ਤੇਰੇ ਪੱਲੇ ਕੁਝ ਨਹੀਂ ਪੈਣਾ, ਨਾ ਹੀ ਕੁਝ ਕਮਾਏਂਗਾ।
ਕੋਈ ਮੁੱਲ ਨਹੀਂ ਮਿੱਟੀ ਦਾ, ਮਿੱਟੀ ਤੂੰ ਹੋ ਜਾਏਂਗਾ।
ਪਾਪ ਦੀ ਨਗਰੀ, ਝੂਠੇ ਵਣਜ, ਕਰਦਾ ਮਾਰਾ-ਮਾਰੀ ਏਂ,
ਭੇਸ ਵਟਾ ਕੇ ਆਪਣਾ ਤੂੰ, ਅਕਲ ਲੋਕਾਂ ਦੀ ਚਾਰੀ ਏ।
ਦਾਗ਼ ਲਗਾਉਂਦੈਂ ਰਾਮ-ਰਹੀਮ ਨੂੰ, ਕੀ ਖੱਟ ਕੇ ਲੈ ਜਾਏਂਗਾ?
ਤੇਰੇ ਪੱਲੇ ਕੁਝ ਨਹੀਂ ਪੈਣਾ…
ਗੁਰੂਆਂ ਅਤੇ ਫ਼ਕੀਰਾਂ ਨੇ ਤਾਂ, ਕੀਤੀ ਨੇਕ ਕਮਾਈ ਸੀ,
ਸੱਚ ਦੀ ਰਾਹ ਦਿਖਾਵਣ ਲਈ, ਜਾਨ ਦੀ ਬਾਜ਼ੀ ਲਾਈ ਸੀ।
ਬਰਾਬਰਤਾ ਦਸਮੇਸ਼ ਪਿਤਾ ਦੀ, ਤੂੰ ਕਿੱਦਾਂ ਕਰ ਪਾਏਂਗਾ?
ਤੇਰੇ ਪੱਲੇ ਕੁਝ ਨਹੀਂ ਪੈਣਾ…
ਮਾਨਵਤਾ ਦੀ ਖ਼ਾਤਰ ਉਨ੍ਹਾਂ, ਦਿੱਲੀ ਪਿਤਾ ਪਠਾਇਆ ਸੀ,
ਦੇਸ਼-ਕੌਮ ਦੀ ਰੱਖਿਆ ਖ਼ਾਤਰ, ਸੱਭੋ ਕੁਝ ਲੁਟਾਇਆ ਸੀ।
ਜਿਹੜੇ ਤਸੀਹੇ ਸਹੇ ਉਨ੍ਹਾਂ ਨੇ, ਕੀ ਤੂੰ ਉਹ ਸਹਿ ਪਾਏਂਗਾ?
ਤੇਰੇ ਪੱਲੇ ਕੁਝ ਨਹੀਂ ਪੈਣਾ…
ਸਭ ਦੀ ਸਾਂਝੀ ਬਾਣੀ ਨਿਰਮਲ, ਜਿਹੜੀ ਧੁਰ ਤੋਂ ਆਈ ਏ,
ਜਗਤ ਜਲੰਦੇ ਨੂੰ ਠਾਰਨ ਲਈ, ਠੰਡ ਪਿਆਰ ਦੀ ਪਾਈ ਏ।
ਬਾਣੀ ਗੁਰੂ, ਗੁਰੂ ਹੈ ਬਾਣੀ, ਕਦ ਤੂੰ ਸਮਝ ਇਹ ਪਾਏਂਗਾ?
ਤੇਰੇ ਪੱਲੇ ਕੁਝ ਨਹੀਂ ਪੈਣਾ…
ਗੁਰੂ ਅਰਜਨ ਦੇਵ ਨੇ ਸਾਰੇ ਜੱਗ ਨੂੰ, ਬਾਣੀ ਆਪ ਸੁਣਾਈ ਸੀ,
ਤੇਰਾ ਕੀਆ ਮੀਠਾ ਲਾਗੇ, ਇਹੀ ਗੱਲ ਸਮਝਾਈ ਸੀ।
ਤਪਦੀ ਤਵੀ ਦਾ ਸੇਕ ਉਹ ਸਹਿ ਗਏ, ਕੀ ਤੂੰ ਵੀ ਸਹਿ ਪਾਏਂਗਾ?
ਤੇਰੇ ਪੱਲੇ ਕੁਝ ਨਹੀਂ ਪੈਣਾ, ਨਾ ਹੀ ਕੁਝ ਕਮਾਏਂਗਾ।
ਲੇਖਕ ਬਾਰੇ
ਸੈਕਟਰ 30-ਈ, ਚੰਡੀਗੜ੍ਹ
- ਹੋਰ ਲੇਖ ਉਪਲੱਭਧ ਨਹੀਂ ਹਨ