਤ ਹੈ।1 ਕਿਉਂਕਿ ਸਾਹਿਤ ਕਲਾ ਅਤੇ ਜੀਵਨ ਦੇ ਹੋਰ ਦੂਸਰੇ ਖੇਤਰਾਂ ਵਿਚ ਵੀ ਇਸ ਦੀ ਵਰਤੋਂ ਵਿਲੱਖਣ ਪ੍ਰਸੰਗ ਵਿਚ ਦੇਖੀ ਜਾ ਸਕਦੀ ਹੈ।
ਬਿਰਤਾਂਤ ਜਾਂ ਗਲਪ ਦੇ ਛੋਟੇ ਤੋਂ ਛੋਟੇ ਯੂਨਿਟਾਂ ਨੂੰ ‘ਮੋਟਿਫ’ ਕਿਹਾ ਜਾਂਦਾ ਹੈ। ਕਹਾਣੀ ਦਾ ਅਰਥ ਹੀ ਮੋਟਿਫਾਂ ਦੀ ਕਾਰਨ-ਕ੍ਰਮ ਅਨੁਸਾਰ ਲੜੀ ਦਾ ਜੋੜ ਅਤੇ ਪਲਾਟ ਦਾ ਅਰਥ ਇਨ੍ਹਾਂ ਮੋਟਿਫਾਂ ਦੇ ਕ੍ਰਮ ਦਾ ਜੋੜ ਹੈ ਜੋ ਥੀਮ ਨੂੰ ਵਿਕਸਿਤ ਕਰਦਾ ਹੈ। ਪਲਾਟ ਦਾ ਸੁਹਜਾਤਮਕ ਕਾਰਜ ਇਨ੍ਹਾਂ ਮੋਟਿਫਾਂ ਦੀ ਵਿਵਸਥਾ ਹੈ, ਜਿਸ ਨਾਲ ਪਾਠਕਾਂ ਵਿਚ ਖਿੱਚ ਪੈਦਾ ਕੀਤੀ ਜਾ ਸਕੇ। ਇਸ ਤਰ੍ਹਾਂ ਮੋਟਿਫ (ਕਥਾਨਕ ਰੂੜੀ) ਇਕ ਸ਼ਬਦ ਜਾਂ ਵਿਚਾਰ-ਪ੍ਰਣਾਲੀ ਹੈ ਜੋ ਕਿਸੇ ਇਕ ਕਿਰਤ ਵਿਚ ਜਾਂ ਕਿਸੇ ਇਕ ਰੂਪਾਕਾਰ ਦੀਆਂ ਵੱਖ-ਵੱਖ ਕਿਰਤਾਂ ਵਿਚ ਇੱਕੋ ਜਿਹੀ ਪਰਸਥਿਤੀ ਅੰਦਰ ਜਾਂ ਇੱਕੋ ਜਿਹੀ ਭਾਵ-ਅਵਸਥਾ ਪੈਦਾ ਕਰਨ ਲਈ ਦੁਹਰਾਈ ਜਾਂਦੀ ਹੈ।2
‘ਵਾਰ’ ਮੱਧਕਾਲੀਨ ਪੰਜਾਬੀ ਸਾਹਿਤ ਦਾ ਇਕ ਪ੍ਰਮੁੱਖ ਕਾਵਿ-ਰੂਪ ਹੈ ਅਤੇ ਇਹ ਪੰਜਾਬੀ ਦਾ ਆਪਣਾ ਕਾਵਿ-ਰੂਪ ਹੈ। ਇਸ ਦੀ ਸਿਰਜਣਾ ਦਾ ਆਧਾਰ ਲੋਕ-ਰੂੜੀ ਹੈ। ਪੁਰਾਣੇ ਸਮਿਆਂ ਵਿਚ ਪੰਜਾਬ ਦੇ ਜਵਾਨ ਜਦੋਂ ਜੰਗ ਦੇ ਮੈਦਾਨ ਵਿਚ ਜਾਣ ਲਈ ਤਿਆਰ ਹੁੰਦੇ ਸਨ ਤਾਂ ਉਨ੍ਹਾਂ ਦੀਆਂ ਮਾਵਾਂ ਉਨ੍ਹਾਂ ਦੀਆਂ ਬਲਾਵਾਂ ਆਪਣੇ ਸਿਰ ਲੈਣ ਲਈ ਸਿਰਵਾਰਨੇ ਕਰਦੀਆਂ ਸਨ। ਵਾਰਨੇ ਕਰਨ ਵੇਲੇ ਯੁੱਧ ਜਾ ਰਹੇ ਜਵਾਨ ਦੀ ਉਸਤਤਿ ਵਿਚ ਗਾਏ ਜਾਂਦੇ ਗੀਤਾਂ ਨੂੰ ਬਾਅਦ ਵਿਚ ‘ਵਾਰ’ ਕਿਹਾ ਜਾਣ ਲੱਗ ਪਿਆ। ਬਾਅਦ ਵਿਚ ਜੰਗਾਂ-ਯੁੱਧਾਂ ’ਤੇ ਜਾਣ ਦਾ ਸਰੂਪ ਬਦਲ ਗਿਆ ਤੇ ਵਾਰ ਦੇ ਮੁੱਖ ਲੱਛਣ ਕਿਸੇ ਯੋਧੇ, ਨਾਇਕ ਜਾਂ ਕਿਸੇ ਧਾਰਮਿਕ ਪੁਰਸ਼ ਦੀ ਵਡਿਆਈ ਜਾਂ ਉਸਤਤਿ ਕਰਨਾ ਬਣ ਗਿਆ।
ਲੋਕ-ਵਾਰਾਂ ਦੀ ਵਿਧਾ ਦੇ ਅੰਤਰਗਤ ਹੀ ਗੁਰੂ ਸਾਹਿਬਾਨ ਵੱਲੋਂ ਅਧਿਆਤਮਿਕ ਪ੍ਰਕਿਰਤੀ ਵਾਲੀਆਂ ਵਾਰਾਂ ਰਚੀਆਂ ਗਈਆਂ ਜਿਨ੍ਹਾਂ ਵਿਚ ਸ਼ਾਂਤ ਰਸ ਦੀ ਪ੍ਰਧਾਨਤਾ ਸੀ। ਭਾਈ ਗੁਰਦਾਸ ਜੀ ਦੀਆਂ ਵਾਰਾਂ ਮੁੱਖ ਰੂਪ ਵਿਚ ਗੁਰਮਤਿ ਸਿਧਾਂਤ ਦੇ ਅਨੁਕੂਲ ਹੀ ਚਲਦੀਆਂ ਹਨ। ਇਨ੍ਹਾਂ ਵਾਰਾਂ ਦਾ ਮੁੱਖ ਮਕਸਦ ਕਿਉਂਕਿ ਲੋਕਾਂ ਵਿਚ ਧਰਮ ਦਾ ਪ੍ਰਚਾਰ ਕਰਨਾ ਸੀ ਅਤੇ ਜਦੋਂ ਵੀ ਕਿਸੇ ਸਾਹਿਤਕਾਰ ਨੂੰ ਲੋਕਾਂ ਦੇ ਨੇੜੇ ਆਉਣ ਦੀ ਲੋੜ ਪੈਂਦੀ ਹੈ, ਜਦੋਂ ਵੀ ਉਸ ਨੇ ਲੋਕ-ਜੀਵਨ ਨੂੰ ਕਿਸੇ ਪ੍ਰਕਾਰ ਦਾ ਉਪਦੇਸ਼ ਦੇਣਾ ਚਾਹਿਆ ਹੈ ਤਾਂ ਉਸ ਨੇ ਆਪਣੇ ਸਾਹਿਤ ਨੂੰ ਲੋਕਧਾਰਾ ਦੇ ਤੱਤਾਂ ਨਾਲ ਭਰਪੂਰ ਕਰ ਕੇ ਲੋਕਪ੍ਰਿਯ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਲੋਕਧਾਰਾ ਦੀ ਭਰਪੂਰ ਸਮੱਗਰੀ3 ਵੇਖੀ ਜਾ ਸਕਦੀ ਹੈ। ਇਸ ਸਮੱਗਰੀ ਦੀ ਵਰਤੋਂ ਕਰਦੇ ਹੋਏ ਆਪ ਨੇ ਕਥਾਨਕ ਰੂੜੀਆਂ ਦੀ ਵਰਤੋਂ ਕੀਤੀ ਹੈ। ਆਪ ਨੇ ਆਪਣੀ ਰਚਨਾ ਲਈ ਪ੍ਰਚਲਿਤ ਲੋਕ-ਕਾਵਿ-ਰੂਪ ‘ਵਾਰ’ ਨੂੰ ਚੁਣਿਆ ਹੈ ਪਰ ਇਸ ਵਿਚ ਵੀ ਵਿਲੱਖਣਤਾ ਪੈਦਾ ਕੀਤੀ ਹੈ।
ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵਾਰ ਦਾ ਨਾਇਕ ਬਣਾ ਕੇ ਉਸ ਦੀ ਉਚਿਤਾ ਅਤੇ ਦਿੱਬਤਾ ਦਰਸਾਉਣ ਦਾ ਯਤਨ ਕੀਤਾ ਗਿਆ ਹੈ। ਰਚਨਾ ਦਾ ਇਹ ਨਾਇਕ ਇਕ ਧਰਮ ਪਰਵਰਤਕ ਇਤਿਹਾਸਕ ਪੁਰਸ਼ ਹਨ ਜੋ ਰਚਨਾਕਾਰ ਦੇ ਸਮਕਾਲ ਵਿਚ ਸਿੱਖ ਬਣ ਚੁਕੇ ਹਨ। ਇਸ ਮਿੱਥ ਨੂੰ ਪ੍ਰਸਤੁਤ ਕਰਨ ਦਾ ਉਪਰਾਲਾ ਭਾਈ ਗੁਰਦਾਸ ਦੀ ਇਹ ਰਚਨਾ ਕਰਦੀ ਹੈ।4 ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਜਿਹੇ ਚਰਿੱਤਰ ਦੀ ਉਸਾਰੀ ਲਈ ਭਾਈ ਸਾਹਿਬ ਨੇ ਕਈ ਕਥਾਨਕ ਰੂੜੀਆਂ ਦੀ ਭਰਵੀਂ ਵਰਤੋਂ ਕੀਤੀ ਹੈ।
ਭਾਰਤੀ ਸਭਿਆਚਾਰ ਦੀ ਲੋਕ-ਪ੍ਰਸਿੱਧ ਧਾਰਨਾ ਜਾਂ ਰੂੜੀ ਰਹੀ ਹੈ ਕਿ ਓਅੰਕਾਰ ਰਾਹੀਂ ਸ੍ਰਿਸ਼ਟੀ ਦੀ ਰਚਨਾ ਹੋਈ। ਇਸ ਤੋਂ ਪਹਿਲਾਂ ਚਾਰ-ਚੁਫੇਰੇ ਧੁੰਧੂਕਾਰਾ ਸੀ। ਇਹ ਧਾਰਨਾ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਵੀ ਦਰਜ ਹੈ:
ਅਰਬਦ ਨਰਬਦ ਧੁੰਧੂਕਾਰਾ॥
ਧਰਣਿ ਨ ਗਗਨਾ ਹੁਕਮੁ ਅਪਾਰਾ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥ (ਪੰਨਾ 1035)
ਇਸਲਾਮੀ ਸੰਸਕ੍ਰਿਤੀ ਅਨੁਸਾਰ ਰੱਬ ਨੂੰ ਸ੍ਰਿਸ਼ਟੀ ਰਚਨਾ ਦਾ ਫੁਰਨਾ ਫੁਰਿਆ ਅਤੇ ਉਸ ਦੇ ਇਕ ਸ਼ਬਦ ਬੋਲਣ ਨਾਲ ਹੀ ਸ੍ਰਿਸ਼ਟੀ ਪੈਦਾ ਹੋ ਗਈ। ਇਹ ਰੂੜੀ ਲੋਕ-ਵਿਸ਼ਵਾਸ ਦਾ ਅੰਗ ਬਣ ਗਈ। ਭਾਈ ਗੁਰਦਾਸ ਜੀ ਇਨ੍ਹਾਂ ਧਾਰਨਾਵਾਂ ਨੂੰ ‘ਵਾਰ’ ਦੇ ਅਰੰਭ ਵਿਚ ਉਲੀਕਦੇ ਹਨ:
ਓਅੰਕਾਰੁ ਆਕਾਰੁ ਕਰਿ ਏਕ ਕਵਾਉ ਪਸਾਉ ਪਸਾਰਾ।
ਪੰਚ ਤਤ ਪਰਵਾਣੁ ਕਰਿ ਘਟਿ ਘਟਿ ਅੰਦਰਿ ਤ੍ਰਿਭਵਣੁ ਸਾਰਾ।
ਕਾਦਰੁ ਕਿਨੇ ਨ ਲਖਿਆ ਕੁਦਰਤਿ ਸਾਜਿ ਕੀਆ ਅਵਤਾਰਾ।
ਇਕ ਦੂ ਕੁਦਰਤਿ ਲਖ ਕਰਿ ਲਖ ਬਿਅੰਤ ਅਸੰਖ ਅਪਾਰਾ। (ਪਉੜੀ 4)
ਪਰਮਾਤਮਾ ਨੇ ਪੰਜਾਂ ਤੱਤਾਂ ਅਰਥਾਤ ਹਵਾ, ਪਾਣੀ, ਅਗਨੀ, ਪ੍ਰਿਥਵੀ ਅਤੇ ਅਕਾਸ਼ ਤੋਂ ਸਰੀਰ ਦੀ ਰਚਨਾ ਕੀਤੀ। ਹਿੰਦੂ ਪਰੰਪਰਾ ਅਨੁਸਾਰ ਕਾਲ ਦੀ ਚਾਰ ਯੁੱਗਾਂ ਵਿਚ ਵੰਡ ਭਾਰਤੀ ਲੋਕਾਂ ਦੀ ਮੰਨੀ-ਪ੍ਰਮੰਨੀ ਰੂੜੀ ਹੈ। ਭਾਈ ਗੁਰਦਾਸ ਜੀ ਨੇ ਚਾਰ ਯੁੱਗ ਅਤੇ ਚਾਰ ਵਰਣਾਂ ਦੇ ਨਾਲ ਚਾਰ ਵੇਦਾਂ ਨੂੰ ਵੀ ਜੋੜਿਆ ਹੈ ਜੋ ਕਿ ਲੋਕ- ਵਿਸ਼ਵਾਸ ਦੀ ਹੀ ਇਕ ਰੂੜੀ ਹੈ।5 ਸਤਯੁਗ ਨੂੰ ਸਤ ਤੇ ਧਰਮ ਦਾ ਯੁੱਗ ਮੰਨਿਆ ਜਾਂਦਾ ਹੈ। ਪਰੰਪਰਾ ਅਨੁਸਾਰ ਹਰ ਯੁੱਗ ਵਿਚ ਵਿਸ਼ਨੂੰ ਵੱਖ-ਵੱਖ ਰੂਪ ਧਾਰ ਕੇ ਅਵਤਾਰ ਧਾਰਦਾ ਹੈ। ਭਾਈ ਗੁਰਦਾਸ ਜੀ ਨੇ ਵਿਸ਼ਨੂੰ ਦੇ ਵੱਖ-ਵੱਖ ਅਵਤਾਰਾਂ ਦਾ ਜ਼ਿਕਰ ਕੀਤਾ ਹੈ। ਗੁਰੂ ਨਾਨਕ ਸਾਹਿਬ ਨੂੰ ਕਲਯੁਗ ਦੇ ਅਵਤਾਰ ਸਿੱਧ ਕੀਤਾ ਹੈ। ਲੋਕ-ਧਾਰਨਾ ਅਨੁਸਾਰ ਜਦੋਂ ਹਰ ਪਾਸੇ ਹਨੇਰਗਰਦੀ ਛਾ ਜਾਵੇ; ਰਾਜਨੀਤਿਕ, ਧਾਰਮਿਕ ਅਤੇ ਇਖ਼ਲਾਕੀ ਗਿਰਾਵਟਾਂ ਆ ਜਾਣ ਤਾਂ ਕਿਸੇ ਦੈਵੀ-ਸ਼ਕਤੀ ਦਾ ਸੰਸਾਰ ਵਿਚ ਆਗਮਨ ਜ਼ਰੂਰੀ ਹੋ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਦਰਸਾਇਆ ਹੈ ਕਿ ਗੁਰੂ ਸਾਹਿਬ ਦਾ ਜਨਮ ਇਕ ਆਲੌਕਿਕ ਘਟਨਾ ਹੈ। ਉਹ ਦੈਵੀ-ਪੁਰਸ਼ ਅਤੇ ਕਈ ਸ਼ਕਤੀਆਂ ਦੇ ਮਾਲਕ ਹਨ। ਆਪ ਨੇ ਪਰੰਪਰਾ ਤੋਂ ਪ੍ਰਾਪਤ ਰੂੜੀਆਂ ਦਾ ਉਪਯੋਗ ਕੀਤਾ ਹੈ। ਗੁਰੂ ਸਾਹਿਬ ਦੀ ਸ਼ਖ਼ਸੀਅਤ ਦਿਗਵਿਜੇਈ ਨਾਇਕ ਤੇ ਰੱਬੀ ਅਵਤਾਰ ਦੇ ਰੂਪ ਵਿਚ ਉਭਰ ਕੇ ਪ੍ਰਗਟ ਹੁੰਦੀ ਹੈ। ਲੱਖਾਂ ਲੋਕਾਂ ਤੇ ਧੌਲ ਰੂਪੀ ਧਰਮ ਦੀ ਪੁਕਾਰ ਸੁਣ ਕੇ ਪਾਪਾਂ ਦਾ ਨਾਸ਼ ਕਰਨ ਲਈ ਮਾਤ ਲੋਕ ’ਤੇ ਆਉਂਦੇ ਹਨ:
ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ। (ਪਉੜੀ 23)
ਭਾਈ ਸਾਹਿਬ ਅਨੁਸਾਰ ਗੁਰੂ ਸਾਹਿਬ ਦੇ ਆਉਣ ਨਾਲ ਚਾਰੇ ਪਾਸੇ ਚਾਨਣ ਹੋ ਗਿਆ ਤੇ ਝੂਠ ਰੂਪੀ ਹਨੇਰਾ ਮਿਟ ਗਿਆ:
ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ। (ਪਉੜੀ 27)
ਭਾਈ ਸਾਹਿਬ ਨੇ ਗੁਰੂ ਸਾਹਿਬ ਨੂੰ ਦੈਵੀ ਲੋਕ-ਨਾਇਕ ਦੇ ਰੂਪ ਵਿਚ ਲੋਕਾਂ ਸਾਹਮਣੇ ਲਿਆਂਦਾ। ਗੁਰੂ ਜੀ ਦੈਵੀ ਨਾਇਕ ਦੇ ਰੂਪ ਵਿਚ ਅਕਾਲ ਪੁਰਖ ਪਰਮਾਤਮਾ ਤੋਂ ਦੀਖਿਆ ਲੈ ਕੇ ਕਰਮ-ਭੂਮੀ ਵਾਸਤੇ ਤਿਆਰ ਹੁੰਦੇ ਹਨ। ਗੁਰੂ ਸਾਹਿਬ ਆਪਣੇ ਇਸ ਮਨੋਰਥ ਲਈ ਬਹੁਤ ਸਮਾਂ ਉਦਾਸੀਆਂ ਕਰਦੇ ਦੂਜੇ ਧਰਮਾਂ ਦੇ ਲੋਕਾਂ ਨਾਲ ਸੰਪਰਕ ਬਣਾਉਂਦੇ ਹਨ:
ਚੜ੍ਹਿਆ ਸੋਧਣਿ ਧਰਤ ਲੁਕਾਈ॥ (ਪਉੜੀ 24)
ਗੁਰੂ ਜੀ ਦੀ ਹਰ ਥਾਂ ’ਤੇ ਵਿਜਯ ਹੁੰਦੀ ਹੈ, ਚਾਹੇ ਉਹ ਹਿੰਦੂ ਤੀਰਥ ਹਨ, ਚਾਹੇ ਜੋਗੀਆਂ ਦੇ ਮੱਠ ਜਾਂ ਬਗਦਾਦ, ਚਾਹੇ ਮੱਕਾ ਮਦੀਨਾ ਤੇ ਮੁਲਤਾਨ ਆਦਿ। ਹਰ ਥਾਂ ਗੁਰੂ ਸਾਹਿਬ ਨਾਇਕ ਵਾਂਗ ਜਿੱਤ ਪ੍ਰਾਪਤ ਕਰ ਕੇ ਪਰਤੇ ਹਨ। ਬਹੁਤ ਸਾਰੀਆਂ ਘਟਨਾਵਾਂ ਜਿਵੇਂ ਮੱਕਾ ਫੇਰਨਾ, ਅੱਖ ਦੇ ਫੇਰ ਵਿਚ ਪੀਰ ਦਸਤਗੀਰ ਦੇ ਪੁੱਤਰ ਨੂੰ ਲੱਖਾਂ ਅਕਾਸ਼ਾਂ ਅਤੇ ਪਤਾਲਾਂ ਦੇ ਦਰਸ਼ਨ ਕਰਵਾ ਕੇ ਲੋਟਾ ਪ੍ਰਸਾਦਿ ਦਾ ਭਰ ਕੇ ਲੈ ਆਉਣਾ, ਅੱਚਲ ਵਟਾਲੇ ਦੇ ਮੇਲੇ ਵਿਚ ਲੋਟੇ ਦਾ ਲੱਭਣਾ, ਸਿੱਧਾਂ ਵੱਲੋਂ ਵੱਖ-ਵੱਖ ਕਰਾਮਾਤਾਂ ਕਰਨੀਆਂ ਤੇ ਗੁਰੂ ਸਾਹਿਬ ਵੱਲੋਂ ਉਨ੍ਹਾਂ ਦਾ ਜਵਾਬ ਸਹਿਜ ਸੁਭਾਵਕ ਦੇਣਾ ਆਦਿ ਚਮਤਕਾਰੀ ਰੂੜੀਆਂ ਗੁਰੂ ਸਾਹਿਬ ਨਾਲ ਸੰਬੰਧਿਤ ਹਨ ਜੋ ਉਨ੍ਹਾਂ ਦੇ ਅਕਾਲ ਰੂਪ ਨੂੰ ਪ੍ਰਸਤੁਤ ਕਰਦੀਆਂ ਹਨ।
ਰੂਪ ਪਰਿਵਰਤਨ ਦੀਆਂ ਰੂੜੀਆਂ ਸਾਡੇ ਸਾਹਿਤ ਦੇ ਹੋਰਨਾਂ ਰੂਪਾਂ ਵਿਚ ਥੋੜ੍ਹੇ-ਬਹੁਤ ਅੰਤਰ ਨਾਲ ਮਿਲ ਜਾਂਦੀਆਂ ਹਨ। ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿਚ ਇਸ ਤਰ੍ਹਾਂ ਦੀਆਂ ਰੂੜੀਆਂ ਵਰਤੀਆਂ ਹਨ ਜਿਵੇਂ ਸਿੱਧ ਆਪਣਾ ਰੂਪ ਪਰਿਵਰਤਨ ਗੁਰੂ ਸਾਹਿਬ ’ਤੇ ਆਪਣੀ ਸ਼ਕਤੀ ਦਾ ਪ੍ਰਭਾਵ ਪਾਉਣ ਲਈ ਕਰਦੇ ਹੋਏ। ਸਿੱਧ ਬਘਿਆੜ ਦਾ ਰੂਪ ਧਾਰ ਕੇ ਚਲਿੱਤਰ ਦਿਖਾਉਂਦਾ ਹੈ, ਕੋਈ ਪੰਛੀ ਬਣ ਕੇ ਪੰਛੀਆਂ ਵਾਂਗ ਅਸਮਾਨ ਵਿਚ ਉਡਾਰੀਆਂ ਲਾਉਣ ਲੱਗਾ, ਇਕ ਫਨੀਅਰ ਨਾਗ ਬਣ ਕੇ ਫੁੰਕਾਰੇ ਮਾਰਨ ਲੱਗਾ, ਕਿਸੇ ਨੇ ਅੱਗ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ, ਭੰਗਰ ਨਾਥ ਤਾਰੇ ਤੋੜਨ ਲੱਗਦਾ ਹੈ। ਸਿੱਧਾਂ ਦੇ ਇਸ ਕਰਾਮਾਤੀ ਸਰੂਪ ਬਦਲੇ ਗੁਰੂ ਸਾਹਿਬ ਕੋਲ ਪਰਮਾਤਮਾ ਦੇ ਸੱਚੇ ਨਾਮ ਦੀ ਕਰਾਮਾਤ ਹੈ ਜੋ ਸਭ ਤੋਂ ਉੱਪਰ ਹੈ।
ਮੱਧਕਾਲੀਨ ਸਾਹਿਤ ਵਿਚ ਪੀਰਾਂ-ਫ਼ਕੀਰਾਂ ਦੀ ਮੰਨਤਾਂ ਦਾ ਜ਼ਿਕਰ ਆਮ ਮਿਲਦਾ ਹੈ। ਲੋਕ-ਮਨ ਅਜਿਹੀਆਂ ਸ਼ਕਤੀਆਂ ਵਿਚ ਵਿਸ਼ਵਾਸ ਕਰਦਾ ਆਇਆ ਹੈ, ਜਿਨ੍ਹਾਂ ਦਾ ਸੰਬੰਧ ਇਸ ਸੰਸਾਰ ਨਾਲ ਨਹੀਂ ਜਿਹੜੀਆਂ ਅਦਭੁਤ ਤੇ ਅਨੋਖੀਆਂ ਹਨ। ਪੰਜਾਂ ਪੀਰਾਂ ਦਾ ਜ਼ਿਕਰ ਸਾਡੇ ਮੱਧਕਾਲੀਨ ਸਾਹਿਤ ਵਿਚ ਆਮ ਮਿਲਦਾ ਹੈ। ਲੋਕ-ਧਰਮ ਵਿਚ ਪੰਜਾਂ ਪੀਰਾਂ ਨੂੰ ਪੂਜਿਆ ਜਾਂਦਾ ਹੈ। ਇਹ ਪੰਜ ਪੀਰ ਦੈਵੀ- ਸ਼ਕਤੀ ਦੇ ਪ੍ਰਤੀਕ ਹੋਣ ਕਰਕੇ ਸਾਡੀ ਰੂੜੀ ਹੈ ਜੋ ਨਾਇਕ ਦੀ ਮਦਦ ਲੋੜ ਵੇਲੇ ਕਰਦੇ ਹਨ। ਭਾਈ ਸਾਹਿਬ ਨੇ ‘ਪੰਜ ਪੀਰ’ ਸ਼ਬਦ ਦਾ ਉਪਯੋਗ ਪਹਿਲੇ ਪੰਜ ਗੁਰੂ ਸਾਹਿਬਾਨ ਲਈ ਕੀਤਾ ਹੈ। ਕਥਨ ਕੀਤਾ ਹੈ ਕਿ ਪੰਜ ਪਿਆਲੇ ਸਤ, ਸੰਤੋਖ, ਦਯਾ, ਧਰਮ, ਧੀਰਜ ਹਨ। ਛੇਵੇਂ ਪੀਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇਗ-ਤੇਗ ਦੀਆਂ ਦੋ ਤਲਵਾਰਾਂ ਪਹਿਨ ਕੇ ਗੁਰਗੱਦੀ ’ਤੇ ਬੈਠੇ ਹਨ।
ਸੰਖਿਆਪਰਕ ਜਾਂ ਅੰਕਾਂ ਨਾਲ ਸੰਬੰਧਿਤ ਰੂੜੀਆਂ ਦਾ ਵਿਸ਼ਵਾਸਪਰਕ ਰੂੜੀਆਂ ਵਿਚ ਵਡਮੁੱਲਾ ਸਥਾਨ ਹੈ। ਲੋਕ-ਮਾਨਸ ਨੇ ਅੰਕੜਿਆਂ ਨਾਲ ਕਈ ਤਰ੍ਹਾਂ ਦੀਆਂ ਵਿਸ਼ਵਾਸਗਤ ਭਾਵਨਾਵਾਂ ਨੂੰ ਜੋੜਿਆ ਹੋਇਆ ਹੈ। ਭਾਈ ਗੁਰਦਾਸ ਜੀ ਦੀ ਵਾਰ ਵਿਚ ਇਸ ਕਿਸਮ ਦੀਆਂ ਰੂੜੀਆਂ ਵੀ ਹਨ। ਮਿਸਾਲ ਵਜੋਂ ਸੱਤ ਪਾਤਾਲ, ਸੱਤ ਬ੍ਰਹਿਮੰਡ, ਸੱਤ ਦੀਪ ਆਦਿ ਰਹੱਸਵਾਦੀ ਮਹੱਤਤਾ ਨੂੰ ਪੇਸ਼ ਕਰਦੀਆਂ ਰੂੜੀਆਂ ਹਨ। ਇਸੇ ਤਰ੍ਹਾਂ ‘ਨੌਂ’ ਅੰਕ ਵੀ ਪਰੰਪਰਾਗਤ ਹੈ। ਨੌਂ ਨਿਧਾਂ, ਨੌਂ ਖੰਡ, ਨੌਂ ਗ੍ਰਹਿ, ਨੌਂ ਸਿੱਧ ਆਦਿ ਰੂੜੀਆਂ ਦੀ ਵਰਤੋਂ ਵੀ ਕੀਤੀ ਗਈ ਹੈ।
ਇਸ ਪ੍ਰਕਾਰ ਭਾਈ ਗੁਰਦਾਸ ਜੀ ਦੁਆਰਾ ਜੋ ਕਥਾਨਕ ਰੂੜੀਆਂ ਦੀ ਵਰਤੋਂ ਕੀਤੀ ਹੈ ਉਨ੍ਹਾਂ ਦਾ ਹਵਾਲਾ ਸਾਨੂੰ ਪੌਰਾਣਿਕ ਸਾਹਿਤ, ਲੋਕ ਸਾਹਿਤ, ਲੋਕ-ਕਥਾਵਾਂ ਵਿੱਚੋਂ ਆਮ ਮਿਲਦਾ ਹੈ। ਇਨ੍ਹਾਂ ਦੀ ਵਰਤੋਂ ਭਾਈ ਗੁਰਦਾਸ ਜੀ ਨੇ ਜ਼ਿਆਦਾਤਰ ਗੁਰੂ ਨਾਨਕ ਸਾਹਿਬ ਦੇ ਸਰੂਪ ਤੇ ਸ਼ਖ਼ਸੀਅਤ ਨੂੰ ਉਭਾਰਨ ਲਈ ਕੀਤੀ ਹੈ।
ਹਵਾਲੇ ਤੇ ਟਿੱਪਣੀਆਂ:
1. Motif Index of North American Tals, P. XI
2. J.T. Shipley, Dictionary of World literary Terms, P. 204.
3. ਡਾ. ਰਵਿੰਦਰ ਭ੍ਰਮਰ, ਹਿੰਦੀ ਭਕਤੀ ਸਾਹਿਤਯ ਮੇਂ ਲੋਕ ਤਤ੍ਵ, ਪੰਨਾ 9.
4. ਡਾ. ਜਗਬੀਰ ਸਿੰਘ, ਭਾਈ ਗੁਰਦਾਸ ਦੀ ਪਹਿਲੀ ਵਾਰ: ਲੋਕਯਾਨਿਕ ਅਧਿਐਨ, ਲੋਕ ਪਰੰਪਰਾ ਅਤੇ ਸਾਹਿਤ, ਪੰਨਾ 72
5. ਉਹੀ, ਪੰਨਾ 74.
ਲੇਖਕ ਬਾਰੇ
ਸਪੁੱਤਰੀ ਸ. ਸੰਤੋਖ ਸਿੰਘ, ਪਿੰਡ ਤੇ ਡਾਕ: ਕਾਲਾ ਘਨੂਪੁਰ, ਨਜ਼ਦੀਕ ਛੇਹਰਟਾ, ਅੰਮ੍ਰਿਤਸਰ
- ਹੋਰ ਲੇਖ ਉਪਲੱਭਧ ਨਹੀਂ ਹਨ