editor@sikharchives.org

ਝਬਾਲੀਏ ਭਰਾ – ਸ. ਅਮਰ ਸਿੰਘ, ਸ. ਸਰਮੁਖ ਸਿੰਘ, ਸ. ਜਸਵੰਤ ਸਿੰਘ

ਇਤਿਹਾਸ ਵਿਚ ਅਜਿਹੇ ਬਹੁਤ ਘੱਟ ਨਾਮ ਹਨ ਜਿਨ੍ਹਾਂ ਵਿਚ ਇਕ ਟੱਬਰ ਦੇ ਸਾਰੇ ਭਰਾਵਾਂ ਨੇ ਕੌਮੀ ਲਹਿਰ ਵਿਚ ਹਿੱਸਾ ਲਿਆ ਹੋਵੇ। ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਝਬਾਲ ਨੂੰ ਮਾਣ ਹੈ ਕਿ ਉਸ ਪਿੰਡ ਦੀ ਧਰਤੀ ਦੇ ਜਾਏ ਤਿੰਨੇ ਭਰਾਵਾਂ ਨੇ ਦੇਸ਼ ਦੀ ਅਜ਼ਾਦੀ ਦੀ ਜੰਗ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਸੀ।
ਬੁੱਕਮਾਰਕ ਕਰੋ (0)
Please login to bookmark Close

ਪੜਨ ਦਾ ਸਮਾਂ: 1 ਮਿੰਟ

ਇਤਿਹਾਸ ਵਿਚ ਅਜਿਹੇ ਬਹੁਤ ਘੱਟ ਨਾਮ ਹਨ ਜਿਨ੍ਹਾਂ ਵਿਚ ਇਕ ਟੱਬਰ ਦੇ ਸਾਰੇ ਭਰਾਵਾਂ ਨੇ ਕੌਮੀ ਲਹਿਰ ਵਿਚ ਹਿੱਸਾ ਲਿਆ ਹੋਵੇ। ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਝਬਾਲ ਨੂੰ ਮਾਣ ਹੈ ਕਿ ਉਸ ਪਿੰਡ ਦੀ ਧਰਤੀ ਦੇ ਜਾਏ ਤਿੰਨੇ ਭਰਾਵਾਂ ਨੇ ਦੇਸ਼ ਦੀ ਅਜ਼ਾਦੀ ਦੀ ਜੰਗ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਸੀ। ਉਨ੍ਹਾਂ ਨੇ ਆਪਣੇ ਘਰ, ਹਵੇਲੀਆਂ, ਜ਼ਮੀਨਾਂ, ਜਾਇਦਾਦਾਂ ਦੇਸ਼ ਦੀ ਅਜ਼ਾਦੀ ਅਤੇ ਸਿੱਖ ਪੰਥ ਲਈ ਕੁਰਬਾਨ ਕਰ ਦਿੱਤੀਆਂ ਸਨ। ਇਹੋ ਜਿਹੇ ਹੋਣਹਾਰ ਹੀਰਿਆਂ ਦਾ ਜਨਮ ਗੁਪਾਲ ਸਿੰਘ ਪੁੱਤਰ ਸ. ਹਰਿਭਗਤ ਦੇ ਘਰ ਮਾਤਾ ਜੱਸ ਕੌਰ ਦੀ ਕੁੱਖੋਂ ਹੋਇਆ।

ਸ. ਹਰਿਭਗਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਲ ਨੋਨਿਹਾਲ ਸਿਘ ਦੀ ਰੈਜਮੈਂਟ ਵਿਚ ਕੁੰਮੇਦਾਨ ਦੇ ਅਹੁਦੇ ਉੱਤੇ ਸਨ। ਇਨ੍ਹਾਂ ਨੇ ਬੀਬੀ ਵੀਰੋ ਜੀ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਸਮੇਂ ਹੱਥੀਂ ਸੇਵਾ ਕੀਤੀ ਸੀ। ਇਕ ਦਿਨ ਆਪਣੇ ਦੁਸ਼ਾਲੇ ਵਿਚ ਇੱਟਾਂ ਢੋ ਰਹੇ ਸਨ ਤਾਂ ਲਾਗਿਓਂ ਕਿਸੇ ਨੇ ਕਿਹਾ, ਸਰਦਾਰ ਜੀ! ਤੁਸੀਂ ਐਡਾ ਕੀਮਤੀ ਦੁਸ਼ਾਲਾ ਕਿਉਂ ਨਾਸ਼ ਕਰ ਰਹੇ ਹੋ? ਅੱਗੋਂ ਸ. ਹਰਿਭਗਤ ਸਿੰਘ ਨੇ ਕਿਹਾ, “ਗੁਰੂ ਘਰ ਦੀ ਸੇਵਾ ਤੋਂ ਇਹ ਦੁਸ਼ਾਲਾ ਕੀਮਤੀ ਨਹੀਂ ਹੈ।” ਸ਼ਾਹੀ ਠਾਠ-ਬਾਠ ਵਿਚ ਜੀਅ ਰਹੇ ਸ. ਗੁਪਾਲ ਸਿੰਘ ਦੇ ਘਰ ਸ. ਅਮਰ ਸਿੰਘ ਦਾ ਜਨਮ 1888 ਈ: ਸ. ਸਰਮੁਖ ਸਿੰਘ ਦਾ ਜਨਮ 1893 ਈ: ਅਤੇ ਸ. ਜਸਵੰਤ ਸਿੰਘ ਦਾ ਜਨਮ 1898 ਈ:, ਵਿਚ ਝਬਾਲ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ (ਹੁਣ ਤਰਨ ਤਾਰਨ) ਵਿਖੇ ਹੋਇਆ।

ਕਈ ਗੱਲਾਂ ਤਿੰਨਾਂ ਭਰਾਵਾਂ ਦੀਆਂ ਸਾਂਝੀਆਂ ਸਨ, ਜਿਵੇਂ ਤਿੰਨਾਂ ਨੇ ਹੀ ਅਠਵੀਂ ਤਕ ਦੀ ਪੜ੍ਹਾਈ ਪਿੰਡ ਵਿਚ ਹੀ ਕੀਤੀ ਫਿਰ ਤਿੰਨਾਂ ਨੇ ਪਹਿਲਾਂ ਖਾਲਸਾ ਕਾਲਜ ਸਕੂਲ ਤੇ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਵਿੱਚੋਂ ਵਿਦਿਆ ਪ੍ਰਾਪਤ ਕੀਤੀ।

ਜਦੋਂ ਤਿੰਨੇ ਭਰਾ ਖਾਲਸਾ ਕਾਲਜ ਪੜ੍ਹ ਰਹੇ ਸਨ ਤਾਂ ‘ਸਿੰਘ ਸਭਾ ਲਹਿਰ’ ਦਾ ਜ਼ੋਰ ਸੀ। ਸੈਂਟਰਲ ਮਾਝਾ ਖਾਲਸਾ ਦੀਵਾਨ ਦੇ ਪ੍ਰਚਾਰ ਦਾ ਜ਼ੋਰ ਸੀ। ਤਿੰਨੇ ਭਰਾ ਇਨ੍ਹਾਂ ਲਹਿਰਾਂ ਦਾ ਅਸਰ ਕਬੂਲਣ ਤੋਂ ਨਾ ਰਹਿ ਸਕੇ।

1921 ਈ: ਵਿਚ ਤਿੰਨੇ ਭਰਾ ਚਾਬੀਆਂ ਦੇ ਮੋਰਚੇ ਵਿਚ ਅਤੇ 1922 ਈ: ਵਿਚ ਗੁਰੂ ਕੇ ਬਾਗ ਦੇ ਮੋਰਚੇ ਵਿਚ ਗ੍ਰਿਫ਼ਤਾਰ ਹੋਏ। ਫਿਰ ਅਜ਼ਾਦੀ ਲਈ ਹਰ ਮੋਰਚੇ ਵਿਚ ਤਿੰਨੇ ਭਰਾ ਸ਼ਾਮਲ ਹੋ ਕੇ ਗ੍ਰਿਫ਼ਤਾਰੀਆਂ ਦਿੰਦੇ ਰਹੇ। ਸਜ਼ਾਵਾਂ ਭੁਗਤਦੇ ਰਹੇ। ਜ਼ੁਰਮਾਨੇ ਭਰਦੇ ਰਹੇ। ਬੇਸ਼ੱਕ ਤਿੰਨਾਂ ਭਰਾਵਾਂ ਦਾ ਇਤਿਹਾਸ ਅੱਡ-ਅੱਡ ਕਰਨਾ ਮੁਸ਼ਕਲ ਹੈ ਫਿਰ ਵੀ ਹਰ ਭਰਾ ਬਾਰੇ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ:-

ਸ. ਅਮਰ ਸਿੰਘ ਜੀ:- ਜਦੋਂ ਬੀ. ਏ. ਵਿਚ ਪੜ੍ਹ ਰਹੇ ਸਨ ਪੁਲੀਸ ਵਿਚ ਭਰਤੀ ਕਰਨ ਆਏ ਅਧਿਕਾਰੀਆਂ ਨੇ ਇਨ੍ਹਾਂ ਦਾ ਕੱਦ-ਕਾਠ ਵੇਖ ਕੇ ਥਾਣੇਦਾਰ ਭਰਤੀ ਕਰ ਲਿਆ। ਇਨ੍ਹਾਂ ਨੇ ਵੇਖਿਆ ਕਿ ਅੰਗਰੇਜ਼ ਅਫ਼ਸਰਾਂ ਦਾ ਭਾਰਤੀ ਅਫ਼ਸਰਾਂ ਪ੍ਰਤੀ ਰਵੱਈਆ ਵਿਤਕਰੇ ਵਾਲਾ ਹੈ ਸੋ ਨੌਕਰੀ ਛੱਡ ਕੇ ਪਿੰਡ ਆ ਗਏ ਤੇ ਪਿੰਡ ਦੇ ਸਮਾਜਿਕ ਅਤੇ ਰਾਜਸੀ ਕੰਮਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਮਜ਼੍ਹਬੀ ਸਿੱਖਾਂ ਨਾਲ ਮੇਲ-ਜੋਲ ਪੈਦਾ ਕੀਤਾ। ਉਨ੍ਹਾਂ ਦੇ ਘਰ ਜਾ ਕੇ ਖਾਣਾ-ਬਹਿਣਾ ਸ਼ੁਰੂ ਕੀਤਾ। ਇਹ ਅਹਿਸਾਸ ਦੁਆਇਆ ਕਿ ਤੁਸੀਂ ਕਿਸੇ ਤੋਂ ਘੱਟ ਨਹੀਂ ਹੋ।

ਉਹ ਇਸਤਰੀਆਂ ਦੇ ਪਰਦਾ ਕਰਨ ਦੇ ਵਿਰੁੱਧ ਸਨ। ਸਭ ਤੋਂ ਪਹਿਲਾਂ ਆਪਣੇ ਘਰ ਦੀਆਂ ਇਸਤਰੀਆਂ ਦੇ ਘੁੰਡ ਲੁਹਾਏ, ਬਿਨਾ ਦਾਜ ਲਏ-ਦਿੱਤੇ ਵਿਆਹ ਕੀਤੇ। 1919 ਈ: ਵਿਚ ਸੈਂਟਰਲ ਸਿੱਖ ਲੀਗ ਤੇ ਸਰਕਾਰੀ ਆਦਮੀਆਂ ਦਾ ਕਬਜ਼ਾ ਸੀ। ਆਪ ਨੇ ਇਸ ਲੀਗ ਵਿਚ ਆਪਣੇ ਮੈਂਬਰ ਭਰਤੀ ਕਰ ਕੇ ਲੀਗ ਉੱਤੇ ਕਬਜ਼ਾ ਕੀਤਾ।

1921 ਈ: ਵਿਚ ਚਾਬੀਆਂ ਦੇ ਮੋਰਚੇ ਵਿਚ ਗ੍ਰਿਫ਼ਤਾਰ ਹੋਏ ਤੇ ਮੀਆਂ ਵਾਲੀ ਦੀ ਜੇਲ੍ਹ ਵਿਚ ਰਹੇ। ਜਿੱਥੇ ਸ. ਖੜਕ ਸਿੰਘ ਅਤੇ ਮੌਲਾਨਾ ਅਬਦੁਲ ਕਲਾਮ ਅਜ਼ਾਦ ਵੀ ਕੈਦ ਸਨ।

ਦੂਜੀ ਸਿਵਲ ਨਾ-ਫੁਰਮਾਨੀ ਲਹਿਰ ਜੋ ਜਲ੍ਹਿਆਂ ਵਾਲੇ ਬਾਗ ਤੋਂ ਸ਼ੁਰੂ ਹੋਈ ਸੀ। ਜਿਸ ਦੇ ਤਿੰਨ ਡਿਕਟੇਟਰ– ਡਾ. ਕਿਚਲੂ, ਡਾ. ਸਤਪਾਲ ਅਤੇ ਤੀਜੇ ਸ. ਅਮਰ ਸਿੰਘ ਝਬਾਲ ਸਨ। ਆਪਣੇ ਦੋਵਾਂ ਭਰਾਵਾਂ ਨਾਲ ਗ੍ਰਿਫ਼ਤਾਰ ਹੋਏ।

ਤਿੰਨਾਂ ਭਰਾਵਾਂ ਇੱਕ ਸਾਲ ਦੀ ਜੇਲ੍ਹ ਕੱਟੀ। 1942 ਈ: ਵਿਚ ਫਿਰ ਦੋ ਸਾਲ ਦੀ ਜੇਲ ਕੱਟੀ। ਕਿਸਾਨ ਮੋਰਚੇ ਵਿਚ ਫਿਰ ਗ੍ਰਿਫ਼ਤਾਰੀ ਦਿੱਤੀ। ਇਸ ਤਰ੍ਹਾਂ ਆਪ ਕਈ ਥਾਂਈਂ ਜੇਲ੍ਹਾਂ ਵਿਚ ਰਹੇ। 1947 ਈ: ਵਿਚ ਆਪਣੇ ਪਿੰਡ ਦੇ ਮੁਸਲਮਾਨ ਭਰਾਵਾਂ ਨੂੰ ਸੁਰੱਖਿਅਤ ਪਾਕਿਸਤਾਨ ਪਹੁੰਚਾਇਆ।

ਸ. ਅਮਰ ਸਿੰਘ ਦਾ ਇੱਕੋ ਪੁੱਤਰ ਸ. ਉਪਕਾਰ ਸਿੰਘ ਅਤੇ ਨੂੰਹ ਬੀਬੀ ਪ੍ਰਕਾਸ਼ ਕੌਰ ਸੀ। ਇਹ ਦੋ ਵਾਰੀ ਰਮਦਾਸ ਹਲਕੇ ਤੋਂ ਐਮ. ਐਲ. ਏ. ਬਣੇ ਸਨ।

28 ਮਾਰਚ, 1962 ਈ: ਨੂੰ ਸ. ਅਮਰ ਸਿੰਘ ਗੁਰੂ-ਚਰਨਾਂ ਵਿਚ ਬਿਰਾਜ ਗਏ।

ਸ. ਸਰਮੁਖ ਸਿੰਘ:– 1921-22 ਵਿਚ ਦੋਵਾਂ ਭਰਾਵਾਂ ਨਾਲ ਚਾਬੀਆਂ ਦੇ ਮੋਰਚੇ ਅਤੇ ਗੁਰੂ ਦੇ ਬਾਗ ਦੇ ਮੋਰਚਿਆਂ ਵਿਚ ਗ੍ਰਿਫ਼ਤਾਰ ਹੋ ਕੇ ਰਿਹਾਅ ਹੋਣ ਤੋਂ ਬਾਅਦ ਆਪ ਜੀ ਨੇ ਸ੍ਰੀ ਅੰਮ੍ਰਿਤਸਰ ਵਿਚ ‘ਖਾਲਸਾ ਬਰਾਦਰੀ’ ਬਣਾਈ ਜੋ ਮਜ਼੍ਹਬੀਆਂ ਵਿੱਚੋਂ ਸਿੰਘ ਸਜੇ ਸਨ।

ਨਵੇਂ ਸਜੇ ਸਿੰਘ ਭਾਈ ਮਹਿਤਾਬ ਸਿੰਘ ਬੀਰ ਦੀ ਅਗਵਾਈ ਵਿਚ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਦਰਬਾਰ ਸਾਹਿਬ ਗਏ। ਭਾਈ ਮਹਿਤਾਬ ਸਿੰਘ ਬੀਰ ਸੰਤ ਖਮੀਰ ਸਿੰਘ ਦੇ ਪੁੱਤਰ ਸਨ ਜੋ ਕੁਝ ਸਮਾਂ ਪਹਿਲਾਂ ਮਾਸਟਰ ਕਰੀਮ ਬਖਸ਼ ਮੁਸਲਮਾਨ ਤੋਂ ਸਿੰਘ ਸਜੇ ਸਨ।

ਸ. ਸਰਮੁਖ ਸਿੰਘ ਦੇ ਨਾਲ ਖਾਲਸਾ ਕਾਲਜ ਦੇ ਕਈ ਵਿਿਦਆਰਥੀ ਅਤੇ ਪ੍ਰੋਫ਼ੈਸਰ ਨਾਲ ਲੈ ਕੇ ਭਾਈ ਮਹਿਤਾਬ ਸਿੰਘ ਬੀਰ ਦੀ ਹਮਾਇਤ ’ਤੇ ਪਹੁੰਚ ਗਏ। ਸ੍ਰੀ ਹਰਿਮੰਦਰ ਸਾਹਿਬ ਦੇ ਮਹੰਤਾਂ ਨੇ ਪ੍ਰਸ਼ਾਦ ਦੀ ਅਰਦਾਸ ਕਰਨ ਤੋਂ ਨਾਂਹ ਕਰ ਦਿੱਤੀ। ਉਸ ਸਮੇਂ ਪ੍ਰੋਫ਼ੈਸਰ ਬਾਵਾ ਹਰਿਕ੍ਰਿਸ਼ਨ ਸਿੰਘ ਨੇ ਅਰਦਾਸਾ ਕੀਤਾ ਕਿ ਸ. ਤੇਜਾ ਸਿੰਘ ਭੁੱਚਰ ਅਤੇ ਜਥੇਦਾਰ ਕਰਤਾਰ ਸਿੰਘ ਝੱਬਰ ਵੀ ਪਹੁੰਚ ਗਏ। ਦੋਵਾਂ ਧਿਰਾਂ ਨੇ ਅੰਤ ਫੈਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ’ਤੇ ਛੱਡ ਦਿੱਤਾ। ਜਦੋਂ ਹੁਕਮ ਲਿਆ ਗਿਆ ਤਾਂ ਗੁਰੂ ਸਾਹਿਬ ਵੱਲੋਂ ਸਹਿਮਤੀ ਦਾ ਜਦੋਂ ਹੁਕਮ ਮਿਲ ਗਿਆ ਤਾਂ ਸਾਰਿਆਂ ਨੇ ਧੰਨ ਸ੍ਰੀ ਗੁਰੂ ਰਾਮਦਾਸ ਉਚਾਰਨ ਕਰਦਿਆਂ ਹੋਇਆਂ ਪ੍ਰਸ਼ਾਦ ਵਰਤਾਇਆ।

15 ਨਵੰਬਰ, 1920 ਈ: ਨੂੰ ਅਕਾਲ ਤਖਤ ਸਾਹਿਬ ਵਿਖੇ 175 ਤਿਆਰ- ਬਰ-ਤਿਆਰ ਸਿੰਘਾਂ ਦੀ ਕਮੇਟੀ ਬਣਾਈ ਗਈ। ਜਦੋਂ ਸ਼੍ਰੋਮਣੀ ਅਕਾਲੀ ਦਲ ਕਾਇਮ ਕੀਤਾ ਗਿਆ ਤਾਂ ਉਸ ਦੇ ਪ੍ਰਧਾਨ ਸ. ਸਰਮੁਖ ਸਿੰਘ ਝਬਾਲ ਨੂੰ ਬਣਾਇਆ ਗਿਆ।

1923 ਈ: ਵਿਚ ਸ਼ੋ੍ਰਮਣੀ ਕਮੇਟੀ ਅਤੇ ਸ਼ੋ੍ਰਮਣੀ ਅਕਾਲੀ ਦਲ ਨੂੰ ਗੈਰ- ਕਨੂੰਨੀ ਕਰਾਰ ਦਿੱਤਾ ਗਿਆ ਤਾਂ ਸ. ਸਰਮੁਖ ਸਿੰਘ ਸ਼ੋ੍ਰਮਣੀ ਕਮੇਟੀ ਦੇ ਪਹਿਲੇ ਜਥੇ ਨਾਲ ਕੈਦ ਹੋਏ। ਤਿੰਨ ਸਾਲ ਜੇਲ ਵਿਚ ਰਹੇ। 1925 ਈ: ਵਿਚ ਗੁਰਦੁਆਰਾ ਐਕਟ ਪਾਸ ਹੋਣ ’ਤੇ ਜੈਤੋ ਦਾ ਮੋਰਚਾ ਖਤਮ ਹੋ ਗਿਆ।

1930 ਈ: ਵਿਚ ਦੂਜੀ ਸਿਵਲ ਨਾ-ਫੁਰਮਾਨੀ ਵਿਚ ਆਪ ਫਿਰ ਆਪਣੇ ਭਰਾਵਾਂ ਸਮੇਤ ਕੈਦ ਹੋਏ। ਇਕ ਸਾਲ ਦੀ ਕੈਦ ਤੇ ਜ਼ੁਰਮਾਨਾ ਹੋਇਆ।

ਸ. ਸਰਮੁਖ ਸਿੰਘ ਆਪਣੀ ਉਮਰ ਦੇ ਅਖੀਰੀ ਸਾਲਾਂ ਵਿਚ ਬਿਮਾਰ ਹੋ ਗਏ। ਆਪਣੇ ਸਾਥੀ ਸ. ਸੱਜਣ ਸਿੰਘ ਮਰਗਿੰਦਪੁਰੀ ਨਾਲ ਆਪਣੇ ਸ੍ਰੀ ਅੰਮ੍ਰਿਤਸਰ ਵਾਲੇ ਮਕਾਨ ਵਿਚ ਸਟੱਡੀ ਸਰਕਲ ਲਾਉਂਦੇ ਰਹੇ। ਸ. ਸਰਮੁਖ ਸਿੰਘ ਜੀ ਦਾ ਪੁੱਤਰ ਸ. ਪ੍ਰਤਾਪ ਸਿੰਘ ਸੀ ਜੋ ਪਿਤਾ ਵਾਂਗ ਹੀ ਅਜ਼ਾਦੀ ਘੁਲਾਟੀਆ ਸੀ। ਸ. ਸਰਮੁਖ ਸਿੰਘ 16 ਅਪੈ੍ਰਲ, 1982 ਨੂੰ ਅਕਾਲ ਚਲਾਣਾ ਕਰ ਗਏ।

ਸ. ਜਸਵੰਤ ਸਿੰਘ ਝਬਾਲ:– ਅੰਗਰੇਜ਼ਾਂ ਨੇ ਲਾਟ ਸਾਹਿਬ ਦੀ ਕੋਠੀ ਨੂੰ ਸਿੱਧਾ ਰਾਹ ਕੱਢਣ ਲਈ ਗੁਰਦੁਆਰਾ ਰਕਾਬ ਗੰਜ ਦਿੱਲੀ ਦੀ ਕੰਧ ਢਾਹ ਦਿੱਤੀ ਸੀ। ਕੰਧ ਨੂੰ ਦੁਬਾਰਾ ਉਸੇ ਹੀ ਥਾਂ ਬਣਾਉਣ ਲਈ ਲਾਏ ਮੋਰਚੇ ਸਮੇਂ ਜਦੋਂ ਸ. ਸਰਦੂਲ ਸਿੰਘ ਕਵੀਸ਼ਰ ਨੇ ਇੱਕ ਸੌ ਮਰਜੀਵੜਿਆਂ ਦੇ ਪੁੱਜਣ ਦੀ ਅਪੀਲ ਕੀਤੀ ਸੀ ਤਾਂ ਉਸ ਸਮੇਂ ਆਪਣੇ ਲਹੂ ਨਾਲ ਦਸਤਖ਼ਤ ਕਰਨ ਵਾਲੇ ਪਹਿਲੇ ਵੀਰ ਸ. ਜਸਵੰਤ ਸਿੰਘ ਝਬਾਲ ਸਨ।

ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਤੋਂ ਬਾਅਦ ਸਰਕਾਰ ਵੱਲੋਂ ਕੀਤੀ ਗਈ ਸਖਤੀ ਵਿਰੁੱਧ ਕੋਈ ਅਮਲੀ ਕਦਮ ਉਠਾਉਣ ਲਈ ਪੰਥ ਪਾਸੋਂ ਮੰਗ ਕੀਤੀ ਗਈ ਕਿ ਆਪਣੇ ਆਪ ਨੂੰ ਜਥੇਬੰਦ ਕਰੋ ਅਤੇ ਜਿਹੜੇ ਪੰਥਕ ਯੋਧੇ ਕੁਰਬਾਨੀ ਕਰਨਾ ਚਾਹੁਣ, ਉਹ ਆਪਣੇ ਨਾਮ ਦਰਜ ਕਰਾਉਣ। ਸ. ਜਸਵੰਤ ਸਿੰਘ ਨੇ ਚੇਤ ਦੀ ਮੱਸਿਆ ਵਾਲੇ ਦਿਨ 1921 ਈ: ਨੂੰ ਇਹੋ ਜਿਹੀ ਤਕਰੀਰ ਕੀਤੀ ਕਿ ਪੰਜ ਸੌ ਸਿੰਘਾਂ ਨੇ ਕੁਰਬਾਨੀ ਦੇਣ ਵਾਸਤੇ ਆਪਣੇ ਨਾਮ ਪੇਸ਼ ਕਰ ਦਿੱਤੇ। ਸਰਕਾਰ ਨੇ ਤਕਰੀਰ ਦੇਣ ਦੇ ਦੋਸ਼ ਵਿਚ 11 ਮਈ, 1921 ਈ: ਨੂੰ 1000 ਰੁਪਏ ਜ਼ੁਰਮਾਨਾ ਤੇ ਛੇ ਹਫਤੇ ਕੈਦ ਦੀ ਸਜ਼ਾ ਦੇ ਕੇ ਅਟਕੋਂ ਪਾਰ ਡੇਰਾ ਗਾਜ਼ੀ ਖਾਂ ਭੇਜ ਦਿੱਤਾ। ਇੱਕ ਹਜ਼ਾਰ ਰੁਪਏ ਆਪ ਜੀ ਦੀ ਜਾਇਦਾਦ ਦੀਆਂ ਕੁਰਕੀਆਂ ਨਾਲ ਵਸੂਲ ਕੀਤਾ। 1921 ਈ: ਵਿਚ ਆਪ ਸ਼ੋ੍ਰਮਣੀ ਗੁਰਦੁਆਰਾ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਖਾਲਸਾ ਕਾਲਜ ਕੌਂਸਲ ਦੇ ਮੈਂਬਰ ਸਨ।

26 ਨਵੰਬਰ, 1921 ਈ: ਨੂੰ ਚਾਬੀਆਂ ਦੇ ਮੋਰਚੇ ਵਿਚ ਪੰਜ ਮਹੀਨੇ ਜੇਲ ਤੇ ਇਕ ਹਜ਼ਾਰ ਜ਼ੁਰਮਾਨਾ ਹੋਇਆ। ਜਦੋਂ ਬਾਹਰ ਆਏ ਤਾਂ ਪਿੰਡ ਦੇ ਵਾਲੰਟੀਅਰਾਂ ਦਾ ਜਥਾ ਬਣਾ ਕੇ ਸਰਕਾਰ ਵਿਰੁੱਧ ਜਲੂਸ ਕਢਿਆ ਤਾਂ 7 ਫਰਵਰੀ, 1922 ਈ: ਨੂੰ ਢਾਈ ਸਾਲ ਦੀ ਕੈਦ ਤੇ ਪੰਜ ਸੌ ਜੁਰਮਾਨਾ ਕਰ ਕੇ ਤੀਜੀ ਵਾਰੀ ਡੇਰਾ ਗਾਜ਼ੀ ਖਾਂ ਦੀ ਜੇਲ੍ਹ ਵਿਚ ਭੇਜ ਦਿੱਤਾ।

ਸ. ਜਸਵੰਤ ਸਿੰਘ ਅਤੇ ਉਨ੍ਹਾਂ ਦੇ ਭਰਾਵਾਂ ਦਾ ਪਿੰਡ ਵਿਚ ਇੰਨਾ ਰਸੂਖ ਸੀ ਕਿ ਆਪ ਦੇ ਖ਼ਿਲਾਫ਼ ਸਾਰੇ ਪਿੰਡ ਵਿੱਚੋਂ ਇਕ ਵੀ ਗਵਾਹੀ ਨਾ ਲੱਭੀ। ਇਸ ਤੋਂ ਖਫਾ ਹੋ ਕੇ ਸਰਕਾਰ ਨੇ ਪਿੰਡ ਨੂੰ ਦਸ ਹਜ਼ਾਰ ਰੁਪਿਆ ਜ਼ੁਰਮਾਨਾ ਪਾ ਦਿੱਤਾ। ਜੋ ਪਿੰਡ ਵਾਲਿਆਂ ਨੇ ਖਿੜੇ ਮੱਥੇ ਭਰ ਦਿੱਤਾ।

22 ਜਨਵਰੀ, 1923 ਈ: ਨੂੰ ਆਪ ਜੀ ਦੀ ਕਾਲੀ ਦਸਤਾਰ ਜਬਰਨ ਉਤਾਰੀ ਗਈ ਤਾਂ ਆਪ ਜੀ ਨੇ ਕਛਹਿਰੇ ਤੋਂ ਛੁੱਟ ਸਾਰੇ ਕੱਪੜੇ ਉਤਾਰ ਦਿੱਤੇ। ਕਾਲੀ ਦਸਤਾਰ ਦੇ ਝਗੜੇ ਅਤੇ ਕੱਪੜੇ ਨਾ ਪਾਉਣ ’ਤੇ 1924 ਈ: ਨੂੰ ਨੌ ਮਹੀਨੇ ਹੋਰ ਸਜ਼ਾ ਵਧਾ ਦਿੱਤੀ। ਇਸ ਕੈਦ ਸਮੇਂ ਕਾਲ-ਕੋਠੜੀ ਵਿਚ ਬੇੜੀਆਂ ਪਾ ਕੇ ਰੱਖਿਆ। 1925 ਈ: ਵਿਚ ਸ. ਜਸਵੰਤ ਸਿੰਘ ਤਿੰਨ ਸਾਲ 21 ਦਿਨ ਪਿੱਛੋਂ ਬਾਹਰ ਆਏ। 4 ਨਵੰਬਰ, 1925 ਈ: ਨੂੰ ਆਪ ਜੀ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਚੁਣ ਲਿਆ ਗਿਆ। 1927 ਈ: ਵਿਚ ਸ੍ਰੀ ਦਰਬਾਰ ਸਾਹਿਬ ਕਮੇਟੀ ਦੇ ਪ੍ਰਧਾਨ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਿਨ੍ਹਾ ਮੁਕਾਬਲਾ ਮੈਂਬਰ ਬਣਾਏ ਗਏ। ਫਿਰ 1930 ਈ: ਵਿਚ ਲਾਇਲਪੁਰ ਜ਼ਿਲ੍ਹੇ ਦੀ ਕਮੇਟੀ ਦੇ ਪਹਿਲੇ ਪ੍ਰਧਾਨ ਬਣਨ ਕਰਕੇ ਤਿੰਨ ਮਹੀਨੇ ਦੀ ਸਖਤ ਕੈਦ ਅਤੇ ਇਕ ਹਜ਼ਾਰ ਜ਼ੁਰਮਾਨਾ ਹੋਇਆ। ਜੇਲ੍ਹ ਤੋਂ ਬਾਹਰ ਆਏ ਤਾਂ ਆਪ ਜੀ ਦੀ ਧਰਮ ਪਤਨੀ ਦਾ ਦੇਹਾਂਤ ਹੋ ਗਿਆ। ਘਰੋਗੀ ਮੁਸੀਬਤ ਦੇ ਨਾਲ ਜੁਰਮਾਨੇ ਦੇ ਇਵਜ਼ ਵਿਚ ਆਪ ਜੀ ਦੇ ਮੁਰੱਬੇ ਕੁਰਕ ਕੀਤੇ ਗਏ। ਪਸਤੌਲ, ਬੰਦੂਕ ਅਤੇ ਘਰ ਦਾ ਸਾਰਾ ਸਾਮਾਨ ਜਬਤ ਕਰ ਲਿਆ ਗਿਆ ਪਰ ਆਪ ਰਤਾ ਨਾ ਡੋਲੇ। ਜੁਲਾਈ, 1933 ਈ: ਨੂੰ ਗੁਰਦੁਆਰਾ ਚੋਣਾਂ ਵਿਚ ਆਪ ਜੀ ਨੂੰ ਦਰਬਾਰ ਸਾਹਿਬ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਤਾਂ ਉਸ ਸਮੇਂ ਕਮੇਟੀ ਦੀ ਮਾਇਕ ਦਸ਼ਾ ਕਮਜ਼ੋਰ ਸੀ। ਆਪ ਨੇ ਪੂਰਾ ਧਿਆਨ ਦੇ ਕੇ ‘ਗੁਰੂ ਰਾਮਦਾਸ ਸਰਾਂ’ ਨੂੰ ਮੁਕੰਮਲ ਕਰਵਾਇਆ। ਫਿਰ ਹੋਰ ਵੀ ਜਾਇਦਾਦਾਂ ਖਰੀਦੀਆਂ। ਜਿਸ ਦਿਨ ਕਮੇਟੀ ਨੂੰ ਛੱਡਿਆ ਉਸ ਦਿਨ ਕਮੇਟੀ ਦੇ ਫੰਡਾਂ ਵਿਚ ਇੱਕ ਲੱਖ ਪੰਝੀ ਹਜ਼ਾਰ ਰੁਪਏ ਜਮ੍ਹਾਂ ਸਨ।

ਇਸੇ ਤਰ੍ਹਾਂ ਆਪਣੇ ਪਿੰਡ ਵੱਲ ਵੀ ਪੂਰਾ ਧਿਆਨ ਦਿੰਦੇ ਰਹੇ। ਹਮੇਸ਼ਾਂ ਸਰਬ- ਸੰਮਤੀ ਨਾਲ ਪੰਚਾਇਤ ਕਮੇਟੀ ਦੇ ਪ੍ਰਧਾਨ ਅਤੇ ਦੇ ਅਹੁਦਿਆਂ ’ਤੇ ਰਹੇ। 1947 ਈ: ਵਿਚ ਰੀਫਿਊਜੀਆਂ ਦੇ ਮੁੜ-ਵਸੇਬੇ ਲਈ ਰਾਤ ਦਿਨ ਇੱਕ ਕਰ ਦਿੱਤਾ।

ਝਬਾਲ ਦਾ ਮਹਾਨ ਯੋਧਾ 23 ਜੁਲਾਈ, 1954 ਈ: ਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਆਪਣੀ ਬੁੱਕਲ ਵਿਚ ਲੈ ਲਿਆ।

ਬੇਸ਼ੱਕ ਅੱਜ ਇਹ ਤਿੰਨੇ ਝਬਾਲ ਭਰਾ ਸਾਡੇ ਵਿਚ ਨਹੀਂ ਹਨ ਪਰ ਇਨ੍ਹਾਂ ਨੂੰ ਦੇਸ਼-ਪੰਥ ਲਈ ਕੀਤੇ ਕੰਮਾਂ ਲਈ ਸਦਾ ਯਾਦ ਕੀਤਾ ਜਾਵੇਗਾ।

ਤਿੰਨਾਂ ਬਹਾਦਰ ਪੁੱਤਰਾਂ ਦੀ ਮਾਂ ਬੀਬੀ ਜੱਸ ਕੌਰ ਵੀ ਬਹੁਤ ਜੇਰੇ ਵਾਲੀ ਇਸਤਰੀ ਸੀ। ਜਦੋਂ ਤਿੰਨੇ ਭਰਾ ਗ੍ਰਿਫ਼ਤਾਰ ਹੋ ਗਏ ਤਾਂ ਮਾਈਆਂ ਬੀਬੀਆਂ ਅਫਸੋਸ ਕਰਨ ਆ ਗਈਆਂ। ਮਾਤਾ ਜੀ ਨੇ ਬੜੇ ਧੀਰਜ ਨਾਲ ਕਿਹਾ ਕਿ ਇਹ ਰੋਣ ਦਾ ਸਮਾਂ ਨਹੀਂ ਹੈ, ਸਗੋਂ ਮਾਣ ਕਰਨ ਦਾ ਵੇਲਾ ਹੈ। ਮੇਰੇ ਪੁੱਤ ਕਿਸੇ ਚੋਰੀ-ਡਾਕੇ ਵਿਚ ਕੈਦ ਨਹੀਂ ਹੋਏ। ਉਹ ਧਰਮ ਦੇ ਕੰਮ ਵਿਚ ਗਏ ਹਨ। ਮੈਂ ਆਪਣੀ ਕੁੱਖ ਨੂੰ ਅੱਜ ਸਫਲ ਹੋਈ ਸਮਝਦੀ ਹਾਂ।

ਸ. ਗੁਪਾਲ ਸਿੰਘ ਸ਼ਾਹੀ ਠਾਠ ਨਾਲ ਰਹਿੰਦੇ ਸਨ। ਉਹ ਸ਼ਿਕਾਰ ਖੇਡਣ ਦੇ ਸ਼ੌਕੀਨ ਸਨ। ਜਿਸ ਕਰਕੇ ਬਾਹਰ ਠਹਿਰਨ ਲਈ ਤੰਬੂ ਕਨਾਤਾਂ ਬਣਵਾਈਆਂ ਹੋਈਆਂ ਸਨ। ਜਦੋਂ ਮਾਤਾ ਜੀ ਨੂੰ ਪਤਾ ਲੱਗਾ ਕਿ ਗੁਰੂ ਕੇ ਬਾਗ ਦੇ ਜ਼ਖ਼ਮੀਆਂ ਲਈ ਕੋਈ ਛਾਂ ਦਾ ਪ੍ਰਬੰਧ ਨਹੀਂ ਤਾਂ ਮਾਤਾ ਜੀ ਨੇ ਉਸੇ ਵੇਲੇ ਸਾਰਾ ਸਾਮਾਨ ਗੱਡਿਆਂ ’ਤੇ ਲਦਾ ਕੇ ਅਕਾਲੀ ਮਾਰਕੀਟ ਸ੍ਰੀ ਅੰਮ੍ਰਿਤਸਰ ਭੇਜ ਦਿੱਤਾ ਤੇ ਕਹਿ ਭੇਜਿਆ, ਇਹ ਸਾਮਾਨ ਜ਼ਖ਼ਮੀਆਂ ਦੀ ਸੇਵਾ ਲਈ ਵਰਤਿਆ ਜਾਏ। ਫਿਰ ਆਪ ਵੀ ਬੀਬੀਆਂ ਦਾ ਜਥਾ ਲੈ ਕੇ ਜ਼ਖ਼ਮੀਆਂ ਦੀ ਦੇਖ-ਭਾਲ ਤੇ ਮਲਹੱਮ-ਪੱਟੀ ਲਈ ਜਾਂਦੇ ਰਹੇ ਸਨ।

ਤਿੰਨਾਂ ਭਰਾਵਾਂ ਦੇ ਮੁਰੱਬਿਆਂ ਦੇ ਹਿਸਾਬ ਨਾਲ ਪੈਲੀਆਂ, ਕੀਮਤੀ ਸਾਮਾਨ, ਹਥਿਆਰ ਸਭ ਜੁਰਮਾਨਿਆਂ ਵਿਚ ਕੁਰਕ ਹੋ ਗਏ। ਕਈ ਚਸ਼ਮਦੀਦ ਬਜ਼ੁਰਗਾਂ ਦਾ ਕਹਿਣਾ ਹੈ ਕਿ ਤਰਨ ਤਾਰਨ ਥਾਣੇ ਵਿਚ ਕਈ ਚਿਰ ਇਨ੍ਹਾਂ ਦੇ ਘਰ ਦਾ ਸਾਮਾਨ ਰੁਲਦਾ ਰਿਹਾ ਪਰ ਕੋਈ ਬੋਲੀ ਦੇਣ ਨਾ ਆਇਆ। ਕਿੱਥੇ ਖਤਮ ਹੋਇਆ? ਕੀ ਬਣਿਆ? ਸਰਕਾਰ ਜਾਣੇ। ਚਸ਼ਮਦੀਦ ਇਨ੍ਹਾਂ ਦੇ ਬੜੇ ਵੱਡੇ ਘਰ ਦੀ ਬਹੁਤ ਵੱਡੀ ਹਵੇਲੀ ਨੂੰ ਅੱਖੀਂ ਵੇਖਣ ਦੀ ਹਾਮੀ ਭਰਦੇ ਹਨ। ਜਿਸ ਵਿਚ ਟਿੰਡਾਂ ਵਾਲਾ ਖੂਹ ਸੀ। ਪਰ ਅੱਜ ਕੁਝ ਵੀ ਨਹੀਂ। ਕਾਸ਼! ਉਹ ਕਦੀ ਯਾਦਗਾਰ ਵਜੋਂ ਸੰਭਾਲ ਲਈ ਜਾਂਦੀ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

ਪਿੰਡ ਤੇ ਡਾਕ. ਇੱਬਨ ਕਲਾਂ, ਝਬਾਲ ਰੋਡ, ਅੰਮ੍ਰਿਤਸਰ।

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)