ਜਦ ਇਨਸਾਨ ਭਗਵਾਨ ਤੋਂ ਦੂਰ ਹੋ ਜਾਏ, ਕਈ ਬੁਰੀਆਂ ਬਲਾਵਾਂ ਦਾ ਜਨਮ ਹੁੰਦੈ।
ਰਾਖਾ ਬਾਗ਼ ਦਾ ਜਦੋਂ ਬੇਈਮਾਨ ਬਣ ਜਾਏ, ਪੱਤਝੜਾਂ ਖ਼ਿਜ਼ਾਵਾਂ ਦਾ ਜਨਮ ਹੁੰਦੈ।
ਬਾਜ਼ ਜਦੋਂ ਬਹਿ ਜਾਣ ਬਟੇਰ ਬਣ ਕੇ, ਐਸੇ ਘੋਗਿਆਂ ਕਾਵਾਂ ਦਾ ਜਨਮ ਹੁੰਦੈ।
ਕੌਮ ਜਦੋਂ ਅਵੇਸਲੀ ਹੋ ਜਾਂਦੀ, ਏਹੋ ਜਿਹੀਆਂ ਘਟਨਾਵਾਂ ਦਾ ਜਨਮ ਹੁੰਦੈ।
ਤਾਪਮਾਨ ਜਦ ਧਰਤੀ ਦਾ ਤੇਜ਼ ਹੋ ਜਾਏ, ਓਦੋਂ ਗਰਮ ਹਵਾਵਾਂ ਦਾ ਜਨਮ ਹੁੰਦੈ।
ਜਜ਼ਬੇ ਜਦੋਂ ਵਲੂੰਧਰੇ ਜਾਣ, ਓਦੋਂ ਏਦਾਂ ਦੀਆਂ ਕਵਿਤਾਵਾਂ ਦਾ ਜਨਮ ਹੁੰਦੈ।
ਪਾਣੀ ਜਦੋਂ ਸਿਰ ਉੱਤੋਂ ਦੀ ਲੰਘ ਜਾਵੇ, ਜਬਰ ਸਬਰ ਵਾਲੀ ਹੱਦ ਲੱਥ ਜਾਵੇ।
ਅਣਖੀ ਸੂਰਮੇ ਲਈ ਓਦੋਂ ਲਾਜ਼ਮੀ ਹੈ ਕਿ ਤਲਵਾਰ ਦੇ ਕਬਜ਼ੇ ’ਤੇ ਹੱਥ ਜਾਵੇ।
ਪੜ੍ਹਿਆ ਹੋਏ ਜਿਹੜਾ ਲੌਢੂਵਾਲ ਤਾਈਂ, ਜਾ ਕੇ ਸਾਧ ਬਣ ਜਾਂਦਾ ਹੈ ਚੁੱਪ ਕਰ ਕੇ।
ਜਾਂ ਫਿਰ ਨੌਕਰੀਓਂ ਕੱਢਿਆ ਹੋਏ ਜਿਹੜਾ, ਨਵਾਂ ਡੇਰਾ ਬਣਾਂਦਾ ਹੈ ਚੁੱਪ ਕਰ ਕੇ।
ਕੁਝ ਬੀਬੀਆਂ ਚੇਲੀਆਂ ਰੱਖ ਕੇ ਤੇ, ਰੋਜ਼ ਗੋਡੇ ਘੁਟਾਂਦਾ ਹੈ ਚੁੱਪ ਕਰ ਕੇ।
ਕੁਝ ਸਿਆਸੀ ਨੇਤਾਵਾਂ ਨਾਲ ਸਾਂਝ ਪਾ ਕੇ, ਤੋਰੀ-ਫੁਲਕਾ ਚਲਾਂਦਾ ਹੈ ਚੁੱਪ ਕਰ ਕੇ।
ਆਪਣੇ ਪਿੰਡ ਕੋਈ ਇਨ੍ਹਾਂ ਨੂੰ ਪੁੱਛਦਾ ਨਹੀਂ, ਅਤੇ ਘਰੋਂ ਵੀ ਕੱਢੇ ਹੋਏ ਹੁੰਦੇ ਨੇ ਇਹ।
ਦੀਨ ਮਜ਼੍ਹਬ ਨਹੀਂ ਇਨ੍ਹਾਂ ਦਾ ਕੋਈ ਹੁੰਦਾ, ਚਾਬੀ ਦੇ ਕੇ ਛੱਡੇ ਹੋਏ ਹੁੰਦੇ ਨੇ ਇਹ।
‘ਸੱਚੇ ਸੌਦੇ’ ਦੇ ਨਾਂ ’ਤੇ ‘ਝੂਠਿਆਂ’ ਨੇ, ਖੋਲ੍ਹੀ ਹੁੰਦੀ ਏ ਕੂੜ ਦੀ ਹੱਟ ਲੋਕੋ!
ਦਾਲ ਗਲੀ ਨਹੀਂ ਜਦੋਂ ਪੰਜਾਬ ਅੰਦਰ, ਲਏ ਲੋਕ ਰਆਣੇ ਦੇ ਪੱਟ ਲੋਕੋ!
ਭੋਲੇ-ਭਾਲੇ ਪੰਜਾਬੀ ਨੇ ਮਾਲਵੇ ਦੇ, ਜਿਹੜੇ ਮਗਰ ਲੱਗ ਜਾਂਦੇ ਨੇ ਝੱਟ ਲੋਕੋ!
ਸਾਡੇ ਗੁਰੂ ਦੀ ਲਾ ਕੇ ਨਕਲ ਜਿਸ ਨੇ, ਸਾਡੇ ਦਿਲਾਂ ’ਤੇ ਮਾਰੀ ਏ ਸੱਟ ਲੋਕੋ!
ਕਰਨੀ ਪਵੇਗੀ ਬੋਲਤੀ ਬੰਦ ਇਹਦੀ, ਮੂੰਹ ’ਤੇ ਲਾ ਕੇ ਲੋਹੇ ਦਾ ਡੱਟ ਲੋਕੋ!
ਇਸ ਨੂੰ ‘ਓਥੇ’ ਵੀ ਨਰਕ ਨਸੀਬ ਹੋਣੈਂ, ਜਾਊ ਏਥੋਂ ਵੀ ਲਾਹਨਤਾਂ ਖੱਟ ਲੋਕੋ!
ਕਿਸੇ ਤਾਕਤ ਦੀ ਸ਼ਹਿ ਤੋਂ ਬਿਨਾਂ ਕੋਈ, ਭਲਾ ਐਸੀ ਨਿਰਾਦਰੀ ਕਰ ਸਕਦੈ?
ਜਿਸ ਨੇ ਧਰਮ ਲਈ ਵਾਰ ਸਰਬੰਸ ਦਿੱਤਾ, ਕੌਣ ਉਹਦੀ ਬਰਾਬਰੀ ਕਰ ਸਕਦੈ?
ਅਸੀਂ ਸਿੱਖ ਹਾਂ, ਦਿਲ ਨੇ ਸਾਫ਼ ਸਾਡੇ, ਦੁਸ਼ਮਣ ਉੱਤੇ ਵੀ ਰਹੇ ਇਤਬਾਰ ਕਰਦੇ।
ਸਦਾ ਭਲਾ ਸਰਬੱਤ ਦਾ ਮੰਗਦੇ ਹਾਂ, ਸਾਰੇ ਧਰਮਾਂ ਦਾ ਪੂਰਨ ਸਤਿਕਾਰ ਕਰਦੇ।
ਦੂਜੇ ਧਰਮਾਂ ’ਤੇ ਵੀ ਜੇਕਰ ਬਣੇ ਬਿਪਤਾ, ਮੂਹਰੇ ਹੋ ਕੇ ਜਾਨਾਂ ਨਿਸਾਰ ਕਰਦੇ।
ਨਹੀਂ ਸਮਝ ਆਉਂਦੀ ਜਣੇ-ਖਣੇ ਉੱਠ ਕੇ, ਸਾਡੇ ਈ ਧਰਮ ’ਤੇ ਕਿਉਂ ਨੇ ਵਾਰ ਕਰਦੇ?
ਫੇਰ ਉੱਠਸੀ ਮਰਦ ਦਾ ਕੋਈ ਚੇਲਾ, ਜਿਹੜਾ ਇਨ੍ਹਾਂ ਨੂੰ ਸਿੱਧੇ ਰਾਹ ਪਾਊ।
ਭੇਖ ਧਾਰੀ ਬੈਠੇ ਭੇਖਧਾਰੀਆਂ ਨੂੰ, ਫੜ ਕੇ ਫੇਰ ਇਹ ਸਿੱਧੇ ਰਾਹ ਪਾਊ।
ਜਿਹੜੇ ਸਾਧਾਂ ਦੇ ਚੁੰਗਲ ਵਿਚ ਫਸ ਜਾਂਦੇ, ਉਨ੍ਹਾਂ ਤਾਈਂ ਸਮਝਾਉਣਾ ਹੈ ਬੜਾ ਔਖਾ।
ਸਿੱਖੀ ਭੇਸ ਵਿਚ ਸਿੱਖੀ ਦੇ ਦੁਸ਼ਮਣਾਂ ਤੋਂ, ਸਿੱਖੀ ਤਾਈਂ ਬਚਾਉਣਾ ਹੈ ਬੜਾ ਔਖਾ।
ਸਿਰ ਦਿੱਤਿਆਂ ਬਾਝ ਨਹੀਂ ਧਰਮ ਬਚਦੇ, ਸਿਰ ਘੋਲ ਘੁਮਾਉਣਾ ਹੈ ਬੜਾ ਔਖਾ।
ਮੂੰਹੋਂ ਕੱਢਣਾ ਬੋਲ ਅਸਾਨ ਹੁੰਦਾ, ਹੁੰਦਾ ਬੋਲ ਪੁਗਾਉਣਾ ਹੈ ਬੜਾ ਔਖਾ।
ਸਿੰਘਾਂ ਸਾਹਮਣੇ ਅੜਦਾ ਨਹੀਂ ਕੋਈ ਮਸਲਾ, ’ਕੱਠੇ ਹੋ ਕੇ ਜਿਹਨੂੰ ਵੀ ਹੱਥ ਪਾ ਲਓ।
ਇਸ ਤੋਂ ਪਹਿਲਾਂ ਕਿ ਭੂਤਰ ਨਾ ਜਾਏ ਕਿਧਰੇ, ਤਕੜੇ ਹੋ ਕੇ ਝੋਟੇ ਨੂੰ ਨੱਥ ਪਾ ਲਓ।
ਘੋੜੇ ਵੇਚ ਕੇ ਸੌਣ ਦਾ ਸਮਾਂ ਨਹੀਂ ਹੁਣ, ਘੋੜੇ ਕੱਸ ਲੌ, ਹੋਜੋ ਸੁਚੇਤ ਸਿੰਘੋ!
‘ਨੂਰ’ ਪਿੱਛੋਂ ਪਛਤਾਉਣ ਦਾ ਕੀ ਫ਼ਾਇਦਾ(?) ਜਦੋਂ ਚਿੜੀਆਂ ਨੇ ਚੁਗ ਲਿਆ ਖੇਤ ਸਿੰਘੋ!
ਲੇਖਕ ਬਾਰੇ
3/61, ਗਾਰਡਨ ਕਲੌਨੀ, ਜਲੰਧਰ
- ਇੰਜ. ਕਰਮਜੀਤ ਸਿੰਘ ਨੂਰhttps://sikharchives.org/kosh/author/%e0%a8%87%e0%a9%b0%e0%a8%9c-%e0%a8%95%e0%a8%b0%e0%a8%ae%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%a8%e0%a9%82%e0%a8%b0/January 1, 2008
- ਇੰਜ. ਕਰਮਜੀਤ ਸਿੰਘ ਨੂਰhttps://sikharchives.org/kosh/author/%e0%a8%87%e0%a9%b0%e0%a8%9c-%e0%a8%95%e0%a8%b0%e0%a8%ae%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%a8%e0%a9%82%e0%a8%b0/March 1, 2008