editor@sikharchives.org

ਆਪ-ਬੀਤੀ – ਬਲਿਊ ਸਟਾਰ ਬਨਾਮ ਬੋਦੀ ਵਾਲਾ ਤਾਰਾ

ਇਸ ਦੁਖਾਂਤ ਪਿੱਛੋਂ ਪੰਜ-ਸੱਤ ਹਜ਼ਾਰ ਬੇਕਸੂਰੇ ਸਿੱਖਾਂ ਦਾ ਕਤਲ ਹੋ ਜਾਣਾ ਮਾਮੂਲੀ ਪਰ ਪੱਕੀ ਗੱਲ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

“ਸਾਹਿਬ ਜੀ, ਤੁਸੀਂ ਕੋਈ ਖ਼ਬਰ ਸੁਣੀ ਹੈ?”

“ਕਿਹੀ ਖ਼ਬਰ?” ਮੈਂ ਉਸ ਨੂੰ ਉਤਸੁਕਤਾ ਨਾਲ ਪੁੱਛਿਆ। “ਇੰਦਰਾ ਗਾਂਧੀ ਨੂੰ ਗੋਲੀ ਮਾਰ ਦਿੱਤੀ।”

ਕਿਸ ਨੇ?”

“ਕਹਿੰਦੇ ਹਨ ਕਿ ਦੋ ਸਿੱਖਾਂ ਨੇ ਮਾਰੀ ਹੈ। ਇਹ ਖ਼ਬਰ ਟੀ. ਵੀ. ਅਤੇ ਰੇਡੀਓ ਉੱਤੇ ਮੁੜ-ਮੁੜ ਕੇ ਦੁਹਰਾਈ ਜਾ ਰਹੀ ਹੈ।” ਇਹ ਸ਼ਬਦ ਮੇਰੇ ਸੇਵਾਦਾਰ ਦੇ ਸਨ, ਜਿਹੜਾ ਮੈਨੂੰ ਟਰੇਨ ’ਤੇ ਚੜ੍ਹਾਉਣ ਲਈ ਆਇਆ ਸੀ ਅਤੇ ਮੇਰੇ ਵੱਲੋਂ ਬੈਂਚ ’ਤੇ ਬੈਠ ਕੇ ਕੋਈ ਮੈਗ਼ਜ਼ੀਨ ਪੜ੍ਹਨ ਲੱਗ ਜਾਣ ਕਰ ਕੇ ਪਲੇਟਫ਼ਾਰਮ ’ਤੇ ਇਧਰ-ਉਧਰ ਤੁਰਨ-ਫਿਰਨ ਨਿਕਲ ਗਿਆ ਸੀ। ਉਹ ਉਧਰੋਂ ਖ਼ਬਰ ਲੈ ਕੇ ਮੁੜਿਆ ਸੀ।

ਮੇਰੇ ਹੱਥਾਂ ਵਿਚ ਕਿਤਾਬ ਫੜੀ ਦੀ ਫੜੀ ਰਹਿ ਗਈ। ਮੈਂ ਉਸ ਦੇ ਚਿਹਰੇ ਵੱਲ ਵੇਖ ਰਿਹਾ ਸਾਂ। ਇਸੇ ਵੇਲੇ ਦੋ-ਤਿੰਨ ਕੁੱਲੀ ਸਾਡੇ ਕੋਲ ਦੀ ਲੰਘੇ। ਉਹ ਮੇਰੇ ਵੱਲ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਘੂਰ-ਘੂਰ ਵੇਖਦੇ ਲੰਘ ਗਏ। ਮੇਰੀ ਨਜ਼ਰ ਉਨ੍ਹਾਂ ਦਾ ਪਿੱਛਾ ਕਰਨ ਲੱਗੀ। ਉਨ੍ਹਾਂ ਪਿੱਛੇ ਪਰਤ ਕੇ ਫਿਰ ਮੇਰੇ ਵੱਲ ਵੇਖਿਆ। ਲੱਗਾ ਜਿਵੇਂ ਉਹ ਮੇਰੇ ਬਾਰੇ ਹੀ ਗੱਲਾਂ ਕਰ ਰਹੇ ਸਨ।

“ਸਾਹਿਬ ਜੀ! ਟੀ. ਵੀ. ’ਤੇ ਖ਼ੂਨ ਦਾ ਬਦਲਾ ਖ਼ੂਨ ਦੇ ਨਾਹਰੇ ਲੱਗ ਰਹੇ ਨੇ।” ਮੇਰੇ ਜਿਸਮ ਵਿਚ ਭੈਅ ਦੀ ਕੰਬਣੀ ਥਿਰਕੀ।

ਕੁਝ ਮੁਸਾਫ਼ਿਰ ਪਹਿਲਾਂ ਵੀ ਬੜੇ ਗਹੁ ਵੱਲ ਮੇਰੇ ਵੱਲ ਵੇਖਦੇ ਲੰਘੇ ਸਨ। ਹੁਣ ਮੈਨੂੰ ਮੇਰੇ ਵੱਲ ਹਰ ਆਉਂਦੇ-ਜਾਂਦੇ ਵੱਲੋਂ ਓਪਰਾ-ਓਪਰਾ ਦੇਖਣ ਦਾ ਸਬੱਬ ਪਤਾ ਲੱਗ ਗਿਆ ਸੀ। ਮੈਂ ਸੇਵਾਦਾਰ ਨੂੰ ਕਿਹਾ ਕਿ ਆਪਣਾ ਸਾਮਾਨ ਚੁਕਵਾ ਕੇ ਪਹਿਲੀ ਸ਼੍ਰੇਣੀ ਦੇ ਵੇਟਿੰਗ ਰੂਮ ਵਿਚ ਲੈ ਚੱਲੇ। ਸਾਰੇ ਵਾਤਾਵਰਨ ਵਿਚ ਸੋਗਮਈ ਲਹਿਰ ਘੁਲੀ ਹੋਈ ਸੀ। ਕਿਤੇ ਵੀ, ਕੁਝ ਵੀ ਮੰਦਾ ਵਾਪਰ ਜਾਣ ਦਾ ਪੂਰਾ ਭੈਅ ਸੀ। ਕਿਸੇ ਅਣਕਿਆਸੀ ਸਥਿਤੀ ਨਾਲ ਦੋ-ਚਾਰ ਹੋਣ ਲਈ ਮੈ ਸੂਟਕੇਸ ਵਿੱਚੋਂ ਆਪਣਾ ਪਿਸਟਲ ਕੱਢਿਆ ਅਤੇ ਉਸ ਦੇ ਦੋਵੇਂ ਮੈਗ਼ਜ਼ੀਨ ਭਰ ਲਏ ਤੇ ਆਪਣੇ ਆਪ ਨੂੰ ਕੁਝ-ਕੁਝ ਸੁਰੱਖਿਅਤ ਅਨੁਭਵ ਕੀਤਾ।

ਇਹ ਦ੍ਰਿਸ਼ ਕਲਕੱਤੇ ਦੇ ਹਾਵੜਾ ਰੇਲਵੇ ਪਲੇਟਫ਼ਾਰਮ ਦਾ ਸੀ।

ਅਕਤੂਬਰ 1984 ਵਿਚ ਮੇਰੀ ਬਦਲੀ ਕਲਿਆਣੀ (ਬੰਗਾਲ) ਤੋਂ ਅੰਮ੍ਰਿਤਸਰ (ਪੰਜਾਬ) ਦੀ ਹੋ ਗਈ। ਸੀ ਇਹ ਆਰਜੀ ਬਦਲੀ ਹੀ। ਉੱਥੇ ਮੈਂ ਬੀ ਐੱਸ ਐੱਫ ਦੇ ਦੁਰਗਿਆਨਾ ਮੰਦਰ ਦੇ ਏਰੀਏ ਵਿਚ ਇਕ ਬਟਾਲੀਅਨ ਹੈੱਡਕੁਆਰਟਰ ਵਿਚ ਐਡਜੂਟੈਂਟ ਦੇ ਫਰਜ਼ ਨਿਭਾਉਣੇ ਸਨ। ਚੋਟੀ ਦੇ ਲੀਡਰਾਂ ਨੂੰ ਕਤਲ ਕਰ ਦੇਣ ਦੀਆਂ ਕਈ ਪ੍ਰਕਾਰ ਦੀਆਂ ਭਿਆਨਕ ਅਫਵਾਹਾਂ ਆਮ ਹੀ ਸੁਣੀਆਂ ਜਾਂਦੀਆਂ ਸਨ। ਅਜਿਹੀਆਂ ਹਾਲਤਾਂ ਵਿਚ ਅਰਾਜਕਤਾ ਦਾ ਫੈਲ ਜਾਣਾ ਪੂਰਾ ਸੰਭਵ ਹੁੰਦਾ ਹੈ ਤੇ ਅਮਨ-ਕਾਨੂੰਨ ਕਾਇਮ ਰੱਖਣ ਵਾਲੀਆਂ ਏਜੰਸੀਆਂ ਲਈ ਇਹ ਔਖੀ ਘੜੀ ਦਾ ਸਮਾਂ ਹੁੰਦਾ ਹੈ। ਸੋ ਅਰਧ ਸੈਨਿਕ ਅਫਸਰਾਂ ਲਈ ਪੰਜਾਬ ਦੀ ਪੋਸਟਿੰਗ ਕੋਈ ਬਹੁਤੀ ਚੰਗੀ ਨਹੀਂ ਸੀ ਮੰਨੀ ਜਾ ਸਕਦੀ।

ਵੈਸੇ ਬੰਗਾਲ ਵੀ ਮੇਰੇ ਲਈ ਸੁਖਾਵਾਂ ਨਹੀਂ ਸੀ ਰਿਹਾ। ਲੱਖ ਪ੍ਰਹੇਜ਼ ਵਰਤਣ ’ਤੇ ਵੀ ਸਿਹਤ ਠੀਕ ਨਹੀਂ ਸੀ ਰਹਿੰਦੀ। ਕੋਈ ਨਾ ਕੋਈ ਰੋਗ ਮੈਨੂੰ ਘੇਰੀ ਹੀ ਰੱਖਦਾ ਸੀ। ਸਰੀਰ ਵਿਚ ਸੱਤਿਆ ਜਿਹੀ ਨਹੀਂ ਸੀ ਅਨੁਭਵ ਹੁੰਦੀ। ਕੋਈ ਵੀ ਫਰਜ਼ ਪੂਰੀ ਤਰ੍ਹਾਂ ਮੇਰੇ ਕੋਲੋਂ ਨਿਭਾ ਨਹੀਂ ਸੀ ਹੋ ਰਿਹਾ। ਬੰਗਾਲ ਵਿਚ ਮੇਰੇ ਪਹੁੰਚਣ ਤੋਂ ਪਹਿਲੋਂ ਮੇਰੇ ਮਿਹਨਤੀ, ਸੱਚਾ-ਸੁੱਚਾ ਹੋਣ ਦੀ ਪਹੁੰਚੀ ਸਾਰੀ ਹਵਾ ਮਿੱਟੀ ਵਿਚ ਮਿਲ ਗਈ ਸੀ। ਮੇਰੀ ਅਜਿਹੀ ਕਾਰਗ਼ੁਜ਼ਾਰੀ ਕਾਰਨ ਮੇਰੇ ਕੋਲੋਂ ਮੇਰੇ ਉੱਚ ਅਧਿਕਾਰੀਆਂ ਦਾ ਮਾਯੂਸ ਹੋ ਜਾਣਾ ਪੂਰਾ ਸੰਭਵ ਅਤੇ ਜਾਇਜ਼ ਸੀ। ਸਗੋਂ ਮੈਂ ਤਾਂ ਉੱਥੇ ਆਪਣੇ ਆਪ ਨਾਲ ਵੀ ਸੰਤੁਸ਼ਟ ਨਹੀਂ ਸਾਂ। ਸੋ ਸੋਚਿਆ ਗੁਰੂ ਦੀ ਨਗਰੀ ਦਾ ਪਾਣੀ ਪੀ ਕੇ ਸ਼ਾਇਦ ਸਰੀਰ ਦੇ ਸਾਰੇ ਰੋਗ ਕੱਟੇ ਜਾਣ। ਅਖੇ “ਦਿੱਲੀ ਦੇ ਦੁੱਧ ਵਰਗਾ, ਸਾਡੇ ਅੰਬਰਸਰ ਦਾ ਪਾਣੀ”। ਹੈ ਤਾਂ ਇਸ ਸੋਚ ਵਿਚ ਵੀ ਪੂਰੀ ਗੜਬੜ ਸੀ। ਬਲਿਊ ਸਟਾਰ ਦੀ ਸਰਕਾਰੀ ਸੈਨਿਕ ਕਾਰਵਾਈ ਵੇਲੇ ਦਿੱਲੀ ਕਹਿੰਦੀ ਸੀ ਕਿ ਅੰਮ੍ਰਿਤਸਰ ਦਾ ਪਾਣੀ ਪਤਲਾ ਭਾਵ ਗੰਧਲਾ ਹੋ ਗਿਆ ਹੈ ਤੇ ਅੰਮ੍ਰਿਤਸਰ ਕਹਿੰਦਾ ਸੀ ਕਿ ਦਿੱਲੀ ਦਾ ਦੁੱਧ ਫੁੱਟ ਗਿਆ ਹੈ। ਖ਼ੈਰ, ਦੋਸ਼ ਕਿਸੇ ਦਾ ਵੀ ਹੋਵੇ ਪਰ ਇਹ ਸੱਚ ਸੀ ਕਿ ਇਸ ਕਾਰਵਾਈ ਨਾਲ ਹਜ਼ਾਰਾਂ ਨਿਰਦੋਸ਼ਿਆਂ ਦਾ ਘਾਣ ਹੋ ਗਿਆ ਸੀ।ਨਾਲੇ ਮੇਰੇ ਲਈ ਤਾਂ ‘ਆਰਡਰ ਇਜ਼ ਆਰਡਰ’ ਵਾਲੀ ਗੱਲ ਹੀ ਸੀ। ਉਹ ਤੇ ਮੰਨਣਾ ਹੀ ਪੈਣਾ ਸੀ। ਚਾਹੇ ਹੱਸ ਕੇ ਮੰਨੋ ਤੇ ਚਾਹੇ ਰੋ ਕੇ।

ਇਹ ਗੱਲ ‘ਸੱਚ ਸੋਹੇ ਸਿਰ ਪੱਗ’ ਵਾਂਗ ਪੂਰੀ ਸੱਚ ਸੀ ਕਿ ਮੇਰੇ ਕਮਾਂਡੈਂਟ ਐੱਸ ਐੱਸ ਕੋਠਿਆਲ ਵਿਚ ਇਹ ਗੁਣ ਸੀ ਕਿ ਉਹ ਆਪਣੇ ਅਧਿਕਾਰੀਆਂ ਕਰਮਚਾਰੀਆਂ ਤੋਂ ਕੰਮ ਕਸਾਈਆਂ ਵਾਂਗ ਲੈਂਦਾ ਸੀ ਅਤੇ ਉਨ੍ਹਾਂ ਦੀ ਦੇਖਭਾਲ ਸਕੇ ਪੁੱਤ-ਭਾਈਆਂ ਵਾਂਗ ਕਰਦਾ ਸੀ। ਕਲਿਆਣੀ ਤੋਂ ਕਲਕੱਤੇ ਦੇ ਹਾਵੜਾ ਰੇਲਵੇ ਸਟੇਸ਼ਨ ਤੀਕਰ ਉਸ ਨੇ ਮੈਨੂੰ ਇਕ ਜੀਪ ਦੇ ਦਿੱਤੀ ਜੋ ਮੈਨੂੰ ਉੱਥੇ ਛੱਡ ਕੇ ਅੱਗੇ ਕੋਈ ਹੋਰ ਡਿਊਟੀ ਕਰ ਕੇ ਵਾਪਿਸ ਆ ਜਾਣੀ ਸੀ ਅਤੇ ਮੇਰੀ ਸਹਾਇਤਾ ਲਈ ਤੇ ਮੈਨੂੰ ਗੱਡੀ ਚੜ੍ਹਾਉਣ ਲਈ ਇਕ ਸੇਵਾਦਾਰ ਵੀ ਨਾਲ ਦਿੱਤਾ ਜਿਸ ਨੇ ਫਿਰ ਰੇਲ ਰਾਹੀਂ ਮੁੜ ਜਾਣਾ ਸੀ।

ਮੈਂ ਲੋੜੀਂਦੇ ਪਲੇਟਫਾਰਮ ਉੱਤੇ ਆਪਣਾ ਸਾਮਾਨ ਰਖਵਾਇਆ ਤੇ ਸ਼ਾਇਦ ਕੋਈ ਮੈਗਜ਼ੀਨ ਪੜ੍ਹਨ ਲੱਗ ਪਿਆ। ਟਰੇਨ ਆਉਣ ਵਿਚ ਅਜੇ ਕਾਫੀ ਸਮਾਂ ਸੀ। ਸੇਵਾਦਾਰ ਸਟੇਸ਼ਨ ਉੱਤੇ ਮਟਰ ਗਸ਼ਤੀ ਕਰਨ ਚਲਾ ਗਿਆ। ਥੋੜ੍ਹੇ ਸਮੇਂ ਪਿੱਛੋਂ ਮੈਂ ਅਨੁਭਵ ਕੀਤਾ ਕਿ ਆਉਂਦੇ-ਜਾਂਦੇ ਸਾਰੇ ਮੁਸਾਫਰ ਤੇ ਕੁਲੀ ਮੇਰੇ ਵੱਲ ਇਸ ਤਰ੍ਹਾਂ ਦੇਖ ਰਹੇ ਸਨ ਜਿਵੇਂ ਉਨ੍ਹਾਂ ਨੇ ਮੈਨੂੰ ਖਾ ਜਾਣਾ ਹੋਵੇ। ਪਰ ਕਿਉਂ? ਇਸ ਕਾਰਨ ਦੀ ਮੈਨੂੰ ਕੋਈ ਸਮਝ ਨਾ ਆਵੇ।

ਉਸੇ ਵੇਟਿੰਗ ਹਾਲ ਵਿਚ ਮੇਰੇ ਨੇੜੇ ਦੀ ਕੁਰਸੀ ਉੱਤੇ ਕੋਈ ਪੰਜਾਹ-ਸੱਠ ਸਾਲ ਦਾ ਹੱਟਾ-ਕੱਟਾ ਇੱਕ ਵਿਅਕਤੀ ਬੈਠਾ ਸੀ। ਉਸ ਦੇ ਭਗਵੇਂ ਕੱਪੜੇ, ਉਸ ਕੋਲ ਕਈ ਪ੍ਰਕਾਰ ਦੀਆਂ ਮਾਲਾਵਾਂ ਆਦਿ ਤੋਂ ਮੈਂ ਉਸ ਦਾ ਕੋਈ ਵੀ ਅਨੁਮਾਨ ਨਾ ਲਾ ਸਕਿਆ ਕਿ ਕੀ ਉਹ ਕੋਈ ਹਿੰਦੂ ਹੈ, ਮੁਸਲਮਾਨ ਹੈ, ਬੋਧੀ ਹੈ, ਜੈਨੀ ਹੈ ਜਾਂ ਜਨਸੰਘੀ ਹੈ। ਉਸ ਦੀ ਬੋਲ-ਚਾਲ ਤੋਂ ਉਸ ਦੇ ਸੂਬੇ ਦਾ ਵੀ ਕੋਈ ਪਤਾ ਨਾ ਲੱਗਿਆ। ਜਾਪਦਾ ਸੀ ਕਿ ਉਹ ਥਾਂ-ਥਾਂ ਭ੍ਰਮਣ ਕਰਨ ਵਾਲਾ ਚੱਕਰਵਰਤੀ ਮੁਸਾਫਰ ਸੀ। ਉਹ ਮੇਰੇ ਨਾਲ ਗੱਲੀਂ ਲੱਗ ਪਿਆ। ਕਹਿੰਦਾ, “ਬੰਗਲਾ ਦੇਸ਼ ਨੂੰ ਵੱਖ ਕਰਨ ਵਾਲੀ ‘ਲੋਹ-ਲੇਡੀ ਦਾ ਤੇ ਦੁਰਗਾ ਮਾਤਾ ਦੇ ਰੂਪ ਨੂੰ ਪਹੁੰਚੀ ਇੰਦਰਾ ਗਾਂਧੀ’ ਦਾ ਇਹ ਕੈਸਾ ਅੰਤ? ਪਰ ਸਿੱਖਾਂ ਨੂੰ ਉਹ ਮਾਰਨੀ ਨਹੀਂ ਆਈ।” “ਤੁਹਾਡਾ ਕੀ ਮਤਲਬ?” ਮੇਰੇ ਮੂੰਹੋਂ ਅਚਾਨਕ ਨਿਕਲਿਆ।

“ਜੇ ਸਿੱਖਾਂ ਨੂੰ ਇੰਦਰਾ ਗਾਂਧੀ ਵੱਲੋਂ ਦਰਬਾਰ ਸਾਹਿਬ ਉੱਤੇ ਕੀਤੇ ਗਏ ਹਮਲੇ ਦਾ ਰੋਸ ਸੀ ਜਾਂ ਹਜ਼ਾਰਾਂ ਨਿਰਦੋਸ਼ ਸਰਧਾਲੂਆਂ ਦੇ ਕਤਲ ਕਰਵਾਉਣ ਦਾ ਉਸ ਉੱਤੇ ਦੋਸ਼ ਸੀ ਤਾਂ ਇਹ ਕੰਮ ਕਿਸੇ ਹਿੰਦੂ ਕੋਲੋਂ ਕਰਵਾਉਣਾ ਚਾਹੀਦਾ ਸੀ। ਫਿਰ ਆਹ ਹੋਣ ਵਾਲਾ ਕਹਿਰੀ ਖੂਨ-ਖਰਾਬਾ ਨਾ ਹੁੰਦਾ। ਜਦੋਂ ਮਹਾਤਮਾ ਗਾਂਧੀ ਮਾਰਿਆ ਗਿਆ ਸੀ, ਓਦੋਂ ਕਿਉਂ ਨਾ ਕੋਈ ਕੱਟ-ਵੱਢ ਜਾਂ ਲੁੱਟ-ਮਾਰ ਹੋਈ? ਕੀ ਉਹ ਇੰਦਰਾ ਗਾਂਧੀ ਨਾਲੋਂ ਕੋਈ ਛੋਟੇ ਕੱਦ ਦਾ ਲੀਡਰ ਸੀ? ਅਸਲ ਵਿਚ ਇਹ ਇਕ ਹਿੰਦੂ ਵੱਲੋਂ ਦੂਜੇ ਹਿੰਦੂ ਦਾ ਕਤਲ ਕੀਤਾ ਗਿਆ ਸੀ।” ਉਹ ਬੋਲਿਆ

ਪਰ ਮੈਂ ਤਾਂ ਆਪਣੇ ਅੰਦਰ ਇਕ ਹੋਰ ਹੀ ਸੰਘਰਸ਼ ਵਿੱਢੀ ਬੈਠਾ ਸਾਂ। ‘ਇਸ ਦੁਖਾਂਤ ਪਿੱਛੋਂ ਪੰਜ-ਸੱਤ ਹਜ਼ਾਰ ਬੇਕਸੂਰੇ ਸਿੱਖਾਂ ਦਾ ਕਤਲ ਹੋ ਜਾਣਾ ਮਾਮੂਲੀ ਪਰ ਪੱਕੀ ਗੱਲ ਹੈ। ਜੇ ਮੈਂ ਅੱਜ ਅੰਮ੍ਰਿਤਸਰ ਲਈ ਸਫਰ ਕਰਦਾ ਹਾਂ ਤਾਂ ਰਾਹ ਵਿਚ ਹੀ ਮੇਰਾ ਮਾਰੇ ਜਾਣਾ ਵੀ ਲੱਗਭਗ ਯਕੀਨੀ ਹੈ। ਜੇ ਮੈਂ ਨਹੀਂ ਜਾਂਦਾ ਤਾਂ ਉਮਰ ਭਰ ਲਈ ਮੇਰੇ ਮੱਥੇ ਉੱਤੇ ਡਰਪੋਕ ਹੋਣ ਦਾ ਜਾਂ ਆਪਣੀ ਡਿਊਟੀ ਉੱਤੇ ਨਾ ਪਹੁੰਚਣ ਦਾ ਸਦੀਵੀ ਦਾਗ਼ ਲੱਗ ਜਾਣ ਦਾ ਡਰ ਸੀ। ਮੈਂ ਦੋਹਾਂ ਪੱਖਾਂ ਦੇ ਕਿੰਤੂ-ਪਰੰਤੂਆਂ ਦੀ ਪੁਣ- ਛਾਣ ਕਰ ਰਿਹਾ ਸਾਂ। ਕਦੀ ਮੇਰਾ ਨਿਰਨਾ ਨਿਕਲਦਾ ਕਿ ਮੈਂ ਹਰ ਹਾਲਤ ਵਿਚ ਆਪਣੀ ਡਿਊਟੀ ਉੱਤੇ ਜਾਵਾਂਗਾ। ਇਸ ਲਈ ਭਾਵੇਂ ਮੈਨੂੰ ਆਪਣੇ ਪ੍ਰਾਣਾਂ ਦੀ ਆਹੂਤੀ ਵੀ ਕਿਉਂ ਨਾ ਦੇਣੀ ਪਵੇ। ਹੋਰ ‘ਡੂ ਐਂਡ ਡਾਈ’ ਕਾਹਦੇ ਵਾਸਤੇ ਬਣਿਆ ਹੈ। ਪਰ ਕਿਸੇ ਵੀ ਹਾਲਤ ਵਿਚ ਆਪਣੇ ਆਪ ਉੱਤੇ ਡਰਪੋਕ ਦਾ ਲੇਬਲ ਨਹੀਂ ਲੱਗਣ ਦੇਣਾ। ਇਸ ਨਾਲ ਤਾਂ ਸਾਰੇ ਪੰਜਾਬ ਦੀ ਬਹਾਦਰੀ ਦੀ ਬਦਨਾਮੀ ਹੋ ਜਾਏਗੀ ਤੇ ਸਾਰੀ ਸਿੱਖ ਕੌਮ ਦਾ ਸਿਰ ਨੀਵਾਂ ਹੋ ਜਾਏਗਾ।

ਤੇ ਕਦੇ ਮੈਂ ਸੋਚਦਾ ਬਿਨਾਂ ਕਿਸੇ ਪ੍ਰਾਪਤੀ ਦੇ ਮੌਤ ਦੇ ਮੂੰਹ ਵਿਚ ਸਿਰ ਦੇ ਦੇਣਾ ਵੀ ਕੋਈ ਸਿਆਣਪ ਨਹੀਂ ਹੋਇਆ ਕਰਦੀ। ਫਿਰ ਇਹੋ ਹੀ ਕਿਹਾ ਜਾਏਗਾ ਕਿ ਇਸ ਅਫਸਰ ਨੂੰ ਅਜਿਹੇ ਭਿਆਨਕ ਹਾਲਾਤਾਂ ਵਿਚ ਸਫ਼ਰ ਕਰਨ ਦੀ ਮੂਰਖ਼ਤਾ ਨਹੀਂ ਸੀ ਕਰਨੀ ਚਾਹੀਦੀ। ਜਿਸ ਅਫ਼ਸਰ ਨੇ ਸਮੇਂ ਸਿਰ ਆਪਣੇ ਦਿਮਾਗ਼ ਦੇ ਕੋਲੋਂ ਕੰਮ ਹੀ ਨਹੀਂ ਲੈਣਾ ਉਹ ਅਫ਼ਸਰ ਹੀ ਕਾਹਦਾ?’

ਸੋਚਾਂ ਸੋਚਦਿਆਂ ਹੀ ਦਿੱਲੀ ਪੰਜਾਬ ਵੱਲੋਂ ਗੱਡੀਆਂ ਹਾਵੜਾ ਸਟੇਸ਼ਨ ਉੱਤੇ ਪਹੁੰਚਣੀਆਂ ਅਰੰਭ ਹੋ ਗਈਆਂ। ਫਿਰ ਕੁਝ ਸਮੇਂ ਦੀ ਸਾਫ-ਸਫਾਈ ਪਿੱਛੋਂ ਉਨ੍ਹਾਂ ਨੇ ਹੀ ਮੋੜਵੇਂ ਸਫ਼ਰ ਉੱਤੇ ਜਾਣਾ ਸੀ। ਤੇ ਹਾਵੜਾ-ਅੰਮ੍ਰਿਤਸਰ ਵਾਲੀ ਟਰੇਨ ਮੈਂ ਲੈਣੀ ਸੀ। ਮੈਂ ਮੌਕੇ ਉੱਤੇ ਜਾ ਕੇ ਹੀ ਸਾਰੀ ਸਥਿਤੀ ਦਾ ਜਾਇਜ਼ਾ ਲੈਣਾ ਚਾਹਿਆ। ਆਪਣੇ ਸਾਮਾਨ ਕੋਲ ਸੇਵਾਦਾਰ ਨੂੰ ਬਿਠਾ ਕੇ ਮੈਂ ਪਲੇਟਫਾਰਮ ਉੱਤੇ ਗਿਆ। ਪੰਜਾਬੀ ਜਾਪਦੀ ਇਕ ਬੀਬੀ ਕੋਲੋਂ ਮੈਂ ਸਫਰ ਦਾ ਹਾਲ ਪੁੱਛਿਆ।

“ਵੀਰਾ ਕੁਝ ਨਾ ਪੁੱਛ!”, ਉਹ ਤੇ ਮੇਰੇ ਗੱਲ ਕਰਦਿਆਂ ਈ ਫੁੱਟ ਪਈ, “ਗ਼ਦਰ ਪਿਆ ਹੋਇਆ ਹੈ। ਸਿੱਖਾਂ ਨੂੰ ਲੱਭ-ਲੱਭ ਕੇ ਕਤਲ ਕੀਤਾ ਜਾ ਰਿਹਾ ਹੈ। ਸਾਰਾ ਰਸਤਾ ਅਸਾਂ ‘ਵਾਹਿਗੁਰੂ! ਵਾਹਿਗੁਰੂ!’ ਕਰਦਿਆਂ ਕੱਟਿਆ ਹੈ। ਆਪਣੇ ਆਦਮੀਆਂ ਦੀਆਂ ਗੁੱਤਾਂ ਕਰ ਕੇ, ਉਨ੍ਹਾਂ ਦੇ ਸਿਰ ’ਤੇ ਚਾਦਰਾਂ ਪਾ ਕੇ ਅਤੇ ਘੁੰਡ- ਕਢਾ ਕੇ ਅਸੀਂ ਉਨ੍ਹਾਂ ਨੂੰ ਬਚਾ ਕੇ ਲਿਆਈਆਂ ਹਾਂ। ਵੀਰਾ ਵਾਸਤਾ ਈ, ਤੂੰ ਅਜੇ ਪੰਜਾਬ ਵੱਲ ਨੂੰ ਮੂੰਹ ਨਾ ਕਰੀਂ।”

‘ਮੈਂ ਵੀ ਕਿਉਂ ਨਾ ਆਪਣਾ ਹੁਲੀਆ ਬਦਲ ਲਵਾਂ? ਲੋੜ ਪੈਣ ਤੇ ਭੇਸ ਤਾਂ ਸਾਰੇ ਹੀ ਬਦਲ ਲੈਂਦੇ ਹਨ।’ ਅਸਲ ਵਿਚ ਅਜੇ ਵੀ ਪੰਜਾਬ ਵੱਲ ਸਫਰ ’ਤੇ ਜਾਣ ਲਈ ਮੇਰਾ ਮਨ ਮੈਨੂੰ ਉਕਸਾ ਰਿਹਾ ਸੀ। ‘ਕਿਹੋ ਜਿਹੇ ਦਿਨ ਆ ਗਏ ਨੇ? ਆਪਣੇ ਹੀ ਦੇਸ ਵਿਚ ਸਫਰ ਕਰਨ ਲਈ ਸੌ-ਸੌ ਵੇਰ ਸੋਚਣਾ ਪੈ ਰਿਹਾ ਹੈ।’ ਮੇਰਾ ਮਨ ਇਹ ਵੀ ਕਹਿ ਰਿਹਾ ਸੀ, ‘ਤੇਰਾ ਕਿਧਰੇ ਵੀ ਕੋਈ ਵਾਲ ਨਹੀਂ ਵਿੰਗਾ ਹੋਣ ਲੱਗਿਆ। ਤੂੰ ਸਦਾ ਹੀ ਔਕੜਾਂ ਵਿੱਚੋਂ ਪਾਰ ਹੁੰਦਾ ਆ ਰਿਹਾ ਹੈਂ। ਜਦੋਂ 62 ਦੀ ਚੀਨ ਨਾਲ ਲੜਾਈ ਲੱਗੀ ਸੀ ਤਾਂ ਤੂੰ ਪਾਕਿਸਤਾਨ ਬਾਰਡਰ ਉੱਤੇ ਸੈਂ। ਜਦੋਂ 65 ਦਾ ਪਾਕਿਸਤਾਨ ਨਾਲ ਯੁੱਧ ਹੋਇਆ ਤਾਂ ਤੂੰ ਚੀਨ ਦੇ ਬਾਰਡਰ ਦੇ ਨੇੜੇ ਡਿਊਟੀ ਕਰ ਰਿਹਾ ਸੈਂ। 71 ਦੀ ਲੜਾਈ ਦੇ ਵਿਚ ਤੈਨੂੰ ਬਾਰਡਰ ਤੋਂ ਹਟਾ ਕੇ ਪਿੱਛੇ ਬਟਾਲੀਅਨ ਦੇ ਰੀਅਰ ਹੈੱਡਕੁਆਰਟਰ ਭੇਜ ਦਿੱਤਾ ਗਿਆ ਸੀ। ਅੱਸੀਵਿਆਂ ਵਿਚ ਜਦੋਂ ਪੰਜਾਬ ਦੇ ਵਿਚ ਭਾਂਬੜ ਬਲਣ ਲੱਗੇ ਤਾਂ ਤੇਰੀ ਪੋਸਟਿੰਗ ਬੰਗਾਲ ਦੀ ਹੋ ਗਈ। ਸ਼ਾਇਦ ਹੁਣ ਪੰਜਾਬ ਵਿਚ ਵੀ ਹਾਲਾਤ ਸੁਖਾਵੇਂ ਹੋ ਜਾਣ।’

ਦੂਜਾ ਮਨ ਇਹ ਵੀ ਬੋਲਦਾ ਸੀ, ‘ਸਾਰੇ ਹੀ ਦਿਨ ਐਤਵਾਰ ਨਹੀਂ ਹੋਇਆ ਕਰਦੇ। ਜੇ ਪਿੱਛੇ ਹਰ ਔਕੜ ਤੋਂ ਬਚਦਾ ਰਿਹਾ ਹੈਂ ਤਾਂ ਹੁਣ ਮੂਰਖ਼ਤਾ ਨਾਲ ਆਪਣਾ ਟੱਟੂ ਆਪ ਹੀ ਪਾਰ ਕਰਵਾ ਸਕਦਾ ਹੈਂ। ਸੋ ਹੁਣ ਦਿਲ ਤੋਂ ਨਹੀਂ ਸਗੋਂ ਸੂਝ ਤੋਂ ਕੰਮ ਲੈਣ ਦਾ ਵੇਲਾ ਹੈ।’

ਮੈਂ ਇਸੇ ਉਧੇੜ-ਬੁਣ ਵਿਚ ਉਲਝਿਆ ਨਿੰਮੋਝੂਣਾ ਹੋਇਆ ਤੁਰਿਆ ਜਾ ਰਿਹਾ ਸਾਂ। “ਸਾਹਿਬ ਜੀ ਤੁਸੀਂ ਕਿੱਥੇ ਸੀ? ਮੈਂ ਇਸ ਪਲੇਟਫਾਰਮ ਉੱਤੇ ਵੀਹ ਗੇੜੇ ਮਾਰ ਦਿੱਤੇ ਹਨ ਤੁਹਾਨੂੰ ਲੱਭਦਿਆਂ।” ਇਕ ਬੀ. ਐੱਸ. ਐੱਫ. ਦੀ ਵਰਦੀ ਵਾਲਾ ਜੁਆਨ ਮੇਰੇ ਸਾਹਮਣੇ ਖੜ੍ਹਾ ਸੀ। “ਸੀ. ਓ. ਸਾਹਿਬ ਨੇ ਆਹ ਚਿੱਠੀ ਤੁਹਾਡੇ ਲਈ ਭੇਜੀ ਹੈ।” ਉਸ ਨੇ ਆਪਣੀ ਜੇਬ ਵਿੱਚੋਂ ਇਕ ਬੰਦ ਲਿਫਾਫਾ ਮੇਰੇ ਵੱਲ ਵਧਾਇਆ।

ਮੈਂ ਚਿੱਠੀ ਖੋਲ੍ਹੀ। ਲਿਖਿਆ ਸੀ, “ਤੁਹਾਡੀ ਡਿਪਟੀ ਕਮਾਂਡੈਂਟ ਦੀ ਤਰੱਕੀ ਹੋ ਗਈ ਹੈ। ਵਾਪਿਸ ਆ ਜਾਓ।” ਮੈਂ ਇਕ ਲੰਬਾ ਅਤੇ ਸੁਖ ਦਾ ਸਾਹ ਲਿਆ ਅਤੇ ਚਿੱਠੀ ਲਿਆਉਣ ਵਾਲੇ ਦਾ ਧੰਨਵਾਦ ਕੀਤਾ।

ਪਰ ਅਜੇ ਵੀ ਸਾਰੀਆਂ ਮੁਸੀਬਤਾਂ ਦਾ ਖ਼ਾਤਮਾ ਨਹੀਂ ਸੀ ਹੋਇਆ।

ਮੈਂ ਸਿੱਧਾ ਰੇਲਵੇ ਪੁਲੀਸ ਚੌਕੀ ਵਿਚ ਗਿਆ ਅਤੇ ਮੈਨੂੰ ਮੇਰੇ ਆਈ. ਜੀ. ਜਾਂ ਡੀ. ਆਈ. ਜੀ. ਹੈੱਡ ਕੁਆਰਟਰ ਦੇ ਅਫ਼ਸਰ ਮੈੱਸ ਵਿਚ ਸੁਰੱਖਿਅਤ ਪਹੁੰਚਾਉਣ ਲਈ ਬੇਨਤੀ ਕੀਤੀ। “ਸਾਹਿਬ ਜੀ ਹਾਲਾਤ ਬਹੁਤ ਖਰਾਬ ਹਨ। ਤੁਹਾਡੀ ਸੁਰੱਖਿਅਤਾ ਸਾਡੇ ਵੱਸ ਦੀ ਗੱਲ ਨਹੀਂ ਹੈ। ਹਾਂ ਇੱਥੇ ਸਥਾਨਕ ਵਾਲੰਟੀਅਰ ਸਰਦਾਰਾਂ ਦੀਆਂ ਕੁਝ ਬੱਸਾਂ ਆਉਣ ਵਾਲੀਆਂ ਹਨ। ਉਹ ਤੁਹਾਨੂੰ ਤੁਹਾਡੇ ਠੀਕ ਟਿਕਾਣੇ ਉੱਤੇ ਪਹੁੰਚਾ ਦੇਣਗੇ।” ਉਨ੍ਹਾਂ ਦਾ ਸਪਸ਼ਟ ਉੱਤਰ ਸੀ।

ਘੰਟਾ ਕੁ ਭਰ ਦੀ ਆਸ-ਨਿਰਾਸੀ ਉਡੀਕ ਕਰਨ ਪਿੱਛੋਂ ਕਥਿਤ ਬੱਸਾਂ ਸੱਚਮੁੱਚ ਹੀ ਆ ਗਈਆਂ। ਉਨ੍ਹਾਂ ਨੇ ਬੱਸ ਦੀ ਸਮਰੱਥਾ ਅਨੁਸਾਰ ਸਵਾਰੀਆਂ ਲਈਆਂ। ਇਕੱਲੇ-ਇਕੱਲੇ ਦਾ ਥਹੁ-ਟਿਕਾਣਾ ਨੋਟ ਕੀਤਾ। ਫਿਰ ਚੱਲ ਕੇ ਇਕ ਪਾਸਿਓਂ ਵਾਰੀ ਸਿਰ ਸਵਾਰੀ ਨੂੰ ਉਤਾਰਦੇ ਗਏ ਅਤੇ ਜਦੋਂ ਤੀਕਰ ਉਸ ਵੱਲੋਂ ਸਹੀ ਟਿਕਾਣਾ ਅਤੇ ਅੱਗੇ ਪੂਰੀ ਸੁਰੱਖਿਅਤਾ ਦੀ ਹਾਮੀ ਨਾ ਭਰ ਦਿੱਤੀ ਗਈ ਬੱਸ ਨੂੰ ਇੱਕ ਕਦਮ ਵੀ ਅੱਗੇ ਨਹੀਂ ਤੋਰਿਆ। ਤੇ ਮੈਂ ਆਈ. ਜੀ. ਹੈੱਡ ਕੁਆਰਟਰ ਦੇ ਅਫਸਰ ਮੈੱਸ ਵਿਚ ਸੁਰੱਖਿਅਤ ਪਹੁੰਚ ਗਿਆ।

ਜਦੋਂ ਮੈਂ ਇਸ ਭੈਅ ਤੋਂ ਮੁਕਤ ਹੋਇਆ ਤਾਂ ਮੈਨੂੰ ਇਕ ਹੋਰ ਫਿਕਰ ਨੇ ਆ ਦਬੋਚਿਆ। ਅਸਲ ਵਿਚ ਗੱਲ ਇਹ ਸੀ ਕਿ ਮੇਰੇ ਕਾਲਜ ਦੀ ਹਮ-ਜਮਾਤਨ ਕਲਕੱਤੇ ਰਹਿੰਦੀ ਸੀ। ਹੁਣ ਜਦੋਂ ਮੇਰੀ ਪੋਸਟਿੰਗ ਕਲਕੱਤੇ ਦੇ ਏਰੀਏ ਦੀ ਹੋ ਗਈ ਤਾਂ ਮਨ ਵਿਚ ਇਕ-ਦੂਜੇ ਦਾ ਹਾਲ-ਚਾਲ ਜਾਣਨ ਦੀ ਇੱਛਾ ਪ੍ਰਬਲ ਹੋ ਉੱਠੀ। ਮੇਰੇ ਇਕ ਮਿੱਤਰ ਅਫ਼ਸਰ ਨੇ, ਜਿਸ ਦੀ ਕਲਕੱਤੇ ਵਿਚ ਨੌਕਰੀ ਸੀ, ਕਲਕੱਤੇ ਵਿਚ ਘੁੰਮਣ ਲਈ ਮੈਨੂੰ ਇਕ ਜੀਪ ਦੇ ਦਿੱਤੀ ਅਤੇ ਨਾਲ ਕਲਕੱਤੇ ਦੇ ਚੱਪੇ-ਚੱਪੇ ਤੋਂ ਜਾਣੂ ਇਕ ਜੁਆਨ ਗਾਈਡ ਦੇ ਤੌਰ ’ਤੇ ਨਾਲ ਦੇ ਦਿੱਤਾ। ਉਹ ਮੈਨੂੰ ਪੁੱਛ-ਪੁਛਾ ਕੇ ਉਸ ਦੇ ਘਰ ਲੈ ਗਿਆ। ਜਾਣ-ਪਹਿਚਾਣ ਦੁਹਰਾਈ ਗਈ। ਉਸ ਦੇ ਸਾਰੇ ਹੀ ਬੱਚੇ ਘਰ ਸਨ। ਉਨ੍ਹਾਂ ਦੇ ਵੀ ਦਰਸ਼ਨ-ਦੀਦਾਰੇ ਹੋ ਗਏ। ਮੀਸ਼ਾ ਦੇ ਸ਼ਬਦਾਂ ਵਿਚ ਫਿਰ ਇਕ-ਦੂਜੇ ਦੀ ਖ਼ੈਰ-ਸੁਖ ਮੰਗਦੇ ਜੁਦਾ ਹੋ ਗਏ।

ਹੁਣ ਜਦੋਂ ਕਿ ਮੇਰੇ ਮਨ ਵਿਚ ਪੂਰੇ ਦਾ ਪੂਰਾ ਕਲਕੱਤਾ ਹੀ ਮਾਰੂ ਲਾਟਾਂ ਵਿਚ ਲਟ-ਲਟ ਬਲ ਰਿਹਾ ਸੀ ਤੇ ਮੈਂ ਕਿਵੇਂ ਆਰਾਮ ਨਾਲ ਸੌਂ ਸਕਦਾ ਸਾਂ? ਮੇਰਾ ਮਨ ਕਰੇ ਕਿ ਮੈਂ ਇਕ ਪੰਛੀ ਹੋਵਾਂ ਤੇ ਮਾਰ ਉਡਾਰੀ ਸਾਰੇ ਕਲਕੱਤੇ ਦੀ ਸੁਖ-ਸਾਰ ਲੈ ਆਵਾਂ। ਬੁਕਾਰੋ, ਦਿੱਲੀ, ਕਾਨਪੁਰ ਆਦਿ ਵਿਚ ਸਿੱਖਾਂ ਉੱਤੇ ਮਾਰੂ ਹੱਲਿਆਂ ਦੀਆਂ ਖ਼ਬਰਾਂ ਆ ਰਹੀਆਂ ਸਨ। ਕਲਕੱਤੇ ਵਿਚ ਵੀ ਕਿਧਰੇ-ਕਿਧਰੇ ਅੱਗਾਂ ਲੱਗੀਆਂ ਸਨ। ਪਰ ਜੋਤੀਬਾਸੂ ਦੀ ਸਰਕਾਰ ਨੇ ਇਸ ਉੱਤੇ ਛੇਤੀ ਹੀ ਕਾਬੂ ਪਾ ਲਿਆ।

ਅਗਲੇ ਦਿਨ ਮੇਰੇ ਲਈ ਗੱਡੀ ਅਤੇ ਗਾਰਦ ਤਿਆਰ ਸੀ ਤੇ ਮੈਂ ਉਸ ਰਾਹੀਂ ਆਪਣੇ ਬਟਾਲੀਅਨ ਹੈੱਡ ਕੁਆਰਟਰ ਲਈ ਚੱਲ ਪਿਆ। ਕਲਕੱਤਾ ਛੱਡਣ ਤੋਂ ਪਹਿਲੋਂ ਮੈਂ ਸਿੱਖਾਂ ਦੀ ਆਬਾਦੀ ਵੱਲ ਇਕ ਚੱਕਰ ਲਾਇਆ ਜਿੱਥੇ ਜਾ ਕੇ ਪਤਾ ਚੱਲਿਆ ਕਿ ਉਸ ਇਲਾਕੇ ਵਿਚ ਸਭ ਸੁਖ-ਸ਼ਾਂਤੀ ਸੀ ਅਤੇ ਉੱਥੇ ਕੋਈ ਵੀ ਮੰਦਭਾਗੀ ਘਟਨਾ ਨਹੀਂ ਸੀ ਵਾਪਰੀ। ਸ਼ਾਇਦ ਮਨ ਵਿਚ ਅਖ਼ੀਰਲਾ ਫਿਕਰ ਵੀ ਹੁਣ ਧੋਤਾ ਗਿਆ।

ਮੇਰੇ ਬਟਾਲੀਅਨ ਹੈਡ ਕੁਆਰਟਰ ਕਲਿਆਣੀ ਵਿਚ ਪਹੁੰਚਣ ਤੋਂ ਪਿੱਛੋਂ ਉੱਥੇ ਸਥਾਨਕ ਥਾਣੇ ਦਾ ਥਾਣੇਦਾਰ ਆਇਆ ਅਤੇ ਉਸ ਨੇ ਦੱਸਿਆ ਕਿ ਸਿੱਖਾਂ ਦੇ ਪੱਚੀ ਟਰੱਕ ਥਾਣੇ ਦੇ ਅੱਗੇ ਖੜ੍ਹੇ ਹਨ। ਉਨ੍ਹਾਂ ਦੀ ਰਾਖੀ ਹੁਣ ਤੀਕਰ ਥਾਣੇ ਨੇ ਕੀਤੀ ਹੈ ਤੇ ਹੁਣ ਅਸੀਂ ਹੋਰ ਰਾਖੀ ਨਹੀਂ ਕਰ ਸਕਦੇ। ਜੇ ਆਗਿਆ ਹੋਵੇ ਤਾਂ ਉਨ੍ਹਾਂ ਨੂੰ ਤੁਹਾਡੇ ਕੈਂਪਸ ਵਿਚ ਛੱਡ ਜਾਈਏ। ਸਾਡੇ ਕਮਾਂਡੈਂਟ ਨੇ ਆਗਿਆ ਦੇ ਦਿੱਤੀ। ਸੋ ਪੱਚੀ ਤੋਂ ਕਰਦੇ-ਕਰਦੇ ਲੱਗਭਗ 50 ਟਰੱਕ ਸਾਡੇ ਕੋਲ ਆ ਗਏ। ਉਨ੍ਹਾਂ ਸਾਰਿਆਂ ਦੀ ਸੁਰੱਖਿਅਤਾ ਦਾ ਅਤੇ ਖਾਣ-ਪੀਣ, ਰਹਿਣ-ਸਹਿਣ ਦਾ ਪ੍ਰਬੰਧ ਕਰ ਕੇ ਉਸ ਥਾਂ ਤੋਂ ਅਸੀਂ ਵਾਪਸ ਆ ਹੀ ਰਹੇ ਸੀ ਕਿ ਸਾਡਾ ਇਕ ਸਾਥੀ ਬੰਗਾਲੀ ਅਫਸਰ, ਜਿਸ ਨੇ ਡਰਿੰਕ ਕੀਤੀ ਹੋਈ ਸੀ, ਚੁੱਪ-ਚੁਪੀਤੀ ਰਾਤ ਅੰਦਰ ਉਸ ਨੇ ਇਕ ਉੱਚੀ ਚੀਕ ਮਾਰੀ, “ਮਾਰ ਦਿੱਤੀ ਉਏ ਪੂਅਰ ਲੇਡੀ!”

ਇਹ ਸੁਣ ਕੇ ਅਸੀਂ ਸਾਰੇ ਹੀ ਹੱਕੇ-ਬੱਕੇ ਹੋ ਗਏ। “ਸਾਲਾ ਪਾਗਲ ਅਫਸਰ ਹੈ। ਬਿਗੜੀ ਹੋਈ ਸਥਿਤੀ ਨੂੰ ਹੋਰ ਬਿਗਾੜਨ ਨੂੰ ਫਿਰਦੈ।” ਬਟਾਲੀਅਨ ਦਾ ਟੂ-ਆਈ. ਸੀ. ਬੋਲਿਆ।

ਕੀ ਉਸ ਨੂੰ ਇੰਦਰਾ ਗਾਂਧੀ ਦੇ ਮਾਰੇ ਜਾਣ ਦਾ ਦੁੱਖ ਸੀ ਜਾਂ ਫਿਰ ਇਨ੍ਹਾਂ ਸਿੱਖ ਡਰਾਈਵਰਾਂ ਨੂੰ ਆਪਣੀ ਸਾਂਭ-ਸੰਭਾਲ ਵਿਚ ਲੈ ਲੈਣ ਦਾ ਰੋਸ? ਮੈਂ ਸੋਚ ਰਿਹਾ ਸੀ, ਪਰ ਇਹ ਗੱਲ ਮੈਂ ਅੱਜ ਤੀਕਰ ਵੀ ਨਹੀਂ ਸਮਝ ਸਕਿਆ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)