ਮੈਂ, ਪੰਜਾਬਾ ਪੁੱਤਰ ਬੰਦਾ ਸਿੰਘ ਬਹਾਦਰ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਪੁੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਵਾਸੀ ਬੇਗਮਪੁਰਾ ਦਾ ਰਹਿਣ ਵਾਲਾ ਹਾਂ। ਮੈਂ ਆਪਣਾ ਦਰਦ ਕਿਸ ਨੂੰ ਸੁਣਾਵਾਂ? ਸਦੀਆਂ ਬੀਤ ਗਈਆਂ ਹਨ। ਕਿਸੇ, ਮੈਨੂੰ ਸੁਣਿਆ ਹੀ ਨਹੀਂ। ਤੂੰ! ਹਾਅ ਦਾ ਨਾਹਰਾ ਮਾਰਿਆ ਹੈ! ਲੈ ਸੁਣ ਮੇਰੇ ਪੁੱਤਰਾ!!
ਵੱਢੇ ਟੁੱਕੇ ਮਨੁੱਖ ਅੰਦਰ ਜਦੋਂ ਗ਼ੈਰਤ ਨਾਂ ਦੀ, ਕੋਈ ਵਸਤ ਰਹਿ ਹੀ ਨਹੀਂ ਸੀ ਗਈ, ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ, ਮੇਰੇ ਦਾਦਿਆਂ, ਪੜਦਾਦਿਆਂ, ਨਕੜਦਾਦਿਆਂ ਵਿੱਚੋਂ ਹੁੰਦਾ ਸੀ, ਉਹ। ਮਹਿਤਾ ਕਾਲੂ ਜੀ ਦੇ ਜਾਏ ਨੇ ਮੇਰੀ (ਆਪਣੇ ਪਿੰਡ ਦੀ) ਬਾਂਹ ਫੜਨ ਦਾ ਜੇਰਾ ਕੀਤਾ ਸੀ। ਬਜ਼ੁਰਗਾਂ ਉਸ ਨੂੰ ਸਮਝਾਇਆ। ਪੁੱਤਰਾ! ਪੈਂਡਾ ਔਖਾ ਤੇ ਬਿਖੜਾ ਹੈ। ਠਿੱਲ੍ਹ ਪੈਣ ਵਾਲੇ ਕਦੋਂ ਪਰਵਾਹ ਕਰਦੇ ਹਨ, ਨਤੀਜਿਆਂ ਦੀ? ਉਹ ਘਰੋਂ ਨਿਕਲ ਤੁਰਿਆ। ਉਹ ਚੜ੍ਹਦੇ ਗਿਆ-ਲਹਿੰਦੇ ਗਿਆ। ਦੱਖਣ ਗਿਆ-ਪੱਛਮ ਗਿਆ। ਉਹ ਹਰ ਬੁਰੇ ਦੇ ਘਰ ਗਿਆ। ਉਹ ਠੱਗਾਂ ਨੂੰ ਸੱਜਣ ਬਣਾਉਂਦਾ। ਉਹ ਬਲੀਆਂ ਨੂੰ ਰਾਹੇ ਪਾਉਂਦਾ। ਉਹ ਰਾਖਸ਼ਾਂ ਨੂੰ ਮਿਲਦਾ, ਕਿਰਤੀਆਂ ਦੇ ਘਰ ਠਾਹਰ ਬਣਾਉਂਦਾ। ਉਹ ਲੋਕਾਂ ਦਾ ਦਰਦ ਆਪਣੀ ਜੁਰੱਅਤ ਦੀ ਰਬਾਬ ’ਤੇ ਗਾਉਂਦਾ। ਕਿਰਤ ਦਾ ਸਿਮਰਨ ਕਰਦਾ, ਸਿਦਕ ਦੇ ਖੇਤੀਂ ਹਲ ਵਾਹੁੰਦਾ। ਉਹ ਵੰਡ ਛਕਦਾ-ਛਕਾਉਂਦਾ, ਆਪਣੇ ਵਾਰਸਾਂ ਨੂੰ ਡੂੰਘੇ ਵਾਹੇ ਹਲ ਦੀ ਕਿੱਲੀ ਫੜਾਉਂਦਾ। ਉਹ ਰੜਕ, ਅਣਖ ਅਤੇ ਜੁਰਅਤ ਭਰੀ ਤਰਜ਼ੇ-ਜ਼ਿੰਦਗੀ ਜਿਊਂਦਿਆਂ ਸਮੇਂ ਦੇ ਬਾਬਰਾਂ ਦੀ ਅੱਖ ’ਚ ਅੱਖ ਪਾ ਕੇ ਗੱਲ ਕਰਨ ਦੀ ਜਾਚ ਸਿਖਾਉਂਦਾ, ਤੁਰਿਆ ਗਿਆ। ਉਸ ਨੇ ਪਿੰਡ ਵਾਸੀਆਂ ਅੰਦਰ ਰਾਜੇ ਨੂੰ ਸ਼ੀਂਹ ਅਤੇ ਮੁਕੱਦਮ ਨੂੰ ਕੁੱਤੇ ਆਖਣ ਦੀ ਹਿੰਮਤ ਪੈਦਾ ਕਰ ਦਿੱਤੀ ਸੀ। ਉਹ ਆਪਣੇ, ਵਾਰਸ ਪੁੱਤਰਾਂ ਅੰਦਰ ਰੜਕ, ਅਣਖ, ਸਿਰੜ ਅਤੇ ਸਿਦਕ ਦੀ ਅਜਿਹੀ ਚਿਣਗ ਫੂਕ ਗਿਆ ਕਿ ਉਹ ਤੱਤੀਆਂ ਤਵੀਆਂ, ਤੱਤੀਆਂ ਰੇਤਾਂ ਦਾ ਨਿੱਘ ਮਾਣਦੇ, ਉਬਲਦੀਆਂ ਦੇਗਾਂ, ਰਾਵੀ ਦੇ ਪਾਣੀਆਂ ਦੀਆਂ ਛੱਲਾਂ ’ਚੋਂ ਵਿਚਰਦੇ, ਤੇਰਾ ਕੀਆ ਮੀਠਾ ਲਾਗੈ ਆਖਦੇ, ਪ੍ਰਸੰਨ ਚਿਤ ਰਹਿੰਦੇ। ਅਜਿਹੇ ਪਰਮ-ਮਨੁੱਖ ਦੀ ਸਿਰਜਣਾ ਕਰਨ ਵਿਚ ਸਫਲ ਹੋਇਆ, ਜਿਸ ਸਰੀਰ ਨੂੰ ਇਕ ਠੀਕਰ ਆਖਦਿਆਂ ਮਕਤਲ ਵੱਲ ਵਧਣ ਦਾ ਜੇਰਾ ਕਰ ਵਿਖਾਇਆ। ਆਪਣੇ ਪੁੱਤਰਾਂ ਤੋਂ ਵੱਧ, ਆਪਣੇ ਪਿੰਡ ਦੇ ਲੋਕਾਂ ਨੂੰ ਪਿਆਰ ਕਰਨਾ ਸਿਖਾਇਆ।
ਸਿਰ ਤਲੀ ’ਤੇ ਰੱਖ ਕੇ ਮੌਤ ਨੂੰ ਮਖੌਲ ਕਰਨ ਵਾਲੇ, ਮੇਰੇ ਉਨ੍ਹਾਂ ਲਾਡਲਿਆਂ ਨੇ ਪਿੰਡ ਦੀ ਕੁੱਲੀ-ਕੁੱਲੀ ਨੂੰ ਕਿਲ੍ਹਾ ਬਣਾ ਕੇ ਰੱਖ ਦਿੱਤਾ। ਉਸ ਹੁਣ ‘ਔਖੇ ਪਾਲਣੇ ਬੋਲ’ ਦੀ ਪੱਟੀ ਮੇਟ, ਸਿਰ ਦੇਣ ਦੀ ਜਾਚ ਸਿਖਾ ਦਿੱਤੀ ਸੀ। ਕੱਚੀਆਂ ਗੜ੍ਹੀਆਂ/ਪੱਕੀਆਂ ਕੰਧਾਂ ਨੇ ਉਨ੍ਹਾਂ ਦਾ ਸਬਰ ਟੋਹਿਆ। ਜੰਗਲਾਂ-ਬੇਲਿਆਂ ’ਚ ਵਿਚਰਦਿਆਂ ਵੀ ਉਨ੍ਹਾਂ ਚੜ੍ਹਦੀ ਕਲਾ ਦਾ ਲੜ ਨਾ ਛੱਡਿਆ। ਇਨ੍ਹਾਂ ਹੀ ਦਿਨਾਂ ਵਿਚ ਬੜੇ ਪਿੰਡ ਦੇ ਚੌਧਰੀਆਂ ਨਾਲ ਮੇਰੇ ਹੀ ਪਿੰਡ ਦੇ ਕੁਝ ਪੁਰਾਣੇ ਚੌਧਰੀਆਂ ਦੀ ਸਾਜ਼-ਬਾਜ਼ ਨੇ ਮੇਰੇ ਪੁੱਤਰਾਂ ਲਈ ਨਿੱਤ ਨਵੇਂ ਦਿਨ ਕੋਈ ਨਾ ਕੋਈ ਔਕੜ ਖੜ੍ਹੀ ਕਰ ਰੱਖਣਾ ਜਿਵੇਂ ਉਨ੍ਹਾਂ ਦਾ ਸ਼ੁਗਲ ਹੀ ਬਣ ਗਿਆ ਸੀ। ਬੜੇ ਪਿੰਡ ਵਾਲੇ ਜਿਹੜੇ ਅੰਦਰੋਂ ਬੁਰੀ ਤਰ੍ਹਾਂ ਟੁੱਟ ਚੁਕੇ ਸਨ ਅਤੇ ਫੁੱਟ ਦਾ ਸ਼ਿਕਾਰ ਸਨ ਨੇ ਵੀ ਮੇਰੇ ਇਨ੍ਹਾਂ ਪੁੱਤਰਾਂ ਦਾ ਸਾਥ ਦੇਣ ਦੀ ਥਾਂ ਸਗੋਂ ਨਿਤ ਨਵਾਂ ਪੰਗਾ ਹੀ ਖੜ੍ਹਾ ਕਰੀ ਰੱਖਿਆ। ਮੇਰੇ ਪੁੱਤਰ ਆਪਣੇ ਅਤੇ ਬੜੇ ਪਿੰਡ ਦੇ ਆਮ ਲੋਕਾਂ ਦੀ ਖਾਤਰ ਹੀ ਤਾਂ, ਲੜਦੇ-ਝਗੜਦੇ ਸਨ, ਬੜੇ ਪਿੰਡ ਦੇ ਚੌਧਰੀਆਂ ਨਾਲ। ਇਹ ਭੋਲੇ ਪਤਾ ਨਹੀਂ ਕਿਉਂ ਉਨ੍ਹਾਂ ਦੀ ਢਾਲ ਬਣ ਕੇ ਖੁਸ਼ੀ ਮਹਿਸੂਸ ਕਰਦੇ! ਮੇਰੇ ਪੁੱਤਰ ਸਿਰ ਤਲੀ ’ਤੇ ਧਰ ਕੇ ਹਰ ਇਕ ਧੱਕੇ ਦਾ ਠੋਕਵਾਂ ਜਵਾਬ ਦਿੰਦੇ। ਉਨ੍ਹਾਂ ਇਹ ਸਬਕ ਵੀ ਪੜ੍ਹਿਆ ਕਿ ਉਹ ਹਾਰਨਾ ਨਹੀਂ ਜਾਣਦੇ। ਲੋਹ ਪੁਰਸ਼ ਹੋ ਨਿੱਬੜੇ ਸਨ ਮੇਰੇ ਲਾਡਲੇ। ਉਨ੍ਹਾਂ ਇਤਿਹਾਸ ਨੂੰ ਅਜਿਹਾ ਗੇੜਾ ਦਿੱਤਾ ਕਿ ਦੁਨੀਆਂ ਅਸ਼-ਅਸ਼ ਕਰ ਉੱਠੀ। ਸਿਆਣਿਆਂ ਸੱਚ ਹੀ ਆਖਿਆ ਹੈ, ਹਾਕਮੀ ਜਬਰ ਹੀ ਬਗ਼ਾਵਤਾਂ ਨੂੰ ਜਨਮ ਦਿੰਦੇ ਹਨ।
ਹੁਣ ਲੱਗਭਗ 230 ਵਰ੍ਹੇ ਸਖ਼ਤ ਘਾਲਣਾ ਉਪਰੰਤ, ਇਕ ਅਜਿਹੇ ‘ਅਸਲੀ ਇਨਸਾਨ’ ਦੀ ਸਿਰਜਣਾ ਹੋ ਚੁੱਕੀ ਸੀ ਜਿਸ ‘ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ’ ਆਖਦਿਆਂ ਸਰਬੱਤ ਦੇ ਭਲੇ ਦਾ ਨਾਹਰਾ ਲਾਇਆ। ਉਸ ਬਹਾਦਰ ‘ਬੰਦੇ’ ਨੇ ਅਜਿਹੇ ਵਿਚਾਰਾਂ ਨੂੰ ਅਮਲੀ ਰੂਪ ਦਿੰਦਿਆਂ ਤਖ਼ਤ ਹਿਲਾ ਕੇ ਰੱਖ ਦਿੱਤੇ। ਦੁਨੀਆਂ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲਾ ਮੌਕਾ ਸੀ ਜਦੋਂ ਮੇਰੇ ਉਸ ਲਾਡਲੇ ਨੇ ਹਜ਼ਾਰਾਂ ਕਤਲਗਾਹਾਂ ਵਿੱਚੋਂ ਗੁਜ਼ਰ ਕੇ ਵੀ ਇਕ ਅਜਿਹਾ ‘ਹਲੀਮੀ ਰਾਜ’ ਕਾਇਮ ਕੀਤਾ ਜਿਸ ਦੀ ਮਿਸਾਲ ਅੱਜ ਤਕ ਕਿਧਰੇ ਨਹੀਂ ਮਿਲਦੀ।
ਹਨ੍ਹੇਰਿਆਂ ਦੇ ਵਾਸੀਆਂ ਨੂੰ ਚਾਨਣ ਕਦੋਂ ਸਖਾਉਂਦਾ ਹੈ! ਕਾਲੀਆਂ ਰਾਤਾਂ ਦੇ ਵਾਸੀ ਮੇਰੇ ਇਨ੍ਹਾਂ ਚਾਨਣ ਦੇ ਵਣਜਾਰਿਆਂ ਪੁੱਤਰਾਂ ਨੂੰ, ਹੁਣ ਜਦੋਂ ਉਹ ਪੀੜ੍ਹੀ-ਦਰ-ਪੀੜ੍ਹੀ, ਵਧਦੇ ਹਜ਼ਾਰਾਂ ਤਕ ਪੁੱਜੇ ਹੋਏ ਸਨ, ਨੂੰ ਇਕ-ਇਕ ਦਿਨ ਵਿਚ ਹੀ ਦਹਿ-ਹਜ਼ਾਰਾਂ ਦੇ ਹਿਸਾਬ ਤਲਵਾਰ ਦੀ ਭੇਂਟ ਚੜ੍ਹਾ ਉਨ੍ਹਾਂ ਦਾ ਸ਼ਿਕਾਰ ਖੇਡਦੇ ਰਹੇ। ਇਨ੍ਹਾਂ ਛੋਟੇ-ਵੱਡੇ ਘੱਲੂਘਾਰਿਆਂ ਵਿਚ ਵਿਚਰਦਿਆਂ ਮੇਰੇ ਇਨ੍ਹਾਂ ਪੁੱਤਰਾਂ ਸੱਚ ਦਾ ਲੜ ਨਾ ਛੱਡਿਆ। ਔਖੀ ਵੇਲੇ ਆਪਣੇ ਬਜ਼ੁਰਗਾਂ ਦੁਆਰਾ ਬਣਾਏ ਅੰਮ੍ਰਿਤ ਦੇ ਕੁੰਡ ਦੇ ਕਿਨਾਰੇ ਹਨ੍ਹੇਰੇ-ਸਵੇਰੇ ਆ ਜੁੜਦੇ। ਸਿਰ ਜੋੜ ਵਿਚਾਰਾਂ ਕਰਦੇ।
ਮੈਂ ਸਾਹ-ਸਤਹੀਣ ਹੋਇਆ, ਆਪਣੇ ਪਾਣੀਆਂ ਦੀ ਸਹੁੰ ਖਾ ਕੇ ਆਖਦਾ ਹਾਂ, ਮੇਰੇ ਪੁੱਤਰੋ! ਨਿੱਜ ਤੋਂ ਉਤਾਂਹ ਉੱਠ ਕੇ, ਪੈਰ ਪੁੱਟੋ, ਸਰਸਾ, ਅਟਕ ਤਾਂ ਕੀ, ਸਾਗਰ ਵੀ ਤੁਹਾਡੇ ਲਈ ਰਾਹ ਛੱਡ ਕੇ ਖਲੋ ਜਾਣਗੇ। ਤੁਸੀਂ ਸਰਬੱਤ ਦੇ ਭਲੇ ਅਤੇ ਸੱਚ ਦਾ ਪੈਰ ਚੁੰਮ-ਚੁੰਮ ਘਰ-ਘਰ ਗੱਡ ਦਿਓਗੇ।
ਲੇਖਕ ਬਾਰੇ
ਬੀ-5/614, ਕਵਿਤਾ ਭਵਨ, ਚੰਡੀਗੜ੍ਹ ਰੋਡ, ਨਵਾਂਸ਼ਹਿਰ-144514
- ਹੋਰ ਲੇਖ ਉਪਲੱਭਧ ਨਹੀਂ ਹਨ