ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚ ਦਰਜ ਬਾਣੀ ਸਾਰੀ ਮਨੁੱਖਤਾ ਲਈ ਸਰਬਸਾਂਝੀ ਅਤੇ ਸਰਬ ਸੁਖਦਾਈ ਹੈ। ਬਾਣੀ ਵਿਚ ਦਰਜ ਉਪਦੇਸ਼ ਹਰ ਜਾਤ ਅਤੇ ਹਰ ਵਰਗ ਦੇ ਲੋਕਾਂ ਲਈ ਇੱਕੋ ਜਿਹਾ ਹੈ। ਸੂਹੀ ਰਾਗ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ:
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ (ਪੰਨਾ 747)
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਅਤੇ ਸੰਕਲਨ ਦਾ ਕਾਰਜ ਸੰਨ 1604 ਈ: ਵਿਚ ਸੰਪੂਰਨ ਕੀਤਾ। ਇਸ ਇਸ਼ਟ ਗ੍ਰੰਥ ਵਿਚ ਗੁਰੂ ਸਾਹਿਬਾਨ ਅਤੇ ਭੱਟ ਸਾਹਿਬਾਨ ਦੀ ਬਾਣੀ ਤੋਂ ਇਲਾਵਾ 15 ਭਗਤ ਸਾਹਿਬਾਨ ਅਤੇ ਗੁਰੂ-ਘਰ ਨਾਲ ਸੰਬੰਧਿਤ ਗੁਰਸਿੱਖਾਂ ਦੇ ਸਲੋਕ ਅਤੇ ਪਦੇ ਬੜੇ ਸਤਿਕਾਰ ਸਹਿਤ ਸ਼ਾਮਲ ਕੀਤੇ ਗਏ। ਇਸ ਉੱਦਮ ਸਦਕਾ ਮਾਨਵ ਧਰਮ, ਭਾਵ ਅਤੇ ਭਾਵਨਾ ਨੂੰ ਸਤਿ ਦਾ ਸਰੂਪ ਪ੍ਰਾਪਤ ਹੋਇਆ। ਜਿਨ੍ਹਾਂ ਭਗਤ ਸਾਹਿਬਾਨ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੇ ਗਏ ਹਨ, ਉਨ੍ਹਾਂ ਵਿਚ ਬੰਗਾਲ ਦੇ ਸ਼ੋ੍ਰਮਣੀ ਵੈਸ਼ਨਵ ਭਗਤ ਜੈਦੇਵ ਜੀ, ਮਹਾਂਰਾਸ਼ਟਰ ਦੇ ਭਗਤ ਨਾਮਦੇਵ ਜੀ, ਪੰਜਾਬ ਦੇ ਭਗਤ ਸ਼ੇਖ ਫਰੀਦ ਜੀ, ਉੱਤਰ ਪ੍ਰਦੇਸ਼ ਦੇ ਭਗਤ ਕਬੀਰ ਜੀ ਅਤੇ ਭਗਤ ਰਵਿਦਾਸ ਜੀ ਸ਼ਾਮਲ ਹਨ। ਸ੍ਰੀ ਗੁਰੂ ਅਮਰਦਾਸ ਜੀ ਸਿਰੀ ਰਾਗੁ ਵਿਚ ਫੁਰਮਾਉਂਦੇ ਹਨ:
ਨਾਮਾ ਛੀਬਾ ਕਬੀਰੁ ਜੁਲਾਹਾ ਪੂਰੇ ਗੁਰ ਤੇ ਗਤਿ ਪਾਈ॥
ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ॥
ਸੁਰਿ ਨਰ ਤਿਨ ਕੀ ਬਾਣੀ ਗਾਵਹਿ ਕੋਇ ਨ ਮੇਟੈ ਭਾਈ॥3॥ (ਪੰਨਾ 67)
ਭਗਤ ਰਵਿਦਾਸ ਜੀ ਦਾ ਜਨਮ ਬਨਾਰਸ ਛਾਉਣੀ ਦੇ ਨੇੜੇ ਮਾਂਡੂਰ ਅਥਵਾ ਮੰਡੂਰ ਪਿੰਡ ਵਿਚ ਹੋਇਆ। ਇਸ ਪਿੰਡ ਦਾ ਪੁਰਾਣਾ ਨਾਮ ਮੰਡੂਆ ਡੀਹ ਸੀ। ਮੈਕਾਲਿਫ ਅਨੁਸਾਰ ਭਗਤ ਰਵਿਦਾਸ ਜੀ ਸੰਤ ਰਾਮਾ ਨੰਦ ਜੀ ਦੇ ਚੇਲੇ ਅਤੇ ਭਗਤ ਕਬੀਰ ਜੀ ਦੇ ਸਮਕਾਲੀ ਸਨ। ਭਗਤ ਰਵਿਦਾਸ ਜੀ ਦੁਆਰਾ ਰਚਿਤ ਸ਼ਬਦਾਂ ਤੋਂ ਗਿਆਤ ਹੁੰਦਾ ਹੈ ਕਿ ਆਪ ਦੇ ਕੁਟੰਬ ਵਾਲੇ ਬਨਾਰਸ ਦੇ ਆਸ-ਪਾਸ ਮ੍ਰਿਤਕ ਪਸ਼ੂਆਂ ਨੂੰ ਢੋ-ਢੋ ਕੇ ਲਿਆਇਆ ਕਰਦੇ ਸਨ। ਭਗਤ ਜੀ ਆਪ ਜੁੱਤੀਆਂ ਸੀਉਣ ਦਾ ਧੰਦਾ ਕਰਦੇ ਸਨ।
ਬੇਸ਼ੱਕ ਨਿਸਚੇ ਨਾਲ ਆਪ ਜੀ ਦੀਆਂ ਜਨਮ ਅਤੇ ਪਰਲੋਕ-ਗਮਨ ਦੀਆਂ ਤਿੱਥਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਅਜੋਕੇ ਕਈ ਵਿਦਵਾਨਾਂ ਦਾ ਮਤ ਹੈ ਕਿ ਭਗਤ ਰਵਿਦਾਸ ਜੀ ਸੰਨ 1376 ਈ: ਵਿਚ ਪੈਦਾ ਹੋਏ ਸਨ ਅਤੇ ਆਪ ਲੰਮੀ ਆਯੂ ਭੋਗ ਕੇ ਸੰਨ 1527 ਈ: ਵਿਚ ਅਕਾਲ ਚਲਾਣਾ ਕਰ ਗਏ। ਆਪ ਜੀ ਦੇ ਪਿਤਾ ਦਾ ਨਾਮ ਰਾਘਵ ਅਥਵਾ ਰਘੂ ਨਾਥ ਸੀ ਅਤੇ ਮਾਤਾ ਦਾ ਨਾਮ ਕਲਸਾਂ ਦੇਵੀ ਅਥਵਾ ਧੁਰਬਿਨੀਆ ਸੀ। ਭਵਿੱਖ ਪੁਰਾਣ ਨਾਮੀ ਪੁਸਤਕ ਵਿਚ ਆਪ ਜੀ ਦੇ ਪਿਤਾ ਦਾ ਨਾਮ ‘ਮਾਨ ਦਾਸ’ ਵੀ ਲਿਖਿਆ ਮਿਲਦਾ ਹੈ।
ਆਪ ਸੁਰਤ ਸੰਭਾਲਣ ਦੇ ਸਮੇਂ ਤੋਂ ਹੀ ਸੰਤਾਂ ਦੀ ਸੇਵਾ ਅਤੇ ਗਰੀਬਾਂ ਦੀ ਭਲਾਈ ਵਿਚ ਲੱਗੇ ਰਹਿੰਦੇ ਸਨ। ਘਰੋਂ ਜੋ ਕੁਝ ਵੀ ਮਿਲਦਾ ਉਹ ਆਪਣੇ ਖੇਡਣ ਵਾਲੇ ਸਾਥੀਆਂ ਵਿਚ ਵੰਡ ਦਿੰਦੇ ਜਾਂ ਭੁੱਖੇ-ਭਾਣੇ ਗਰੀਬਾਂ ਨੂੰ ਖੁਆ ਦਿੰਦੇ। ਭਗਤ ਰਵਿਦਾਸ ਜੀ ਦਾ ਇਹ ਸੁਭਾਉ ਵੇਖ ਕੇ ਮਾਪਿਆਂ ਨੇ ਸੋਚਿਆ ਕਿ ਜੇਕਰ ਭਗਤ ਰਵਿਦਾਸ ਜੀ ਦੇ ਜੀਵਨ ਨੂੰ ਗ੍ਰਿਹਸਥ ਦੇ ਬੰਧਨ ਵਿਚ ਬੰਨ੍ਹ ਦਿੱਤਾ ਜਾਵੇ ਤਾਂ ਸ਼ਾਇਦ ਇਨ੍ਹਾਂ ਦਾ ਇਹ ਸੁਭਾਅ ਬਦਲ ਜਾਵੇ, ਸੋ ਉਨ੍ਹਾਂ ਨੇ ਮਿਰਜ਼ਾਪੁਰ ਦੀ ਇਕ ਸੁਸ਼ੀਲ ਕੰਨਿਆ ਭਾਗਵਤੀ ਨਾਲ ਇਨ੍ਹਾਂ ਦੀ ਸ਼ਾਦੀ ਕਰ ਦਿੱਤੀ। ਇਕ ਪੁਸਤਕ ਵਿਚ ਇਨ੍ਹਾਂ ਦੀ ਪਤਨੀ ਦਾ ਨਾਮ ਲੋਨਾਂ ਲਿਖਿਆ ਹੈ।
ਸ਼ਾਦੀ ਹੋ ਜਾਣ ਮਗਰੋਂ ਵੀ ਭਗਤ ਰਵਿਦਾਸ ਜੀ ਦੇ ਸੁਭਾਅ ਵਿਚ ਕੋਈ ਪਰਿਵਰਤਨ ਨਾ ਆਇਆ। ਆਪ ਉਸੇ ਤਰ੍ਹਾਂ ਹੀ ਦੀਨ ਦੁਖੀ ਅਤੇ ਸੰਤਾਂ-ਮਹਾਤਮਾਂ ਦੀ ਸੇਵਾ ਵਿਚ ਲੱਗੇ ਰਹੇ। ਸੁਆਮੀ ਪਰਮਾਨੰਦ ਜੀ ਨੇ ‘ਰਵਿਦਾਸ ਪੁਰਾਣ’ ਨਾਮੀ ਪੁਸਤਕ ਵਿਚ ਉਨ੍ਹਾਂ ਦੇ ਇਕ ਪੁੱਤਰ ‘ਵਿਜੇਦਾਸ’ ਦਾ ਜ਼ਿਕਰ ਕੀਤਾ ਹੈ।
ਭਗਤ ਰਵਿਦਾਸ ਜੀ ਜੁੱਤੀਆਂ ਗੰਢਣ ਦਾ ਕੰਮ ਇਤਨੀ ਇਮਾਨਦਾਰੀ ਅਤੇ ਸਫਾਈ ਨਾਲ ਕਰਦੇ ਸਨ ਕਿ ਉਨ੍ਹਾਂ ਦੀ ਛਪਰੀ ਦੇ ਬਾਹਰ ਗ੍ਰਾਹਕਾਂ ਦੀ ਸਦਾ ਭੀੜ ਲੱਗੀ ਰਹਿੰਦੀ ਸੀ। ਉਨ੍ਹਾਂ ਦੇ ਇਸ ਕੰਮ ਵਿਚ ਉਨ੍ਹਾਂ ਦੀ ਪਤਨੀ ਪੂਰਾ ਸਹਿਯੋਗ ਦਿੰਦੀ ਅਤੇ ਆਏ-ਗਏ ਦੀ ਸੇਵਾ ਕਰਨ ਵਿਚ ਖੁਸ਼ੀ ਮਹਿਸੂਸ ਕਰਦੀ ਸੀ।
ਭਗਤ ਰਵਿਦਾਸ ਜੀ ਬੜੇ ਸਬਰ, ਸ਼ੁਕਰ ਅਤੇ ਸੰਤੋਖੀ ਸੁਭਾਅ ਵਾਲੇ ਮਹਾਂਪੁਰਸ਼ ਸਨ। ਕਹਿੰਦੇ ਹਨ ਉਨ੍ਹਾਂ ਦੀ ਗਰੀਬੀ ਨੂੰ ਵੇਖ ਕੇ ਇਕ ਵਾਰ ਬੜੀ ਕਰਣੀ ਵਾਲੇ ਮਹਾਂਪੁਰਸ਼ਾਂ ਨੇ ਉਨ੍ਹਾਂ ਨੂੰ ਪਾਰਸ ਦਾ ਪੱਥਰ ਦਿੱਤਾ ਅਤੇ ਕਿਹਾ ਕਿ “ਇਸ ਦੇ ਛੂਹਣ ਨਾਲ ਕੋਈ ਵੀ ਧਾਤ ਸੋਨੇ ਵਿਚ ਤਬਦੀਲ ਹੋ ਜਾਵੇਗੀ। ਤੁਸੀਂ ਇਸ ਨੂੰ ਰੱਖ ਲਓ, ਤੁਹਾਡੇ ਘਰ ਦੀਆਂ ਮਾਇਕ ਤੰਗੀਆਂ ਦੂਰ ਹੋ ਜਾਣਗੀਆਂ।” ਪੱਥਰ ਦੇ ਕੇ ਉਹ ਮਹਾਂਪੁਰਸ਼ ਚਲੇ ਗਏ। ਭਗਤ ਰਵਿਦਾਸ ਜੀ ਨੇ ਉਹ ਪੱਥਰ ਛਪਰੀ ਦੇ ਇਕ ਕੋਨੇ ਵਿਚ ਸੰਭਾਲ ਕੇ ਰੱਖ ਦਿੱਤਾ। ਕਰੀਬ ਸਾਲ ਮਗਰੋਂ ਜਦੋਂ ਉਹੀ ਮਹਾਂਪੁਰਸ਼ ਫਿਰ ਭਗਤ ਰਵਿਦਾਸ ਜੀ ਕੋਲ ਆਏ ਤਾਂ ਉਨ੍ਹਾਂ ਨੂੰ ਉਸੇ ਛਪਰੀ ਵਿਚ ਰਹਿੰਦਿਆਂ ਵੇਖ ਕੇ ਹੈਰਾਨ ਹੋ ਗਏ। ਉਨ੍ਹਾਂ ਦਾ ਖਿਆਲ ਸੀ ਕਿ ਹੁਣ ਤਾਂ ਭਗਤ ਜੀ ਦੀ ਛਪਰੀ ਦੀ ਥਾਂ ਪੱਕੇ ਮਕਾਨ ਹੋਣਗੇ ਅਤੇ ਇਹ ਸੋਖੀ ਜ਼ਿੰਦਗੀ ਬਤੀਤ ਕਰ ਰਹੇ ਹੋਣਗੇ। ਜਦੋਂ ਉਨ੍ਹਾਂ ਭਗਤ ਜੀ ਕੋਲੋਂ ਉਸ ਪੱਥਰ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ “ਅਸੀਂ ਤੁਹਾਡੀ ਅਮਾਨਤ ਛਪਰੀ ਦੇ ਇਕ ਕੋਨੇ ਵਿਚ ਸੰਭਾਲ ਦਿੱਤੀ ਸੀ। ਕ੍ਰਿਪਾ ਕਰਕੇ ਆਪਣੀ ਅਮਾਨਤ ਲੈ ਜਾਣਾ। ਮੈਨੂੰ ਮਾਇਆ ਦੀ ਨਹੀਂ, ਮੈਨੂੰ ਤਾਂ ਪ੍ਰਭੂ-ਪੇ੍ਰਮ ਦੀ ਜਿਿਗਆਸਾ ਹੈ। ਮੈਂ ਤਾਂ ਉਸ ਦੀ ਰਜ਼ਾ ਵਿਚ ਹੀ ਖੁਸ਼ ਹਾਂ। ਮੈਨੂੰ ਸੰਸਾਰਕ ਪਦਾਰਥਾਂ ਦੀ ਲੋੜ ਨਹੀਂ।”
ਕੰਮ ਕਰਦਿਆਂ ਵੀ ਭਗਤ ਰਵਿਦਾਸ ਜੀ ਦਾ ਧਿਆਨ ਹਮੇਸ਼ਾਂ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਸੀ। ਹੌਲੀ-ਹੌਲੀ ਆਪ ਜੀ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲਣੀ ਸ਼ੁਰੂ ਹੋ ਗਈ। ਪਹਿਲਾਂ ਪਹਿਲ ਤਾਂ ਬਨਾਰਸ ਦੇ ਬ੍ਰਾਹਮਣ ਅਤੇ ਉੱਚੀ ਜਾਤ ਦੇ ਲੋਕ ਆਪ ਤੋਂ ਬੜੀ ਈਰਖਾ ਕਰਿਆ ਕਰਦੇ ਸਨ ਪਰ ਮਗਰੋਂ ਉਨ੍ਹਾਂ ਵਿੱਚੋਂ ਹੀ ਕਈ ਭਗਤ ਰਵਿਦਾਸ ਜੀ ਦੇ ਉਪਾਸਕ ਬਣ ਗਏ। ਚਿਤੌੜ ਦੀ ਰਾਣੀ ਝਾਲਾ ਵੀ ਆਪ ਜੀ ਦੀ ਮੁਰੀਦ ਸੀ।
ਭਗਤ ਜੀ ਫੁਰਮਾਉਂਦੇ ਹਨ:
ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ॥
ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡਡੰਉਤਿ ਤਰੇ ਨਾਮ ਸਰਣਾਇ ਰਵਿਦਾਸੁ ਦਾਸਾ॥ (ਪੰਨਾ 1293)
ਭਗਤ ਜੀ ਦੇ ਘਰ ਦੇ ਬਾਹਰ ਹਮੇਸ਼ਾ ਲੋੜਵੰਦਾਂ ਦੀ ਭੀੜ ਲੱਗੀ ਰਹਿੰਦੀ ਸੀ। ਭਗਤ ਜੀ ਦੀ ਘਰਵਾਲੀ ਉਨ੍ਹਾਂ ਦੀ ਸੇਵਾ ਕਰਦੀ। ਲੋਕ ਭਗਤ ਰਵਿਦਾਸ ਜੀ ਦਾ ਜਸ ਗਾਇਨ ਕਰਦੇ ਉਨ੍ਹਾਂ ਦੇ ਘਰ ਤੋਂ ਵਿਦਾ ਹੁੰਦੇ। ਭਗਤ ਜੀ ਨੂੰ ਇੰਝ ਮਹਿਸੂਸ ਹੁੰਦਾ ਜਿਵੇਂ ਪਰਮਾਤਮਾ ਨੇ ਸਾਰੇ ਸੰਸਾਰ ਦੀ ਬਾਦਸ਼ਾਹੀ ਉਨ੍ਹਾਂ ਨੂੰ ਹੀ ਦੇ ਦਿੱਤੀ ਹੋਵੇ। ਆਪ ਫੁਰਮਾਉਂਦੇ ਹਨ:
-ਐਸੀ ਲਾਲ ਤੁਝ ਬਿਨੁ ਕਉਨੁ ਕਰੈ॥
ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ॥
. . . ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ॥ (ਪੰਨਾ 1106)
ਪ੍ਰਭੂ ਦੇ ਨਾਮ ਵਿਚ ਇਤਨੀ ਸ਼ਕਤੀ ਹੈ ਕਿ ਜਿਸ ਕਿਸੇ ਨੇ ਵੀ ਉਸ ਹਰੀ ਨੂੰ ਇਕ ਮਨ, ਇਕ ਚਿੱਤ ਹੋ ਕੇ ਧਿਆਇਆ ਹੈ, ਉਹੀ ਇਸ ਸੰਸਾਰ-ਰੂਪੀ ਸਾਗਰ ਤੋਂ ਪਾਰ ਹੋ ਗਿਆ ਹੈ
ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ॥
ਕਹਿ ਰਵਿਦਾਸੁ ਸਨੁਹੁ ਰੇ ਸਤੰਹੁ ਹਰਿ ਜੀਉ ਤੇ ਸਭੈ ਸਰੈ ॥2॥1॥ (ਪੰਨਾ 1106)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਰਵਿਦਾਸ ਜੀ ਦੇ 40 ਸ਼ਬਦ ਹਨ ਜੋਕਿ 16 ਰਾਗਾਂ ਵਿਚ ਦਰਜ ਹਨ। ਇਨ੍ਹਾਂ ਸ਼ਬਦਾਂ ਵਿਚ ਆਪ ਨੇ ਬ੍ਰਹਮ, ਜੀਵਾਤਮਾ, ਹਰੀ ਨਾਮ ਦੀ ਮਹਿਮਾ, ਸਤਿਸੰਗਤ ਦੀ ਲੋੜ ਅਤੇ ਕਿਰਤ ਦੀ ਉੱਚਤਾ ਅਤੇ ਸੁਚਮਤਾ ਬਾਰੇ ਆਪਣੇ ਵਿਚਾਰ ਵਿਅਕਤ ਕੀਤੇ ਹਨ। ਆਪ ਜੀ ਦੀ ਬਾਣੀ ਵਿਚ ਦਰਜ ਵਿਚਾਰ ਗੁਰੂ ਸਾਹਿਬਾਨ ਦੀ ਬਾਣੀ ਅਤੇ ਸਿਧਾਂਤਾਂ ਨਾਲ ਪੂਰਨ ਤੌਰ ’ਤੇ ਮੇਲ ਖਾਂਦੇ ਹਨ। ਆਪ ਜੀ ਨੇ ਆਪਣੀ ਬਾਣੀ ਵਿਚ ਇਹ ਫੁਰਮਾਇਆ ਹੈ ਕਿ ਰੱਬ ਕਿਸੇ ਖਾਸ ਮਨੁੱਖ, ਜਾਤੀ, ਧਰਮ, ਕੌਮ ਜਾਂ ਦੇਸ਼ ਦੀ ਮਲਕੀਅਤ ਨਹੀਂ। ਉਹ ਤਾਂ ਆਪਣੇ ਪੈਦਾ ਕੀਤੇ ਜੀਵਾਂ ਦੀ ਪੇ੍ਰਮਾ-ਭਗਤੀ ਵਿਚ ਬੱਧਾ ਸਭ ਦਾ ਸਾਂਝਾ ਪਿਤਾ ਹੈ:
ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ॥ (ਪੰਨਾ 658)
ਆਪ ਜੀ ਦੇ ਪਦਿਆਂ ਵਿਚ ਭਿੰਨ-ਭਿੰਨ ਵਿਸ਼ੇ ਹਨ। ਸਭ ਤੋਂ ਵਿਲੱਖਣ ਭਗਤ ਰਵਿਦਾਸ ਜੀ ਦੇ ਆਪਣੇ ਬਾਰੇ ਨਿਸੰਗਤਾਂ ਭਰੇ ਵਾਕ ਹਨ, ਜਿਨ੍ਹਾਂ ਵਿਚ ਆਪ ਜੀ ਨੇ ਆਪਣੀ ਜਾਤ ਅਤੇ ਕਿਰਤ ਦੇ ਸੰਦਾਂ ਬਾਰੇ ਨਿਰਸੰਕੋਚ ਹੋ ਕੇ ਲਿਖਿਆ ਹੈ।
ਭਗਤ ਰਵਿਦਾਸ ਜੀ ਦੀ ਬਾਣੀ ਵਿਚ ਦੋ ਨੁਕਤੇ ਅਧਿਆਤਮਕ ਮਹੱਤਵ ਵਾਲੇ ਹਨ। ਇੱਕ ਆਤਮ ਗਿਆਨ ਦਾ ਅਤੇ ਦੂਜਾ ਪੇ੍ਰਮਾ-ਭਗਤੀ ਦਾ। ਗਿਆਨ ਪ੍ਰਾਪਤੀ ਦਾ ਸਾਧਨ ਸਾਧੂ ਦੀ ਸੰਗਤ ਹੈ ਪਰ ਨਿਰੰਜਨ ਪ੍ਰਾਪਤੀ ਦਾ ਸਾਧਨ ਗੁਰੂ ਦੀ ਕਿਰਪਾ ਨੂੰ ਮੰਨਿਆ ਹੈ। ਬਹੁਤੇ ਜਨਮਾਂ ਤੋਂ ਵਿਛੜੇ ਹੋਣ ਕਾਰਨ, ਉਸ ਵਿਚ ਲੀਨ ਹੋਣਾ ਹੀ ਜੀਵਨ ਦਾ ਇਕ ਮਾਤਰ ਮਨੋਰਥ ਹੈ:
ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮਾਰੇ ਲੇਖੇ॥
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ॥ (ਪੰਨਾ 694)
ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਵਿਚ ਪੇ੍ਰਮਾ ਭਗਤੀ ਨੂੰ ਪ੍ਰਮੁੱਖਤਾ ਦਿੱਤੀ ਹੈ। ਆਪ ਜੀ ਅਨੁਸਾਰ ਪ੍ਰਭੂ ਭਗਤੀ ਲਈ ਰਸਮੀਂ ਪੂਜਾ ਦਾ ਕੋਈ ਸਥਾਨ ਨਹੀਂ। ਪੂਜਾ ਤਾਂ ਕੇਵਲ ‘ਤਨੁ ਮਨੁ ਅਰਪਉ ਪੂਜ ਚਰਾਵਉ॥’ ਦੁਆਰਾ ਹੀ ਹੋ ਸਕਦੀ ਹੈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਭਗਤ ਸਾਹਿਬਾਨ ਦੀ ਬਾਣੀ ਵਿਚੋਂ ਭਗਤ ਸ਼ੇਖ਼ ਫਰੀਦ ਜੀ ਦੀ ਬਾਣੀ ਤੋਂ ਇਲਾਵਾ, ਆਪ ਜੀ ਦੀ ਰਚਨਾ ਵਿਚ ਮਿਠਾਸ, ਰਾਗਾਤਮਕਤਾ, ਸਰਲਤਾ ਅਤੇ ੳਪੁ ਭਾਵਕੁ ਤਾ ਸਭ ਤੋਂ ਵਧੇਰੇ ਹੈ ਆਪ ਜੀ ਦੀ ਬੋਲੀ ਬੜੀ ਸਰਲ ਅਤੇ ਸਪਸ਼ੱ ਟ ਹੈ ਜਿਸ ਦਾ ਮਨ ਉੱਪਰ ਬੜਾ ਡੂੰਘਾ ਪਭ੍ਰਾਵ ਪੈਂਦਾ ਹੈ।
ਭਗਤ ਰਵਿਦਾਸ ਜੀ ਦਾ ਸਮੁੱਚਾ ਜੀਵਨ-ਚਰਿੱਤਰ, ਇਕ ਸੰਘਰਸ਼ਮਈ ਜੀਵਨ ਦੀ ਦੇਣ ਹੈ। ਜੇ ਇਕ ਪਾਸੇ ਆਪ ਜੀ ਨੇ ਆਪਣੀ ਰੋਜ਼ੀ ਰੋਟੀ ਲਈ ਹੱਥੀਂ ਕੰਮ ਕਰਨ ਵਿਚ ਮਾਣ ਅਤੇ ਗੌਰਵ ਸਮਝਿਆ ਤਾਂ ਦੂਜੇ ਪਾਸੇ ਪ੍ਰਭੂ ਭਗਤੀ ਅਤੇ ਚਿੰਤਨ ਵਿਚ ਆਉਂਦੀਆਂ ਕਠਿਨਾਈਆਂ ਵਾਲੇ ਰਸਤੇ ’ਤੇ ਚੱਲ ਕੇ ਆਪਣੇ ਆਪ ਨੂੰ ਨਿਰਾਕਾਰ ਬ੍ਰਹਮ ਨਾਲ ਜੋੜੀ ਰੱਖਿਆ। ਆਪ ਜੀ ਦੇ ਜੀਵਨ ਵਿਚ ਕਰਮ ਅਤੇ ਭਗਤੀ ਦਾ ਸੁਚੱਜਾ ਸੁਮੇਲ ਹੈ। ਕਰਮਸ਼ੀਲਤਾ ਆਪ ਜੀ ਦੇ ਜੀਵਨ ਦੀ ਪ੍ਰਮੁੱਖ ਵਿਸ਼ੇਸ਼ਤਾ ਕਹੀ ਜਾ ਸਕਦੀ ਹੈ। ਕਰਮ ਨੂੰ ਹੀ ਉਨ੍ਹਾਂ ਧਰਮ ਸਮਝਿਆ ਅਤੇ ਉਮਰ ਭਰ ਇਸੇ ਦਾ ਅਨੁਸਰਣ ਕਰਦੇ ਰਹੇ।
ਆਪ ਜੀ ਦਾ ਜੀਵਨ ਇਕ ਆਦਰਸ਼ਕ ਜੀਵਨ ਦਾ ਲਖਾਇਕ ਹੈ।ਸਰਲ ਅਤੇਸਾਦਾ ਰਹਿਣੀ ਅਤੇ ਉੱਚੇ ਵਿਚਾਰਾਂ ਦਾ ਪਤ੍ਰ ਖੱ ਪਭ੍ਰਾਵ ਹੈ। ਅਜਿਹੇ ਮਹਾਂਪਰੁ ਸ਼ ਦੀ ਪਰ੍ਰੇਣਾਮਈ ਬਾਣੀ ਨੇ ਸਮਾਜਿਕ ਦਿਸ਼੍ਰਟੀ ਤੋਂ ਵੰਚਿਤ ਅਤੇ ਰਾਜਨੀਤਕ ਦਿਸ਼੍ਰਟੀ ਤੋਂ ਤਿਸ੍ਰ ਕਾਰੇ ਗਏ ਹਜ਼ਾਰਾਂ ਅਤੇ ਲੱਖਾਂ ਲੋਕਾਂ ਨੂੰ ਸਿਰ ਉੱਚਾ ਕਰ ਕੇ ਚਲੱ ਣ ਦੀ ਸ਼ਕਤੀ ਅਤੇ ਪਰੇ੍ਰ ਨਾ ਦਿੱਤੀ ਹੈ ਤਾਂ ਕਿ ੳਹੁ ਵੀ ਸਮਾਜ ਵਿਚ ਇਜ਼ੱ ਤ ਦਾ ਜੀਵਨ ਜੀਅ ਸਕਣ।
ਭਗਤ ਰਵਿਦਾਸ ਜੀ ਦੀ ਬਾਣੀ ਜਗਿਆਸੂਆਂ ਲਈ ਉਨ੍ਹਾਂ ਰਤਨਾਂ ਦੀ ਖਾਣ ਹੈ ਜਿਨ੍ਹਾਂ ਦਾ ਮੁੱਲ ਕਦੇ ਘਟਣਾ ਨਹੀਂ। ਆਪ ਜੀ ਦੀ ਬਾਣੀ ਵਿਚ ਸਭ ਲੋਕਾਂ ਦੀ ਕਲਿਆਣਤਾ ਲਈ ਤੜਪ ਹੈ। ਮਾਨਵ ਉੱਧਾਰ ਦੀ ਡੂੰਘੀ ਭਾਵਨਾ ਹੈ। ਕਰਮਸ਼ੀਲਤਾ ਦੀ ਪੇ੍ਰਰਣਾ ਹੈ। ਸਮਾਜਿਕ ਤੰਗਦਿਲੀਆਂ ਤੋਂ ਉਤਾਂਹ ਉੱਠ ਕੇ ਨਵਾਂ ਅਤੇ ਨਰੋਆ ਸਮਾਜ ਉਸਾਰਨ ਦਾ ਸੰਦੇਸ਼ ਹੈ। ਆਪ ਜੀ ਆਪਣੀ ਬਾਣੀ ਰਾਹੀਂ ਅਜਿਹੇ ਬੇਗਮਪੁਰਾ ਸ਼ਹਿਰ ਦੀ ਕਲਪਨਾ ਕਰਦੇ ਹਨ। ਜਿੱਥੇ ਨਾ ਦੁੱਖ ਹੈ ਨਾ ਚਿੰਤਾ, ਨਾ ਟੈਕਸਾਂ ਦਾ ਡਰ ਅਤੇ ਨਾ ਹੀ ਜ਼ੁਲਮ ਤੇ ਨਾ ਵਧੀਕੀ:
ਬੇਗਮ ਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥ ਖਉਫੁ ਨ ਖਤਾ ਨ ਤਰਸੁ ਜਵਾਲੁ॥1॥
ਅਬ ਮੋਹਿ ਖੂਬ ਵਤਨ ਗਹ ਪਾਈ॥ ਊਹਾਂ ਖੈਰਿ ਸਦਾ ਮੇਰੇ ਭਾਈ॥1॥ਰਹਾਉ॥ (ਪੰਨਾ 345)
ਆਪ ਜੀ ਦੀ ਬਾਣੀ-ਨਿਮਰਤਾ ਉਦਾਰਤਾ, ਖਿਮਾ, ਸਹਿਣਸ਼ੀਲਤਾ ਅਤੇ ਮਾਨਵਸੇਵਾ ਦੀ ਉਹ ਫੁਲਵਾੜੀ ਹੈ, ਜਿਸ ਦੀ ਸੁਗੰਧ ਕਦੇ ਪੁਰਾਣੀ ਜਾ ਮੱਠੀ ਨਹੀਂ ਪੈ ਸਕਦੀ।
ਲੇਖਕ ਬਾਰੇ
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/July 1, 2007
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/September 1, 2007
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/April 1, 2009
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/October 1, 2009
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/March 1, 2010
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/July 1, 2010
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/January 1, 2016