ਸਿੱਖ ਇਤਿਹਾਸ ਦਾ ਸ਼ਾਇਦ ਹੀ ਕੋਈ ਪੰਨਾ ਐਸਾ ਹੋਵੇਗਾ ਜਿਸ ਉੱਤੇ ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ ਅਤੇ ਸ਼ਹੀਦੀਆਂ ਦਾ ਜ਼ਿਕਰ ਨਾ ਆਉਂਦਾ ਹੋਵੇ। ਦੁਨੀਆਂ ਵਿਚ ਸਭ ਤੋਂ ਘੱਟ-ਗਿਣਤੀ ਕੌਮ ਆਪਣੇ ਮਹਾਨ ਫ਼ਲਸਫ਼ੇ, ਸਿਧਾਂਤ, ਸਦਾਚਾਰ, ਸਭਿਆਚਾਰ, ਕੁਰਬਾਨੀ, ਉੱਦਮੀ ਅਤੇ ਤਿਆਗੀ ਬਿਰਤੀ ਆਦਿ ਸਦ-ਗੁਣਾਂ ਅਤੇ ਇਕ ਸ਼ਾਨਾਂ-ਮੱਤੇ ਇਤਿਹਾਸ ਦੀ ਵਾਰਸ ਹੋਣ ਕਰਕੇ ਸਿੱਖ ਕੌਮ ਇਕ ਵਿਲੱਖਣ ਅਤੇ ਵਿਸ਼ੇਸ਼ ਮਹੱਤਵ ਵਾਲੀ ਕੌਮ ਹੈ। ਦੁਨੀਆਂ ਅੰਦਰ ਆਪਣੇ ਹੀ ਸੁਖ ਲਈ ਲੋਚਣਾ ਅਤੇ ਸੋਚਣਾ ਹੀ ਨਿਰਾਸ਼ਾ ਦਾ ਕਾਰਨ ਹੈ। ਇਹ ਅਵਗੁਣ ਸਿੱਖ ਕੌਮ ਦੇ ਹਿੱਸੇ ਵਿਚ ਨਹੀਂ ਆਏ। ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੂੰ ਹਮੇਸ਼ਾ ਹੀ ਦੂਜਿਆਂ ਲਈ ਲੋਚਣਾ, ਸੋਚਣਾ, ਦੂਜਿਆਂ ਦੇ ਮੱਨੁਖੀ ਅਧਿਕਾਰਾਂ ਲਈ ਜੂਝਣਾ, ਨੇਕੀ, ਪਰਉਪਕਾਰ ਅਤੇ ਹੱਕ-ਸੱਚ ਲਈ ਮਰ-ਮਿਟਣਾ ਹਮੇਸ਼ਾ ਖੁਸ਼ੀ ਅਤੇ ਸੰਤੁਸ਼ਟੀ ਦਿੰਦਾ ਰਿਹਾ ਹੈ। ਇਤਿਹਾਸ ਗਵਾਹ ਹੈ ਕਿ ਇਸ ਕੌਮ ਨੂੰ ਇਨ੍ਹਾਂ ਉੱਤਮ ਗੁਣਾਂ ਦਾ ਧਾਰਨੀ ਹੋਣ ਅਤੇ ਇਨ੍ਹਾਂ ਲਈ ਕੁਰਬਾਨ ਹੋਣ ਦਾ ਮਾਣ ਪ੍ਰਾਪਤ ਹੈ। ਸਤਿਗੁਰਾਂ ਨੇ “ਅਪਨਾ ਬਿਗਾਰਿ ਬਿਰਾਂਨਾ ਸਾਂਢੈ” ਦਾ ਸਿਧਾਂਤ ਸਿੱਖਾਂ ਨੂੰ ਦ੍ਰਿੜ੍ਹ ਕਰਾਇਆ। ਭਗਤ ਕਬੀਰ ਜੀ ਨੇ ਸਿੱਖ ਕੌਮ ਨੂੰ ਬੜੀ ਸ਼ਿੱਦਤ ਨਾਲ ਹੱਕ, ਸੱਚ, ਨੇਕੀ ਅਤੇ ਨਿਆਂ ਲਈ ਜੂਝਣ ਦਾ ਸਬਕ ਇਉਂ ਦ੍ਰਿੜ੍ਹ ਕਰਾਇਆ:
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਪੰਨਾ 1105)
ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਸਿੱਖ ਕੌਮ ਨੂੰ ਦ੍ਰਿੜ੍ਹ ਕਰਾਇਆ:
ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ॥
ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ॥ (ਪੰਨਾ 679)
ਸਿੱਖ ਕੌਮ ਪਾਸ ਅਣਗਿਣਤ ਸ਼ਹੀਦ ਸਿੰਘਾਂ, ਸਿੰਘਣੀਆਂ, ਭੁਜੰਗੀਆਂ ਦੀ ਗੌਰਵਮਈ ਵਿਰਾਸਤ ਹੈ। ਜਿਸ ਤਰ੍ਹਾਂ ਗੁਰੂ ਪਰੰਪਰਾ ਵਿਚ ਦੁਨਿਆਵੀ ਉਮਰ ਦੀ ਕੋਈ ਅਹਿਮੀਅਤ ਨਹੀਂ ਹੈ, ਉਸੇ ਤਰ੍ਹਾਂ ਸ਼ਹੀਦੀਆਂ ਵਿਚ ਵੀ ਉਮਰ ਦਾ ਕੋਈ ਅਰਥ ਨਹੀਂ ਹੈ। ਇਥੇ ਤਾਂ ਸਿਦਕ ਦਾ ਹੀ ਮਹੱਤਵ ਹੈ। ਸਿਦਕ ਕਦੀ ਵੀ ਦੁਨਿਆਵੀ ਉਮਰ ਦੇ ਹਿਸਾਬ ਨਾਲ ਛੋਟਾ ਜਾਂ ਵੱਡਾ ਨਹੀਂ ਹੁੰਦਾ। ਸ਼ਹੀਦੀ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਬੇਟੇ ਬਾਬਾ ਅਜੈ ਸਿੰਘ ਦੀ ਉਮਰ ਤਕਰੀਬਨ ਪੌਣੇ ਚਾਰ ਸਾਲ, ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ 9 ਸਾਲ, ਬਾਬਾ ਫ਼ਤਹ ਸਿੰਘ 7 ਸਾਲ ਤੋਂ ਲੈ ਕੇ 75 ਸਾਲ ਤੋਂ ਵੱਧ ਉਮਰ ਦੇ ਸ਼ਹੀਦ ਬਾਬਾ ਦੀਪ ਸਿੰਘ ਅਤੇ 70 ਸਾਲ ਤੋਂ ਵੱਧ ਉਮਰ ਦੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਸਿੱਖ ਕੌਮ ਦਾ ਅਲੌਕਿਕ ਅਤੇ ਵਿਲੱਖਣ ਵਿਰਸਾ ਹੈ। ਇਨ੍ਹਾਂ ਸ਼ਹੀਦੀਆਂ ਦਾ ਦੌਰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਅਰੰਭ ਹੁੰਦਾ ਹੈ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ: “ਏਸੇ ਸਮੇਂ 10 ਪ੍ਰਕਾਰ ਦੀ ਮੌਤ ਨਾਲ ਸਿੰਘ ਮਾਰੇ ਜਾਂਦੇ ਸੇ- 1. ਚਰਖੀ (ਜਿਸ ਉਪਰ ਬੰਨ੍ਹ ਕੇ ਭਵਾਉਂਦੇ ਤੇ ਆਦਮੀ ਦੀ ਹੱਡੀ-ਹੱਡੀ ਤੋੜ-ਮਰੋੜ ਸਿੱਟਦੇ); 2. ਸੂਲੀ (ਇਕ ਪਟੜੇ ਉੱਤੇ ਲੰਬਾ ਪਾ ਕੇ ਸਾਰੇ ਅੰਗਾਂ ਵਿਚ ਕਿੱਲ ਠੋਕ ਦਿੰਦੇ ਜੈਸੇ ਹਜ਼ਰਤ ਈਸਾ ਨੂੰ ਸ਼ਾਮ ਦੇਸ ਯਰੂਸ਼ਲਮ ਸੈਦੇ ਫਿਰਾਊਨ ਬਾਦਸ਼ਾਹ ਨੇ ਮਾਰਿਆ ਸੀ); 3. ਸੰਗੇਸਰ (ਦਰੱਖ਼ਤ ਨਾਲ ਲਟਕਾ ਕੇ ਇੱਟਾਂ-ਵੱਟਿਆਂ ਨਾਲ ਮਾਰਨਾ); 4. ਤਸਮੇ ਕਸੀ (ਚੰਮ ਦੇ ਵਦਰ ਬਗਲਾਂ ਹੇਠ ਪਾ ਕੇ ਮਧਾਣੀ ਵਾਂਗੂ ਰਿੜਕ-ਰਿੜਕ ਛਾਤੀ ਚੂਰ ਕਰ ਕੇ ਮਾਰਨਾ); 5. ਜੰਬੂਰਾਂ ਨਾਲ ਥੋੜ੍ਹਾ-ਥੋੜ੍ਹਾ ਮਾਸ ਤੋੜ ਕੇ ਮਾਰਨਾ; 6. ਮੂੰਗਲੀਆਂ ਨਾਲ ਕੁੱਟ-ਕੁੱਟ ਕੇ ਮਾਰਨਾ; 7. ਧਰਤੀ ਵਿਚ ਲੱਕ ਤਾਈਂ ਗੱਡ ਕੇ ਥੋਥੇ ਤੀਰਾਂ ਦਾ ਨਿਸ਼ਾਨਾ ਕਰ ਕੇ ਮਾਰਨਾ; 8. ਕੁੱਤਿਆਂ ਤੋਂ ਤੁੜਵਾ ਦੇਣਾ; 9. ਗਲ ਵਿਚ ਫਾਹਾ ਪਾ ਦੇਣਾ; 10. ਤੱਤਾ ਤੇਲ ਪਾ ਕੇ ਮਾਰਨਾ।”
ਸਿੱਖ ਇਤਿਹਾਸ ਵਿਚ ਭਾਈ ਮਨੀ ਸਿੰਘ ਨਾਂ ਦੇ ਚਾਰ ਵਿਅਕਤੀਆਂ ਦਾ ਜ਼ਿਕਰ ਆਉਂਦਾ ਹੈ। ਇਕ ਭਾਈ ਮਨੀ ਸਿੰਘ ਕਾਨ੍ਹੇ ਕਾਛੇ ਦੇ ਨਿਵਾਸੀ ਸਨ; ਇਕ ਭਾਈ ਮਨੀ ਸਿੰਘ ਕੰਬੋ ਮੰਨੇ ਜਾਂਦੇ ਹਨ; ਇਕ ਭਾਈ ਮਨੀ ਸਿੰਘ ਦੁਲੱਟ ਕੈਂਬੋਵਾਲਪੁਰ ਵਾਲੇ ਅਤੇ ਇਕ ਭਾਈ ਮਨੀ ਸਿੰਘ ਮੁਲਤਾਨ ਦੇ ਨੇੜੇ ਅਲੀਪੁਰ ਦੇ ਵਸਨੀਕ ਸਨ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਚਾਰੇ ਇੱਕੋ ਹੀ ਸਨ।
ਇਸ ਲੇਖ ਵਿਚ ਬੰਦ-ਬੰਦ ਕਟਾਉਣ ਵਾਲੇ ਮਹਾਨ ਗੁਰਸਿੱਖ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਬਾਰੇ ਚਰਚਾ ਕਰ ਰਹੇ ਹਾਂ।
ਭਾਈ ਮਨੀ ਸਿੰਘ ਜੀ ਦੇ ਜੀਵਨ-ਬਿਰਤਾਂਤ ਨੂੰ ਵਾਚਿਆਂ ਪਤਾ ਲੱਗਦਾ ਹੈ ਕਿ ਆਪ ਜੀ ਗੁਰੂ-ਘਰ ਦੇ ਸੱਚੇ ਪ੍ਰੀਤੀਵਾਨ ਸਿੱਖ ਸਨ। ਆਪ ਜੀ, ਗੁਰ-ਮਰਿਆਦਾ ਦੇ ਧਾਰਨੀ, ਉਸ ਦਾ ਪਾਲਣ ਕਰਨ ਅਤੇ ਕਰਾਉਣ ਵਾਲੇ ਸਨ। ਆਪ ਜੀ ਉੱਚ- ਕੋਟੀ ਦੇ ਗਹਿਰ ਗੰਭੀਰ, ਨੀਤੀਵਾਨ, ਮਿੱਠਬੋਲੜੇ ਅਤੇ ਮਿਲਣਸਾਰ ਗੁਰਸਿੱਖ ਸਨ। ਉੱਚ ਕੋਟੀ ਦੇ ਵਿਦਵਾਨ, ਕਵੀ, ਕਥਾਵਾਚਕ ਅਤੇ ਕਲਮ ਦੇ ਧਨੀ ਉੱਤਮ ਲਿਖਾਰੀ ਸਨ। ਗੁਰੂ-ਘਰ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ; ਸੇਵਾਦਾਰ ਅਤੇ ਸਤਿਗੁਰਾਂ ਦੇ ਦਰਬਾਰ ਦੇ ਦੀਵਾਨ ਸਨ। ਆਪ ਜੀ ਮਹਾਨ ਯੁੱਧ-ਸੰਗਰਾਮੀ ਹੋਣ ਦੇ ਨਾਲ-ਨਾਲ ਪੂਰਨ ਸਹਿਜ ਅਵਸਥਾ ਵਿਚ ਵਿਚਰਨ ਵਾਲੇ ਸਹਿਨਸ਼ੀਲਤਾ ਦੇ ਪੁੰਜ ਸਨ। ਦੁਨੀਆਂ ਵਿਚ ਵਿਰਲੇ ਮਨੁੱਖ ਹੀ ਸਰਬ-ਸਦਗੁਣ ਸੰਪੂਰਨ ਮਨੁੱਖ ਹੋਏ ਹਨ। ਆਪ ਜੀ ਸੱਚਮੁਚ ਹੀ ਬ੍ਰਹਮਗਿਆਨੀ ਸਨ। ਅਸੀਂ ਅੱਜ ਉਨ੍ਹਾਂ ਗੁਰਮੁਖ ਜੀਉੜਿਆਂ, ਪਰਉਪਕਾਰ ਦੇ ਮੁਜੱਸਮਿਆਂ ਤੇ ਮਹਾਨ ਸ਼ਹੀਦਾਂ ਦੀਆਂ ਬਰਕਤਾਂ ਹੀ ਮਾਣ ਰਹੇ ਹਾਂ। ਗੁਰਵਾਕ ਹੈ:
ਜੋ ਮਨਿ ਚਿਤਿ ਇਕੁ ਅਰਾਧਦੇ ਤਿਨ ਕੀ ਬਰਕਤਿ ਖਾਹਿ ਅਸੰਖ ਕਰੋੜੇ॥
ਤੁਧੁਨੋ ਸਭ ਧਿਆਇਦੀ ਸੇ ਥਾਇ ਪਏ ਜੋ ਸਾਹਿਬ ਲੋੜੇ॥ (ਪੰਨਾ 306)
ਭਾਈ ਮਨੀ ਸਿੰਘ ਜੀ ਦਾ ਜਨਮ ਸੁਨਾਮ ਦੇ ਨੇੜੇ ਕੈਂਬੋਵਾਲ ਵਿਖੇ ਹੋਇਆ। ਬਚਪਨ ਵਿਚ ਹੀ ਆਪ ਜੀ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਪਾਸ ਆ ਗਏ। ਆਪ ਜੀ ਉਮਰ ਪੱਖੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਾਣੀ ਸਨ ਤੇ ਆਪ ਦਾ ਬਚਪਨ ਉਨ੍ਹਾਂ ਦੇ ਸਾਥ ਵਿਚ ਗੁਜ਼ਰਿਆ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਉਪਰੰਤ ਵੀ ਆਪ ਜੀ ਸ੍ਰੀ ਅਨੰਦਪੁਰ ਸਾਹਿਬ ਹੀ ਟਿਕੇ ਰਹੇ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਵਿਖੇ ਸਾਹਿਤਕ ਗਤੀਵਿਧੀਆਂ ਵਿਚ ਮਸਰੂਫ਼ ਰਹੇ, ਓਦੋਂ ਵੀ ਭਾਈ ਮਨੀ ਸਿੰਘ ਨਾਲ ਵਿਚਰਦੇ ਰਹੇ। ਭਾਈ ਮਨੀ ਸਿੰਘ ਦਾ ਝੁਕਾਅ ਵੀ ਸਾਹਿਤ ਵੱਲ ਹੋ ਗਿਆ ਤੇ ਆਪ ਜੀ ਬਾਣੀ ਦੀਆਂ ਪੋਥੀਆਂ ਲਿਖਣ ਦੀ ਸੇਵਾ ਕਰਦੇ ਰਹੇ।
ਗੁਰਬਾਣੀ ਅਤੇ ਗੁਰ-ਇਤਿਹਾਸ ਦਾ ਡੂੰਘਾ ਅਧਿਐਨ ਕਰ ਕੇ ਆਪ ਜੀ ਉੱਚ ਕੋਟੀ ਦੇ ਵਿਦਵਾਨ ਅਤੇ ਕਵੀ ਬਣ ਗਏ। ਗਿਆਨੀ ਗਿਆਨ ਸਿੰਘ ਨੇ ਇਨ੍ਹਾਂ ਬਾਰੇ ਇਉਂ ਲਿਖਿਆ ਹੈ:
ਕਵੀ ਬਵੰਜਾ ਥੇ ਗੁਰ ਪਾਸ।
ਉਨ ਮੈ ਗਨਨਾ ਇਸ ਕੀ ਖਾਸ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਦੀ ਗੁਰੂ-ਘਰ ਪ੍ਰਤੀ ਮੁਕੰਮਲ ਸਮਰਪਣ ਦੀ ਭਾਵਨਾ, ਵਿਦਵਤਾ, ਭਰੋਸੇਯੋਗਤਾ, ਪ੍ਰਬੰਧਕ ਸੂਝ-ਬੂਝ ਆਦਿ ਗੁਣਾਂ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਗੁਰੂ-ਦਰਬਾਰ ਦਾ ਦੀਵਾਨ ਥਾਪ ਦਿੱਤਾ, ਜਿਹੜੀ ਡਿਊਟੀ ਉਨ੍ਹਾਂ ਨੇ ਪੂਰੀ ਸ਼ਰਧਾ ਅਤੇ ਯੋਗਤਾ ਨਾਲ ਨਿਭਾਈ। ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਦਸਮੇਸ਼ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਿਤਵੇ ‘ਸਚਿਆਰ’ ਮਨੁੱਖ ਨੂੰ ਸੰਮਤ 1756 ਦੀ ਵੈਸਾਖੀ ਅਰਥਾਤ 29 ਮਾਰਚ, 1699 ਨੂੰ ਖੰਡੇ ਕੀ ਪਾਹੁਲ (ਅੰਮ੍ਰਿਤ) ਛਕਾ ਕੇ ਦੁਨੀਆਂ ਦੇ ਸਾਹਮਣੇ ਪਰਗਟ ਕਰ ਦਿੱਤਾ ਅਤੇ ਇਸ ਨੂੰ ‘ਖਾਲਸੇ’ ਦੀ ਸੰਗਿਆ ਦਿੱਤੀ। ਗੁਰੂ-ਘਰ ਦੇ ਅਨਿੰਨ-ਸਿੱਖ ਭਾਈ ਮਨੀ ਸਿੰਘ ਨੇ ਵੀ ਉਸੇ ਦਿਨ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ ਸੀ।
ਹੁਣ ਭਾਈ ਮਨੀ ਸਿੰਘ ਦਾ ਗੁਰੂ-ਦਰਬਾਰ ਵਿਚ ਹੋਰ ਵੀ ਸਤਿਕਾਰ ਵਧ ਗਿਆ। ਉਹ ਸਤਿਗੁਰਾਂ ਦੇ ਚੋਣਵੇਂ ਸਿੰਘਾਂ ਵਿਚ ਗਿਣੇ ਜਾਣ ਲੱਗ ਪਏ ਸਨ। ਸਤਿਗੁਰਾਂ ਨੇ ਭਾਈ ਮਨੀ ਸਿੰਘ ਦਾ ਗੁਰਮਤਿ ਗਿਆਨ ਅਤੇ ਉਨ੍ਹਾਂ ਦੀ ਵਿਦਵਤਾ ਨੂੰ ਵੇਖਦਿਆਂ ਉਨ੍ਹਾਂ ਦੀ ਗੁਰ-ਸ਼ਬਦ ਦੀ ਕਥਾ ਕਰਨ ਲਈ ਸੇਵਾ ਲਗਾ ਦਿੱਤੀ ਜੋ ਉਨ੍ਹਾਂ ਨੇ ਪੂਰੀ ਨਿਪੁੰਨਤਾ ਸਹਿਤ ਨਿਭਾਈ। ਇਸ ਤਰ੍ਹਾਂ ਹੁਣ ਭਾਈ ਸਾਹਿਬ ਤਲਵਾਰ ਦੇ ਧਨੀ, ਸ੍ਰੀ ਉੱਚ ਕੋਟੀ ਦੇ ਵਿਦਵਾਨ, ਵਧੀਆ ਕਥਾਵਾਚਕ, ਚੰਗੇ ਘੋੜ ਸਵਾਰ, ਪ੍ਰਮੁੱਖ ਸੇਵਾਦਾਰ ਅਤੇ ਅੰਮ੍ਰਿਤਧਾਰੀ ਸਿੰਘ ਸਨ। ਉਹ ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਨਿਰਧਾਰਤ ਪੈਮਾਨੇ “ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ” ਉੱਤੇ ਪੂਰੇ ਉਤਰਦੇ ਸਨ।
ਸੋਢੀ ਹਰਿ ਜੀ ਦੇ ਅਕਾਲ ਚਲਾਣੇ ਉਪਰੰਤ ਉਸ ਦੇ ਪੁੱਤਰ ਸੋਢੀ ਨਿਰੰਜਨ ਰਾਇ ਦੇ ਕਮਜ਼ੋਰ ਪ੍ਰਬੰਧਕ ਹੋਣ ਕਾਰਨ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ, ਸੇਵਾ-ਸੰਭਾਲ ਵਿਚ ਊਣਤਾਈਆਂ ਆ ਜਾਣ ਕਾਰਨ ਉਥੋਂ ਦੀ ਸੰਗਤ ਦੀ ਬੇਨਤੀ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿਦਕੀ ਸਿੰਘਾਂ ਸਮੇਤ ਭਾਈ ਮਨੀ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ-ਸੰਭਾਲ ਅਤੇ ਪ੍ਰਬੰਧ ਕਰਨ ਅਤੇ ਗੁਰ-ਮਰਿਆਦਾ ਬਹਾਲ ਕਰਨ ਹਿਤ ਸ੍ਰੀ ਅੰਮ੍ਰਿਤਸਰ ਘੱਲਿਆ। ਇਥੇ ਮੀਣਿਆਂ ਵੱਲੋਂ ਚਲਾਈ ਨਿਰਾਰਥਕ ਅਤੇ ਬੇਲੋੜੀ ਮਰਿਆਦਾ ਸਮਾਪਤ ਕਰ ਕੇ ਭਾਈ ਸਾਹਿਬ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਤ ਅਤੇ ਪ੍ਰਵਾਨਿਤ ਗੁਰ-ਮਰਿਆਦਾ ਨੂੰ ਲਾਗੂ ਕੀਤਾ। ਨਿਤਨੇਮ, ਕੀਰਤਨ ਅਤੇ ਕਥਾ ਦਾ ਪ੍ਰਵਾਹ ਚਾਲੂ ਕੀਤਾ, ਜਿਸ ਦਾ ਸਦਕਾ ਸ੍ਰੀ ਦਰਬਾਰ ਸਾਹਿਬ ਵਿਚ ਮੁੜ ਪੁਰਾਣੀਆਂ ਰੌਣਕਾਂ ਪਰਤ ਆਈਆਂ।
ਆਪ ਜੀ ਸ੍ਰੀ ਅੰਮ੍ਰਿਤਸਰ ਵਿਖੇ ਸੇਵਾ ਨਿਭਾਉਂਦਿਆਂ ਹੋਇਆਂ ਸ੍ਰੀ ਅਨੰਦਪੁਰ ਸਾਹਿਬ ਨਾਲ ਪੂਰਾ ਤਾਲਮੇਲ ਰੱਖਦੇ ਸਨ। ਦਸਮੇਸ਼ ਪਾਤਸ਼ਾਹ ਨੇ ਭਾਈ ਸਾਹਿਬ ਦੀ ਉੱਤਮ ਸੇਵਾ, ਨਿਮਰਤਾ ਅਤੇ ਸਰਬਪੱਖੀ ਗੁਣਾਂ ਤੋਂ ਪ੍ਰਸੰਨ ਹੋ ਕੇ ਉਨ੍ਹਾਂ ਨੂੰ 1 ਕੱਤਕ ਸੰਮਤ 1760 ਬਿਕ੍ਰਮੀ ਨੂੰ ਮਹੱਤਵਪੂਰਨ ਹੁਕਮਨਾਮਾ ਬਖਸ਼ਿਆ। ਸਤਿਗੁਰਾਂ ਪਾਸੋਂ ਹੁਕਮਨਾਮਾ ਪ੍ਰਾਪਤ ਕਰ ਕੇ ਭਾਈ ਸਾਹਿਬ ਧੰਨ ਹੋ ਗਏ ਅਤੇ ਪਾਤਸ਼ਾਹ ਦੀ ਆਗਿਆ ਅਨੁਸਾਰ ਮੁੜ ਸ੍ਰੀ ਅੰਮ੍ਰਿਤਸਰ ਆ ਕੇ ਸੇਵਾ ਵਿਚ ਜੁੱਟ ਗਏ।
ਆਪ ਜੀ ਗੁਰੂ ਜੀ ਪਾਸ ਤਲਵੰਡੀ ਸਾਬੋ ਵਿਖੇ ਵੀ ਪਹੁੰਚ ਗਏ, ਜਿੱਥੇ ਸਤਿਗੁਰਾਂ ਦੇ ਹੁਕਮ ਅਤੇ ਸਰਪ੍ਰਸਤੀ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ ਗਿਆ ਅਤੇ ਇਸ ਸੰਪੂਰਨ ਪਵਿੱਤਰ ਗ੍ਰੰਥ ਦੇ ਉਤਾਰੇ ਕੀਤੇ। ਇਥੋਂ ਭਾਈ ਸਾਹਿਬ ਸਤਿਗੁਰਾਂ ਨਾਲ ਰਾਜਸਥਾਨ ਦੇ ਕਸਬਾ ਬਘੌਰ ਤੀਕ ਨਾਲ ਗਏ। ਇਥੋਂ ਸਤਿਗੁਰੂ ਆਪ ਤਾਂ ਦੱਖਣ ਵੱਲ ਰਵਾਨਾ ਹੋ ਗਏ ਪਰੰਤੂ ਭਾਈ ਮਨੀ ਸਿੰਘ ਨੂੰ ਮੁੜ ਸ੍ਰੀ ਅੰਮ੍ਰਿਤਸਰ ਭੇਜ ਦਿੱਤਾ ਗਿਆ। ਦਸਮੇਸ਼ ਜੀ ਦੇ ਜੋਤੀ ਜੋਤਿ ਸਮਾਉਣ ਉਪਰੰਤ ਸਿੱਖ ਸੰਗਠਨ ਨੂੰ ਕਾਇਮ ਤੇ ਮਜ਼ਬੂਤ ਰੱਖਣਾ ਅਤੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿਚ ਰੱਖਣਾ ਅਤਿ ਮਹੱਤਵਪੂਰਨ ਕਾਰਜ ਸੀ। ਭਾਈ ਮਨੀ ਸਿੰਘ ਦੀ ਸਰਬਪੱਖੀ ਸ਼ਖ਼ਸੀਅਤ ਨੇ ਸਮੇਂ ਦੀ ਇਸ ਚੁਣੌਤੀ ਨੂੰ ਸਮਝਿਆ ਅਤੇ ਆਪਣੀ ਸੂਝ-ਬੂਝ ਨਾਲ ਇਸ ਦੇ ਹਾਣੀ ਵੀ ਹੋਏ। ਇਸ ਕਾਰਜ ਲਈ ਸ੍ਰੀ ਅੰਮ੍ਰਿਤਸਰ ਪੁੱਜ ਕੇ ਭਾਈ ਸਾਹਿਬ ਨੇ ਗੁਰੂ-ਘਰ ਨਾਲ ਸੰਬੰਧਿਤ ਸਾਖੀਆਂ ਅਤੇ ਗੁਰ-ਸ਼ਬਦ ਦੀ ਕਥਾ ਸੁਣਾ ਕੇ ਸਿੱਖ ਸੰਗਤਾਂ ਦਾ ਮਨੋਬਲ ਕਾਇਮ ਰੱਖਿਆ। ਉਨ੍ਹਾਂ ਨੂੰ ਹਰ ਕਿਸਮ ਦੇ ਹਾਲਾਤ ਦਾ ਸਾਹਮਣਾ ਕਰਨ ਲਈ ਤਿਆਰ-ਬਰ-ਤਿਆਰ ਰੱਖਿਆ। ਗੁਰੂ-ਘਰ ਦੀ ਮਹਿਮਾ ਅਤੇ ਸਤਿਕਾਰ ਨੂੰ ਆਂਚ ਨਾ ਆਉਣ ਦਿੱਤੀ। ਖਾਲਸਾ ਪੰਥ ਅੰਦਰ ਪੰਥਕ ਜਜ਼ਬਾ ਤੇ ਜੋਸ਼ ਭਰਨ; ਸੰਗਤਾਂ ਦੀ ਗੁਰੂ-ਘਰ ਨਾਲ ਆਪਣੀ ਗੰਢ ਪੀਡੀ-ਪੱਕੀ ਰੱਖਣ ਅਤੇ ਸਿੱਖ ਸੰਗਠਨ ਨੂੰ ਚੁਸਤ-ਦਰੁਸਤ ਅਤੇ ਮਜ਼ਬੂਤ ਰੱਖਣ ਦੇ ਇਰਾਦੇ ਨਾਲ ਭਾਈ ਮਨੀ ਸਿੰਘ ਨੇ ਦੁਸਹਿਰੇ ਅਤੇ ਦੀਵਾਲੀ ਦੇ ਮੌਕਿਆਂ ਉੱਤੇ ਸੰਗਤਾਂ ਨੂੰ ਸ੍ਰੀ ਅੰਮ੍ਰਿਤਸਰ ਇਕੱਤਰ ਹੋਣ ਲਈ ਪ੍ਰੇਰਿਆ। ਇਨ੍ਹਾਂ ਮੌਕਿਆਂ ਉੱਤੇ ਸਿੱਖ ਸੰਗਤਾਂ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਜਿੱਥੇ ਸਤਿਗੁਰਾਂ ਦੇ ਦਰਬਾਰ ਵਿਚ ਨਤਮਸਤਕ ਹੁੰਦੀਆਂ, ਉਥੇ ਭਰਪੂਰ ਪੰਥਕ ਵਿਚਾਰਾਂ ਵੀ ਹੁੰਦੀਆਂ।
ਸੋਢੀ ਹਰਿ ਜੀ ਦਾ ਪੁੱਤਰ ਨਿਰੰਜਨ ਰਾਇ ਤਾਂ ਸ੍ਰੀ ਅੰਮ੍ਰਿਤਸਰ ਛੱਡ ਗਿਆ ਸੀ ਪਰੰਤੂ ਉਸ ਦਾ ਮੁਖਤਿਆਰ ਚੂਹੜ ਮੱਲ ਓਹਰੀ ਅਤੇ ਉਸ ਦੇ ਦੋ ਪੁੱਤਰ ਮੁਹਕਮ ਸਿੰਘ ਅਤੇ ਰਾਮੂ ਮੱਲ ਸ੍ਰੀ ਅੰਮ੍ਰਿਤਸਰ ਹੀ ਰਹਿੰਦੇ ਸਨ। ਮੁਹਕਮ ਸਿੰਘ ਅੰਮ੍ਰਿਤਧਾਰੀ ਸਿੰਘ ਹੋਣ ਸਦਕਾ ਗੁਰੂ-ਘਰ ਦਾ ਪੱਕਾ ਸ਼ਰਧਾਲੂ ਸੀ ਪਰੰਤੂ ਚੂਹੜ ਮੱਲ ਓਹਰੀ ਅਤੇ ਉਸ ਦਾ ਦੂਜਾ ਪੁੱਤਰ ਰਾਮੂ ਮੱਲ ਗੁਰੂ-ਘਰ ਦੀਆਂ ਨਿੱਤ ਵਧਦੀਆਂ ਰੌਣਕਾਂ ਅਤੇ ਮਹਿਮਾ ਵੇਖ ਕੇ ਅੰਦਰੋ-ਅੰਦਰ ਸੜਦੇ ਸਨ। ਉਨ੍ਹਾਂ ਨੇ ਗੰਗੂ, ਸੁੱਚਾ ਨੰਦ ਅਤੇ ਚੰਦੂ ਦਾ ਇਤਿਹਾਸ ਦੁਹਰਾਉਂਦਿਆਂ ਸੂਬਾ ਲਾਹੌਰ ਕੋਲ ਭਾਈ ਮਨੀ ਸਿੰਘ ਵਿਰੁੱਧ ਕੰਨ ਭਰਨੇ ਸ਼ੁਰੂ ਕਰ ਦਿੱਤੇ। ਜਦੋਂ ਸੂਬਾ ਲਾਹੌਰ ਪਾਸ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਈ ਤਾਂ ਉਹ ਪੱਟੀ ਦੇ ਹਾਕਮ ਪਾਸ ਚਲੇ ਗਏ, ਜਿਸਦੇ ਇਲਾਕੇ ਦੇ ਇਕ ਦੇਵਾ ਜੱਟ ਦੀ ਅਗਵਾਈ ਵਿਚ ਸ੍ਰੀ ਅੰਮ੍ਰਿਤਸਰ ਉੱਤੇ ਹਮਲਾ ਕਰ ਦਿੱਤਾ। ਦੋਹਾਂ ਧਿਰਾਂ ਵਿਚਕਾਰ ਗੁਰੂ ਕਾ ਚੱਕ ਦੇ ਅਸਥਾਨ ਉੱਤੇ ਯੁੱਧ ਹੋਇਆ ਜਿਸ ਵਿਚ ਖਾਲਸਾ ਪੰਥ ਦੀ ਜਿੱਤ ਹੋਈ ਅਤੇ ਦੁਸ਼ਮਣ ਹਾਰ ਖਾ ਕੇ ਭੱਜ ਨਿਕਲਿਆ। ਚੂਹੜ ਮੱਲ ਅਤੇ ਦੇਵਾ ਜੱਟ ਜਾਨ ਬਚਾ ਕੇ ਭੱਜਣ ਵਿਚ ਸਫਲ ਹੋ ਗਏ। ਇਹ ਘਟਨਾ 1766 ਬਿਕ੍ਰਮੀ ਦੀ ਹੈ। ਇਸ ਜਿੱਤ ਨਾਲ ਸਿੱਖ ਸੰਗਤਾਂ ਵਿਚ ਭਾਈ ਮਨੀ ਸਿੰਘ ਦਾ ਸਤਿਕਾਰ ਹੋਰ ਵੀ ਵਧ ਗਿਆ।
ਉਧਰ ਦਸਮ ਪਾਤਸ਼ਾਹ ਦੇ ਆਦੇਸ਼ ਅਤੇ ਅਸ਼ੀਰਵਾਦ ਸਦਕਾ ਬਾਬਾ ਬੰਦਾ ਸਿੰਘ ਬਹਾਦਰ ਨੇ ਦੁਸ਼ਮਣਾਂ ਨੂੰ ਸੋਧਣਾ ਸ਼ੁਰੂ ਕਰ ਦਿੱਤਾ। ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋ ਗਈ। ਸਿੱਖਾਂ ਦੇ ਹੌਂਸਲੇ ਬੁਲੰਦ ਹੋ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਦਰਿਆ ਜਮਨਾ ਦੇ ਕੰਢੇ ਤੋਂ ਲੈ ਕੇ ਦਰਿਆ ਰਾਵੀ ਦੇ ਕੰਢੇ ਤੀਕ ਦੇ ਇਲਾਕੇ ਵਿੱਚੋਂ ਮੁਗ਼ਲ ਫੌਜਾਂ ਨੂੰ ਹਰਾ ਕੇ, ਭਜਾ ਕੇ 12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ ਵਿਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ਕਾਤਲ ਸੂਬਾ ਸਰਹੰਦ ਨੂੰ ਸੋਧਿਆ ਅਤੇ 14 ਮਈ, 1710 ਨੂੰ ਖਾਲਸਾਈ ਪ੍ਰਚਮ ਲਹਿਰਾ ਕੇ ਦੁਨੀਆਂ ਵਿਚ ਪਹਿਲੇ ਖਾਲਸਾ ਰਾਜ ਦੀ ਨੀਂਹ ਰੱਖ ਕੇ ਸ਼ਾਨਾਂਮੱਤਾ ਅਤੇ ਅਸਚਰਜਤਾ ਭਰਪੂਰ ਇਤਿਹਾਸ ਸਿਰਜ ਦਿੱਤਾ।
ਬਦਕਿਸਮਤੀ ਨਾਲ ਕੁਝ ਕਾਰਨਾਂ ਕਰਕੇ ਖਾਲਸਾ ਜਥੇਬੰਦੀ ਅੰਦਰ ਝਗੜਾ ਸ਼ੁਰੂ ਹੋ ਗਿਆ ਅਤੇ ਸਮੁੱਚਾ ਖ਼ਾਲਸਾ ਸੰਗਠਨ ਦੋ ਧੜਿਆਂ ਵਿਚ ਵੰਡਿਆ ਗਿਆ-ਤੱਤ ਖਾਲਸਾ ਅਤੇ ਬੰਦਈ ਖਾਲਸਾ। ਮਾਤਾ ਸੁੰਦਰੀ ਜੀ, ਭਾਈ ਮਨੀ ਸਿੰਘ ਅਤੇ ਹੋਰ ਨਾਮਵਰ ਸਿੱਖ ਬੜੇ ਦੁਖੀ ਹੋਏ। ਮਾਤਾ ਸੁੰਦਰੀ ਜੀ ਦੇ ਆਦੇਸ਼ ਅਨੁਸਾਰ ਭਾਈ ਮਨੀ ਸਿੰਘ ਨੇ ਬੜੀ ਸੂਝ-ਬੂਝ ਅਤੇ ਦਲੇਰੀ ਨਾਲ ਦੋਹਾਂ ਧੜਿਆਂ ਅੰਦਰ ਸੁਲਹ ਕਰਵਾ ਕੇ ਦੋਹਾਂ ਨੂੰ ਮੁੜ ਗੁਰੂ-ਘਰ ਨਾਲ ਜੋੜ ਦਿੱਤਾ। ਇਸ ਨਾਲ ਸਿੱਖ ਪੰਥ ਦੀ ਦੂਰ-ਦੂਰ ਤੀਕ ਜੈ-ਜੈਕਾਰ ਹੋ ਗਈ। ਪਰੰਤੂ ਮੀਣਿਆਂ, ਲਾਹੌਰ ਅਤੇ ਦਿੱਲੀ ਦਰਬਾਰ ਵਿਚ ਖ਼ਾਲਸਾ ਪੰਥ ਦੀ ਵਧਦੀ ਤਾਕਤ ਨੂੰ ਵੇਖ ਕੇ ਖਲਬਲੀ ਮੱਚ ਗਈ। ਹੁਣ ਖਾਲਸਾ ਪੰਥ ਨੂੰ ਕਮਜ਼ੋਰ ਕਰਨ ਦੀਆਂ ਤਜਵੀਜ਼ਾਂ ਅਤੇ ਸਾਜ਼ਿਸ਼ਾਂ ਘੜੀਆਂ ਜਾਣ ਲੱਗ ਪਈਆਂ।
ਸੰਮਤ 1794 ਦੀ ਦੀਵਾਲੀ ਦਾ ਤਿਉਹਾਰ ਨੇੜੇ ਆ ਗਿਆ। ਇਸ ਸਮੇਂ ਭਾਈ ਮਨੀ ਸਿੰਘ ਦੀ ਉਮਰ 70 ਸਾਲ ਦੇ ਕਰੀਬ ਹੋ ਗਈ ਸੀ। ਪਰੰਤੂ ਉਹ “ਗੁਰਮੁਖਿ ਬੁਢੇ ਕਦੇ ਨਾਹੀ” ਦੇ ਗੁਰਵਾਕ ਅਨੁਸਾਰ ਸੁਚੇਤ ਅਤੇ ਪੰਥਕ ਸੇਵਾ ਵਿਚ ਪੂਰੀ ਤਰ੍ਹਾਂ ਸਰਗਰਮ ਸਨ। ਭਾਈ ਮਨੀ ਸਿੰਘ ਭਾਈ ਸੁਬੇਗ ਸਿੰਘ ਤੇ ਭਾਈ ਸੂਰਤ ਸਿੰਘ ਨੂੰ ਨਾਲ ਲੈ ਕੇ ਸੂਬੇਦਾਰ ਲਾਹੌਰ ਜ਼ਕਰੀਆ ਖਾਨ ਨੂੰ ਮਿਲੇ ਅਤੇ ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਦੇ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਈ ਉਪਰੰਤ ਸ੍ਰੀ ਅੰਮ੍ਰਿਤਸਰ ਵਾਪਸੀ ਦੀ ਯਾਦ ਨੂੰ ਦੀਵਾਲੀ ਮੌਕੇ ਜੋੜ-ਮੇਲੇ ਦੇ ਰੂਪ ਵਿਚ ਮਨਾਉਣ ਦੀ ਆਗਿਆ ਮੰਗੀ। ਸੂਬੇਦਾਰ ਨੇ ਭਾਈ ਸਾਹਿਬ ਨੂੰ 10 ਹਜ਼ਾਰ ਰੁਪਏ ਜਜ਼ੀਆ (ਟੈਕਸ) ਦੇਣ ਦੀ ਸੂਰਤ ਉੱਤੇ ਆਗਿਆ ਦੇ ਦਿੱਤੀ। ਇਹ ਰਕਮ ਜੋੜ-ਮੇਲੇ ਦੀ ਸਮਾਪਤੀ ਉਪਰੰਤ ਤਾਰਨੀ ਸੀ। ਭਾਈ ਸਾਹਿਬ ਨੇ ਦੂਰ-ਨੇੜੇ ਸਿੱਖ ਸੰਗਤਾਂ ਨੂੰ ਜੋੜ-ਮੇਲੇ ਵਿਚ ਸ਼ਾਮਲ ਹੋਣ ਲਈ ਸੁਨੇਹੇ ਘੱਲ ਦਿੱਤੇ। ਉਧਰ ਲਾਹੌਰ ਦਰਬਾਰ ਨੇ ਫੈਸਲਾ ਕਰ ਲਿਆ ਕਿ ਦੂਰ-ਦੁਰਾਡੇ ਤੋਂ ਇਕੱਠੇ ਹੋਏ ਸਿੰਘਾਂ ਨੂੰ ਇਕ ਥਾਂ ਮਾਰ-ਮੁਕਾਉਣ ਲਈ ਇਸ ਤੋਂ ਵਧੀਆ ਹੋਰ ਮੌਕਾ ਨਹੀਂ ਮਿਲੇਗਾ। ਜ਼ਕਰੀਆ ਖਾਨ ਨੇ ਦੀਵਾਨ ਲਖਪਤ ਰਾਏ ਦੀ ਕਮਾਨ ਹੇਠ ਭਾਰੀ ਫੌਜ ਸ੍ਰੀ ਅੰਮ੍ਰਿਤਸਰ ਤੋਂ ਪੱਛਮ ਵੱਲ ਥੋੜ੍ਹੀ ਦੂਰ ਰਾਮ ਤੀਰਥ ਦੇ ਅਸਥਾਨ ਉੱਤੇ ਇਕੱਠੀ ਕਰ ਲਈ ਅਤੇ ਉਹ ਦੀਵਾਲੀ ਦੀ ਉਡੀਕ ਕਰਨ ਲੱਗੇ, ਪਰੰਤੂ ਇਸ ਸਾਜ਼ਿਸ਼ ਦਾ ਭਾਈ ਮਨੀ ਸਿੰਘ ਜੀ ਨੂੰ ਸਮੇਂ ਸਿਰ ਪਤਾ ਲੱਗ ਗਿਆ ਅਤੇ ਉਨ੍ਹਾਂ ਨੇ ਫ਼ੌਰੀ ਤੌਰ ’ਤੇ ਸਿੱਖ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਆਉਣ ਤੋਂ ਮਨ੍ਹਾ ਕਰ ਦਿੱਤਾ। ਲਿਹਾਜ਼ਾ ਦੀਵਾਲੀ ਉੱਤੇ ਸਿੱਖ ਸੰਗਤਾਂ ਬਹੁਤ ਘੱਟ ਗਿਣਤੀ ਵਿਚ ਆਈਆਂ ਅਤੇ ਲਖਪਤ ਰਾਏ ਨਿਰਾਸ਼ ਹੋ ਕੇ ਵਾਪਸ ਪਰਤ ਗਿਆ। ਲਾਹੌਰ ਦਰਬਾਰ, ਜੋ ਭਾਈ ਸਾਹਿਬ ਦੇ ਪੈਂਤੜੇ ਤੋਂ ਬਹੁਤ ਕ੍ਰੋਧਵਾਨ ਸੀ, ਨੇ 10 ਹਜ਼ਾਰ ਰੁਪਏ ਜਜ਼ੀਏ ਦੀ ਮੰਗ ਕੀਤੀ। ਭਾਈ ਸਾਹਿਬ ਨੇ ਕਿਹਾ ਕਿ ਮੇਲਾ ਭਰਿਆ ਨਹੀਂ, ਚੜ੍ਹਤ ਆਈ ਨਹੀਂ, ਇਸ ਲਈ ਜਜ਼ੀਆ ਦੇਣ ਤੋਂ ਅਸਮਰੱਥ ਹਨ। ਲਾਹੌਰ ਦਾ ਸੂਬੇਦਾਰ ਤਾਂ ਪਹਿਲਾਂ ਹੀ ਬਹੁਤ ਖ਼ਫ਼ਾ ਸੀ। ਉਸ ਨੇ ਭਾਈ ਸਾਹਿਬ ਦੀ ਗ੍ਰਿਫ਼ਤਾਰੀ ਦਾ ਹੁਕਮ ਦੇ ਦਿੱਤਾ। ਇਸ ਉਪਰੰਤ ਲਾਹੌਰ ਦੀ ਫੌਜ ਭਾਈ ਮਨੀ ਸਿੰਘ ਅਤੇ ਹੋਰ ਕਈ ਨਾਮਵਰ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਈ। ਸੂਬੇਦਾਰ ਦੇ ਪੇਸ਼ ਕੀਤਾ ਗਿਆ ਜਿਸਨੇ ਭਾਈ ਸਾਹਿਬ ਦੀ ਜਾਨ ਬਖਸ਼ੀ ਲਈ ਬਾਕੀ ਸਿੰਘਾਂ ਨੂੰ ਵੀ ਗ੍ਰਿਫ਼ਤਾਰ ਕਰਾਉਣ ਦੀ ਸ਼ਰਤ ਰੱਖ ਦਿੱਤੀ। ਭਾਈ ਸਾਹਿਬ ਦੇ ਸਾਹਮਣੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਿਧਾਂਤ ਸੀ- ‘ਸਿਰ ਜਾਇ ਤਾਂ ਜਾਇ ਮੇਰਾ ਸਿੱਖੀ ਸਿਦਕ ਨਾ ਜਾਇ।’ ਭਾਈ ਸਾਹਿਬ ਨੇ ਇੰਞ ਕਰਨ ਤੋਂ ਇਨਕਾਰ ਕਰ ਦਿੱਤਾ। ਜ਼ਕਰੀਆ ਖਾਨ ਨੇ ਕਾਜ਼ੀਆਂ ਦੇ ਫ਼ਰਜ਼ੀ ਅਤੇ ਮੁਸਤਫ਼ੀ ਫ਼ਤਵਿਆਂ ਦੀ ਆੜ ਹੇਠ ਭਾਈ ਮਨੀ ਸਿੰਘ, ਭਾਈ ਗੁਲਜ਼ਾਰ ਸਿੰਘ, ਭਾਈ ਭੂਪਤ ਸਿੰਘ, ਭਾਈ ਮੁਹਕਮ ਸਿੰਘ, ਭਾਈ ਚੰਨ ਸਿੰਘ, ਭਾਈ ਕੀਰਤ ਸਿੰਘ, ਭਾਈ ਆਲਮ ਸਿੰਘ, ਭਾਈ ਆਉਲੀਆ ਸਿੰਘ, ਭਾਈ ਕਾਨ੍ਹ ਸਿੰਘ ਤੇ ਭਾਈ ਸੰਗਤ ਸਿੰਘ ਆਦਿ ਸਿੰਘਾਂ ਨੂੰ ਜੇਲ੍ਹ ਅੰਦਰ ਬੰਦ ਕਰ ਦਿੱਤਾ ਅਤੇ ਉਨ੍ਹਾਂ ਉੱਤੇ ਅਸਹਿ ਅਤੇ ਅਕਹਿ ਜ਼ੁਲਮ, ਤਸ਼ੱਦਦ ਕੀਤੇ ਗਏ ਅਤੇ ਤਸੀਹੇ ਦਿੱਤੇ ਗਏ। ਸਿੰਘਾਂ ਨੂੰ ਕਿਹਾ ਗਿਆ ਜਾਂ 10 ਹਜ਼ਾਰ ਰੁਪਏ ਜ਼ੁਰਮਾਨਾ ਦਿਉ ਜਾਂ ਦੀਨ ਮੁਹੰਮਦੀ ਕਬੂਲ ਕਰੋ ਜਾਂ ਫਿਰ ਮੌਤ ਕਬੂਲ ਕਰੋ। ਉਨ੍ਹਾਂ ਨੇ ਮੌਤ ਕਬੂਲ ਕਰ ਲਈ। ਸ੍ਰੀ ਗੁਰ ਪੰਥ ਪ੍ਰਕਾਸ਼ ਵਿਚ ਭਾਈ ਰਤਨ ਸਿੰਘ ਭੰਗੂ ਨੇ ਇਸ ਬਾਰੇ ਇਉਂ ਬਿਆਨ ਕੀਤਾ ਗਿਆ:
ਖ਼ਾਨ ਕਹਯੋ ਹੋਹੁ ਮੁਸਲਮਾਨ।
ਤਦ ਛੋਡੈਂਗੇ ਤੁਮਰੀ ਜਾਨ।
ਸਿੰਘਨ ਕਹਯੋ ਹਮ ਸਿਦਕ ਨਾ ਹਾਰੈਂ।
ਕਈ ਜਨਮ ਪਰ ਸਿਦਕ ਸੁ ਗਾਰੈਂ।
ਸਿੰਘਾਂ ਦੇ ਸਤਿਗੁਰੂ ਅੰਗ-ਸੰਗ ਸੀ। ਉਹ ਗੁਰਮੁਖ ਜੀਊੜੇ ਮੌਤ ਦੇ ਰਹੱਸ ਨੂੰ ਜਾਣਦੇ ਸਨ। ਸਤਿਗੁਰਾਂ ਦਾ ਸਿਧਾਂਤ ਉਨ੍ਹਾਂ ਦੇ ਸਾਹਮਣੇ ਸੀ। ਗੁਰਵਾਕ ਹੈ:
ਜੰਮਣੁ ਮਰਣੁ ਨ ਤਿਨ੍ ਕਉ ਜੋ ਹਰਿ ਲੜਿ ਲਾਗੇ॥
ਜੀਵਤ ਸੇ ਪਰਵਾਣੁ ਹੋਏ ਹਰਿ ਕੀਰਤਨਿ ਜਾਗੇ॥ (ਪੰਨਾ 322)
ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ॥
ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ॥
ਸਤਗੁਰੁ ਸੇਵਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਈ॥ (ਪੰਨਾ 31)
ਸਰਕਾਰੀ ਜਬਰ, ਜ਼ੁਲਮ, ਤਸ਼ੱਦਦ ਅਤੇ ਤਸੀਹੇ ਹਮੇਸ਼ਾ ਹੀ ਗੁਰੂ ਸਾਹਿਬਾਨ ਅਤੇ ਗੁਰਸਿੱਖਾਂ ਸਾਹਮਣੇ ਅਸਮਰੱਥ ਹੁੰਦੇ ਰਹੇ ਹਨ। ਧਰਮ ਅਤੇ ਸੱਚ ਦੀ ਜਿੱਤ ਹੋਈ ਹੈ ਅਤੇ ਜ਼ਾਲਮ, ਜ਼ੁਲਮ ਅਤੇ ਜਬਰ ਹਮੇਸ਼ਾ ਹੀ ਆਪਣੇ ਨਾਪਾਕ ਇਰਾਦਿਆਂ ਵਿਚ ਬੁਰੀ ਤਰ੍ਹਾਂ ਫੇਲ੍ਹ ਤੇ ਨਾ-ਕਾਮਯਾਬ ਹੋ ਕੇ ਹਾਰਿਆ ਹੈ। ਆਖ਼ਰ ਵਿਚ ਭਾਈ ਮਨੀ ਸਿੰਘ ਜੀ ਨੂੰ ਲਾਹੌਰ ਦੇ ਬਦਨਾਮ ਨਖ਼ਾਸ ਚੌਂਕ ਵਿਚ ਲਿਆਂਦਾ ਗਿਆ। ਉਹੀ ਨਖਿਧ ਸ਼ਰਤਾਂ ਮੁੜ ਦੁਹਰਾਈਆਂ ਗਈਆਂ ਪਰੰਤੂ ਭਾਈ ਮਨੀ ਸਿੰਘ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੱਕ ਅਤੇ ਸੱਚ ਉੱਤੇ ਪਹਿਰਾ ਦੇਣ ਅਤੇ ਪਰਮਾਤਮਾ ਨਾਲ ਪ੍ਰੇਮ ਦੀ ਖੇਡ ਸਬੰਧੀ ਮਹਾਨ ਉਪਦੇਸ਼ ਦ੍ਰਿੜ੍ਹ ਸੀ। ਗੁਰਵਾਕ ਹੈ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ॥ (ਪੰਨਾ 579-80)
ਭਾਈ ਸਾਹਿਬ ਅਤੇ ਉਨ੍ਹਾਂ ਦੇ ਸਾਥੀ ਅਡੋਲ ਰਹੇ ਅਤੇ ਉਨ੍ਹਾਂ ਨੇ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਆਖ਼ਰ ਭਾਈ ਮਨੀ ਸਿੰਘ ਜੀ ਦੇ ਬੰਦ-ਬੰਦ ਕੱਟਣ ਦਾ ਹੁਕਮ ਦੇ ਦਿੱਤਾ ਗਿਆ। ਜੱਲਾਦ ਨੇ ਭਾਈ ਸਾਹਿਬ ਨੂੰ ਵੱਡੇ ਜੋੜਾਂ ਤੋਂ ਕੱਟਣਾ ਚਾਹਿਆ ਪਰੰਤੂ ਭਾਣੇ ਵਿਚ ਅਡੋਲ ਵਿਚਰ ਰਹੇ ਭਾਈ ਸਾਹਿਬ ਨੇ ਜੱਲਾਦ ਨੂੰ ਕਿਹਾ ਕਿ ਉਸ ਨੂੰ ਤਾਂ ਬੰਦ-ਬੰਦ ਕੱਟਣ ਦਾ ਹੁਕਮ ਸੀ ਅਤੇ ਉਸੇ ਤਰ੍ਹਾਂ ਹੀ ਕੀਤਾ ਜਾਵੇ। ਧੰਨ ਗੁਰਸਿੱਖੀ! ਜੱਲਾਦ ਹੈਰਾਨ-ਪਰੇਸ਼ਾਨ ਹੋ ਗਿਆ। ਇਸ ਤਰ੍ਹਾਂ ਭਾਈ ਸਾਹਿਬ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। “ਗੁਰਮੁਖਿ ਮਰਣੁ ਜੀਵਣੁ ਪ੍ਰਭ ਨਾਲਿ” ਅਨੁਸਾਰ ਪੰਜ ਭੂਤਕ ਸਰੀਰ ਛੱਡ ਕੇ ਪਵਿੱਤਰ ਆਤਮਾ ਪ੍ਰਭੂ ਵਿਚ ਲੀਨ ਹੋ ਕੇ ਸਦਾ-ਸਦਾ ਲਈ ਅਮਰ ਹੋ ਗਈ। ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਮਹਾਨ ਅਤੇ ਗੌਰਵਮਈ ਵਿਰਸਾ ਸਿਰਜਦਿਆਂ ਗੁਰਮਤਿ ਮਾਰਗ ਦੇ ਸੱਚੇ ਅਤੇ ਸਹੀ ਪਾਂਧੀ ਹੋ ਨਿਬੜੇ।
ਸਮੁੱਚਾ ਸਿੱਖ ਜਗਤ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਸਾਹਿਬ ਦਾ ਸ਼ਹੀਦੀ ਦਿਹਾੜਾ ਹਰ ਸਾਲ ਸੰਮਤ ਨਾਨਕਸ਼ਾਹੀ ਅਨੁਸਾਰ 25 ਹਾੜ ਨੂੰ ਮਨਾਉਂਦਾ ਹੈ। ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰਨ ਉਪਰੰਤ ਬਾਕੀ ਸਿੰਘਾਂ ਨੂੰ ਵੀ ਵੱਖ-ਵੱਖ ਤਰੀਕਿਆਂ ਨਾਲ ਸ਼ਹੀਦ ਕਰ ਦਿੱਤਾ ਗਿਆ। ਭਾਈ ਗੁਲਜ਼ਾਰ ਸਿੰਘ ਨੂੰ ਜੀਊਂਦੇ ਪੁੱਠਾ ਲਟਕਾ ਕੇ ਪੁੱਠੀ ਖੱਲ ਲਾਹ ਕੇ ਸ਼ਹੀਦ ਕੀਤਾ ਗਿਆ। ਭਾਈ ਭੂਪਤ ਸਿੰਘ ਦੀਆਂ ਅੱਖਾਂ ਕੱਢ ਕੇ ਚਰਖੜੀਆਂ ਉੱਚੇ ਚੜ੍ਹਾ ਕੇ ਸ਼ਹੀਦ ਕੀਤਾ ਗਿਆ। ਅਜਿਹਾ ਹੀ ਘਿਨਾਉਣਾ, ਅਣਮਨੁੱਖੀ ਅਤੇ ਜ਼ੁਲਮੀ ਕਾਰਾ ਬਾਕੀ ਸਿੰਘਾਂ ਨਾਲ ਵੀ ਕੀਤਾ ਗਿਆ। ਐਪਰ, ਇਨ੍ਹਾਂ ਮਹਾਨ ਸਿੰਘਾਂ ਦੇ ਸਿਦਕ, ਸਿਰੜ, ਅਡੋਲਤਾ, ਗੁਰੂ ਪ੍ਰਤੀ ਮੁਕੰਮਲ ਸਮਰਪਣ ਦੀ ਭਾਵਨਾ, ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰ ਕੇ ਕੌਮ ਨੂੰ ਨਵੀਂ ਜ਼ਿੰਦਗੀ ਦੇਣ ਦੇ ਲਾਸਾਨੀ ਕਾਰਨਾਮਿਆਂ ਦੀ ਉਪਮਾ ਅਤੇ ਸ਼ਲਾਘਾ ਕਰਨ ਲਈ ਭਾਸ਼ਾ, ਯੋਗ ਸ਼ਬਦ ਮੁਹੱਈਆ ਕਰਾਉਣ ਵਿਚ ਅਸਮਰੱਥ ਹੈ।
ਲੇਖਕ ਬਾਰੇ
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/August 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/September 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/October 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/December 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/January 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/March 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/May 1, 2008