ਅੱਜ ਮੇਰਾ ਵੀ ਦਿਲ ਕੀਤਾ ਕਿ ਮੈਂ ਵੀ ਤੁਹਾਡੇ ਨਾਲ ਕੁਝ ਗੱਲਾਂ ਕਰਾਂ। ਮੈਂ ਵੀ ਤੁਹਾਨੂੰ ਦਸਾਂ ਕਿ ਮੈਂ ਕੀ ਹਾਂ। ਮੈਂ ਹਰ ਰੋਜ਼ ਜੀ.ਟੀ. ਰੋਡ ਉੱਪਰ ਜਾਂਦੀਆਂ ਹਜ਼ਾਰਾਂ ਗੱਡੀਆਂ ਤੇ ਹਜ਼ਾਰਾਂ ਹੀ ਮੁਸਾਫਰਾਂ ਨੂੰ ਇਧਰੋਂ-ਉਧਰੋਂ ਜਾਂਦੇ ਤੱਕਦਾ ਹਾਂ। ਦਿਨ-ਪ੍ਰਤੀ-ਦਿਨ ਹੁੰਦੀ ਤਰੱਕੀ ਦੇਖਦਾ ਹਾਂ। ਲੋਕ ਸੜਕ ’ਤੇ ਜਾਂਦੇ ਇਕ ਵਾਰ ਮੇਰੀ ਸੁੰਦਰ ਇਮਾਰਤ ਵੱਲ ਤੱਕਦੇ ਹਨ ਤੇ ਕੁਝ ਸੋਚ ਕੇ ਅੱਗੇ ਲੰਘ ਜਾਂਦੇ ਹਨ। ਅੱਜ ਮੈਂ ਤੁਹਾਨੂੰ ਆਪਣੇ ਬਾਰੇ ਆਪ ਹੀ ਦੱਸਦਾ ਹਾਂ।
ਮੈਂ ਬਹੁਤ ਹੀ ਭਾਗਾਂ ਵਾਲਾ ਹਾਂ ਕਿ ਮੈਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਪਵਿੱਤਰ ਧਰਤੀ ’ਤੇ ਬਿਰਾਜਮਾਨ ਹਾਂ। ਉਸ ਤੋਂ ਵੀ ਵੱਧ ਫ਼ਖਰ ਵਾਲੀ ਗੱਲ ਮੇਰੇ ਲਈ ਇਹ ਹੈ ਕਿ ਮੇਰਾ ਨਾਮ ਗੁਰੂ ਸਾਹਿਬ ਜੀ ਦੇ ਪੂਜਨੀਕ ਮਾਤਾ ਜੀ, ਮਾਤਾ ਗੰਗਾ ਜੀ ਦੇ ਨਾਮ ਉੱਪਰ ਰੱਖਿਆ ਗਿਆ ਹੈ। ਮੈਂ ਗੁਰੂ ਸਾਹਿਬਾਨ ਵੱਲੋਂ ਬਖਸ਼ਿਆ ਵਿੱਦਿਆ ਦਾ ਬੀਜ ਇਲਾਕੇ ਵਿਚ ਖਿਲਾਰ ਰਿਹਾ ਹਾਂ ਤਾਂ ਕਿ ਹੋਰ ਬੂਟੇ ਪੁੰਗਰਨ ਤੇ ਵਿੱਦਿਆ ਦਾ ਫਲ ਲੱਗੇ ਜਿਸ ਨਾਲ ਇਲਾਕੇ ਦੀ ਤਰੱਕੀ ਹੋਵੇਗੀ, ਲੋਕ ਸੂਰਜ, ਚੰਦ ਤਕ ਅੱਪੜਨ ਦੀਆਂ ਗੱਲਾਂ ਕਰ ਕੇ ਉਸ ਉੱਪਰ ਪੂਰਨੇ ਪਾਉਣਗੇ। ਨਾਲੇ ਗੁਰੂ ਸਾਹਿਬਾਨ ਨੇ ਬਾਣੀ ਵਿਚ ਕਿਹਾ ਹੈ ਕਿ ਵਿੱਦਿਆ ਨੂੰ ਵਿਚਾਰ ਕੇ ਪਰਉਪਕਾਰ ਕਰੋ। ਮੈਂ ਗੁਰੂ ਸਾਹਿਬਾਨ ਦੇ ਇਸ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਦਾ ਇਥੇ ਖੜ੍ਹ ਕੇ ਹੋਕਾ ਦੇ ਰਿਹਾ ਹਾਂ।
ਸਿੱਖ ਧਰਮ ਵਿਚ ਵਿੱਦਿਆ ਗ੍ਰਹਿਣ ਕਰਕੇ ਅੱਗੇ ਦਾਨ ਕਰਨ ਦਾ ਕਾਰਜ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਸ਼ੁਰੂ ਹੋ ਗਿਆ ਸੀ। ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਖੇ ਪਾਠਸ਼ਾਲਾ ਖੋਲ੍ਹ ਕੇ ਆਪ ਪੜ੍ਹਾਉਣਾ ਸ਼ੁਰੂ ਕੀਤਾ। ਇਸੇ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਅੱਜਕਲ੍ਹ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਭਾਰਤ ਭਰ ਵਿਚ 23 ਕਾਲਜ, 14 ਸੀਨੀਅਰ ਸੈਕੰਡਰੀ ਸਕੂਲ, 21 ਪਬਲਿਕ ਸਕੂਲ, 2 ਇੰਜੀਨਿਅਰਿੰਗ ਕਾਲਜ, 1 ਬੀ.ਐੱਡ. ਕਾਲਜ, 6 ਮਿਸ਼ਨਰੀ ਕਾਲਜ, 4 ਮੈਡੀਕਲ ਕਾਲਜ ਚਲਾਏ ਜਾ ਰਹੇ ਹਨ। ਇਨ੍ਹਾਂ ਸਕੂਲਾਂ, ਕਾਲਜਾਂ ਵਿਚ ਔਰਤਾਂ ਨੂੰ ਸਿੱਖਿਆ ਦੇਣ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਕਿਉਂਕਿ ਅਜੋਕੇ ਸਮੇਂ ਦੀ ਮੰਗ ਹੈ ਲੜਕੀਆਂ ਨੂੰ ਸਾਰਥਕ ਵਿੱਦਿਆ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਸਾਰੇ ਪਰਵਾਰ ਨੂੰ ਸਹੀ ਦਿਸ਼ਾ ਦੇ ਸਕਣ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾਂਦੇ ਵਿਦਿਅਕ ਅਦਾਰਿਆਂ ਦੀ ਲੜੀ ਵਿਚ ਹੀ ਮੇਰਾ ਜਨਮ 2 ਜੂਨ, 1997 ਈ: ਨੂੰ ਇਸ ਪਵਿੱਤਰ ਸਥਾਨ ’ਤੇ ਹੋਇਆ। ਇਸ ਸਥਾਨ ’ਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੁਗਲ ਬਾਦਸ਼ਾਹ ਜਹਾਂਗੀਰ ਨਾਲ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਆਉਂਦੇ ਹੋਏ ਠਹਿਰੇ ਸਨ। ਬਾਦਸ਼ਾਹ ਜਹਾਂਗੀਰ ਜਿਸ ਥਾਂ ’ਤੇ ਠਹਿਰਿਆ ਸੀ ਉਹ ਥਾਂ ਗੁਰਦੁਆਰਾ ਮੰਜੀ ਸਾਹਿਬ ਦੀ ਆਲੀਸ਼ਾਨ ਇਮਾਰਤ ਦੇ ਪਿੱਛੇ ਖੰਡਰਾਂ ਦੇ ਰੂਪ ਵਿਚ ਮੌਜੂਦ ਹੈ। 14 ਅਗਸਤ, 1953 ਈ: ਵਿਚ ਗੁਰੂ ਜੀ ਦੀ ਆਮਦ ਦੀ ਪਵਿੱਤਰ ਯਾਦ ਵਿਚ ਇਸ ਸਥਾਨ ’ਤੇ ਗੁਰਦੁਆਰਾ ਮੰਜੀ ਸਾਹਿਬ ਦੀ ਇਮਾਰਤ ਉਸਾਰੀ ਗਈ ਸੀ। ਜਦੋਂ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥਾਂ ਵਿਚ ਆਇਆ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਸਭ ਤੋਂ ਪਹਿਲਾਂ ਕਾਰਜ ਇਲਾਕੇ ਵਿਚ ਲੜਕੀਆਂ ਨੂੰ ਸਿੱਖਿਆ ਦੇਣ ਲਈ ਕੀਤਾ ਗਿਆ ਜਿਸ ਦੇ ਸਿੱਟੇ ਵਜੋਂ ਮੇਰਾ ਜਨਮ ਹੋਇਆ।
ਤਰੱਕੀ ਕਰਨਾ ਹਰ ਇਕ ਦਾ ਅਧਿਕਾਰ ਹੈ। ਤਰੱਕੀ ਕਰਨ ਲਈ ਸਭ ਤੋਂ ਮੁਢਲਾ ਕ੍ਰਮ ਵਿੱਦਿਆ ਪ੍ਰਾਪਤੀ ਹੈ। ਵਿੱਦਿਆ ਪ੍ਰਾਪਤ ਕਰ ਕੇ ਹੀ ਮਨੁੱਖ ਦੁਨੀਆਂ ਦੇ ਹਰ ਖੇਤਰ ਵਿਚ ਤਰੱਕੀ ਕਰ ਕੇ ਆਪਣੇ ਸਮਾਜ ਨੂੰ ਸੁੰਦਰ ਸਿਰਜ ਸਕਦਾ ਹੈ। ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਜਦੋਂ ਕੋਈ ਵਿਦਿਆਰਥਣ ਉੱਚ ਅਹੁਦੇ ’ਤੇ ਬਿਰਾਜਮਾਨ ਹੁੰਦੀ ਹੈ ਤੇ ਕਹਿੰਦੀ ਹੈ ਕਿ ਮੈਂ ਮਾਤਾ ਗੰਗਾ ਕਾਲਜ ਫਾਰ ਗਰਲਜ਼ ਮੰਜੀ ਸਾਹਿਬ ਕੋਟਾਂ ਦੀ ਵਿਦਿਆਰਥਣ ਹਾਂ। ਵਿਦਿਆਰਥਣਾਂ ਦੀ ਤਰੱਕੀ ਤੋਂ ਮੇਰਾ ਭਾਵ ਇਹ ਨਹੀਂ ਕਿ ਸਿਰਫ਼ ਵਿਦਿਆਰਥਣਾਂ ਨੇ ਹੀ ਤਰੱਕੀ ਕੀਤੀ ਹੈ, ਉਨ੍ਹਾਂ ਦੀ ਤਰੱਕੀ ਨੂੰ ਦੇਖ ਕੇ ਤੇ ਉਨ੍ਹਾਂ ਦੀ ਰੁਚੀਆਂ ਨੂੰ ਦੇਖ ਕੇ ਮੈਂ ਵੀ ਤਰੱਕੀ ਕੀਤੀ ਹੈ। ਜਦੋਂ ਮੇਰਾ ਜਨਮ ਹੋਇਆ ਸੀ ਤਾਂ ਮੈਂ ਸਿਰਫ ਆਰਟਸ ਦੀਆਂ ਵਿਦਿਆਰਥਣਾਂ ਨੂੰ ਹੀ ਸਿੱਖਿਆ ਪ੍ਰਦਾਨ ਕਰਦਾ ਸਾਂ ਪਰ ਹੁਣ ਮੈਂ ਆਪਣਾ ਇੰਨਾ ਪਸਾਰ ਕਰ ਲਿਆ ਹੈ ਕਿ ਅੱਜ ਮੇਰੇ ਕੋਲ ਬੀ.ਏ., ਬੀ.ਕਾਮ., ਬੀ.ਐੱਸ.ਸੀ. (ਨਾਨ-ਮੈਡੀਕਲ), ਬੀ.ਸੀ.ਏ., ਪੀ.ਜੀ.ਡੀ.ਸੀ.ਏ., ਡਿਪਲੋਮਾ ਇਨ ਫੈਸ਼ਨ ਡਿਜ਼ਾਇਨਿੰਗ ਅਤੇ ਕੰਪਿਊਟਰ ਸਿੱਖਿਆ ਦੀ ਵਿਦਿਅਕ ਮਿਸਾਲ ਲੈ ਕੇ ਇਥੇ ਖੜ੍ਹਾ ਇਲਾਕੇ ਦੀਆਂ ਵਿਦਿਆਰਥਣਾਂ ਨੂੰ ਸਿੱਖਿਆ ਦਾ ਦਾਨ ਲੈਣ ਲਈ ਬੁਲਾ ਰਿਹਾ ਹਾਂ। ਮੇਰੀ ਵਿੱਦਿਆ ਰੂਪੀ ਮਸ਼ਾਲ ਦੀ ਰੋਸ਼ਨੀ ਇਲਾਕੇ ਦੇ 200 ਪਿੰਡਾਂ ਵਿਚ ਪਹੁੰਚ ਰਹੀ ਹੈ ਜਿਸ ਵਿਚ 800 ਦੇ ਲਗਭਗ ਵਿਦਿਆਰਥਣਾਂ ਆਪਣੇ ਭਵਿੱਖ ਲਈ ਸੁਨਹਿਰੇ ਸੁਪਨੇ ਸਿਰਜ ਰਹੀਆਂ ਹਨ। ਮੇਰੇ ਕੋਲ ਇਥੇ ਆਉਣ ਵਾਲੀਆਂ ਵਿਦਿਆਰਥਣਾਂ ਮੇਰੇ ਨਾਲ ਬੜਾ ਮੋਹ ਕਰਦੀਆਂ ਹਨ। ਮੈਨੂੰ ਹੱਦਾਂ ਦੀ ਖੁਸ਼ੀ ਹੁੰਦੀ ਹੈ ਜਦੋਂ ਉਹ ਮੈਨੂੰ ਮਾਂ ਸਮਝ ਮੇਰੀ ਨਿੱਘੀ ਬੁੱਕਲ ਵਿਚ ਬੈਠ ਕੇ ਆਪਣੇ ਭਵਿੱਖ ਲਈ ਸਿਰਜੇ ਸੁਨਹਿਰੀ ਸੁਪਨਿਆਂ ਦੀਆਂ ਗੱਲਾਂ ਕਰਦੀਆਂ ਹਨ। ਮੈਂ ਵੀ ਉਨ੍ਹਾਂ ਦਾ ਪੂਰਾ ਖਿਆਲ ਰੱਖਦਾ ਹਾਂ। ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਉਂਗਲ ਨਾਲ ਲਾ ਕੇ ਲੈ ਜਾਂਦੀ ਹੈ ਉਸੇ ਤਰਾਂ ਮੈਂ ਵੀ ਆਪਣੀਆਂ ਬੱਸਾਂ ਭੇਜ ਕੇ ਉਨ੍ਹਾਂ ਨੂੰ ਸਵੇਰੇ ਘਰੋਂ ਲੈ ਕੇ ਆਉਂਦਾ ਹਾਂ ਤੇ ਸ਼ਾਮ ਨੂੰ ਛੱਡ ਕੇ ਆਉਂਦਾ ਹਾਂ। ਮੈਂ ਆਪਣੀਆਂ ਵਿਦਿਆਰਥਣਾਂ ਲਈ ਹਰ ਇਕ ਸਹੂਲਤ ਦਾ ਪ੍ਰਬੰਧ ਕਰ ਰੱਖਿਆ ਹੈ। ਕੰਪਿਊਟਰ ਸਾਇੰਸ, ਹੋਮ ਸਾਇੰਸ, ਲੈਬੋਰਟਰੀ, ਲਾਇਬ੍ਰੇਰੀ ਆਦਿ ਜੋ ਵੀ ਮੇਰੇ ਬੱਚੇ ਮੰਗ ਕਰਦੇ ਹਨ ਉਸ ਦਾ ਪ੍ਰਬੰਧ ਮੇਰੇ ਪਾਸ ਹੈ।
ਹਾਂ ਸੱਚ! ਤੁਸੀਂ ਸੋਚੋਗੇ ਮੈਂ ਤਾਂ ਸਾਰਾ ਦਿਨ ਵਿਦਿਆਰਥਣਾਂ ਨੂੰ ਪੜ੍ਹਨ ਹੀ ਲਾਈ ਰੱਖਦਾ ਹਾਂ, ਕੁਝ ਹੋਰ ਕਰਨ ਹੀ ਨਹੀਂ ਦਿੰਦਾ। ਨਹੀਂ-ਨਹੀਂ! ਇਹੋ ਜਿਹੀ ਕੋਈ ਗੱਲ ਨਹੀਂ। ਮੇਰੀਆਂ ਵਿਦਿਆਰਥਣਾਂ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਵੀ ਵਿਸ਼ੇਸ਼ ਥਾਂ ਹਾਸਲ ਕਰਦੀਆਂ ਹਨ। ਇਨ੍ਹਾਂ ਸਾਰੇ ਕੰਮਾਂ ਪਿੱਛੇ ਮੈਨੂੰ ਆਪਣੀ ਪ੍ਰਿੰਸੀਪਲ ਬੀਬਾ ਮਨਜਿੰਦਰ ਕੌਰ ’ਤੇ ਬਹੁਤ ਮਾਣ ਹੈ। ਸ਼ਾਇਦ ਇਨ੍ਹਾਂ ਤੋਂ ਬਗੈਰ ਮੈਂ ਇੰਨੀ ਤਰੱਕੀ ਨਾ ਕਰ ਸਕਦਾ ਜਾਂ ਮੇਰੀ ਹੋਂਦ ਇਸ ਤਰ੍ਹਾਂ ਦੀ ਨਾ ਹੁੰਦੀ ਜੋ ਮੌਜੂਦਾ ਹੈ। ਬੀਬਾ ਮਨਜਿੰਦਰ ਕੌਰ ਵੱਲੋਂ ਵਿਦਿਆਰਥਣਾਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਧਾਰਮਿਕ ਅਤੇ ਗੁਰਮਤਿ ਵਿੱਦਿਆ ਦੇ ਕੇ ਸੁੰਦਰ ਸਮਾਜ ਨੂੰ ਸਿਰਜਣ ਦੀ ਉਨ੍ਹਾਂ ਦੀ ਦਿਲੀ ਇੱਛਾ ਮੇਰੇ ਨਾਮ ਨੂੰ ਹੋਰ ਉਜਾਗਰ ਕਰ ਰਹੀ ਹੈ। ਮੇਰੇ ਪਾਸੋਂ ਵਿੱਦਿਆ-ਪ੍ਰਾਪਤ ਵਿਦਿਆਰਥਣਾਂ ਕੋਲ ਜੋ ਧਾਰਮਿਕ ਸਿੱਖਿਆ ਦਾ ਗਹਿਣਾ ਹੁੰਦਾ ਹੈ ਉਹ ਉਨ੍ਹਾਂ ਦੀ ਜ਼ਿੰਦਗੀ ਲਈ ਇਕ ਅਨਮੋਲ ਖਜ਼ਾਨਾ ਹੈ ਜਿਸ ਦੀ ਬਦੌਲਤ ਉਹ ਹਰ ਦਿਲ ’ਤੇ ਰਾਜ ਕਰਕੇ ਸੁੰਦਰ ਪਰਵਾਰ, ਸੁੰਦਰ ਸਮਾਜ ਦੀਆਂ ਸਿਰਜਣਹਾਰ ਹੋ ਨਿੱਬੜਦੀਆਂ ਹਨ। ਇਹ ਕੋਈ ਬੰਦਸ਼ ਨਹੀਂ ਬਲਕਿ ਸੁਚੱਜੀ ਜ਼ਿੰਦਗੀ ਜੀਉਣ ਦੀ ਜਾਂਚ ਹੈ। ਇਹ ਅਜ਼ਾਦੀ ਨੂੰ ਮਾਨਣ ਦਾ ਸਹੀ ਢੰਗ ਹੈ। ਸਹੀ ਅਰਥਾਂ ਵਿਚ ਅਸੀਂ ਅਸਲੀ ਅਜ਼ਾਦੀ ਦਾ ਅਨੰਦ ਤਾਂ ਹੀ ਲੈ ਸਕਦੇ ਹਾਂ ਜੇਕਰ ਸਾਡੀ ਅਜ਼ਾਦੀ ਦੂਜਿਆਂ ਦੀ ਅਜ਼ਾਦੀ ਵਿਚ ਕੋਈ ਵਿਘਨ ਨਹੀਂ ਪਾਉਂਦੀ। ਇਹੋ ਸੰਦੇਸ਼ ਬੀਬਾ ਮਨਜਿੰਦਰ ਕੌਰ ਆਪਣੀਆਂ ਵਿਦਿਆਰਥਣਾਂ ਦੇ ਪੱਲੇ ਬੰਨ ਕੇ ਉਨ੍ਹਾਂ ਨੂੰ ਸਮਾਜ ਵਿਚ ਸੇਵਾ ਕਰਨ ਲਈ ਤੋਰਦੀ ਹੈ। ਮੇਰਾ ਸਾਰਾ ਸਟਾਫ਼ ਬਹੁਤ ਹੀ ਮਿਹਨਤੀ, ਕੁਸ਼ਲ ਤੇ ਮਿੱਠ-ਬੋਲੜਾ ਹੈ ਜਿਸ ਤੋਂ ਵਿੱਦਿਆ ਪ੍ਰਾਪਤ ਕਰ ਕੇ ਵਿਦਿਆਰਥਣਾਂ ਮਾਣ ਮਹਿਸੂਸ ਕਰਦੀਆਂ ਹਨ ਅਤੇ ਉਦੋਂ ਮੇਰਾ ਸਿਰ ਹੋਰ ਵੀ ਉੱਚਾ ਹੋ ਜਾਂਦਾ ਹੈ ਜਦੋਂ ਵਿਦਿਆਰਥਣਾਂ ਆਪਣੇ ਅਧਿਆਪਕ ਦਾ ਨਾਂ ਲੈ ਕੇ ਦੱਸਦੀਆਂ ਹਨ ਕੇ ਮੇਰੇ ਉਹ ਅਧਿਆਪਕ ਹਨ ਜਿਨ੍ਹਾਂ ਤੋਂ ਪੜ੍ਹ ਕੇ ਮੈਂ ਅੱਜ ਸਮਾਜ ਦੇ ਇਸ ਉੱਚ ਅਹੁਦੇ ’ਤੇ ਸੇਵਾ ਕਰ ਰਹੀ ਹਾਂ। ਮੈਨੂੰ ਸਮੇਂ-ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਵੱਧ ਤੋਂ ਵੱਧ ਸ਼ਿੰਗਾਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਭਾਵੇਂ ਮੇਰਾ ਜਨਮ ਉਸ ਸਮੇਂ ਦੇ ਪ੍ਰਧਾਨ ਸ. ਗੁਰਚਰਨ ਸਿੰਘ ਟੌਹੜਾ ਦੇ ਹੱਥੀਂ ਹੋਇਆ ਪਰ ਉਨ੍ਹਾਂ ਤੋਂ ਬਾਅਦ ਆਏ ਪ੍ਰਧਾਨ ਸਾਹਿਬਾਨ ਬੀਬੀ ਜਗੀਰ ਕੌਰ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸ. ਕਿਰਪਾਲ ਸਿੰਘ ਬਡੂੰਗਰ ਅਤੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਸ. ਅਵਤਾਰ ਸਿੰਘ ਵੱਲੋਂ ਵੀ ਮੈਨੂੰ ਵਿਸ਼ੇਸ਼ ਸਤਿਕਾਰ ਤੇ ਪਿਆਰ ਪ੍ਰਾਪਤ ਹੁੰਦਾ ਰਿਹਾ ਹੈ। ਭਾਵੇਂ ਮੈਂ ਪੇਂਡੂ ਇਲਾਕੇ ਵਿਚ ਬਿਰਾਜਮਾਨ ਹਾਂ ਪਰ ਇਨ੍ਹਾਂ ਦੀ ਬਦੌਲਤ ਮੇਰੇ ਵਿਚ ਸ਼ਹਿਰੀ ਕਾਲਜਾਂ ਨਾਲੋਂ ਕੋਈ ਕਮੀ ਨਹੀਂ ਅਤੇ ਮੇਰੇ ਵਿਦਿਆਰਥੀ ਸ਼ਹਿਰੀ ਵਿਦਿਆਰੀਆਂ ਨਾਲੋਂ ਕਿਸੇ ਗੱਲੋਂ ਘੱਟ ਨਹੀਂ ਹਨ।
ਆਓ! ਆਪਣੀਆਂ ਬੱਚੀਆਂ ਨੂੰ ਪੜ੍ਹਾਉਣ ਲਈ ਲੈ ਕੇ ਆਓ। ਮੈਂ ਸਵਾਗਤ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਵਿੱਦਿਆ ਦਾ ਤੀਜਾ ਨੇਤਰ ਪ੍ਰਾਪਤ ਕਰ ਕੇ ਆਪ ਦੀਆਂ ਬੱਚੀਆਂ ਸਮਾਜ ਨੂੰ ਰੋਸ਼ਨ ਤੇ ਖੁਸ਼ਹਾਲ ਕਰਨਗੀਆਂ।
ਆਓ! ਕਲਮਾਂ ਵਾਲਿਓ, ਵਤਨ ਦੇ ਪਿਆਰਿਓ, ਸਮਾਜ ਨੂੰ ਸੁਧਾਰਿਓ,
ਉਡੀਕ ਹੈ, ਉਡੀਕ ਹੈ, ਮੈਨੂੰ ਤੇਰੀ ਉਡੀਕ ਹੈ . . .
ਲੇਖਕ ਬਾਰੇ
#607/6, ਕੰਗ ਨਿਵਾਸ, ਆਦਰਸ਼ ਕਾਲੋਨੀ, ਖੰਨਾ
- ਹੋਰ ਲੇਖ ਉਪਲੱਭਧ ਨਹੀਂ ਹਨ