ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਮਹਾਨ ਅਧਿਆਤਮਕ ਗ੍ਰੰਥ ਹੈ, ਜਿਸ ਵਿਚ 6 ਗੁਰੂ ਸਾਹਿਬਾਨ, 15 ਭਗਤਾਂ, 11 ਭੱਟਾਂ ਅਤੇ 4 ਗੁਰੂ-ਘਰ ਦੇ ਨਿਕਟਵਰਤੀ ਗੁਰਸਿੱਖਾਂ ਦੀ ਬਾਣੀ ਦਰਜ ਹੈ। ਸ਼ੇਖ ਫ਼ਰੀਦ ਜੀ ਦੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ 4 ਸ਼ਬਦ (ਦੋ ਰਾਗ ਆਸਾ ਅਤੇ ਦੋ ਰਾਗ ਸੂਹੀ ਵਿਚ) ਅਤੇ 112 ਸਲੋਕ ਦਰਜ ਹਨ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ੇਖ਼ ਫ਼ਰੀਦ ਜੀ ਦੇ ਨਾਂ ਹੇਠ 130 ਸਲੋਕ ਦਰਜ ਹਨ। ਇਨ੍ਹਾਂ ਵਿੱਚੋਂ 18 ਸਲੋਕ ਗੁਰੂ ਸਾਹਿਬਾਨ ਜੀ ਦੇ ਹਨ। ਸ਼ੇਖ਼ ਫ਼ਰੀਦ ਜੀ ਦੀ ਬਾਣੀ ਨੇ ਪੰਜਾਬੀ ਸਮਾਜ, ਪੰਜਾਬੀ ਸਾਹਿਤ ਅਤੇ ਪੰਜਾਬੀ ਸਭਿਆਚਾਰ ਉੱਪਰ ਅਮਿਟ ਪ੍ਰਭਾਵ ਪਾਇਆ ਹੈ। ਆਪ ਜੀ ਦੀ ਬਾਣੀ ਵਿਚ ਪ੍ਰਮੁੱਖ ਰੂਪ ਵਿਚ ਪਰਮਾਤਮਾ ਨਾਲ ਇਸ਼ਕ, ਜੀਵਾਤਮਾ ਦਾ ਪਰਮਾਤਮਾ ਨਾਲ ਵਿਛੋੜਾ, ਵਿਛੋੜੇ ਦੀ ਤੜਪ, ਮੁਰਸ਼ਦ ਦੀ ਲੋੜ, ਆਪੇ ਦੀ ਪਛਾਣ, ਪਰਮਾਤਮਾ ਨਾਲ ਵਸਲ, ਨਾਸ਼ਮਾਨਤਾ ਅਤੇ ਨੈਤਿਕ ਗੁਣਾਂ ’ਤੇ ਜ਼ੋਰ ਦਿੰਦਿਆਂ ਜੀਵਾਤਮਾ ਨੂੰ ਪਰਮਾਤਮਾ ਦੀ ਭਗਤੀ ਵੱਲ ਪ੍ਰੇਰਿਤ ਕੀਤਾ ਹੈ।
ਸ਼ੇਖ਼ ਫ਼ਰੀਦ ਜੀ ਅਨੁਸਾਰ ਪਰਮਾਤਮਾ ਸੱਚ ਹੈ; ਉਹ ਅਮਰ, ਅਵਿਨਾਸ਼ੀ, ਅਗਮ-ਅਗੋਚਰ ਤੇ ਬੇਅੰਤ ਹੈ:
ਪਰਵਦਗਾਰ ਅਪਾਰ ਅਗਮ ਬੇਅੰਤ ਤੂ॥
ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ॥ (ਪੰਨਾ 488)
ਪਰ ਸੰਸਾਰ ਅਸਥਿਰ ਹੈ, ਨਾਸ਼ਮਾਨ ਹੈ:
ਝੂਠੀ ਦੁਨੀਆ ਲਗਿ ਨ ਆਪੁ ਵਞਾਈਐ॥ (ਪੰਨਾ 488)
ਇਸ ਸੰਸਾਰ ਰੂਪੀ ਜੰਗਲ ਦੀ ਕਿਸੇ ਵੀ ਦਿਸ਼ਾ ਵਿਚ ਸਥਿਰਤਾ ਨਹੀਂ, ਬਲਕਿ ਚਾਰੇ ਦਿਸ਼ਾਵਾਂ ਵਿਚ ਸਭ ਕੁਝ ਅਸਥਿਰ ਤੇ ਬਦਲਣਹਾਰ ਹੈ:
ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ॥
ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ॥ਨ(ਪੰਨਾ 1383)
ਬਾਬਾ ਫ਼ਰੀਦ ਜੀ ਕਹਿੰਦੇ ਹਨ ਕਿ ਇਸ ਦੁਨੀਆਂ ਵਿਚ ਕੋਈ ਵੀ ਸਦਾ ਵਾਸਤੇ ਨਹੀਂ ਰਹਿ ਸਕਦਾ। ਸਾਡੇ ਤੋਂ ਪਹਿਲਾਂ ਵੀ ਬੇਅੰਤ ਲੋਕ ਇਸ ਦੁਨੀਆਂ ਤੋਂ ਜਾ ਚੁੱਕੇ ਹਨ ਤੇ ਆਖ਼ਰ ਇਕ ਦਿਨ ਸਾਡੀ ਵੀ ਵਾਰੀ ਆਉਣੀ ਹੈ। ਜੇਕਰ ਕੋਈ ਰਹਿ ਸਕਦਾ ਹੁੰਦਾ ਤਾਂ ਸਾਡੇ ਤੋਂ ਪਹਿਲੋਂ ਆਏ ਲੋਕ ਕਦੇ ਵੀ ਇਸ ਦੁਨੀਆਂ ਨੂੰ ਛੱਡ ਕੇ ਨਾ ਜਾਂਦੇ:
ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ॥
ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ॥ (ਪੰਨਾ 488)
ਫਰੀਦਾ ਕਿਥੈ ਤੈਡੇ ਮਾਪਿਆ ਜਿਨੀ੍ ਤੂ ਜਣਿਓਹਿ॥
ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ॥ (ਪੰਨਾ 1381)
ਪਰਮਾਤਮਾ ਅਤੇ ਜੀਵਾਤਮਾ ਵਿਚ ਕੋਈ ਅੰਤਰ ਨਹੀਂ ਹੈ, ਜੋ ਅੰਤਰ ਦਿੱਸਦਾ ਹੈ, ਉਹ ਮਾਇਆ ਕਾਰਨ ਹੈ। ਮਾਇਆ ਦੀ ਦਲਦਲ ਵਿਚ ਖਚਿਤ ਹੋ ਕੇ ਜੀਵ ਆਪਣੇ ਮੂਲ ਸੋਮੇ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ:
ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ॥ (ਪੰਨਾ 1379)
ਅਰਥਾਤ ਇਹ ਮਾਇਆਵੀ ਪਦਾਰਥ ਬਾਹਰੋਂ ਮਿੱਠੇ ਲੱਗਦੇ ਹਨ ਪਰ ਅੰਦਰੋਂ ਜ਼ਹਿਰੀਲੇ ਹਨ। ਜੀਵ ਆਪਣੀ ਜ਼ਿੰਦਗੀ ਇਨ੍ਹਾਂ ਦੁਨਿਆਵੀ ਪਦਾਰਥਾਂ (ਕੋਠੇ, ਮਹਿਲ, ਮਾੜੀਆਂ, ਧਨ, ਦੌਲਤਾਂ ਆਦਿ) ਨੂੰ ਇਕੱਠਾ ਕਰਨ ’ਤੇ ਲਾ ਦਿੰਦਾ ਹੈ ਪਰ ਉਹ ਭੁੱਲ ਜਾਂਦਾ ਹੈ ਕਿ ਇਹ ਦੁਨਿਆਵੀ ਪਦਾਰਥ ਨਾਸ਼ਮਾਨ ਹਨ:
ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ॥ (ਪੰਨਾ 794)
ਇਸ ਲਈ ਇਨ੍ਹਾਂ ਪਦਾਰਥਾਂ ਦਾ ਮਾਣ/ਹੰਕਾਰ ਨਹੀਂ ਕਰਨਾ ਚਾਹੀਦਾ:
ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ॥
ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ॥ (ਪੰਨਾ 1380)
ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ॥
ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ॥ (ਪੰਨਾ 1380)
ਬਾਬਾ ਫ਼ਰੀਦ ਜੀ ਅਨੁਸਾਰ ਜਿੱਥੇ ਇਹ ਦੁਨਿਆਵੀ ਪਦਾਰਥ ਨਾਸ਼ਮਾਨ ਹਨ ਉਥੇ ਮਨੁੱਖਾ ਸਰੀਰ ਵੀ ਨਾਸ਼ਮਾਨ ਹੈ। ਇਸ ਸਰੀਰ ਨੇ ਵੀ ਇਕ ਦਿਨ ਮਿੱਟੀ ਦੀ ਢੇਰੀ ਹੋ ਜਾਣਾ ਹੈ :
ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ॥ (ਪੰਨਾ 488)
ਜੀਵ ਦੀ ਜ਼ਿੰਦਗੀ ਉਸ ਦਰਿਆ ਦੇ ਕੰਢੇ ਖੜ੍ਹੇ ਰੁੱਖ ਵਾਂਗ ਹੈ, ਜਿਸ ਦਾ ਕੋਈ ਭਰਵਾਸਾ ਨਹੀਂ ਕਿ ਕਦੋਂ ਰੁੜ੍ਹ ਜਾਵੇ। ਮੌਤ ਅਟੱਲ ਹੈ, ਇਥੋਂ ਤਕ ਕਿ ਮੌਤ ਦੀ ਘੜੀ ਵੀ ਨਿਸ਼ਚਿਤ ਹੈ:
ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ॥ (ਪੰਨਾ 1377)
ਜੋ ਜੀਵ ਪੈਦਾ ਹੋਇਆ ਹੈ ਉਹ ਜ਼ਰੂਰ ਖ਼ਤਮ ਹੋਵੇਗਾ, ਮੌਤ ਤੋਂ ਬਚ ਨਹੀਂ ਸਕਦਾ:
ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ॥
ਜੇ ਸਉ ਵਰ੍ਆਿ ਜੀਵਣਾ ਭੀ ਤਨੁ ਹੋਸੀ ਖੇਹ॥ (ਪੰਨਾ 1380)
ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ॥
ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ॥ (ਪੰਨਾ 1382)
ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ॥ (ਪੰਨਾ 1378)
ਅਰਥਾਤ ਆਪ ਫ਼ਰਮਾਉਂਦੇ ਹਨ ਕਿ ਸਵਾਸਾਂ ਰੂਪੀ ਤਿਲ ਥੋੜ੍ਹੇ ਹਨ। ਇਸ ਕਰਕੇ ਇਨ੍ਹਾਂ ਦੀ ਵਰਤੋਂ ਸੰਜਮਤਾ ਭਰਪੂਰ ਤੇ ਸਦਉਪਯੋਗ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਪਰਮਾਤਮਾ ਦੇ ਬੁਲਾਵੇ ’ਤੇ ਜੀਵਾਤਮਾ ਰੂਪੀ ‘ਹੰਸ’ ਨੇ ਉਡਾਰੀ ਮਾਰ ਜਾਣੀ ਹੈ:
ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ॥ (ਪੰਨਾ 1383)
ਫਿਰ ਇਸ ਸਰੀਰ ਨੇ ਮਿੱਟੀ ਦੀ ਢੇਰੀ ਬਣ ਕੇ ਰਹਿ ਜਾਣਾ ਹੈ:
ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ॥
ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ॥ (ਪੰਨਾ 794)
ਸ਼ੇਖ਼ ਫ਼ਰੀਦ ਜੀ ਅਨੁਸਾਰ ਜੇਕਰ ਗੋਦੜੀ ਫਟ ਜਾਵੇ ਤਾਂ ਉਸ ਨੂੰ ਟਾਂਕੇ ਲਾਏ ਜਾ ਸਕਦੇ ਹਨ ਪਰ ਜੇਕਰ ਜੀਵਨ ਰੂਪੀ ਗੋਦੜੀ ਇਕ ਵਾਰ ਫਟ ਗਈ ਤਾਂ ਦੁਬਾਰਾ ਸੀਤੀ ਨਹੀਂ ਜਾਣੀ। ਮੌਤ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ, ਇਸ ਤੋਂ ਗੁਰੂ, ਪੀਰ, ਪੈਗ਼ੰਬਰ ਤੇ ਰਿਸ਼ੀ-ਮੁਨੀ ਕੋਈ ਵੀ ਬਚ ਨਹੀਂ ਸਕਿਆ:
ਫਰੀਦਾ ਖਿੰਥੜਿ ਮੇਖਾ ਅਗਲੀਆ ਜਿੰਦੁ ਨ ਕਾਈ ਮੇਖ॥
ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ॥ (ਪੰਨਾ 1380)
ਬਾਬਾ ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਜੀਵ ਸਰੀਰਕ ਸੁੰਦਰਤਾ, ਹੁਸਨ ਤੇ ਜਵਾਨੀ ਉੱਪਰ ਬੜਾ ਮਾਣ ਕਰਦਾ ਹੈ ਪਰ ਇਹ ਸਰੀਰਕ ਸੁੰਦਰਤਾ, ਹੁਸਨ ਤੇ ਜਵਾਨੀ ਸਭ ਅਸਥਿਰ ਹਨ, ਨਾਸ਼ਮਾਨ ਹਨ। ਸਰੀਰਕ ਸੁੱਖਾਂ ਲਈ ਜੀਵ ਤਰ੍ਹਾਂ-ਤਰ੍ਹਾਂ ਦੇ ਐਸ਼ੋ- ਅਰਾਮ ਦੇ ਪਦਾਰਥ ਇਕੱਠੇ ਕਰਦਾ ਹੈ। ਸਰੀਰਕ ਸੁੰਦਰਤਾ ਲਈ ਤਰ੍ਹਾਂ-ਤਰ੍ਹਾਂ ਦੇ ਹਾਰ-ਸ਼ਿੰਗਾਰ ਕਰਦਾ ਹੈ। ਉਹ ਇਨ੍ਹਾਂ ਹਕੀਕਤਾਂ ਨੂੰ ਜਾਣ-ਬੁੱਝ ਕੇ ਵਿਸਾਰਦਾ ਹੈ:
ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ॥
ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ॥ (ਪੰਨਾ 1379)
ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ ਮਾਸਿ॥
ਕੇਤੜਿਆ ਜੁਗ ਵਾਪਰੇ ਇਕਤੁ ਪਇਆ ਪਾਸਿ॥ (ਪੰਨਾ 1381)
ਫਰੀਦਾ ਜਿਨ੍ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ॥
ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ॥ (ਪੰਨਾ 1378)
ਇਸ ਤਰ੍ਹਾਂ ਬਾਬਾ ਫ਼ਰੀਦ ਜੀ ਨੇ ਇਸ ਗੱਲ ’ਤੇ ਬਲ ਦਿੱਤਾ ਹੈ ਕਿ ਸੰਸਾਰ ਨਾਸ਼ਮਾਨ ਹੈ, ਅਸਥਿਰ ਹੈ। ਇਸ ਸੰਸਾਰ ਦੇ ਪਦਾਰਥ ਵੀ ਨਾਸ਼ਮਾਨ ਹਨ। ਡਾ. ਕਰਤਾਰ ਸਿੰਘ ਅਨੁਸਾਰ:
ਆਪ (ਬਾਬਾ ਫ਼ਰੀਦ ਜੀ) ਨੇ ਇਸ ਜੀਵਨ ਦੀ ਨਾਸ਼ਮਾਨਤਾ ਵੱਲ ਮਨੁੱਖ ਦਾ ਧਿਆਨ ਦਿਵਾ ਕੇ ਉਸ ਨੂੰ ਪ੍ਰਭੂ-ਪ੍ਰੇਮ ਵੱਲ ਮੁੜਨ ਦੀ ਪ੍ਰੇਰਨਾ ਦਿੱਤੀ ਹੈ। “ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ॥ ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ॥” ਵਰਗੇ ਸਲੋਕਾਂ ਨੂੰ ਪੜ੍ਹ ਕੇ ਇਸ ਸੰਸਾਰ ਦੀ ਥੋੜ੍ਹ-ਚਿਰੀ ਖੇਡ ਦਾ ਗਿਆਨ ਹੁੰਦਾ ਹੈ। ਮਾਇਆ ਵਿਚ ਸਰਪਟ ਦੌੜਦੇ ਮਨੁੱਖੀ ਮਨ ਉੱਤੇ ਇਕ ਚਾਬਕ ਵੱਜਦੀ ਹੈ। ਮਨੁੱਖ ਮੁੜ ਚੇਤੰਨ ਹੋ ਜਾਂਦਾ ਹੈ ਤੇ ਆਪਣੇ ਫ਼ਰਜ਼ ਨੂੰ ਪਛਾਣਨ ਲੱਗਦਾ ਹੈ। ਉਸ ਨੂੰ ਆਪਣੀ ਸ਼ਕਤੀ ਦਾ ਅਹਿਸਾਸ ਹੁੰਦਾ ਹੈ। ਝੂਠੀ ਦੁਨੀਆਂ ਦਾ ਝੂਠਾ ਮਾਣ ਤਿਆਗ ਕੇ ਉਹ ਸੱਚੇ ਮਾਰਗ ’ਤੇ ਤੁਰਨ ਲੱਗਦਾ ਹੈ। ਇਸ ਤਰ੍ਹਾਂ ਫ਼ਰੀਦ-ਬਾਣੀ ਦਾ ਪਾਠਕ ਇਹ ਮਹਿਸੂਸ ਕਰਦਾ ਹੈ ਕਿ ਸੰਸਾਰ ਪਦਾਰਥਾਂ ਦੀਆਂ ਪ੍ਰਾਪਤੀਆਂ ਕੋਈ ਅਰਥ ਨਹੀਂ ਰੱਖਦੀਆਂ, ਇਨ੍ਹਾਂ ਦਾ ਮਾਣ ਝੂਠਾ ਹੈ। (ਪੰਜਾਬੀ ਸੂਫ਼ੀ ਕਾਵਿ ਵਿਸ਼ੇਸ਼ ਅੰਕ, ਖੋਜ ਦਰਪਣ, ਜੁਲਾਈ 1998, ਪੰਨਾ 114-15)
ਡਾ. ਦੀਵਾਨ ਸਿੰਘ ਅਨੁਸਾਰ :
ਬਾਬਾ ਫ਼ਰੀਦ ਦੇ ਮਨ ਵਿਚ ਇਸ ਸੰਸਾਰ ਦੀ ਅਸਥਿਰਤਾ ਅਤੇ ਨਾਸ਼ਮਾਨਤਾ ਬਾਰੇ ਰਤਾ ਜਿੰਨਾ ਵੀ ਭੁਲੇਖਾ ਨਹੀਂ ਹੈ। ਇਹ ਸੰਸਾਰ ਛਿਨਭੰਗਰ ਹੈ। ਹਰ ਘੜੀ ਆਯੂ ਘਟ ਰਹੀ ਹੈ। ਇਸ ਦੁਨੀਆਂ ਵਿਚ ਸਦਾ ਵਾਸਤੇ ਕੋਈ ਨਹੀਂ ਰਿਹਾ। ਜਿਸ ਥਾਂ ਉੱਤੇ ਅੱਜ ਅਸੀਂ ਬੈਠੇ ਹਾਂ, ਇਸ ਥਾਂ ਉੱਤੇ ਸਾਡੇ ਤੋਂ ਪਹਿਲਾਂ ਅਨੇਕਾਂ ਹੀ ਲੋਕ ਬੈਠ ਕੇ ਅਗਲੀ ਦੁਨੀਆਂ ਵਿਚ ਜਾ ਚੁੱਕੇ ਹਨ। ਬਾਬਾ ਫ਼ਰੀਦ ਨੇ ਦੁਨੀਆਂ ਦੀ ਇਸ ਅਸਥਿਰਤਾ ਦੀ ਆਪਣੀ ਬਾਣੀ ਵਿਚ ਵਾਰ-ਵਾਰ ਚਿਤਾਵਨੀ ਦਿੱਤੀ ਹੈ।(ਫ਼ਰੀਦ ਦਰਸ਼ਨ, ਪੰਨਾ 50)
ਉਪਰੋਕਤ ਸਮੁੱਚੀ ਚਰਚਾ ਤੋਂ ਬਾਅਦ ਨਿਰਸੰਦੇਹ ਕਿਹਾ ਜਾ ਸਕਦਾ ਹੈ ਕਿ ਬਾਬਾ ਫ਼ਰੀਦ ਜੀ ਨੇ ਬਾਣੀ ਵਿਚ ਜੀਵ ਦੀ ਨਾਸ਼ਮਾਨਤਾ ਅਤੇ ਸੰਸਾਰ ਤੇ ਸੰਸਾਰਕ ਪਦਾਰਥਾਂ ਦੀ ਨਾਸ਼ਮਾਨਤਾ ਦਾ ਵਿਸਤ੍ਰਿਤ ਵਰਣਨ ਕੀਤਾ ਹੈ। ਅਸਲ ਵਿਚ ਆਪ ਜੀ ਨੇ ਨਾਸ਼ਮਾਨਤਾ ਰਾਹੀਂ ਜੀਵਾਤਮਾ ਨੂੰ ਪਰਮਾਤਮਾ ਨਾਲ ਜੋੜਨ ਦੀ ਪ੍ਰੇਰਨਾ ਦਿੱਤੀ ਹੈ ਕਿਉਂਕਿ ਪਰਮਾਤਮਾ ਹੀ ਸਦੀਵੀ ਹੈ। ਜੋ ਜੀਵਾਤਮਾ ਪਰਮਾਤਮਾ ਨਾਲ ਸੱਚੇ ਦਿਲੋਂ ਪਿਆਰ ਕਰਦੀ ਹੈ, ਉਹ ਪਰਮਾਤਮਾ ਨਾਲ ਅਭੇਦ ਹੋ ਜਾਂਦੀ ਹੈ: ਦਿਲਹੁ ਮੁਹਬਤਿ ਜਿੰਨ੍ ਸੇਈ ਸਚਿਆ॥ ਇਸ ਲਈ ਫਰੀਦਾ ਜਿਨੀ੍ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ॥ ਅਰਥਾਤ ਇਹੋ ਜਿਹੇ ਕਰਮ ਨਾ ਕਰ ਜਿਹੜੇ ਅੰਤਿਮ ਸਮੇਂ ਸਹਾਈ ਨਾ ਹੋ ਸਕਣ। ਇਸ ਦੇ ਉਲਟ ਉਨ੍ਹਾਂ ਗੁਣਾਂ ਨੂੰ ਹੀ ਧਾਰਨ ਕਰ ਜਿਨ੍ਹਾਂ ਦੁਆਰਾ ਪਰਮਾਤਮਾ ਨਾਲ ਮੇਲ ਹੋ ਸਕੇ ਜਿਵੇਂ ਪ੍ਰੇਮ, ਸਬਰ, ਸੰਤੋਖ, ਦਇਆ, ਨਿਮਰਤਾ, ਸਹਿਣਸ਼ੀਲਤਾ, ਖਿਮਾ ਅਤੇ ਪਰਉਪਕਾਰ ਆਦਿ।
ਲੇਖਕ ਬਾਰੇ
- ਪ੍ਰੋ. ਸੀਤਲ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%b8%e0%a9%80%e0%a8%a4%e0%a8%b2-%e0%a8%b8%e0%a8%bf%e0%a9%b0%e0%a8%98/September 1, 2007
- ਪ੍ਰੋ. ਸੀਤਲ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%b8%e0%a9%80%e0%a8%a4%e0%a8%b2-%e0%a8%b8%e0%a8%bf%e0%a9%b0%e0%a8%98/February 1, 2009