editor@sikharchives.org

ਸ਼ਨਿਚਰਵਾਰ ਰਾਹੀਂ ਗੁਰ ਉਪਦੇਸ਼

ਸ਼ਨਿਚਰਵਾਰ ਨਾਮ ਨੌ ਗ੍ਰਹਿਆਂ ਵਿੱਚੋਂ ਇੱਕ ਗ੍ਰਹਿ ‘ਸ਼ਨਿ’ ਅਨੁਸਾਰ ਹੀ ਹੈ ਪਰ ਇਕ ਵਰਗ ਇਸ ਨੂੰ ਦੇਵਤਾ ਮੰਨਦਾ ਹੈ। ਇਸ ਤਰ੍ਹਾਂ ਸ਼ਨੀ ਦੇ ਜਨਮ ਸਬੰਧੀ ਕਈ ਕਥਾਵਾਂ ਪ੍ਰਚਲਿਤ ਹਨ।
ਬੁੱਕਮਾਰਕ ਕਰੋ (0)
Please login to bookmark Close
ਪੜਨ ਦਾ ਸਮਾਂ: 1 ਮਿੰਟ

ਛਨਿਛਰਵਾਰਿ ਸਉਣ ਸਾਸਤ ਬੀਚਾਰੁ॥ ਹਉਮੈ ਮੇਰਾ ਭਰਮੈ ਸੰਸਾਰੁ॥
ਮਨਮੁਖੁ ਅੰਧਾ ਦੂਜੈ ਭਾਇ॥ ਜਮ ਦਰਿ ਬਾਧਾ ਚੋਟਾ ਖਾਇ॥
ਗੁਰ ਪਰਸਾਦੀ ਸਦਾ ਸੁਖੁ ਪਾਏ॥ ਸਚੁ ਕਰਣੀ ਸਾਚਿ ਲਿਵ ਲਾਏ॥ (ਪੰਨਾ 841)

ਸਤਵਾਰਾ ਪ੍ਰਸਿੱਧ ਲੋਕ ਕਾਵਿ ਰੂਪ ਹੈ। ਇਸ ਵਿਚ ਸੱਤ ਵਾਰਾਂ ਨਾਲ ਚੰਗੇ- ਮੰਦੇ ਪ੍ਰਭਾਵਾਂ ਦਾ ਵਰਣਨ ਮਿਲਦਾ ਹੈ। ਸਤਵਾਰੇ ਅਨੇਕਾਂ ਕਵੀਆਂ ਨੇ ਰਚੇ ਹਨ। ਪੰਜਾਬੀ ਸੱਭਿਆਚਾਰ ਵਿਚ ਕਈ ਕਵੀਆਂ ਨੇ ਪ੍ਰਚਲਿਤ ਅੰਧ-ਵਿਸ਼ਵਾਸ ਤੇ ਭਰਮਾਂ ਨੂੰ ਵਧੀਕ ਬਲ ਦਿੱਤਾ ਹੈ ਜਿਵੇਂ:

“ਛਨਿਛਰ ਨੂੰ ਜੋ ਸ਼ਨੀ ਧਿਆਇ, ਸਭ ਬਲਾਅ ਉਸਦੀ ਟਲ ਜਾਇ।”

ਦੂਜੇ ਪਾਸੇ ਅਸੀਂ ਸਿੱਖ ਸੱਭਿਆਚਾਰ ਦੀ ਦ੍ਰਿਸ਼ਟੀ ਤੋਂ ‘ਵਾਰ ਸਤ’ ਬਾਣੀ ਵਿਚ ਬਖ਼ਸ਼ਿਸ ਕੀਤੇ ਗੁਰ ਉਪਦੇਸ਼ ਅਨੁਸਾਰ ‘ਸ਼ਨਿਚਰਵਾਰ’ ਦੀ ਵਿਚਾਰ ਕਰ ਰਹੇ ਹਾਂ।

ਜੇਕਰ ਇਸ ਦੇ ਨਾਮਕਰਣ ਬਾਰੇ ਜਾਈਏ ਤਾਂ ‘ਸੰਖਿਆ ਕੋਸ਼’ ਅਨੁਸਾਰ “ਸ਼ਨਿਚਰਵਾਰ: Saturday ਸ਼ਨਿ ਤਥਾ Saturnਨੌ ਗ੍ਰਹਿਆਂ ਵਿੱਚੋਂ ਗ੍ਰਹਿ ਹੈ। ਇਹ ਬਹੁਤ ਚਮਕੀਲਾ ਗ੍ਰਹਿ ਹੈ। ਇਸ ਦੇ ਨਾਂ ਪਰ ਹੀ ਸ਼ਨਿਚਰਵਾਰ ਹੈ।” ਪੰਜਾਬੀ ‘ਲੋਕਧਾਰਾ ਵਿਸ਼ਵਕੋਸ਼’ ਅਨੁਸਾਰ “ਇਸ ਗ੍ਰਹਿ ਦੀ ਚਾਲ ਬਾਕੀ ਗ੍ਰਹਿਆਂ ਨਾਲੋਂ ਬੜੀ ਧੀਮੀ ਹੈ, ਜਿਸ ਕਰਕੇ ਇਸ ਗ੍ਰਹਿ ਦਾ ਨਾਂ ਸ਼ਨੈਸਚਰ ਭਾਵ ਹੌਲੇ-ਹੌਲੇ ਚੱਲਣ ਵਾਲਾ ਗ੍ਰਹਿ ਪੈ ਗਿਆ।”

‘ਸਮ ਅਰਥ ਕੋਸ਼’ ਵਿਚ ਸ਼ਨਿਚਰ ਦੇ ਸਮਾਨਅਰਥੀ ਸ਼ਬਦ– ਆਰਿਕ, ਸ਼ਨਿ, ਸ਼ਨੀ, ਸ਼ਨੀਚਰ, ਸ਼ਨੈਸਚਰ, ਸੂਰ ਸੁਤ, ਸੌਰਿ, ਛਾਯਾ ਸੁਤ, ਥਾਵਰ, ਮੰਦ ਗ੍ਰਿਹ, ਮੰਦ ਚਾਲ, ਰਵਿ ਨੰਦਨ ਆਦਿ ਵੀ ਹਨ। ਇਸੇ ਤਰ੍ਹਾਂ ‘ਮਹਾਨ ਕੋਸ਼’ ਅਨੁਸਾਰ “ਸ਼ਨਿ: ਛਾਯਾ ਦੇ ਗਰਭ ਤੋਂ ਸੂਰਜ ਦਾ ਪੁਤ੍ਰ ਸ਼ਨੈਸਚਰ, ਛਨਿੱਛਰ। ਨੌ ਗ੍ਰਹਾਂ ਵਿੱਚੋਂ ਸੱਤਵਾਂ ਗ੍ਰਹਿ, ਸੂਰਜ ਤੋਂ ਇਸਦੀ ਵਿੱਥ 883000000 ਮੀਲ ਖਿਆਲ ਕੀਤੀ ਗਈ ਹੈ। ਇਹ ਬਹੁਤ ਚਮਕੀਲਾ ਗ੍ਰਹ ਹੈ, ਦੂਰਬੀਨ ਨਾਲ ਵੇਖੀਏ ਤਾਂ ਇਸ ਦੇ ਆਲੇ ਦੁਆਲੇ ਚਿੱਟੇ ਘੇਰੇ ਦਿੱਸਦੇ ਹਨ।”

ਸਿੱਕੇ ਦਾ ਦੂਜਾ ਪਾਸਾ ਦੇਖਣ ਵਾਂਗ ਭਰਮੀ ਤੇ ਅੰਧ-ਵਿਸ਼ਵਾਸੀ ਸਮਾਜ ਨੇ ਸ਼ਨਿਚਰਵਾਰ ਸਬੰਧੀ ਅਨੇਕਾਂ ਭਰਮ ਕਲਪੇ ਹਨ। ਜੋਤਿਸ਼ ਅਨੁਸਾਰ ਇਹ ਗ੍ਰਹਿ ਸਭ ਗ੍ਰਹਿਆਂ ਤੋਂ ਵਧੇਰੇ ਬੁਰਾ ਤੇ ਸਖ਼ਤ ਹੈ। ਇਸ ਦਾ ਬੁਰਾ ਪ੍ਰਭਾਵ ਸਾਢੇ ਸੱਤ ਘੜੀਆਂ, ਸਾਢੇ ਸੱਤ ਦਿਨ, ਸਾਢੇ ਸੱਤ ਮਹੀਨੇ ਜਾਂ ਸਾਢੇ ਸੱਤ ਸਾਲ ਤਕ ਰਹਿੰਦਾ ਹੈ, ਜਿਸ ਨੂੰ ਸਾੜ੍ਹਸਤੀ ਵੀ ਕਿਹਾ ਜਾਂਦਾ ਹੈ। ਸ਼ਾਇਦ ਇਸੇ ਭਰਮ ਕਰਕੇ ਕੁਝ ਲੋਕ ਸ਼ਨਿਚਰਵਾਰ ਨੂੰ ‘ਵਾਰ’ ਹੀ ਕਹਿੰਦੇ ਹਨ ਕਿ ਕਰੜੇ ਦਿਨ ਦਾ ਨਾਮ ਨਾ ਲਓ। ਇਹ ਵੀ ਭਰਮ ਹੈ ਕਿ ਜੇਠ ਦੀ ਦਸਵੀਂ ਜੇ ਸ਼ਨਿਚਰਵਾਰ ਆ ਜਾਏ ਤਾਂ ਕਾਲ ਪੈਂਦਾ ਹੈ। ਲੋਕ ਵਿਚਾਰ ਹੈ,

“ਜੇਠ ਵਦੀ ਦਸਵੀਂ ਜੇ ਸ਼ਨਿੱਚਰ ਹੋਏ। ਪਾਣੀ ਹੋਏ ਨਾ ਧਰਤ ਪਰ ਵਿਰਲਾ ਜੀਵੇ ਕੋਇ।”

ਭਾਵੇਂ ਸ਼ਨਿਚਰਵਾਰ ਨਾਮ ਨੌ ਗ੍ਰਹਿਆਂ ਵਿੱਚੋਂ ਇੱਕ ਗ੍ਰਹਿ ‘ਸ਼ਨਿ’ ਅਨੁਸਾਰ ਹੀ ਹੈ ਪਰ ਇਕ ਵਰਗ ਇਸ ਨੂੰ ਦੇਵਤਾ ਮੰਨਦਾ ਹੈ। ਇਸ ਤਰ੍ਹਾਂ ਸ਼ਨੀ ਦੇ ਜਨਮ ਸਬੰਧੀ ਕਈ ਕਥਾਵਾਂ ਪ੍ਰਚਲਿਤ ਹਨ। ਮਿਥ ਅਨੁਸਾਰ ਸ਼ਨੀ ਦੇਵਤੇ ਦਾ ਰੰਗ ਕਾਲਾ ਹੈ ਤੇ ਕਾਲੇ ਰੰਗ ਦੇ ਹੀ ਕੱਪੜੇ ਪਹਿਨਦਾ ਹੈ ਅਤੇ ਇਹ ਕਾਂ ਦੀ ਸਵਾਰੀ ਕਰਦਾ ਹੈ। ਇਸ ਨੂੰ ਛਨਛਨ ਦੇਵਤਾ ਜਾਂ ਛਨਛਨ ਬਲੀ ਵੀ ਕਿਹਾ ਜਾਂਦਾ ਹੈ। ਇਸ ਦੀ ਲੋਹੇ ਦੀ ਮੂਰਤੀ ਬਣਾ ਕੇ ਕਾਲਾ ਰੰਗ ਫੇਰਿਆ ਜਾਂਦਾ ਹੈ ਅਤੇ ਸ਼ਨਿਚਰਵਾਰ ਦੇ ਦਿਨ ਮੰਗਣ ਵਾਲੇ ਲੋਕ ਕਿਸੇ ਭਾਂਡੇ ਵਿਚ ਇਹ ਮੂਰਤੀ ਤੇਲ ਵਿਚ ਰੱਖ ਕੇ ਵੱਡਿਆਂ ਸ਼ਹਿਰਾਂ ’ਚ ਮੰਗਦੇ ਦਿਖਾਈ ਦਿੰਦੇ ਹਨ। ਇਸ ਸਮੇਂ ਸਮੂਹ ਸ਼ਹਿਰਾਂ-ਕਸਬਿਆਂ ਵਿਚ ਸ਼ਨੀ ਦੇਵਤੇ ਦੇ ਨਾਂ ਉੱਪਰ ਕਰੋੜਾਂ ਰੁਪਏ ਦਾ ਪਖੰਡ ਕਰਮ ਚੱਲ ਰਿਹਾ ਹੈ। ਕੁਝ ਭਰਮੀ ਪੈਸਾ ਦਾਨ ਕਰ ਕੇ ਮੂਰਤੀ ਵਾਲੇ ਭਾਂਡੇ ਵਿਚ ਆਪਣੀ ਛਾਇਆ ਵੇਖਦੇ ਹਨ ਕਿ ਗ੍ਰਹਿ ਉਤਰ ਜਾਂਦਾ ਹੈ। ਕਈ ਲੋਕ ਆਪਣੀ ਲੱਪ ਵਿਚ ਤੇਲ ਪਾ ਕੇ ਵੀ ਛਾਇਆ ਦੇਖ ਲੈਂਦੇ ਹਨ।

ਇਸ ਦਿਨ ਨਾਲ ਅਨੇਕਾਂ ਅੰਧ-ਵਿਸ਼ਵਾਸ ਜੁੜ ਗਏ। ਇਸ ਸਮੇਂ ਸ਼ਹਿਰਾਂ ਵਿਚ ਲੋਹੇ ਦੀਆਂ ਦੁਕਾਨਾਂ ਤੋਂ ਵੱਡਾ ਤਬਕਾ ਲੋਹੇ ਦਾ ਸਾਮਾਨ ਨਹੀਂ ਖਰੀਦਦਾ। ਅਨੇਕਾਂ ਲੋਕ ਮਸ਼ੀਨਰੀ ਵੀ ਨਹੀਂ ਖਰੀਦਦੇ। ਇਸੇ ਤਰ੍ਹਾਂ ਸ਼ਨਿਚਰਵਾਰ ਉੱਤਰ ਦਿਸ਼ਾ ਵੱਲ ਜਾਣਾ ਬੁਰਾ ਅਤੇ ਪੂਰਬ ਦਿਸ਼ਾ ਵਲ ਜਾਣਾ ਸ਼ੁੱਭ ਮੰਨਿਆ ਜਾਂਦਾ ਹੈ। ਜੇਕਰ ਕਿਸੇ ਮਹੀਨੇ ਪੰਜ ਸ਼ਨਿਚਰਵਾਰ ਆ ਜਾਣ ਤਾਂ ਇਹ ਸੋਕੇ ਦੇ ਸੂਚਕ ਮੰਨੇ ਜਾਂਦੇ ਹਨ। ਇਸੇ ਤਰ੍ਹਾਂ ਇਸ ਦਿਨ ਸਿਰ ਵਿਚ ਤੇਲ ਪਾਉਣਾ, ਇਸਤਰੀਆਂ ਦਾ ਕੇਸੀ ਇਸ਼ਨਾਨ ਕਰਨਾ, ਪਸ਼ੂ ਜਾਂ ਘਿਉ ਵੇਚਣਾ, ਉਧਾਰ ਲੈਣਾ ਆਦਿ ਅਸ਼ੁੱਭ ਮੰਨੇ ਜਾਂਦੇ ਹਨ। ਇਸ ਦਿਨ ਵਿਆਹ ਰੱਖਣਾ ਜਾਂ ਕਰਨਾ ਅਸ਼ੁੱਭ ਹੈ ਪਰ ਕੱਪੜਾ ਖਰੀਦਣਾ ਤੇ ਮਾਂਹ ਦੀ ਦਾਲ ਖਾਣੀ ਸ਼ੁੱਭ ਹੈ। ਇਸ ਦਿਨ ਸੋਨਾ ਲੱਭੇ ਤਾਂ ਅਸ਼ੁੱਭ ਮੰਨਿਆ ਅਤੇ ਇਸ ਦਿਨ ਜੰਮੇ ਬੱਚੇ ਦੀ ਨਜ਼ਰ ਬੁਰੇ ਪ੍ਰਭਾਵ ਵਾਲੀ ਮੰਨੀ ਗਈ ਹੈ। ਦੂਜੇ ਪਾਸੇ ਇਸ ਦਿਨ ਯਹੂਦੀਆਂ ਦੇ ਨਿਸਚੇ ਅਨੁਸਾਰ ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਅਤੇ ਫਿਰ ਇਸ ਦਿਨ ਅਰਾਮ ਕੀਤਾ। ਇਸ ਲਈ ਇਹ ਬਿਸਰਾਮ ਦਾ ਦਿਨ ਹੈ।

ਗੁਰਬਾਣੀ ਦਾ ਫੁਰਮਾਨ ਹੈ, ‘ਗਿਆਨ ਹੀਣੰ ਅਗਿਆਨ ਪੂਜਾ’ ਭਾਵ ਗਿਆਨ ਵਿਹੂਣਿਆਂ ਦੀ ਪੂਜਾ ਵੀ ਅਗਿਆਨਮਈ ਹੁੰਦੀ ਹੈ। ਸ਼ਨੀ ਗ੍ਰਹਿ ਦੇ ਉਪਾਅ ਦੇਖੋ ਕਿ ਇਸ ਦਿਨ ਘਰੋਂ ਦਹੀਂ ਖਾ ਕੇ ਜਾਂ ਚਿੱਟਾ ਲੂਣ ਮੂੰਹ ਲਾ ਕੇ ਨਿਕਲੋ ਤਾਂ ਸਾਰੇ ਕੰਮ ਰਾਸ ਹੋ ਜਾਂਦੇ ਹਨ। ਇਸ ਦਿਨ ਕਾਲੇ ਕੱਪੜੇ, ਕਾਲੇ ਤਿਲ ਤੇ ਕਾਲੀ ਗਊ ਆਦਿ ਦਾਨ ਕਰਨ ਦਾ ਵੀ ਭਰਮ ਹੈ। ਬੀਤੇ ਸਾਲਾਂ ਤੋਂ ਨਿੰਬੂ ਤੇ ਹਰੀਆਂ ਮਿਰਚਾਂ ਧਾਗੇ ਵਿਚ ਪਰੋ ਕੇ ਦੁਕਾਨਾਂ, ਮਕਾਨਾਂ, ਗੱਡੀਆਂ ਨਾਲ ਬੰਨਣ ਦਾ ਸ਼ਨਿਚਰਵਾਰ ਨੂੰ ਪਖੰਡ ਕਰਮ ਇੰਨਾ ਵਧ ਗਿਆ ਹੈ ਕਿ ਇਹ ਕਰੋੜਾਂ ਰੁਪਏ ਦਾ ਵਪਾਰ ਬਣ ਗਿਆ ਹੈ।

ਇਕ ਅਕਾਲ ਦੇ ਪੁਜਾਰੀ ਕਿਸੇ ਦੇਵੀ-ਦੇਵਤੇ ਦੇ ਅੰਧ-ਵਿਸ਼ਵਾਸ ਵਿਚ ਨਹੀਂ ਪੈਂਦੇ

ਭਗਤ ਕਬੀਰ ਜੀ ਨੇ ਸ਼ਨਿਚਰਵਾਰ ਲਈ ‘ਥਾਵਰ’ ਸ਼ਬਦ ਵਰਤਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਕਬੀਰ ਜੀ ਦੇ ਬਚਨ ਹਨ:

ਥਾਵਰ ਥਿਰੁ ਕਰਿ ਰਾਖੈ ਸੋਇ॥ ਜੋਤਿ ਦੀ ਵਟੀ ਘਟ ਮਹਿ ਜੋਇ॥
ਬਾਹਰਿ ਭੀਤਰਿ ਭਇਆ ਪ੍ਰਗਾਸੁ॥ ਤਬ ਹੂਆ ਸਗਲ ਕਰਮ ਕਾ ਨਾਸੁ॥ (ਪੰਨਾ 344)

ਭਗਤ ਕਬੀਰ ਜੀ ਅਨੁਸਾਰ ਜੋ ਮਨੁੱਖ ਸ਼ਨਿਚਰਵਾਰ (ਥਾਵਰ) ਰੱਬੀ ਨੂਰ ਦੀ ਸੋਹਣੀ ਜੋਤ (ਜੋਤਿ ਦੀ ਵੱਟੀ) ਨੂੰ ਜੋ ਹਰ ਹਿਰਦੇ ਵਿਚ ਹੈ, ਜੋਤ ਨੂੰ ਆਪਣੇ ਅੰਦਰ ਸਾਂਭ ਕੇ ਰੱਖਦਾ ਹੈ। ਪ੍ਰਭੂ ਗੁਣ ਗਾਉਂਦਾ ਹੈ ਤਾਂ ਸਿਮਰਨ ਦੀ ਬਰਕਤ ਨਾਲ ਅੰਦਰ- ਬਾਹਰ ਜੋਤ ਦਾ ਹੀ ਪ੍ਰਕਾਸ਼ ਹੋ ਜਾਂਦਾ ਹੈ, ਫਿਰ ਉਸ ਨੂੰ ਸਭਨਾਂ ਵਿੱਚੋਂ ਪ੍ਰਭੂ-ਜੋਤ ਦੇ ਦਰਸ਼ਨ ਹੁੰਦੇ ਹਨ। ਇਸ ਤਰ੍ਹਾਂ ਉਸ ਦੇ ਪਿਛਲੇ ਕੀਤੇ ਸਾਰੇ ਕਰਮਾਂ ਭਾਵ ਸੰਸਕਾਰਾਂ ਦਾ ਖਾਤਮਾ ਹੋ ਜਾਂਦਾ ਹੈ ਤੇ ਉਹ ਆਤਮਿਕ ਅਨੰਦ ਮਾਣਦਾ ਹੈ।

ਇਸ ਤੋਂ ਅੱਗੇ ਲੜੀਵਾਰ ਵਿਚਾਰ ਕਰਦੇ ਹਾਂ ਜੋ ਸ਼ਨਿਚਰਵਾਰ ਰਾਹੀਂ ਸ੍ਰੀ ਗੁਰੂ ਅਮਰਦਾਸ ਜੀ ਨੇ ਉਪਦੇਸ਼ ਬਖ਼ਸ਼ਿਸ਼ ਕੀਤਾ ਹੈ। ਗੁਰਬਾਣੀ ਦੀਆਂ ਪੰਕਤੀਆਂ ਲੇਖ ਦੇ ਅਰੰਭ ਵਿਚ ਹਨ ਤੇ ਭਾਵ ਅਰਥ ਇਸ ਪ੍ਰਕਾਰ ਹੈ:

“ਹੇ ਭਾਈ! ਪ੍ਰਭੂ ਸਿਮਰਨ ਛੱਡ ਕੇ ਸ਼ਨਿਚਰਵਾਰ, ਸਉਣ ਸਾਸਤ (ਸ਼ੋਨਕ ਦਾ ਲਿਖਿਆ ਜੋਤਸ਼ ਸ਼ਾਸਤ੍ਰ) ਦੀ ਵਿਚਾਰ ਕਾਰਨ, ਸੰਸਾਰ ਮੈਂ-ਮੇਰੀ ਅਤੇ ਹਊਮੈਂ ਵਿਚ ਭਟਕਦਾ ਰਹਿੰਦਾ ਹੈ। ਇਸ ਤਰ੍ਹਾਂ ਦੀਆਂ ਮਨਿਮਤੀਆਂ ਨਾਲ ਇਕ ਅਕਾਲ ਨੂੰ ਵਿਸਾਰ ਕੇ ਮਨੁੱਖ ਮੋਹ ਮਾਇਆ ’ਚ ਫਸਿਆ ਰਹਿੰਦਾ ਹੈ ਤੇ ਜਮਰਾਜ ਦੇ ਦਰ ’ਤੇ ਬੱਧਾ ਚੋਟਾਂ ਖਾਂਦਾ ਹੈ। ਜੋ ਮਨੁੱਖ ਗੁਰੂ ਕਿਰਪਾ ਨਾਲ ਪ੍ਰਭੂ ਸਿਮਰਨ ਕਰਦਾ, ਸੁਰਤ ਜੋੜਦਾ ਹੈ, ਉਹ ਸਦਾ ਸੁਖ ਪਾਉਂਦਾ ਹੈ।”

ਤੱਤਸਾਰ ਵਜੋਂ ਗੁਰੂ ਦੇ ਸਿੱਖਾਂ ਨੇ ਕਿਸੇ ਵੀ ਦਿਨ ਦਾ ਭਰਮ ਨਹੀਂ ਕਰਨਾ ਅਤੇ ਬਾਣੀ-ਬਾਣੇ ਵਿਚ ਪ੍ਰਪੱਕ ਰਹਿਣਾ ਹੈ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

Inderjit Singh Gogoani

ਇੰਦਰਜੀਤ ਸਿੰਘ ਗੋਗੋਆਣੀ ਸਿੱਖ ਪੰਥ ਦੇ ਪ੍ਰਮੁੱਖ ਵਿਦਵਾਨ ਲੇਖਕਾਂ ਦੀ ਲੜੀ ਵਿੱਚ ਆਉਂਦੇ ਹਨ। ਆਪ ਨੇ ਸਿੱਖੀ ਤੇ ਸਿੱਖ ਇਤਿਹਾਸ ਨਾਲ ਸੰਬੰਧਤ ਅਨੇਕਾਂ ਪੁਸਤਕਾਂ ਦੇ ਨਾਲ-ਨਾਲ ਗੁਰਮਤਿ ਸਿਧਾਂਤ ਨਾਲ ਸੰਬੰਧਤ ਤੇ ਹੋਰ ਖੋਜ-ਭਰਪੂਰ ਲੇਖ ਸਿੱਖ ਪੰਥ ਦੀ ਝੋਲੀ ਪਾਉਂਦੇ ਆ ਰਹੇ ਹਨ।

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)