ਸਿੱਖ ਪੰਥ ਦਾ ਇਤਿਹਾਸ ਬੜਾ ਲਾਸਾਨੀ ਹੈ। ਸਮੇਂ ਦੇ ਬੀਤਣ ਨਾਲ ਇਸ ਵਿਚ ਬਹੁਤ ਸਾਰੀਆਂ ਕਮੀਆਂ-ਕਮਜ਼ੋਰੀਆਂ ਵੀ ਆਈਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਵੱਖ-ਵੱਖ ਪੱਧਰਾਂ ’ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਨਿਰੰਤਰ ਯਤਨ ਕੀਤੇ ਜਾਂਦੇ ਰਹਿੰਦੇ ਹਨ। ਪਰ ਇਸ ਸਭ ਕੁਝ ਦੇ ਬਾਵਜੂਦ ਪੰਥ ਵਿਚ ਸੇਵਾ ਤੇ ਕੁਰਬਾਨੀ ਦਾ ਅਜਿਹਾ ਜਜ਼ਬਾ ਹੈ ਜਿਸ ਦੀ ਮਿਸਾਲ ਮਿਲਣੀ ਮੁਸ਼ਕਿਲ ਹੈ। ਜਦੋਂ ਵੀ ਸਿੱਖ ਪੰਥ ਦੀ ਲੀਡਰਸ਼ਿਪ ਨੇ ਕੋਈ ਸੁਚੱਜਾ ਤੇ ਰਚਨਾਤਮਕ ਪ੍ਰੋਗਰਾਮ ਉਲੀਕ ਕੇ ਪੰਥ ਨੂੰ ਆਵਾਜ਼ ਦਿੱਤੀ ਹੈ, ਪੰਥ ਨੇ ਸਭ ਹੱਦਾਂ-ਬੰਨੇ ਤੋੜ ਕੇ ਤਨ, ਮਨ, ਧਨ ਨਾਲ ਭਰਪੂਰ ਹੁੰਗਾਰਾ ਭਰਿਆ ਹੈ। ਅਜਿਹਾ ਹੀ ਨਜ਼ਾਰਾ ਇਸ ਵਾਰ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਦੇਖਣ ਨੂੰ ਮਿਲਿਆ ਹੈ।
ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਹੋਲੇ-ਮਹੱਲੇ ਦੇ ਅਵਸਰ ’ਤੇ 10 ਮਾਰਚ ਨੂੰ ਇਕ ਵਿਸ਼ਾਲ ਖੂਨਦਾਨ ਕੈਂਪ ਲਗਾਉਣ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਕੈਂਪ ਵਿਚ ਹਜ਼ਾਰਾਂ ਲੋਕਾਂ ਨੇ ਖੂਨਦਾਨ ਕੀਤਾ ਹੈ। ਇਸ ਤਰ੍ਹਾਂ ਇਕ ਦਿਨ ਵਿਚ ਇੰਨੇ ਵਧੇਰੇ ਲੋਕਾਂ ਵੱਲੋਂ ਖੂਨਦਾਨ ਕੀਤੇ ਜਾਣ ਕਾਰਨ ਇਸ ਕੈਂਪ ਦਾ ਨਾਂ ਗਿਨੀਜ਼ ਬੁੱਕ ਵਿਚ ਦਰਜ ਹੋਣ ਦੀਆਂ ਵੀ ਸੰਭਾਵਨਾਵਾਂ ਬਣ ਗਈਆਂ ਹਨ। ਇਹ ਕੈਂਪ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਵਿਚ ਲਾਇਆ ਗਿਆ ਸੀ। ਜੋ ਖਬਰਾਂ ਆਈਆਂ ਹਨ, ਉਨ੍ਹਾਂ ਮੁਤਾਬਿਕ ਕੈਂਪ ਦਾ ਪ੍ਰਬੰਧ ਬੜਾ ਸੁਚੱਜਾ ਸੀ। ਸਾਰੇ ਕੈਂਪ ਨੂੰ 14 ਸੈਕਟਰਾਂ ਵਿਚ ਵੰਡਿਆ ਗਿਆ ਸੀ ਅਤੇ ਹਰ ਸੈਕਟਰ ਵਿਚ 48-48 ਬੈੱਡ ਖੂਨਦਾਨ ਲਈ ਲਾਏ ਗਏ ਸਨ। ਇੱਕੋ ਸਮੇਂ 600 ਖੂਨਦਾਨੀ ਖੂਨਦਾਨ ਕਰ ਸਕਦੇ ਸਨ। 100 ਤੋਂ ਵਧੇਰੇ ਡਾਕਟਰ ਅਤੇ 3000 ਤੋਂ ਵੱਧ ਪੈਰਾ ਮੈਡੀਕਲ ਮੁਲਾਜ਼ਮ ਇਸ ਸਰਬੱਤ ਦੇ ਭਲੇ ਵਾਲੇ ਕਾਰਜ ਵਿਚ ਸਹਾਇਤਾ ਕਰਨ ਲਈ ਮੌਜੂਦ ਸਨ। ਪੰਜਾਬ ਹੀ ਨਹੀਂ ਸਗੋਂ ਦੇਸ਼ ਦੇ ਹੋਰ ਹਿੱਸਿਆਂ ਤੋਂ ਵੀ ਖੂਨਦਾਨੀ ਉਤਸ਼ਾਹ ਨਾਲ ਬੱਸਾਂ ਅਤੇ ਹੋਰ ਸਾਧਨਾਂ ਰਾਹੀਂ ਖੂਨਦਾਨ ਕਰਨ ਲਈ ਪੁੱਜੇ। ਦੇਸ਼ ਭਰ ਤੋਂ 110 ਬਲੱਡ ਬੈਂਕਾਂ ਨੂੰ ਖੂਨ ਪ੍ਰਾਪਤ ਕਰਨ ਲਈ ਬੁਲਾਇਆ ਗਿਆ ਸੀ। ਇਸ ਕਾਰਜ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਤਰਲੋਚਨ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ,ਸ. ਬਿਕਰਮ ਸਿੰਘ ਮਜੀਠੀਆ, ਸ. ਜਸਵਿੰਦਰ ਸਿੰਘ ਐਡਵੋਕੇਟ, ਸ. ਰਜਿੰਦਰ ਸਿੰਘ ਮਹਿਤਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸਟੇਟ ਬੈਂਕ ਆਫ ਪਟਿਆਲਾ ਦੀ ਅਨੰਦਪੁਰ ਸਾਹਿਬ ਸ਼ਾਖਾ ਅਤੇ ਹੋਰ ਅਨੇਕਾਂ ਸੰਗਠਨਾਂ ਅਤੇ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਯੋਗਦਾਨ ਪਾਇਆ। ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੀ ਉਚੇਚੇ ਤੌਰ ’ਤੇ ਕੈਂਪ ਵਿਚ ਖੂਨਦਾਨੀਆਂ ਨੂੰ ਉਤਸ਼ਾਹਿਤ ਕਰਨ ਲਈ ਪੁੱਜੇ।
ਇਸ ਕੈਂਪ ਦੇ ਸਫਲ ਰਹਿਣ ਨਾਲ ਪ੍ਰਬੰਧਕਾਂ ਦੇ ਹੌਸਲੇ ਵਧੇ ਹਨ। ਉਤਸ਼ਾਹ ਵਧਿਆ ਹੈ। ਇਸ ਨਾਲ ਅਨੰਦਪੁਰ ਸਾਹਿਬ ਦੇ ਹੋਲੇ-ਮਹੱਲੇ ਦੇ ਜੋੜ ਮੇਲੇ ਨੂੰ ਹੋਰ ਵਧੇਰੇ ਸਾਰਥਿਕਤਾ ਮਿਲੀ ਹੈ। ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ’ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੱਤ ਦੇ ਭਲੇ ਲਈ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਹੋਲੀ ਦੇ ਤਿਉਹਾਰ ਨੂੰ ਸਾਰਥਿਕਤਾ ਦੇਣ ਲਈ ਅਜਿਹੀਆਂ ਖੇਡਾਂ ਅਤੇ ਸ਼ਸਤਰ-ਵਿੱਦਿਆ ਦੇ ਅਭਿਆਸ ਦਾ ਸਿਲਸਿਲਾ ਸ਼ੁਰੂ ਕੀਤਾ ਜਿਨ੍ਹਾਂ ਨਾਲ ਨਾ ਕੇਵਲ ਸਰੀਰਕ ਸ਼ਕਤੀ ਵਧੇ ਸਗੋਂ ਆਪਣੀ ਸੁਰੱਖਿਆ ਖ਼ੁਦ ਕਰਨ ਲਈ ਨੌਜਵਾਨਾਂ ਵਿਚ ਸਵੈ-ਵਿਸ਼ਵਾਸ ਵੀ ਪੈਦਾ ਹੋਵੇ। ਇਸ ਧਰਤੀ ’ਤੇ ਹਜ਼ਾਰਾਂ ਲੋਕਾਂ ਵੱਲੋਂ ਹੋਲੇ-ਮਹੱਲੇ ਦੇ ਇਤਿਹਾਸਕ ਜੋੜ ਮੇਲੇ ’ਤੇ ਖੂਨਦਾਨ ਕੀਤੇ ਜਾਣ ਨਾਲ ਸਿੱਖ ਪੰਥ ਦੀ ਨਵੀਂ ਪੀੜ੍ਹੀ ਨੂੰ ਸੇਵਾ, ਸਿਮਰਨ ਤੇ ਕੁਰਬਾਨੀ ਲਈ ਲਾਜ਼ਮੀ ਤੌਰ ’ਤੇ ਨਵੀਂ ਪ੍ਰੇਰਨਾ ਮਿਲੇਗੀ।
ਇਸ ਸੰਦਰਭ ਵਿਚ ਅਸੀਂ ਸਿੱਖ ਪੰਥ ਦੀ ਧਾਰਮਿਕ ਲੀਡਰਸ਼ਿਪ ਨੂੰ ਇਹ ਅਪੀਲ ਕਰਨੀ ਚਾਹੁੰਦੇ ਹਾਂ ਕਿ ਉਹ ਪੰਥ ਤੇ ਪੰਜਾਬ ਦੇ ਭਲੇ ਲਈ ਅਜਿਹੇ ਹੀ ਹੋਰ ਰਚਨਾਤਮਿਕ ਪ੍ਰੋਗਰਾਮ ਉਲੀਕੇ, ਜਿਨ੍ਹਾਂ ਨਾਲ ਸਿੱਖ ਨੌਜਵਾਨਾਂ ਵਿੱਚੋਂ ਨਸ਼ਿਆਂ ਦਾ ਰੁਝਾਨ ਦੂਰ ਹੋਵੇ, ਪੰਜਾਬ ਵਿਚ ਰੁੱਖ ਲਾਉਣ ਲਈ ਲੋਕਾਂ ਵਿਚ ਪ੍ਰੇਰਨਾ ਪੈਦਾ ਹੋਵੇ, ਭਰੂਣ ਹੱਤਿਆ ਰੋਕੀ ਜਾ ਸਕੇ, ਜਾਤਪਾਤ ਦਾ ਖ਼ਾਤਮਾ ਕੀਤਾ ਜਾ ਸਕੇ ਅਤੇ ਸਾਦੇ ਵਿਆਹ- ਸ਼ਾਦੀਆਂ ਦਾ ਸਿਲਸਿਲਾ ਸ਼ੁਰੂ ਹੋਵੇ। ਸਿੱਖ ਸੰਸਥਾਵਾਂ ਤੋਂ ਲੋਕਾਂ ਨੂੰ ਮਿਆਰੀ ਤੇ ਸਸਤੀਆਂ ਸਿਹਤ ਤੇ ਸਿੱਖਿਆ ਸੇਵਾਵਾਂ ਪ੍ਰਾਪਤ ਹੋ ਸਕਣ। ਜੇਕਰ ਧਾਰਮਿਕ ਲੀਡਰਸ਼ਿਪ ਕਹਿਣੀ ਤੇ ਕਰਨੀ ਦੀ ਧਾਰਨੀ ਬਣ ਕੇ ਅਤੇ ਨੌਜਵਾਨਾਂ ਨੂੰ ਲਾਮਬੰਦ ਕਰ ਕੇ ਖ਼ੁਦ ਅੱਗੇ ਆਵੇ ਤਾਂ ਪੰਥ ਅਤੇ ਪੰਜਾਬ ਵਿਚ ਇਕ ਨਵੀਂ ਰੌਂਅ, ਇਕ ਨਵੀਂ ਲਹਿਰ ਧੜਕਣ ਲੱਗ ਪਵੇਗੀ। ਸਿੱਖ ਪੰਥ ਦੀ ਸਰਬੱਤ ਦੇ ਭਲੇ ਲਈ ਸੇਵਾ ਭਾਵਨਾ ਨੂੰ ਦੇਖ ਕੇ ਲੋਕ ਖ਼ੁਦ ਹੀ ਗੁਰੂ-ਡੰਮ੍ਹ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਮੂੰਹ ਮੋੜ ਲੈਣਗੇ।
ਲੋੜ ਤਾਂ ਸੁਚੱਜਾ ਪ੍ਰੋਗਰਾਮ ਲੈ ਕੇ ਲਗਨ ਨਾਲ ਤੁਰਨ ਦੀ ਹੈ। ਪੰਜਾਬ ਦੇ ਲੋਕ ਸਰਬੱਤ ਦੇ ਭਲੇ ਲਈ ਹਮੇਸ਼ਾਂ ਦੀ ਤਰ੍ਹਾਂ ਭਰਪੂਰ ਹੁੰਗਾਰਾ ਦੇਣਗੇ ਅਤੇ ਕਿਸੇ ਵੀ ਕਿਸਮ ਦੀ ਕਮੀ ਨਹੀਂ ਆਉਣ ਦੇਣਗੇ। ਇਨ੍ਹਾਂ ਸ਼ਬਦਾਂ ਨਾਲ ਅਸੀਂ ਪੰਥ ਤੇ ਪੰਜਾਬ ਦੀ, ਸੇਵਾ ਤੇ ਕੁਰਬਾਨੀ ਦੀ ਇਸ ਭਾਵਨਾ ਨੂੰ ਇਕ ਵਾਰ ਫਿਰ ਸਲਾਮ ਕਰਦੇ ਹਾਂ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ