ਅੱਜ ਸਮੁੱਚਾ ਸੰਸਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਵਾਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਫ਼ਲਸਫ਼ਾ ਜਿਸ ਵਿਚ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ, ਸਾਰੇ ਜੀਵ ਇਕ ਪਰਮ ਪਿਤਾ ਪਰਮਾਤਮਾ ਦੀ ਔਲਾਦ ਹਨ। ਸਾਰਾ ਸੰਸਾਰ ਪਰਮ ਪਿਤਾ ਦੀ ਅੰਸ਼ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਇਹ ਸੰਸਾਰ ਵਰਣ-ਵੰਡ ਵਿਚ ਬੁਰੀ ਤਰ੍ਹਾਂ ਜਕੜਿਆ ਪਿਆ ਸੀ। ਇਸ ਵਰਨ-ਵੰਡ ਦੇ ਨਾਲ ਸਾਰਾ ਭਾਰਤੀ ਜਨ-ਜੀਵਨ ਪੂਰੀ ਤਰ੍ਹਾਂ ਪ੍ਰਭਾਵਤ ਸੀ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰਾਂ ਦੁਆਰਾ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਅਤੇ ਫ਼ੁਰਮਾਨ ਕੀਤਾ:
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ (ਪੰਨਾ 747)
ਗੁਰੂ ਜੀ ਨੇ ਇਸ ਗੱਲ ਨੂੰ ਦ੍ਰਿੜ੍ਹ ਕਰਵਾਇਆ ਕਿ ਮਹੱਤਤਾ ਜਨਮ ਦੀ ਨਹੀਂ ਕਿ ਕਿਸ ਦੇ ਘਰ ਵਿਚ ਹੋਇਆ ਹੈ, ਮਹੱਤਤਾ ਤਾਂ ਇਸ ਗੱਲ ਦੀ ਹੈ ਕਿ ਜੀਵ ਦਾ ਕਰਮ ਕੀ ਹੈ? ਉਸ ਦਾ ਨਿੱਤ ਦਾ ਜੀਵਨ ਕੀ ਹੈ? ਅਹਿਮੀਅਤ ਇਸ ਗੱਲ ਦੀ ਨਹੀਂ ਕਿ ਉਹ ਇਸ ਜ਼ਿੰਦਗੀ ਦੇ ਗੁਜ਼ਰ-ਬਸਰ ਲਈ ਕੀ ਕਰਦਾ ਹੈ? ਅਹਿਮੀਅਤ ਤਾਂ ਇਸ ਗੱਲ ਦੀ ਹੈ ਕਿ ਉਹ ਇਸ ਜੀਵਨ ਨੂੰ ਸੁਚੱਜੇ ਤਰੀਕੇ ਨਾਲ ਜਿਊਣ ਲਈ ਕੀ ਕਰਦਾ ਹੈ, ਉਹ ਇਸ ਜ਼ਿੰਦਗੀ ਨੂੰ ਕਿਸ ਨਜ਼ਰੀਏ ਤੋਂ ਦੇਖਦਾ ਹੈ, ਉਸ ਦਾ ਆਪਣੇ ਸਮਾਜ ਵਿਚ ਕੀ ਵਿਵਹਾਰ ਹੈ, ਉਹ ਆਪਣੀ ਭਲਾਈ ਦੇ ਨਾਲ-ਨਾਲ ਦੂਜਿਆਂ ਲਈ ਕੀ ਸੋਚਦਾ ਹੈ, ਕੀ ਉਹ ਜਾਤ-ਅਭਿਮਾਨੀ ਤਾਂ ਨਹੀਂ? ਕੀ ਉਹ ਆਪਣੀ ਅਖੌਤੀ ਉੱਚੀ ਜਾਤ ਦੇ ਗਰੂਰ ਵਿਚ ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਤਾਂ ਨਹੀਂ ਕਰਦਾ? ਜੇਕਰ ਐਸਾ ਹੈ ਤਾਂ ਉਹ ਮੂਰਖ ਹੈ, ਗਵਾਰ ਹੈ। ਭਾਵੇਂ ਉਹ ਵੇਦਾਂ ਦਾ ਗਿਆਤਾ ਮਹਾਨ ਪੰਡਤ ਹੋਵੇ, ਭਾਵੇਂ ਕਾਜ਼ੀ ਮੁੱਲਾਂ ਅਖਵਾਉਣ ਵਾਲਾ ਹੋਵੇ ਪਰ ਜੇ ਜਾਤ-ਪਾਤ ਦੇ ਅਹੰਕਾਰ ਵਿਚ ਫਸ ਗਿਆ ਤਾਂ ਮੂਰਖ ਹੈ, ਗਵਾਰ ਹੈ। ਗੁਰ-ਫ਼ੁਰਮਾਨ ਹੈ:
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥ (ਪੰਨਾ 1127)
ਜਾਤ-ਪਾਤ ਦਾ ਹੰਕਾਰ ਕਰਨਾ ਮੂਰਖਾਂ ਤੇ ਗਵਾਰਾਂ ਦਾ ਕੰਮ ਹੈ। ਸਿਆਣੇ ਮਨੁੱਖਾਂ ਦਾ ਨਹੀਂ, ਗਿਆਨੀਆਂ ਦਾ ਨਹੀਂ। ਗਿਆਨੀਆਂ ਦਾ ਕੰਮ ਹੈ ਸਾਰੀ ਲੋਕਾਈ ਨੂੰ ਇੱਕੋ ਤਰ੍ਹਾਂ ਦੇਖਣਾ, ਸਭ ਨੂੰ ਪਿਆਰ ਭਰੀ ਨਿਗਾਹ ਨਾਲ ਦੇਖਣਾ। ਪਰ ਸੰਸਾਰ ਵਿਚ ਬਹੁਤਾਤ ਇਸ ਤਰ੍ਹਾਂ ਦੀ ਸੋਚ ਵਾਲੇ ਲੋਕਾਂ ਦੀ ਹੋ ਗਈ ਜੋ ਜਾਤ ਦੇ ਹੰਕਾਰ ਵਿਚ ਚੂਰ ਸਨ। ਜਿਨ੍ਹਾਂ ਨੇ ਜਾਤ-ਪਾਤ, ਊਚ-ਨੀਚ ਦੇ ਭੇਦ-ਭਾਵ ਨੂੰ ਇੰਨੀ ਹਵਾ ਦਿੱਤੀ ਕਿ ਊਚ ਕਹਾਉਣ ਵਾਲਿਆਂ ਨੇ ਤਾਂ ਆਪਣੇ ਆਪ ਨੂੰ ਸ੍ਰੇਸ਼ਟ ਦੱਸਣਾ ਹੀ ਸੀ। ਕਥਿਤ ਨੀਚ ਵੀ ਆਪਣੇ-ਆਪ ਨੂੰ ਨੀਚ ਸਮਝ ਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਤੋਂ ਹਟ ਗਏ। ਅਮੀਰਾਂ ਦੇ, ਉੱਚੀ-ਜਾਤ ਵਾਲਿਆਂ ਦੇ, ਧਨ ਦੇ ਅਭਿਮਾਨੀਆਂ ਦੇ ਡਰ ਅੱਗੇ ਸਹਿਮ ਗਏ ਅਤੇ ਕਿਸੇ ਨਾ ਕਿਸੇ ਤਰ੍ਹਾਂ ਦੱਬੀ-ਘੁੱਟੀ ਜ਼ਿੰਦਗੀ ਜੀਉਣ ਵਿਚ ਹੀ ਪਰਮਾਤਮਾ ਦੀ ਮਰਜ਼ੀ ਸਮਝਣ ਲੱਗੇ ਅਤੇ ਅਮੀਰ ਤਬਕਾ, ਕਥਿਤ ਉੱਚ-ਜਾਤੀਏ, ਜਾਤ-ਅਭਿਮਾਨੀ ਲੋਕ ਇਨ੍ਹਾਂ ਲੋਕਾਂ ਦੀ ਮਾਨਸਿਕਤਾ ਡਿੱਗਦੀ ਵੇਖ ਕੇ ਹੱਸਦੇ। ਉਹ ਤਮਾਸ਼ਬੀਨ ਬਣ ਕੇ ਗ਼ਰੀਬਾਂ ਦੀ ਤਰਸਯੋਗ ਹਾਲਤ ’ਤੇ ਵਿਅੰਗ ਕੱਸਦੇ। ਜਾਤ-ਪਾਤ ਦਾ ਨਾਂ ਲੈ ਕੇ ਵਿਅੰਗ ਕੱਸਦੇ ਅਤੇ ਦੂਸਰੇ ਨੂੰ (ਕਥਿਤ ਨੀਚਾਂ ਨੂੰ) ਦੁਖੀ ਕਰ ਕੇ ਖ਼ੁਦ ਅਨੰਦ ਭਾਲਦੇ। ਅਨੰਦ ਮਾਣਨ ਦੀ ਕੋਸ਼ਿਸ਼ ਕਰਦੇ ਜਿਸ ਨੂੰ ਭਗਤ ਕਬੀਰ ਜੀ ਨੇ ਵੀ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈ:
ਕਬੀਰ ਮੇਰੀ ਜਾਤਿ ਕਉ ਸਭੁ ਕੋ ਹਸਨੇਹਾਰੁ॥ (ਪੰਨਾ 1364)
ਕਿਉਂਕਿ ਭਗਤ ਕਬੀਰ ਜੀ ਜੁਲਾਹਾ ਜਾਤ ਨਾਲ ਸੰਬੰਧ ਰੱਖਦੇ ਸਨ (ਜਾਤਿ ਜੁਲਾਹਾ ਮਤਿ ਕਾ ਧੀਰੁ…) ਇਸ ਲਈ ਸੁਭਾਵਕ ਸੀ ਕਿ ਅਰਾਮਪ੍ਰਸਤ ਵਿਹਲੜ ਦੂਜਿਆਂ ਦਾ ਲੁੱਟ ਕੇ ਖਾਣ ਵਾਲੇ ਜਾਤ-ਅਭਿਮਾਨੀ ਲੋਕ ਇਕ ਕਿਰਤੀ ਜੁਲਾਹੇ ਦੇ ਉੱਪਰ ਵਿਅੰਗ ਕੱਸਦੇ ਸਨ।
ਆਪ ਜੀ ਫ਼ਰਮਾਨ ਕਰਦੇ ਹਨ ਕਿ ਸਾਰੇ ਜਾਤ-ਅਭਿਮਾਨੀ ਭਾਵੇਂ ਮੇਰੀ ਜਾਤ ਉੱਪਰ ਹੱਸਦੇ ਹਨ ਪਰ ਉਨ੍ਹਾਂ ਆਖਿਆ ਕਿ ਮੈਨੂੰ ਇਸ ਗੱਲ ਦੀ ਚਿੰਤਾ ਕੋਈ ਨਹੀਂ, ਮੈਨੂੰ ਤਾਂ ਆਪਣੀ ਜਾਤ ਚੰਗੀ ਲੱਗਦੀ ਹੈ ਕਿਉਂਕਿ ਮੈਂ ਜਾਤ-ਅਭਿਮਾਨ ਦੇ ਵਿਚ ਪੈ ਕੇ ਪਰਮਾਤਮਾ ਨੂੰ ਭੁੱਲਣੋਂ ਬਚ ਗਿਆ ਅਤੇ ਮੇਰਾ ਜੀਵਨ ਉਸ ਸਿਰਜਣਹਾਰ ਨੂੰ ਜਪਦੇ ਹੋਏ ਸਿਰਜਣਹਾਰ ਦੀ ਸਿਫ਼ਤ-ਸਲਾਹ ਕਰਦੇ ਹੋਏ ਬਤੀਤ ਹੋ ਰਿਹਾ ਹੈ:
ਬਲਿਹਾਰੀ ਇਸ ਜਾਤਿ ਕਉ ਜਿਹ ਜਪਿਓ ਸਿਰਜਨਹਾਰੁ॥ (ਪੰਨਾ 1364)
ਭਾਵ ਮੇਰੀ ਜਾਤ ਨੂੰ ਲੋਕ (ਜਾਤ-ਅਭਿਮਾਨੀ) ਸਾਰੇ ਹੱਸਦੇ ਹਨ ਪਰ ਮੈਂ ਤਾਂ ਬਲਿਹਾਰੇ ਜਾਂਦਾ ਹਾਂ ਕਿਉਂਕਿ ਇਸ ਵਿਚ ਮੈਂ ਪਰਮਾਤਮਾ ਨੂੰ ਜਪਣਾ ਕੀਤਾ ਹੈ। ਇਸ ਨਾਲ ਉਨ੍ਹਾਂ ਨੇ ਜਾਤ-ਅਭਿਮਾਨੀਆਂ ਨੂੰ ਮੂੰਹ-ਤੋੜ ਜਵਾਬ ਦਿੱਤਾ। ਪਰ ਜਾਤ- ਅਭਿਮਾਨੀਆਂ ਦੇ ਅਹੰਕਾਰ ਨੂੰ ਤੋੜਨ ਲਈ ਵੱਡੇ ਪੱਧਰ ’ਤੇ ਦਲਿਤਾਂ ਨੂੰ ਉੱਚਾ ਚੁੱਕਣ ਦੀ ਜ਼ਰੂਰਤ ਸੀ, ਉਨ੍ਹਾਂ ਦੇ ਅੰਦਰੋਂ ਡਰ ਖ਼ਤਮ ਕਰਨ ਦੀ ਜ਼ਰੂਰਤ ਸੀ। ਇਹ ਸਾਰਾ ਕੰਮ ਆਸਾਨ ਨਹੀਂ ਸੀ। ਇਸ ਲਈ ਨਿਡਰ ਸੋਚ ਦੀ ਜ਼ਰੂਰਤ ਸੀ। ਜਾਤ-ਪਾਤ ਦੇ ਨਾਲ ਨਾਲ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਸਭ ਹਾਲਤਾਂ ਨੂੰ ਠੀਕ ਕਰਨ ਦੀ ਜ਼ਰੂਰਤ ਸੀ। ਇਸ ਸਮੇਂ ਇਸ ਮਨੁੱਖਤਾ ਨੂੰ ਬਚਾਉਣ ਲਈ, ਆਮ ਆਦਮੀ ਨੂੰ ਉੱਚਾ ਚੁੱਕਣ ਲਈ, ਮਨੁੱਖਤਾ ਦੇ ਰਹਿਬਰ, ਸਾਰੀ ਲੋਕਾਈ ਦੇ ਪੀਰ, ਸਭ ਦੇ ਸਾਂਝੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਜਿਨ੍ਹਾਂ ਨੇ ਬਚਪਨ ਤੋਂ ਹੀ ਧਾਰਮਿਕ ਅਤੇ ਸਮਾਜਿਕ ਕੁਰੀਤੀਆਂ ਦਾ ਡੱਟ ਕੇ ਵਿਰੋਧ ਕੀਤਾ ਅਤੇ ਮਨੁੱਖਤਾ ਦੇ ਭਲੇ ਦੀ ਗੱਲ ਕੀਤੀ ਅਤੇ ਸਾਰਿਆਂ ਨੂੰ ਇੱਕੋ ਪਰਮਾਤਮਾ ਦੀ ਅੰਸ਼ ਦੱਸਿਆ ਅਤੇ ਆਖਿਆ:
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ (ਪੰਨਾ 2)
ਸਾਰੀ ਲੋਕਾਈ ਨੂੰ ਇੱਕੋ ਦੇ ਲੜ ਲਾਇਆ ਅਤੇ ਫ਼ਰਮਾਨ ਕੀਤਾ:
ਮੇਰੇ ਮਨ ਏਕਸ ਸਿਉ ਚਿਤੁ ਲਾਇ॥
ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ॥ (ਪੰਨਾ 44)
ਭਾਵ ਕਿ ਸਾਰੇ ਜੀਵ ਪਰਮਾਤਮਾ ਦੀ ਰਚਨਾ ਹਨ। ਜਿਵੇਂ ਭਗਤ ਕਬੀਰ ਜੀ ਵੀ ਆਖਦੇ ਹਨ ਕਿ ਚਾਹੇ ਤੂੰ ਉੱਚੀ ਜਾਤ ਦਾ ਹੈਂ, ਚਾਹੇ ਨੀਵੀਂ ਦਾ, ਪਰ ਸਾਰਿਆਂ ਦੇ ਪੈਦਾ ਹੋਣ ਦਾ ਢੰਗ ਇੱਕੋ ਹੀ ਹੈ:
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥ (ਪੰਨਾ 324)
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ (ਪੰਨਾ 1349)
ਸਾਰੀ ਲੋਕਾਈ ਨੂੰ ‘ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ’ ਦਾ ਸੰਦੇਸ਼ ਦੇਣ ਦੇ ਨਾਲ-ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਕੌਮ ਨੂੰ ਪ੍ਰਯੋਗੀ ਤੌਰ ’ਤੇ ਵੀ ਅਪਣਾਇਆ ਤਾਂ ਕਿ ਜੋ ਜਾਤ-ਪਾਤ, ਊਚ-ਨੀਚ, ਛੂਤ-ਛਾਤ ਦਾ ਵਹਿਮ-ਭਰਮ ਲੋਕਾਂ ਦੇ ਮਨਾਂ ਵਿਚ ਪਿਆ ਖੜ੍ਹਾ ਸੀ, ਉਹ ਦੂਰ ਹੋ ਸਕੇ। ਇਸ ਲਈ ਲੋਕਾਈ ਨੂੰ ਇਸ ਉਪਦੇਸ਼ ਨੂੰ ਦ੍ਰਿੜ੍ਹ ਕਰਵਾਉਣ ਲਈ ਆਪ ਜੀ ਨੇ ਇਕ ਅਖੌਤੀ ਮਿਰਾਸੀ ਜਾਤ ਦੇ ਭਾਈ ਮਰਦਾਨਾ ਜੀ ਨੂੰ ਧਾਰਮਿਕ ਸੰਗੀਤ ਨੂੰ ਸੁਰਜੀਤ ਕਰਨ ਲਈ ਆਪਣੇ ਨਾਲ ਲਿਆ। ਭਾਈ ਮਰਦਾਨਾ ਜੀ ਰਬਾਬ ਵਜਾਉਣ ਵਿਚ ਬਹੁਤ ਮੁਹਾਰਤ ਰੱਖਦੇ ਸਨ। ਫਿਰ ਭਾਈ ਮਰਦਾਨਾ ਜੀ ਦੀ ਰਬਾਬ ਤੇ ਬਾਬੇ ਦੇ ਸ਼ਬਦ ਨੇ ਅਜਿਹਾ ਨਜ਼ਾਰਾ ਪੇਸ਼ ਕੀਤਾ ਜਿਸ ਦਾ ਬਦਲ ਸੰਸਾਰ ਦੇ ਵਿਚ ਨਾ ਪਹਿਲਾਂ ਕਦੇ ਮਿਲਦਾ ਸੀ, ਨਾ ਹੁਣ ਮਿਲਦਾ ਹੈ ਅਤੇ ਨਾ ਹੀ ਅੱਗੋਂ ਮਿਲੇਗਾ। ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਸੰਗਤਾਂ ਨੂੰ ਦਿੱਤਾ ਅਤੇ ਜੋ ਅਨੰਦ ਸ਼ਬਦ ਦਾ ਉਨ੍ਹਾਂ ਦੀ ਰਸਨਾ ਤੋਂ ਆਉਂਦਾ ਹੈ, ਉਸ ਨੂੰ ਸਦੀਵੀ ਰੱਖਣ ਲਈ ਆਪ ਜੀ ਨੇ ਸ਼ਬਦ ਨੂੰ ਸੰਗੀਤ ਅਨੁਸਾਰ ਗਾਇਨ ਕਰਨ ਦੀ ਵਿਧੀ ਚਲਾਈ ਅਤੇ ਉਨ੍ਹਾਂ ਤੋਂ ਬਾਅਦ ਵੀ ਮਨ-ਤਨ ਕਰਕੇ ਕੀਰਤਨ ਗਾਇਨ ਕਰਨ ਵਾਲਿਆਂ ਨੂੰ ਅਤੇ ਸੁਣਨ ਵਾਲਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗਾਇਨ ਕਰਦੇ ਸਮੇਂ ਉਹੋ ਅਨੰਦ ਪ੍ਰਾਪਤ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਭਾਈ ਮਰਦਾਨਾ ਜੀ ਦੀ ਰਬਾਬ ਨੇ ਅਜਿਹੀ ਕਰਾਮਾਤ ਕੀਤੀ ਜਿਸ ਨਾਲ ਸੱਜਣ ਵਰਗੇ ਠੱਗੀਆਂ ਮਾਰਨ ਵਾਲੇ ਵਿਅਕਤੀ ਦੇ ਅੰਦਰ ਪ੍ਰਕਾਸ਼ ਹੋ ਗਿਆ ਅਤੇ ਉਹ ਭਾਈ ਸੱਜਣ ਬਣ ਗਿਆ। ਕੌਡੇ ਭੀਲ ਵਰਗੇ ਆਦਮਖੋਰ ਸ਼ਬਦ ਦੇ ਪ੍ਰਭਾਵ ਹੇਠ ਬਾਬੇ ਦੀ ਸ਼ਰਨ ਆ ਗਏ। ਜਿਨ੍ਹਾਂ ਲੋਕਾਂ ਦੀ ਕਿਤੇ ਸੁਣਵਾਈ ਨਹੀਂ ਸੀ, ਉਨ੍ਹਾਂ ਨੂੰ ਸਹਾਰਾ ਮਿਲ ਗਿਆ। ਜ਼ਿੰਦਗੀ ਨੂੰ ਸੁਚਾਰੂ ਢੰਗ ਨਾਲ ਜੀਉਣ ਦਾ ਤਰੀਕਾ ਮਿਲ ਗਿਆ। ਕੋਈ ਵੀ ਸ਼ਬਦ ਦੇ ਪ੍ਰਭਾਵ ਤੋਂ ਅਛੂਤਾ ਨਾ ਰਹਿੰਦਾ, ਜੋ ਸੁਣਦਾ ਮੰਤਰ-ਮੁਗਧ ਹੋ ਜਾਂਦਾ ਅਤੇ ਜਿਹੜਾ ਸ਼ਬਦ ’ਤੇ ਸ਼ਰਧਾ ਧਾਰਦਾ, ਸ਼ਬਦ ਨੂੰ ਹਿਰਦੇ ਵਿਚ ਵਸਾ ਲੈਂਦਾ ਉਹ ਫਿਰ ਨਿਡਰ ਅਤੇ ਸਾਫ਼-ਸੁਥਰੇ ਆਚਰਨ ਵਾਲਾ ਜੀਵਨ ਬਤੀਤ ਕਰਦਾ ਅਤੇ ਆਮ ਲੋਕਾਈ ਦੀ ਸੇਵਾ ਲਈ ਸਦਾ ਤਤਪਰ ਰਹਿੰਦਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੇ ਸੇਵਕਾਂ ਦਾ ਪੂਰਾ ਸਾਥ ਦਿੰਦੇ ਹੋਏ ਅਭਿਮਾਨੀਆਂ ਨੂੰ ਵੱਡੀਆਂ ਚੁਣੌਤੀਆਂ ਦਿੱਤੀਆਂ। ਇਸ ਦੇ ਉਨ੍ਹਾਂ ਦੀ ਬਾਣੀ ਅਤੇ ਉਨ੍ਹਾਂ ਦੇ ਜੀਵਨ ਵਿੱਚੋਂ ਕਈ ਥਾਈਂ ਸਬੂਤ ਮਿਲਦੇ ਹਨ। ਬਾਬਰ ਨੂੰ ਜਾਬਰ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਕਹਿ ਸਕਦੇ ਸਨ। ਉਨ੍ਹਾਂ ਨੇ ਜੋ ਉਪਦੇਸ਼ ਦਿੱਤੇ ਉਨ੍ਹਾਂ ਨੂੰ ਪ੍ਰਯੋਗੀ ਤੌਰ ’ਤੇ ਕਰ ਕੇ ਵਿਖਾਇਆ। ਜਦੋਂ ਐਮਨਾਬਾਦ ਵਿਚ ਗੁਰੂ ਜੀ ਨੂੰ ਮਲਿਕ ਭਾਗੋ ਸੇਠ ਨੇ ਆਪਣੇ ਘਰ ਬ੍ਰਹਮ ਭੋਜ ’ਤੇ ਬੁਲਾਇਆ ਕਿ ਬਹੁਤ ਸਾਰੇ ਰਿਸ਼ੀ-ਮੁਨੀ, ਸਾਧੂ ਤੇ ਤਪੱਸਵੀ ਇਸ ਲੰਗਰ ਨੂੰ ਛਕਣ ਲਈ ਆ ਰਹੇ ਹਨ ਤਾਂ ਉਨ੍ਹਾਂ ਨੂੰ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਤੇਰੀ ਰੋਟੀ ਵਿਚ, ਤੇਰੇ ਪਕਵਾਨਾਂ ਵਿਚ, ਤੇਰੀ ਮਾਇਆ ਵਿਚ ਗ਼ਰੀਬਾਂ ਦੀ ਰੱਤ ਮਿਲੀ ਹੋਈ ਹੈ। ਤੂੰ ਇਹ ਸਾਰੀ ਧਨ-ਦੌਲਤ ਆਮ ਲੋਕਾਂ ਦਾ, ਗ਼ਰੀਬਾਂ ਦਾ, ਮਜ਼ਲੂਮਾਂ ਦਾ ਖੂਨ ਚੂਸ ਕੇ ਭਾਵ ਗ਼ਲਤ ਢੰਗ ਨਾਲ ਉਨ੍ਹਾਂ ਪਾਸੋਂ ਖੋਹ ਕੇ ਬਣਾਈ ਹੈ ਅਤੇ ਆਖਿਆ ਕਿ ਅਜਿਹੀ ਦੌਲਤ ਵਾਲੇ ਭੋਜਨ ਛਕਣ ਦੀ ਕੋਈ ਲਾਲਸਾ ਨਹੀਂ ਜੋ ਮਿਹਨਤ ਅਤੇ ਹੱਕ ਦੀ ਕਮਾਈ ਵਾਲੀ ਨਾ ਹੋਵੇ। ਸ੍ਰੀ ਗੁਰੂ ਨਾਨਕ ਦੇਵ ਜੀ ਮਲਿਕ ਭਾਗੋ ਦੇ ਸੱਦੇ ਨੂੰ ਕਰੜੇ ਸ਼ਬਦਾਂ ਵਿਚ ਨਾ-ਮਨਜ਼ੂਰ ਕਰ ਕੇ ਇਕ ਗ਼ਰੀਬ ਕਿਰਤੀ ਭਾਈ ਲਾਲੋ ਦੇ ਘਰ ਜਾ ਬਿਰਾਜੇ। ਗੁਰੂ ਜੀ ਦਾ ਇਹ ਇਨਕਾਰ ਕੋਈ ਇਕ ਕੁਰੀਤੀ ’ਤੇ ਚੋਟ ਮਾਰਨ ਵਾਲਾ ਨਹੀਂ ਸੀ। ਇਸ ਨਾਲ ਉਨ੍ਹਾਂ ਮਲਿਕ ਭਾਗੋ ਦੇ ਭੋਜ ਨੂੰ ਇਨਕਾਰ ਕਰ ਕੇ ਗ਼ਰੀਬ ਕਿਰਤੀ ਭਾਈ ਲਾਲੋ ਦੇ ਘਰ ਜਾ ਕੇ ਜਾਤ-ਅਭਿਮਾਨੀਆਂ ਉੱਪਰ ਚੋਟ ਤਾਂ ਮਾਰੀ ਹੀ, ਨਾਲ ਹੀ ਉਨ੍ਹਾਂ ਨੇ ਅਖੌਤੀ ਸੰਤਾਂ, ਤਪੱਸਵੀਆਂ ਦੇ ਗਰੂਰ ਉੱਪਰ ਵੀ ਚੋਟ ਮਾਰੀ ਅਤੇ ਆਖਿਆ ਕਿ ਤੁਹਾਡਾ ਇਸ ਤਰ੍ਹਾਂ ਅਮੀਰਾਂ ਦੇ ਘਰੀਂ ਭੋਜਨ ਕਰਨਾ, ਸਲਾਹੁਤਾ ਕਰਨੀ, ਗ਼ਰੀਬ ਕਿਰਤੀਆਂ ਨੂੰ ਸ਼ੂਦਰ ਆਖਣਾ ਅਤੇ ਆਪਣੇ ਆਪ ਨੂੰ ਉੱਚਾ ਦੱਸਣਾ ਉਸ ਪਰਮਾਤਮਾ ਦੇ ਹੁਕਮ ਅਤੇ ਉਸ ਦੀ ਕੁਦਰਤ ਦੇ ਉਲਟ ਹੈ। ਤੁਸੀਂ ਆਪਣੇ ਆਪ ਨੂੰ ਧਰਮ-ਪ੍ਰਚਾਰਕ ਅਤੇ ਧਾਰਮਿਕ ਆਗੂ ਆਖਦੇ ਹੋ ਪਰ ਕਰ ਤੁਸੀਂ ਅਧਰਮ ਰਹੇ ਹੋ। ਲੋਕਾਈ ਨੂੰ ਜਾਤ-ਪਾਤ ਵਿਚ ਵੰਡ ਰਹੇ ਹੋ। ਉਨ੍ਹਾਂ ਸਖ਼ਤ ਸ਼ਬਦਾਂ ਵਿਚ ਫ਼ਰਮਾਨ ਕੀਤਾ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥ (ਪੰਨਾ 15)
ਭਾਵ ਕਿ ਮੈਨੂੰ ਐਸੀ ਉੱਚੀ ਜਾਤ ਜਿਸ ਕਾਰਨ ਸਮਾਜ ਕਈ ਤਰ੍ਹਾਂ ਨਾਲ ਵੰਡਿਆ ਜਾਂਦਾ ਹੈ, ਮਨਜ਼ੂਰ ਨਹੀਂ। ਮੇਰਾ ਤਾਂ ਗੁਜ਼ਰ-ਬਸਰ, ਰਹਿਣ-ਸਹਿਣ ਆਮ ਲੋਕਾਂ ਨਾਲ ਹੈ, ਜਾਤ-ਅਭਿਮਾਨੀਆਂ ਨਾਲ ਮੇਰਾ ਕੋਈ ਵਾਸਤਾ ਨਹੀਂ ਅਤੇ ਕਹਿ ਦਿੱਤਾ ਕਿ ਜਿੱਥੇ ਨੀਵਿਆਂ ਦੀ ਸਾਂਭ-ਸੰਭਾਲ ਹੁੰਦੀ ਹੈ ਉਥੇ ਤੇਰੀ ਮਿਹਰ ਰਹਿੰਦੀ ਹੈ, ਭਾਵ ਕਿ ਪਰਮਾਤਮਾ ਦੀ ਮਿਹਰ ਰਹਿੰਦੀ ਹੈ। ਆਪ ਜੀ ਨੇ ਸਪੱਸ਼ਟ ਸ਼ਬਦਾਂ ਵਿਚ ਕਹਿ ਦਿੱਤਾ ਕਿ ਜੋ ਜਾਤ-ਅਭਿਮਾਨੀ ਨੀਚ ਦੱਸਦੇ ਹਨ ਅਜਿਹੇ ਲੋਕਾਂ ਦਾ ਹਾਲ ਕੁਝ ਇਸ ਤਰ੍ਹਾਂ ਹੈ:
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ॥
ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ॥ (ਪੰਨਾ 15)
ਭਾਵ ਕਿ ਤੇਰੇ ਅੰਦਰ ਲੋਭ ਕੁੱਤਾ ਹੈ ਅਤੇ ਝੂਠ ਚੂਹੜਾ ਹੈ। ਜੋ ਤੂੰ ਲੋਕਾਈ ਨੂੰ ਠੱਗ ਕੇ ਖਾ ਰਿਹਾ ਹੈਂ, ਇਹ ਮੁਰਦਾ ਖਾਣ ਦੇ ਬਰਾਬਰ ਹੈ। ਜਾਤ-ਅਭਿਮਾਨੀਆਂ ਦੇ ਹੰਕਾਰ ’ਤੇ, ਉਨ੍ਹਾਂ ਦੇ ਦਿਲਾਂ ’ਤੇ, ਮਨਾਂ ’ਤੇ ਇਹ ਇਕ ਵੱਡੀ ਸੱਟ ਸੀ ਜੋ ਗੁਰੂ ਨਾਨਕ ਸਾਹਿਬ ਨੇ ਆਪਣੇ ਬਚਨਾਂ ਦੁਆਰਾ ਆਪਣੀ ਬਾਣੀ ਦੁਆਰਾ, ਅਤੇ ਆਪਣੇ ਨਾਲ ਆਮ ਲੋਕਾਂ ਨੂੰ ਜੋੜ ਕੇ ਮਾਰੀ ਸੀ। ਆਮ ਲੋਕਾਂ ਦੇ ਹੱਕ ਵਿਚ ਬੋਲਣਾ ਅਤੇ ਸੱਚੀ ਗੱਲ ਕਰਨਾ ਜਿਵੇਂ ਕਿ ਸਿੱਧਾਂ ਨੂੰ ਆਖ ਦਿੱਤਾ:
ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ॥ (ਪੰਨਾ 91)
ਇਹ ਗੱਲ ਸੁਣ ਕੇ ਜਾਤ-ਅਭਿਮਾਨੀਆਂ ਤੇ ਕੱਟੜਪੰਥੀਆਂ ਨੇ ਆਪ ਜੀ ਦੇ ਖ਼ਿਲਾਫ਼ ਲੋਕਾਂ ਵਿਚ ਕੂੜ-ਪ੍ਰਚਾਰ ਕਰ ਦਿੱਤਾ। ਗੁਰੂ ਜੀ ਆਪਣੀ ਬਾਣੀ ਵਿਚ ਵੀ ਫ਼ਰਮਾਉਂਦੇ ਹਨ:
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ॥ (ਪੰਨਾ 991)
ਉਨ੍ਹਾਂ ਨੇ ਆਪ ਨੂੰ ਭੂਤਨਾ ਤੇ ਬੇਤਾਲਾ ਵੀ ਆਖਿਆ ਅਤੇ ਇਹ ਪ੍ਰਚਾਰ ਕੀਤਾ ਕਿ ਇਹ ਆਦਮੀ ਜਾਂ ਤਾਂ ਪਾਗਲ ਹੈ ਜਾਂ ਪੁਰਾਤਨ ਚਲੀਆਂ ਆ ਰਹੀਆਂ ਸਮਾਜਿਕ ਰਸਮਾਂ ਦਾ ਵਿਰੋਧੀ ਹੈ ਜੋ ਇਹ ਬੇਸਿਰ-ਪੈਰ ਦੀਆਂ ਗੱਲਾਂ ਕਰਦਾ ਹੈ। ਇਹ ਸਮਾਜਿਕ ਅਤੇ ਧਾਰਮਿਕ ਦ੍ਰਿਸ਼ਟੀਕੋਣ ਤੋਂ ਸਹੀ ਨਹੀਂ ਹਨ ਪਰ ਇਹ ਇਲਜ਼ਾਮ ਅਤੇ ਵਿਰੋਧਤਾ ਸਤਿਗੁਰਾਂ ਦੇ ਇਰਾਦੇ ਨੂੰ ਡਗਮਗਾ ਨਹੀਂ ਸਕੇ। ਸਤਿਗੁਰਾਂ ਨੇ ਨਿਡਰ ਸੋਚ ਦਾ ਸਬੂਤ ਦਿੱਤਾ ਅਤੇ ਅਭਿਮਾਨੀਆਂ ਨੂੰ ਸਿੱਧੇ ਸ਼ਬਦਾਂ ਵਿਚ ਆਖਿਆ:
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥ (ਪੰਨਾ 140)
ਇਸ ਤਰ੍ਹਾਂ ਆਪ ਜੀ ਨੇ ਗ਼ਰੀਬਾਂ ਅਤੇ ਮਜ਼ਲੂਮਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਅਤੇ ਸੱਚ ਦਾ ਮਾਰਗ ਦ੍ਰਿੜ੍ਹ ਕਰਵਾਇਆ। ਉਪਦੇਸ਼ ਦਿੱਤਾ ਕਿ:
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)
ਲੇਖਕ ਬਾਰੇ
ਗੁਰਮਤਿ ਮਿਸ਼ਨਰੀ ਕਾਲਜ, ਤਲਵੰਡੀ ਸਾਬੋ (ਬਠਿੰਡਾ)।
- ਹੋਰ ਲੇਖ ਉਪਲੱਭਧ ਨਹੀਂ ਹਨ