editor@sikharchives.org

ਸ੍ਰੀ ਗੁਰੂ ਨਾਨਕ ਜੀਵਨ ਦਰਸ਼ਨ ਦੀ ਸਮਾਜਿਕਤਾ ਸਰੂਪ ਤੇ ਸੰਦਰਭ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਨਵ ਸਮਾਜ ਲਈ ਅਜਿਹੇ ਸਿਧਾਂਤ ਸਿਰਜੇ ਜੋ ਮਾਨਵ ਸਮਾਜ ਦਾ ਸਦ ਵਿਗਾਸ ਕਰਨ ਹਿਤ ਸਹਾਈ ਸਿੱਧ ਹੋਏ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਨਾਨਕ ਜੀਵਨ ਦਰਸ਼ਨ ਦੀ ਵੱਡੀ ਵਡਿਆਈ ਤੇ ਅਚਰਜ ਸੋਭਾ ਇਸ ਤੱਥ ਉੱਤੇ ਵਧੇਰੇ ਆਧਾਰਤ ਹੈ। ਇਸ ਵਿਚ ਸਿਰਜੇ ਸਿਧਾਂਤਾਂ ਦੀ ਪ੍ਰਧਾਨ ਸੁਰ ਲੋਕ-ਮੁਖੀ ਤੇ ਯੋਗਤਾ-ਮੁਖੀ ਭਾਵਨਾ ਵਾਲੀ ਹੈ। ਨਿਰਸੰਦੇਹ ਇਨ੍ਹਾਂ ਦੇ ਸਿਧਾਂਤ ਦਾ ਮੁਖ ਮੰਤਵ ਮਾਨਵ-ਜੀਵਨ ਨੂੰ ਪ੍ਰਭੂ ਨਾਲ ਇਕਸੁਰ ਕਰਨਾ ਹੈ। ਪਰ ਪਰਾਲੌਕਿਕਤਾ ਦੇ ਇਸ ਪੰਧ ਨੂੰ ਤਹਿ ਕਰਨ ਲਈ ਤਤਕਾਲੀ ਮਾਨਵ-ਸਮਾਜ ਵਿਚ ਵਿਆਪਕ ਰੂਪ ਵਿਚ ਪਨਪੀਆਂ ਕੁਰੀਤੀਆਂ ਵਿਰੁੱਧ ਲਾਮਬੰਦ ਹੋਣ ਲਈ ਉਨ੍ਹਾਂ ਵੱਲੋਂ ਜਗਾਈ ਜਨ-ਚੇਤਨਾ ਵੀ ਬੇਤੋੜ ਹੈ। ਜਿਸ ਜੁਗਤ-ਅਧੀਨ ਤਤਕਾਲੀ ਮਾਨਵ-ਸਮਾਜ ਦੇ ਭੁੱਲੇ-ਭਟਕੇ, ਨਿਮਾਣੇ, ਨਿਤਾਣੇ, ਨਿਆਸਰੇ ਅਤੇ ਭਾਵੀ ਦੇ ਗੁਲਾਮ ਬਣ ਚੁੱਕੇ ਲੋਕਾਂ ਨੂੰ ਦੁਰਲੱਭ ਮਨੁੱਖਾ ਜੀਵਨ ਯਥਾਰਥਕ ਰੂਪ ਵਿਚ ਮਾਨ ਸਨਮਾਨ ਨਾਲ ਜਿਊਣ ਦੀ ਜੋ ਪ੍ਰੇਰਨਾ ਉਸ ਸਮੇਂ ਦਿੱਤੀ ਉਹ ਅੱਜ ਵੀ ਸਾਰਥਿਕਤਾ ਰੱਖਦੀ ਹੈ।

ਸਿਧਾਂਤਕ ਰੂਪ ਵਿਚ ਸਚੇ ਕੀ ਇਸ ਕੋਠੜੀ ਵਿਚ ਪੈਦਾ ਹੋਣ ਵਾਲੇ ਹਰੇਕ ਪ੍ਰਾਣੀ ਦੇ ਕੁਝ ਅਜਿਹੇ ਧਰਮ-ਕਰਮ ਹੁੰਦੇ ਹਨ ਜਿਨ੍ਹਾਂ ਦੀ ਪਾਲਣਾ ਕਰਨੀ ਅਤਿ ਜ਼ਰੂਰੀ ਹੁੰਦੀ ਹੈ। ਅਜਿਹੀ ਮਾਨਵ-ਰੁਚੀ ਹੀ ਮਾਨਵ-ਸਮਾਜ ਨੂੰ ਸੰਤੁਲਤ ਕਰਦਿਆਂ ਇਸ ਦਾ ਵਿਕਾਸ ਤੇ ਸਦ-ਵਿਗਾਸ ਕਰ ਸਕਦੀ ਹੈ। ਪ੍ਰਸਿੱਧ ਸਮਾਜ ਵਿਗਿਆਨੀ ਐਮਲੀ ਦਰਖਾਈਮ ਵੀ ਏਹੋ ਆਖਦਾ ਹੈ ਕਿ ਜਿਸ ਤਰ੍ਹਾਂ ਵਿਗਿਆਨ ਮਨੁੱਖ ਨੂੰ ਵਧੇਰੇ ਗਿਆਨ ਭਰਪੂਰ ਬਣਾਉਣ ਹਿਤ ਉਸਦੀ ਸੋਚਣ ਸ਼ਕਤੀ ਨੂੰ ਗਤੀਸ਼ੀਲ ਕਰਦਾ ਹੈ ਠੀਕ ਇਸੇ ਤਰ੍ਹਾਂ ਧਰਮ ਕਰਮ ਮਨੁੱਖ ਨੂੰ ਸਮਾਜਿਕ ਦ੍ਰਿਸ਼ਟੀ ਤੋਂ ਕਰਮਸ਼ੀਲ ਬਣਾ ਕੇ ਉਸ ਨੂੰ ਸੁਚੱਜੀ ਜੀਵਨ ਜਾਚ ਸਿਖਾਉਂਦੇ ਹਨ। ਪਰ ਇਹ ਜੀਵਨ ਗਿਆਨ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਮਕਾਲੀ ਸਮਾਜ ਵਿੱਚੋਂ ਗਾਇਬ ਸੀ। ਗੁਰੂ ਸਾਹਿਬ ਖੁਦ ਆਪਣੇ ਤਤਕਾਲੀ ਸਮਾਜ ਦੀ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਦਸ਼ਾ ਬਿਆਨ ਕਰਦਿਆਂ ਦਸਦੇ ਹਨ ਕਿ:

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥ (ਪੰਨਾ 145)

ਇਥੋਂ ਤਕ ਕਿ ਉਸ ਸਮੇਂ ਦੇ ਰਾਜੇ ਸ਼ੇਰਾਂ ਵਾਂਗ ਲੋਕਾਂ ਦੇ ਮਾਸ ਦੀਆਂ ਬੋਟੀਆਂ ਖਾਂਦੇ ਸਨ ਅਤੇ ਉਨ੍ਹਾਂ ਦੇ ਚਾਕਰ ਕੁੱਤਿਆਂ ਵਾਂਗ ਗਰੀਬਾਂ ਦੀ ਮਿੱਝ ਤੇ ਰਤ ਚਟਣੋਂ ਵੀ ਨਹੀਂ ਸਨ ਝਿਜਕਦੇ :

ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ੍ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ੍ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥ (ਪੰਨਾ 1288)

ਅਜੋਕੇ ਸਮੇਂ ਵਾਂਗ ਰਿਸ਼ਵਤ ਦਿੱਤੇ ਬਗੈਰ ਕੋਈ ਕੰਮ ਉਸ ਸਮੇਂ ਵੀ ਨਹੀਂ ਸਨ ਹੁੰਦੇ। ਅਜੋਕੇ ਲੀਡਰਾਂ ਵਾਂਗ ਬਿਆਨਬਾਜ਼ੀ ਤੇ ਲਾਰੇ-ਲੱਪੇ ਉਸ ਸਮੇਂ ਵੀ ਪ੍ਰਚਲਤ ਸਨ ਅਤੇ ਲੋਕ ਸੇਵਾ ਦੀ ਥਾਂ ਨਿਰੋਲ ਐਸ਼ੋ-ਇਸ਼ਰਤ ਹੀ ਵੱਡੀ ਲੋਕ ਸੇਵਾ ਸਮਝੀ ਜਾਂਦੀ ਸੀ:

ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ॥ (ਪੰਨਾ 417)

ਕੂੜ ਦੀ ਪ੍ਰਧਾਨਤਾ ਵਾਲੇ ਕਾਲੇ ਬੱਦਲਾਂ ਦੀ ਮਾਰ ਹੇਠ ਆਏ ਮਾਨਵ ਸਮਾਜ ਦੀ ਕਲਿਆਣਤਾ ਦਾ ਬੀੜਾ ਚੁੱਕਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਨਵ ਸਮਾਜ ਲਈ ਅਜਿਹੇ ਸਿਧਾਂਤ ਸਿਰਜੇ ਜੋ ਮਾਨਵ ਸਮਾਜ ਦਾ ਸਦ ਵਿਗਾਸ ਕਰਨ ਹਿਤ ਸਹਾਈ ਸਿੱਧ ਹੋਏ।

ਮਾਨਵ-ਚੇਤਨਾ ਵਿਚ ਇਹ ਪ੍ਰਸ਼ਨ ਪੈਦਾ ਹੋਣਾ ਸੁਭਾਵਕ ਲੱਗਦਾ ਹੈ ਕਿ ਕੀ ਪੂਰਵ ਨਾਨਕ-ਕਾਲ ਵਿਚ ਅਜਿਹੀ ਭਾਵਨਾ ਵਾਲੇ ਸਿਧਾਂਤਾਂ ਦੀ ਮੂਲੋਂ ਅਣਹੋਂਦ ਸੀ? ਮੇਰੇ ਵਿਚਾਰ ਅਨੁਸਾਰ ਅਜਿਹਾ ਨਹੀਂ ਸੀ। ਕਿਉਂਕਿ ਵੇਦ, ਰਾਮਾਇਣ, ਗੀਤਾ ਤੇ ਕੁਰਾਨ ਆਦਿ ਮੌਜੂਦ ਤਾਂ ਸਨ ਪਰ ਇਨ੍ਹਾਂ ਵਿਚ ਸਮੋਇਆ ਅਸਲ ਗਿਆਨ ਅਜਿਹੇ ਉਚ-ਸਥਾਨ ’ਤੇ ਬਿਰਾਜਮਾਨ ਕਰ ਦਿੱਤਾ ਗਿਆ ਸੀ ਜਿਥੇ ਜਨ ਸਾਧਾਰਨ ਪਹੁੰਚ ਹੀ ਨਹੀਂ ਸੀ ਸਕਦਾ। ਨਿਜਲਾਭ ਤੇ ਨਿਜਵਾਦ ਦੀ ਲਾਲਸਾ ਵਿਚ ਡੁੱਬੇ ਪੁਜਾਰੀ ਵਰਗ ਨੇ ਜਿਸ ਪ੍ਰਕਾਰ ਦਾ ਸਰੂਪ ਤੇ ਸੰਦਰਭ ਇਸ ਗਿਆਨ ਦਾ ਬਣਾਇਆ ਹੋਇਆ ਸੀ ਅਥਵਾ ਬਣਾ ਦਿੱਤਾ ਸੀ ਉਹ ਮਾਨਵ ਜੀਵਨ ਦਾ ਵਿਕਾਸ ਕਰਨ ਨਾਲੋਂ ਵਿਨਾਸ਼ ਵਧੇਰੇ ਕਰ ਰਿਹਾ ਸੀ। ਧਰਮ-ਵੰਡ, ਵਰਣ-ਵੰਡ, ਜਾਤਿ-ਪਾਤਿ, ਊਚ-ਨੀਚ ਅਤੇ ਲਿੰਗ ਭੇਦ ਵੰਡ ਇਸੇ ਭਾਵਨਾ ਦੇ ਪ੍ਰਤੀਫਲ ਸਨ। ਵਾਰ ਆਸਾ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਨੇ ਇਸ ਵਰਤਾਰੇ ਦਾ ਵਿਸਥਾਰ ਪੂਰਵਕ ਨਕਸ਼ਾ ਪੇਸ਼ ਕੀਤਾ ਹੈ।

ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥ (ਪੰਨਾ 469)

ਇਸੇ ਲਈ ਗੁਰੂ ਨਾਨਕ ਸਾਹਿਬ ਨੇ ਸਪੱਸ਼ਟ ਫ਼ਰਮਾਨ ਕੀਤਾ ਕਿ

ਬੇਦ ਕਤੇਬ ਕਰਹਿ ਕਹ ਬਪੁਰੇ ਨਹ ਬੂਝਹਿ ਇਕ ਏਕਾ॥ (ਪੰਨਾ 1153)

ਵੈਸੇ ਵੀ ਇਹ ਗਿਆਨ ਅਜਿਹੀ ਭਾਸ਼ਾ ਵਿਚ ਸੀ ਜੋ ਲੋਕ ਮਾਨਸਾ ਦੀ ਚੇਤਨਾ ਤੋਂ ਹਟਵੀਂ ਅਤੇ ਕੁਝ ਇਕ ਵਿਸ਼ੇਸ਼ ਵਰਗ ਦੀ ਪਕੜ ਵਿਚ ਸੀ। ਇਨ੍ਹਾਂ ਵਿੱਚੋਂ ਦੋ ਵਰਗ ਸਨ ਕਾਜੀਆਂ ਤੇ ਬ੍ਰਾਹਮਣ ਪੁਜਾਰੀਆਂ ਦੇ, ਜੋ ਬ੍ਰਹਮ-ਗਿਆਨ ਦੀ ਅਸਲ ਭਾਵਨਾ ਤੋਂ ਸਖਣੇ ਸਨ ਅਤੇ ਤੀਜਾ ਵਰਗ ਸੀ ਸਮਾਜਿਕ ਫਰਜ਼ਾਂ ਨਾਲੋਂ ਟੁੱਟੇ ਤੇ ਤੋੜਨ ਵਾਲੇ ਜੋਗੀਆਂ ਸੰਨਿਆਸੀਆਂ ਦਾ ਜਿਨ੍ਹਾਂ ਦੀ ਜੀਵਨ- ਸ਼ੈਲੀ ਗ੍ਰੰਥਾਂ ਦੀ ਭਾਸ਼ਾ ਅਤੇ ਸੰਚਾਰ-ਸਾਧਨ ਲੋਕ-ਜੀਵਨ ਨਾਲੋਂ ਟੁੱਟੇ ਹੋਣ ਕਾਰਨ ਸਾਰਥਿਕ ਭੂਮਿਕਾ ਨਹੀਂ ਸਨ ਨਿਭਾ ਰਹੇ। ਇਨ੍ਹਾਂ ਵਰਗਾਂ ਬਾਰੇ ਹੀ ਗੁਰੂ ਨਾਨਕ ਸਾਹਿਬ ਨੇ ਫ਼ਰਮਾਨ ਕੀਤਾ ਸੀ ਕਿ:

ਕਾਦੀ ਕੂੜੁ ਬੋਲਿ ਮਲੁ ਖਾਇ॥
ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥
ਤੀਨੇ ਓਜਾੜੇ ਕਾ ਬੰਧੁ॥2॥ (ਪੰਨਾ 662)

ਸ੍ਰੀ ਗੁਰੂ ਨਾਨਕ ਸਾਹਿਬ ਦੀ ਰਚਨਾ ਵਾਰ ਮਾਝ ਕੀ ਅਤੇ ਵਾਰ ਮਲਾਰ ਕੀ ਵਿਚ ਅਜਿਹੇ ਭੇਖੀ ਕਰਮ-ਕਾਂਡੀਆਂ ਦੀ ਅਸਲ ਤਸਵੀਰ ਪੇਸ਼ ਕੀਤੀ ਗਈ ਹੈ।

ਇਹ ਇਕ ਅਟੱਲ ਸਚਾਈ ਹੈ ਕਿ ਸੰਸਾਰ ਵਿਚ ਉਹ ਕੌਮ ਸਦੀਵ ਕਾਲ ਚਿਰਜੀਵ ਰਹਿ ਸਕਦੀ ਹੈ ਜਿਸਦਾ ਸਾਹਿਤ ਆਪਣੀ ਮਾਤ ਬੋਲੀ ਵਿਚ ਸਿਰਜਿਆ ਗਿਆ ਹੋਵੇ ਅਤੇ ਉਸਦੇ ਪਾਸਾਰ ਲਈ ਅਜਿਹੀ ਸੰਚਾਰ ਜੁਗਤ ਅਪਣਾਈ ਜਾਵੇ ਜੋ ਲੋਕ ਮਾਨਸਿਕਤਾ ਨੂੰ ਇਸ ਤਰ੍ਹਾਂ ਟੁੰਬੇ ਕਿ ਉਸਦਾ ਇਕ-ਇਕ ਸ਼ਬਦ ਲੋਕ ਦਿਲਾਂ ਵਿਚ ਮੂਰਤ ਬਣ ਕੇ ਟਿਕ ਜਾਏ। ਇਸੇ ਲਈ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਪੰਜਾਬੀ ਬੋਲੀ ਦੀ ਪ੍ਰਧਾਨਤਾ ਹੋਣ ਦੇ ਬਾਵਜੂਦ ਹਰੇਕ ਉਸ ਭਾਸ਼ਾ ਦੀ ਨਿਰਸੰਕੋਚ ਵਰਤੋਂ ਹੋਈ ਹੈ ਜੋ ਲੋਕ ਜੀਵਨ ਵਿਚ ਰਚੀ ਹੋਈ ਸੀ। ਭਾਵੇਂ ਇਹ ਸੰਸਕ੍ਰਿਤ ਸੀ, ਅਰਬੀ ਸੀ ਜਾਂ ਕੋਈ ਹੋਰ।

ਗੁਰੂ ਨਾਨਕ ਜੀਵਨ ਦਰਸ਼ਨ ਦੇ ਸਮਾਜਿਕ ਸੰਦਰਭ ਦੀ ਖੂਬਸੂਰਤੀ ਇਹ ਹੈ ਕਿ ਇਹ ਲੋਕ ਮੁਖੀ ਬਣ ਕੇ ਪ੍ਰਲੋਕ ਨਾਲ ਜੁੜਦਾ ਹੈ। ਦਰਅਸਲ ਸੁਜਾਨ ਪੁਰਖਾਂ ਦੀ ਵਿਸ਼ੇਸ਼ਤਾ ਹੀ ਇਹ ਹੁੰਦੀ ਹੈ ਕਿ ਉਹ ਭੂਤਕਾਲ ਦੀਆਂ ਪਰਸਥਿਤੀਆਂ ਦਾ ਪਹਿਲੋਂ ਮੁਲੰਕਣ ਕਰਦੇ ਹਨ ਅਤੇ ਫੇਰ ਵਰਤਮਾਨ ਦੀਆਂ ਲੋੜਾਂ ਨੂੰ ਸਨਮੁਖ ਰੱਖ ਕੇ ਆਪਣਾ ਭਵਿੱਖ ਸੰਵਾਰਨ ਦੀ ਯੋਜਨਾ ਉਲੀਕਿਆ ਕਰਦੇ ਹਨ। ਗੁਰੂ ਨਾਨਕ ਜੀਵਨ ਦਰਸ਼ਨ ਦੀ ਉਸਾਰੀ ਵੀ ਇਸੇ ਜੁਗਤ-ਅਧੀਨ ਹੋਈ ਲੱਗਦੀ ਹੈ। ਇੰਜ ਲਗਦਾ ਕਿ ਉਨ੍ਹਾਂ ਨੇ ਵੀ ਪਹਿਲੋਂ ਮਾਨਵ-ਜੀਵਨ ਦੇ ਭੂਤਕਾਲ ਨੂੰ ਵੇਖਿਆ, ਪਰਖਿਆ, ਵਰਤਮਾਨ ਨੂੰ ਸਮਝਿਆ ਅਤੇ ਅਜਿਹਾ ਕਰਨ ਉਪਰੰਤ ਹੀ ਭਵਿੱਖ ਨੂੰ ਸੁਧਾਰਨ ਲਈ ਅਜਿਹੇ ਸਿਧਾਂਤ ਸਿਰਜੇ ਤੇ ਵਿਚਾਰ ਸੰਚਾਰੇ ਜੋ ਸਮੇਂ ਦੇ ਹਾਣੀ ਬਣ ਕੇ ਮਾਨਵ-ਸਮਾਜ ਦੇ ਕਲਿਆਣ ਹਿਤ ਸਦੀਵ-ਕਾਲ ਸਾਰਥਿਕ ਭੂਮਿਕਾ ਨਿਭਾਉਣ ਦੇ ਸਮਰੱਥ ਹੋਣ ਦੇ ਨਾਲ-ਨਾਲ ਅਮਲ ਕਰਨ ਹਿਤ ਕੋਈ ਔਖ ਮਹਿਸੂਸ ਨਹੀਂ ਹੋਣ ਦਿੰਦੇ। ਇਹੋ ਕਾਰਨ ਹੈ ਕਿ ਇਹ ਸਿਧਾਂਤ ਅਜੋਕੇ ਮਾਨਵ-ਜੀਵਨ ਨਾਲ ਵੀ ਉਸੇ ਤਰ੍ਹਾਂ ਜੁੜੇ ਲੱਗਦੇ ਹਨ ਜਿਸ ਤਰ੍ਹਾਂ ਕਿ ਮੱਧਕਾਲ ਵਿਚ ਸਨ। ਧਰਮ ਖੇਤਰ ਵਿਚ ਜੇਕਰ ਮੱਧ ਕਾਲੀਨ ਮਾਨਵ ਜੀਵਨ ਦੀ ਚਾਦਰ ਲੀਰੋ-ਲੀਰ ਸੀ ਤਾਂ ਅੱਜ ਲਹੂ ਲੁਹਾਨ ਹੋਈ ਪਈ ਹੈ। ਜੇਕਰ ਉਸ ਸਮੇਂ ਕਾਜ਼ੀਆਂ, ਬ੍ਰਾਹਮਣਾਂ ਦੀ ਥਾਂ ਅਗਦੁ ਸ਼ੈਤਾਨ ਪੜਦੇ ਸਨ ਤਾਂ ਅੱਜ ਵੀ ਅਖੌਤੀ ਸਾਧਾਂ ਸੰਤਾਂ ਦੇ ਡੇਰਿਆਂ ਦੀ ਦੁਕਾਨਦਾਰੀ ਖੂਬ ਚਮਕ ਰਹੀ ਹੈ। ਇਹ ਠੀਕ ਹੈ ਕਿ ਬਾਣੀ ਤੇ ਬਾਣਾ ਇਕ ਦੂਜੇ ਦੇ ਪੂਰਕ ਹਨ। ਪਰ ਬਾਣੀ ਵਿਹੂਣਾ ਬਾਣਾ ਤਾਂ ਬਾਬਾ ਫਰੀਦ ਜੀ ਦੇ ਬੋਲਾਂ ਅਨੁਸਾਰ

ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ॥
ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ॥ (ਪੰਨਾ 1381)

ਨਿਰਾ ਭੇਖ ਹੈ। ਅਜਿਹਾ ਭੇਖ ਜਨ-ਕਲਿਆਣ ਦਾ ਕਾਰਜ ਕਰਨ ਦੇ ਸਮਰਥ ਨਹੀਂ ਹੋ ਸਕਦਾ ਕਿਉਂਕਿ ਉਸ ਵਿੱਚੋਂ ਰੂਹਾਨੀਅਤ ਦਾ ਉਹ ਅੰਸ਼ ਮਨਫ਼ੀ ਹੁੰਦਾ ਹੈ ਜੋ ਮਾਨਵ-ਪ੍ਰੇਮ ਤੇ ਪ੍ਰਭੂ-ਪ੍ਰੇਮ ਦਾ ਸੰਦੇਸ਼ ਸੰਚਾਰਦਾ ਹੈ। ਇਹ ਉਹ ਵਰਗ ਹੈ ਜੋ

ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ॥
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ॥ (ਪੰਨਾ 85)

ਦੀ ਪ੍ਰਤੀਨਿਧਤਾ ਕਰਦਾ ਹੈ। ਜੇਕਰ ਮੱਧਕਾਲ ਵਿਚ ਧਰਮ ਦਾ ਸਰੂਪ ਬਿਖਰਿਆ ਹੋਇਆ ਸੀ ਤਾਂ ਅੱਜ ਵੀ ਮਾਨਵ-ਸੰਸਾਰ ਵਿਚ ਧਰਮ ਦੀ ਆੜ ਹੇਠ ਕੱਟੜਵਾਦ ਦੀ ਪ੍ਰਚੰਡ ਹੋ ਰਹੀ ਸੁਰ ਸੁਖਾਵੀਂ ਸਥਿਤੀ ਦੀ ਸੂਚਕ ਨਹੀਂ ਮੰਨੀ ਜਾ ਸਕਦੀ। ਗੁਰੂ ਨਾਨਕ ਸਾਹਿਬ ਦੇ ਸਿਧਾਂਤ ਅਨੁਸਾਰ ਤਾਂ ਧਰਮ ਹੁੰਦਾ ਹੀ ਉਹ ਹੈ ਜੋ ਦਇਆ ਤੇ ਸੰਤੋਖ ਦੀ ਭਾਵਨਾ ਨਾਲ ਭਰਪੂਰ ਹੋਵੇ।

ਧੌਲੁ ਧਰਮੁ ਦਇਆ ਕਾ ਪੂਤੁ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥ (ਪੰਨਾ 3)

ਧਰਮ ਦੇ ਪ੍ਰਸੰਗ ਵਿਚ ਸਚੀ ਗੱਲ ਹੈ ਵੀ ਇਹੋ ਕਿ ਧਰਮ ਤਾਂ ਇਕ ਹੀ ਹੁੰਦਾ ਹੈ ਜਿਸ ਨੂੰ ਵੰਡਿਆ ਨਹੀਂ ਜਾ ਸਕਦਾ ਅਤੇ ਇਸ ਦੀ ਅਧਾਰਸ਼ਿਲਾ ਰਖੀ ਹੁੰਦੀ ਹੈ ਸੱਚ ਆਧਾਰਤ ਨੈਤਿਕਤਾ ’ਤੇ।

ਏਕੋ ਧਰਮੁ ਦ੍ਰਿੜੈ ਸਚੁ ਕੋਈ॥
ਗੁਰਮਤਿ ਪੂਰਾ ਜੁਗਿ ਜੁਗਿ ਸੋਈ॥ (ਪੰਨਾ 1188)

ਇਸੇ ਲਈ ਉਨ੍ਹਾਂ ਨੇ ਧਰਮ ਨੂੰ ਸਮਾਜ ਮੁਕਤ ਜੋਗੀਆਂ ਸੰਨਿਆਸੀਆਂ ਦੀ ਪਕੜ ਵਿੱਚੋਂ ਕੱਢ ਕੇ ਇਸ ਨੂੰ ਸਮਾਜ-ਯੁਕਤ ਗ੍ਰਹਿਸਥੀਆਂ ਦੀ ਝੋਲੀ ਵੀ ਪਾ ਦਿੱਤਾ ਜਿਸ ਨੂੰ ਸਤਾ ਤੇ ਬਲਵੰਡ ਨੇ ਰਾਮਕਲੀ ਕੀ ਵਾਰ ਵਿਚ ਇੰਝ ਬਿਆਨ ਕੀਤਾ ਹੈ:

ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ॥ (ਪੰਨਾ 967)

ਆਖਿਆ ਹੈ। ਕਮਾਲ ਦੀ ਗੱਲ ਇਹ ਹੈ ਕਿ ਗੁਰੂ ਨਾਨਕ ਜੀਵਨ ਦਰਸ਼ਨ ਵਿਚ ਤਿਆਗਵਾਦ ਤਾਂ ਹੈ ਪਰ ਭਾਂਜਵਾਦ ਨਹੀਂ। ਸੰਸਾਰ ਵਿਚ ਮਰਯਾਦਾ-ਯੁਕਤ ਵਸਣ ਦਾ ਮੰਡਨ ਹੈ ਪਰ ਮਰਯਾਦਾਹੀਨ ਫਸਣ ਦਾ ਖੰਡਨ ਕੀਤਾ ਗਿਆ ਹੈ। ਨਵਿਰਤੀ ਨਾਲੋਂ ਪਰਿਵਰਤੀ ਮਾਰਗ ਨੂੰ ਪ੍ਰਥਮਤਾ ਦਿੱਤੀ ਗਈ ਹੈ ਜੋ ਜਨ-ਸਾਧਾਰਨ ਲਈ ਧਾਰਨ ਕਰਨਾ ਸੌਖਾ ਹੈ।

ਸਮਾਜ ਸੇਵਾ ਦਾ ਦਮ ਭਰਨ ਵਾਲੇ ਆਗੂ, ਆਰਥਿਕਤਾ ਤੇ ਕਾਬਜ਼ ਪੂੰਜੀਪਤੀ, ਰਾਜਸੀ ਖੇਤਰ ਦੀ ਹਾਕਮ ਸ਼੍ਰੇਣੀ, ਮੱਧਕਾਲ ਵਿਚ ਵੀ ਬਿਮਾਰ-ਸੋਚ ਦਾ ਸ਼ਿਕਾਰ ਸੀ। ਨਿਜਲਾਭ, ਨਿਜਵਾਦ, ਕਾਣੀ-ਵੰਡ, ਹਉਮੈਗ੍ਰਸਤ, ਹਕੂਮਤ ਦਾ ਨਸ਼ਾ ਮਾਨਵ-ਸਮਾਜ ਦੇ ਹਰ ਖੇਤਰ ਵਿਚ ਭਾਰੂ ਸੀ। ਅਜਿਹੀ ਵਿਸਫੋਟਕ ਸਥਿਤੀ ਨੂੰ ਠੀਕ ਕਰਨਾ ਕਠਨ ਜ਼ਰੂਰ ਸੀ ਪਰ ਅਸੰਭਵ ਨਹੀਂ ਸੀ। ਲੋੜ ਸੀ ਨੀਅਤ ਰਾਸ ਕਰੇ ਦੀ ਭਾਵਨਾ ਦੇ ਅੰਤਰਗਤ ਅੱਗੇ ਲੱਗਣ ਦੀ। ਇਸੇ ਜੁਗਤ ਦੇ ਅੰਤਰਗਤ ਗਰੀਬਾਂ ਤੇ ਲੋੜਵੰਦਾਂ ਦੀ ਸਾਰ ਲੈਣ ਦੀ ਪਹਿਲ ਕਦਮੀ ਕੀਤੀ ਤਾਂ ਖ਼ੁਦ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਆਪਣਾ ਸਾਥੀ ਚੁਣ ਕੇ। ਮਾਨਵ-ਸਮਾਜ ਨੂੰ ਅਜਿਹਾ ਸਿਧਾਂਤ ਦਿੱਤਾ ਜਿਸਦਾ ਗੁਰਬਾਣੀ ਅੰਦਰ ਜਿਕਰ ਆਉਂਦਾ ਹੈ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ (ਪੰਨਾ 15)

ਤਾਂ ਪਹਿਲੋਂ ਖੁਦ ਇਸ ’ਤੇ ਅਮਲ ਕੀਤਾ। ਜੇਕਰ ਸਿਧਾਂਤ ਸਿਰਜਿਆ:

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ (ਪੰਨਾ 141)

ਤਾਂ ਕੁਰੱਪਸ਼ਨ ਦੇ ਖ਼ਿਲਾਫ਼ ਅਮਲੀ ਕਾਰਜ ਕੀਤਾ ਸੁਲਤਾਨਪੁਰ ਲੋਧੀ ਵਿਚ ਮੋਦੀਖਾਨੇ ਦੀ ਕਾਰ ਕਰਦਿਆਂ ਤੇਰਾ-ਤੇਰਾ ਆਖ ਕੇ। ਜੇ ਸਿਧਾਂਤ ਦਿੱਤਾ

ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥ (ਪੰਨਾ 142)

ਤਾਂ ਇਸ ਨੂੰ ਸਚ ਕਰ ਵਿਖਾਇਆ। ਨਵਾਬ ਨੂੰ ਨਮਾਜ਼ ਸਮੇਂ ਟੋਕ ਕੇ, ਮਲਕ ਭਾਗੋ ਦੇ ਲੁੱਟ ਦੇ ਮਾਲ ਨਾਲ ਬਣਾਏ ਪਕਵਾਨ ਖਾਣ ਤੋਂ ਇਨਕਾਰ ਕਰਕੇ ਕੁਰੂਕਸ਼ੇਤਰ, ਹਰਿਦੁਆਰ, ਜਗਨਨਾਥਪੁਰੀ ਆਦਿ ਵਿਚ ਪੰਡਿਆਂ ਨਾਲ, ਪਰਬਤਾਂ ਤੇ ਜੋਗੀਆਂ ਨਾਲ ਵਿਚਾਰ ਚਰਚਾ ਕਰਨ ਸਮੇਂ ਨਿਰਭਉ ਤੇ ਨਿਰਵੈਰੁ ਭਾਵਨਾ ਦਾ ਪ੍ਰਗਟਾਉ ਕਰਕੇ। ਆਪ ਜੀ ਨੇ ਸਪੱਸ਼ਟ ਕੀਤਾ ਕਿ ਪ੍ਰੇਮ-ਪਿਆਰ ਦੀਆਂ ਗੱਲਾਂ ਕੇਵਲ ਸਿਧਾਂਤਕ ਪੱਧਰ ਤਕ ਕਰਨ ਨਾਲ ਪ੍ਰੇਮ ਭਾਵਨਾ ਪੈਦਾ ਨਹੀਂ ਹੋ ਸਕਦੀ ਇਸ ਕਾਰਜ ਲਈ ਤਾਂ ਲੋੜ ਪੈਣ ’ਤੇ ਸਿਰ ਤਲੀ ’ਤੇ ਰੱਖਣ ਦੀ ਜ਼ੁਰਅਤ ਕਰਨੀ ਪੈਂਦੀ ਹੈ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)

ਮਾਨਵ ਸਮਾਜ ਵਿਚ ਨਾਸੂਰ ਬਣ ਚੁੱਕੀਆਂ ਕੁਰੀਤੀਆਂ ਦੇ ਨਿਵਾਰਣ ਲਈ ਗੁਰੂ ਨਾਨਕ ਸਾਹਿਬ ਦੇ ਸਿਰਜੇ ਸਿਧਾਂਤਾਂ ’ਤੇ ਦਰਸਾਏ ਜੀਵਨ ਮਾਰਗ ਵਿੱਚੋਂ ਇਕ ਅਜਿਹਾ 10 ਨੁਕਾਤੀ ਪਉੜੀ ਵਿਧੀਨ ਪ੍ਰਦਰਸ਼ਤ ਹੁੰਦਾ ਹੈ ਜੋ ਅਜੋਕੇ ਜੀਵਨ ਨੂੰ ਅਰੋਗ ਕਰਨ ਹਿਤ ਭਰਪੂਰ ਸਹਾਇਤਾ ਕਰ ਸਕਦਾ ਹੈ। ਜੇਕਰ ਠੀਕ ਪ੍ਰਸੰਗ ਵਿਚ ਇਸ ਨੂੰ ਮਾਨਵ-ਸਮਾਜ ਦਾ ਅੰਗ ਬਣਾ ਲਿਆ ਜਾਵੇ:

1. ਸਾਂਝੀਵਾਲਤਾ :

ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥ (ਪੰਨਾ 766)

2. ਕੁਰੱਪਸ਼ਨ ਦੇ ਖਾਤਮੇ ਲਈ:

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ (ਪੰਨਾ 141)

ਵਢੀ ਲੈ ਕੈ ਹਕੁ ਗਵਾਏ॥ (ਪੰਨਾ 951)

3. ਚੰਗੇ ਮੰਦੇ ਕਾਰਜ :

ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ॥ (ਪੰਨਾ 918)

4. ਕਿਰਤ ਕਮਾਈ :

ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)

5. ਸ੍ਵੈਮਾਨ :

 ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ (ਪੰਨਾ 142)

6. ਔਰਤ ਦਾ ਸਨਮਾਨ:

 ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)

7. ਕਥਨੀ ਤੇ ਕਰਨੀ:

ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ॥ (ਪੰਨਾ 56)

8.  ਗ੍ਰਿਹਸਥ:

ਸਤਿਗੁਰ ਕੀ ਐਸੀ ਵਡਿਆਈ॥
ਪੁਤ੍ਰ ਕਲਤ੍ਰ ਵਿਚੇ ਗਤਿ ਪਾਈ॥ (ਪੰਨਾ 661)

9. ਨਸ਼ਿਆਂ ਦਾ ਵਿਰੋਧ:

 ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ॥ (ਪੰਨਾ 553)

10. ਨਿਮਰਤਾ:

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ (ਪੰਨਾ 470)

ਗੁਰੂ ਨਾਨਕ ਜੀਵਨ ਦਰਸ਼ਨ ਦੀ ਸਮਾਜਿਕਤਾ ਦੇ ਸਰੂਪ ਤੇ ਸੰਦਰਭ ਦਾ ਮਹੱਤਵ ਹੀ ਇਹ ਬਣਦਾ ਹੈ ਕਿ ਉਨ੍ਹਾਂ ਨੇ ਮਾਨਵ-ਜੀਵਨ ਲਈ ਅਤਿ ਲੋੜੀਂਦੇ ਅਜਿਹੇ ਨੈਤਿਕ ਵਿਚਾਰ ਤੇ ਆਦਰਸ਼ ਪ੍ਰਚਲਤ ਕੀਤੇ ਜੋ ਮਾਨਵ-ਸਮਾਜ ਦੇ ਵਿਕਾਸ ਦਾ ਸਦੀਵਕਾਲ ਆਧਾਰ ਬਣੇ। ਸੰਸਾਰੀ-ਕਾਰਜਾਂ ਵੱਲੋਂ ਪਿੱਠ ਕਰਨ ਵਾਲੇ ਨਿਰਵਰਤੀ ਮਾਰਗ ਦੇ ਉਲਟ ਪਰਵਿਰਤੀ ਮਾਰਗ ਨੂੰ ਅਪਨਾਉਣ ਦੀ ਪ੍ਰੇਰਨਾ ਕੀਤੀ ਤਾਂ ਜੋ ਮਨੁੱਖ, ਸੰਸਾਰੀ ਕਾਰ ਵਿਹਾਰ ਕਰਦਿਆਂ ਆਪਣਾ ਧਰਮ-ਕਰਮ ਵੀ ਕਰੇ ਜਿਸ ਨਾਲ ਉਸ ਦਾ ਆਤਮਿਕ ਵਿਕਾਸ ਵੀ ਹੁੰਦਾ ਰਹੇ। ਧਰਮ-ਵੰਡ, ਵਰਣ-ਵੰਡ, ਸ਼੍ਰੇਣੀ-ਵੰਡ ਆਦਿ ਨੂੰ ਉਨ੍ਹਾਂ ਪ੍ਰਚੰਡ ਰੂਪ ਵਿਚ ਨਕਾਰਦਿਆਂ ਮਾਨਵ-ਸਾਂਝ ਦੀ ਵਕਾਲਤ ਕੀਤੀ। ਮਾਨਵ-ਜੀਵਨ ਦੇ ਸਦ-ਵਿਗਾਸ ਲਈ ਉਨ੍ਹਾਂ ਦਾ ਨਿਰਧਾਰਤ 10 ਨੁਕਾਤੀ ਪਉੜੀ-ਵਿਧਾਨ ਸਮੁੱਚੀ ਮਾਨਵਤਾ ਨੂੰ ਘਟੀਆ ਸੋਚ ਨੂੰ ਤਿਆਗਣ ਅਤੇ ਉੱਚੇ ਮਨੋਰਥਾਂ ਨੂੰ ਅਪਨਾਉਣ ਹਿਤ ਪ੍ਰੇਰਨਾ ਦਿੰਦਾ ਹੈ। ਜੀਵਨ ਦੀ ਇਹੋ ਘਾੜਤ ਮਨੁੱਖ ਨੂੰ ਪਰਮਅਨੰਦ ਦਿੰਦਿਆਂ ਲੋਕ ਸੁਖੀ ਪ੍ਰਲੋਕ ਸੁਹੇਲਾ ਬਣਾ ਸਕਦੀ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Jasbir Singh Sabar
ਰੀਟਾ. ਪ੍ਰੋਫੈਸਰ ਤੇ ਮੁਖੀ, ਗੁਰੂ ਨਾਨਕ ਅਧਿਐਨ ਵਿਭਾਗ -ਵਿਖੇ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)