editor@sikharchives.org

ਸ੍ਰੀ ਸਾਹਿਬਾਂ ਦਸਵੇਂ ਪਾਤਸ਼ਾਹ ਦੀਆਂ

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਅਨੇਕਾਂ ਸ੍ਰੀ ਸਾਹਿਬਾਂ, ਸ਼ਮਸ਼ੀਰਾਂ, ਕਿਰਪਾਨਾਂ, ਕਰਦਾਂ, ਤੇਗੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅਤੇ ਅਨੇਕਾਂ ਗੁਰਸਿੱਖਾਂ ਕੋਲ ਮੌਜੂਦ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਅਨੇਕਾਂ ਪਵਿੱਤਰ ਵਸਤਾਂ ਦੇ ਨਾਲ ਗੁਰੂ ਸਾਹਿਬ ਦੀਆਂ ਸ੍ਰੀ ਸਾਹਿਬਾਂ/ਕਿਰਪਾਨਾਂ/ਸ਼ਮਸ਼ੀਰਾਂ/ਕਰਦਾਂ ਵੱਖ-ਵੱਖ ਥਾਵਾਂ ’ਤੇ ਸੁਰੱਖਿਅਤ ਹਨ ਅਤੇ ਅਨੇਕਾਂ ਗੁਰਸਿੱਖ ਦਰਸ਼ਨ-ਦੀਦਾਰੇ ਕਰ ਕੇ ਦਿਲਾਂ ਨੂੰ ਆਬਸ਼ਾਰ ਕਰਦੇ ਹਨ।

‘ਸ੍ਰੀ ਸਾਹਿਬ’ ਅਤੇ ‘ਕਿਰਪਾਨ’ ਦੀ ਪਰਿਭਾਸ਼ਾ ਬਿਆਨ ਕਰਦਿਆਂ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ, “ਖੜਗ, ਕ੍ਰਿਪਾਣ, ਲੱਛਮੀ ਦਾ ਪਤਿ ਖੜਗ ਨੂੰ ਮੰਨ ਕੇ ਇਹ ਨਾਉਂ ਦਸ਼ਮੇਸ਼ ਨੇ ਰੱਖਿਆ ਹੈ। ਕਿਰਪਾਨ ਬਾਰੇ ‘ਜੋ ਕ੍ਰਿਪਾ ਨੂੰ ਫੈਂਕ ਦੇਵੇ, ਜਿਸ ਦਾ ਚਲਾਉਣ ਵੇਲੇ ਰਹਿਮ ਨਾ ਆਵੇ, ਸ੍ਰੀ ਸਾਹਿਬ, ਸ਼ਮਸ਼ੇਰ ਸਿੰਘਾਂ ਦਾ ਦੂਜਾ ਕਕਾਰ ਹੈ, ਜੋ ਅੰਮ੍ਰਿਤਧਾਰੀ ਨੂੰ ਪਹਿਰਣਾ ਵਿਧਾਨ ਹੈ।” (ਮਹਾਨ ਕੋਸ਼, ਸਫ਼ਾ 251, 359)

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਅਨੇਕਾਂ ਸ੍ਰੀ ਸਾਹਿਬਾਂ, ਸ਼ਮਸ਼ੀਰਾਂ, ਕਿਰਪਾਨਾਂ, ਕਰਦਾਂ, ਤੇਗੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅਤੇ ਅਨੇਕਾਂ ਗੁਰਸਿੱਖਾਂ ਕੋਲ ਮੌਜੂਦ ਹਨ। ਇਨ੍ਹਾਂ ਸ੍ਰੀ ਸਾਹਿਬਾਂ ਦਾ ਜ਼ਿਕਰ ਯਕੇ-ਬਾਅਦ ਦੀਗੇਰ ਅਸੀਂ ਇਥੇ ਕਰਾਂਗੇ ਤਾਂ ਜੋ ਪਾਠਕਾਂ ਨੂੰ ਇਨ੍ਹਾਂ ਬਾਰੇ ਜਾਣਕਾਰੀ ਹੋ ਸਕੇ।

1. ਸ੍ਰੀ ਸਾਹਿਬ : ਇਹ ਛੋਟੀ ਕਿਰਪਾਨ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇਕ ਸਿੱਖ ਨੇ ਭੇਟ ਕੀਤੀ ਸੀ, ਇਹ ਅੱਜਕਲ੍ਹ ਤਖ਼ਤ ਸ੍ਰੀ ਪਟਨਾ ਸਾਹਿਬ, ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਬਿਹਾਰ ਵਿਚ ਸੁਸ਼ੋਭਿਤ ਹੈ।

2. ਸ੍ਰੀ ਸਾਹਿਬ : ਇਹ ਵੱਡੀ ਕਿਰਪਾਨ ਗੁਰੂ ਸਾਹਿਬ ਨੂੰ ਪਟਨਾ ਨਿਵਾਸੀ ਭਾਈ ਸ਼ਿਵ ਪ੍ਰਸਾਦਿ ਨੇ ਭੇਟਾ ਕੀਤੀ ਸੀ। ਇਹ ਸ੍ਰੀ ਸਾਹਿਬ ਵੀ ਤਖ਼ਤ ਸ੍ਰੀ ਪਟਨਾ ਸਾਹਿਬ, ਬਿਹਾਰ ਵਿਚ ਸੁਸ਼ੋਭਿਤ ਹੈ।

3. ਸ਼ਮਸ਼ੀਰ : ਇਸ ਤੇਗ ਦੀ ਲੰਬਾਈ 1 ਫੁੱਟ ਸਾਢੇ ਦਸ ਇੰਚ ਹੈ। ਇਸ ਦੀ ਮੁੱਠ ਪਤਲੀ ਅਤੇ ਅੱਧੀ ਤੇ ਬਹੁਤੀ ਚੌੜੀ ਹੈ। ਇਹ ਸ਼ਮਸ਼ੀਰ ਇੰਗਲੈਂਡ ਤੋਂ ਲਾਰਡ ਡਲਹੌਜ਼ੀ ਦੇ ਖਾਨਦਾਨ ਦੀ ਲੇਡੀ ਐਡਿਲ ਬਰਾਊਨ ਲਿੰਡਜੇ ਪਾਸੋਂ ਪ੍ਰਾਪਤ ਕਰ ਕੇ 117 ਵਰ੍ਹੇ ਬਾਅਦ ਪੰਜਾਬ ਆਈ ਸੀ। ਇਹ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਵਿਚ ਸੁਸ਼ੋਭਿਤ ਹੈ।

4. ਸ੍ਰੀ ਸਾਹਿਬ : ਇੰਗਲੈਂਡ ਲੈ ਜਾਏ ਗਏ ਸ਼ਸਤਰਾਂ ਨਾਲ ਇਕ ਸ੍ਰੀ ਸਾਹਿਬ ਵੀ ਸੀ। ਇਹ ਈਸਟ ਇੰਡੀਆ ਕੰਪਨੀ ਦੇ ਡਾਇਰੈਕਟਰ ਵੱਲੋਂ ਰਿਕਾਰਡ ਆਫ਼ਿਸ ਲੰਡਨ ਭੇਜ ਦਿੱਤੀ ਗਈ ਸੀ।

5. ਸ੍ਰੀ ਸਾਹਿਬ : ਇਹ ਸ੍ਰੀ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਹੈ।

6. ਸ੍ਰੀ ਸਾਹਿਬ : ਇਸ ਸ੍ਰੀ ਸਾਹਿਬ ’ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮੋਹਰ ਹੈ: “ਗੁਰੂ ਗੋਬਿੰਦ ਸਿੰਘ ਸਹਾਇ ਦੇਗ ਤੇਗ ਫਤਹਿ, ਕੋਈ ਦਰਸ਼ਨ ਕਰੇਗਾ, ਨਿਹਾਲ” ਉੱਕਰਿਆ ਹੋਇਆ ਹੈ। ਇਸ ਦਾ ਦਸਤਾ ਸੁਨਹਿਰੀ ਚਿੱਤਰਕਾਰੀ ਵਾਲਾ ਹੈ। ਇਹ ਸ੍ਰੀ ਸਾਹਿਬ, ਕਿਲ੍ਹਾ ਮੁਬਾਰਕ ਬੁਰਜ ਬਾਬਾ ਆਲਾ ਸਿੰਘ, ਪਟਿਆਲਾ ਵਿਚ ਮੌਜੂਦ ਹੈ।

7. ਸ੍ਰੀ ਸਾਹਿਬ : ਇਸ ਦੀ ਮੁੱਠ ਹੇਠ ਇਹ ਸ਼ਬਦ ਉੱਕਰੇ ਹੋਏ ਹਨ: “ਅਕਾਲ ਸਹਾਇ ਗੁਰੂ ਗੋਬਿੰਦ ਸਿੰਘ ਜੀ”। ਇਸ ਦਾ ਦਸਤਾ ਸੁਨਹਿਰੀ ਹੈ। ਇਹ ਸ੍ਰੀ ਸਾਹਿਬ ਵੀ ਕਿਲ੍ਹਾ ਮੁਬਾਰਕ ਬੁਰਜ ਬਾਬਾ ਆਲਾ ਸਿੰਘ, ਪਟਿਆਲਾ ਵਿਚ ਮੌਜੂਦ ਹੈ।

8. ਤੇਗ : ਇਸ ਤੇਗ ਦੀ ਝਾਲ ਚਾਂਦੀ ਦੀ ਹੈ ਅਤੇ ਕਬਜ਼ਾ ਸਰਬ ਲੋਹ ਦਾ ਹੈ। ਇਹ ਤੇਗ ਵੀ ਕਿਲ੍ਹਾ ਮੁਬਾਰਕ ਪਟਿਆਲਾ ਵਿਚ ਹੈ।

9. ਸ੍ਰੀ ਸਾਹਿਬ : ਇਹ ਤਲਵਾਰ ਫੌਲਾਦੀ ਹੈ ਅਤੇ ਇਸ ’ਤੇ ਚੰਦਰਮਾ ਤੇ ਖੰਡੇ ਦੇ ਨਿਸ਼ਾਨ ਹਨ। ਇਹ ਕਿਲ੍ਹਾ ਮੁਬਾਰਕ ਪਟਿਆਲਾ ਵਿਚ ਹੈ।

10. ਸ੍ਰੀ ਸਾਹਿਬ : ਇਹ ਸ਼ਿਕਾਰਗਾਹ ਹੈ। ਇਸ ’ਤੇ ਇਹ ਸ਼ਬਦ ਉੱਕਰੇ ਹੋਏ ਹਨ: “ਭਗੌਤੀ ਸਹਾਇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ 10”। ਇਸ ਦੇ ਦਸਤੇ ਉੱਤੇ ਸੁਨਹਿਰੀ ਝਾਲ ਹੈ। ਫਲ ਉੱਤੇ ਜੰਗਲੀ ਜਾਨਵਰਾਂ ਦੇ ਚਿੱਤਰ ਉੱਕਰੇ ਹੋਏ ਹਨ। ਇਹ ਸ੍ਰੀ ਸਾਹਿਬਾਂ (ਨੰਬਰ 8, 9, ਅਤੇ 10) ਗੁਰੂ ਸਾਹਿਬ ਨੇ ਭਾਈ ਤਿਲੋਕਾ ਅਤੇ ਭਾਈ ਰਾਮਾ ਨੂੰ ‘ਖੰਡੇ ਦੀ ਪਾਹੁਲ’ ਲੈਣ ਉਪਰੰਤ ਬਖਸ਼ਿਸ਼ ਕੀਤੇ ਸਨ। ਇਹ ਅੱਜਕਲ੍ਹ ਨਵੇਂ ਮੋਤੀ ਮਹੱਲ, ਪਟਿਆਲਾ ਵਿਖੇ ਮੌਜੂਦ ਹਨ।

11. ਸ੍ਰੀ ਸਾਹਿਬ : ਇਸ ਸ੍ਰੀ ਸਾਹਿਬ ਦੇ ਕਬਜ਼ੇ ’ਤੇ ਸੁਨਹਿਰੀ ਨਿਸ਼ਾਨ ਹਨ। ਇਹ ਦਸਵੇਂ ਪਾਤਸ਼ਾਹ ਨੇ ਦਮਦਮਾ ਸਾਹਿਬ ਤੋਂ ਦੱਖਣ ਨੂੰ ਚਾਲੇ ਪਾਉਣ ਸਮੇਂ ਬਖਸ਼ੇ ਸਨ ਜੋ ਉਨ੍ਹਾਂ ਦੇ ਖਾਨਦਾਨ ਪਾਸ ਪੀੜ੍ਹੀ-ਦਰ-ਪੀੜ੍ਹੀ ਚਲੇ ਆ ਰਹੇ ਹਨ। ਇਹ ਅੱਜਕਲ੍ਹ ਕਿਲ੍ਹਾ ਮੁਬਾਰਕ ਵਿਚ ਮੌਜੂਦ ਹੈ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਆਫ ਪਟਿਆਲਾ ਦੇ ਮਹੱਲ ਵਿਚ ਹਨ।

12. ਸ੍ਰੀ ਸਾਹਿਬ : ਇਸ ਸ੍ਰੀ ਸਾਹਿਬ ਦੀ ਸ਼ਕਲ ਖੋਖਰੀ ਵਾਂਗ ਹੈ ਅਤੇ 9 ਇੰਚ ਲੰਮੀ ਹੈ। ਇਹ ਵੀ ਕਿਲ੍ਹਾ ਮੁਬਾਰਕ ਵਿਚ ਮੌਜੂਦ ਹੈ।

13. ਸਿਰੋਹੀ : ਇਹ ਸ੍ਰੀ ਸਾਹਿਬ ਜਿਸ ਨੂੰ ‘ਸਿਰੋਹੀ’ ਲਿਖਿਆ ਗਿਆ ਹੈ, ਪਟਨਾ ਸਾਹਿਬ ਤੋਂ ਆਈ ਦੱਸੀਦੀ ਹੈ। ਇਹ ਵੀ ਕਿਲ੍ਹਾ ਮੁਬਾਰਕ, ਮਹਾਰਾਜਾ ਯਾਦਵਿੰਦਰ ਸਿੰਘ, ਪਟਿਆਲਾ ਮਹੱਲ ਵਿਚ ਮੌਜੂਦ ਹੈ।

14. ਸ੍ਰੀ ਸਾਹਿਬ : ਇਸ ਸ੍ਰੀ ਸਾਹਿਬ ਉੱਪਰ ਸੁਨਹਿਰੀ ਅੱਖਰਾਂ ਵਿਚ ਲਿਖਿਆ ਹੈ “ੴ ਵਾਹਿਗੁਰੂ ਜੀ ਕੀ ਫਤਹਿ, ਪਾਤਸ਼ਾਹੀ 10…” ਇਹ ਵੀ ਕਿਲ੍ਹਾ ਮੁਬਾਰਕ, ਪਟਿਆਲਾ ਵਿਚ ਮੌਜੂਦ ਹੈ।

15. ਤੇਗਾ : ਇਹ ਤੇਗਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਛੇਵੇਂ ਪਾਤਸ਼ਾਹ ਜੀ ਦਾ ਸੀ ਅਤੇ ਇਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਸਤ-ਛੁਹ ਪ੍ਰਾਪਤ ਹੋਈ ਹੈ। ਇਸ ਦਾ ਵਜ਼ਨ 12 ਸੇਰ ਹੈ। ਇਹ ਵੀ ਕਿਲ੍ਹਾ ਮੁਬਾਰਕ, ਪਟਿਆਲਾ ਵਿਚ ਮੌਜੂਦ ਹੈ।

16. ਕਰਦ : ਇਹ ਕਰਦ 3 ਇੰਚ ਲੰਮੀ ਹੈ। ਇਹ ਕਿਲ੍ਹਾ ਨਾਭਾ, ਪਟਿਆਲਾ ਵਿਚ ਮੌਜੂਦ ਹੈ।

17. ਸ੍ਰੀ ਸਾਹਿਬ : ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਸ੍ਰੀ ਸਾਹਿਬ ਬਾਬਾ ਤਰਲੋਕ ਸਿੰਘ ਨੂੰ ਬਖਸ਼ੀ ਸੀ। ਇਹ ਵੀ ਕਿਲ੍ਹਾ ਨਾਭਾ, ਪਟਿਆਲਾ ਵਿਚ ਮੌਜੂਦ ਹੈ।

18. ਸ੍ਰੀ ਸਾਹਿਬ : ਇਹ ਵੀ ਕਿਲ੍ਹਾ ਨਾਭਾ, ਪਟਿਆਲਾ ਵਿਚ ਮੌਜੂਦ ਹੈ।

19. ਸ੍ਰੀ ਸਾਹਿਬ : ਇਸ ਸ੍ਰੀ ਸਾਹਿਬ ਨੂੰ ਰਾਏ ਕਲ੍ਹੇ ਵਾਲੀ ਸ੍ਰੀ ਸਾਹਿਬ ਆਖਿਆ ਜਾਂਦਾ ਹੈ। ਇਹ ਵੀ ਕਿਲ੍ਹਾ ਨਾਭਾ, ਪਟਿਆਲਾ ਵਿਚ ਮੌਜੂਦ ਹੈ।

20. ਸ੍ਰੀ ਸਾਹਿਬ : ਇਸ ਦੀ ਲੰਬਾਈ 2 ਇੰਚ ਸਾਢੇ ਅੱਠ ਸੈਂਟੀਮੀਟਰ ਹੈ। ਤੋਲ ਸਵਾ ਸੇਰ ਤਿੰਨ ਤੋਲੇ ਹੈ। ਇਹ ਸ੍ਰੀ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ, ਜ਼ਿਲ੍ਹਾ ਬਠਿੰਡਾ ਵਿਚ ਮੌਜੂਦ ਹੈ।

21. ਖੜਗ : ਇਹ ਖੜਗ ਪਿੰਡ ਸਾਬੋ ਕੀ ਤਲਵੰਡੀ ਵਿਚ ਦਸਵੇਂ ਪਾਤਸ਼ਾਹ ਨੇ ਭਾਈ ਡਲ ਸਿੰਘ ਨੂੰ ਬਖਸ਼ੀ ਸੀ ਜੋ ਉਸ ਦੇ ਖਾਨਦਾਨ ਵਿੱਚੋਂ ਭਾਈ ਸ਼ਮਸ਼ੇਰ ਸਿੰਘ ਦੇ ਘਰ ਸੁਭਾਇਮਾਨ ਹੈ। ਇਸ ਦੇ ਦਰਸ਼ਨ ਜੋੜ-ਮੇਲਿਆਂ ’ਤੇ ਜਾਂ ਉਚੇਚੀ ਬੇਨਤੀ ’ਤੇ ਸਵੇਰੇ 12 ਵਜੇ ਤੋਂ ਪਹਿਲਾਂ-ਪਹਿਲਾਂ ਕਰਾਏ ਜਾਂਦੇ ਹਨ। ਅੱਜਕਲ੍ਹ ਸੇਵਾ ਮਾਤਾ ਸੁਖਦੇਵ ਕੌਰ ਧਰਮ ਪਤਨੀ ਸਵਰਗਵਾਸੀ ਸ. ਸ਼ਮਸ਼ੇਰ ਸਿੰਘ ਅਤੇ ਉਨ੍ਹਾਂ ਦੇ ਮੁਖਤਾਰ ਕਰਦੇ ਹਨ।

22. ਸ੍ਰੀ ਸਾਹਿਬ : ਇਹ ਸ੍ਰੀ ਸਾਹਿਬ ਦਸਵੇਂ ਪਾਤਸ਼ਾਹ ਨੇ ਭਾਈ ਸੁਖੀਏ ਦੇ ਪੁੱਤਰ ਨੂੰ ਬਖਸ਼ੀ ਸੀ ਜੋ ਅੱਜਕਲ੍ਹ ਭਾਈ ਸਾਹਿਬ ਭਾਈ ਅਰਦਮਨ ਸਿੰਘ ਜੀ ਬਾਗੜੀਆਂ, ਜ਼ਿਲ੍ਹਾ ਸੰਗਰੂਰ ਪਾਸ ਮੌਜੂਦ ਹੈ।

23. ਸ੍ਰੀ ਸਾਹਿਬ : ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਸ੍ਰੀ ਸਾਹਿਬ ਨੰਦੇੜ ਵਿਖੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਦੇਣ ਲੱਗਿਆਂ ਖਾਲਸਾ ਜੀ ਨੇ ਪ੍ਰਾਪਤ ਕੀਤੀ ਸੀ। ਇਸ ’ਤੇ ਸੋਨੇ ਦਾ ਕੰਮ ਹੋਇਆ ਹੈ। ਇਹ ਗੁਰਦੁਆਰਾ ਧਮਤਾਨ ਸਾਹਿਬ, ਜ਼ਿਲ੍ਹਾ ਸੰਗਰੂਰ ਵਿਚ ਮੌਜੂਦ ਹੈ।

24. ਸ੍ਰੀ ਸਾਹਿਬ : ਗੁਰੂ ਸਾਹਿਬ ਨੇ ਇਹ ਸ੍ਰੀ ਸਾਹਿਬ ਮਲੇਰਕੋਟਲਾ ਦੇ ਨਵਾਬ ਸਾਹਿਬ ਨੂੰ ਬਖਸ਼ੀ ਸੀ। ਇਹ ਸ੍ਰੀ ਸਾਹਿਬ ਅਜੇ ਤਕ ਉਨ੍ਹਾਂ ਦੇ ਖਾਨਦਾਨ ਕੋਲ ਮੌਜੂਦ ਹੈ। ਇਸ ਦੇ ਇਕ ਪਾਸੇ ਇਹ ਸ਼ਬਦ ਉਕਰੇ ਹੋਏ ਹਨ: “ੴ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਨਵਾਬ ਸ਼ੇਰ ਖਾਂ ਮਾਲੇਰੀ, ਨੂੰ ਪ੍ਰੇਮ ਦਾ ਸੰਦੇਸ਼ਾ ਰਾਏਕੋਟ” ਅਤੇ ਦੂਸਰੇ ਪਾਸੇ “ਸੰਮਤ 1762” ਲਿਖਿਆ ਹੋਇਆ ਹੈ।

25. ਸ੍ਰੀ ਸਾਹਿਬ : ਇਸ ਸ੍ਰੀ ਸਾਹਿਬ ਉੱਪਰ ਫ਼ਾਰਸੀ ਅੱਖਰਾਂ ਵਿਚ ਲਿਖਿਆ ਹੈ: “ਈਂ ਤਲਵਾਰ ਗੁਰੂ ਗੋਬਿੰਦ ਸਿੰਘ ਕੀ ਕਮਰ ਕੀ ਹੈ ਇਲਾਕਾ ਸੂਰਤ ਬੰਦ ਮੇਂ ਸੇ ਹੈ! ਮੁਹੰਮਦ ਯਾਰ”। ਇਹ ਸ੍ਰੀ ਸਾਹਿਬ ਸਰਕਾਰੀ ਪੁਸਤਕਾਲਾ ਸੰਗਰੂਰ ਵਿਚ ਹੈ।

26. ਸ੍ਰੀ ਸਾਹਿਬ : ਇਸ ਸ੍ਰੀ ਸਾਹਿਬ ’ਤੇ ਇਹ ਸ਼ਬਦ ਉਕਰੇ ਹੋਏ ਹਨ: “ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਸੰਮਤ ਸਤਾਰਾਂ ਸੋ 39”। ਇਹ ਸ੍ਰੀ ਸਾਹਿਬ ਨਾਹਨ (ਹਿਮਾਚਲ ਪ੍ਰਦੇਸ਼) ਵਿਚ ਮੌਜੂਦ ਹੈ।

27. ਕਰਦ : ਇਹ ਕਰਦ ਗੁਰੂ ਸਾਹਿਬ ਦੇ ਅੰਗੀਠੇ ਵਿੱਚੋਂ ਨਿਕਲੀ ਦੱਸੀ ਜਾਂਦੀ ਹੈ। ਇਹ ਸੁਨਹਿਰੀ ਹੈ। ਇਹ ਗੁਰਦੁਆਰਾ ਸਾਹਿਬ ਤਖ਼ਤ ਸ੍ਰੀ ਹਜ਼ੂਰ ਸਾਹਿਬ, ਅਬਿਚਲ ਨਗਰ ਵਿਚ ਸੁਸ਼ੋਭਿਤ ਹੈ।

28. ਜੜਾਉ ਵਾਲੀ ਸ੍ਰੀ ਸਾਹਿਬ : ਇਹ ਸ੍ਰੀ ਸਾਹਿਬ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਚ ਸੁਸ਼ੋਭਿਤ ਹੈ।

29. ਚੌੜਾ ਤੇਗਾ : ਇਹ ਤੇਗਾ ਵੀ ਸ੍ਰੀ ਹਜ਼ੂਰ ਸਾਹਿਬ ਵਿਚ ਮੌਜੂਦ ਹੈ।

30. ਪੰਜ ਸੁਨਹਿਰੀ ਸ੍ਰੀ ਸਾਹਿਬਾਂ : ਇਹ ਪੰਜ ਸੁਨਹਿਰੀ ਸ੍ਰੀ ਸਾਹਿਬਾਂ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਚ ਸੁਸ਼ੋਭਿਤ ਹਨ।

ਸਹਾਇਕ ਪੁਸਤਕ ਸੂਚੀ:

1. ਮਹਾਨ ਕੋਸ਼।
2. ਗੁਰਦੁਆਰਾ ਦਰਸ਼ਨ।
3. ਇਤਿਹਾਸਕ ਪੱਤਰ ਸੈਂਚੀ 1 (1949-50)।
4. The Sikh Reference Book.
5. ਗੁਰਮਤਿ ਪ੍ਰਕਾਸ਼ (1966)।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Jasbir Singh Sarna
ਸਾਬਕਾ ਅਧਿਕਾਰੀ, ਖੇਤੀਬਾੜੀ ਵਿਭਾਗ -ਵਿਖੇ: ਜੰਮੂ-ਕਸ਼ਮੀਰ ਸਰਕਾਰ

ਡਾ. ਜਸਬੀਰ ਸਿੰਘ ਸਰਨਾ, ਜੰਮੂ-ਕਸ਼ਮੀਰ ਸਰਕਾਰ, ਭਾਰਤ ਦੇ ਖੇਤੀਬਾੜੀ ਵਿਭਾਗ ਤੋਂ ਸੇਵਾ ਮੁਕਤ ਅਧਿਕਾਰੀ ਹਨ। ਅਜੋਕੇ ਸਮੇਂ ਵਿਚ ਸ੍ਰੀ ਨਗਰ ਦੇ ਵਾਸੀ, ਡਾ. ਸਰਨਾ ਜਿਥੇ ਖੇਤੀਬਾੜੀ ਵਿਸ਼ੇ ਦੇ ਮਾਹਿਰ ਹਨ, ਉਥੇ ਉਨ੍ਹਾਂ ਦਾ ਪੰਜਾਬੀ ਸਾਹਿਤ ਅਤੇ ਸਿੱਖ ਧਰਮ ਦੇ ਇਤਿਹਾਸ ਨਾਲ ਗਹਿਰਾ ਨਾਤਾ ਰਿਹਾ ਹੈ। ਪੰਜਾਬੀ ਸਾਹਿਤ ਅਤੇ ਸਿੱਖ ਚਿੰਤਨ ਦੇ ਵਿਭਿੰਨ ਪੱਖਾਂ ਦੀ ਪੜਚੋਲ ਉਨ੍ਹਾਂ ਦੇ ਜੀਵਨ ਦਾ ਅਹਿਮ ਅੰਗ ਰਹੀ ਹੈ। ਇਨ੍ਹਾਂ ਖੋਜਾਂ ਸੰਬੰਧਤ, ਉਨ੍ਹਾਂ ਦੀਆਂ ਅਨੇਕ ਰਚਨਾਵਾਂ, ਸਮੇਂ ਸਮੇਂ ਦੇਸ਼-ਵਿਦੇਸ਼ ਦੀਆਂ ਸਮਕਾਲੀ ਅਖਬਾਰਾਂ, ਮੈਗਜੀਨਾਂ ਤੇ ਖੋਜ ਪੱਤ੍ਰਿਕਾਵਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਉਨ੍ਹਾਂ ਦੀਆਂ ਹੁਣ ਤਕ 51 ਕਿਤਾਬਾਂ ਅਤੇ ਲਗਭਗ 300 ਸਾਹਿਤਕ ਲੇਖ ਛੱਪ ਚੁੱਕੇ ਹਨ।

Sant Niwas,R-11, Swarn Colony, Gole Gujral, Jammu Tawi 180002

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)