ਰਾਜ ਨਾਂ ਹੈ ਰਾਜ ਪ੍ਰਬੰਧ ਦਾ ਤੇ ਰਾਜ-ਪ੍ਰਬੰਧ ਵਿਸ਼ਵਾਸਾਂ ਨਾਲ ਚੱਲਦੇ ਹਨ। ਜੇ ਮਨੁੱਖਤਾ ਅੰਦਰ ਇੰਨੀ ਸੋਝੀ ਆ ਜਾਵੇ ਕਿ ਆਤਮ-ਵਿਸ਼ਵਾਸ ਕੀਤਿਆਂ ਗੁਲਾਮੀ ਖ਼ਤਮ ਹੁੰਦੀ ਹੈ ਤਾਂ ਹਕੂਮਤਾਂ ਦਾ ਰੋਹਬ, ਦਬਦਬਾ ਆਪੇ ਹੀ ਖ਼ਤਮ ਹੋ ਜਾਂਦਾ ਹੈ। ਸ਼ੁਰੂ ਤੋਂ ਹੀ ਸਿੱਖ ਗੁਰੂ ਸਾਹਿਬਾਨ ਨੇ ਮੁਗ਼ਲ ਸਰਕਾਰ ਦੇ ਅਤਿਆਚਾਰ ਤੇ ਧਾਰਮਿਕ ਤੰਗਨਜ਼ਰੀ ਵਿਰੁੱਧ ਆਵਾਜ਼ ਉਠਾਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਤਾਣੇ ਅਤੇ ਲਿਤਾੜੇ ਹੋਏ ਲੋਕਾਂ ਨੂੰ ਸੂਰਬੀਰ ਬਣਾਉਣ ਦੇ ਲਈ ਉਨ੍ਹਾਂ ਵਿਚ ਆਤਮਿਕ ਬਲ ਭਰਿਆ ਤਾਂ ਜੋ ਉਹ ਅੱਤਿਆਚਾਰ ਦਾ ਡੱਟ ਕੇ ਮੁਕਾਬਲਾ ਕਰ ਸਕਣ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਸਿੱਖ ਸ਼ਾਂਤ ਰਹਿ ਕੇ ਇਸ ਜ਼ੁਲਮ ਦਾ ਮੁਕਾਬਲਾ ਕਰਦੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜ਼ੋਰ, ਜ਼ੁਲਮ ਅਤੇ ਅੱਤਿਆਚਾਰ ਦਾ ਟਾਕਰਾ ਕਰਦੇ ਹੋਏ ਜਿਸ ਧੀਰਜ, ਸਬਰ ਤੇ ਸ਼ਾਂਤੀ ਨਾਲ ਕੁਰਬਾਨੀ ਦਿੱਤੀ ਉਹ ਸਿੱਖ ਧਰਮ ਵਿਚ ਹੀ ਨਹੀਂ ਸਗੋਂ ਦੁਨੀਆਂ ਦੇ ਇਤਿਹਾਸ ਵਿਚ ਇਕ ਅਦੁੱਤੀ ਮਿਸਾਲ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਸਿੱਖ ਲਹਿਰ ਦੇ ਵਿਕਾਸ ਵਿਚ ਬਹੁਤ ਹੀ ਦੁਰਗਾਮੀ ਅਤੇ ਕ੍ਰਾਂਤੀਕਾਰੀ ਅਸਰ ਹੋਏ। ਇਸ ਸਮੇਂ ਤਕ ਸਿੱਖ ਕੌਮ ਦਾ ਵਿਕਾਸ ਬਿਨਾਂ ਕਿਸੇ ਬਾਹਰੀ ਦਖਲ ਦੇ ਹੁੰਦਾ ਆਇਆ ਸੀ। ਪਰੰਤੂ ਇਸ ਤੋਂ ਬਾਅਦ ਹਾਲਾਤ ਬਦਲ ਚੁੱਕੇ ਸਨ ਅਤੇ ਬਹੁਤ ਸਮਾਂ ਹਥਿਆਰਾਂ ਤੋਂ ਬਿਨਾਂ ਰਹਿਣਾ ਅਸੰਭਵ ਹੋ ਗਿਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਆਪਣੀ ਸ਼ਹੀਦੀ ਤੋਂ ਪਹਿਲਾਂ ਇਸ ਪਰਿਵਰਤਨ ਦੀ ਲੋੜ ਅਨੁਭਵ ਕਰ ਲਈ ਸੀ ਅਤੇ ਉਨ੍ਹਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਭਗਤੀ ਤੇ ਸ਼ਕਤੀ ਦਾ ਸੁਮੇਲ ਕਰਨ ਦਾ ਸੰਦੇਸ਼ ਵੀ ਦੇ ਦਿੱਤਾ ਸੀ ਕਿਉਂਕਿ ਬਦਲਦੇ ਹੋਏ ਹਾਲਾਤ ਨੂੰ ਦੇਖਦੇ ਹੋਏ ਅਤੇ ਸਮੇਂ ਨਾਲ ਨਜਿੱਠਣ ਲਈ ਅਜਿਹਾ ਕਦਮ ਉਠਾਉਣਾ ਲਾਜ਼ਮੀ ਹੋ ਗਿਆ ਸੀ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਆਖਰੀ ਸੰਦੇਸ਼ ਅਨੁਸਾਰ ਗੱਦੀ ’ਤੇ ਬੈਠਣ ਸਮੇਂ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਗੁਰਿਆਈ ਦੇ ਰਵਾਇਤੀ ਚਿੰਨ੍ਹ ਪਹਿਨਾਉਣ ਦੀ ਥਾਂ ਉਹ ਉਨ੍ਹਾਂ ਦੇ ਸਿਰ ’ਤੇ ਦਸਤਾਰ ਸਜਾਉਣ ਅਤੇ ਦੋ ਕਿਰਪਾਨਾਂ ਇਕ ਮੀਰੀ ਦੀ ਤੇ ਇਕ ਪੀਰੀ ਦੀ-ਪਹਿਨਾਈਆਂ ਜਾਣ। ਅਸਲ ਵਿਚ ਮੀਰੀ-ਪੀਰੀ ਦਾ ਸੰਕਲਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੀ ਸ਼ੁਰੂ ਹੋ ਚੁੱਕਾ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਨੂੰ ਹੋਰ ਗੂੜ੍ਹੀ ਰੰਗਤ ਵਿਚ ਸਾਕਾਰ ਕੀਤਾ। ਮੀਰੀ-ਪੀਰੀ ਇਨਸਾਨ ਨੂੰ ਆਤਮਿਕ ਅਤੇ ਸੰਸਾਰਿਕ ਪੱਧਰ ਤੋਂ ਉੱਚਾ ਕਰਨ ਦੀ ਇਕ ਤਰਕੀਬ ਹੈ। ਮੀਰੀ ਸੰਸਾਰਕ ਖੇਤਰ ਦੀ ਸਿਖਰ ਹੈ ਤੇ ਪੀਰੀ ਰੂਹਾਨੀਅਤ ਖੇਤਰ ਦੀ। ਮੀਰੀ-ਪੀਰੀ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ। ਇਥੇ ਇਹ ਵੀ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਇਸ ਦੇ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਹ ਵੀ ਮਹਿਸੂਸ ਕੀਤਾ ਸੀ ਕਿ ਜੇ ਲੋਕਾਂ ਨੂੰ ਬੰਧਨਾਂ ਤੋਂ ਆਜ਼ਾਦ ਕਰਵਾਉਣਾ ਹੈ ਤਾਂ ਇਨ੍ਹਾਂ ਦੇ ਅੰਦਰ ਆਤਮ-ਵਿਸ਼ਵਾਸ ਭਰਨਾ ਜ਼ਰੂਰੀ ਹੈ। ਇਨ੍ਹਾਂ ਦੇ ਦਿਲਾਂ ਵਿੱਚੋਂ ਹਕੂਮਤ ਦਾ ਦਬਦਬਾ ਹਟਾਉਣਾ ਆਵੱਸ਼ਕ ਹੈ। ਸੰਗਤਾਂ ਵਿਚ ਭਰਾਤਰੀ ਭਾਵ ਤਾਂ ਪੈਦਾ ਹੋ ਹੀ ਗਿਆ ਸੀ, ਹੁਣ ਰਾਜਨੀਤਿਕ ਪੱਧਰ ’ਤੇ ਇਕ ਦੂਜੇ ਦੇ ਨੇੜੇ ਲਿਆਉਣ ਦੀ ਲੋੜ ਸੀ। ਲੈਣ-ਦੇਣ, ਝਗੜਿਆਂ ਤੇ ਹੋਰ ਸੰਬੰਧਿਤ ਮਾਮਲਿਆਂ ਦਾ ਫੈਸਲਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਛਿਨ ਭਰ ਵਿਚ ਕਰਨ ਵਿਚ ਮਾਹਰ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਸਾਰੇ ਸ੍ਰੀ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਜਿੱਥੇ ਮੱਲ ਕੁਸ਼ਤੀਆਂ ਲੜਦੇ ਤੇ ਫੌਜੀ ਆਪਣੇ ਕਰਤਬ ਦਿਖਾਉਂਦੇ ਸਨ, ਇਕ ਕੱਚਾ ਥੜ੍ਹਾ ਬਣਾਇਆ। 1608 ਈ. ਵਿਚ ਉਸ ਥੜੇ ਨੂੰ ਤਖ਼ਤ ਦਾ ਨਾਮ ਅਤੇ ਫਿਰ ਸ੍ਰ੍ਰੀ ਅਕਾਲ ਤਖ਼ਤ ਸਾਹਿਬ ਦਾ ਨਾਮ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਂਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪ ਰੱਖੀ ਤੇ ਇਸ ਦੀ ਉਸਾਰੀ ਬਿਨਾਂ ਕਿਸੇ ਮਿਸਤਰੀ ਦੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਪਾਸੋਂ ਸੰਪੂਰਨ ਕਰਵਾਈ।
ਸੰਸਾਰੀ ਤਖ਼ਤਾਂ ਦਾ ਸੁਭਾਉ ਹੈ ਕਿ ਉਨ੍ਹਾਂ ਦਾ ਕਰਤੱਵ ਹਰ ਨਵੀਂ ਤਖ਼ਤ-ਨਸ਼ੀਨੀ ਵਿਚ ਤਬਦੀਲ ਹੋ ਜਾਂਦਾ ਹੈ। ਪਰ ਇਹ ਤਖ਼ਤ ਐਸਾ ਸੀ ਜਿਸ ਦਾ ਸੁਭਾਉ ਕਦੇ ਬਦਲੇਗਾ ਨਹੀਂ। ਇਹ ਤਖ਼ਤ ਧਰਮ ਤੇ ਨਿਆਂ ਲਈ ਹੈ ਤੇ ਨਿਆਂ ਲਈ ਹੀ ਹੋਵੇਗਾ ਤੇ ਕਿਸੇ ਦੀ ਰੂ-ਰਿਆਇਤ ਨਹੀਂ ਕਰੇਗਾ। ਮਿੱਥੇ ਹੋਏ ਅਸੂਲਾਂ ਮੁਤਾਬਿਕ ਇਹ ਤਖ਼ਤ ਪ੍ਰਬੰਧ ਚਲਾਏਗਾ ਤੇ ਦੇਖੇਗਾ। ‘ਸੱਚਾ ਪਾਤਸ਼ਾਹ’ ਤਾਂ ਸ੍ਰੀ ਗੁਰੂ ਹਰਿਗੋਬਿੰਦ ਜੀ ਨੂੰ ਪਹਿਲਾਂ ਹੀ ਆਖਿਆ ਜਾਂਦਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਬੈਠਣ ਕਰਕੇ ‘ਚਉਰ ਤਖ਼ਤ ਦਾ ਮਾਲਕ’ ਵੀ ਕਿਹਾ ਜਾਣ ਲੱਗ ਪਿਆ।
ਅਸਲ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਲਈ ਬਣਾਇਆ ਗਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਰਤਨ ਕਰਨ ਵਾਲਾ ਜੀਵ ਸਿਆਸਤ ਕਿਸੇ ਦੇ ਹਵਾਲੇ ਨਾ ਕਰੇ ਅਤੇ ਸਿਆਸਤ ਨੂੰ ਮਾੜਾ ਕਹਿ ਕੇ ਨਾ ਧਿਰਕਾਰੇ ਸਗੋਂ ਇਸ ਨੂੰ ਨਿਗਾਹਬਾਨ ਸਮਝੇ। ਦੂਜੇ ਪਾਸੇ, ਤਖ਼ਤ ਦਾ ਮਾਲਕ ਬਣਾਇਆ ਗਿਆ ਭਾਵ ਜੀਵ ਤਖ਼ਤ ਉੱਪਰ ਬੈਠਾ ਧਰਮ ਦਾ ਸਤਿਕਾਰ ਬਣਾਈ ਰੱਖੇ। ਪਾਤਸ਼ਾਹੀ ਛੇਵੀਂ ਦੇ ਸ਼ਬਦਾਂ ਵਿਚ :
ਦੋਹਰਾ॥
ਸ਼ਾਤਿ ਰੂਪ ਹ੍ਵੈ ਮੈ ਰਹੋਂ ਹਰਿ ਮੰਦਰ ਕੈ ਮਾਹਿ।
ਰਜੋ ਰੂਪ ਇਹ ਠਾਂ ਰਹੋਂ ਅਕਾਲ ਤਖਤ ਸੁਖੁ ਪਾਇ॥
ਦੇ ਭਾਵ ਨੂੰ ਸਾਕਾਰ ਕੀਤਾ ਗਿਆ। ਭਾਈ ਗੁਰਦਾਸ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ ਥਾਪੇ ਗਏ। ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਬਿਰਾਜੇ ਤਾਂ ਉਨ੍ਹਾਂ ਕੇਸਰੀ ਬਾਣਾ ਪਹਿਨਿਆ ਤੇ ਦਸਤਾਰ ’ਤੇ ਕਲਗੀ ਸਜਾਈ।
ਕੋਈ ਵੀ ਸੰਸਥਾ ਕਿਸੇ ਵੀ ਧਰਮ ਦਾ ਬਹੁਤ ਮਹੱਤਵਪੂਰਨ ਹਿੱਸਾ ਹੁੰਦੀ ਹੋਈ ਧਰਮ ਦੇ ਮੁੱਢਲੇ ਸਿਧਾਂਤਾਂ ਦਾ ਪ੍ਰਤੀਕ ਵੀ ਹੁੰਦੀ ਹੈ। ਹਰ ਵਿਅਕਤੀ ਵਾਸਤੇ ਧਾਰਮਿਕ ਸੰਸਥਾਵਾਂ ਦੀ ਭੂਮਿਕਾ ਜਾਂ ਰੋਲ ਧਾਰਮਿਕ ਸਿਧਾਂਤਾਂ ਨੂੰ ਅਮਲੀ ਰੂਪ ਦੇਣ ਲਈ ਸਭ ਤੋਂ ਵਧੇਰੇ ਮਹੱਤਵਪੂਰਨ ਜ਼ਰੀਆ ਹੁੰਦੀਆਂ ਹਨ। ਅਜਿਹੀਆਂ ਸੰਸਥਾਵਾਂ ਦੀ ਸਾਰਥਕਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਰੂਪਮਾਨ ਹੋ ਜਾਂਦੀ ਹੈ। ਬਹੁਤ ਸਾਰੀਆਂ ਸੰਸਥਾਵਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਹੋਂਦ ਵਿਚ ਆਈਆਂ ਜਿਨ੍ਹਾਂ ਵਿੱਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਵਿਚਾਰਗੋਚਰ ਹੋਣ ਦਾ ਮਾਣ ਹਾਸਲ ਕਰਦੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਸਥਾਪਨਾ ਤੋਂ ਲੈ ਕੇ ਅੱਜ ਤਕ ਸਿੱਖੀ ਦੇ ਸਿਧਾਂਤਕ ਸਮੂਹ ਦੀ ਪ੍ਰਤੀਨਿਧਤਾ ਕਰਨ ਵਾਲਾ ਚੇਤਨਾਮਈ ਕੇਂਦਰ ਰਿਹਾ ਹੈ। ਇਹ ਤਖ਼ਤ ਜਿੱਥੇ ਸਿੱਖ ਕੌਮ ਦੇ ਹਰ ਤਰ੍ਹਾਂ ਦੇ ਮਸਲਿਆਂ ਨਾਲ ਸੰਬੰਧਿਤ ਰਿਹਾ ਹੈ ਉਥੇ ਗੁਰਮਤਿ ਵਿਚਾਰਧਾਰਾ ਦਾ ਅਜਿਹਾ ਅਟੁੱਟ ਅਤੇ ਪ੍ਰਗਟ ਅੰਗ ਹੈ ਜਿਹੜਾ ਸਮੁੱਚੀ ਸਿੱਖ ਚੇਤਨਾ ਦੀ ਪ੍ਰਾਪਤੀ ਹੋ ਚੁੱਕਾ ਹੈ। ਇਥੇ ਇਹ ਗੱਲ ਵੀ ਸਪੱਸ਼ਟ ਕਰਨੀ ਬਣਦੀ ਹੈ ਕਿ ਸਾਡੇ ਸਿੱਖ ਗੁਰੂ ਸਾਹਿਬਾਨ ਨੇ ਆਮ ਆਦਮੀ ਦੀ ਮਾਨਸਿਕਤਾ ਨੂੰ ਤਬਦੀਲ ਕਰਨ ਦਾ ਬੀੜਾ ਚੁੱਕਿਆ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਭਾਵਨਾ ਦੇ ਮਾਰਗ ਦਰਸ਼ਕ ਵਜੋਂ ਸਾਹਮਣੇ ਆਇਆ ਮੰਨਿਆ ਜਾ ਸਕਦਾ ਹੈ।
ਗੁਰੂ ਸਾਹਿਬ ਨੇ ਇਹ ਮਹਿਸੂਸ ਕੀਤਾ ਕਿ ਰਾਜਸੀ ਸੱਤਾ, ਧਰਮ ਨੂੰ ਪ੍ਰਭਾਵਿਤ ਕਰਦੀ ਹੋਈ ਧਰਮ ਦੇ ਉਸ ਪ੍ਰਤੀ ਜਾਗਰੂਕ ਨਾ ਹੋਣ ਨਾਲ ਉਹ ਧਰਮ ਨੂੰ ਦਰੜ-ਫਰੜ ਕਰ ਦਿੰਦੀ ਹੈ। ਅਜਿਹੇ ਧਰਮ ਦੀ ਬੁਨਿਆਦ ਜਿਸ ਨੇ ਰਾਜਸੀ ਸੱਤਾ ਅੱਗੇ ਗੋਡੇ ਨਹੀਂ ਟੇਕੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਨਾਲ ਅਜਿਹੇ ਸਵੈ-ਸਮਰਥ ਧਰਮ ਦੀ ਕੇਂਦਰੀ ਸੰਸਥਾ ਵਜੋਂ ਪ੍ਰਗਟ ਹੋਈ ਸਵੀਕਾਰੀ ਜਾ ਸਕਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਦੇ ਉਦੇਸ਼ ਹਿਤ ਇਹ ਸਾਹਮਣੇ ਆਇਆ ਕਿ ਕਿਸੇ ਵੀ ਧਰਮ ਵੱਲੋਂ ਕਿਸੇ ਵੀ ਹਾਲਤ ਵਿਚ ਆਪਣੇ ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਅਕੀਦਿਆਂ ਦੀ ਰੋਸ਼ਨੀ ਹਿਤ ਆਪਣੀ ਆਨ-ਸ਼ਾਨ ਅਤੇ ਆਜ਼ਾਦੀ ਨੂੰ ਕਾਇਮ ਰੱਖਣ ਦੇ ਯੋਗ ਬਣਾਇਆ ਜਾ ਸਕਦਾ ਹੈ। ਧਰਮ ਦੇ ਇਤਿਹਾਸ ਵਿਚ ਜਿੱਥੇ ਸਿੱਖ ਧਰਮ ਦਾ ਪ੍ਰਕਾਸ਼ ਸੰਸਾਰ ਦੇ ਚਿੱਤਰਪਟ ਉੱਪਰ ਹੋਣਾ ਇਕ ਅਦੁੱਤੀ ਘਟਨਾ ਸੀ ਉਥੇ ਭਗਤੀ ਤੇ ਸ਼ਕਤੀ ਦਾ ਅਦੁੱਤੀ ਸੁਮੇਲ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਇਤਿਹਾਸ ਵਿਚ ਇਕ ਨਵਾਂ ਮੋੜ ਸੀ। ਦੁਨੀਆਂ ਦੇ ਕਿਸੇ ਵੀ ਧਰਮ ਵਿਚ ਅਜਿਹੀ ਵਿਵਸਥਾ ਦਾ ਜ਼ਿਕਰ ਤਕ ਨਹੀਂ ਆਉਂਦਾ।
ਸਿੱਖੀ ਦੇ ਇਤਿਹਾਸਕ ਪ੍ਰਸੰਗ ਦੱਸਦੇ ਹਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਉਪਰੰਤ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰਬਾਣੀ ਦਾ ਕੀਰਤਨ ਹੁੰਦਾ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੰਗਤਾਂ ਨੂੰ ਧਾਰਮਿਕ ਉਪਦੇਸ਼ ਦਿੰਦੇ। ਦੁਪਹਿਰ ਮਗਰੋਂ ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਹਾਜ਼ਰੀਆਂ ਭਰਦੀਆਂ। ਇੱਥੇ ਹੀ ਗੁਰੂ ਸਾਹਿਬ ਨੌਜਵਾਨਾਂ ਨੂੰ ਸਰੀਰਕ ਕਸਰਤਾਂ ਕਰਵਾਉਂਦੇ ਅਤੇ ਉਨ੍ਹਾਂ ਵਿਚ ਖੁਦ ਵੀ ਹਿੱਸਾ ਲੈਂਦੇ। ਇਸ ਤੋਂ ਇਲਾਵਾ ਜੰਗੀ ਕਰਤਬਾਂ ਦੇ ਵਿਖਾਵੇ ਹੁੰਦੇ ਅਤੇ ਢਾਡੀ ਸੂਰਬੀਰਾਂ ਦੀਆਂ ਵਾਰਾਂ ਗਾਇਨ ਕਰਦੇ। ਇਹ ਸਭ ਕੁਝ ਸਿੱਖਾਂ ਦੇ ਮਨਾਂ ਅੰਦਰ ਸੂਰਬੀਰਤਾ ਅਤੇ ਬੀਰ-ਰਸ ਭਰਨ ਲਈ ਇਕ ਵਿਵਹਾਰਕ ਅਤੇ ਸਾਰਥਕ ਕਦਮ ਸੀ। ਗੁਰੂ ਸਾਹਿਬ ਰੋਜ਼ਾਨਾ ਬਾਹਰੋਂ ਆਉਣ ਵਾਲੇ ਸਿੱਖ ਸੇਵਕਾਂ ਨੂੰ ਮਿਲਦੇ ਅਤੇ ਇਹੀ ਉਪਦੇਸ਼ ਦਿੰਦੇ ਕਿ ਉਹ ਆਪਸੀ ਲੜਾਈ-ਝਗੜਿਆਂ ਨੂੰ ਸਰਕਾਰੀ ਕਚਹਿਰੀਆਂ ’ਚ ਲਿਜਾਣ ਦੀ ਬਜਾਏ ਇੱਥੇ ਹੀ ਇਕੱਠੇ ਹੋ ਕੇ ਆਪਸੀ ਸਹਿਮਤੀ ਸਹਿਤ ਹੱਲ ਕਰਿਆ ਕਰਨ। ਗੁਰੂ ਸਾਹਿਬ ਦੇ ਇਸ ਹੁਕਮ ਨਾਲ ਸਿੱਖਾਂ ’ਚ ਆਪਸੀ ਭਾਈਚਾਰਾ ਅਤੇ ਏਕਤਾ ਹੋਰ ਵੀ ਮਜ਼ਬੂਤ ਹੋਈ ਜੋ ਕਿ ਸਿੱਖ ਪੰਥ ਵਾਸਤੇ ਚੜ੍ਹਦੀ ਕਲਾ ਅਤੇ ਜਿੱਤ ਦਾ ਪ੍ਰਤੀਕ ਵੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਦਾ ਇਕ ਉਦੇਸ਼ ਸਿੱਖਾਂ ਨੂੰ ਸ਼ਸਤਰਧਾਰੀ ਵੀ ਬਣਾਉਣਾ ਸੀ। ਗੁਰੂ ਸਾਹਿਬ ਆਉਣ ਵਾਲੇ ਸਿੱਖ ਸ਼ਰਧਾਲੂਆਂ ਪਾਸੋਂ ਮਾਇਆ ਦੀ ਥਾਂ ’ਤੇ ਵਧੀਆ ਸ਼ਸਤਰਾਂ ਅਤੇ ਘੋੜਿਆਂ ਦੀ ਮੰਗ ਕਰਦੇ। ਇਤਿਹਾਸਕ ਸਰੋਤਾਂ ਮੁਤਾਬਕ ਗੁਰੂ ਸਾਹਿਬ ਲਈ ਬਾਬਾ ਬਿਧੀ ਚੰਦ ਦੁਆਰਾ ਵਧੀਆ ਤੋਂ ਵਧੀਆ ਘੋੜੇ ਇਕੱਤਰ ਕੀਤੇ ਗਏ ਸਨ। ਗੁਰੂ ਸਾਹਿਬ ਪਾਸ ਪੰਜ ਸੌ ਦੇ ਕਰੀਬ ਸਿਰਲੱਥ ਯੋਧੇ ਮੌਜੂਦ ਸਨ ਜੋ ਪੰਜਾਬ ਦੇ ਮਾਝਾ, ਮਾਲਵਾ ਅਤੇ ਦੁਆਬਾ ਖੇਤਰ ਵਿੱਚੋਂ ਆਏ ਸਨ। ਇਨ੍ਹਾਂ ਨੇ ਗੁਰੂ ਸਾਹਿਬ ਪਾਸੋਂ ਕਿਸੇ ਤਰ੍ਹਾਂ ਦੀ ਤਨਖਾਹ ਦੀ ਬਜਾਏ ਦੋ ਵਕਤ ਦੇ ਪਰਸ਼ਾਦੇ ਨੂੰ ਹੀ ਤਰਜੀਹ ਦਿੱਤੀ। ਸਿੱਖਾਂ ਦੀ ਜੰਗੀ ਸਮਰੱਥਾ ਵਧਾਉਣ ਖਾਤਰ ਗੁਰੂ ਸਾਹਿਬ ਨੇ ਸੈਂਕੜੇ ਪਠਾਣ ਵੀ ਭਰਤੀ ਕੀਤੇ। ਇਸ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸੰਤ-ਸਿਪਾਹੀਆਂ ਦੀ ਇਕ ਅਜਿਹੀ ਛੋਟੀ ਜਿਹੀ ਫੌਜ ਤਿਆਰ ਸੀ ਜਿਸ ਨੇ ਆਉਣ ਵਾਲੇ ਸਮਿਆਂ ਵਿਚ ਸਮਕਾਲੀ ਮੁਗ਼ਲ ਅਧਿਕਾਰੀਆਂ ਅਤੇ ਫੌਜਾਂ ਵਿਚ ਜਿਤਨੇ ਵੀ ਯੁੱਧ ਲੜੇ, ਸਾਰਿਆਂ ਵਿਚ ਜਿੱਤਾਂ ਹਾਸਲ ਕੀਤੀਆਂ। ਧਰਮ ਦੀ ਰੱਖਿਆ ਵਾਸਤੇ ਸੰਤ-ਸਿਪਾਹੀਆਂ ਵੱਲੋਂ ਲੜੀਆਂ ਗਈਆਂ ਲੜਾਈਆਂ ਅਤੇ ਉਨ੍ਹਾਂ ਵਿਚ ਦਿੱਤੀਆਂ ਕੁਰਬਾਨੀਆਂ, ਸਿੱਖ ਸੂਰਬੀਰਤਾ ਨੂੰ ਸਦਾ ਵਾਸਤੇ ਦਿਸ਼ਾ-ਨਿਰਦੇਸ਼ ਦਿੰਦੀਆਂ ਰਹੀਆਂ।
ਸੰਤ-ਸਿਪਾਹੀਆਂ ਦੀ ਫੌਜ ਦੀ ਸੁਰੱਖਿਆ ਵਾਸਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਵਿਖੇ ਇਕ ‘ਲੋਹਗੜ੍ਹ’ ਦਾ ਛੋਟਾ ਜਿਹਾ ਕਿਲ੍ਹਾ ਵੀ ਬਣਾਇਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ‘ਸੱਚੇ ਪਾਤਸ਼ਾਹ’ ਰੋਜ਼ਾਨਾ ਬਿਰਜਾਮਾਨ ਹੁੰਦੇ। ਰੋਜ਼ਾਨਾ ਨਿਸ਼ਾਨ ਸਾਹਿਬ ਝੂਲਦਾ ਅਤੇ ਨਗਾਰਾ ਵਜਾਇਆ ਜਾਂਦਾ। ਇਹ ਸਾਰੀਆਂ ਚੀਜ਼ਾਂ ਪ੍ਰਭੂਸੱਤਾ ਦਾ ਪ੍ਰਤੀਕ ਸਨ। ਇਹ ਪ੍ਰਭੂਸੱਤਾ ਰੂਹਾਨੀ ਵੀ ਸੀ ਤੇ ਸੰਸਾਰੀ ਵੀ ਸੀ। ਕਈ ਵਾਰ ਵਕਤ ਦੀਆਂ ਹਕੂਮਤਾਂ ਦੁਆਰਾ ਸਿੱਖਾਂ ਦੀ ਤਾਕਤ ਨੂੰ ਬਰਬਾਦ ਅਤੇ ਤਬਾਹ ਕਰਨ ਹਿੱਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੀਆਂ ਫੌਜਾਂ ਅਤੇ ਬਾਰੂਦ ਦਾ ਨਿਸ਼ਾਨਾ ਬਣਾਇਆ ਗਿਆ ਪਰ ਹਰ ਵਾਰ ਸਿੱਖ ਕੌਮ ਨੇ ਅਥਾਹ ਕੁਰਬਾਨੀਆਂ ਦੇ ਕੇ ਇਸ ਨੂੰ ਫਿਰ ਤੋਂ ਸੰਪੂਰਨਤਾ ਸਹਿਤ ਉਸਾਰ ਲਿਆ ਕਿਉਂਕਿ ਇਹ ਕੇਵਲ ਇੱਟਾਂ ਜਾਂ ਗਾਰੇ ਮਸਾਲੇ ਦਾ ਬਣਿਆ ਇਕ ਢਾਂਚਾ ਨਹੀਂ ਸਗੋਂ ਅਜਿਹੀ ਸੰਸਥਾ ਬਣ ਚੁੱਕਾ ਹੈ ਜੋ ਸਿੱਖ ਕੌਮ ਦੇ ਦਿਲਾਂ ਵਿੱਚੋਂ ਕਦੇ ਵੀ ਮਿਟ ਨਹੀਂ ਸਕਦਾ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਾਸੰਗਿਕਤਾ ਅਧੀਨ ਇਸ ਦੀ ਸਥਾਪਨਾ ਤੇ ਉਦੇਸ਼ ਦੀ ਸਾਰਥਿਕਤਾ ਨੂੰ ਸਵੀਕਾਰ ਕਰਦੇ ਹੋਏ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਧਰਮ ਦੀ ਹੋਂਦ ਤੇ ਸਵੈਮਾਣ ਦਾ ਪ੍ਰਤੀਕ ਹੈ। ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਇਹ ਪਾਵਨ ਬਖਸ਼ਿਸ਼ ਧਰਮ ਦੀ ਸਥਾਪਤੀ ਅਤੇ ਜ਼ਬਰ-ਜ਼ੁਲਮ ਅਤੇ ਅਨਿਆਂ ਵਿਰੁੱਧ ਸੰਘਰਸ਼ ਦਾ ਪ੍ਰੇਰਨਾ-ਸ੍ਰੋਤ ਹੈ ਅਤੇ ਰਹੇਗੀ। ਸਚਾਈ ਦਾ ਰਸਤਾ ਅਪਣਾਉਂਦੇ, ਸੱਚੇ ਸਿੱਖ ਤੇ ਬਹਾਦਰ ਸੂਰਬੀਰ ਹਮੇਸ਼ਾਂ ਹੀ ਇਸ ਤੋਂ ਅਗਵਾਈ ਲੈਂਦੇ ਰਹਿਣਗੇ।
ਹਵਾਲੇ ਤੇ ਟਿੱਪਣੀਆਂ
1. ਸ੍ਰੀ ਗੁਰੂ ਹਰਿਗੋਬਿੰਦ ਸਾਹਿਬ (1996), ਵੱਡਾ ਜੋਧਾ ਬਹੁ ਪਰਉਪਕਾਰੀ (ਐ.ਜੀ.ਗੁਪਤਾ) ਲੋਕਗੀਤ ਪ੍ਰਕਾਸ਼ਨ, ਸਰਹਿੰਦ ਮੰਡੀ, 1996.
2. ਗੁਰੂ ਹਰਿਗੋਬਿੰਦ ਸਾਹਿਬ ਜੀਵਨ, ਸਖ਼ਸੀਅਤ ਤੇ ਦੇਣ (ਪ੍ਰੋਫੈਸਰ ਜੋਗਿੰਦਰ ਸਿੰਘ), ਸੁੰਦਰ ਸਰੂਪ ਪ੍ਰਕਾਸ਼ਨ, ਨਵੀਂ ਦਿੱਲੀ, 1999.
3. ਗੁਰੂ ਹਰਿਗੋਬਿੰਦ (ਸਤਿਬੀਰ ਸਿੰਘ), ਪੰਜਾਬੀ ਯੂਨੀਵਰਸਿਟੀ, ਪਟਿਆਲਾ, 1968.
4. ਤੇਗਜ਼ਨ ਗੁਰੂ ਹਰਿਗੋਬਿੰਦ ਸਾਹਿਬ (ਡਾ. ਜਸਬੀਰ ਸਿੰਘ) ਸੰਤ ਐਂਡ ਸਿੰਘ ਪਬਲਿਸ਼ਰਜ਼, ਬਾਰਾਮੂਲਾ, 2001.
ਲੇਖਕ ਬਾਰੇ
ਡਾ.ਗੁੰਜਨਜੋਤ ਕੌਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ।
- ਡਾ. ਗੁੰਜਨਜੋਤ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a9%b0%e0%a8%9c%e0%a8%a8%e0%a8%9c%e0%a9%8b%e0%a8%a4-%e0%a8%95%e0%a9%8c%e0%a8%b0/June 1, 2007