editor@sikharchives.org
Akal Takhat Sahib

ਸ੍ਰੀ ਅਕਾਲ ਤਖ਼ਤ ਸਾਹਿਬ

ਗੁਰੂ ਮਹਾਰਾਜ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਇਕ ਅਜਿਹੀ ਅਥਾਰਟੀ ਸੀ ਜਿਸ ਨੇ ਸਿੱਖਾਂ ਦੇ ਅੰਦਰ ਸਮੇਂ ਦੀ ਹਕੂਮਤ ਵਿਰੁੱਧ ਰਾਜਨੀਤਿਕ ਕੇਂਦਰ ਦਾ ਅਹਿਸਾਸ ਪੈਦਾ ਕਰਨਾ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰੂ ਨਾਨਕ ਨਾਮ ਲੇਵਾ ਸਿੱਖ ਚਾਹੇ ਦੇਸ਼ ਜਾਂ ਵਿਦੇਸ਼ ਵਿਚ ਹੋਵੇ ਜਦੋਂ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਯਾਦ ਕਰਦਾ ਹੈ ਤਾਂ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਰਸਭਿੰਨੀ ਕੀਰਤਨ ਦੀ ਬੁਛਾਰ ਨੂੰ ਮਹਿਸੂਸ ਕਰਦਾ ਹੈ ਉਥੇ ਬੀਰ-ਰਸ ਨਾਲ ਓਤ-ਪੋਤ ਸ਼ਾਹੀ ਜਾਹੋ-ਜ਼ਲਾਲ ਵਾਲੇ ਅਕਾਲ ਪੁਰਖ ਦੇ ਤਖ਼ਤ ਦੀ ਸੁਹਾਵਣੀ ਛਵੀ ਵੀ ਉਸ ਦੀਆਂ ਅੱਖਾਂ ਸਾਹਮਣੇ ਆ ਜਾਂਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੇ ਮੰਨੇ ਹੋਏ ਪੰਜ ਤਖ਼ਤਾਂ ਵਿੱਚੋਂ ਪਹਿਲਾ ਸਰਵ-ਉੱਚ ਤਖ਼ਤ ਹੈ ਜਿਸ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਕਰ-ਕਮਲਾਂ ਨਾਲ ਉਸਾਰਿਆ। ਇਸ ਤੋਂ ਜਾਰੀ ਹੋਏ ਹੁਕਮ ਦੀ ਉਲੰਘਣਾ ਕਰਨੀ ਮਾਨੋ ਆਪਣੇ-ਆਪ ਨੂੰ ਸਾਰੇ ਸਿੱਖ ਪੰਥ ਤੋਂ ਅੱਡ ਕਰ ਲੈਣ ਦੇ ਬਰਾਬਰ ਹੈ।

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬੇਵਕਤ ਅਤੇ ਸ਼ਾਂਤਮਈ ਸ਼ਹਾਦਤ ਨੇ ਸਿੱਖਾਂ ਦੇ ਅੰਦਰ ਗ਼ਮ ਤੇ ਗੁੱਸੇ ਦੀ ਲਹਿਰ ਨੂੰ ਜਨਮ ਦਿੱਤਾ। ਗੁਰੂ ਜੀ ਸਮਝਦੇ ਸਨ ਕਿ ਅਗਾਂਹ ਸਮਾਂ ਸ਼ਾਂਤਮਈ ਰਹਿਣ ਦਾ ਨਹੀਂ ਹੈ, ਇਸ ਲਈ ਸਤਿਗੁਰਾਂ ਨੇ ਸਿੱਖਾਂ ਨੂੰ ਵੱਖ-ਵੱਖ ਖੇਤਰਾਂ ਵਿਚ ਫੈਲਾਉਣ ਦਾ ਯਤਨ ਕੀਤਾ। ਉਨ੍ਹਾਂ ਨੂੰ ਘੋੜਿਆਂ ਦੇ ਵਪਾਰ ਵਿਚ ਪਾਇਆ ਅਤੇ ਜੰਗਲ-ਦੇਸ਼ (ਮਾਲਵੇ ਖੇਤਰ) ਵਿਚ ਸੁਤੰਤਰ ਸੋਚ ਦੇ ਧਾਰਨੀ ਜੱਟ ਕਬੀਲਿਆਂ ਨੂੰ ਸਿੱਖ ਧਰਮ ਵਿਚ ਲਿਆਂਦਾ ਜਿਸ ਨਾਲ ਸਿੱਖ-ਲਹਿਰ ਦਾ ਸੁਭਾਅ ਜੰਗ-ਜੂਹ ਹੁੰਦਾ ਗਿਆ। ਇਹੀ ਗੱਲ ਸਮੇਂ ਦੀ ਸਰਕਾਰ ਨੂੰ ਕੰਡੇ ਵਾਂਗ ਚੁੱਭਦੀ ਸੀ। ਗੁਰੂ ਸਾਹਿਬ ਦੇ ਬਲੀਦਾਨ ਦੇ ਸਮੇਂ ਤਕ ਇਹ ਲਹਿਰ ਕਾਫੀ ਪ੍ਰਚੰਡ ਹੋ ਗਈ ਸੀ। ਸਤਿਗੁਰਾਂ ਨੇ ਸ਼ਹੀਦੀ ਤੋਂ ਪਹਿਲਾਂ ਸਿੱਖਾਂ ਨੂੰ ਹਥਿਆਰਬੰਦ ਹੋਣ ਲਈ ਕਿਹਾ ਸੀ ਜਿਸ ਦੇ ਸਿੱਟੇ ਵਜੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ’ਤੇ ਬੈਠਦਿਆਂ ਦੋ ਕ੍ਰਿਪਾਨਾਂ ਧਾਰਨ ਕੀਤੀਆਂ:

“ਦੋ ਤਲਵਾਰੀਂ ਬੱਧੀਆਂ, ਇਕ ਮੀਰੀ ਦੀ ਇਕ ਪੀਰਿ ਦੀ।
ਇਕ ਅਜ਼ਮਤ ਦੀ, ਇਕ ਰਾਜ ਦੀ,
ਇਕ ਰਾਖੀ ਕਰੇ ਵਜ਼ੀਰ ਦੀ।
ਹਿੰਮਤ ਬਾਹਾਂ ਕੋਟਗੜ੍ਹ, ਦਰਵਾਜ਼ਾ ਬਲਖ ਬਖੀਰ ਦੀ।
ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਜੀ।
ਪੱਗ ਤੇਰੀ, ਕੀ ਜਹਾਂਗੀਰ ਦੀ?”1

ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਦਰਸ਼ਨੀ ਡਿਉੜੀ ਦੇ ਠੀਕ ਸਾਹਮਣੇ ‘ਕੋਠਾ ਸਾਹਿਬ’ ਦੀ ਉੱਤਰ-ਪੂਰਬੀ ਬਾਹੀ ਇਕ ਉੱਚਾ ਥੜ੍ਹਾ ਆਪਣੀ ਹੱਥੀਂ ਬਣਾਇਆ ਜਿਸ ਦਾ ਨਾਂ ‘ਅਕਾਲ ਬੁੰਗਾ’ ਰੱਖਿਆ ਜਿਸ ਦਾ ਜ਼ਿਕਰ ਮਹਾਨ ਕਵੀ ਭਾਈ ਸੰਤੋਖ ਸਿੰਘ ਆਪਣੀ ਰਚਨਾ ਵਿਚ ਇਉਂ ਕਰਦੇ ਹਨ-

“ਪ੍ਰਥਮ ਆਪਨੇ ਲੇ ਕਰਿ ਹਾਥ। ਧਰੀ ਈਂਟ ਬਲ ਤੇਜ ਕੇ ਸਾਥ।
ਕਹ੍ਯੋ, ‘ਕੁਛਕ ਊਚਾ ਥਲ ਕਰੋ।
ਜਹਿˆ ਲਗਿ ਪੌਰ ਏਕ ਸਮ ਧਰੋ॥16॥”2

ਸਮਾਂ ਪਾ ਕੇ ਇਸ ‘ਅਕਾਲ ਬੁੰਗੇ’ ਦਾ ਨਾਂ ‘ਸ੍ਰੀ ਅਕਾਲ ਤਖ਼ਤ ਸਾਹਿਬ’ ਹੋ ਗਿਆ ਕਿਉਂਕਿ ਇਸ ਨੂੰ ਅਕਾਲ ਪੁਰਖ ਦੀ ਮਰਜ਼ੀ ਨਾਲ ਬਣਾਇਆ ਗਿਆ ਮੰਨਿਆ ਜਾਂਦਾ ਹੈ ਜਿਸਦੀ ਪੁਸ਼ਟੀ ਗੁਰ ਬਿਲਾਸ ਦੇ ਕਰਤਾ ਨੇ ਇਉਂ ਕੀਤੀ ਹੈ-

“ਦੋਹਰਾ॥
ਕਹਿ ਭਗਵੰਤ ਨਿਜ ਮੋਹਿ ਮੈ ਭੇਦ ਕਛੂ ਨਹਿ ਚੀਨ।
ਅਕਾਲ ਤਖਤ ਯਹ ਨਾਮੁ ਧਰਿ ਤੋਹਿ ਨਾਮੁ ਨਹਿ ਕੀਨ॥50”3

ਏਸ ਤਖ਼ਤ ਸਾਹਿਬ ’ਤੇ ਹੀ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੁਰਗੱਦੀ ਉੱਪਰ ਬਿਰਾਜਮਾਨ ਹੋਣ ਦੀ ਰਸਮ ਬਾਬਾ ਬੁੱਢਾ ਜੀ ਨੇ ਸੰਪੰਨ ਕੀਤੀ।

ਏਥੇ ਇਕ ਗੱਲ ਹੋਰ ਵਰਣਨਯੋਗ ਹੈ ਕਿ ਗੁਰੂ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਂਹ ਕਿਸੇ ਤੋਂ ਨਹੀਂ ਰਖਵਾਈ ਅਤੇ ਇਸ ਦੀ ਉਸਾਰੀ ਵੀ ਕਿਸੇ ਰਾਜ-ਮਿਸਤਰੀ ਤੋਂ ਕਰਵਾਉਣ ਦੀ ਬਜਾਏ ਆਪਣੇ ਕਰ-ਕਮਲਾਂ ਨਾਲ ਕੀਤੀ ਅਤੇ ਆਪਣੇ ਦੋ ਵਿਦਵਾਨ ਬਜ਼ੁਰਗਾਂ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੇ ਹੱਥੀਂ ਕਰਵਾਈ। ਜਿਸ ਦੀ ਗਵਾਹੀ ‘ਗੁਰ ਬਿਲਾਸ ਪਾਤਸ਼ਾਹੀ 6’ ਵਿਚ ਸਪੱਸ਼ਟ ਮਿਲਦੀ ਹੈ-

“ਗੁਰਦਾਸ ਬੁੱਢੇ ਕੋ ਲੈ ਨਿਜ ਸਾਥ।
ਤਖਤ ਅਰੰਭ ਕਰ ਦੀਨਾ ਨਾਥ॥
ਜਹ ਭਗਵੰਤ ਥੀ ਆਗਿਆ ਦਈ।
ਤਹਾਂ ਅਰੰਭ ਗੁਰੂ ਜੀ ਕਈ॥36॥…

ਕਰ ਅਰਦਾਸ ਸ੍ਰੀ ਸਤਿ ਗੁਰੂ ਪੁਨ ਪ੍ਰਸਾਦਿ ਵਰਤਾਇ।
ਪ੍ਰਿਥਮ ਨੀਂਵ ਸ੍ਰੀ ਗੁਰੁ ਰਖੀ ਅਬਚਲ ਤਖਤ ਸੁਹਾਇ॥38॥
ਕਿਸੀ ਰਾਜ ਨਹਿˆ ਹਾਥ ਲਗਾਯੋ।
ਬੁੱਢੇ ਔ ਗੁਰਦਾਸ ਬਨਾਯੋ।”4

ਗੁਰਤਾ-ਗੱਦੀ ਉੱਤੇ ਬੈਠਦਿਆਂ ਛੇਵੇਂ ਪਾਤਸ਼ਾਹ ਨੇ ਦੋ ਕ੍ਰਿਪਾਨਾਂ ਪਹਿਨੀਆਂ ਜੋ ਸਿੱਖ ਸੰਗਤ ਨੂੰ ਮੀਰੀ-ਪੀਰੀ (ਭਗਤੀ ਤੇ ਸ਼ਕਤੀ) ਦੇ ਸੁਮੇਲ ਦਾ ਸਪੱਸ਼ਟ ਸੰਕੇਤ ਸੀ, ਗੁਰੂ ਜੀ ਨੇ ਮੀਰੀ ਦੀ ਕ੍ਰਿਪਾਨ ਨੂੰ ਅੱਗੇ ਤੋਂ ਸਿੱਖ-ਸਿਧਾਂਤ ਅਨੁਸਾਰ ਪੀਰੀ ਦਾ ਇਕ ਅਨਿੱਖੜਵਾਂ ਅੰਗ ਕਰਾਰ ਦਿੱਤਾ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਵੱਖਰੇ ਝੰਡੇ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕਰਕੇ ਇਹ ਪ੍ਰਗਟ ਕਰਨਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਰਯਾਦਾ ਤੋਂ ਵੱਖਰੇ ਹੋਣ ਦੇ ਬਾਵਜੂਦ ਮਕਸਦ ਸਾਂਝਾ ਹੋਣ ਕਰਕੇ ਘੁਲੇ ਮਿਲੇ ਵੀ ਹਨ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸੀਸ ’ਤੇ ਕਲਗੀ, ਖੱਬੇ ਤੇ ਸੱਜੇ ਪਾਸੇ ਮੀਰੀ ਤੇ ਪੀਰੀ ਦੀਆਂ ਕ੍ਰਿਪਾਨਾਂ ਪਹਿਨ ਸ਼ਾਹੀ ਅੰਦਾਜ ਵਿਚ, ਬੀਰ-ਰਸੀ ਆਸਣ ਗ੍ਰਹਿਣ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਵੇਰੇ ਸ਼ਾਮ ਦੀਵਾਨ ਲਾਉਂਦੇ ਤੇ ਸੰਗਤਾਂ ਨੂੰ ਦਰਸ਼ਨ ਦੇਂਦੇ ਸਨ। ਗੁਰੂ ਸਾਹਿਬ ਇਥੇ ਬੀਰਤਾ ਭਰਪੂਰ ਸਾਖੀਆਂ ਸੁਣਾਉਂਦੇ ਅਤੇ ਨਾਮੀ ਸਿੱਖਾਂ ਤੇ ਮਸੰਦਾਂ ਨੂੰ ਮਿਲਦੇ ਸਨ। ਇਥੇ ਅਬਦੁੱਲਾ ਤੇ ਨੱਥਾ ਢਾਡੀ ਬੀਰ-ਰਸੀ ਵਾਰਾਂ ਗਾਉਂਦੇ ਸਨ। ਇਥੇ ਕੁਸ਼ਤੀਆਂ ਤੇ ਹਰ ਤਰ੍ਹਾਂ ਦੀਆਂ ਕਸਰਤਾਂ ਵੀ ਹੁੰਦੀਆਂ ਸਨ। ਇਥੇ ਹਰ ਪ੍ਰਕਾਰ ਦੇ ਹਥਿਆਰ ਅਤੇ ਵੱਖ-ਵੱਖ ਵਧੀਆ ਨਸਲਾਂ ਦੇ ਘੋੜੇ ਵੀ ਇਕੱਤਰ ਕੀਤੇ ਜਾਂਦੇ ਸਨ। ਬਹਾਦਰ ਸਿੱਖਾਂ ਤੇ ਬਾਹਰਲੇ ਰਾਜਿਆਂ ਦੇ ਰਾਜਦੂਤਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਸੀ।

ਹੌਲੀ-ਹੌਲੀ ‘ਅਕਾਲ ਬੁੰਗਾ’ ਪੰਥਕ ਜਥੇਬੰਦੀ ਦਾ ਕੇਂਦਰ ਬਣ ਗਿਆ, ਇਥੋਂ ਹੁਕਮਨਾਮੇ ਜਾਰੀ ਹੋਣ ਲੱਗੇ। ਪੰਥਕ ਗੁਰਮਤਿਆਂ ਨੂੰ ਸੋਧਣ ਲਈ ਸਾਲ ਵਿਚ ਦੋ ਵਾਰੀ ਦੀਵਾਲੀ ਤੇ ਵਿਸਾਖੀ ਦੇ ਦਿਹਾੜੇ ’ਤੇ ਸਿੱਖ ਨੇਤਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਇਕੱਤਰ ਹੋਣ ਲੱਗੇ। ਅਠਾਰ੍ਹਵੀਂ ਸਦੀ ਵਿਚ ਮਿਸਲਦਾਰ ਆਪਸੀ ਤੇ ਪੰਥਕ ਝਗੜਿਆਂ ਦਾ ਨਿਬੇੜਾ ਇਥੇ ਆ ਕੇ ਕਰਨ ਲੱਗੇ।

ਕਿਹਾ ਜਾਂਦਾ ਹੈ ਕਿ ਇਕ ਵਾਰੀ ਹਿੰਦੁਸਤਾਨ ਦਾ ਬਾਦਸ਼ਾਹ ਨੂਰਦੀਨ ਮੁਹੰਮਦ ਜਹਾਂਗੀਰ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਆਇਆ। ਗੁਰੂ ਜੀ ਦੇ ਹਜ਼ੂਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਰਸ਼ਨਾਂ ਨੂੰ ਪਹੁੰਚਿਆ। ਬਾਦਸ਼ਾਹ ਨੇ ਪੰਜ ਸੌ ਮੋਹਰਾਂ ਤੇ ਕੜਾਹ ਪ੍ਰਸ਼ਾਦਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚੜ੍ਹਾਇਆ ਅਤੇ ਤਖ਼ਤ ਸਾਹਿਬ ਦੀ ਸੁੰਦਰ ਉਸਾਰੀ ਲਈ ਸਰਕਾਰੀ ਮਦਦ ਦੀ ਪੇਸ਼ਕਸ਼ ਕੀਤੀ। ਸਿੱਖ ਕੌਮ ਦੇ ਸ਼ਹਿਨਸ਼ਾਹ ਗੁਰੂ ਸਾਹਿਬ ਜੀ ਨੇ ਇਹ ਕਹਿ ਕੇ ਸਮਾਂ ਪਾ ਕੇ ਸ੍ਰੀ ਅਕਾਲ ਤਖ਼ਤ ਸਿੱਖਾਂ ਦੀ ਸੇਵਾ ਨਾਲ ਆਪਣੇ ਆਪ ਸੁੰਦਰ ਬਣ ਜਾਵੇਗਾ, ਬਾਦਸ਼ਾਹ-ਏ-ਹਿੰਦ ਦੀ ਪੇਸ਼ਕਸ਼ ਠੁਕਰਾ ਦਿੱਤੀ-

ਚੌਪਈ॥
ਤਖਤ ਠੌਰ ਇਤ ਖੂਬ ਬਨਾਵੋਂ।
ਸੁਨੋ ਪੀਰ! ਜੇ ਆਗ੍ਯਾ ਪਾਵੋਂ।
ਕਹਾ ਗੁਰੂ, ਅਬ ਨਾਹਿ ਸੁਹਾਵੈ।
ਸਮਾ ਪਾਇ ਇਹ ਅਧਿਕ ਬਨਾਵੈ॥564॥” 5

ਇਸ ਸੰਦਰਭ ਵਿਚ ਤੇਜਾ ਸਿੰਘ ਤੇ ਗੰਡਾ ਸਿੰਘ ਨੇ ਆਪਣੇ ਵਿਚਾਰ ਇਉਂ ਪ੍ਰਗਟ ਕੀਤੇ ਹਨ-

“ਗੁਰੂ ਜੀ ਨੇ ਜਹਾਂਗੀਰ ਦੀ ਪੇਸ਼ਕਸ਼ ਠੁਕਰਾਉਂਦਿਆਂ ਕਿਹਾ ਸੀ, ਮੈਨੂੰ ਅਤੇ ਮੇਰੇ ਸਿੱਖਾਂ ਨੂੰ ਇਸ ਅਕਾਲ ਤਖ਼ਤ ਨੂੰ ਆਪਣੀ ਹੀ ਮਿਹਨਤ ਅਤੇ ਕਮਾਈ ਦੇ ਪੈਸੇ ਨਾਲ ਉਸਾਰਨ ਦਿਉ। ਮੈਂ ਇਸ ਨੂੰ ਆਪਣੇ ਸਿੱਖਾਂ ਦੀ ਮਿਹਨਤ ਅਤੇ ਕੁਰਬਾਨੀ ਦੀ ਯਾਦਗਾਰ ਬਣਾਉਣੀ ਚਾਹੁੰਦਾ ਹਾਂ, ਕਿਸੇ ਬਾਦਸ਼ਾਹ ਦੀ ਮਿਹਰਬਾਨੀ ਦੀ ਯਾਦਗਾਰ ਨਹੀਂ।”6

ਬਾਦਸ਼ਾਹ ਜਹਾਂਗੀਰ ਤੋਂ ਸਰਕਾਰੀ ਸਹਾਇਤਾ ਨਾ ਲੈਣ ਪਿੱਛੇ ਗੁਰੂ ਸਾਹਿਬ ਦੀ ਲੰਬੀ ਦੂਰ-ਅੰਦੇਸ਼ਤਾ ਸੀ, ਉਹ ਜਾਣਦੇ ਸਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜ਼ੁਲਮ ਅਤੇ ਜ਼ਬਰ ਦੇ ਖਿਲਾਫ਼ ਲੜਨ ਲਈ ਜਨਤਕ-ਤਾਕਤ ਦੀ ਅਗਵਾਈ ਕਰਨੀ ਹੈ। ਗੁਰੂ ਜੀ ਨੇ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਦੇ ਕੀ-ਕੀ ਨਿਸ਼ਾਨੇ ਮਿਥੇ ਹੋਏ ਸਨ ਇਹ ਉਹੀ ਜਾਣਦੇ ਸਨ? ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸੰਕਲਪ ਸ੍ਰੀ ਹਰਿਮੰਦਰ ਸਾਹਿਬ ਤੋਂ ਬਿਲਕੁਲ ਵੱਖਰਾ ਸੀ।

ਗੁਰੂ ਮਹਾਰਾਜ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਇਕ ਅਜਿਹੀ ਅਥਾਰਟੀ ਸੀ ਜਿਸ ਨੇ ਸਿੱਖਾਂ ਦੇ ਅੰਦਰ ਸਮੇਂ ਦੀ ਹਕੂਮਤ ਵਿਰੁੱਧ ਰਾਜਨੀਤਿਕ ਕੇਂਦਰ ਦਾ ਅਹਿਸਾਸ ਪੈਦਾ ਕਰਨਾ ਸੀ। ਸਿੱਖਾਂ ਦੇ ਮਨਾਂ ਵਿਚ ਇਹ ਅਹਿਸਾਸ ਕਰਾਉਣਾ ਸੀ ਕਿ ਜਿਸ ਸਰਕਾਰ ਨੇ ਸ਼ਾਂਤੀ ਦੇ ਪੁੰਜ ਸਿੱਖ-ਗੁਰੂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜੇ ਅਸੀਂ ਉਸੇ ਹਕੂਮਤ ਪਾਸ ਇਨਸਾਫ ਦੀ ਆਸ ਰੱਖ ਕੇ ਜਾਂਦੇ ਹਾਂ ਤਾਂ ਅਸੀਂ ਉਸ ਸਰਕਾਰ ਨੂੰ ਜ਼ੁਲਮੀ ਜਾਂ ਜ਼ਾਬਰ ਨਹੀਂ ਕਹਿ ਸਕਦੇ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਖ-ਰਾਸ਼ਟਰ ਦੀ ਸੁਤੰਤਰਤਾ ਦੇ ਕੇਂਦਰ ਦੇ ਤੌਰ ’ਤੇ ਉਬਾਰਿਆ। ਇਹੀ ਕਾਰਨ ਸੀ ਕਿ ਸਿੱਖ ਦਿੱਲੀ-ਦਰਬਾਰ ਦੀ ਬਜਾਏ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਆਪਣੇ ਕੇਂਦਰ ਦੇ ਤੌਰ ’ਤੇ ਵੇਖਣ ਲੱਗੇ।

ਗੁਰੂ ਜੀ ਦੇ ਸਮਕਾਲੀ ਸ਼ਹਿਨਸ਼ਾਹ-ਏ-ਹਿੰਦ ਸ਼ਾਹ ਜਹਾਨ ਵੱਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ’ਤੇ ਥੋਪੀਆਂ ਲੜਾਈਆਂ ਦੇ ਪਿੱਛੇ ਬਾਜ਼, ਮਾਤਾ ਕੌਲਾਂ ਜਾਂ ਘੋੜਿਆਂ ਦੀ ਵਾਪਸੀ ਕੋਈ ਕਾਰਨ ਨਹੀਂ ਸੀ, ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦਿਨ-ਪ੍ਰਤੀ-ਦਿਨ ਵਧਦੀ ਸ਼ੋਹਰਤ ਬਾਦਸ਼ਾਹ-ਏ-ਹਿੰਦ ਦੀ ਬਰਦਾਸ਼ਤ ਤੋਂ ਬਾਹਰ ਸੀ। ਸਮੇਂ ਦੀ ਹਕੂਮਤ ਸਿੱਖੀ ਦੇ ਧਰਮ ਪ੍ਰਚਾਰ ਨੂੰ ਤਾਂ ਬਰਦਾਸ਼ਤ ਕਰ ਸਕਦੀ ਸੀ ਪ੍ਰੰਤੂ ਉਨ੍ਹਾਂ ਦੀ ਸੁਤੰਤਰ ਸੋਚ ਦੇ ਪ੍ਰਗਟਾਵੇ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਸੀ, ਸ੍ਰੀ ਅਕਾਲ ਤਖ਼ਤ ਸਾਹਿਬ ਹਕੂਮਤ ਲਈ ਇਕ ਚੁਣੌਤੀ ਸੀ।

ਇਤਿਹਾਸ ਗਵਾਹ ਹੈ ਕਿ ਚਾਹੇ ਬਾਦਸ਼ਾਹ ਸ਼ਾਹ ਜਹਾਨ ਹੋਵੇ ਜਾਂ ਜ਼ਕਰੀਆ ਖਾਨ, ਮੀਰ ਮੰਨੂ ਹੋਵੇ ਜਾਂ ਅਹਿਮਦ ਸ਼ਾਹ ਅਬਦਾਲੀ ਜਾਂ 1984 ਦੀ ਭਾਰਤ ਸਰਕਾਰ, ਸਭਨਾਂ ਨੇ ਸਿੱਖ ਕੌਮ ਨੂੰ ਦਬਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿਸ਼ਾਨਾ ਬਣਾਇਆ। ਸਮਾਂ ਬੀਤਦਾ ਗਿਆ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਵੀ ਦਿਨ-ਪ੍ਰਤੀ-ਦਿਨ ਨਿਖਰਦੀ ਗਈ। ਅੱਜ ਇਥੇ ਇਕ ਥੜ੍ਹੇ ਦੇ ਅਸਥਾਨ ’ਤੇ ਸੁੰਦਰ ਸਵਰਨ- ਜੜਤ ਤਖ਼ਤ ਸ਼ੋਭਾ ਦੇ ਰਿਹਾ ਹੈ ਜਿਸ ਨੂੰ ਕਿਸੇ ਵੀ ਸਮੇਂ ਦੀ ਸਰਕਾਰ ਖ਼ਤਮ ਨਹੀਂ ਕਰ ਸਕੀ ਤੇ ਨਾ ਹੀ ਕਰ ਸਕੇਗੀ।

ਜਿਸ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੁੰਦਰ ਬਣਾਉਣ ਲਈ ਸਰਕਾਰੀ-ਸਹਾਇਤਾ ਪ੍ਰਵਾਨ ਨਹੀਂ ਸੀ ਕੀਤੀ, ਉਸੇ ਤਰ੍ਹਾਂ 1984 ਦੇ ਫੌਜੀ ਹਮਲੇ ਸਮੇਂ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੁਕਸਾਨ ਦੀ ਪੂਰਤੀ ਲਈ ਸਿੱਖ ਕੌਮ ਨੇ ਸਰਕਾਰ ਵੱਲੋਂ ਤਖ਼ਤ ਸਾਹਿਬ ਦੀ ਕੀਤੀ ਲਿੰਬਾ-ਪੋਚੀ ਨੂੰ ਵੀ ਨਹੀਂ ਕਬੂਲਿਆ ਤੇ ਮੁੜ ਆਪ ਸੇਵਾ ਕਰ ਕੇ ਪੁਨਰ-ਨਿਰਮਾਣ ਕੀਤਾ ਹੈ।

ਗੁਰੂ ਸਾਹਿਬ ਤੋਂ ਮਗਰੋਂ ਸਮੇਂ ਦੀਆਂ ਸਰਕਾਰਾਂ ਦੇ ਰੋਕਣ ਦੇ ਬਾਵਜੂਦ ਵੀ ਸਿੱਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਨੂੰ ਰੋਕਣ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰ ਹੋ ਕੇ ਕੇ ਗੁਰਮਤੇ ਕਰਦੇ ਰਹੇ। ਹੁਣ ਵੀ ਸਮੇਂ-ਸਮੇਂ ਤੇ ਲੋੜ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਥਕ ਜਥੇਬੰਦੀਆਂ ਦੇ ਇਕੱਠ ਹੁੰਦੇ ਹਨ, ਸਿੱਖ ਕੌਮ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਗੁਰਮਤੇ ਕੀਤੇ ਜਾਂਦੇ ਹਨ ਅਤੇ ਹੁਕਮਨਾਮੇ ਵੀ ਜਾਰੀ ਹੁੰਦੇ ਹਨ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਅਟੱਲ ਮੰਨਿਆ ਜਾਂਦਾ ਹੈ ਤੇ ਹੁਕਮਨਾਮਾ ਨਾ ਮੰਨਣ ਵਾਲੇ ਨੂੰ ਧਾਰਮਿਕ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਰਾਗੀ ਜਥੇ ਆਸਾ ਦੀ ਵਾਰ ਦਾ ਕੀਰਤਨ ਗਾਇਣ ਕਰਦੇ ਹਨ, ਦੁਪਹਿਰ ਵੇਲੇ ਢਾਡੀ ਜਥੇ ਬੀਰ-ਰਸੀ ਵਾਰਾਂ ਗਾਉਂਦੇ ਹਨ, ਸ਼ਾਮ ਨੂੰ ਸੋਦਰੁ ਦੀ ਚੌਂਕੀ ਅਤੇ ਰਹਰਾਸਿ ਸਾਹਿਬ ਦਾ ਪਾਠ ਹੁੰਦਾ ਹੈ, ਅਰਦਾਸ ਤੇ ਹੁਕਮ ਉਪਰੰਤ ਤਖ਼ਤ ਸਾਹਿਬ ਵਿਖੇ ਸੁਸ਼ੋਭਿਤ ਗੁਰੂ ਸਾਹਿਬਾਨ ਤੇ ਗੁਰਸਿੱਖਾਂ ਦੇ ਪਾਵਨ ਇਤਿਹਾਸਕ ਸ਼ਸਤਰਾਂ ਦੇ ਸੰਗਤ ਨੂੰ ਦਰਸ਼ਨ ਕਰਵਾਏ ਜਾਂਦੇ ਹਨ। ਫਿਰ ਸੋਹਿਲਾ ਸਾਹਿਬ ਦਾ ਪਾਠ ਅਤੇ ਸੁਖ ਆਸਣ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਕੋਠਾ ਸਾਹਿਬ ਵਿਖੇ ਵਿਸ਼ਰਾਮ ਕਰਨ ਲਈ ਅਸਥਾਪਨ ਕੀਤਾ ਜਾਂਦਾ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪ੍ਰਕਾਸ਼ ਕੀਤਾ ਜਾਂਦਾ ਹੈ ਉਹ ਇਥੋਂ ਕੋਠਾ ਸਾਹਿਬ ਤੋਂ ਸੁਨਹਿਰੀ ਪਾਲਕੀ ਵਿਚ ਅਸਥਾਪਨ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਜਾਇਆ ਜਾਂਦਾ ਹੈ ਤੇ ਸਮਾਪਤੀ ਉਪਰੰਤ ਉਸੇ ਪਾਲਕੀ ਵਿਚ ਟਿਕਾ ਕੇ ਕੋਠਾ ਸਾਹਿਬ ਵਿਖੇ ਲਿਆ ਕਰ ਕੇ ਵਿਸ਼ਰਾਮ ਕਰਾਉਣ ਹਿਤ ਪਲੰਘ ਸਾਹਿਬ ’ਤੇ ਅਸਥਾਪਨ ਕੀਤਾ ਜਾਂਦਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜਿੱਥੇ ਹਰ ਬੁੱਧਵਾਰ ਤੇ ਐਤਵਾਰ ਅੰਮ੍ਰਿਤ- ਸੰਚਾਰ ਹੁੰਦਾ ਹੈ ਉਥੇ ਹਰ ਦੀਵਾਲੀ ਤੇ ਵਿਸਾਖੀ ’ਤੇ ਵੀ ਤਿੰਨ-ਤਿੰਨ ਦਿਨ ਅੰਮ੍ਰਿਤ ਛਕਾਇਆ ਜਾਂਦਾ ਹੈ, ਲੋੜ ਪੈਣ ’ਤੇ ਕਿਸੇ ਵਿਸ਼ੇਸ਼ ਦਿਨ ਵੀ ਅੰਮ੍ਰਿਤ ਤਿਆਰ ਕਰਕੇ ਅਭਿਲਾਖੀ ਮਾਈ ਭਾਈ ਨੂੰ ਗੁਰੂ ਵਾਲੇ ਬਣਾਇਆ ਜਾਂਦਾ ਹੈ। ਬਾਹਰੋਂ ਆਈ ਮੰਗ ਦੇ ਆਧਾਰ ’ਤੇ ਇਥੋਂ ਪੰਜ-ਪਿਆਰੇ ਸਾਹਿਬਾਨ ਅੰਮ੍ਰਿਤ-ਸੰਚਾਰ ਲਈ ਬਾਹਰ ਭੇਜੇ ਜਾਂਦੇ ਹਨ।

ਇਥੇ ਹਰ ਦੀਵਾਲੀ ਨੂੰ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਨੂੰ ਤਖ਼ਤ ਸਾਹਿਬ ਵੱਲੋਂ ਸਿਰਪਾਉ ਬਖਸ਼ੇ ਜਾਂਦੇ ਹਨ।ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਬਸੰਤ ਰਾਗ ਅਰੰਭ ਕਰਨ ਤੋਂ ਪਹਿਲਾਂ ਬਸੰਤ ਦਰਬਾਰ ਕਰਵਾਇਆ ਜਾਂਦਾ ਹੈ। ਬਸੰਤ ਰਾਗ ਦੀ ਸਮਾਪਤੀ ’ਤੇ ਹੋਲੇ ਮਹੱਲੇ ਦੇ ਅਰੰਭ ਸਮੇਂ ਫਿਰ ਦੀਵਾਨ ਸਜਾਏ ਜਾਂਦੇ ਹਨ। ਇਥੇ ਛੇਵੇਂ ਸਤਿਗੁਰਾਂ ਦੇ ਮੀਰੀ-ਪੀਰੀ ਦੀਆਂ ਸ੍ਰੀ ਸਾਹਿਬਾਂ ਧਾਰਨ ਕਰਨ ਦਾ ਦਿਹਾੜਾ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਦਾ ਦਿਨ ਤੇ 1984 ਦੇ ਸ਼ਹੀਦਾਂ ਦੀ ਯਾਦ ਵਿਚ ਘੱਲੂਘਾਰਾ ਦਿਵਸ ਆਦਿਕ ਮਨਾਇਆ ਜਾਂਦਾ ਹੈ। ਸਿੱਖ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਨਗਾਰਾ ਜਿਸ ਨੂੰ ਵਜਾਉਣ ਦੀ ਮਰਯਾਦਾ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਰੰਭੀ ਸੀ ਅੱਜ ਵੀ ਜਾਰੀ ਹੈ। ਅੰਮ੍ਰਿਤ ਵੇਲੇ ਪਾਲਕੀ ਸਾਹਿਬ ਨੂੰ ਤੋਰਨ ਵੇਲੇ ਅਤੇ ਸਵੇਰੇ-ਸ਼ਾਮ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਵਾਲੀ ਅਰਦਾਸ ਸਮੇਂ ਨਗਾਰਾ ਵਜਾਇਆ ਜਾਂਦਾ ਹੈ।

ਗੁਰਪੁਰਬ ਜਾਂ ਹੋਰ ਦਿਹਾੜੇ ਜਿਨ੍ਹਾਂ ’ਤੇ ਦੀਪਮਾਲਾ ਕੀਤੀ ਅਤੇ ਆਤਸ਼ਬਾਜ਼ੀ ਚਲਾਈ ਜਾਂਦੀ ਹੈ, ਰਹਰਾਸਿ ਸਾਹਿਬ ਦੇ ਪਾਠ ਤੋਂ ਮਗਰੋਂ ਪਾਵਨ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਵਾਉਣ ਉਪਰੰਤ ਨਗਾਰਾ ਵਜਾ ਕੇ ਆਤਸ਼ਬਾਜ਼ੀ ਦਾ ਅਰੰਭ ਕੀਤਾ ਜਾਂਦਾ ਹੈ।

ਨਵੀਂ ਡਿਉੜੀ ਦੇ ਪਾਸ ਦੋ ਨਿਸ਼ਾਨ ਸਾਹਿਬ ਝੂਲ ਰਹੇ ਹਨ, ਇਕ ਮੀਰੀ ਦਾ ਅਤੇ ਇਕ ਪੀਰੀ ਦਾ। ਭਾਵ ਇਕ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਤੇ ਦੂਜਾ ਸ੍ਰੀ ਹਰਿਮੰਦਰ ਸਾਹਿਬ ਦਾ। ਇਕ ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦੇ ਉੱਪਰ ਵੀ ਹੈ ਜੋ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹਨ।

1984 ਦੇ ਫੌਜੀ ਹਮਲੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਢਾਹੁਣ ਉਪਰੰਤ ਸਰਕਾਰੀ ਖਰਚੇ ’ਤੇ ਤਿਆਰ ਕੀਤਾ ਗਿਆ; ਜਿਸ ਨੂੰ ਕੌਮ ਨੇ ਅਪ੍ਰਵਾਨ ਕਰਕੇ ਆਪਣੇ ਹੱਥੀਂ ਪਹਿਲਾਂ ਨਾਲੋਂ ਵੱਡੀ ਤੇ ਅਤਿ ਸੁੰਦਰ ਬਿਲਡਿੰਗ ਤਿਆਰ ਕੀਤੀ, ਜਿਸ ਦੇ ਅੰਦਰ ਅਤੇ ਬਾਹਰ ਚਿੱਟੇ ਰੰਗ ਦਾ ਪੱਥਰ ਲਾਇਆ ਗਿਆ ਹੈ, ਗੁੰਬਦ ਅਤੇ ਛੱਤ ’ਤੇ ਸੋਨੇ ਦੇ ਪੱਤਰੇ ਲਾਏ ਗਏ ਹਨ, ਪੱਥਰ ਦੇ ਵਿਚ ਵੇਲ-ਬੂਟੇ ਆਦਿਕ ਬਣਾਏ ਗਏ ਹਨ, ਛੱਤਾਂ ਉੱਪਰ ਵੀ ਨਿਕਾਸ਼ੀ ਅਤੇ ਚਿੱਤਰਕਾਰੀ ਕੀਤੀ ਗਈ ਹੈ। ਤਖ਼ਤ ਸਾਹਿਬ ਦੇ ਥੱਲੇ ਦੋ ਬੇਸਮੈਂਟ (ਭੋਰੇ) ਬਣਾਏ ਗਏ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬਿਲਡਿੰਗ ਦੇ ਬਿਲਕੁਲ ਥੱਲੇ ਜੋ ਬੇਸਮੈਂਟ ਤਿਆਰ ਕੀਤੀ ਗਈ ਹੈ, ਉਸ ਵਿਚ ਤਖ਼ਤ ਸਾਹਿਬ ਦਾ ਸਟੋਰ ਬਣਾਇਆ ਗਿਆ ਹੈ, ਉਸ ਦੇ ਅੰਦਰ ਹੀ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਖੁਦਵਾਇਆ ਪਵਿੱਤਰ ਖੂਹ ਵੀ ਹੈ। ਜੋ ਪਹਿਲਾਂ ਤਖ਼ਤ ਸਾਹਿਬ ਦੀ ਇਮਾਰਤ ਤੋਂ ਬਾਹਰ ਸੀ। ਦੂਸਰੀ ਬੇਸਮੈਂਟ ਅਥਵਾ ਗੈਲਰੀ ਜੋ ਤਖ਼ਤ ਸਾਹਿਬ ਦੀ ਦੱਖਣੀ, ਪੱਛਮੀ ਤੇ ਉੱਤਰੀ ਬਾਹੀ ਵੱਲ ਅੰਗਰੇਜ਼ੀ ਦੇ ਅੱਖਰ ‘U’ (ਯੂ) ਦੇ ਅਕਾਰ ਦੀ ਹੈ, ਉਥੇ ਗੁਰੂ ਦੀਆਂ ਗੋਲਕਾਂ ਦੀ ਗਿਣਤੀ ਕੀਤੀ ਜਾਂਦੀ ਹੈ ਅਤੇ ਧਾਰਮਿਕ ਸਮਾਗਮ ਵੀ ਕੀਤੇ ਜਾਂਦੇ ਹਨ।

ਸਾਲ ਵਿਚ ਛੇ ਵਾਰ (ਪਹਿਲੇ, ਚੌਥੇ, ਨੌਵੇਂ ਤੇ ਦਸਵੇਂ ਪਾਤਸ਼ਾਹ ਦੇ ਅਵਤਾਰ ਦਿਹਾੜੇ, ਛੇਵੇਂ ਸਤਿਗੁਰਾਂ ਦੇ ਗੁਰਗੱਦੀ ਦਿਵਸ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ’ਤੇ) ਜੋ ਜਲੌ ਲਗਾਏ ਜਾਂਦੇ ਹਨ ਉਨ੍ਹਾਂ ਨੂੰ ਤਿੰਨ ਥਾਵਾਂ ’ਤੇ ਵਿਖਾਇਆ ਜਾਂਦਾ ਹੈ; ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਜੀ।

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਲੌ ਦਾ ਹੇਠ ਲਿਖਿਆ ਸਮਾਨ ਦਿਖਾਇਆ ਜਾਂਦਾ ਹੈ।

1. ਇਕ ਸੁਨਹਿਰੀ ਛੱਤ੍ਰ ਕਲਗੇ ਸਮੇਤ।
2. ਦੋ ਸੁਨਹਿਰੀ ਕਮਾਨੀਆਂ।
3. ਦੋ ਸੋਨੇ ਦੇ ਥੰਮ੍ਹੇ।
4. ਇਕ’ ੴ’ ਵਾਲਾ ਸੋਨੇ ਦਾ ਛੱਬਾ।
5. ਦੋ ਸੋਨੇ ਦੇ ਛੱਬੇ।
6. ਇੱਕੀ ਮਕੈਸ਼ੀ ਛੱਬੇ।
7. ਇਕ ਸੋਨੇ ਦੀ ਚੈਨੀ (ਮਾਲਾ) ਜਿਸਦਾ ਟਾਂਕਾ ਟੁੱਟਾ ਹੋਇਆ ਹੈ।
8. ਇਕ ਝਾਲਰ ਤਿੱਲੇ ਦੀ।
9. ਇਕ ਚੰਦਨ ਦਾ ਚੌਰ।

ਇਕ ਮੁਸਲਮਾਨ ਫਕੀਰ ਹਾਜੀ ਮੁਹੰਮਦ ਮਸਕੀਨ ਨੇ ਨੌਂ ਮਣ ਚੌਦਾਂ ਸੇਰ ਚੰਦਨ ਵਿੱਚੋਂ ਵਾਲ ਵਰਗੀਆਂ ਬਰੀਕ ਇਕ ਲੱਖ ਪੰਜਤਾਲੀ ਹਜ਼ਾਰ ਤਾਰਾਂ ਆਪਣੇ ਹੱਥੀਂ ਕੱਢ ਕੇ ਤਿਆਰ ਕਰ ਕੇ, ਪੰਜ ਸਾਲ ਸੱਤ ਮਹੀਨਿਆਂ ਵਿਚ ਬਣਾਇਆ ਅਤੇ ਰਾਗੀ ਭਾਈ ਹੀਰਾ ਸਿੰਘ ਜੀ ਰਾਹੀਂ ਸ੍ਰੀ ਦਰਬਾਰ ਸਾਹਿਬ ਭੇਟ ਕੀਤਾ, ਜਿਸਨੂੰ ਅੱਜਕਲ੍ਹ ਤਖ਼ਤ ਸਾਹਿਬ ’ਤੇ ਵਿਖਾਉਣ ਵਾਲੇ ਕੀਮਤੀ ਸਮਾਨ ਵਿਚ ਸ਼ਾਮਲ ਕੀਤਾ ਗਿਆ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਮਗਰੋਂ ਤਖ਼ਤ ਸਾਹਿਬ ’ਤੇ ਸੁਸ਼ੋਭਿਤ ਸੁਨਹਿਰੀ ਪਾਲਕੀ ਸਾਹਿਬ ਵਿਖੇ ਗੁਰੂ ਸਾਹਿਬਾਨ ਤੇ ਸਿੱਖਾਂ ਦੇ ਪਾਵਨ ਇਤਿਹਾਸਕ ਸ਼ਸਤਰ ਸਜਾਏ ਜਾਂਦੇ ਹਨ ਤੇ ਰਾਤ ਨੂੰ ਸੰਗਤਾਂ ਨੂੰ ਦਰਸ਼ਨ ਕਰਵਾਉਣ ਉਪਰੰਤ ਤਖ਼ਤ ਸਾਹਿਬ ਅੰਦਰ ਬਣੀ ਲੱਕੜ ਦੀ ਸੁੰਦਰ ਅਲਮਾਰੀ ਵਿਚ ਰੱਖੇ ਜਾਂਦੇ ਹਨ। ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:

(ੳ) ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਇਕ ਸ੍ਰੀ ਸਾਹਿਬ (ਕ੍ਰਿਪਾਨ) ਮੀਰੀ ਦੀ, ਇਕ ਸ੍ਰੀ ਸਾਹਿਬ ਪੀਰੀ ਦੀ, ਇਕ ਗੁਰਜ, ਇਕ ਸਫਾਜੰਗ (ਕੁਹਾੜੀ), ਇਕ ਗੁਪਤ ਸ਼ਸਤ੍ਰ ਜੋ ਸਫਾਜੰਗ ਦੇ ਦਸਤੇ ਦੇ ਖੋਲ ਅੰਦਰ ਛੁਪਿਆ ਰਹਿੰਦਾ ਹੈ। ਇਸ ਤੋਂ ਇਲਾਵਾ ਇਕ ਕਟਾਰ, ਕਮਰਕਸੇ ਧਾਰਨ ਕਰਨ ਵਾਲੀ ਇਕ ਛੋਟੀ ਕ੍ਰਿਪਾਨ ਅਤੇ ਇਕ ਪੇਸ਼ਕਬਜ਼।

(ਅ) ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਇਕ ਸ੍ਰੀ ਸਾਹਿਬ, ਸੁਨਹਿਰੀ ਦਸਤੇ ਵਾਲੀ ਇਕ ਕਟਾਰ ਅਤੇ ਦੋ ਤੀਰ ਜਿਨ੍ਹਾਂ ਨੂੰ ਇਕ-ਇਕ ਤੋਲਾ ਸੋਨਾ ਲੱਗਾ ਹੋਇਆ ਹੈ। ਮੰਨਿਆ ਜਾਂਦਾ ਹੈ ਕਿ ਗੁਰੂ ਸਾਹਿਬ ਵੱਲੋਂ ਕਮਾਨ ’ਚੋਂ ਛੱਡਿਆ ਹੋਇਆ ਤੀਰ ਖਾਲੀ ਨਹੀਂ ਸੀ ਜਾਂਦਾ, ਇਸ ਲਈ ਫੱਟੜ ਹੋਣ ਵਾਲੇ ਦੀ ਮਲ੍ਹਮ ਪੱਟੀ ਅਤੇ ਮਰਨ ਵਾਲੇ ਦੀਆਂ ਅੰਤਮ-ਕਿਰਿਆਵਾਂ ਲਈ ਤੀਰ ’ਤੇ ਲੱਗਾ ਸੋਨਾ ਸਹਾਇਤਾ ਦਾ ਕੰਮ ਕਰਦਾ ਸੀ।

(ੲ) ਕਲਗੀਧਰ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਇਕ ਕਟਾਰ।

(ਸ) ਇਕ ਕਟਾਰ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਦਾ।

(ਹ) ਗੁਰੂ-ਘਰ ਦੇ ਨਿਮਾਣੇ ਸੇਵਕ ਬਾਬਾ ਬੁੱਢਾ ਜੀ ਦਾ ਇਕ ਸ੍ਰੀ ਸਾਹਿਬ।

ਜਦੋਂ ਬਾਦਸ਼ਾਹ ਜਹਾਂਗੀਰ ਨੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਕੇ ਰੱਖਿਆ ਸੀ, ਉਸ ਵਕਤ ਬਾਬਾ ਬੁੱਢਾ ਜੀ ਨੇ ਗੁਰੂ ਜੀ ਦੀ ਰਿਹਾਈ ਲਈ ਸ਼ਬਦ ਚੌਂਕੀ ਪ੍ਰਾਰੰਭ ਕੀਤੀ, ਇਹ ਸ਼ਬਦ ਚੌਂਕੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰੰਭ ਹੋ ਕੇ, ਪਾਵਨ ਸਰੋਵਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਕਰਨ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰ ਕੇ ਸਮਾਪਤ ਹੁੰਦੀ ਸੀ। ਉਸ ਵੇਲੇ ਬਾਬਾ ਜੀ ਆਪਣੇ ਹੱਥ ਵਿਚ ਕ੍ਰਿਪਾਨ ਲੈਕੇ ਇਹ ਸਾਰੀ ਮਰਯਾਦਾ ਕਰਦੇ ਸਨ।

ਉਸ ਸਮੇਂ ਤੋਂ ਲੈ ਕੇ ਅੱਜ ਤਕ ਇਹੀ ਪ੍ਰੰਪਰਾ ਚੱਲੀ ਆ ਰਹੀ ਹੈ, ਸ਼ਬਦ ਚੌਂਕੀ ਦਾ ਮੁਖੀ (ਉਹੀ ਬਾਬਾ ਬੁੱਢਾ ਜੀ ਸ੍ਰੀ ਸਾਹਿਬ ਲੈ ਕੇ) ਸ਼ਬਦ ਚੌਂਕੀ ਲਾਉਂਦਾ ਹੈ ਤੇ ਵਾਪਸੀ ’ਤੇ ਇਹ ਸ੍ਰੀ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸੁਸ਼ੋਭਿਤ ਕਰ ਆਉਂਦਾ ਹੈ।

ਸ੍ਰੀ ਆਸਾ ਜੀ ਦੀ ਵਾਰ ਦੀ ਸਮਾਪਤੀ ਦੀ ਅਰਦਾਸ, ਰਹਰਾਸਿ ਸਾਹਿਬ ਦਾ ਪਾਠ ਕਰਦੇ ਸਮੇਂ ਅਤੇ ਅਰਦਾਸ ਵੇਲੇ ਇਹੀ ਸ੍ਰੀ ਸਾਹਿਬ ਮਿਆਨ ਵਿੱਚੋਂ ਕੱਢ ਕੇ ਦੋਵੇਂ ਹੱਥਾਂ ਵਿਚ ਫੜ ਕੇ ਗ੍ਰੰਥੀ ਸਿੰਘ ਸਾਰੀ ਮਰਯਾਦਾ ਨਿਭਾਉਂਦਾ ਹੈ। ਇਸ ਸ੍ਰੀ ਸਾਹਿਬ ਨੂੰ ਬਾਕੀ ਦੇ ਪਵਿੱਤਰ ਸ਼ਸਤਰਾਂ ਤੋਂ ਅਲੱਗ ਰੱਖਿਆ ਜਾਂਦਾ ਹੈ।

(ਕ) ਛੇਵੇਂ ਪਾਤਸ਼ਾਹ ਜੀ ਦੇ ਚੌਰ ਬਰਦਾਰ ਭਾਈ ਜੇਠਾ ਜੀ ਬਹਾਦਰ ਦਾ ਇਕ ਸ੍ਰੀ ਸਾਹਿਬ।

(ਖ) ਇਕ ਸ੍ਰੀ ਸਾਹਿਬ ਬਾਬਾ ਬਿਧੀ ਚੰਦ ਜੀ ਦਾ।

(ਗ) ਬਾਬਾ ਦੀਪ ਸਿੰਘ ਜੀ ਦੇ ਸਾਥੀ ਭਾਈ ਕਰਮ ਸਿੰਘ ਜੀ ਦਾ ਇਕ ਸ੍ਰੀ ਸਾਹਿਬ।

(ਘ) ਇਕ ਸ੍ਰੀ ਸਾਹਿਬ ਭਾਈ ਉਦੈ ਸਿੰਘ ਜੀ ਸੂਰਮੇ ਦਾ।

(ਙ) ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਇਕ ਦੋ ਧਾਰਾ ਖੰਡਾ, ਇਕ ਪੇਸ਼ਕਬਜ਼, ਨਿੱਕੀ ਕਿਰਪਾਨ ਦੇ ਨਮੂਨੇ ਦਾ ਇਕ ਸ਼ਸਤਰ, ਇਕ ਪਿਸਤੌਲ, ਇਕ ਗਲੇ ਸਜਾਉਣ ਵਾਲਾ ਵੱਡਾ ਚੱਕਰ। ਇਸ ਤੋਂ ਇਲਾਵਾ ਦੁਮਾਲੇ (ਦਸਤਾਰ) ’ਤੇ ਸਜਾਉਣ ਵਾਲਾ ਇਕ ਦਰਮਿਆਨਾ ਖੰਡਾ, ਤਿੰਨ ਛੋਟੇ ਖੰਡੇ ਤੇ ਇਕ ਛੋਟੀ ਕ੍ਰਿਪਾਨ, ਚਾਰ ਨਿੱਕੇ ਤੇ ਦਸ ਵੱਡੇ ਚੱਕਰ।

(ਚ) ਇਕ ਦੋ-ਧਾਰਾ ਖੰਡਾ ਬਾਬਾ ਨੌਧ ਸਿੰਘ ਜੀ ਸ਼ਹੀਦ ਦਾ।

(ਛ) ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਦਾ ਇਕ ਦੋ-ਧਾਰਾ ਖੰਡਾ ਤੇ ਇਕ ਪਿਸਤੌਲ।

(ਜ) ਇਕ ਦੋ-ਧਾਰਾ ਖੰਡਾ, ਇਕ ਤੇਗਾ ਅਤੇ ਇਕ ਕਟਾਰ ਜਥੇਦਾਰ ਬਾਬਾ ਫੂਲਾ ਸਿੰਘ ਜੀ ਅਕਾਲੀ ਦਾ।

(ਝ) ਇਕ ਤੇਗਾ (ਖੜਗ) ਬਾਬਾ ਬਚਿੱਤਰ ਸਿੰਘ ਜੀ ਬਹਾਦਰ ਦਾ।


ਹਵਾਲਾ ਪੁਸਤਕਾਂ :

1. ਦੋ ਤਲਵਾਰੀ ਬਧੀਆਂ, ਪੰਨਾ 15, ‘ਵਾਰ ਤਖ਼ਤ ਨਸ਼ੀਨੀ’ ਵਿੱਚੋਂ।
2. ਸ੍ਰੀ ਗੁਰ ਪ੍ਰਤਾਪ ਸੂਰਜ ਰਾਸਿ 4, ਅੰਸੂ 42, ਜਿਲਦ 7, ਪੰਨਾ 2404, ਸੰਪਾਦਕ ਭਾਈ ਵੀਰ ਸਿੰਘ ਜੀ ਭਾਸ਼ਾ ਵਿਭਾਗ 1990.
3. ਗੁਰ ਬਿਲਾਸ ਪਾਤਸ਼ਾਹੀ 6, ਅਧਿਆਇ 8, ਪੰਨਾ 212, ਸੰਪਾਦਕ ਗਿ. ਜੋਗਿੰਦਰ ਸਿੰਘ ਜੀ ਵੇਦਾਂਤੀ ਤੇ ਡਾ. ਅਮਰਜੀਤ ਸਿੰਘ ਜੀ, ਪ੍ਰਕਾਸ਼ਕ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ: ਪ੍ਰ: ਕਮੇਟੀ), ਸ੍ਰੀ ਅੰਮ੍ਰਿਤਸਰ।
4. ਸ੍ਰੀ ਗੁਰ ਬਿਲਾਸ ਪਾਤਸ਼ਾਹੀ 6, ਅਧਿਆਇ 8, ਪੰਨਾ 151, ਸੰਪਾਦਕ ਗਿਆਨੀ ਇੰਦਰ ਸਿੰਘ ਗਿੱਲ।
5. ਗੁਰ ਬਿਲਾਸ ਛੇਵੀਂ ਪਾਤਸ਼ਾਹੀ, ਅਧਿਆਇ 8, ਪੰਨਾ 180, ਭਾਸ਼ਾ ਵਿਭਾਗ ਪੰਜਾਬ, 1970.
6. A Short History of Sikhs, Page 41, Orient Longman Limited, 1950.

ਸਹਾਇਕ ਪੁਸਤਕਾਂ

1. ਗੁਰ ਸ਼ਬਦ ਰਤਨਾਕਰ ਮਹਾਨਕੋਸ਼ ਕ੍ਰਿਤ ਭਾਈ ਕਾਨ੍ਹ ਸਿੰਘ ਜੀ ਨਾਭਾ ।
2. ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ, ਲੇਖਕ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸਾਬਕਾ ਗ੍ਰੰਥੀ, -ਵਿਖੇ: ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)