editor@sikharchives.org
Saudha Saadh

ਪੈਗ਼ੰਬਰੀ ਬੁਖ਼ਾਰ

ਪੈਗ਼ੰਬਰੀ ਬੁਖ਼ਾਰ ਉਪਾਧੀ ਤਾਪ ਵਿੱਚੋਂ ਹੀ ਨਿਕਲਦਾ ਹੈ। ਬੰਦੇ ਨੂੰ ਵਹਿਮ ਹੋ ਜਾਂਦਾ ਹੈ ਕਿ ਮੇਰੇ ਵਿਚ ਪੈਗ਼ੰਬਰਾਂ ਵਾਲੇ ਲੱਛਣ ਉਜਾਗਰ ਹੋ ਗਏ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰਬਾਣੀ ਵਿਚ ਤਿੰਨ ਪ੍ਰਕਾਰ ਦੇ ਬੁਖ਼ਾਰਾਂ ਦਾ ਜ਼ਿਕਰ ਮਿਲਦਾ ਹੈ-

ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ॥
ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ ॥1॥  (ਪੰਨਾ 714)

ਇਹ ਤਾਪ ਹਨ: ਆਧੀ (ਸਰੀਰਕ ਰੋਗ), ਬਿਆਧੀ (ਮਾਨਸਿਕ ਰੋਗ) ਅਤੇ ਉਪਾਧੀ (ਵਹਿਮ)। ਪੈਗ਼ੰਬਰੀ ਬੁਖ਼ਾਰ ਉਪਾਧੀ ਤਾਪ ਵਿੱਚੋਂ ਹੀ ਨਿਕਲਦਾ ਹੈ। ਬੰਦੇ ਨੂੰ ਵਹਿਮ ਹੋ ਜਾਂਦਾ ਹੈ ਕਿ ਮੇਰੇ ਵਿਚ ਪੈਗ਼ੰਬਰਾਂ ਵਾਲੇ ਲੱਛਣ ਉਜਾਗਰ ਹੋ ਗਏ ਹਨ। ਇਸ ਦੀ ਮਿਸਾਲ ਇਤਿਹਾਸ ਵਿੱਚੋਂ ਮੁਗ਼ਲ ਸਮਰਾਟ ਅਕਬਰ ਦੀ ਮਿਲਦੀ ਹੈ ਜਿਸ ਨੇ ਆਪਣੇ ਵੱਲੋਂ ‘ਦੀਨੇ ਇਲਾਹੀ’ ਜਾਰੀ ਕੀਤਾ। ਇਸੇ ਕਾਰਨ ਮੁਸਲਮਾਨ ਉਲੇਮਾਅ ਅਕਬਰ ਦੇ ਖ਼ਿਲਾਫ਼ ਸਨ।

ਗੁਰੂ ਤੇਗ਼ ਬਹਾਦਰ ਸਾਹਿਬ ਜੋ ਅਸਲੀ ਪੈਗ਼ੰਬਰ ਸਨ, ਪਰ ਅਜੇ ਪ੍ਰਗਟ ਰੂਪ ਵਿਚ ਸੰਗਤਾਂ ਦੇ ਰੂ-ਬ-ਰੂ ਨਹੀਂ ਸਨ ਹੋਏ, ਉਸ ਸਮੇਂ ਬਾਬੇ ਬਕਾਲੇ ਵਿਚ ਬਾਈ ਮੰਜੀਆਂ ਲੱਗ ਗਈਆਂ ਜਿਵੇਂ ਪੈਗ਼ੰਬਰਾਂ ਦੀ ਮੰਡੀ ਲੱਗੀ ਹੁੰਦੀ ਹੈ। ਪਰ ਉਨ੍ਹਾਂ ਦਾ ਵੀ ਆਖ਼ਰ ਕੀ ਬਣਿਆ? ਜਦੋਂ ਬੁਖ਼ਾਰ ਉਤਰ ਗਿਆ ਤਾਂ ਘਰੋ-ਘਰੀ ਜਾ ਬੈਠੇ। ਦਰਅਸਲ ਸਿੱਖ ਇਤਿਹਾਸ ਦੇ ਇਸ ਉਪਰੋਕਤ ਮੰਦਭਾਗੇ ਕਾਂਡ ਪਿੱਛੇ ਪੈਗ਼ੰਬਰੀ illusion ਤਾਂ ਸੀ ਹੀ ਪਰ ਇਸ ਦੇ ਨਾਲ ਹੀ ਸ਼ਰਧਾਲੂਆਂ ਦੀ ਸ਼ਰਧਾ-ਭਾਵਨੀ ਤੋਂ ਆਰਥਕ ਲਾਭ ਲੈਣ ਅਤੇ ਮੌਜਾਂ ਕਰਨ ਵੱਲ ਵਧੇਰੇ ਧਿਆਨ ਰਿਹਾ ਹੈ।

1925 ਈ. ਵਿਚ ਭਾਈ ਬੂਟਾ ਸਿੰਘ ਨਿਰੰਕਾਰੀ ਦਰਬਾਰ ਰਾਵਲਪਿੰਡੀ ਵਿਖੇ ਗੁਰਬਾਣੀ ਦੀ ਕਥਾ ਕਰਦਾ ਹੁੰਦਾ ਸੀ। ਐਬ ਵਿਚ ਫਸਿਆ ਤਾਂ ਸਿੱਖ ਸੰਗਤਾਂ ਦੇ ਵਿਰੋਧ ’ਤੇ ਇਸ ਨੂੰ ਕਥਾ ਕਰਨ ਤੋਂ ਨਿਰੰਕਾਰੀ ਦਰਬਾਰ ਨੇ ਹਟਾ ਲਿਆ। ਇਸ ਨੇ ਆਪਣੀ ਵੱਖਰੀ ਦੁਕਾਨ ਚਲਾ ਲਈ। ਸਭ ਕਿਸਮ ਦੇ ਆਜ਼ਾਦ ਖ਼ਿਆਲਾਂ ਵਾਲੇ ਜੋ ਸਿੱਖੀ ਦੇ ਜ਼ਾਬਤੇ ਤੋਂ ਆਜ਼ਾਦ ਹੋ ਕੇ ਵਿਚਰਨ ਵਾਲੇ ਸਨ, ਇਸ ਦੇ ਦੁਆਲੇ ਇਕੱਤਰ ਹੁੰਦੇ ਗਏ। ਭਾਈ ਅਵਤਾਰ ਸਿੰਘ (ਇਸ ਦਾ ਪੁੱਤਰ) ਜੋ ਰਾਵਲਪਿੰਡੀ ਵਿਖੇ ਬੇਕਰੀ ਦੀ ਦੁਕਾਨ ਕਰਦਾ ਸੀ, ਇਸ ਦੇ ਉੱਤਰ-ਅਧਿਕਾਰੀ ਦੇ ਰੂਪ ਵਿਚ ਮੁਖੀ ਬਣਿਆ। ਜਦੋਂ ਪਾਕਿਸਤਾਨ ਬਣਿਆ ਤਾਂ ਇਹ ਦਿੱਲੀ ਆ ਗਿਆ ਅਤੇ ਗੁਰਬਾਣੀ ਦੀ ਵਿਆਖਿਆ ਕਰਨੀ ਜਾਰੀ ਰੱਖੀ। ਜਿਹੜੇ ਰਾਵਲਪਿੰਡੀ ਤੋਂ ਨਵੇਂ ਡੇਰੇ ਨਾਲ ਜੁੜੇ ਹੋਏ ਸਨ, ਉਹ ਇਥੇ ਭੀ ਆ ਜੁੜੇ। ਭਾਈ ਗੁਰਬਚਨ ਸਿੰਘ (ਪੁੱਤਰ) ’ਤੇ ਜਦੋਂ ਅਖੌਤੀ ਪੈਗ਼ੰਬਰੀ ਬੁਖ਼ਾਰ ਦਾ 1978 ਵਿਚ ਤਗੜਾ ਹਮਲਾ ਹੋਇਆ ਤਾਂ ਇਸ ਨੇ ਸ੍ਰੀ ਅੰਮ੍ਰਿਤਸਰ ਵਿਖੇ ਖੁੱਲ੍ਹੇਆਮ ਐਲਾਨ ਕਰ ਦਿੱਤਾ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਤੋਂ ਵੀ ਵੱਡਾ ਪੈਗ਼ੰਬਰ ਹਾਂ ਕਿਉਂਕਿ ਮੇਰੀ ਕਿੰਨੀ ਵੱਡੀ ਸੰਗਤ ਮੈਨੂੰ ਪੂਜਦੀ ਹੈ ਤੇ ਮੈਂ ਪੰਜ ਪਿਆਰਿਆਂ ਦੀ ਥਾਂ ਸੱਤ ਸਿਤਾਰੇ ਥਾਪੇ ਹੋਏ ਹਨ। ਬਸ ਫਿਰ ਕੀ ਸੀ, ਸਿੰਘਾਂ ਨਾਲ ਟਕਰਾਅ ਹੋਇਆ। 13 ਸਿੰਘ ਸ਼ਹੀਦ ਹੋ ਗਏ ਅਤੇ 150 ਸਿੰਘ ਜ਼ਖ਼ਮੀ ਹੋਏ ਤੇ ਅਖੌਤੀ ਪੈਗ਼ੰਬਰ ਨੇ ਲੁਕ-ਲੁਕਾ ਕੇ ਜਾਨ ਬਚਾਈ, ਪਰ ਬਹੁਤੀ ਦੇਰ ਜ਼ਿੰਦਾ ਨਾ ਰਹਿ ਸਕਿਆ। ਉਸ ਦਾ ਪੁੱਤਰ ਹੁਣ ਉਸ ਦੀ ਥਾਂ ਡੇਰਾ ਚਲਾ ਰਿਹਾ ਹੈ। ਬੁਖ਼ਾਰ ਉਤਰੇ ਪਏ ਹਨ। ਅਸਲੀ ਨਿਰੰਕਾਰੀ ਚੰਡੀਗੜ੍ਹ ਹਨ ਪਰ ਨਕਲੀਆਂ ਦੀ ਦੁਕਾਨ ਖ਼ੂਬ ਚੱਲੀ।

ਪੰਜਾਬ ਵਿੱਚੋਂ ਤੀਜੀ ਮਿਸਾਲ ਮੈਂ ਸੱਚਾ ਸੌਦਾ ਵਾਲੇ ਅਖੌਤੀ ਪੈਗ਼ੰਬਰ ਦੀ ਲੈਂਦਾ ਹਾਂ। ਇਸ ਦਾ ਜਨਮ ਗੰਗਾਨਗਰ ਦੇ ਇਕ ਸਿੱਖ ਪਰਿਵਾਰ ਵਿਚ ਭਾਈ ਮਦਨ ਸਿੰਘ ਦੇ ਘਰ ਹੋਇਆ। ਜਦੋਂ ਮੈਂ ਇਸ ਦੇ ਅੰਦਰ ਅਖ਼ੌਤੀ ਪੈਗ਼ੰਬਰੀ ਬੁਖ਼ਾਰ ਦੀਆਂ ਇਲਾਮਤਾਂ ਦਾ ਜਾਇਜ਼ਾ ਲੈਂਦਾ ਹਾਂ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਜਿਸ ਦਿਨ ਤੋਂ ਇਸ ਨੇ ਆਪਣੇ ਨਾਮ ਨਾਲ ਛੇੜ-ਛਾੜ ਅਰੰਭ ਕੀਤੀ ਉਦੋਂ ਤੋਂ ਇਸ ਦੇ ਸ਼ਰਧਾਲੂਆਂ ਨੂੰ ਸਮਝ ਨਹੀਂ ਆਈ ਕਿ ਗੁਰਮੀਤ ਤੋਂ ਬਾਅਦ ਪਹਿਲਾਂ ਉਹ ਰਾਮ (ਦਸ਼ਰਥ ਦਾ ਬੇਟਾ) ਬਣਿਆ, ਫਿਰ ਉਹ ਰਹੀਮ ਵੀ ਬਣਿਆ ਜੋ ਇਸਲਾਮਿਕ ਰੱਬ ਲਈ ਵਿਸ਼ੇਸ਼ਣ ਹੈ। ਗੁਰਮੀਤ ਰਾਮ ਰਹੀਮ ਸਿੰਘ ਨੂੰ ਸ਼ਾਇਦ ਅਜੇ ਗੋਬਿੰਦ ਸਿੰਘ ਬਣਨ ਦਾ ਚਾਉ ਸੀ। ਸਲਾਬਤਪੁਰ ਦੇ ਡੇਰੇ ਵਿਚ ਇਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਰੀਸੇ, ਜਾਮੇ- ਇਨਸਾਨੀ ਦਾ ਢੌਂਗ ਰਚ ਕੇ ਰੂਹ ਅਫ਼ਜ਼ਾਹ ਦਾ ਇਕ ਵੱਡਾ ਕੜਾਹਾ ਤਿਆਰ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਵਰਗੀ ਵਰਦੀ ਪਹਿਨ ਕੇ ਪੂਰਾ ਸ੍ਵਾਂਗ ਬਣਾਇਆ। ਫਿਰ ਇਸ ਸ੍ਵਾਂਗ ਦੇ ਇਸ਼ਤਿਹਾਰ ਛਾਪ ਕੇ ਵੰਡੇ ਜਿਸ ਦੇ ਫਲਸਰੂਪ ਦੇਸ਼ ਅਤੇ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਨੇ ਰੋਸ ਮੁਜ਼ਾਹਰੇ ਕੀਤੇ। ਸਵਾਲ ਇਹ ਹੈ ਕਿ ਆਪਣੇ ਨਾਮ ਨਾਲ ਰਾਮ, ਫਿਰ ਰਹੀਮ ਰੱਖ ਕੇ ਇਸ ਦੀ ਪੈਗ਼ੰਬਰੀ ਲਾਲਸਾ ਕਿਉਂ ਨਹੀਂ ਸੀ ਪੂਰੀ ਹੁੰਦੀ ਪਈ? ਇਸ ਦਾ ਜਵਾਬ ਇਹ ਹੈ ਕਿ ਕਮਜ਼ੋਰ ਵੇਲ ਹਮੇਸ਼ਾਂ ਕਿਸੇ ਡੋਰੀ ਦੇ ਸਹਾਰੇ ਉੱਪਰ ਨੂੰ ਚੜ੍ਹਦੀ ਹੈ। ਪਿਛੋਕੜ ਸਿੱਖ ਪਰਵਾਰ ਦਾ ਹੋਣ ਕਰਕੇ ਸ਼ਾਇਦ ਇਹ ਚਾਹੁੰਦਾ ਸੀ ਕਿ ਹੁਣ ਮੈਂ ਸਿੱਖਾਂ ਵਿਚ ਤਾਂ ਹੀ ਪਰਵਾਨ ਹੋ ਸਕਾਂਗਾ ਜੇਕਰ ਮੈਂ ਗੁਰੂ ਗੋਬਿੰਦ ਸਿੰਘ ਵਰਗਾ ਸ੍ਵਾਂਗ (drama) ਕਰ ਕੇ ਕਾਮਯਾਬ ਹੋਵਾਂ। ਜਦੋਂ ਸਿੱਖਾਂ ਨੇ ਮੁਜ਼ਾਹਰੇ ਕੀਤੇ ਤਾਂ ਡਰ ਕੇ ਕੀਤੇ ਅਪਰਾਧ ਦੀ ਮੁਆਫ਼ੀ ਮੰਗੀ ਤੇ ਗੁਰਮੀਤ ਰਾਮ ਰਹੀਮ ਸਿੰਘ ਦਾ ਇਹ ਅਖੌਤੀ ਪੈਗ਼ੰਬਰੀ ਬੁਖ਼ਾਰ ਉਤਰ ਗਿਆ। ਫਿਰ ਇਹ ਢੇਰ ਚਿਰ ਸੋਚਦਾ ਰਿਹਾ ਤੇ ਇਸ ਦੇ ਅਖੌਤੀ ਪੈਰੋਕਾਰ ਵੀ ਸੋਚਦੇ ਰਹੇ ਕਿ ਕਦੀ ਕਿਸੇ ਪੈਗ਼ੰਬਰ ਨੇ ਮੁਆਫ਼ੀ ਮੰਗੀ ਸੀ? ਇਤਿਹਾਸ ਤਾਂ ਗਵਾਹੀ ਦੇ ਰਿਹਾ ਹੈ ਕਿ ਸਿੱਖ ਗੁਰੂ ਸਾਹਿਬਾਨ ਨੇ ਸ਼ਹੀਦੀ ਜਾਮ ਤਾਂ ਹੱਸ-ਹੱਸ ਪੀਤੇ ਪਰ ਕਦੀ ਮੁਆਫ਼ੀ ਨਹੀਂ ਮੰਗੀ। ਸੂਫ਼ੀ ਸੰਤਾਂ ਨੂੰ ਮੁਗ਼ਲ ਸਾਮਰਾਜ ਨੇ ਮੁਆਫ਼ੀ ਮੰਗਣ ਲਈ ਹੁਕਮ ਦਿੱਤਾ। ਉਹ ਸ਼ਹੀਦ ਹੋ ਗਏ ਪਰ ਮੁਆਫ਼ੀ ਨਹੀਂ ਮੰਗੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਸਰਬੰਸ ਸ਼ਹੀਦ ਹੋ ਜਾਣ ਮਗਰੋਂ ਜੋ ਖ਼ਤ ਗੁਰੂ ਜੀ ਨੇ ਮੁਗ਼ਲ ਸਮਰਾਟ ਔਰੰਗਜ਼ੇਬ ਨੂੰ ਲਿਖਿਆ ਉਸ ਦਾ ਸਿਰਲੇਖ ਹੈ ‘ਜ਼ਫ਼ਰਨਾਮਾ’ ਭਾਵ ਜਿੱਤ ਦਾ ਪੈਗ਼ਾਮ। ਉਸ ਪੱਤਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਖਾਲਸ ਜਾਂ ਸੱਚੀ- ਸੁੱਚੀ ਤੇ ਉੱਚੀ ਪੈਗ਼ੰਬਰੀ ਝਲਕ ਦੇ ਦਰਸ਼ਨ ਹੁੰਦੇ ਹਨ। ਨਕਲੀ ਪੈਗ਼ੰਬਰ ਨੇ ਪਹਿਲਾਂ ਤਾਂ ਸਾਰੇ ਕਾਂਡ ਉੱਤੇ ਖ਼ੇਦ (sorry) ਪ੍ਰਗਟ ਕੀਤਾ, ਪਰ ਪ੍ਰਮੁੱਖ ਧਰਮਾਚਾਰੀਆਂ ਦੇ ਸਮਝਾਉਣ ’ਤੇ ਇਸ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਮੁਆਫ਼ੀ ਮੰਗਣ ਦਾ ਬਹਾਨਾ ਕੀਤਾ, ਇਸੇ ਕਰਕੇ ਸਿੱਖ ਸੰਗਤਾਂ ਨੇ ਐਸੀ ਦੰਭੀ ਮੁਆਫ਼ੀ ਨੂੰ ਪ੍ਰਵਾਨ ਨਹੀਂ ਕੀਤਾ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Gurmukh Singh

# 8 ਦਸਮੇਸ਼ ਨਗਰ, ਪੁਲੀਸ ਲਾਈਨ ਰੋਡ, ਪਟਿਆਲਾ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)