editor@sikharchives.org

ਸਰਦਾਰ ਸੇਵਾ ਸਿੰਘ ਠੀਕਰੀਵਾਲਾ

ਸਰਦਾਰ ਠੀਕਰੀਵਾਲਾ 1911 ਵਿਚ ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਆਏ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਰਦਾਰ ਸੇਵਾ ਸਿੰਘ ਠੀਕਰੀਵਾਲਾ ਸਰਗਰਮ ਅਕਾਲੀ ਆਗੂ ਅਤੇ ਰਿਆਸਤੀ ਪਰਜਾ ਮੰਡਲ ਦੇ ਬਾਨੀਆਂ ਵਿੱਚੋਂ ਸਨ। ਆਪ ਇਕ ਮਹਾਨ ਦੇਸ਼ ਭਗਤ ਸਨ। ਆਪ ਦਾ ਜਨਮ ਪਟਿਆਲਾ ਰਿਆਸਤ ਦੇ ਪਿੰਡ ਠੀਕਰੀਵਾਲਾ ਵਿਚ ਸ. ਦੇਵਾ ਸਿੰਘ ਦੇ ਘਰ ਮਾਤਾ ਹਰ ਕੌਰ ਦੀ ਕੁੱਖੋਂ ਹੋਇਆ। ਆਪ ਨੇ ਮਿਡਲ ਤਕ ਸਕੂਲੀ ਵਿੱਦਿਆ ਪ੍ਰਾਪਤ ਕੀਤੀ। ਆਪ ਨੂੰ ਮਹਾਰਾਜਾ ਰਾਜਿੰਦਰ ਸਿੰਘ ਦਾ ਖਾਸ ਸਲਾਹਕਾਰ ਨਿਯੁਕਤ ਕੀਤਾ ਗਿਆ। 1900 ਈ. ਵਿਚ ਮਹਾਰਾਜੇ ਦੇ ਅਕਾਲ ਚਲਾਣੇ ਤੋਂ ਬਾਅਦ ਆਪ ਮਹਾਰਾਜਾ ਭੁਪਿੰਦਰ ਸਿੰਘ ਦੇ ਅਹਿਲਕਾਰ ਵੀ ਰਹੇ। 1905 ਵਿਚ ਜਦੋਂ ਇਲਾਕੇ ਵਿਚ ਪਲੇਗ ਫੈਲੀ ਤਾਂ ਆਪ ਨੇ ਇਲਾਕੇ ਦੇ ਲੋਕਾਂ ਦੀ ਅਣਥੱਕ ਸੇਵਾ ਕੀਤੀ।

ਸਰਦਾਰ ਠੀਕਰੀਵਾਲਾ 1911 ਵਿਚ ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਆਏ। 1919 ਦੇ ਜੱਲ੍ਹਿਆਂਵਾਲੇ ਬਾਗ ਦੇ ਖ਼ੂਨੀ ਸਾਕੇ ਨਾਲ ਆਪ ਦਾ ਮਨ ਕੁਰਲਾ ਉੱਠਿਆ। ਆਪ ਨੇ ਆਪਣੇ ਪਿੰਡ ਦੇ ਗੁਰਦੁਆਰੇ ਵਿਚ ਜੱਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਦੀ ਯਾਦ ਵਿਚ ਪੰਜ ਅਖੰਡ ਪਾਠ ਕਰਵਾਏ। ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਸਮੇਂ ਆਪ 20 ਸਿੰਘਾਂ ਦੇ ਜਥੇ ਸਮੇਤ ਸ੍ਰੀ ਨਨਕਾਣਾ ਸਾਹਿਬ ਪੁੱਜੇ। ਆਪ ਸੰਨ 1922 ਈ. ਵਿਚ ਮੁਕਤਸਰ ਦੇ ਮੋਰਚੇ ਵਿਚ ਭਾਗ ਲੈਣ ਲਈ ਕਈ ਮਹੀਨੇ ਮੁਕਤਸਰ ਰਹੇ।

9 ਜੁਲਾਈ, 1923 ਨੂੰ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੂੰ ਗੱਦੀਓਂ ਲਾਹ ਦਿੱਤਾ ਗਿਆ। ਸਿੱਖ ਰਿਆਸਤ ਹੋਣ ਸਦਕਾ ਸਾਰੇ ਸਿੱਖ-ਪੰਥ ਵਿਚ ਇਸ ਦੇ ਵਿਰੁੱਧ ਰੋਸ ਫੈਲਿਆ। ਮਹਾਰਾਜਾ ਰਿਪੁਦਮਨ ਸਿੰਘ ਨੂੰ ਮੁੜ ਗੱਦੀ ’ਤੇ ਬਿਠਾਉਣ ਲਈ ਅੰਦੋਲਨ ਕੀਤਾ ਗਿਆ। ਇਸ ਸਮੇਂ ਸ. ਠੀਕਰੀਵਾਲਾ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਸਨ। 12 ਅਕਤੂਬਰ, 1923 ਨੂੰ ਅੰਗਰੇਜ਼ ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਕਾਨੂੰਨ ਵਿਰੁੱਧ ਕਰਾਰ ਦੇ ਦਿੱਤਾ। ਇਸ ਸਮੇਂ ਬਹੁਤ ਸਾਰੇ ਅਕਾਲੀ ਲੀਡਰ ਗ੍ਰਿਫ਼ਤਾਰ ਕੀਤੇ ਗਏ। ਸ. ਠੀਕਰੀਵਾਲਾ ਨੂੰ ਵੀ ਮੁਕਤਸਰ ਤੋਂ ਗ੍ਰਿਫ਼ਤਾਰ ਕਰ ਕੇ ਪਟਿਆਲੇ ਭੇਜ ਦਿੱਤਾ ਗਿਆ। ਇਥੋਂ ਹੋਰ ਅਕਾਲੀ ਆਗੂਆਂ ਨਾਲ ਨਜ਼ਰਬੰਦ ਕਰਕੇ ਆਪ ਨੂੰ ਸ਼ਾਹੀ ਕਿਲ੍ਹਾ ਲਾਹੌਰ ਭੇਜ ਦਿੱਤਾ ਗਿਆ। 1923 ਤੋਂ 1926 ਤਕ ਆਪ ਲਗਾਤਾਰ ਜੇਲ੍ਹ ਵਿਚ ਰਹੇ।

27 ਸਤੰਬਰ, 1926 ਨੂੰ ਅੰਗਰੇਜ਼ ਸਰਕਾਰ ਨੇ ਸ਼੍ਰੋਮਣੀ ਕਮੇਟੀ ਦੇ ਲੀਡਰਾਂ ਦਾ ਮੁਕੱਦਮਾ ਵਾਪਸ ਲੈ ਲਿਆ। ਪਰ ਜਿਉਂ ਹੀ ਸ. ਸੇਵਾ ਸਿੰਘ ਰਿਹਾਅ ਹੋ ਕੇ ਕਿਲ੍ਹੇ ਤੋਂ ਬਾਹਰ ਆਏ ਤਾਂ ਆਪ ਨੂੰ ਰਿਆਸਤ ਪਟਿਆਲਾ ਦੀ ਪੁਲਿਸ ਵੱਲੋਂ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ। ਆਪ ਵਿਰੁੱਧ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਵਿੱਚੋਂ ਗੜਵੀ ਚੁੱਕਣ ਦਾ ਝੂਠਾ ਦੋਸ਼ ਲਾ ਕੇ ਮੁਕੱਦਮਾ ਚਲਾਇਆ ਗਿਆ। ਮੁਕੱਦਮਾ ਖਾਰਜ ਹੋਣ ਦੇ ਬਾਵਜੂਦ ਆਪ ਨੂੰ ਰਿਹਾਅ ਕਰਨ ਦੀ ਥਾਂ ਮਹਾਰਾਜਾ ਭੁਪਿੰਦਰ ਸਿੰਘ ਦੇ ਹੁਕਮਾਂ ਨਾਲ 25 ਅਕਤੂਬਰ, 1926 ਨੂੰ ਨਜ਼ਰਬੰਦ ਕਰ ਦਿੱਤਾ ਗਿਆ। ਆਪ ਦੀ ਇਸ ਨਜ਼ਰਬੰਦੀ ਵਿਰੁੱਧ ਸਾਰੇ ਪੰਜਾਬ ਵਿਚ ਰੋਹ ਜਾਗ ਪਿਆ। 25 ਅਕਤੂਬਰ, 1929 ਨੂੰ ‘ਸੇਵਾ ਸਿੰਘ ਦਿਵਸ’ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਸਰਕਾਰ ਨੇ ਕਿਸੇ ਵੱਡੀ ਗੜਬੜ ਤੋਂ ਡਰਦਿਆਂ ਆਪ ਨੂੰ 24 ਅਕਤੂਬਰ ਨੂੰ ਹੀ 45 ਸਾਥੀਆਂ ਸਮੇਤ ਰਿਹਾਅ ਕਰ ਦਿੱਤਾ।

1928 ਵਿਚ ਪਰਜਾ ਮੰਡਲ ਦੀ ਸਥਾਪਨਾ ਹੋ ਚੁੱਕੀ ਸੀ ਅਤੇ ਸਰਦਾਰ ਠੀਕਰੀਵਾਲਾ ਇਸ ਦੇ ਪ੍ਰਧਾਨ ਚੁਣੇ ਗਏ ਸਨ। ਪੰਜਾਬ ਰਿਆਸਤੀ ਪਰਜਾ ਮੰਡਲ ਵੱਲੋਂ ਰਜਵਾੜਾਸ਼ਾਹੀ ਦੇ ਖ਼ਾਤਮੇ ਲਈ ਘੋਲ ਸ਼ੁਰੂ ਕੀਤਾ ਗਿਆ। ਦਸੰਬਰ 1929 ਵਿਚ ਲਾਹੌਰ ਦੇ ਬਰੈਡਲਾ ਹਾਲ ਵਿਚ ਪੰਜਾਬ ਰਿਆਸਤੀ ਪਰਜਾ ਮੰਡਲ ਦੀ ਪਹਿਲੀ ਕਾਨਫਰੰਸ ਹੋਈ। ਅਕਤੂਬਰ 1930 ਵਿਚ ਪਰਜਾ ਮੰਡਲ ਦੀ ਦੂਸਰੀ ਕਾਨਫਰੰਸ ਲੁਧਿਆਣੇ ਵਿਖੇ ਹੋਈ। ਲੁਧਿਆਣਾ ਕਾਨਫਰੰਸ ਤੋਂ ਵਾਪਸ ਮੁੜਦਿਆਂ ਹੀ ਰਿਆਸਤੀ ਪੁਲਿਸ ਨੇ ਆਪ ਨੂੰ ਗ੍ਰਿਫ਼ਤਾਰ ਕਰ ਲਿਆ। ਆਪ ਉੱਪਰ ਮੁਕੱਦਮਾ ਚਲਾਇਆ ਗਿਆ। ਆਪ ਨੂੰ ਦਸ ਸਾਲ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਹੋਈ। ਆਪ ਨੂੰ ਪਟਿਆਲੇ ਦੀ ਜੇਲ੍ਹ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਪਰਜਾ ਮੰਡਲ ਵੱਲੋਂ ਹਾਈਕੋਰਟ ਵਿਚ ਅਪੀਲ ਕਰਨ ’ਤੇ ਆਪ ਦੀ ਸਜ਼ਾ ਪੰਜ ਸਾਲ ਅਤੇ 5000 ਰੁਪਏ ਜੁਰਮਾਨਾ ਰਹਿ ਗਈ। ਪਟਿਆਲਾ ਰਿਆਸਤ ਦੀਆਂ ਆਪ ਹੁੱਦਰੀਆਂ ਵਿਰੁੱਧ ਪਰਜਾ ਮੰਡਲ ਵੱਲੋਂ ਵਾਇਸਰਾਏ ਨੂੰ ਇਕ ਯਾਦ-ਪੱਤਰ ਦਿੱਤਾ ਗਿਆ ਜਿਸ ਵਿਚ ਮਹਾਰਾਜਾ ਭੁਪਿੰਦਰ ਸਿੰਘ ਦੇ ਜਬਰ ਦਾ ਪਰਦਾ ਫਾਸ਼ ਕੀਤਾ ਗਿਆ। ਜਦ ਸੰਨ 1931 ਵਿਚ ਮਹਾਰਾਜੇ ਨੇ ਗੋਲਮੇਜ਼ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਬੰਬਈ ਤੋਂ ਜਹਾਜ਼ ’ਤੇ ਚੜ੍ਹਨਾ ਸੀ ਤਾਂ ਪਰਜਾ ਮੰਡਲ ਦੇ ਵਰਕਰਾਂ ਨੇ ਕਾਲੀਆਂ ਝੰਡੀਆਂ ਨਾਲ ਮੁਜ਼ਾਹਰੇ ਕੀਤੇ। ਅਖੀਰ ਮਹਾਰਾਜੇ ਨੂੰ 12 ਮਾਰਚ, 1931 ਨੂੰ ਆਪ ਨੂੰ 45 ਸਾਥੀਆਂ ਸਮੇਤ ਰਿਹਾਅ ਕਰਨਾ ਪਿਆ।

ਨਵੰਬਰ 1931 ਵਿਚ ਰਿਆਸਤ ਜੀਂਦ ਦੇ ਹਾਕਮਾਂ ਦੀ ਧੱਕੇਸ਼ਾਹੀ ਵਿਰੁੱਧ ਅੰਦੋਲਨ ਸ਼ੁਰੂ ਹੋਇਆ। 5 ਨਵੰਬਰ, 1931 ਨੂੰ ਸੰਗਰੂਰ ਦੀ ਪੁਲਿਸ ਨੇ ਸ. ਸੇਵਾ ਸਿੰਘ ਨੂੰ ਫਿਰ ਗ੍ਰਿਫ਼ਤਾਰ ਕਰ ਲਿਆ। ਆਪ ਨੂੰ ਜਨਵਰੀ 1932 ਨੂੰ ਰਿਹਾਅ ਕੀਤਾ ਗਿਆ। 16 ਜੁਲਾਈ, 1932 ਨੂੰ ਆਪ ਕੁਠਾਲੇ ਦੇ ਸ਼ਹੀਦਾਂ ਦੀ ਯਾਦ ਵਿਚ ਹੋ ਰਹੇ ਸਮਾਗਮ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ। ਮਾਲੇਰਕੋਟਲਾ ਪੁਲੀਸ ਵੱਲੋਂ ਆਪ ਨੂੰ ਗ੍ਰਿਫ਼ਤਾਰ ਕੀਤਾ ਗਿਆ। 24 ਅਗਸਤ, 1933 ਨੂੰ ਆਪ ਨੂੰ ਅੰਤਮ ਵਾਰ ਗ੍ਰਿਫ਼ਤਾਰ ਕੀਤਾ ਗਿਆ। ਆਪ ਉੱਪਰ ਮਹਾਰਾਜਾ ਪਟਿਆਲਾ ਦੇ ਵਿਰੁੱਧ ਪ੍ਰਚਾਰ ਕਰਨ ਦਾ ਦੋਸ਼ ਲਾ ਕੇ ਬਰਨਾਲੇ ਵਿਚ ਮੁਕੱਦਮਾ ਚਲਾਇਆ ਗਿਆ। 11 ਜਨਵਰੀ, 1934 ਨੂੰ ਆਪ ਨੂੰ ਸੱਤ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਦਿੱਤੀ ਗਈ ਅਤੇ ਬਰਨਾਲੇ ਤੋਂ ਸੈਂਟਰਲ ਜੇਲ੍ਹ ਪਟਿਆਲੇ ਭੇਜ ਦਿੱਤਾ ਗਿਆ। ਪਟਿਆਲਾ ਜੇਲ੍ਹ ਵਿਚ ਆਪ ਨਾਲ ਬਹੁਤ ਹੀ ਭੈੜਾ ਵਿਵਹਾਰ ਕੀਤਾ ਗਿਆ। ਰੋਸ ਵਜੋਂ 18 ਅਪ੍ਰੈਲ 1934 ਨੂੰ ਆਪ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਲੰਬੀ ਭੁੱਖ ਹੜਤਾਲ ਕਾਰਨ ਆਪ ਦਾ ਭਾਰ 145 ਪੌਂਡ ਤੋਂ ਘਟ ਕੇ 80 ਪੌਂਡ ਰਹਿ ਗਿਆ। ਕਰਮਚਾਰੀ ਆਪ ਨੂੰ ਜ਼ਬਰਦਸਤੀ ਖੁਰਾਕ ਦਿੰਦੇ, ਪਰ ਆਪ ਨੇ ਆਪਣਾ ਸਿਰੜ ਨਹੀਂ ਛੱਡਿਆ। 18 ਜਨਵਰੀ, 1935 ਵਾਲੇ ਦਿਨ ਆਪ ਨੂੰ ਖੂਨ ਦੀਆਂ ਉਲਟੀਆਂ ਲੱਗ ਗਈਆਂ। ਸਰਕਾਰ ਨੇ ਲੋਕ- ਦਿਖਾਵੇ ਵਜੋਂ ਆਪ ਨੂੰ 19 ਜਨਵਰੀ ਨੂੰ ਰਾਜਿੰਦਰਾ ਹਸਪਤਾਲ ਲਿਆਂਦਾ। ਇਥੇ ਹੀ ਆਪ ਨੇ 20 ਜਨਵਰੀ ਨੂੰ ਸਵੇਰੇ ਡੇਢ ਵਜੇ ਸ਼ਹੀਦੀ ਪ੍ਰਾਪਤ ਕੀਤੀ। ਰਾਜਿੰਦਰਾ ਹਸਪਤਾਲ ਦੇ ਸਾਹਮਣੇ ਚੌਂਕ ਵਿਚ ਇਸ ਮਹਾਨ ਸ਼ਹੀਦ ਦਾ ਸੰਗਮਰਮਰ ਦਾ ਬੁੱਤ ਲੱਗਿਆ ਹੋਇਆ ਹੈ। ਬੁੱਤ ਦੇ ਉੱਪਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਸੰਖੇਪ ਜੀਵਨੀ ਅਤੇ ਸ਼ਖ਼ਸੀਅਤ ਦਾ ਸਾਰ ਉਕਰਿਆ ਹੋਇਆ ਹੈ। ਪਿੰਡ ਠੀਕਰੀਵਾਲਾ ਵਿਚ ਵੀ ਆਪ ਦੀ ਯਾਦਗਾਰ ਬਣਾਈ ਗਈ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Daljit Rai Kalia
Freelance Author -ਵਿਖੇ: Medical Lab. Tech at Health Department Punjab

Freelance Author
Medical Lab. Tech at Health Department Punjab
MA, Punjabi and History
ਸਿਵਲ ਹਸਪਤਾਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)