ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ 3 ਜੂਨ, 1984 ਨੂੰ ਮਨਾਉਣ ਉਪਰੰਤ ਰੇਲਵੇ ਸਟੇਸ਼ਨ ਬਦਾਮੀ ਬਾਗ ਤੋਂ 4 ਜੂਨ ਦੀ ਸਵੇਰ ਨੂੰ 7-50 ਵਜੇ ਲੱਗਭਗ 800 ਯਾਤਰੀ, ਸਪੈਸ਼ਲ ਟਰੇਨ ਰਾਹੀਂ ਲਾਹੌਰ ਸਟੇਸ਼ਨ ਲਈ ਚੱਲ ਪਏ। 8 ਵਜੇ ਲਾਹੌਰ ਰੇਲਵੇ ਸਟੇਸ਼ਨ ‘ਤੇ ਪੁੱਜ ਕੇ ਯਾਤਰੀਆਂ ਨੇ ਇਮੀਗਰੇਸ਼ਨ ਕਰਵਾਈ। ਯਾਤਰੀਆਂ ਦਾ ਸਾਮਾਨ ਗੱਡੀ ਵਿੱਚੋਂ ਉਤਾਰਨ ਤੋਂ ਬਿਨਾਂ ਹੀ ਕਸਟਮ ਅਧਿਕਾਰੀਆਂ ਨੇ ਟੈਸਟ ਚੈਕਿੰਗ ਕੀਤੀ। 10 ਵਜੇ ਤੀਕ ਯਾਤਰੀ ਗੱਡੀ ਵਿਚ ਆਪਣੀਆਂ ਸੀਟਾਂ ‘ਤੇ ਬੈਠ ਚੁਕੇ ਸਨ ਅਤੇ ਕਈ ਆਪਣੇ ਬੱਚਿਆਂ ਲਈ ਪਲੇਟਫਾਰਮ ਤੋਂ ਟਾਫੀਆਂ, ਬਿਸਕੁੱਟ ਅਤੇ ਖਿਡਾਉਣੇ ਲੈ ਕੇ ਪਾਕਿਸਤਾਨੀ ਕਰੰਸੀ ਨੂੰ ਮੁਕਾ ਰਹੇ ਸਨ। ਗੱਡੀ ਚੱਲਣ ਲਈ ਪੂਰੀ ਤਰ੍ਹਾਂ ਤਿਆਰ ਸੀ, ਪਰ ਸਿਗਨਲ ਨਾ ਮਿਲਣ ਕਾਰਨ ਚੱਲ ਨਹੀਂ ਸੀ ਰਹੀ। 15-20 ਮਿੰਟ ਉਡੀਕ ਕਰਨ ਪਿੱਛੋਂ ਅਸਾਂ ਵਕਫ ਬੋਰਡ ਦੇ ਅਧਿਕਾਰੀਆਂ ਤੋਂ ਦੇਰੀ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਅਟਾਰੀ ਰੇਲਵੇ ਸਟੇਸ਼ਨ ਨਾਲ ਸੰਪਰਕ ਨਹੀਂ ਹੋ ਰਿਹਾ, ਭਾਰਤ ਤੋਂ ਕਲੀਅਰੈਂਸ ਦੀ ਉਡੀਕ ਹੈ। 10-30 ਵਜੇ ਅਸੀਂ ਰੇਲਵੇ ਕੰਟਰੋਲ ਰੂਮ ਵਿਚ ਗਏ। ਮੇਰੇ ਨਾਲ ਪਾਰਟੀ ਲੀਡਰ, ਵਕਫ ਬੋਰਡ ਦੇ ਅਧਿਕਾਰੀ ਅਤੇ ਇਮੀਗਰੇਸ਼ਨ ਇੰਚਾਰਜ ਸਨ। ਕਾਫ਼ੀ ਜਤਨ ਕਰਨ ਦੇ ਬਾਵਜੂਦ ਇਹ ਗੱਲ ਸਪਸ਼ਟ ਹੋ ਗਈ ਕਿ ਭਾਰਤ ਨਾਲ ਅਟਾਰੀ ਅਤੇ ਵਾਹਗਾ ਬਾਰਡਰ ਤੋਂ ਸੰਪਰਕ ਨਹੀਂ ਹੋ ਰਿਹਾ। ਇਸ ਦੌਰਾਨ ਪਾਕਿਸਤਾਨ ਸਥਿਤ ਭਾਰਤੀ ਐਮਬੈਸੀ ਦਾ ਫਸਟ ਸਕੱਤਰ ਅਤੇ ਕੁਝ ਹੋਰ ਅਮਲਾ ਜੋ ਸਾਡੇ ਨਾਲ ਸਨ, ਵਿੱਚੋਂ ਇਕ ਅਧਿਕਾਰੀ ਸੜਕ ਰਸਤੇ ਵਾਹਗਾ ਬਾਰਡਰ ਤੋਂ ਹੋ ਕੇ ਆਇਆ। ਉਸ ਨੇ ਦੱਸਿਆ ਕਿ ਪੰਜਾਬ ਵਿਚ ਫੌਜ ਨੇ ਸਾਰਾ ਪ੍ਰਬੰਧ ਸੰਭਾਲਿਆ ਹੋਇਆ ਹੈ ਅਤੇ ਸਮੁੱਚੇ ਪੰਜਾਬ ਵਿਚ ਕਰਫ਼ਿਊ ਲੱਗਾ ਹੋਇਆ ਹੈ। ਸਰਹੱਦ ਸੀਲ ਕੀਤੀ ਹੋਈ ਹੈ। ਕੋਈ ਭਾਰਤੀ ਅਧਿਕਾਰੀ ਉਨ੍ਹਾਂ ਨੂੰ ਮਿਲਣ ਨਹੀਂ ਆਇਆ। ਇਹ ਗੱਲ ਸੁਣ ਕੇ ਕਈ ਨੌਜਵਾਨ ਮਿਸਟਰ ਨਈਅਰ, ਫਸਟ ਸੈਕਟਰੀ ਦੇ ਗਲ਼ ਪੈਣ ਤੀਕ ਗਏ।
ਬੜੀ ਮੁਸ਼ਕਲ ਨਾਲ ਅਸਾਂ ਕੰਟਰੋਲ ਕੀਤਾ ਅਤੇ ਉਸ ਨੂੰ ਖਿੱਚ-ਧੂਹ ਤੋਂ ਬਚਾਇਆ। ਸਾਰੇ ਜਥੇ ਵਿਚ ਮਾਯੂਸੀ ਛਾਈ ਹੋਈ ਸੀ। ਫ਼ਿਕਰਮੰਦ ਚਿਹਰੇ ਉਤਰੇ ਹੋਏ ਸਨ। 11-30 ਵਜੇ ਤੀਕ ਪਾਕਿਸਤਾਨੀ ਅਧਿਕਾਰੀ ਇਹ ਫ਼ੈਸਲਾ ਲੈ ਚੁਕੇ ਸਨ ਕਿ ਜਥੇ ਨੂੰ ਵਾਪਸ ਗੁਰਦੁਆਰਾ ਡੇਰਾ ਸਾਹਿਬ ਭੇਜ ਦਿੱਤਾ ਜਾਵੇ।
ਯਾਤਰੀ ਭੁੱਖੇ ਸਨ ਤੇ ਸਵੇਰੇ ਚੱਲਣ ਸਮੇਂ ਕੇਵਲ ਚਾਹ ਹੀ ਪੀ ਕੇ ਤੁਰ ਪਏ ਸਨ। ਕਿਉਂਕਿ ਉਨ੍ਹਾਂ ਦਾ ਜਤਨ ਹੁੰਦਾ ਹੈ ਕਿ ਪਹਿਲਾਂ ਪਹੁੰਚ ਕੇ ਗੱਡੀ ਵਿਚ ਚੰਗੀਆਂ ਸੀਟਾਂ ਹਾਸਲ ਕਰ ਲਈਆਂ ਜਾਣ। ਸਥਿਤੀ ਨੂੰ ਭਾਂਪਦਿਆਂ ਮੈਂ ਲੰਗਰ ਨਾਲ ਸੰਬੰਧਤ ਸਟਾਫ ਨੂੰ ਲੰਗਰ ਤਿਆਰ ਕਰਨ ਲਈ ਟਾਂਗਿਆਂ ‘ਤੇ ਗੁਰਦੁਆਰਾ ਡੇਰਾ ਸਾਹਿਬ ਲਈ ਤੋਰ ਦਿੱਤਾ। ਚਾਰ ਵਜੇ ਦੇ ਕਰੀਬ ਐਡੀਸ਼ਨਲ ਡਿਪਟੀ ਕਮਿਸ਼ਨਰ ਲਾਹੌਰ ਨੇ ਆ ਕੇ ਕਿਹਾ ਕਿ ਭਾਰਤ ਸਰਕਾਰ ਦੀ ਬੇਨਤੀ ‘ਤੇ ਅਸੀਂ ਤੁਹਾਡਾ ਦੋ ਦਿਨਾਂ ਲਈ ਵੀਜ਼ਾ ਵਧਾ ਦਿੱਤਾ ਹੈ। ਯਾਤਰੀਆਂ ਨੂੰ ਜਦੋਂ ਇਹ ਪਤਾ ਲੱਗਾ ਕਿ ਗੱਡੀ ਭਾਰਤ ਜਾਣ ਦੀ ਬਜਾਏ ਰੇਲਵੇ ਸਟੇਸ਼ਨ ਬਦਾਮੀ ਬਾਗ ਲਈ ਚੱਲਣ ਲੱਗੀ ਹੈ ਤਾਂ ਕੁਝ ਜਜ਼ਬਾਤੀ ਨੌਜਵਾਨ ਰੇਲ ਦੀ ਪਟੜੀ ‘ਤੇ ਲੰਮੇ ਪੈ ਗਏ ਅਤੇ ਮੰਗ ਕੀਤੀ ਕਿ ਗੱਡੀ ਅਟਾਰੀ ਵੱਲ ਤੋਰੀ ਜਾਵੇ। ਮੇਰੇ ਨਾਲ ਸ. ਗੁਰਦੇਵ ਸਿੰਘ ਸ਼ਾਂਤ ਪਾਰਟੀ ਲੀਡਰ ਉਨ੍ਹਾਂ ਪਾਸ ਗਏ ਅਤੇ ਸਾਰੇ ਹਾਲਾਤ ਦੱਸ ਕੇ ਸਮਝਾਉਣ ਦਾ ਜਤਨ ਕੀਤਾ ਪਰ ਅੜੀਅਲਪੁਣੇ ਦੀ ਹੱਦੋਂ ਟੱਪੇ ਨੌਜਵਾਨ, ਸਾਡੀ ਗੱਲ ਮੰਨਣ ਦੀ ਥਾਂ ਹੋਰ ਗਰਮ ਹੋ ਗਏ। ਸਾਡੇ ਪਾਸ ਡਿਊਟੀ ਮੈਜਿਸਟਰੇਟ ਪੁਲਿਸ ਅਧਿਕਾਰੀਆਂ ਸਮੇਤ ਖੜ੍ਹਾ ਸੀ। ਉਸ ਨੇ ਸਾਨੂੰ ਕਿਹਾ ਕਿ ਸਰਦਾਰ ਜੀ, ਤੁਸੀਂ ਹੁਣ ਪਿੱਛੇ ਹਟ ਜਾਓ, ਮੈਂ ਇਨ੍ਹਾਂ ਨਾਲ ਗੱਲ ਕਰਦਾ ਹਾਂ। ਸਾਡੇ ਪਿੱਛੇ ਹੱਟਣ ‘ਤੇ ਉਸ ਨੇ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਇਸ ਸਮੇਂ ਸਾਡੇ ਮਹਿਮਾਨ ਹੋ ਇਸ ਲਈ ਮੇਰੀ ਬੇਨਤੀ ਮੰਨ ਕੇ ਪਟੜੀ ਖਾਲੀ ਕਰ ਦਿਓ। ਨਰਮੀ ਦਾ ਅਸਰ ਨਾ ਵੇਖ, ਉਸ ਨੇ ਦੁਬਾਰਾ ਕਿਹਾ ਕਿ ਪਾਕਿਸਤਾਨ ਵਿਚ ਭਾਰਤ ਦਾ ਕਾਨੂੰਨ ਨਹੀਂ ਚੱਲਦਾ। ਇਥੇ ਜਨਾਬ ਜਨਰਲ ਮੁਹੰਮਦ ਜ਼ਿਆ-ਉਲ-ਹੱਕ ਦਾ ਕਾਨੂੰਨ ਲਾਗੂ ਹੈ। ਜੇਕਰ ਤੁਸੀਂ ਤਿੰਨ ਮਿੰਟ ਦੇ ਅੰਦਰ-ਅੰਦਰ ਪਟੜੀ ਤੋਂ ਨਾ ਉਠੇ ਤਾਂ ਮੈਂ ਪੁਲੀਸ ਨੂੰ ਹੁਕਮ ਦੇ ਦਿਆਂਗਾ ਕਿ ਤੁਹਾਡੇ ਨਾਲ ਵੀ ਉਹੀ ਸਲੂਕ ਕਰਨ ਜੋ ਇਸ ਸਮੇਂ ਪਾਕਿਸਤਾਨੀ ਸ਼ਹਿਰੀਆਂ ਨਾਲ ਕਰਦੇ ਹਨ। ਇਹ ਗੱਲ ਕਹਿਣ ਦੀ ਦੇਰ ਸੀ ਕਿ ਇਕ ਮਿੰਟ ਤੋਂ ਵੀ ਪਹਿਲਾਂ ਪਟੜੀ ਖਾਲੀ ਹੋ ਗਈ ਅਤੇ 12-30 ਵਜੇ ਦੇ ਕਰੀਬ ਗੱਡੀ ਵਾਪਸ ਬਦਾਮੀ ਬਾਗ ਲਈ ਚੱਲ ਪਈ।
ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ‘ਤੇ ਆਰਥਕ ਸਮੱਸਿਆ ਖੜ੍ਹੀ ਹੋ ਗਈ। ਯਾਤਰੀ ਆਪਣੇ ਬੱਚਿਆਂ ਦੇ ਖਰਚੇ ਲਈ ਰਕਮ ਚਾਹੁੰਦੇ ਸਨ-ਗੱਲ ਉਨ੍ਹਾਂ ਦੀ ਠੀਕ ਸੀ, ਬੱਚਿਆਂ ਦੀ ਜ਼ਿੱਦ ਪੂਰੀ ਕਰਨ ਅਥਵਾ ਛੋਟੇ ਬੱਚਿਆਂ ਲਈ ਲੋੜ ਪੈਣ ‘ਤੇ ਦੁੱਧ ਆਦਿ ਦਾ ਪ੍ਰਬੰਧ ਕਰਨ ਲਈ ਹੱਕ ਬਜਾਨਬ ਸਨ। ਜਥੇ ਵਿਚ ਜਨਰਲ ਪ੍ਰਬੰਧਕ ਹੋਣ ਕਰਕੇ ਸਾਰਾ ਘੇਰਾ ਮੇਰੇ ਦੁਆਲੇ ਸੀ ਜਿਸ ਕਰਕੇ ਮੈਂ ਐਮਬੈਸੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਪਾਸਪੋਰਟਾਂ ਦੀ ਗਰੰਟੀ ‘ਤੇ ਘੱਟੋ-ਘੱਟ ਸੌ-ਸੌ ਰੁਪਏ ਦੇ ਦੇਣ। ਪਰ ਉਹ ਅਜਿਹਾ ਕਰਨ ਦੀ ਸਾਰੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ‘ਤੇ ਸੁੱਟ ਕੇ ਕਰਜ਼ ਦੇ ਰੂਪ ਵਿਚ ਸ਼੍ਰੋਮਣੀ ਕਮੇਟੀ ਨੂੰ ਰਕਮ ਦੇਣ ਲਈ ਤਿਆਰ ਸਨ। ਚੂੰਕਿ ਸਾਰੇ ਭਾਰਤ ਵਿੱਚੋਂ ਆਏ ਯਾਤਰੂਆਂ ਤੋਂ ਸਾਨੂੰ ਰਕਮ ਵਾਪਸ ਮਿਲਣੀ ਮੁਸ਼ਕਲ ਸੀ ਇਸ ਲਈ ਸਾਡਾ ਜ਼ੋਰ ਯਾਤਰੀਆਂ ਨੂੰ ਸਿੱਧੇ ਤੌਰ ‘ਤੇ ਐਮਬੈਸੀ ਵੱਲੋਂ ਰਕਮ ਦੇਣ ‘ਤੇ ਸੀ ਪਰ ਗੱਲ ਕਿਸੇ ਪਾਸੇ ਨਾ ਲੱਗੀ।
ਪਾਰਟੀ ਲੀਡਰ ਨੂੰ ਨਾਲ ਲੈ ਕੇ ਮੈਂ ਅਤੇ ਪ੍ਰਿੰਸੀਪਲ ਪ੍ਰਕਾਸ਼ ਸਿੰਘ ਏਅਰ ਇੰਡੀਆ ਦੇ ਦਫਤਰ ਫਸਟ ਸੈਕਟਰੀ ਮਿਸਟਰ ਨਈਅਰ ਕੋਲ ਗਏ ਜਿੱਥੇ ਇਸਲਾਮਾਬਾਦ ਤੋਂ ਹੋਰ ਜ਼ਿੰਮੇਵਾਰ ਅਧਿਕਾਰੀ ਵੀ ਆ ਗਏ ਸਨ। ਅਸਾਂ ਕਿਹਾ ਕਿ ਸਾਨੂੰ ਹੰਗਾਮੀ ਹਾਲਤ ਵਿਚ ਮਿਥੇ ਸਮੇਂ ਤੋਂ ਵਾਧੂ ਰੋਕਿਆ ਗਿਆ ਹੈ, ਇਸ ਲਈ ਵਾਧੂ ਸਮਾਂ ਰੁਕਣ ਤੀਕ ਸਾਡਾ ਲੰਗਰ ਆਦਿ ਦਾ ਖਰਚ ਵੀ ਤੁਹਾਨੂੰ ਕਰਨਾ ਚਾਹੀਦਾ ਹੈ ਪਰ ਉਹ ਇਕ ਹੀ ਗੱਲ ਕਹਿੰਦੇ ਸਨ ਕਿ ਅਸੀਂ ਕਰਜ਼ ਤਾਂ ਦੇ ਦੇਵਾਂਗੇ ਪਰ ਸਾਢੇ ਤਿੰਨ ਹਜ਼ਾਰ ਰੁਪਏ ਪ੍ਰਤੀ ਦਿਨ ਦਾ ਰਾਸ਼ਨ ਦੇਣ ਲਈ ਤਿਆਰ ਹਾਂ। ਅਸੀਂ ਉਨ੍ਹਾਂ ਨੂੰ ਕਿਹਾ ਕਿ ਰਕਮ ਭਾਵੇਂ ਇਸ ਤੋਂ ਵੀ ਘੱਟ ਖਰਚ ਹੋਵੇ ਪਰ ਲੰਗਰ ਦਾ ਸਾਰਾ ਰਾਸ਼ਨ ਹੀ ਖਰੀਦ ਦੇਣ। ਪਰ ਐਮਬੈਸੀ ਦੇ ਅਧਿਕਾਰੀ ਇਹ ਗੱਲ ਮੰਨਣ ਲਈ ਤਿਆਰ ਨਹੀਂ ਸਨ। ਦੂਜੇ ਪਾਸੇ ਪਾਕਿਸਤਾਨ ਟੀ.ਵੀ. ਅਤੇ ਰੇਡੀਓ ਪ੍ਰਸਾਰਨਾਂ ਤੋਂ ਇਹ ਪਤਾ ਲੱਗ ਗਿਆ ਸੀ ਕਿ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਫੌਜ ਵੱਲੋਂ ਹਮਲਾ ਕੀਤਾ ਗਿਆ ਹੈ। ਸੰਗਤਾਂ ਦੇ ਮਨ ਇਹ ਸੁਣ ਕੇ ਅਤਿਅੰਤ ਦੁਖੀ ਸਨ। ਸ਼ਾਮ ਨੂੰ ਸੱਤ ਵਜੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੂੰ ਇਕੱਠੇ ਕਰ ਕੇ ਸਾਰੇ ਹਾਲਾਤ ‘ਤੇ ਵਿਚਾਰ ਕਰਨ ਲਈ ਦੀਵਾਨ ਸਜਾਇਆ ਗਿਆ ਜਿਸ ਵਿਚ ਭਾਰਤੀ ਐਮਬੈਸੀ ਦੇ ਅਤੇ ਵਕਫ ਬੋਰਡ ਦੇ ਉੱਚ ਅਧਿਕਾਰੀ ਹਾਜ਼ਰ ਸਨ। ਸ. ਗੁਰਦੇਵ ਸਿੰਘ ਸ਼ਾਂਤ ਪਾਰਟੀ ਲੀਡਰ ਵੱਲੋਂ ਸੰਗਤਾਂ ਨੂੰ ਸਥਿਤੀ ਤੋਂ ਜਾਣੂ ਕਰਾ ਕੇ ਦੁਖਦਾਈ ਘੜੀ ਵਿਚ ਸੰਜਮ ‘ਚ ਰਹਿਣ ਅਤੇ ਪ੍ਰਬੰਧਕਾਂ ਨੂੰ ਮਿਲਵਰਤਨ ਕਰਨ ਦੀ ਅਪੀਲ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਏ ਫੌਜੀ ਹਮਲੇ ਕਰਕੇ ਸਾਰਿਆਂ ਦੇ ਦੁਖੀ ਹਿਰਦੇ ਪੀੜਤ ਤੇ ਵਲੂੰਧਰੇ ਹੋਏ ਸਨ ਅਤੇ ਐਮਬੈਸੀ ਦੇ ਅਧਿਕਾਰੀਆਂ ਦਾ ਰਵੱਈਆ ਵੇਖ ਕੇ ਭਾਰਤ ਸਰਕਾਰ ਵਿਰੁੱਧ ਨਫ਼ਰਤ ਦਾ ਮਾਹੌਲ ਬਣ ਗਿਆ ਸੀ ਇਸ ਲਈ ਪਾਰਟੀ ਲੀਡਰ ਅਤੇ ਜਥੇ ਵਿਚ ਸ਼ਾਮਲ ਪਤਵੰਤਿਆਂ ਨਾਲ ਮਸ਼ਵਰਾ ਕਰਨ ਪਿੱਛੋਂ ਮੈਂ ਇਹ ਗੱਲ ਸੰਗਤ ਵਿਚ ਕਹੀ ਕਿ ਰੋਸ ਵਜੋਂ ਅਸੀਂ ਭਾਰਤ ਸਰਕਾਰ ਦੀ ਲੰਗਰ ਦੀ ਸਹਾਇਤਾ ਨਹੀਂ ਲਵਾਂਗੇ ਅਤੇ ਨਾ ਹੀ ਪਾਕਿਸਤਾਨ ਸਰਕਾਰ ਪਾਸੋਂ ਮੰਗ ਕਰਾਂਗੇ। ਲੰਗਰ ਦਾ ਪ੍ਰਬੰਧ ਆਪਣੇ ਅਸਰ-ਰਸੂਖ ਦੀ ਵਰਤੋਂ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਵੇਗਾ। ਚੂੰਕਿ ਸੰਗਤਾਂ ਦੀ ਮੰਗ ਸੀ ਕਿ ਉਹ ਕਿਸੇ ਹਾਲਤ ਵਿਚ ਵੀ ਵਾਪਸ ਆਪਣੇ ਪਰਵਾਰਾਂ ਵਿਚ ਜਾ ਕੇ ਮੁਸੀਬਤ ਦਾ ਟਾਕਰਾ ਰਲ਼- ਮਿਲ ਕੇ ਕਰਨ ਦੇ ਖਾਹਿਸ਼ਮੰਦ ਹਨ। ਇਹ ਗੱਲ ਸੁਭਾਵਕ ਤੌਰ ‘ਤੇ ਦਰੁਸਤ ਵੀ ਸੀ। ਇਸ ਲਈ ਜਥੇ ਦਾ ਵੀਜ਼ਾ ਐਕਸਟੈਂਡ ਕਰਨ ‘ਤੇ ਪਾਕਿਸਤਾਨ ਸਰਕਾਰ ‘ਤੇ ਵੀ ਰੋਸ ਪ੍ਰਗਟ ਕੀਤਾ। ਵਕਫ ਬੋਰਡ ਦੇ ਡਿਪਟੀ ਐਡਮਨਿਸਟਰੇਟਰ ਮੌਲਵੀ ਮਹਿਮੂਦ ਉਲ ਹਸਨ ਨੇ ਉੱਤਰ ਵਿਚ ਬੋਲਦਿਆਂ ਕਿਹਾ ਕਿ ਉਸ ਨੂੰ ਡੀ.ਸੀ. ਲਾਹੌਰ ਵੱਲੋਂ ਸਿੱਖ ਭਰਾਵਾਂ ਨੂੰ ਅਪੀਲ ਕਰਨ ਲਈ ਹੁਕਮ ਹੋਇਆ ਹੈ ਕਿ ਲਾਹੌਰ ਸ਼ਹਿਰ ਦੇ ਮੇਅਰ ਨੇ ਸ਼ਹਿਰੀਆਂ ਵੱਲੋਂ ਇਸ ਔਖੀ ਘੜੀ ਵਿਚ ਹਮਦਰਦੀ ਦਾ ਸੁਨੇਹਾ ਭੇਜਿਆ ਹੈ ਅਤੇ ਗੁਜ਼ਾਰਿਸ਼ ਕੀਤੀ ਹੈ ਕਿ ਸਿੱਖ ਭਰਾ ਸਾਡੇ ਮਹਿਮਾਨ ਹਨ ਅਤੇ ਜਿੰਨਾ ਚਿਰ ਇਥੇ ਠਹਿਰਨਗੇ ਅਸੀਂ ਆਪਣੇ ਮਹਿਮਾਨਾਂ ਦੇ ਖਾਣ-ਪੀਣ ਦਾ ਪ੍ਰਬੰਧ ਕਰਾਂਗੇ, ਇਸ ਵਿਚ ਸਰਕਾਰ ਦੀ ਕੋਈ ਦਖ਼ਲ-ਅੰਦਾਜ਼ੀ ਨਹੀਂ ਹੋਵੇਗੀ। ਪਾਰਟੀ ਲੀਡਰ ਦੀ ਸਲਾਹ ਨਾਲ ਮੈਂ ਉੱਤਰ ਦਿੱਤਾ ਕਿ ਸ਼ਹਿਰ ਵਾਸੀਆਂ ਵੱਲੋਂ ਵਿਖਾਈ ਹਮਦਰਦੀ ਅਤੇ ਲੰਗਰ ਦੀ ਪੇਸ਼ਕਸ਼ ਲਈ ਅਸੀਂ ਧੰਨਵਾਦ ਕਰਦੇ ਹਾਂ ਅਤੇ ਇਹ ਪੇਸ਼ਕਸ਼ ਪ੍ਰਵਾਨ ਕਰਦੇ ਹਾਂ। ਸੰਗਤਾਂ ਨੇ ਜੈਕਾਰੇ ਬੁਲਾ ਕੇ ਇਸ ਦੀ ਪੁਸ਼ਟੀ ਕੀਤੀ। ਮੈਂ ਅੱਗੇ ਬੋਲਦਿਆਂ ਕਿਹਾ ਕਿ ਹਾਲ ਦੀ ਘੜੀ ਅਸੀਂ ਕੰਮ ਚਲਾ ਰਹੇ ਹਾਂ, ਲੋੜ ਪੈਣ ‘ਤੇ ਸ਼ਹਿਰ ਨਿਵਾਸੀ ਭਰਾਵਾਂ ਦੀਆਂ ਸੇਵਾਵਾਂ ਪ੍ਰਾਪਤ ਕਰ ਲਈਆਂ ਜਾਣਗੀਆਂ। ਦੀਵਾਨ ਵਿਚ ਹਾਜ਼ਰ ਭਾਰਤੀ ਸਫ਼ਾਰਤਖ਼ਾਨੇ ਦੇ ਅਧਿਕਾਰੀਆਂ ਨੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਅਤੇ ਕਿਹਾ ਕਿ ਉਹ ਸਾਡੀ ਗੱਲ ਭਾਰਤੀ ਰਾਜਦੂਤ ਨਾਲ ਕਰਵਾ ਦੇਣਗੇ ਕਿਉਂਕਿ ਉਹ ਆਪ ਕੋਈ ਫ਼ੈਸਲਾ ਨਹੀਂ ਲੈ ਸਕਦੇ।
ਸ. ਗੁਰਦੇਵ ਸਿੰਘ ਸ਼ਾਂਤ ਪਾਰਟੀ ਲੀਡਰ ਜੋ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਵੀ ਸਨ, ਉਹ ਮੈਨੂੰ ਅਤੇ ਸ. ਪ੍ਰਕਾਸ਼ ਸਿੰਘ ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਨੂੰ ਲੈ ਕੇ ਫਸਟ ਸੈਕਟਰੀ ਨਾਲ ਇੰਡੀਅਨ ਏਅਰ ਲਾਈਨਜ਼ ਦੇ ਦਫ਼ਤਰ ਵਿਚ ਗਏ। ਉਥੋਂ ਪਤਾ ਲੱਗਾ ਕਿ ਸਫ਼ਾਰਤਖ਼ਾਨੇ ਦਾ ਕੋਈ ਉੱਚ ਅਧਿਕਾਰੀ ਕਿਸੇ ਪੰਜ ਤਾਰਾ ਹੋਟਲ ਵਿਚ ਪਹੁੰਚ ਚੁਕਾ ਹੈ। ਅਸੀਂ ਸਾਰੇ ਹੋਟਲ ਵਿਚ ਪਹੁੰਚੇ ਅਤੇ ਸੰਬੰਧਤ ਅਧਿਕਾਰੀ ਨੂੰ ਜਥੇ ਦੀਆਂ ਮੁਸ਼ਕਿਲਾਂ ਦੀ ਜਾਣਕਾਰੀ ਦਿੱਤੀ ਅਤੇ ਸਪਸ਼ਟ ਤੌਰ ‘ਤੇ ਕਿਹਾ ਕਿ ਇਹ ਸਾਡੇ ਲਈ ਕੈਦ ਤੋਂ ਛੁਟ ਕੁਝ ਨਹੀਂ। ਹੁਣ ਅਸੀਂ ਆਪਣੇ ਆਪ ਨੂੰ ਯਾਤਰੀ ਮਹਿਸੂਸ ਨਹੀਂ ਕਰ ਰਹੇ ਸਗੋਂ ਕੈਦੀ ਸਮਝ ਰਹੇ ਹਾਂ। ਉਸ ਨੇ ਕਿਹਾ ਕਿ ਉਹ ਸਾਡੀ ਗੱਲ ਸ੍ਰੀ ਕੇ. ਡੀ. ਸ਼ਰਮਾ ਰਾਜਦੂਤ ਨਾਲ ਕਰਾ ਦੇਵੇਗਾ। ਕਾਫ਼ੀ ਦੇਰ ਪਿੱਛੋਂ ਸ਼ਰਮਾ ਜੀ ਨਾਲ ਸੰਪਰਕ ਹੋਇਆ। ਮੈਂ ਉਸ ਨਾਲ ਗੱਲਬਾਤ ਸਮੇਂ ਕਿਹਾ ਕਿ ਅਸੀਂ ਭਾਰਤੀ ਨਾਗਰਿਕ ਹਾਂ। ਐਸੀ ਹਾਲਤ ਵਿਚ ਜਥੇ ਨੂੰ ਇਥੇ ਰੋਕਣਾ ਭਾਰਤ ਦੀ ਬੇਇੱਜ਼ਤੀ ਵਾਲੀ ਗੱਲ ਹੈ; ਵੱਡੀਆਂ-ਵੱਡੀਆਂ ਜੰਗਾਂ ਵਿਚ ਵੀ ਹਰ ਮੁਲਕ ਆਪਣੇ ਸ਼ਹਿਰੀ ਨੂੰ ਦੁਸ਼ਮਣ ਦੇਸ਼ਾਂ ਵਿੱਚੋਂ ਮੰਗ ਕਰ ਕੇ ਸੁਰੱਖਿਅਤ ਆਪਣੇ ਦੇਸ਼ ਵਿਚ ਲਿਆਉਂਦੇ ਹਨ। ਹੁਣ ਕਿਹੜੀ ਜੰਗ ਲੱਗੀ ਹੋਈ ਹੈ ਕਿ ਸਾਨੂੰ ਇਥੇ ਕੈਦੀ ਬਣਾਇਆ ਗਿਆ ਹੈ ? ਜੇਕਰ ਕੈਦੀ ਹੀ ਬਣਾਉਣਾ ਹੈ ਤਾਂ ਘੱਟੋ-ਘੱਟ ਆਪਣੇ ਦੇਸ਼ ਵਿਚ ਤਾਂ ਰੱਖਿਆ ਜਾ ਸਕਦਾ ਹੈ ! ਮੇਰੀ ਜਜ਼ਬਾਤ ਭਰੀ ਗੱਲ ਸੁਣ ਕੇ ਉਸ ਨੇ ਧੀਰਜ ਵਰਤਣ ਲਈ ਕਿਹਾ ਅਤੇ ਭਰੋਸਾ ਦਿੱਤਾ ਕਿ ਉਹ ਛੇਤੀ ਹੀ ਜਥੇ ਦੀ ਵਾਪਸੀ ਦਾ ਪ੍ਰਬੰਧ ਕਰੇਗਾ ਅਤੇ ਆਪਣੇ ਵੱਲੋਂ ਹਰ ਸੰਭਵ ਜਤਨ ਕਰੇਗਾ। ਉਸ ਨੇ ਦੱਸਿਆ ਕਿ ਟੈਲੀਫੋਨ ਰਾਹੀਂ ਭਾਰਤ ਸਰਕਾਰ ਨਾਲ ਸੰਪਰਕ ਨਹੀਂ ਹੋ ਰਿਹਾ। ਟੈਲਕਸ ਰਾਹੀਂ ਮੈਸਜ਼ ਭੇਜਿਆ ਹੈ, ਉੱਤਰ ਉਡੀਕ ਰਿਹਾ ਹਾਂ; ਦੂਤ-ਘਰ ਦੇ ਅਧਿਕਾਰੀ ਹਰ ਸਮੇਂ ਤੁਹਾਡੇ ਪਾਸ ਹਾਜ਼ਰ ਰਹਿਣਗੇ। ਮੈਂ ਉਸ ਨੂੰ ਫਿਰ ਕਿਹਾ ਕਿ ਜਿੱਥੇ ਯਾਤਰੀ ਪਰੇਸ਼ਾਨ ਹਨ, ਇਸੇ ਤਰ੍ਹਾਂ ਭਾਰਤ ਵਿਚ ਉਨ੍ਹਾਂ ਦੇ ਪਰਵਾਰ ਵੀ ਫ਼ਿਕਰਮੰਦ ਹੋਣਗੇ। ਇਸ ਲਈ ਭਾਰਤੀ ਟੀ. ਵੀ. ਰਾਹੀਂ ਘੱਟੋ-ਘੱਟ ਇਹ ਜਾਣਕਾਰੀ ਤਾਂ ਭੇਜੀ ਜਾ ਸਕਦੀ ਹੈ ਕਿ ਮਜਬੂਰਨ ਜਥੇ ਦੇ ਯਾਤਰੀਆਂ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਰੋਕ ਲਿਆ ਗਿਆ ਹੈ ਅਤੇ ਇਹ ਸਭ ਸੁਰੱਖਿਅਤ ਹਨ। ਸਫੀਰ ਨੇ ਅਜਿਹਾ ਕਰਨ ਲਈ ਟੈਲਕਸ ਭੇਜਣ ਦਾ ਭਰੋਸਾ ਤਾਂ ਦੇ ਦਿੱਤਾ ਪਰ ਇਹ ਨਹੀਂ ਦੱਸਿਆ ਕਿ ਪੰਜਾਬ ਨਾਲੋਂ ਸਾਰੇ ਸੰਪਰਕ ਤੋੜ ਦਿੱਤੇ ਗਏ ਹਨ।
ਕੁਝ ਸਮੇਂ ਬਾਅਦ ਹੋਟਲ ਵਿਚ ਹੀ ਸਾਨੂੰ ਟੈਲਕਸ ਮੈਸਜ਼ ਵਿਖਾਇਆ ਗਿਆ ਜਿਸ ਦਾ ਅਰਥ ਸੀ ਕਿ ਸਾਰੇ ਸਿੱਖ ਯਾਤਰੀ ਐਜੀਟੇਟਰ ਹਨ ਇਸ ਲਈ ਉਨ੍ਹਾਂ ਨੂੰ ਇਥੇ ਰੋਕਣਾ ਠੀਕ ਨਹੀਂ। ਅਸੀਂ ਕਿਹਾ ਕਿ ਸਾਡੀ ਮਜਬੂਰੀ ਨੂੰ ਵੀ ਤੁਸਾਂ ਮਹਿਸੂਸ ਨਾ ਕਰ ਕੇ ਸਾਡੀਆਂ ਭਾਵਨਾਵਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਸਾਨੂੰ ਖਾਣੇ ਦੀ ਪੇਸ਼ਕਸ਼ ਕੀਤੀ ਪਰ ਅਸੀਂ ਕਿਹਾ ਕਿ ਕੇਵਲ ਲੰਗਰ ਦਾ ਪਰਸ਼ਾਦਾ ਹੀ ਛਕਾਂਗੇ।
5 ਜੂਨ, 1984 ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਆਸਾ ਕੀ ਵਾਰ ਦਾ ਭੋਗ ਪੈਣ ਉਪਰੰਤ ਮੌਲਵੀ ਮਹਿਮੂਦ ਨੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਕਿ ਪਾਕਿਸਤਾਨ ਸਰਕਾਰ ਨੇ ਸਿੱਖ ਯਾਤਰੀ ਜਥੇ ਦੀਆਂ ਭਾਵਨਾਵਾਂ/ਜਜ਼ਬਾਤਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਹੈ ਅਤੇ ਭਾਰਤੀ ਰਾਜਦੂਤ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਯਾਤਰੀਆਂ ਦੇ ਵੀਜ਼ੇ ਵਿਚ ਪਹਿਲਾਂ ਕੀਤੇ ਦੋ ਦਿਨਾਂ ਦੇ ਵਾਧੇ ਉਪਰੰਤ ਹੋਰ ਵੀਜ਼ਾ ਨਹੀਂ ਵਧਾਉਣਗੇ ਜਿਸ ਕਰਕੇ ਹੋਏ ਫ਼ੈਸਲੇ ਅਨੁਸਾਰ 6 ਜੂਨ ਨੂੰ ਸਵੇਰੇ ਹਰ ਹਾਲਤ ਵਿਚ ਯਾਤਰੀਆਂ ਨੂੰ ਵਾਪਸ ਭਾਰਤ ਭੇਜ ਦਿੱਤਾ ਜਾਵੇਗਾ। ਇਹ ਸੁਣ ਕੇ ਸੰਗਤਾਂ ਨੇ ਜੈਕਾਰਾ ਬੁਲਾ ਕੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ। ਕਈ ਯਾਤਰੀ ਵੀਜ਼ਾ ਪ੍ਰਾਪਤ ਕਰਨ ਉਪਰੰਤ ਕਿਸੇ ਘਰੇਲੂ ਮਜਬੂਰੀ ਕਾਰਨ ਜਥੇ ਨਾਲ ਨਹੀਂ ਆ ਸਕੇ ਸਨ, ਹਾਲਾਂਕਿ ਉਨ੍ਹਾਂ ਲਈ ਨਿਯਤ ਕਰੰਸੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਪਾਸ ਮੌਜੂਦ ਸੀ- ਇਹ ਬਚੇ ਹੋਏ ਟਰੈਵਲਿੰਗ ਚੈੱਕ ਕੈਸ਼ ਕਰਵਾ ਕੇ ਲੰਗਰ ਦਾ ਪ੍ਰਬੰਧ ਭਲੀ-ਭਾਂਤ ਨੇਪਰੇ ਚੜ੍ਹ ਗਿਆ। ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਸੰਗਤਾਂ ਨੂੰ ਪਾਰਟੀ ਲੀਡਰ ਵੱਲੋਂ ਬੇਨਤੀ ਕੀਤੀ ਗਈ ਕਿ 6 ਜੂਨ ਨੂੰ ਗੁਰਦੁਆਰਾ ਸਾਹਿਬ ਤੋਂ ਤੁਰਨ ਤੋਂ ਘੱਟੋ-ਘੱਟ ਦੁਪਹਿਰ ਦਾ ਲੰਗਰ ਸਾਰੇ ਆਪਣੇ ਨਾਲ ਲੈ ਕੇ ਚੱਲਣ ਅਤੇ ਲੰਗਰ ਤਿਆਰ ਕਰਨ ਲਈ ਵੀ ਪ੍ਰਬੰਧਕਾਂ ਨੂੰ ਸਹਿਯੋਗ ਦੇਣ। ਸੰਗਤਾਂ ਵੱਲੋਂ ਪੂਰਾ ਮਿਲਵਰਤਨ ਮਿਲਿਆ ਅਤੇ ਜਥੇ ਵਿਚ ਸ਼ਾਮਲ ਬੀਬੀਆਂ ਨੇ ਲੰਗਰ ਪਕਾਉਣ ਵਿਚ ਵਧ-ਚੜ੍ਹ ਕੇ ਕੰਮ ਕੀਤਾ। ਸਾਰੇ ਯਾਤਰੀਆਂ ਨੇ ਦੁਪਹਿਰ ਨੂੰ ਛਕਣ ਲਈ ਲੰਗਰ ਵਿਚ ਪਰਸ਼ਾਦੇ, ਸਬਜ਼ੀ, ਆਚਾਰ ਆਦਿ ਲੈ ਲਿਆ।
6 ਜੂਨ ਨੂੰ ਦੁਪਹਿਰੇ ਇਕ ਵਜੇ ਦੇ ਕਰੀਬ ਵਾਹਗਾ ਰੇਲਵੇ ਸਟੇਸ਼ਨ ਤੋਂ ਅਟਾਰੀ ਲਈ ਗੱਡੀ ਚੱਲੀ ਤਾਂ ਕੰਡਿਆਲੀ ਤਾਰ ਵਾਲੀ ਥਾਂ ‘ਤੇ ਲੋਹੇ ਦੇ ਗੇਟ ‘ਤੇ ਗੱਡੀ ਰੁਕ ਗਈ ਕਿਉਂਕਿ ਗੇਟ ਦੇ ਤਾਲੇ ਦੀ ਚਾਬੀ ਇਸ ਸਮੇਂ ਤੀਕ ਨਹੀਂ ਪੁੱਜੀ ਸੀ। ਤਕਰੀਬਨ ਅੱਧੇ ਘੰਟੇ ਦੀ ਉਡੀਕ ਪਿੱਛੋਂ ਗੱਡੀ ਅਟਾਰੀ ਰੇਲਵੇ ਸਟੇਸ਼ਨ ਲਈ ਚੱਲੀ ਤਾਂ ਰੇਲਵੇ ਲਾਈਨ ਦੇ ਦੋਵੇਂ ਪਾਸਿਆਂ ‘ਤੇ ਜਗ੍ਹਾ-ਜਗ੍ਹਾ ‘ਤੇ ਫੌਜੀ ਸਿਪਾਹੀ ਖੜ੍ਹੇ ਸਨ। ਗੱਡੀ ਹੌਲੀ-ਹੌਲੀ ਚੱਲਦੀ ਦੋ ਵਜੇ ਦੇ ਕਰੀਬ ਅਟਾਰੀ ਪਹੁੰਚੀ ਤਾਂ ਲਾਊਡ ਸਪੀਕਰ ਰਾਹੀਂ ਆਵਾਜ਼ ਆਈ ਕਿ ਗੱਡੀ ਵਿੱਚੋਂ ਕੋਈ ਵੀ ਬਾਹਰ ਨਾ ਨਿਕਲੇ। ਕੁਝ ਚਿਰ ਬਾਅਦ ਸਾਮਾਨ ਤੋਂ ਬਿਨਾਂ ਯਾਤਰੀਆਂ ਨੂੰ ਗੱਡੀ ਖਾਲੀ ਕਰਨ ਲਈ ਕਿਹਾ ਗਿਆ। ਪਲੇਟਫਾਰਮ ‘ਤੇ ਇਮੀਗਰੇਸ਼ਨ ਵਿਭਾਗ ਦੀ ਪੁਲੀਸ, ਕਸਟਮ ਅਧਿਕਾਰੀਆਂ ਤੋਂ ਇਲਾਵਾ ਫੌਜ ਵੀ ਡਿਊਟੀ ਉੱਪਰ ਸੀ। ਇਮੀਗਰੇਸ਼ਨ ਦਰਜ ਕਰਨ ਲਈ ਯਾਤਰੀ ਆਪਣੇ ਨਿਯਤ ਕਾਊਂਟਰਾਂ ‘ਤੇ ਚਲੇ ਗਏ। ਡਿਊਟੀ ‘ਤੇ ਹਾਜ਼ਰ ਪੁਲੀਸ ਕਰਮਚਾਰੀ ਜ਼ੁਬਾਨ ਨਹੀਂ ਖੋਲ੍ਹ ਰਹੇ ਸਨ ਕਿਉਂਕਿ ਉਨ੍ਹਾਂ ਦੇ ਨਾਲ ਫੌਜ ਦੇ ਅਧਿਕਾਰੀ ਵੀ ਖੜ੍ਹੇ ਸਨ। ਇਹ ਕੰਮ ਹੋਣ ਪਿੱਛੋਂ ਸਾਮਾਨ ਉਤਾਰ ਕੇ ਕਸਟਮ ਚੈੱਕ ਕਰਾਉਣ ਲਈ ਕਿਹਾ ਗਿਆ। ਕਸਟਮ ਅਧਿਕਾਰੀ ਬੜੀ ਬਾਰੀਕੀ ਨਾਲ ਸਾਮਾਨ ਦੀ ਚੈਕਿੰਗ ਕਰ ਰਹੇ ਸਨ। ਉਨ੍ਹਾਂ ਦੇ ਨਾਲ ਫੌਜੀ ਨੁਮਾਇੰਦੇ ਹਾਜ਼ਰ ਸਨ। ਸਾਮਾਨ ਦੀ ਚੈਕਿੰਗ, ਕਸਟਮ ਅਤੇ ਫੌਜੀ ਅਧਿਕਾਰੀਆਂ ਨੇ ਮਿਲ ਕੇ ਕੀਤੀ ਪਰ ਕਿਸੇ ਯਾਤਰੀ ਪਾਸੋਂ ਕੋਈ ਇਤਰਾਜ਼ਯੋਗ ਵਸਤੂ ਨਾ ਮਿਲੀ। ਇਸ ਕਾਰਵਾਈ ਦੌਰਾਨ ਦੱਬੀ ਆਵਾਜ਼ ਵਿਚ ਇਮੀਗਰੇਸ਼ਨ ਕਰਮਚਾਰੀਆਂ ਨੇ ਦੱਸਿਆ ਕਿ ਸਾਰੇ ਪੰਜਾਬ ਵਿਚ ਕਰਫ਼ਿਊ ਲੱਗਾ ਹੋਇਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਾਲਾਂ ਵੀ ਗੋਲਾਬਾਰੀ ਹੋ ਰਹੀ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਜਥੇ. ਗੁਰਚਰਨ ਸਿੰਘ ਟੌਹੜਾ ਨੂੰ ਬੰਦੀ ਬਣਾ ਲਿਆ ਗਿਆ ਹੈ ਪਰ ਹੋਰ ਵੇਰਵਾ ਨਹੀਂ ਮਿਲ ਰਿਹਾ।
ਸ਼ਾਮ 6 ਵਜੇ ਤੀਕ ਅਸੀਂ ਸਾਰੀਆਂ ਫਾਰਮੈਲਟੀਆਂ ਪੂਰੀਆਂ ਕਰ ਕੇ ਗੱਡੀ ਵਿਚ ਬੈਠ ਚੁਕੇ ਸਾਂ। ਸਰਕਾਰੀ ਅਧਿਕਾਰੀ ਜੋ ਆਬਜ਼ਰਵਰ ਦੀ ਡਿਊਟੀ ‘ਤੇ ਸਾਡੇ ਨਾਲ ਸਨ, ਪਾਸੋਂ ਜਾਣਕਾਰੀ ਮਿਲੀ ਕਿ ਗੱਡੀ ਅੰਮ੍ਰਿਤਸਰ ਨਹੀਂ ਖੜ੍ਹੀ ਕਰ ਰਹੇ, ਪਤਾ ਨਹੀਂ ਕੀ ਪ੍ਰੋਗਰਾਮ ਹੈ ! ਰੇਲਵੇ ਸਟੇਸ਼ਨ ‘ਤੇ ਪਾਣੀ ਤੋਂ ਬਿਨਾਂ ਕੋਈ ਸਟਾਲ ਨਹੀਂ ਸੀ ਕਿ ਕੁਝ ਖਾਣ-ਪੀਣ ਲਈ ਖਰੀਦਿਆ ਜਾ ਸਕੇ। ਖਾਸ ਕਰਕੇ ਬੱਚਿਆਂ ਲਈ ਬਹੁਤ ਮੁਸ਼ਕਿਲ ਨਜ਼ਰ ਆ ਰਹੀ ਸੀ। 6-15 ਵਜੇ ਯਾਤਰੀਆਂ ਨੂੰ ਆਪਣੀਆਂ ਸੀਟਾਂ ‘ਤੇ ਬੈਠ ਜਾਣ ਲਈ ਹੁਕਮ ਦਿੱਤਾ ਗਿਆ ਅਤੇ ਬਾਹਰ ਫੌਜੀ ਖੜ੍ਹੇ ਕਰ ਦਿੱਤੇ ਗਏ। 6-30 ਵਜੇ ਗੱਡੀ ਅਟਾਰੀ ਰੇਲਵੇ ਸਟੇਸ਼ਨ ਤੋਂ ਚੱਲੀ ਤਾਂ ਥੋੜ੍ਹੀ ਰਫਤਾਰ ਨਾਲ ਚੱਲਦੀ ਹੋਈ ਇਕ ਘੰਟੇ ਪਿੱਛੋਂ ਅੰਮ੍ਰਿਤਸਰ ਵਿਚ ਦਾਖਲ ਹੋਈ। ਰਸਤੇ ਵਿਚ ਅਤੇ ਸ਼ਹਿਰ ਵਿਚ ਬਿਲਕੁਲ ਸੁੰਨਸਾਨ ਮਾਹੌਲ ਸੀ ਜਿਵੇਂ ਇਥੋਂ ਆਬਾਦੀ ਖ਼ਤਮ ਹੋ ਗਈ ਹੋਵੇ। ਅਸੀਂ ਉਸ ਸਮੇਂ ਕਾਫ਼ੀ ਹੈਰਾਨ ਸਾਂ ਜਦੋਂ ਗੱਡੀ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਪੁੱਜ ਕੇ ਤੇਜ਼ ਰਫ਼ਤਾਰ ਹੋ ਗਈ ਅਤੇ ਪਲੇਟਫਾਰਮ ‘ਤੇ ਫੌਜੀ ਇਸ ਤਰ੍ਹਾਂ ਰਾਈਫਲਾਂ ਦੇ ਮੂੰਹ ਗੱਡੀ ਵੱਲ ਕਰ ਕੇ ਖੜ੍ਹੇ ਸਨ ਜਿਵੇਂ ਕੋਈ ਯਾਤਰੀ ਗੱਡੀ ਵਿੱਚੋਂ ਉਤਰੇ ਤਾਂ ਸ਼ੂਟ ਕਰ ਦਿੱਤਾ ਜਾਵੇਗਾ। ਸ਼ਹਿਰ ਤੋਂ ਬਾਹਰ ਜਾ ਕੇ ਗੱਡੀ ਦੀ ਚਾਲ ਕੁਝ ਮੱਧਮ ਹੋਈ ਅਤੇ ਇਸੇ ਤਰ੍ਹਾਂ ਬਿਨਾਂ ਕਿਤੇ ਰੁਕਣ ਦੇ ਲਗਾਤਾਰ ਅੱਠ ਘੰਟਿਆਂ ਵਿਚ ਅੰਬਾਲਾ ਕੈਂਟ ਰੇਲਵੇ ਸਟੇਸ਼ਨ ‘ਤੇ ਰੁਕੀ। ਸਾਰਾ ਰਸਤਾ ਕਿਸੇ ਆਬਾਦੀ ਵਿਚ ਲਾਈਟ ਨਹੀਂ ਨਜ਼ਰ ਆਈ। ਹਰਿਆਣਾ ਪ੍ਰਾਂਤ ਵਿਚ ਗੱਡੀ ਦਾਖਲ ਹੋਈ ਤਾਂ ਜ਼ਿੰਦਗੀ ਦੇ ਆਸਾਰ ਨਜ਼ਰ ਆਏ। ਗਰਮੀ ਦਾ ਪੂਰਾ ਜ਼ੋਰ ਸੀ। ਯਾਤਰੀ ਪਿਆਸ ਨਾਲ ਬੇਹਾਲ ਹੋਏ ਹੋਏ ਸਨ। ਇਥੋਂ ਤੀਕ ਕਿ ਬਾਥਰੂਮਾਂ ਦੀਆਂ ਟੂਟੀਆਂ ਵਿੱਚੋਂ ਵੀ ਬੁੱਲ੍ਹ ਗਿੱਲੇ ਕਰਨ ਲਈ ਵੀ ਪਾਣੀ ਨਹੀਂ ਸੀ ਮਿਲ ਰਿਹਾ। ਅੰਬਾਲਾ ਜੰਕਸ਼ਨ ‘ਤੇ ਗੱਡੀ ਖੜ੍ਹੀ ਹੋਈ ਤਾਂ ਇਹ ਅਨਾਊਂਸਮੈਂਟ ਹੋ ਰਹੀ ਸੀ ਕਿ ਇਹ ਗੱਡੀ ਦਿੱਲੀ ਜਾ ਕੇ ਰੁਕੇਗੀ, ਇਸ ਲਈ ਜਿਹੜੇ ਯਾਤਰੀ ਦਿੱਲੀ ਜਾਣਾ ਚਾਹੁੰਦੇ ਹਨ ਉਹ ਜਾ ਸਕਦੇ ਹਨ। ਪਰ ਜਿਨ੍ਹਾਂ ਨੇ ਪੰਜਾਬ ਵਾਪਸ ਜਾਣਾ ਹੈ ਉਹ ਉਤਰ ਜਾਣ, ਉਨ੍ਹਾਂ ਲਈ ਸਕੂਲ ਵਿਚ ਰਿਹਾਇਸ਼ ਦਾ ਪ੍ਰਬੰਧ ਕੀਤਾ ਹੈ ਅਤੇ ਲੰਗਰ ਵੀ ਤਿਆਰ ਹੈ। ਕੁਝ ਵਾਲੰਟੀਅਰ ਸੇਵਾ-ਭਾਵ ਨਾਲ ਅੱਗੇ ਵਧ, ਅਜਿਹੀ ਜਾਣਕਾਰੀ ਦੇ ਰਹੇ ਸਨ ਪਰ ਸੰਗਤਾਂ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਪਹਿਲਾਂ ਖਾਣ-ਪੀਣ ਦਾ ਪ੍ਰਬੰਧ ਕਰ ਦਿਓ। ਕੁਝ ਚਿਰ ਪਿੱਛੋਂ ਪਾਣੀ ਪੀਣ ਨਾਲ ਧਰਵਾਸ ਮਿਲੀ ਤਾਂ ਅਗਲੇ ਪ੍ਰੋਗਰਾਮ ਲਈ ਸੋਚਣ ਦਾ ਮੌਕਾ ਮਿਲਿਆ। ਰਾਤ ਕਾਫ਼ੀ ਲੰਘ ਚੁਕੀ ਸੀ। ਇਸ ਕਰਕੇ ਪੰਜਾਬ ਵਾਸੀ ਖਾਲਸਾ ਹਾਈ ਸਕੂਲ ਵਿਚ ਬਣੇ ਕੈਂਪ ਵਿਚ ਚਲੇ ਗਏ। ਕੈਂਪ ਦੁਆਲੇ ਵੀ ਸੀ. ਆਰ. ਪੀ. ਦਾ ਪਹਿਰਾ ਸੀ।
7 ਜੂਨ ਨੂੰ ਲੋਕਲ ਸੰਗਤਾਂ ਵੱਲੋਂ ਚਾਹ-ਪਰਸ਼ਾਦੇ ਦਾ ਪ੍ਰਬੰਧ ਸਕੂਲ ਵਿਚ ਹੀ ਕੀਤਾ ਗਿਆ। ਅਗਲੇ ਪ੍ਰੋਗਰਾਮ ਬਾਰੇ ਕੋਈ ਜਾਣਕਾਰੀ ਨਹੀਂ ਸੀ ਮਿਲ ਰਹੀ। ਇਸ ਲਈ ਕਈ ਯਾਤਰੀ ਜੋ ਇਕੱਲੇ ਸਨ ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ਆਪਣੇ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਪਾਸ ਚਲੇ ਗਏ ਪਰ ਇਨ੍ਹਾਂ ਨੂੰ ਹੋਰ 10 ਦਿਨਾਂ ਤੀਕ ਵਾਪਸ ਘਰਾਂ ਨੂੰ ਪਰਤਣ ਦਾ ਮੌਕਾ ਨਸੀਬ ਨਹੀਂ ਸੀ ਹੋਇਆ। ਬਾਕੀ ਜਿਨ੍ਹਾਂ ਦੇ ਕੁਝ ਪਰਵਾਰ ਮੈਂਬਰ ਤਾਂ ਨਾਲ ਸਨ ਅਤੇ ਬਾਕੀ ਪੰਜਾਬ ਵਿਚ ਪਤਾ ਨਹੀਂ ਕਿਸ ਹਾਲਾਤ ਵਿਚ ਹੋਣ, ਇਸ ਸੋਚ ਵਿਚ ਹਾਲਾਤ ਦੀ ਉਡੀਕ ਕਰਨ ਲੱਗੇ। ਇਨ੍ਹਾਂ ਵਿਚ ਐਸੇ ਯਾਤਰੀ ਵੀ ਸ਼ਾਮਲ ਸਨ ਜਿਨ੍ਹਾਂ ਦਾ ਸਮੁੱਚਾ ਪਰਵਾਰ ਪਿੱਛੇ ਸੀ ਅਤੇ ਉਨ੍ਹਾਂ ਨੂੰ ਮਿਲਣ ਦੀ ਤੜਪ ਨੇ ਕਿਸੇ ਪਾਸੇ ਨਾ ਜਾਣ ਦਿੱਤਾ। ਸਾਰਾ ਦਿਨ ਅਸ਼ਾਂਤ ਮਾਹੌਲ ਵਿਚ ਲੰਘਿਆ। ਸਭ ਦੇ ਚਿਹਰੇ ਚਿੰਤਾ ਵਿਚ ਡੁੱਬੇ ਹੋਏ ਸਨ। ਦਿਨ ਬਿਤਾਉਣਾ ਮੁਸ਼ਕਿਲ ਹੋ ਰਿਹਾ ਸੀ। ਅੰਬਾਲੇ ਵਿਚ ਵੀ ਮਾਹੌਲ ਸ਼ਾਂਤ ਨਹੀਂ ਲੱਗ ਰਿਹਾ ਸੀ। ਕੋਈ ਸਿਆਸੀ ਕਾਰਕੁੰਨ ਯਾਤਰੀਆਂ ਨੂੰ ਧਰਵਾਸਾ ਦੇਣ ਨਹੀਂ ਪੁੱਜਾ। ਰਾਤ 10 ਵਜੇ ਇਹ ਜਾਣਕਾਰੀ ਮਿਲੀ ਕਿ 8 ਜੂਨ ਨੂੰ ਸਵੇਰੇ 6-30 ਵਜੇ ਬੱਸਾਂ ਰਾਹੀਂ ਯਾਤਰੀਆਂ ਨੂੰ ਵਾਪਸ ਪੰਜਾਬ ਭੇਜ ਦਿੱਤਾ ਜਾਵੇਗਾ। ਸਾਡੇ ਪਾਸੋਂ ਯਾਤਰੀਆਂ ਦੀਆਂ ਜ਼ਿਲ੍ਹੇਵਾਰ ਲਿਸਟਾਂ ਲੈ ਲਈਆਂ ਗਈਆਂ ਸਨ। 8 ਜੂਨ ਨੂੰ 6-30 ਵਜੇ ਸਾਰੇ ਯਾਤਰੀ 7 ਬੱਸਾਂ ਵਿਚ ਬੈਠ ਗਏ। ਪ੍ਰਬੰਧਕਾਂ ਨੇ ਬੱਸਾਂ ਵਿਚ ਹੀ ਚਾਹ ਨਾਲ ਇਕ-ਇਕ ਪਰਸ਼ਾਦਾ ਦੇ ਦਿੱਤਾ। ਇਨ੍ਹਾਂ ਬੱਸਾਂ ਵਿਚ ਫੌਜ ਦਾ ਇਕ-ਇਕ ਸਿਪਾਹੀ ਸੀ ਅਤੇ ਇਕ ਜੇ.ਸੀ.ਓ. ਕੁਝ ਜਵਾਨਾਂ ਸਮੇਤ ਵੱਖਰੀ ਗੱਡੀ ਵਿਚ ਸੀ ਜਿਸ ਦੀ ਨਿਗਰਾਨੀ ਵਿਚ ਅਸੀਂ ਜਾਣਾ ਸੀ। ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਨੇ 43-43 ਰੁਪਏ ਕਿਰਾਇਆ ਭਾਵ ਡਬਲ ਕਿਰਾਇਆ ਵਸੂਲ ਕੀਤਾ ਹਾਲਾਂਕਿ ਯਾਤਰੀਆਂ ਨੇ ਰੋਸ ਪ੍ਰਗਟ ਕੀਤਾ ਕਿ ਉਹ ਆਪਣੀ ਮਰਜ਼ੀ ਨਾਲ ਨਹੀਂ ਸਨ ਆਏ ਸਗੋਂ ਸਰਕਾਰ ਨੇ ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਅੰਬਾਲੇ ਲਿਆਂਦਾ ਸੀ ਜਿਸ ਕਾਰਨ ਵਾਪਸ ਭੇਜਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ। ਪਰ ਕਿਸੇ ਨੇ ਇਹ ਗੱਲ ਨਾ ਮੰਨੀ। ਲੱਗਭਗ 8-00 ਵਜੇ ਅੰਬਾਲਾ ਛਾਉਣੀ ਤੋਂ ਬੱਸਾਂ ਚੱਲੀਆਂ। ਸਾਡਾ ਅਨੁਮਾਨ ਸੀ ਕਿ 1-00 ਵਜੇ ਤੀਕ ਅੰਮ੍ਰਿਤਸਰ ਪਹੁੰਚ ਜਾਵਾਂਗੇ। ਪਰ ਪੰਜਾਬ ਦੇ ਬਾਰਡਰ ‘ਤੇ ਪੁੱਜ ਕੇ ਪੰਜਾਬ ਵਿਚ ਦਾਖਲ ਹੋਣ ਲਈ ਕਾਫ਼ੀ ਸਮਾਂ ਬੱਸਾਂ ਰੁਕੀਆਂ ਰਹੀਆਂ। ਪੰਜਾਬ ਵਿਚ ਦਾਖਲ ਹੋਏ ਤਾਂ ਸੜਕਾਂ ਤਾਂ ਸੁੰਨਸਾਨ ਹੋਈਆਂ ਸਨ, ਕਿਸੇ ਪਿੰਡ ਵਿਚ ਵੀ ਕੋਈ ਘਰਾਂ ਤੋਂ ਬਾਹਰ ਨਹੀਂ ਸੀ ਫਿਰ ਰਿਹਾ। ਫੌਜ ਵੱਲੋਂ ਕਰੜਾ ਕਰਫ਼ਿਊ ਲਾਇਆ ਹੋਇਆ ਸੀ। ਰਾਜਪੁਰੇ ਤੋਂ ਪਹਿਲਾਂ ਇਕ ਨਾਕੇ ‘ਤੇ ਬੱਸਾਂ ਰੋਕ ਲਈਆਂ ਗਈਆਂ। ਪਤਾ ਲੱਗਾ ਕਿ ਅੱਗੇ ਜਾਣ ਲਈ ਕਿਸੇ ਹੋਰ ਏਰੀਆ ਕਮਾਂਡਰ ਤੋਂ ਆਗਿਆ ਲਈ ਜਾਣੀ ਸੀ। ਇਕ ਪੇਂਡੂ ਜੋ ਕਿਸੇ ਮਜਬੂਰੀ ਕਾਰਨ ਸਾਈਕਲ ਲੈ ਕੇ ਸੜਕ ‘ਤੇ ਆਇਆ ਤਾਂ ਫੌਜੀਆਂ ਨੇ ਸਜ਼ਾ ਵਜੋਂ ਉਸ ਨੂੰ ਸਾਈਕਲ ਚੁੱਕ ਕੇ ਵਾਪਸ ਜਾਣ ਦੀ ਸਜ਼ਾ ਦਿੱਤੀ। ਥਾਂ-ਥਾਂ ‘ਤੇ ਲੱਗੇ ਨਾਕਿਆਂ ‘ਤੇ ਰੁਕਦੇ, 12 ਵਜੇ ਤੀਕ ਲੁਧਿਆਣੇ ਵਿਚ ਦਾਖਲ ਹੋਏ। ਇਥੋਂ ਤਿੰਨ ਬੱਸਾਂ ਜਿਨ੍ਹਾਂ ਵਿਚ ਲੁਧਿਆਣਾ, ਪਟਿਆਲਾ, ਫਿਰੋਜ਼ਪੁਰ, ਸੰਗਰੂਰ, ਬਠਿੰਡਾ ਵਾਲੇ ਪਾਸਿਆਂ ਦੇ ਯਾਤਰੀ ਸਨ; ਬੱਸ ਸਟੈਂਡ ‘ਤੇ ਰੋਕ ਲਈਆਂ ਅਤੇ 4 ਬੱਸਾਂ ਅੱਗੇ ਚੱਲ ਪਈਆਂ।
ਇਕ ਵਜੇ ਤੀਕ ਹਾਲਾਂ ਅਸੀਂ ਸਤਲੁਜ ਦਰਿਆ ਦੇ ਪੁਲ ਤੋਂ ਅੱਧਾ ਕਿਲੋਮੀਟਰ ਪਿੱਛੇ ਹੀ ਸਾਂ ਕਿ ਪਿੱਛੋਂ ਇਕ ਕਰਨਲ ਦੀ ਗੱਡੀ ਤੇਜ਼ੀ ਨਾਲ ਓਵਰਟੇਕ ਕਰ ਕੇ ਬੱਸਾਂ ਦੇ ਅੱਗੇ ਖੜ੍ਹੀ ਹੋ ਗਈ। ਬੱਸਾਂ ਰੁਕ ਗਈਆਂ। ਨਾਲ ਚੱਲ ਰਹੇ ਜੇ.ਸੀ.ਓ. ਨੇ ਕਰਨਲ ਦੀ ਤਸੱਲੀ ਕਰਾਉਣ ਲਈ ਮਿਲਟਰੀ ਹੈੱਡ ਕੁਆਰਟਰ ਦੇ ਆਰਡਰ ਵਿਖਾਏ ਪਰ ਉਸ ਨੇ ਕੋਈ ਗੱਲ ਨਾ ਸੁਣੀ ਅਤੇ ਵਾਪਸ ਲੁਧਿਆਣੇ ਲਿਆ ਕੇ ਮਿਲਟਰੀ ਕੈਂਪ ਸਾਹਮਣੇ ਬੱਸਾਂ ਲਗਾ ਦਿੱਤੀਆਂ। ਸਾਨੂੰ ਇਥੇ ਰੋਕ ਕੇ ਜੇ.ਸੀ.ਓ. ਡਿਪਟੀ ਕਮਿਸ਼ਨਰ ਪਾਸ ਗਿਆ ਅਤੇ ਕਾਫ਼ੀ ਜੱਦੋ-ਜਹਿਦ ਦੇ ਪਿੱਛੋਂ ਦੁਪਹਿਰੇ 2-30 ਵਜੇ ਬੱਸਾਂ ਨੂੰ ਅੱਗੇ ਜਾਣ ਦੀ ਆਗਿਆ ਮਿਲੀ। ਗਰਮੀ ਦਾ ਪੂਰਾ ਜ਼ੋਰ ਸੀ। ਬੱਚੇ ਤਾਂ ਕੀ, ਸਿਆਣੇ ਵੀ ਭੁੱਖੇ-ਤਿਹਾਏ ਬੇਹਾਲ ਹੋ ਰਹੇ ਸਨ। ਪੀਣ ਲਈ ਲਾਗੇ ਪਾਣੀ ਵੀ ਨਹੀਂ ਸੀ। ਹੌਲੀ-ਹੌਲੀ ਨਾਕਿਆਂ ‘ਤੇ ਠਹਿਰਦਿਆਂ ਹੋਇਆਂ 4 ਵਜੇ ਬੱਸਾਂ ਜਲੰਧਰ ਬੱਸ ਅੱਡੇ ਦੇ ਬਾਹਰ ਰੁਕੀਆਂ। ਇਸ ਸਮੇਂ ਜਲੰਧਰ ਵਿਚ ਦੋ ਘੰਟੇ ਲਈ ਕਰਫ਼ਿਊ ਵਿਚ ਢਿੱਲ ਦਿੱਤੀ ਹੋਈ ਸੀ ਜਿਸ ਕਰਕੇ ਪੀਣ ਲਈ ਪਾਣੀ ਮਿਲ ਗਿਆ। ਇਕ ਬੱਸ ਵਿਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਦੀਆਂ ਬਹੁਤ ਥੋੜ੍ਹੀਆਂ ਸਵਾਰੀਆਂ ਸਨ ਜਿਸ ਕਰਕੇ ਉਨ੍ਹਾਂ ਨੂੰ ਉਤਾਰ ਕੇ ਬੱਸਾਂ ਅੱਗੇ ਚੱਲ ਪਈਆਂ ਅਤੇ ਸ਼ਾਮ 6-00 ਵਜੇ ਦਰਿਆ ਬਿਆਸ ਦੇ ਪੁਲ ‘ਤੇ ਰੋਕੀਆਂ ਗਈਆਂ। ਸਾਡੇ ਵੇਖਦਿਆਂ-ਵੇਖਦਿਆਂ ਫੌਜੀ ਜਵਾਨਾਂ ਨੇ ਮਸ਼ੀਨਗੰਨਾਂ ਫਿੱਟ ਕਰ ਕੇ ਮੋਰਚੇ ਸੰਭਾਲ ਲਏ। ਇਉਂ ਜਾਪਦਾ ਸੀ ਕਿ ਅਸੀਂ ਕੈਦੀ ਹਾਂ ਤੇ ਸਾਡੇ ਵਿੱਚੋਂ ਕੈਦ ਵਿੱਚੋਂ ਭੱਜਣ ਦੀ ਸੂਰਤ ਵਿਚ ਫਾਇਰ ਖੋਲ੍ਹ ਦਿੱਤਾ ਜਾਵੇਗਾ। ਥੋੜ੍ਹੇ ਸਮੇਂ ਪਿੱਛੋਂ ਇਕ ਟੈਂਕ ਬੱਸਾਂ ਦੇ ਅੱਗੇ ਲਿਜਾ ਕੇ ਪੁਲ ‘ਤੇ ਪੈਂਤੜੇ ਕੱਢਣ ਲੱਗ ਪਿਆ। ਅਸੀਂ ਇਹ ਕਾਰਵਾਈ ਵੇਖ ਕੇ ਹੈਰਾਨ ਸਾਂ। ਸ਼ਾਇਦ ਇਹ ਸਭ ਕੁਝ ਸਾਡੇ ‘ਤੇ ਦਹਿਸ਼ਤ ਦਾ ਪ੍ਰਭਾਵ ਦੇਣ ਲਈ ਕੀਤਾ ਜਾ ਰਿਹਾ ਸੀ। ਫਿਰ ਵੀ ਹੌਂਸਲਾ ਕਰ ਕੇ ਮੈਂ ਅਤੇ ਸ. ਰਮਿੰਦਰ ਬੀਰ ਸਿੰਘ ਬੱਸਾਂ ਤੋਂ ਹੇਠਾਂ ਉਤਰੇ ਅਤੇ ਨਾਲ ਚੱਲ ਰਹੇ ਫੌਜੀਆਂ ਨੂੰ ਪਾਣੀ ਲਈ ਕਿਹਾ ਕਿ ਪਿਆਸ ਨਾਲ ਯਾਤਰੀਆਂ ਦਾ ਬੁਰਾ ਹਾਲ ਹੈ, ਇਸ ਲਈ ਨਲਕੇ ਤੋਂ ਪਾਣੀ ਪੀਣ ਦਿੱਤਾ ਜਾਵੇ। ਉਨ੍ਹਾਂ ਨੇ ਪੁਲ ‘ਤੇ ਕੰਟਰੋਲ ਕਰ ਰਹੇ ਇੰਚਾਰਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਹਿ ਦਿੱਤਾ ਕਿ ਸਾਰੇ ਯਾਤਰੀ ਬੱਸਾਂ ਵਿਚ ਹੀ ਬੈਠੇ ਰਹਿਣ ਪਰ ਕੁਝ ਯਾਤਰੀ ਨਲਕੇ ਤੋਂ ਪਾਣੀ ਲੈ ਕੇ ਪਿਲਾ ਲੈਣ। ਦਰਿਆ ਦੇ ਕੰਢੇ ਨਲਕਾ ਹੋਣ ਕਰਕੇ ਪਾਣੀ ਮਿੱਠਾ ਅਤੇ ਕਾਫ਼ੀ ਠੰਡਾ ਸੀ। ਸਾਰਿਆਂ ਨੇ ਪਾਣੀ ਪੀ ਕੇ ਪਿਆਸ ਬੁਝਾਈ ਪਰ ਭੁੱਖ ਮਿਟਾਉਣ ਲਈ ਕੋਈ ਸਾਧਨ ਨਹੀਂ ਸੀ। ਜਿਨ੍ਹਾਂ ਪਾਸ ਰੈਬਰ ਕੂਲਰ ਸਨ ਉਹ ਸਾਰੇ ਇਸ ਠੰਡੇ ਪਾਣੀ ਨਾਲ ਭਰ ਕੇ ਬੱਸਾਂ ਵਿਚ ਰੱਖ ਲਏ ਕਿਉਂਕਿ ਪਤਾ ਨਹੀਂ ਸੀ ਕਿ ਅੱਗੇ ਕੀ ਬੀਤਣੀ ਸੀ। ਦੋ ਘੰਟੇ ਪਿੱਛੋਂ ਪੁਲ ਪਾਰ ਕਰਨ ਦੀ ਆਗਿਆ ਮਿਲੀ। ਪੁਲ ਪਾਰ ਕਰ ਕੇ ਬੱਸਾਂ ਫਿਰ ਖੜ੍ਹੀਆਂ ਕਰ ਦਿੱਤੀਆਂ ਗਈਆਂ। ਅੱਗੇ ਜਾਣ ਲਈ ਹੁਕਮ ਨਹੀਂ ਮਿਲ ਰਿਹਾ ਸੀ।
ਰਾਤ ਦੇ 10 ਵਜੇ ਇਕ ਗੁਰਸਿੱਖ ਕਰਨਲ ਸਾਡੇ ਪਾਸ ਆਇਆ ਅਤੇ ਆਉਂਦਿਆਂ ਹੀ ਪੁੱਛਿਆ ਕਿ ਤੁਹਾਨੂੰ ਕੋਈ ਤਕਲੀਫ਼ ਤਾਂ ਨਹੀਂ ? ਮੈਂ ਹੱਸ ਕੇ ਕਿਹਾ ਕਿ ਸਰਦਾਰ ਜੀ, ਤਕਲੀਫ਼ਾਂ ਤਾਂ ਹਨ ਪਰ ਤੁਹਾਡੇ ਹਮਦਰਦੀ ਭਰੇ ਬੋਲ ਸੁਣ ਕੇ ਮਨ ਪ੍ਰਸੰਨ ਹੋ ਗਿਆ ਹੈ। ਉਸ ਨੇ ਕਿਹਾ ਕਿ ਅੰਮ੍ਰਿਤਸਰ ਤੀਕ ਮੈਂ ਤੁਹਾਡੇ ਨਾਲ ਚੱਲਾਂਗਾ ਅਤੇ ਜਤਨ ਕਰਾਂਗਾ ਕਿ ਤੁਹਾਨੂੰ ਘਰੋ-ਘਰੀ ਪੁਚਾ ਸਕੀਏ। ਇਹ ਬੱਸਾਂ ਤਾਂ ਬੱਸ ਸਟੈਂਡ ਤੀਕ ਹੀ ਜਾਣਗੀਆਂ। ਸ਼ਹਿਰ ਵਿਚ ਹਾਲਾਤ ਚੰਗੇ ਨਹੀਂ। ਅਸੀਂ ਮਜਬੂਰ ਹਾਂ, ਆਪਣੀ ਯੂਨਿਟ ਦੀਆਂ ਗੱਡੀਆਂ ਰਾਹੀਂ ਹੀ ਤੁਹਾਨੂੰ ਘਰੀਂ ਭੇਜ ਦਿਆਂਗੇ। ਹਮਦਰਦੀ ਨਾਲ ਸਾਰਿਆਂ ਦੇ ਚਿਹਰਿਆਂ ‘ਤੇ ਰੌਣਕ ਆ ਗਈ ਭਾਵੇਂ ਕਿ ਭੁੱਖ ਨੇ ਨਿਢਾਲ ਕੀਤਾ ਹੋਇਆ ਸੀ। ਰਾਤ ਦੇ 10-30 ਵਜੇ ਦੇ ਕਰੀਬ ਬੱਸਾਂ ਚੱਲੀਆਂ ਅਤੇ ਮਕਬੂਲਪੁਰਾ ਚੌਂਕ ‘ਤੇ ਜਾ ਕੇ ਰੋਕ ਲਈਆਂ ਗਈਆਂ। ਇਸ ਥਾਂ ‘ਤੇ ਫੌਜੀ ਸਰਗਰਮੀ ਬਹੁਤ ਜ਼ਿਆਦਾ ਸੀ ਅਤੇ ਇਥੋਂ ਦਾ ਕਮਾਂਡਰ ਕਰਨਲ ਬੜੀ ਰੁੱਖੀ ਜ਼ੁਬਾਨ ਬੋਲਦਿਆਂ ਕਹਿ ਰਿਹਾ ਸੀ ਕਿ ਅੱਗੇ ਕਿਸੇ ਹਾਲਤ ਵਿਚ ਵੀ ਨਹੀਂ ਜਾਣ ਦਿਆਂਗੇ। ਕੁਝ ਫੌਜੀ ਬੱਸਾਂ ਵਿਚ ਆ ਕੇ ਸਾਮਾਨ ਅਤੇ ਸਵਾਰੀਆਂ ਨੂੰ ਚੈੱਕ ਕਰਨ ਲੱਗੇ। ਉਨ੍ਹਾਂ ਨਾਲ ਅਸਲਾ ਚੈੱਕ ਕਰਨ ਲਈ ਜਾਨਵਰ ਫੜੇ ਹੋਏ ਸਨ। ਸਾਡੇ ਨਾਲ ਆਏ ਸਰਦਾਰ ਕਰਨਲ ਦੀ ਪੇਸ਼ ਨਹੀਂ ਜਾ ਰਹੀ ਸੀ। ਕਾਫ਼ੀ ਸਮਾਂ ਹੈੱਡ ਕੁਆਰਟਰ ਨਾਲ ਗੱਲਬਾਤ ਚੱਲਦੀ ਰਹੀ। ਆਖ਼ਰ ਜਦੋਂ ਬੱਸ ਅੱਡੇ ਤੀਕ ਜਾਣ ਦਾ ਫ਼ੈਸਲਾ ਹੋ ਗਿਆ ਤਾਂ ਡਿਊਟੀ ਵਾਲਾ ਕਰਨਲ ਫਿਰ ਬੱਸ ਵਿਚ ਆਇਆ ਤੇ ਮੈਨੂੰ ਕਹਿਣ ਲੱਗਾ ਕਿ ਪਤਾ ਨਹੀਂ ਤੁਸੀਂ ਸਾਮਾਨ ਵਿਚ ਕੀ ਲਿਜਾ ਰਹੇ ਹੋ, ਇਸ ਲਈ ਸਾਮਾਨ ਦੀ ਤਲਾਸ਼ੀ ਲੈਣ ਪਿੱਛੋਂ ਹੀ ਅੱਗੇ ਜਾਣ ਦਿੱਤਾ ਜਾਵੇਗਾ। ਉਸ ਦੀ ਭਾਸ਼ਾ ਸੁਣ ਕੇ ਗੁੱਸਾ ਤਾਂ ਬਹੁਤ ਆਇਆ ਪਰ ਮੈਂ ਜਾਣਦਾ ਸਾਂ ਕਿ ਇਸ ਸਮੇਂ ਜੰਗ ਵਰਗਾ ਮਾਹੌਲ ਹੈ ਅਤੇ ਕੋਈ ਜ਼ਾਬਤਾ ਨਹੀਂ ਪਰ ਫਿਰ ਵੀ ਹੌਂਸਲਾ ਕਰਕੇ ਸਮਝਾਉਣ ਵਾਲੇ ਰੁਖ਼ ਨਾਲ ਮੈਂ ਕਰਨਲ ਨੂੰ ਕਿਹਾ ਕਿ ਜਦੋਂ ਅਟਾਰੀ ਰੇਲਵੇ ਸਟੇਸ਼ਨ ਤੋਂ ਅਸੀਂ ਭਾਰਤ ਵਿਚ ਦਾਖਲ ਹੋਏ ਸਾਂ ਤਾਂ ਸਾਡਾ ਸਾਰਾ ਸਾਮਾਨ ਕਸਟਮ ਅਤੇ ਫੌਜੀ ਅਧਿਕਾਰੀਆਂ ਨੇ ਇਕੱਠਿਆਂ ਚੈੱਕ ਕੀਤਾ ਸੀ, ਅਸੀਂ ਸਾਰੇ ਉਸ ਸਮੇਂ ਤੋਂ ਫੌਜ ਦੀ ਨਿਗਰਾਨੀ ਹੇਠ ਹਾਂ, ਅਸੀਂ ਇਸ ਮੁਲਕ ਦੇ ਮੁਅੱਜ਼ਜ਼ ਸ਼ਹਿਰੀ ਹਾਂ, ਅਸੀਂ ਜੰਗੀ ਕੈਦੀ ਨਹੀਂ ਹਾਂ। ਸਾਮਾਨ ਦੀ ਘੜੀ-ਘੜੀ ਤਲਾਸ਼ੀ ਵਾਲੀ ਗੱਲ ਮੰਨਣਯੋਗ ਨਹੀਂ ਅਤੇ ਨਾ ਹੀ ਅਸੀਂ ਹਨੇਰੀ ਰਾਤ ਵਿਚ ਤਲਾਸ਼ੀ ਲਈ ਸਾਮਾਨ ਹੇਠਾਂ ਉਤਾਰਾਂਗੇ। ਗੱਲ ਜਿਸ ਲਹਿਜ਼ੇ ਵਿਚ ਕਹੀ ਗਈ ਸੀ ਕਰਨਲ ਨਿਰੁੱਤਰ ਹੋ ਗਿਆ। ਹੈੱਡ ਕੁਆਰਟਰ ਤੋਂ ਅੱਗੇ ਜਾਣ ਦਾ ਹੁਕਮ ਉਸ ਨੂੰ ਮਿਲ ਚੁਕਾ ਸੀ ਇਸ ਲਈ ਉਹ ਹੇਠਾਂ ਉਤਰ ਗਿਆ ਅਤੇ ਰਾਤ 12 ਵਜੇ ਤੋਂ ਪਿੱਛੋਂ ਸਾਨੂੰ ਬੱਸ ਅੱਡੇ ‘ਤੇ ਉਤਾਰ ਦਿੱਤਾ ਗਿਆ।
ਬੱਸ ਅੱਡਾ ਸੁੰਨਸਾਨ ਸੀ। ਵਰਾਂਡਿਆਂ ਵਿਚ ਲਾਈਟ ਹੋਣ ਕਾਰਨ ਪੱਖੇ ਚਲਾ ਲਏ ਗਏ। ਪੀਣ ਲਈ ਪਾਣੀ ਵਾਲੀਆਂ ਟੂਟੀਆਂ ਚੱਲ ਰਹੀਆਂ ਸਨ। ਸਾਨੂੰ ਤਾੜਨਾ ਕਰ ਦਿੱਤੀ ਗਈ ਕਿ ਵਰਾਂਡਿਆਂ ਤੋਂ ਬਾਹਰ ਕਿਸੇ ਨੇ ਨਹੀਂ ਨਿਕਲਣਾ, ਬਾਹਰ ਕਿਸੇ ਵੇਲੇ ਵੀ ਗੋਲੀ ਲੱਗ ਸਕਦੀ ਹੈ। ਸਾਡੇ ਪਾਸ ਪਿੰਨੀਆਂ ਦਾ ਪ੍ਰਸ਼ਾਦ ਸੀ, ਉਹ ਯਾਤਰੀਆਂ ਵਿਚ ਵੰਡ ਦਿੱਤਾ ਤਾਂ ਕਿ ਭੁੱਖ ਮਿਟਾ ਸਕਣ। ਪਰ ਉਹ ਵੀ ਸੰਘ ਤੋਂ ਹੇਠਾਂ ਨਹੀਂ ਸੀ ਉਤਰ ਰਿਹਾ। ਬੱਚਿਆਂ ਦੀ ਹਾਲਤ ਹੋਰ ਵੀ ਤਰਸਯੋਗ ਸੀ। ਆਖਰ ਬਿਸਤਰੇ ਵਿਛਾ ਕੇ ਲੰਮੇ ਪੈ ਗਏ। ਦਰਬਾਰ ਸਾਹਿਬ ਵਾਲੇ ਪਾਸੇ ਤੋਂ ਰੁਕ-ਰੁਕ ਕੇ ਗੋਲੇ ਚੱਲਣ ਦੀਆਂ ਆਵਾਜ਼ਾਂ ਆ ਰਹੀਆਂ ਸਨ। 9 ਜੂਨ ਨੂੰ ਸਵੇਰੇ ਸ਼ਰੀਫਪੁਰਾ ਆਬਾਦੀ ਦੇ ਕੁਝ ਹਿੰਦੂ ਨੌਜਵਾਨਾਂ ਨੇ ਬੱਚਿਆਂ ਲਈ ਦੁੱਧ ਆਦਿ ਪਹੁੰਚਾਉਣ ਦਾ ਜਤਨ ਕੀਤਾ ਪਰ ਫੌਜੀਆਂ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਦੁਸ਼ਮਣ ਨੂੰ ਦੁੱਧ ਦੇਣ ਦਾ ਜਤਨ ਨਾ ਕਰੋ। ਉਨ੍ਹਾਂ ਕਾਫ਼ੀ ਸਮਝਾਉਣ ਦਾ ਜਤਨ ਕੀਤਾ ਕਿ ਇਹ ਦੁਸ਼ਮਣ ਨਹੀਂ ਪਰ ਅਸਰ ਕੁਝ ਨਾ ਹੋਇਆ। ਸੜਕਾਂ ‘ਤੇ ਫੌਜੀ ਗੱਡੀਆਂ ਗਸ਼ਤ ਕਰ ਰਹੀਆਂ ਸਨ ਅਤੇ ਬਿਨਾਂ ਵਜ੍ਹਾ ਹਵਾ ਵਿਚ ਗੋਲੀਆਂ ਚਲਾ ਕੇ ਦਹਿਸ਼ਤ ਪੈਦਾ ਕਰ ਰਹੀਆਂ ਸਨ। ਹਰਿਮੰਦਰ ਸਾਹਿਬ ਵੱਲ ਇੱਕਾ-ਦੁੱਕਾ ਗੋਲੇ ਚੱਲਣ ਦੀਆਂ ਆਵਾਜ਼ਾਂ ਹਾਲਾਂ ਵੀ ਆ ਰਹੀਆਂ ਸਨ। ਐੱਸ. ਐਚ. ਓ. ਥਾਣਾ ਰਾਮਬਾਗ ਨੇ ਆ ਕੇ ਦੱਸਿਆ ਕਿ 11 ਵਜੇ ਕਰਫ਼ਿਊ ਵਿਚ ਢਿੱਲ ਹੋ ਰਹੀ ਹੈ, ਉਸ ਸਮੇਂ ਘਰਾਂ ਨੂੰ ਚਲੇ ਜਾਣਾ। ਇਸ ‘ਤੇ ਫੌਜੀ ਅਧਿਕਾਰੀਆਂ ਨੇ ਉਸ ਦੀ ਵੀ ਬੇਇੱਜ਼ਤੀ ਕੀਤੀ ਹਾਲਾਂਕਿ ਉਹ ਹਿੰਦੂ ਜੈਂਟਲਮੈਨ ਸੀ।
9 ਵਜੇ ਇਕ ਸੈਕੰਡ-ਲੈਫਟੀਨੈਂਟ ਕੁਝ ਜੁਆਨਾਂ ਸਮੇਤ ਆਇਆ। ਉਸ ਨੇ ਦੱਸਿਆ ਕਿ ਤੁਹਾਨੂੰ ਘਰਾਂ ਤੀਕ ਪਹੁੰਚਾਉਣ ਲਈ ਉਸ ਦੀ ਡਿਊਟੀ ਲੱਗੀ ਹੈ। ਉਹ ਆਪ ਤਾਂ ਇਹ ਗੱਲ ਕਹਿ ਕੇ ਕੁਝ ਸਿਵਲ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਚਲਾ ਗਿਆ। ਇਕ ਨਾਇਕ ਨੇ ਯਾਤਰੀਆਂ ਨੂੰ ਕਿਹਾ ਕਿ ਵਰਾਂਡੇ ਤੋਂ ਬਾਹਰ ਆਪਣਾ ਸਾਮਾਨ ਲੈ ਕੇ ਇਕ ਲਾਈਨ ਵਿਚ ਰੱਖ ਲਵੋ। ਯਾਤਰੀ ਤਾਂ ਕਾਹਲੇ ਸਨ। ਆਖਰ ਇਕ ਪਾਸੇ ਦੋ ਬੱਸਾਂ ਖੜ੍ਹੀਆਂ ਕਰ ਕੇ ਸਾਮਾਨ ਰੱਖ ਕੇ ਬੱਸਾਂ ਵਿਚ ਸਵਾਰ ਹੋਣ ਲਈ ਕਹਿ ਦਿੱਤਾ ਪਰ ਕਿਸੇ ਨੂੰ ਲਾਈਨ ਤੋੜਨ ਦਾ ਹੁਕਮ ਨਹੀਂ ਸੀ। ਇਹ ਬੱਸਾਂ ਚਾਟੀਵਿੰਡ ਚੌਂਕ ਤੀਕ ਹੋ ਕੇ ਵਾਪਸ ਆ ਗਈਆਂ। ਪਰ ਵਾਪਸ ਅੱਧੀਆਂ-ਅੱਧੀਆਂ ਬੱਸਾਂ ਦੀਆਂ ਸਵਾਰੀਆਂ ਵੀ ਸਨ ਕਿਉਂਕਿ ਉਨ੍ਹਾਂ ਨੇ ਮਜੀਠਾ ਰੋਡ ਤੋਂ ਯੂਨੀਵਰਸਿਟੀ ਵਾਲੇ ਪਾਸੇ ਤੀਕ ਜਾਣਾ ਸੀ। ਦੁਬਾਰਾ ਦੋ ਬੱਸਾਂ ਲੱਗੀਆਂ ਤਾਂ ਮੈਂ ਨਾਇਕ ਨੂੰ ਕਾਫ਼ੀ ਸਮਝਾਉਣ ਦਾ ਜਤਨ ਕੀਤਾ ਕਿ ਜੇਕਰ ਤੁਸਾਂ ਸਾਨੂੰ ਘਰੋ-ਘਰੀ ਪਹੁੰਚਾਉਣਾ ਹੈ ਤਾਂ ਸਾਡੀ ਸਲਾਹ ਨਾਲ ਬੱਸਾਂ ਵਿਚ ਯਾਤਰੀ ਬਿਠਾਓ। ਜਿੰਨੇ ਪਹਿਲੇ ਚੱਕਰ ਵਿਚ ਅੱਧੀਆਂ ਸਵਾਰੀਆਂ ਵਾਪਸ ਆ ਗਈਆਂ ਹਨ, ਜੇਕਰ ਇਸ ਪਾਸੇ ਜਾਣ ਵਾਲੇ ਯਾਤਰੀ ਹੀ ਬੈਠਦੇ ਤਾਂ ਕੰਮ ਠੀਕ ਰਹਿਣਾ ਸੀ। ਪਰ ਉਸ ਨੇ ਕਿਹਾ ਕਿ ਮੈਂ ਤਾਂ ਆਪਣੇ ਅਫਸਰ ਦਾ ਹੁਕਮ ਹੀ ਮੰਨਣਾ ਹੈ, ਤੁਸੀਂ ਆਪ ਉਨ੍ਹਾਂ ਨਾਲ ਗੱਲ ਕਰ ਲਵੋ। ਜਦੋਂ ਉਸ ਅਫਸਰ ਨਾਲ ਗੱਲ ਕੀਤੀ ਤਾਂ ਪਹਿਲਾਂ ਤਾਂ ਉਸ ਦਾ ਉੱਤਰ ਸੀ ਕਿ ਹੁਣ ਅਸੀਂ ਪਹਿਲੇ ਪਾਸੇ ਨਹੀਂ ਜਾਵਾਂਗੇ ਪਰ ਕੁਝ ਚਿਰ ਗੱਲਬਾਤ ਕਰਨ ‘ਤੇ ਉਸ ਨੂੰ ਸਾਡੇ ਨਾਲ ਸਹਿਮਤ ਹੋਣਾ ਪਿਆ। ਤਦ ਉਸ ਨੇ ਕਿਹਾ ਕਿ ਸਾਰੇ ਯਾਤਰੀ ਦੋ ਬੱਸਾਂ ਵਿਚ ਬੈਠ ਜਾਣ। ਸੰਗਤਾਂ ਵਿਚ ਹਫੜਾ-ਦਫੜੀ ਮੱਚ ਗਈ ਅਤੇ ਧੱਕੇ ਦੇ ਕੇ ਇਕ-ਦੂਜੇ ਦੇ ਅੱਗੇ ਹੋ ਕੇ ਦੋ ਬੱਸਾਂ ਨੱਕੋ-ਨੱਕ ਭਰ ਦਿੱਤੀਆਂ। ਮੈਂ ਆਪਣੇ ਸਾਥੀਆਂ ਨੂੰ ਰੋਕ ਲਿਆ ਤਾਂ ਕਿ ਸਾਡੇ ਪਿੱਛੇ ਕੋਈ ਯਾਤਰੀ ਇਥੇ ਰਹਿ ਕੇ ਖਰਾਬ ਨਾ ਹੋਵੇ। ਮੈਂ ਫਿਰ ਲੈਫਟੀਨੈਂਟ ਨੂੰ ਇਕ ਬੱਸ ਹੋਰ ਲਗਾਉਣ ਲਈ ਮਨਾਇਆ। ਮੇਰੇ ਨਾਲ ਮੇਰੀ ਧਰਮ ਪਤਨੀ ਅਤੇ ਦੋ ਲੜਕੀਆਂ ਸਨ। ਇਸੇ ਤਰ੍ਹਾਂ ਸ. ਰਾਮਿੰਦਰ ਬੀਰ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ, ਸ. ਬਲਵੰਤ ਸਿੰਘ ਪੱਟੀ (ਮੀਤ ਸਕੱਤਰ), ਸ. ਅਨੂਪ ਸਿੰਘ ਅਸਿਸਟੈਂਟ ਚੀਫ ਗੁ: ਇੰਸਪੈਕਟਰ, ਸ. ਮਲਕੀਅਤ ਸਿੰਘ ਸੁਪਰਵਾਈਜ਼ਰ ਲੰਗਰ ਜ਼ਿੰਮੇਵਾਰ ਅਧਿਕਾਰੀ ਸਨ। ਘੱਟੋ-ਘੱਟ 20 ਸਵਾਰੀਆਂ ਬਾਕੀ ਰਹਿੰਦੀਆਂ ਸਨ। ਜਦੋਂ ਤੀਸਰੀ ਬੱਸ ਲੱਗੀ ਤਾਂ ਪਹਿਲੀਆਂ ਬੱਸਾਂ ਵਿੱਚੋਂ ਵੀ ਸਵਾਰੀਆਂ ਇਸ ਬੱਸ ਵੱਲ ਭੱਜੀਆਂ। ਤਿੰਨੇ ਬੱਸਾਂ ਦੇ ਡਰਾਈਵਰ, ਕੰਡਕਟਰ ਵੀ ਭੁੱਖੇ ਸਨ ਪਰ ਫੌਜ ਅੱਗੇ ਅੜ ਨਹੀਂ ਸਕੇ। ਕਾਫਲਾ ਸੁਲਤਾਨਵਿੰਡ ਗੇਟ ਵੱਲ ਤੁਰਿਆ। ਮੈਂ ਅਜੀਤ ਨਗਰ ਵਾਲੇ ਚੌਂਕ ਵਿਚ ਬੱਸ ਖੜ੍ਹੀ ਕਰਵਾਈ ਤਾਂ ਅੱਧੋਂ ਵੱਧ ਸਵਾਰੀਆਂ ਉਤਰ ਗਈਆਂ। ਅਸੀਂ ਸਾਮਾਨ ਚੁੱਕ ਕੇ ਥੋੜ੍ਹੀ ਦੂਰ ਹੀ ਗਏ ਸਾਂ ਕਿ ਆਬਾਦੀ ਵਾਲੇ ਕੁਝ ਨੌਜਵਾਨਾਂ ਨੇ ਸਾਡੇ ਪਾਸੋਂ ਸਾਮਾਨ ਚੁੱਕ ਲਿਆ। ਬਾਹਰਲੀ ਆਬਾਦੀ ਹੋਣ ਕਰਕੇ ਇਥੇ ਕਰਫ਼ਿਊ ਦੀ ਸਖ਼ਤੀ ਨਹੀਂ ਸੀ ਅਤੇ ਨਾ ਹੀ ਫੌਜ ਦੀ ਗਸ਼ਤ ਸੀ। ਫੌਜੀ ਦਬਾਅ ਅੰਦਰੂਨੀ ਸ਼ਹਿਰ ਵਿਚ ਜ਼ਿਆਦਾ ਸੀ। ਅਸੀਂ ਸਵੇਰੇ 10-30 ਵਜੇ ਆਪਣੇ ਘਰ ਪਹੁੰਚ ਗਏ ਜਿੱਥੇ ਮੇਰੀ ਮਾਤਾ ਅਤੇ ਲੜਕਾ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਕੁਝ ਯਾਤਰੀ ਗੁ: ਸ਼ਹੀਦ ਬਾਬਾ ਦੀਪ ਸਿੰਘ ਵਿਖੇ ਉਤਰ ਗਏ ਅਤੇ ਬਾਕੀ ਸਰਕੁਲਰ ਰੋਡ ਰਾਹੀਂ ਭੰਡਾਰੀ ਪੁਲ ਵੱਲ ਚਲੇ ਗਏ ਜਿੱਥੇ ਉਨ੍ਹਾਂ ਨੂੰ ਆਪਣੇ ਘਰੀਂ ਪਹੁੰਚਣਾ ਸੁਖਾਲਾ ਹੋ ਗਿਆ ਕਿਉਂਕਿ 11-00 ਵਜੇ ਦੋ ਘੰਟਿਆਂ ਲਈ ਕਰਫ਼ਿਊ ਵਿਚ ਢਿੱਲ ਦਿੱਤੀ ਗਈ ਸੀ। ਘਰ ਪਹੁੰਚਣ ‘ਤੇ ਦੁਖਦਾਈ ਘਟਨਾਵਾਂ ਦੀ ਜਾਣਕਾਰੀ ਮਿਲੀ ਪਰ ਪਰਵਾਰ ਵਿਚ ਮਿਲ-ਬੈਠ ਕੇ ਪਿਛਲਾ ਥਕੇਵਾਂ ਭੁੱਲ ਗਿਆ।
10 ਜੂਨ ਨੂੰ ਸਵੇਰੇ 8 ਵਜੇ ਅਜੀਤ ਨਗਰ ਵਿਖੇ ਸਾਡੇ ਘਰ ਦੇ ਸਾਹਮਣੇ ਫੌਜ ਦੀਆਂ ਜੀਪਾਂ ਆ ਕੇ ਖੜ੍ਹੀਆਂ ਹੋ ਗਈਆਂ। ਸ. ਰਣਜੀਤ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ ਮੇਰੇ ਪਾਸ ਆਏ ਅਤੇ ਕਹਿਣ ਲੱਗੇ ਕਿ ਦਰਬਾਰ ਸਾਹਿਬ ਦੇ ਅੰਦਰ ਤੋਸ਼ੇਖਾਨੇ ਦੇ ਸੰਬੰਧ ਵਿਚ ਮੀਟਿੰਗ ਹੈ, ਤੁਹਾਨੂੰ ਨਾਲ ਲਿਜਾਣਾ ਹੈ ਅਤੇ ਫੌਜੀ ਅਧਿਕਾਰੀ ਸ. ਭਾਨ ਸਿੰਘ ਸਕੱਤਰ ਅਤੇ ਸ. ਅਬਿਨਾਸ਼ੀ ਸਿੰਘ ਨੂੰ ਨਾਲ ਲੈ ਕੇ ਆਏ ਹਨ। ਮੈਂ ਕੱਪੜੇ ਬਦਲ ਕੇ ਬਾਹਰ ਆਇਆ ਤਾਂ ਕਰਨਲ ਗੁਰਾਇਆ ਨਾਲ ਮੇਰੀ ਜਾਣ-ਪਛਾਣ ਕਰਵਾਈ ਗਈ। ਬੰਦ ਜੀਪ ਦੇ ਅੰਦਰ ਸ. ਭਾਨ ਸਿੰਘ ਅਤੇ ਸ. ਅਬਿਨਾਸ਼ੀ ਸਿੰਘ ਬੈਠੇ ਸਨ। ਅਸੀਂ ਉਨ੍ਹਾਂ ਦੇ ਨਾਲ ਬੈਠ ਗਏ। ਜਥੇਦਾਰ ਕਿਰਪਾਲ ਸਿੰਘ ਵੱਖਰੀ ਗੱਡੀ ਵਿਚ ਸਨ।ਸ. ਅਬਿਨਾਸ਼ੀ ਸਿੰਘ ਨੇ ਦੱਸਿਆ ਕਿ ਤੋਸ਼ੇਖਾਨੇ ਦੀ ਲਿਸਟ ਤਿਆਰ ਕਰਨ ਲਈ ਸਰਕਾਰ ਨੇ ਇਕ ਬੋਰਡ ਬਣਾਇਆ ਹੈ। ਤੁਸੀਂ ਭਾਵੇਂ ਉਸ ਬੋਰਡ ਵਿਚ ਨਹੀਂ ਪਰ ਅਸੀਂ ਫੌਜੀ ਅਧਿਕਾਰੀਆਂ ਨੂੰ ਸੁਝਾਅ ਦਿੱਤਾ ਸੀ ਕਿ ਤੁਹਾਨੂੰ ਨਾਲ ਲੈ ਲਿਆ ਜਾਵੇ। ਇਸ ‘ਤੇ ਮੇਰੇ ਕਹਿਣ ‘ਤੇ ਸ. ਕੁਲਦੀਪ ਸਿੰਘ (ਭਾਟੀਆ) ਮੀਤ ਸਕੱਤਰ ਨੂੰ ਵੀ ਨਾਲ ਲੈ ਲਿਆ ਜੋ ਇਸ ਆਬਾਦੀ ਵਿਚ ਹੀ ਰਹਿੰਦੇ ਸੀ। ਰਸਤੇ ਵਿਚ ਅਤੇ ਸ੍ਰੀ ਦਰਬਾਰ ਸਾਹਿਬ ਪਹੁੰਚਣ ‘ਤੇ ਆਪਣੀ ਗ੍ਰਿਫਤਾਰੀ ਦਾ ਵੇਰਵਾ ਸਾਨੂੰ ਦੱਸਿਆ। ਸਾਨੂੰ ਇਨ੍ਹਾਂ ਜੀਪਾਂ ਵਿੱਚੋਂ ਘੰਟਾ-ਘਰ ਵਾਲੀ ਬਾਹੀ ‘ਤੇ ਉਤਾਰਿਆ ਗਿਆ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਹੋਏ। ਅਸਾਂ ਸਾਰਿਆਂ ਪਰਕਰਮਾ ਵਿਚ ਦਾਖਲ ਹੋਣ ਤੋਂ ਪਹਿਲਾਂ ਮੱਥਾ ਟੇਕਿਆ। ਕਰਨਲ ਗੁਰਾਇਆ ਹੀ ਸਾਡੇ ਨਾਲ ਪਰਕਰਮਾ ਵਿਚ ਗਿਆ, ਬਾਕੀ ਫੌਜੀ ਬਾਹਰ ਰਹਿ ਗਏ। ਪਰਕਰਮਾ ਵਿਚ ਦਾਖਲ ਹੋ ਕੇ ਜਦੋਂ ਅਸੀਂ ਬਾਬਾ ਬੁੱਢਾ ਜੀ ਦੇ ਬੇਰ ਵੱਲ ਚੱਲਣ ਲੱਗੇ ਤਾਂ ਅੱਗੋਂ ਇਕ ਫੌਜੀ ਸਿਪਾਹੀ ਨੇ ਰੋਕ ਲਿਆ। ਕਰਨਲ ਗੁਰਾਇਆ ਵੱਲੋਂ ਆਪਣੀ ਪਛਾਣ ਦੱਸਣ ‘ਤੇ ਵੀ ਅੱਗੋਂ ਇਹ ਜਵਾਬ ਮਿਲਿਆ ਕਿ ਜਦ ਤੀਕ ਉਸ ਦੇ ਕਮਾਂਡਰ ਦਾ ਹੁਕਮ ਨਹੀਂ ਮਿਲਦਾ, ਤੁਸੀਂ ਅੱਗੇ ਨਹੀਂ ਜਾ ਸਕਦੇ। ਉਸ ਨੇ ਆਪਣੇ ਕਮਾਂਡਰ ਤੋਂ ਹੁਕਮ ਮਿਲਣ ‘ਤੇ ਹੀ ਅੱਗੇ ਜਾਣ ਦਿੱਤਾ ਪਰ ਨੁੱਕਰ ਵਾਲੀ ਛਬੀਲ ਤੋਂ ਅੱਗੇ ਕਮਾਂਡ ਬਦਲ ਗਈ। ਇਸ ਲਈ ਸਾਨੂੰ ਕੁਝ ਦੇਰ ਹੋਰ ਰੁਕਣਾ ਪਿਆ। ਆਖਰ 9 ਵਜੇ ਤੀਕ ਅਸੀਂ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕ ਕੇ ਹਰਿ ਕੀ ਪੌੜੀ ਦੇ ਸਾਹਮਣੇ ਵਰਾਂਡੇ ਵਿਚ ਬੈਠ ਗਏ। ਇਥੇ ਹੀ ਮੀਟਿੰਗ ਹੋਣੀ ਸੀ। ਇਥੇ ਜਥੇਦਾਰ ਗਿ. ਕਿਰਪਾਲ ਸਿੰਘ ਜੀ ਅਤੇ ਸਿੰਘ ਸਾਹਿਬ ਗਿ. ਸਾਹਿਬ ਸਿੰਘ ਜੀ ਹੈੱਡ ਗ੍ਰੰਥੀ ਦਰਬਾਰ ਸਾਹਿਬ ਵੀ ਬੈਠੇ ਹੋਏ ਸਨ। ਸ. ਸਰਦਾਰਾ ਸਿੰਘ ਸਾਬਕਾ ਡੀ.ਸੀ. ਅੰਮ੍ਰਿਤਸਰ, ਸ. ਜੇ. ਐੱਸ. ਕੇਸਰ ਡੀ. ਸੀ. ਜਲੰਧਰ ਅਤੇ ਅੰਮ੍ਰਿਤਸਰ ਦੇ ਇੰਡਸਟਰੀਅਲ ਅਫਸਰ ਵੀ ਬੋਰਡ ਦੇ ਮੈਂਬਰ ਸਨ ਜੋ ਥੋੜ੍ਹੇ ਸਮੇਂ ਵਿਚ ਹੀ ਪੁੱਜ ਗਏ।
ਤੋਸ਼ੇਖਾਨੇ ਦੀ ਸੰਭਾਲ ਲਈ ਬਣਾਏ ਬੋਰਡ ਦੀ ਮੀਟਿੰਗ ਕਰਨ ਸਮੇਂ ਪਹਿਲਾਂ ਤੋਸ਼ੇਖਾਨੇ ਵਾਲਾ ਕਮਰਾ ਖੋਲ੍ਹਿਆ ਗਿਆ। ਟੈਂਕ ਜਾਂ ਤੋਪ ਦਾ ਗੋਲਾ ਕੰਧ ਪਾੜ ਕੇ ਅੰਦਰ ਜਾਣ ਕਾਰਨ ਕੀਮਤੀ ਚਾਨਣੀ, ਜੋ ਨਿਜ਼ਾਮ ਹੈਦਰਾਬਾਦ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਭੇਟ ਕੀਤੀ ਗਈ ਸੀ ਅਤੇ ਜਿਸ ਦੀ ਸੁੰਦਰਤਾ ਤੋਂ ਪ੍ਰਭਾਵਤ ਹੋ ਕੇ ਮਹਾਰਾਜੇ ਵੱਲੋਂ ਇਹ ਚਾਨਣੀ ਹਰਿਮੰਦਰ ਸਾਹਿਬ ਵਿਖੇ ਭੇਟ ਕਰ ਦਿੱਤੀ ਗਈ ਸੀ, ਸੜ ਕੇ ਸਵਾਹ ਹੋ ਚੁਕੀ ਸੀ। ਧੂੰਏਂ ਤੇ ਸੇਕ ਦਾ ਅਸਰ ਜਲੌ ਦੇ ਬਾਕੀ ਸਾਮਾਨ ‘ਤੇ ਵੀ ਨਜ਼ਰ ਆ ਰਿਹਾ ਸੀ ਪਰ ਹਾਲਾਤ ਅਨੁਸਾਰ ਸਾਮਾਨ ਪੂਰਾ ਜਾਪਦਾ ਸੀ। ਤੋਸ਼ੇਖਾਨੇ ਵਾਲੇ ਰਜਿਸਟਰ ਨਾਲ ਮਿਲਾਨ ਕੀਤਾ ਗਿਆ। ਵੇਖਣ ਉਪਰੰਤ ਤਾਲੇ ਲਗਾ ਕੇ ਫੌਜ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਨਿਯਤ ਕੀਤੀ ਗਈ। ਹੋਈ ਕਾਰਵਾਈ ‘ਤੇ ਬੋਰਡ ਦੇ ਮੈਂਬਰਾਂ ਤੋਂ ਛੁੱਟ ਸ. ਕੁਲਦੀਪ ਸਿੰਘ ਮੀਤ ਸਕੱਤਰ ਦੇ ਦਸਤਖ਼ਤ ਵੀ ਕਰਵਾਏ ਗਏ।
ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਸ਼ੋਭਿਤ ਸ਼ਸਤਰਾਂ ਦਾ ਜ਼ਿਕਰ ਆਇਆ ਤਾਂ ਜਥੇਦਾਰ ਕਿਰਪਾਲ ਸਿੰਘ ਜੀ ਨੇ ਦੱਸਿਆ ਕਿ 9 ਜੂਨ ਨੂੰ ਪੰਜਾਂ ਪਿਆਰਿਆਂ ਨੂੰ ਸੱਦ ਕੇ ਭਾਲ ਕੀਤੀ ਜਾ ਚੁਕੀ ਹੈ। ਤਸੱਲੀ ਹੋਣ ‘ਤੇ ਫੌਜੀ ਅਧਿਕਾਰੀਆਂ ਨੇ ਕਿਸੇ ਹੋਰ ਕੀਮਤੀ ਵਸਤੂ ਹੋਣ ਬਾਰੇ ਪੁੱਛਿਆ ਜਿਸ ‘ਤੇ ਮੈਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੀ ਪਾਲਕੀ ‘ਪੁਰ ਸੋਨਾ ਲੱਗਾ ਹੋਇਆ, ਉਸ ਦਾ ਵੇਰਵਾ ਕਿਧਰੇ ਨਹੀਂ ਮਿਲਿਆ ਤਾਂ ਸਾਰੇ ਅਧਿਕਾਰੀ ਮੌਕੇ ‘ਪੁਰ ਗਏ। ਤੋਪਾਂ ਦੇ ਗੋਲਿਆਂ ਨਾਲ ਪਾਲਕੀ ਸਾਹਿਬ ਵਾਲੀ ਜਗ੍ਹਾ ਬੁਰੀ ਤਰ੍ਹਾਂ ਤਬਾਹ ਹੋ ਚੁਕੀ ਸੀ। ਮਲਬੇ ਦੇ ਢੇਰ ਵਿੱਚੋਂ ਕੁਝ ਟੁਕੜੇ ਸੰਬੰਧਤ ਅਧਿਕਾਰੀਆਂ ਨੂੰ ਵਿਖਾਏ ਗਏ ਤਾਂ ਉਨ੍ਹਾਂ ਸੋਨੇ ਦੇ ਪੱਤਰਿਆਂ ਦੀ ਭਾਲ ਦਾ ਵਿਸ਼ਵਾਸ ਦਿਵਾਇਆ। ਉਹ ਕਮਰਾ (ਗੁ: ਕੋਠਾ ਸਾਹਿਬ) ਜਿੱਥੇ ਰਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਹਰਿਮੰਦਰ ਸਾਹਿਬ ਤੋਂ ਲਿਆ ਕੇ ਸੁਸ਼ੋਭਿਤ ਕੀਤੀ ਜਾਂਦੀ ਸੀ, ਅੰਦਰੋਂ ਬਿਲਕੁਲ ਠੀਕ ਸੀ। ਕਿਸੇ ਗੋਲੀ ਆਦਿ ਦਾ ਨਿਸ਼ਾਨ ਨਹੀਂ ਸੀ। ਇਸ ਕਮਰੇ ਦੇ ਦਰਵਾਜ਼ੇ ਅੰਦਰ ਖੜ੍ਹੇ ਹੋ ਕੇ ਵੇਖੀਏ ਤਾਂ ਹਰਿਮੰਦਰ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਬਿਲਕੁਲ ਸਾਹਮਣੇ ਵਿਖਾਈ ਦਿੰਦਾ ਸੀ। ਅਸੀਂ ਇਹ ਵੇਖ ਕੇ ਹੈਰਾਨ ਵੀ ਸਾਂ ਕਿ ਇਤਨੀ ਭਾਰੀ ਗੋਲਾਬਾਰੀ ਸਮੇਂ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬਾਕੀ ਇਮਾਰਤ ਖੰਡਰ ਬਣ ਗਈ ਸੀ ਤਾਂ ਇਹ ਕਮਰਾ ਕਿਸ ਤਰ੍ਹਾਂ ਬਚ ਗਿਆ। ਤਕਰੀਬਨ ਇਕ ਵਜੇ ਤੋਂ ਪਿੱਛੋਂ ਸਾਨੂੰ ਘਰੋ-ਘਰੀ ਪਹੁੰਚਾ ਦਿੱਤਾ ਗਿਆ ਅਤੇ ਸ. ਭਾਨ ਸਿੰਘ ਅਤੇ ਸ. ਅਬਿਨਾਸ਼ੀ ਸਿੰਘ ਨੂੰ ਫੌਜੀ ਅਧਿਕਾਰੀ ਨਾਲ ਲੈ ਗਏ ਪਰ ਇਨ੍ਹਾਂ ਨੇ ਸਾਨੂੰ ਦੱਸ ਦਿੱਤਾ ਸੀ ਕਿ ਹਫਤਾ-ਦਸ ਦਿਨ ਤੀਕ ਇਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ।
9 ਜੂਨ ਸਵੇਰੇ ਅੱਠ ਵਜੇ ਤਿਆਰ ਰਹਿਣ ਲਈ ਸ. ਰਣਜੀਤ ਸਿੰਘ ਮੈਨੇਜਰ ਨੇ ਮੈਨੂੰ ਕਿਹਾ। ਮਿਥੇ ਸਮੇਂ ‘ਤੇ ਕਰਨਲ ਗੁਰਾਇਆ ਅਤੇ ਸ. ਰਣਜੀਤ ਸਿੰਘ ਛੋਟੀ ਜੀਪ ਵਿਚ ਘਰੋਂ ਲੈ ਗਏ। ਫੌਜ ਦੀ ਇਕ ਜੀਪ ਸਾਡੇ ਨਾਲ ਹੋਰ ਸੀ। ਸਾਨੂੰ ਦੱਸਿਆ ਗਿਆ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਖੇ ਕੁਝ ਪੁਸਤਕਾਂ ਬਾਰੇ ਜਾਣਕਾਰੀ ਲੈਣੀ ਹੈ। ਗੁਰੂ ਰਾਮਦਾਸ ਨਿਵਾਸ ਦੇ ਸਾਹਮਣੇ ਸਾਨੂੰ ਉਤਾਰ ਕੇ ਡਿਓੜੀ ਰਾਹੀਂ ਪਰਕਰਮਾ ਵਿਚ ਲਿਜਾਇਆ ਗਿਆ। ਡਿਓੜੀ ਤੋਂ ਹੇਠਾਂ ਉਤਰਨ ਵਾਲੇ ਸੰਗਮਰਮਰ ਦੇ ਪੌੜ ਟੁੱਟੇ ਹੋਏ ਸਨ। ਸਾਨੂੰ ਦੱਸਿਆ ਗਿਆ ਕਿ ਟੈਂਕ ਇਸੇ ਰਸਤੇ ਪਰਕਰਮਾ ਵਿਚ ਉਤਾਰੇ ਗਏ ਸਨ। ਪਰਕਰਮਾ ਵਿਚ ਨੰਗੇ ਪੈਰੀਂ ਤੁਰਨਾ ਮੁਸ਼ਕਿਲ ਹੋ ਰਿਹਾ ਸੀ। ਪਰਕਰਮਾ ਸਵਾਹ, ਇੱਟਾਂ ਅਤੇ ਸੰਗਮਰਮਰ ਦੀਆਂ ਕੰਕਰਾਂ ਨਾਲ ਭਰੀਆਂ ਹੋਈਆਂ ਸਨ। ਟੈਂਕਾਂ ਦੇ ਚੱਲਣ ਨਾਲ ਸੰਗਮਰਮਰ ‘ਤੇ ਝਰੀਟਾਂ ਅਤੇ ਤਰੇੜਾਂ ਸਾਫ਼ ਦਿੱਸ ਰਹੀਆਂ ਸਨ। ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਹੀ ਕਈ ਥਾਵਾਂ ‘ਤੇ ਸੰਗਮਰਮਰ ਹੇਠਾਂ ਦੱਬਿਆ ਹੋਇਆ ਤੇ ਟੁੱਟਾ ਹੋਇਆ ਸੀ ਜਿਸ ਬਾਰੇ ਦੱਸਿਆ ਗਿਆ ਕਿ ਇਸ ਥਾਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਟੈਂਕਾਂ ਰਾਹੀਂ ਗੋਲੇ ਚਲਾਏ ਗਏ ਸਨ।
ਇਹੋ ਹਾਲਤ ਆਟਾ ਮੰਡੀ ਵਾਲੀ ਡਿਓੜੀ ਤੀਕ ਸੀ। ਪਰ ਫਰਸ਼ ‘ਤੇ ਟੈਂਕਾਂ ਦੀ ਰਗੜ ਅੱਗੇ ਤੀਕ ਵੀ ਜਾਂਦੀ ਸੀ। ਅਸਾਂ ਭਾਂਪ ਲਿਆ ਕਿ ਇਸ ਪਾਸੇ ਤੋਂ ਟੈਂਕਾਂ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਗਈ ਸੀ। ਆਟਾ ਮੰਡੀ ਵਾਲੀ ਡਿਓੜੀ ਲਾਗੇ ਇਕ ਨਾਇਬ ਸੂਬੇਦਾਰ ਜਿਸ ਦਾਹੜੀ ਟਰਿਮ ਕੀਤੀ ਹੋਈ ਸੀ, ਫੌਜੀ ਸਫਾਈ ਮਹਿਕਮੇ ਦੇ ਜਵਾਨਾਂ ਨਾਲ ਫਲੀਟਾਂ ਪਾਈ ਕੰਮ ਕਰਵਾ ਰਿਹਾ ਸੀ। ਉਸ ਨੇ ਦੱਸਿਆ ਕਿ ਨੰਗੇ ਪੈਰੀਂ ਕੰਮ ਨਹੀਂ ਹੋ ਸਕਦਾ। ਡਿਓੜੀ ਉੱਪਰ ਚੜ੍ਹ ਕੇ ਜਦੋਂ ਅਸੀਂ ਰੈਫਰੈਂਸ ਲਾਇਬ੍ਰੇਰੀ ਦੀਆਂ ਪੌੜੀਆਂ ਪਾਸ ਗਏ ਤਾਂ ਸਾਨੂੰ ਇਹ ਵੇਖ ਕੇ ਬਹੁਤ ਦੁੱਖ ਹੋਇਆ ਕਿ ਪੌੜੀਆਂ ਚੜ੍ਹਨ ਤੋਂ ਪਹਿਲਾਂ ਖੱਬੇ ਪਾਸੇ ਵਾਲੀ ਦੁਕਾਨ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ ਇਕੱਤਰ ਕਰ ਕੇ ਰੈਕਾਂ ਵਿਚ ਰੱਖੀਆਂ ਹੋਈਆਂ ਸਨ, ਅੰਦਰ ਇਕ ਮੰਜੇ ‘ਤੇ ਬੈਠਾ ਫੌਜੀ ਸਿਪਾਹੀ ਸਿਗਰਟ ਪੀ ਰਿਹਾ ਸੀ। ਸਾਡੇ ਇਤਰਾਜ਼ ਕਰਨ ‘ਤੇ ਫੌਜੀ ਨੇ ਸਿਗਰਟ ਪੀਣੀ ਤਾਂ ਬੰਦ ਕਰ ਦਿੱਤੀ ਪਰ ਮੰਜੇ ਉੱਪਰ ਬੈਠਾ ਰਿਹਾ। ਅਸਾਂ ਕਰਨਲ ਗੁਰਾਇਆ ਨੂੰ ਸਮਝਾਇਆ ਤਾਂ ਉਸ ਨੇ ਭਰੋਸਾ ਦਿਵਾਇਆ ਕਿ ਇਸ ਕਮਰੇ ਨੂੰ ਤਾਲਾ ਲਾ ਕੇ ਪੂਰੀ ਸੰਭਾਲ ਕਰ ਲਈ ਜਾਵੇਗੀ। ਇਸ ਕਮਰੇ ਬਾਰੇ ਹੀ ਉਨ੍ਹਾਂ ਨੂੰ ਜਾਣਕਾਰੀ ਦੀ ਲੋੜ ਜ਼ਿਆਦਾ ਸੀ। ਉੱਪਰ ਜਾ ਕੇ ਵੇਖਿਆ ਤਾਂ ਕਮਰੇ ਸਾਰੇ ਠੀਕ ਸਨ ਪਰ ਅਲਮਾਰੀਆਂ ਵਿੱਚੋਂ ਪੁਸਤਕਾਂ ਗਾਇਬ ਸਨ। ਫਿਰ ਵੀ ਕਈ ਕੀਮਤੀ ਪੁਸਤਕਾਂ ਖਿੱਲਰੀਆਂ ਹੋਈਆਂ ਸਨ। ਅੱਗੇ ਜਾ ਕੇ ਝਾਤ ਮਾਰੀ ਤਾਂ ਡਿਓੜੀ ਦੇ ਉੱਪਰ ਵਾਲੇ ਸਾਰੇ ਹਿੱਸੇ ਵਿਚ ਰੈਕ ਸੜੇ ਹੋਏ ਸਨ ਅਤੇ ਸਵਾਹ ਦੇ ਢੇਰ ਲੱਗੇ ਹੋਏ ਸਨ। ਇਸ ਥਾਂ ‘ਤੇ ਆਮ ਤੌਰ ‘ਤੇ ਅਖ਼ਬਾਰਾਂ ਹੀ ਰੱਖੀਆਂ ਹੋਈਆਂ ਸਨ ਜਿਨ੍ਹਾਂ ਤੋਂ ਬਹੁਤ ਪੁਰਾਣੇ ਰੈਫਰੈਂਸ ਲਏ ਜਾ ਸਕਦੇ ਸਨ। ਇਹ ਗੱਲ ਸਾਫ਼ ਸੀ ਕਿ ਕੀਮਤੀ ਪੁਸਤਕਾਂ ਸਾੜੀਆਂ ਨਹੀਂ ਸਗੋਂ ਲਿਜਾਈਆਂ ਜਾ ਚੁਕੀਆਂ ਸਨ। ਜੋ ਪੁਸਤਕਾਂ ਉਸ ਸਮੇਂ ਉਥੇ ਖਿੱਲਰੀਆਂ ਪਈਆਂ ਸਨ ਬਾਅਦ ਵਿਚ ਉਨ੍ਹਾਂ ਵਿੱਚੋਂ ਵੀ ਕੋਈ ਪੁਸਤਕ ਨਹੀਂ ਮਿਲ ਸਕੀ। ਤਕਰੀਬਨ 9-30 ਵਜੇ ਤੀਕ ਅਸੀਂ ਪਰਕਰਮਾ ਵਿੱਚੋਂ ਬਾਹਰ ਆ ਗਏ ਤਾਂ ਸਾਨੂੰ ਮਿਲਟਰੀ ਦੇ ਕੈਂਪ ਵਿਚ ਕਰਨਲ ਗੁਰਾਇਆ ਲੈ ਗਏ ਜਿੱਥੇ ਉਨ੍ਹਾਂ ਸਾਨੂੰ ਆਪਣੇ ਦਫ਼ਤਰ ਵਿਚ ਬਿਠਾਇਆ ਅਤੇ ਦੱਸਿਆ ਕਿ 11-30 ਵਜੇ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੈ ਜਿਸ ਵਿਚ ਫੌਜੀ ਅਧਿਕਾਰੀਆਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਪੁਲੀਸ ਦੇ ਨੁਮਾਇੰਦੇ ਵੀ ਹਨ, ਤੁਸਾਂ ਆਪਣੇ ਮੁਲਾਜ਼ਮਾਂ ਦੀ ਪਛਾਣ ਕਰਨੀ ਹੈ। ਸਾਨੂੰ ਦਫ਼ਤਰ ਵਿਚ ਚਾਹ ਪਿਲਾਈ ਗਈ। ਕਰਨਲ ਗੁਰਾਇਆ ਕੁਝ ਸਮੇਂ ਲਈ ਦਫ਼ਤਰ ਵਿੱਚੋਂ ਬਾਹਰ ਚਲਾ ਗਿਆ। ਇਥੇ ਦਫ਼ਤਰ ਵਿਚ ਇਕ ਮੇਜਰ ਬੈਠਾ ਸੀ। ਚਾਹ ਪੀਂਦਿਆਂ ਉਸ ਨੇ ਕਿਹਾ ਕਿ “ਸਰਦਾਰ ਜੀ, ਇਸ ਮਿਲਟਰੀ ਐਕਸ਼ਨ ਕੇ ਬਾਰੇ ਮੇਂ ਆਪ ਕਾ ਕਿਆ ਵਿਚਾਰ ਹੈ ?”
ਮੈਂ ਠਰ੍ਹੰਮੇ ਨਾਲ ਗੱਲ ਕਰਦਿਆਂ ਉਸ ਨੂੰ ਦੱਸਿਆ ਇਸ ਕਾਰਵਾਈ ਵਿਚ ਫੌਜ ਦਾ ਹਿੱਸਾ ਲੈਣਾ ਦੇਸ਼ ਲਈ ਹਾਨੀਕਾਰਕ ਹੈ ਕਿਉਂਕਿ ਫੌਜ ਦਾ ਸਤਿਕਾਰ ਜਨਤਾ ਦੇ ਮਨਾਂ ਵਿਚ ਇਸ ਕਰਕੇ ਜ਼ਿਆਦਾ ਹੁੰਦਾ ਹੈ ਕਿ ਹਰ ਕੋਈ ਜਾਣਦਾ ਹੈ ਕਿ ਫੌਜ ਨੇ ਬਾਹਰਲੇ ਹਮਲਾਵਰਾਂ ਤੋਂ ਦੇਸ਼ ਨੂੰ ਬਚਾਉਣਾ ਹੁੰਦਾ ਹੈ। ਇਸੇ ਕਰਕੇ 1965 ਅਤੇ 1971 ਦੀਆਂ ਪਾਕਿਸਤਾਨ ਨਾਲ ਹੋਈਆਂ ਲੜਾਈਆਂ ਵਿਚ ਜੋ ਹਿੱਸਾ ਪੰਜਾਬੀਆਂ ਨੇ ਪਾਇਆ ਜਿਵੇਂ ਅਸਲਾ, ਰਾਸ਼ਨ, ਦੁੱਧ ਅਤੇ ਖਾਣ-ਪੀਣ ਵਾਲੀਆਂ ਵਸਤੂਆਂ ਅਗਲੇ ਮੋਰਚਿਆਂ ਤੀਕ ਪੁਚਾ ਕੇ ਜਵਾਨਾਂ ਦੇ ਹੌਸਲੇ ਵਧਾਏ, ਜੇਕਰ ਜਨਤਾ ਦਾ ਸਹਿਯੋਗ ਨਾ ਹੁੰਦਾ ਤਾਂ ਭਾਰਤੀ ਫੌਜ ਦਾ ਇਥੋਂ ਪਾਕਿਸਤਾਨ ਅੱਗੇ ਟਿਕਣਾ ਮੁਸ਼ਕਿਲ ਸੀ। ਉਸ ਸਮੇਂ ਫੌਜੀ ਜਵਾਨਾਂ ਲਈ ਲੋਕਾਂ ਦੀ ਹਮਦਰਦੀ ਸੀ ਅਤੇ ਇਸ ਐਕਸ਼ਨ ਪਿੱਛੋਂ ਫੌਜ ਪ੍ਰਤੀ ਨਫ਼ਰਤ ਪੈਦਾ ਹੋ ਗਈ ਹੈ। ਪਰਮਾਤਮਾ ਨਾ ਕਰੇ, ਜੇ ਕਿਧਰੇ ਫਿਰ ਲੜਾਈ ਲੱਗੀ ਤਾਂ ਫੌਜ ਨੂੰ ਇਥੇ ਦੂਣੀ ਤਾਕਤ ਦੀ ਵਰਤੋਂ ਕਰਨੀ ਪਵੇਗੀ। ਉਸ ਨੇ ਇਸ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਪਰ ਨਾਲ ਹੀ ਕਿਹਾ ਕਿ ਫੌਜੀ ਜਵਾਨ ਦੇ ਕੀ ਵੱਸ ਹੈ, ਇਹ ਤਾਂ ਹੁਕਮ ਮੰਨਣ ਵਾਲੇ ਹਨ, ਇਹ ਸੋਚ ਤਾਂ ਹਾਕਮਾਂ ਨੂੰ ਹੋਣੀ ਚਾਹੀਦੀ ਹੈ ਕਿ ਫੌਜ ਨੂੰ ਘਰੇਲੂ ਮਸਲਿਆਂ ਵਿਚ ਨਾ ਵਰਤਣ।
ਨਿਯਤ ਸਮੇਂ ‘ਤੇ ਕਰਨਲ ਗੁਰਾਇਆ ਛਾਉਣੀ ਵਿਚਲੇ ਸਕੂਲ ਵਿਚ ਲੈ ਗਿਆ। ਸਾਨੂੰ ਦਫ਼ਤਰ ਵਿਚ ਬਿਠਾ ਦਿੱਤਾ ਗਿਆ। ਸਕੂਲ ਦੀ ਇਮਾਰਤ ਦੀ ਦੂਸਰੀ ਮੰਜ਼ਲ ‘ਤੇ ਸਾਡੇ ਕੁਝ ਮੁਲਾਜ਼ਮਾਂ ਨੇ ਸਾਨੂੰ ਵੇਖ ਲਿਆ ਅਤੇ ਹੱਥ ਨਾਲ ਇਸ਼ਾਰੇ ਕਰਨ ਲੱਗੇ। ਅਸੀਂ ਕਮਰੇ ਤੋਂ ਬਾਹਰ ਵੀ ਨਹੀਂ ਸਾਂ ਜਾ ਸਕਦੇ। ਗਿਆਨੀ ਪ੍ਰੀਤਮ ਸਿੰਘ ਜੀ ਹੈੱਡ ਗ੍ਰੰਥੀ ਅਕਾਲ ਤਖ਼ਤ ਸਾਹਿਬ ਬਰਾਂਡੇ ਵਿਚ ਆਏ। ਉਨ੍ਹਾਂ ਦੇ ਗਲ਼ ਵਿਚ ਪਾਟੀ ਹੋਈ ਚਿੱਕੜ ਵਰਗੀ ਬੁਨੈਣ ਅਤੇ ਕਛਹਿਰਾ ਸੀ। ਇਹੋ ਜਿਹੀ ਹੀ ਦਸ਼ਾ ਬਾਕੀਆਂ ਦੀ ਵੀ ਸੀ। ਅਸੀਂ ਮਾਯੂਸ ਬੈਠੇ ਕੁਝ ਨਹੀਂ ਸੀ ਕਰ ਸਕਦੇ। ਪਰ ਆਸ ਸੀ ਕਿ ਇਨ੍ਹਾਂ ਦੀ ਪਹਿਚਾਣ ਹੋਣ ਪਿੱਛੋਂ ਇਨ੍ਹਾਂ ਨੂੰ ਛੁਟਕਾਰਾ ਮਿਲ ਜਾਵੇਗਾ। ਦੁਪਹਿਰੇ 2-30 ਵਜੇ ਤੀਕ ਸਿਵਲ ਅਧਿਕਾਰੀ ਕਿਸੇ ਕਾਰਨ ਨਾ ਪੁੱਜੇ ਪਰ ਇਹ ਫੌਜੀ ਕਰਨਲ ਸ਼ਰਮਾ ਜੋ ਬੰਦੀਆਂ ਦਾ ਇੰਚਾਰਜ ਵੀ ਲੱਗਦਾ ਸੀ, ਬੜੇ ਗੁੱਸੇ ਵਿਚ ਬੋਲਿਆ ਕਿ ਅਸੀਂ ਇਹੋ ਜਿਹੀ ਸਿਆਸਤ ਨਹੀਂ ਚੱਲਣ ਦੇਣੀ, ਕੋਈ ਪਛਾਣ ਨਹੀਂ ਕਰਾਉਣੀ। ਕਰਨਲ ਗੁਰਾਇਆ ਸਾਨੂੰ ਨਾਲ ਲੈ ਕੇ ਗੁੱਸੇ ਵਿਚ ਬੋਲਦਾ ਬਾਹਰ ਆ ਗਿਆ ਕਿ ਤੁਸੀਂ ਕਿੰਨੇ ਦੇਸ਼ ਭਗਤ ਹੋ, ਮੈਂ ਜਾਣਦਾ ਹਾਂ। ਸਾਂਬਾ ਸੈਕਟਰ ਵਿਚ ਪਾਕਿਸਤਾਨ ਨਾਲ ਜਾਸੂਸੀ ਕਰਦੇ 7 ਸ਼ਰਮੇ ਅਫ਼ਸਰ ਹੀ ਫੜੇ ਗਏ ਸਨ। ਪਰ ਇਹ ਤਾਂ ਆਪਣੇ ਕੰਢੇ ਲੂਹਣ ਵਾਲੀ ਗੱਲ ਸੀ। ਉਹ ਵੀ ਮਾਯੂਸ ਸੀ। ਫਿਰ ਵੀ ਉਸ ਨੇ ਕਿਹਾ ਕਿ ਘੱਟੋ-ਘੱਟ ਢਾਈ ਵਜੇ ਤੀਕ ਕਮੇਟੀ ਮੈਂਬਰਾਂ ਦੀ ਉਡੀਕ ਕਰ ਲਈਏ, ਸ਼ਾਇਦ ਗੱਲ ਬਣ ਜਾਵੇ। ਕਰਨਲ ਗੁਰਾਇਆ ਪੂਰੀ ਹਮਦਰਦੀ ਨਾਲ ਸਾਡੇ ਨਾਲ ਵਿਚਰ ਰਿਹਾ ਸੀ। ਧਰਵਾਸ ਦਿੰਦਿਆਂ, ਗੱਲਾਂ ਕਰਦਿਆਂ ਫੌਜੀ ਭਰਤੀ ਆਫਿਸ ਸਾਹਮਣੇ ਆਫੀਸਰ ਮੈੱਸ ਵਿਚ ਸਾਨੂੰ ਲਿਜਾ ਕੇ ਜ਼ੋਰ ਦੇ ਕੇ ਦੋ-ਦੋ ਫੁਲਕੇ ਛਕਾਏ। ਸਾਡੇ ਮਨ ਤਾਂ ਭਰੇ ਹੋਏ ਸਨ ਪਰ ਸਮਾਂ ਕਾਫ਼ੀ ਹੋ ਜਾਣ ਕਾਰਨ ਭੁੱਖ ਵੀ ਲੱਗੀ ਸੀ। ਕਾਫ਼ੀ ਸਮੇਂ ਦੀ ਉਡੀਕ ਤੋਂ ਪਿੱਛੋਂ ਨਿਰਾਸ਼ਾ ਭਰੀ ਹਾਲਤ ਵਿਚ ਉਹ ਸਾਨੂੰ ਘਰੀਂ ਛੱਡ ਗਿਆ।
ਸਾਨੂੰ ਬਾਅਦ ਵਿਚ ਪਤਾ ਲੱਗਾ ਕਿ ਦੋ ਦਿਨ ਪਹਿਲਾਂ ਸ. ਸੁਰਜੀਤ ਸਿੰਘ ਮੀਤ ਸਕੱਤਰ, ਸ. ਗੁਰਬਚਨ ਸਿੰਘ ਚਾਂਦ ਚੀਫ ਗੁ: ਇੰਸਪੈਕਟਰ ਅਤੇ ਸ. ਹਰਪਾਲ ਸਿੰਘ ਅਰਦਾਸੀਆ ਪਾਸੋਂ ਵੀ ਕੁਝ ਮੁਲਾਜ਼ਮਾਂ ਦੀ ਸ਼ਨਾਖਤ ਕਰਵਾਈ ਗਈ ਸੀ। ਨੌਜਵਾਨ ਮੁਲਾਜ਼ਮਾਂ ਨੂੰ ਤਾਂ ਫੌਜ ਨੇ ਨਹੀਂ ਛੱਡਿਆ ਜਦਕਿ 35 ਸਾਲ ਤੋਂ ਉੱਪਰ ਦੇ ਮੁਲਾਜ਼ਮਾਂ ਸਮੇਤ ਗਿਆਨੀ ਪ੍ਰੀਤਮ ਸਿੰਘ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੁਝ ਦਿਨਾਂ ਬਾਅਦ ਛੱਡ ਦਿੱਤਾ ਗਿਆ ਸੀ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ