ਗੁਰਮਤਿ ਪ੍ਰਕਾਸ਼
ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਸ਼ਹੀਦ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ। ਇਸ ਦੁਨੀਆਂ ਵਿਚ ਅਨੇਕਾਂ ਕੌਮਾਂ ਹਨ। ਕਿਸੇ ਕੌਮ ਵਿਚ ਇਕ-ਦੋ ਸ਼ਹੀਦ ਹੋਏ ਤਾਂ ਉਹ ਕੌਮ ਉਸ ਦਿਨ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਕਰ ਕੇ ਆਪਣੇ ਵਿਰਸੇ ਦੀ ਯਾਦ ਤਾਜ਼ਾ ਕਰਦੀ ਹੈ ਪਰ ਸਿੱਖ ਕੌਮ ਦਾ ਤਾਂ ਸਾਰਾ ਇਤਿਹਾਸ ਹੀ ਸ਼ਹੀਦਾਂ ਦੇ ਖ਼ੂਨ ਨਾਲ ਰੰਗਿਆ ਹੈ। ਇੱਜ਼ਤ-ਆਬਰੂ, ਅਣਖ, ਜ਼ਮੀਰ ਨੂੰ ਕਿਸੇ ਅੱਗੇ ਝੁਕਾ ਦੇਣ ਨਾਲੋਂ ਸ਼ਹੀਦ ਹੋਣਾ ਸੌ ਗੁਣਾ ਚੰਗਾ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਤੇ ਸਿੱਖ ਕੌਮ ਦੇ ਮਹਾਨ ਸ਼ਹੀਦ ਹੋਏ ਹਨ, ਜਿਨ੍ਹਾਂ ਨੇ ਆਪਣੇ ਧਰਮ ਤੇ ਕੌਮ ਬਦਲੇ ਜਿੰਦ ਵਾਰ ਦਿੱਤੀ ਪਰ ਸਿਰ ਨੀਵਾਂ ਨਹੀਂ ਕੀਤਾ।
ਆਪ ਜੀ ਦਾ ਜਨਮ 19 ਵੈਸਾਖ, ਸੰਮਤ 1620 (ਸੰਮਤ ਨਾਨਕਸ਼ਾਹੀ 95) ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖ ਤੋਂ ਹੋਇਆ। ਆਪ ਜੀ ਸ਼ਾਂਤੀ, ਸਹਿਣਸ਼ੀਲਤਾ ਦੇ ਪੁਜਾਰੀ, ਨਿਮਰਤਾ, ਸਾਦਗੀ ਦੀ ਸਾਕਾਰ ਮੂਰਤ, ਸਮਾਜ ਸੁਧਾਰ ਲਿਆਉਣ ਵਾਲੇ, ਇਕ ਸਿਆਣੇ ਸੰਪਾਦਕ, ਇਮਾਰਤਸਾਜ਼ੀ ਵਿਚ ਨਿਪੁੰਨ ਤੇ ਹੋਰ ਅਨੇਕਾਂ ਗੁਣਾਂ ਦੇ ਮਾਲਕ ਸਨ। ਆਪ ਜੀ ਦੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਚੰਦਨ ਵਾਂਗ ਖੁਸ਼ਬੋਆਂ ਖਲੇਰਦੀ ਹੈ। ਆਪ ਜੀ ਦੀ ਰਚਨਾ ‘ਸੁਖਮਨੀ ਸਾਹਿਬ’ ਗਿਆਨ ਦਾ ਸਮੁੰਦਰ ਹੈ। ਆਪ ਜੀ ਦੀ ਸ਼ਹੀਦੀ ਦੇ ਕਈ ਕਾਰਨ ਸਨ। ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਛੋਟੇ ਪੁੱਤਰ ਸ੍ਰੀ ਅਰਜਨ ਦੇਵ ਜੀ ਨੂੰ ਗੁਰਗੱਦੀ ਦੇਣ ਦਾ ਮਨ ਬਣਾ ਲਿਆ। ਗੁਰੂ ਸਾਹਿਬਾਨ ਦੀ ਨਜ਼ਰ ਵਿਚ ਸਮਝਦਾਰ ਤੇ ਗੁਰਮਤਿ ਦਾ ਧਾਰਨੀ, ਪਰਖਿਆ ਪੜਚੋਲਿਆ ਛੋਟਾ ਪੁੱਤਰ ਹੀ ਸੀ। ਇਸ ਕਰਕੇ ਬਾਬਾ ਬੁੱਢਾ ਜੀ ਨੇ ਨਾਰੀਅਲ, ਪੰਜ ਪੈਸੇ ਧਰ ਕੇ, ਮੱਥੇ ਤਿਲਕ ਲਾ ਕੇ, ਰਸਮ ਪੂਰੀ ਕਰ ਕੇ ਸ੍ਰੀ ਅਰਜਨ ਦੇਵ ਜੀ ਨੂੰ ਪੰਜਵੇਂ ਗੁਰੂ ਹੋਣ ਦਾ ਮਾਣ ਬਖ਼ਸ਼ਿਆ। ਪਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ ਵੱਡਾ ਹੋਣ ਕਰਕੇ ਗੁਰਗੱਦੀ ’ਤੇ ਆਪਣਾ ਹੱਕ ਜਤਾਉਂਦਾ ਸੀ। ਸਿੱਖ ਧਰਮ ਵਿਚ ਪੁਸ਼ਤ-ਦਰ-ਪੁਸ਼ਤ ਜਾਂ ਵੱਡੇ ਛੋਟੇ ਨੂੰ ਨਹੀਂ, ਜੋ ਇਸ ਦੇ ਲਾਇਕ ਹੈ, ਉਹ ਹੀ ਗੁਰਗੱਦੀ ਦਾ ਮਾਲਕ ਹੈ। ਪ੍ਰਿਥੀ ਚੰਦ ਗੁਰਗੱਦੀ ਨਾ ਮਿਲਣ ਕਰਕੇ ਅੱਗ-ਬਗੋਲਾ ਹੋ ਉੱਠਿਆ। ਉਹ ਬਹੁਤ ਕੁਝ ਬੋਲਿਆ। ਪਰ ਜਦ ਕੋਈ ਪੇਸ਼ ਨਾ ਗਈ ਤਾਂ ਲਾਹੌਰ ਚਲਿਆ ਗਿਆ। ਉਥੋਂ ਹੀ ਗੁਰੂ-ਘਰ ਵਿਰੁੱਧ ਸਾਜ਼ਿਸ਼ਾਂ ਕਰਨ ਲੱਗਾ। ਉਹ ਭਰਾ-ਮਾਰੂ ਨੀਤੀ ’ਤੇ ਆ ਗਿਆ। ਉਹ ਇਥੋਂ ਤਕ ਗਿਰ ਗਿਆ ਕਿ ਉਸ ਨੇ ਦਰਵੇਸ਼ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਡਰਾ-ਧਮਕਾ ਕੇ ਭਜਾ ਦੇਣ ਜਾਂ ਖ਼ਤਮ ਕਰ ਕੇ ਗੁਰਗੱਦੀ ਹਾਸਲ ਕਰਨ ਦੀ ਬਦਨੀਤ ਧਾਰਨ ਕਰ ਲਈ। ਪ੍ਰਿਥੀ ਚੰਦ ਨੇ ਲਾਹੌਰ ਦੇ ਇਕ ਅਹਿਲਕਾਰ ਸੁਲਹੀ ਖਾਂ ਜੋ ਸਰਕਾਰੇ-ਦਰਬਾਰੇ ਚੰਗੀ ਅਹਿਮੀਅਤ ਰੱਖਦਾ ਸੀ, ਇਕ ਸਰਕਾਰੀ ਅਫ਼ਸਰ ਅਤੇ ਲਾਲਚੀ ਕਿਸਮ ਦਾ ਬੰਦਾ ਸੀ, ਤੋਂ ਬੁਰਾ ਕਰਾਉਣ ਦਾ ਬੁਰਾ ਇਰਾਦਾ ਧਾਰਿਆ। ਪ੍ਰਿਥੀ ਚੰਦ ਨੇ ਕਿਸੇ ਨੂੰ ਵਿੱਚ ਪਾ ਦੇ ਕੇ ਗੁਰੂ ਸਾਹਿਬ ’ਤੇ ਚੜ੍ਹਾਈ ਕਰਾ ਦਿੱਤੀ ਕਿ ਉਹ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਵਿਚ ਬੰਦ ਕਰੇਗਾ ਤੇ ਮੁਕੱਦਮਾ ਚਲਵਾਏਗਾ। ਪਹਿਲਾਂ ਤਾਂ ਸੁਲਹੀ ਖਾਨ ਨੇ ਜਵਾਬ ਦੇ ਦਿੱਤਾ ਪਰ ਫਿਰ ਪੈਸਿਆਂ ਦੇ ਲਾਲਚ ਨੂੰ ਵੇਖ ਕੇ ਮੰਨ ਗਿਆ। ਸੁਲਹੀ ਖਾਨ ਨੇ ਪ੍ਰਿਥੀ ਚੰਦ ਨਾਲ ਗੱਲਬਾਤ ਕਰ ਕੇ ਕੁਝ ਸਿਪਾਹੀ ਨਾਲ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ’ਤੇ ਚੜ੍ਹਾਈ ਕਰ ਦਿੱਤੀ। ਹੰਕਾਰ ਤੇ ਲਾਲਚ ਨਾਲ ਆਫਰਿਆ ਸੁਲਹੀ ਖਾਂ ਜਦੋਂ ਹੇਹਰ ਪਿੰਡ ਦੇ ਨੇੜੇ ਪਹੁੰਚਿਆ ਤਾਂ ਉਥੇ ਇਕ ਇੱਟਾਂ ਦਾ ਆਵਾ (ਭੱਠਾ) ਸੀ ਜਿਸ ਵਿਚ ਅੱਗ ਬਹੁਤ ਤੇਜ਼ ਚੱਲਦੀ ਸੀ। ਸਾਹਮਣੇ ਕੁਝ ਦੂਰ ਪ੍ਰਿਥੀ ਚੰਦ ਆ ਰਿਹਾ ਸੀ, ਸੁਲਹੀ ਖਾਨ ਦਾ ਘੋੜਾ ਅਜਿਹਾ ਤ੍ਰਬਕਿਆ ਕਿ ਸਮੇਤ ਸੁਲਹੀ ਖਾਂ ਅੱਗ ਵਿਚ ਸੜ ਮਰਿਆ। ਪਾਪੀ ਨੇ ਪਾਪ ਕਮਾਇਆ ਤਾਂ ਉਸ ਦੇ ਹੀ ਅੱਗੇ ਆਇਆ। ਜੋ ਸੁਲਹੀ ਖਾਨ ਨਾਲ ਸਿਪਾਹੀ ਸਨ, ਉਹ ਪਿੱਛੇ ਦੌੜ ਗਏ। ਪ੍ਰਿਥੀ ਚੰਦ ਖੜ੍ਹਾ ਹੀ ਦੇਖਦਾ ਰਹਿ ਗਿਆ। ਪਰ ਕਠੋਰ ਮਨ ’ਤੇ ਫੇਰ ਵੀ ਕੋਈ ਫ਼ਰਕ ਨਾ ਪਿਆ। ਪ੍ਰਿਥੀ ਚੰਦ ਉਸ ਸਮੇਂ ਦੇ ਬਾਦਸ਼ਾਹ ਅਕਬਰ ਕੋਲ ਦਿੱਲੀ ਚਲਾ ਗਿਆ। ਜਾ ਕੇ ਫ਼ਰਿਆਦ ਕਰਨ ਲੱਗਾ ਕਿ “ਮੇਰੇ ਪਿਤਾ ਨੇ ਮੇਰੇ ਨਾਲ ਬੇਇਨਸਾਫ਼ੀ ਕੀਤੀ ਹੈ। ਵੱਡਾ ਹੋਣ ਦੇ ਨਾਤੇ ਮੇਰਾ ਹੱਕ ਗੁਰਗੱਦੀ ਲੈਣ ਦਾ ਸੀ ਪਰ ਗੁਰੂ ਮੇਰਾ ਛੋਟਾ ਭਰਾ ਅਰਜਨ ਬਣ ਗਿਆ।” ਪਰ ਅਕਬਰ ਇਕ ਸਮਝਦਾਰ ਬਾਦਸ਼ਾਹ ਹੋਇਆ ਹੈ। ਉਸ ਦੇ ਰਾਜ ਵਿਚ ਸਿੱਖੀ ਵਧੀ- ਫੁੱਲੀ। ਉਹ ਪੀਰਾਂ-ਫ਼ਕੀਰਾਂ ਤੇ ਗੁਰੂ ਸਾਹਿਬਾਨ ਦਾ ਸ਼ਰਧਾਲੂ ਸੀ। ਉਸ ਵਿਚ ਦੀਨ-ਈਮਾਨ ਸੀ। ਚੰਗੇ ਨੂੰ ਚੰਗਾ ਤਾਂ ਕਿਹਾ ਜਾਂਦਾ। ਸੋ ਅਕਬਰ ਬਾਦਸ਼ਾਹ ਨੇ ਪ੍ਰਿਥੀ ਚੰਦ ਦੀ ਸ਼ਿਕਾਇਤ ’ਤੇ ਕੋਈ ਗ਼ੌਰ ਨਾ ਕੀਤਾ। ਕੁਝ ਸਮਾਂ ਲੰਘਿਆ ਤਾਂ ਅਕਬਰ ਤੋਂ ਬਾਅਦ ਦਿੱਲੀ ਦੇ ਤਖ਼ਤ ’ਤੇ ਜਹਾਂਗੀਰ ਬੈਠਿਆ। ਕੁਝ ਸਮਾਂ ਉਹ ਵੀ ਠੀਕ ਰਿਹਾ। ਪ੍ਰਿਥੀ ਚੰਦ ਦੇ ਮਨ ਵਿੱਚੋਂ ਗੁਰਗੱਦੀ ਲੈਣ ਦੀ ਲਾਲਸਾ ਨਾ ਗਈ। ਉਹ ਫੇਰ ਜਹਾਂਗੀਰ ਕੋਲ ਆਇਆ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਖ਼ਿਲਾਫ਼ ਝੂਠ ਤੂਫਾਨ, ਚੁਗਲੀਆਂ ਆਦਿ ਕਰਨ ਲੱਗਾ ਤਾਂ ਕਿ ਬਾਦਸ਼ਾਹ ਭੜਕ ਜਾਵੇ। “ਬਾਦਸ਼ਾਹ ਸਲਾਮਤ! ਮੇਰਾ ਭਰਾ ਅਰਜਨ ਬਹੁਤ ਹੰਕਾਰੀ ਹੈ। ਉਹ ਤੁਹਾਡੀ ਕੋਈ ਪਰਵਾਹ ਨਹੀਂ ਕਰਦਾ। ਮੈਂ ਤੁਹਾਡਾ ਖ਼ੈਰਖ਼ਾਹ ਤੇ ਜੁੱਤੀ ਬਰਦਾਰ ਹਾਂ। ਜਦੋਂ ਵੀ ਹੁਕਮ ਹੋਵੇ ਮੈਂ ਹਾਜ਼ਰ ਹਾਂ। ਇਕ ਗੱਲ ਹੋਰ ਹੈ, ਮੇਰਾ ਭਰਾ ਤੁਹਾਡੇ ਸ਼ਹਿਜ਼ਾਦੇ ਖੁਸਰੋ ਨੂੰ ਇਕ ਦਿਨ ਸਿੱਖ ਬਣਾ ਦੇਵੇਗਾ ਤੇ ਉਹ ਉਸ ਦਾ ਮੁਰੀਦ ਬਣ ਜਾਵੇਗਾ।” ਇਨ੍ਹਾਂ ਗੱਲਾਂ ਦਾ ਜਹਾਂਗੀਰ ’ਤੇ ਕਾਫ਼ੀ ਅਸਰ ਪਿਆ। ਦੂਸਰੇ ਪਾਸੇ ਸ਼ਹਿਜ਼ਾਦਾ ਖੁਸਰੋ ਦੀ ਗੁਰੂ ਜੀ ਨਾਲ ਬਹੁਤ ਮੁਹੱਬਤ ਵਧ ਗਈ ਸੀ। ਸ਼ਹਿਜ਼ਾਦਾ ਆਪਣੀ ਮਾਂ ਨੂੰ ਦੱਸਦਾ ਹੈ ਕਿ ਜੋ ਅਨੰਦ ਮੈਨੂੰ ਮੁਰਸ਼ਦ ਅਰਜਨ ਜੀ ਕੋਲੋਂ ਆਉਂਦਾ ਹੈ ਹੋਰ ਥਾਂ ਨਹੀਂ। ਜਦੋਂ ਮੁਰਸ਼ਦ ਜੀ ਅੱਲ੍ਹਾ ਦੇ ਘਰ ਦੀ ਗੱਲ ਸੁਣਾਉਂਦੇ ਹਨ ਤਾਂ ਰੂਹਾਨੀਅਤ ਦੇ ਸਾਰੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ। ਮੈਂ ਉਨ੍ਹਾਂ ਦੇ ਲੰਗਰ ਵਿੱਚੋਂ ਪਰਸ਼ਾਦਾ ਛਕਿਆ ਹੈ। ਜੋ ਸੁਆਦ ਉਸ ਵਿੱਚੋਂ ਆਉਂਦਾ ਹੈ, ਉਹ ਛੱਤੀ ਪ੍ਰਕਾਰ ਦੇ ਭੋਜਨਾਂ ਵਿੱਚੋਂ ਵੀ ਨਹੀਂ ਆਉਂਦਾ। ਮੇਰੇ ਮੁਰਸ਼ਦ ਉੱਚੀ-ਸੁੱਚੀ ਸ਼ਖ਼ਸੀਅਤ ਦੇ ਮਾਲਕ ਹਨ। ਉਨ੍ਹਾਂ ਲਈ ਸੋਨਾ ਤੇ ਲੋਹਾ ਬਰਾਬਰ ਹੈ। ਉਹ ਅੱਲ੍ਹਾ ਦੇ ਪਿਆਰੇ ਹਨ।
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਸ੍ਰੀ ਹਰਿਗੋਬਿੰਦ ਸਾਹਿਬ ਜੀ ਜਵਾਨ ਹੋ ਗਏ। ਉਧਰ ਲਾਹੌਰ ਦਾ ਚੰਦੂ ਜੋ ਇਕ ਉੱਚ ਸਰਕਾਰੀ ਅਹੁਦੇ ’ਤੇ ਮੁਲਾਜ਼ਮ ਸੀ, ਜਿਸ ਦੀ ਪਹੁੰਚ ਜਹਾਂਗੀਰ ਤਕ ਸੀ, ਉਸ ਦੀ ਇਕ ਜਵਾਨ ਲੜਕੀ ਸੀ। ਉਹ ਆਪਣੀ ਲੜਕੀ ਦਾ ਰਿਸ਼ਤਾ ਕਿਸੇ ਅਮੀਰ ਘਰ ਵਿਚ ਕਰਨਾ ਚਾਹੁੰਦਾ ਸੀ। ਉਸ ਨੇ ਬ੍ਰਾਹਮਣ ਨੂੰ ਬੁਲਾ ਕੇ ਕਿਹਾ ਕਿ ‘ਮੇਰੀ ਲੜਕੀ ਲਈ ਕੋਈ ਵਰ ਲੱਭੋ ਜੋ ਅਮੀਰ ਵੀ ਹੋਵੇ ਤੇ ਸੁਹਣਾ ਵੀ ਹੋਵੇ।’ ਇਹ ਸੁਣ ਕੇ ਬ੍ਰਾਹਮਣ ਵਰ ਲੱਭਣ ਚਲਿਆ ਗਿਆ। ਉਹ ਫਿਰਦਾ-ਤੁਰਦਾ ਗੁਰੂ-ਘਰ ਆ ਗਿਆ। ਸਾਹਿਬਜ਼ਾਦਾ ਸ੍ਰੀ ਹਰਿਗੋਬਿੰਦ ਸਾਹਿਬ ਜੀ ਵੀ ਗੁਰੂ ਜੀ ਦੇ ਨੇੜੇ ਹੀ ਖੜ੍ਹੇ ਸਨ। ਬ੍ਰਾਹਮਣ ਨੂੰ ਸਾਹਿਬਜ਼ਾਦਾ ਜੀ ਬਹੁਤ ਚੰਗੇ ਲੱਗੇ। ਉਸ ਨੇ ਗੁਰੂ ਸਾਹਿਬ ਨਾਲ ਗੱਲ ਕਰ ਕੇ ਰਿਸ਼ਤਾ ਪੱਕਾ ਕਰ ਦਿੱਤਾ ਤੇ ਉਥੋਂ ਚੱਲ ਕੇ ਲਾਹੌਰ ਚੰਦੂ ਕੋਲ ਆ ਕੇ ਦੱਸਣ ਲੱਗਾ ਕਿ ਤੁਹਾਡੀ ਲੜਕੀ ਦਾ ਰਿਸ਼ਤਾ ਗੁਰੂ ਨਾਨਕ ਦੇ ਘਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਸ੍ਰੀ ਹਰਿਗੋਬਿੰਦ ਜੀ ਨਾਲ ਕਰ ਆਇਆ ਹਾਂ। ਇਹ ਸੁਣ ਚੰਦੂ ਕੁਝ ਨਿਰਾਸ਼ ਹੋਇਆ। ਉਸ ਦੇ ਮਨ ’ਚ ਘੁਮੰਡ ਸੀ। ਕਹਿਣ ਲੱਗਾ, ‘ਚਲੋ ਜੋ ਕਰ ਆਏ ਹੋ ਠੀਕ ਹੈ ਪਰ ਪੰਡਤ ਜੀ! ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ।’ ਭਾਵ ਚੰਦੂ ਨੇ ਆਪਣੇ ਆਪ ਨੂੰ ਗੁਰੂ ਸਾਹਿਬ ਨਾਲੋਂ ਵੱਡਾ ਸਮਝਿਆ। ਇਸ ਗੱਲ ਦਾ ਦਿੱਲੀ ਦੀ ਸਿੱਖ ਸੰਗਤ ਨੂੰ ਪਤਾ ਲੱਗਿਆ ਤਾਂ ਸਿੱਖ ਸੰਗਤ ਨੇ ਇਸ ਦਾ ਬਹੁਤ ਬੁਰਾ ਮਨਾਇਆ ਤੇ ਸੰਗਤ ਇਕੱਠੀ ਹੋ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਆਈ ਅਤੇ ਆਪਣਾ ਗੁੱਸਾ ਜ਼ਾਹਰ ਕੀਤਾ ਤੇ ਕਿਹਾ ਕਿ ਗੁਰੂ ਜੀ! ਅਸੀਂ ਚੰਦੂ ਦੀ ਲੜਕੀ ਦਾ ਸਾਹਿਬਜ਼ਾਦੇ ਹਰਿਗੋਬਿੰਦ ਸਾਹਿਬ ਜੀ ਨਾਲ ਵਿਆਹ ਨਹੀਂ ਕਰਨਾ। ਤੁਸੀਂ ਜਵਾਬ ਦੇ ਦੇਵੋ। ਧੰਨ ਸ੍ਰੀ ਗੁਰੁ ਅਰਜਨ ਦੇਵ ਜੀ ਨੇ ਸੰਗਤ ਦੀ ਬੇਨਤੀ ਨੂੰ ਮੁੱਖ ਰੱਖ ਕੇ ਸਾਕ ਤੋਂ ਜਵਾਬ ਦੇ ਦਿੱਤਾ। ਇਸ ਦਾ ਚੰਦੂ ’ਤੇ ਅਸਰ ਹੋਣਾ ਕੁਦਰਤੀ ਸੀ। ਪਰ ਚੰਦੂ ਨੂੰ ਕੀ ਪਤਾ ਸੀ ਕਿ ਸਿੱਖ ਇੱਜ਼ਤ, ਅਣਖ ਤੇ ਧਰਮ ਖ਼ਾਤਰ ਜਿੰਦ ਵਾਰ ਦਿੰਦੇ ਹਨ! ਚੰਦੂ ਨੇ ਗੁਰੂ ਸਾਹਿਬ ਤੋਂ ਬਦਲਾ ਲੈਣ ਲਈ ਜਹਾਂਗੀਰ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ। ਜਹਾਂਗੀਰ ਕੰਨਾਂ ਦਾ ਕੱਚਾ ਸੀ। ਅਸਰ ਕਰ ਗਿਆ। ਚੰਦੂ ਸਿਆਸਤ ਨਾਲ ਜਹਾਂਗੀਰ ਰਾਹੀਂ ਗੁਰੂ ਜੀ ਨੂੰ ਖ਼ਤਮ ਕਰਵਾਉਣਾ ਚਾਹੁੰਦਾ ਸੀ। ਚੰਦੂ ਬਾਦਸ਼ਾਹ ਜਹਾਂਗੀਰ ਨੂੰ ਕਹਿਣ ਲੱਗਾ, “ਬਾਦਸ਼ਾਹ ਸਲਾਮਤ! ਸਿੱਖਾਂ ਦਾ ਪੰਜਵਾਂ ਗੁਰੂ ਅਰਜਨ (ਸ੍ਰੀ ਗੁਰੂ ਅਰਜਨ ਦੇਵ ਜੀ) ਆਪਣੇ ਆਪ ਨੂੰ ਮੁਸਲਮਾਨਾਂ ਦਾ ਪੀਰ ਤੇ ਸਿੱਖਾਂ ਦਾ ਗੁਰੂ ਕਹਾਉਂਦਾ ਹੈ। ਉਹ ਮੁਸਲਮਾਨਾਂ ਨੂੰ ਹਿੰਦੂ ਬਣਾ ਦੇਵੇਗਾ। ਬਹੁਤ ਮੁਸਲਮਾਨ ਉਸ ਦੇ ਸ਼ਰਧਾਲੂ ਹਨ। ਹੋਰ ਤਾਂ ਹੋਰ ਸ਼ਹਿਜ਼ਾਦਾ ਖੁਸਰੋ ਵੀ ਉਸ ਕੋਲ ਜਾਂਦਾ ਹੈ ਅਤੇ ਉਸ ਨੂੰ ਆਪਣਾ ਪੀਰ ਮੰਨਦਾ ਹੈ। ਜਹਾਂਗੀਰ ਨੇ ਬਿਨਾਂ ਸੋਚੇ-ਸਮਝੇ ਖ਼ੁਦਾ ਦੇ ਰੂਪ ਨਾਲ ਵੈਰ ਪਾ ਲਿਆ। ਗੁਰੂ ਸਾਹਿਬ ਦੀ ਅਸਲੀਅਤ ਨਾ ਜਾਣੀ, ਝੂਠੇ ਪਾਖੰਡੀਆਂ ਦੇ ਪਿੱਛੇ ਲੱਗ ਕੇ ਗੁਰੂ ਜੀ ਨੂੰ ਖ਼ਤਮ ਕਰਨ ਦੀ ਵਿਉਂਤ ਧਾਰ ਲਈ। ਪ੍ਰਿਥੀ ਚੰਦ ਤੇ ਚੰਦੂ ਨੇ ਗੁਰੂ ਜੀ ਨੂੰ ਸ਼ਹੀਦ ਕਰਵਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ। ਜਹਾਂਗੀਰ ਹਵਾ ਵਿਚ ਡਾਂਗਾਂ ਮਾਰਨ ਲੱਗਿਆ। ਆਪਣੇ ਆਪ ਨੂੰ ਕ੍ਰੋਧ ਚੜ੍ਹਾਉਣ ਲੱਗਿਆ। ਜਹਾਂਗੀਰ ਆਪਣੀ ਕਿਤਾਬ ‘ਤੁਜ਼ਕੇ ਜਹਾਂਗੀਰੀ’ ਦੇ ਸਫਾ 35 ’ਤੇ ਹਉਮੈ ਹੰਕਾਰ ਵਿਚ ਇਸ ਤਰ੍ਹਾਂ ਲਿਖਦਾ ਹੈ: “ਗੋਇੰਦਵਾਲ ਵਿਚ ਬਿਆਸਾ ਦੇ ਕਿਨਾਰੇ ਇਕ ਹਿੰਦੂ ਫਕੀਰ ਅਰਜਨ ਰਹਿੰਦਾ ਹੈ। ਸਿੱਧੇ-ਸਾਦੇ ਹਿੰਦੂ ਉਸ ਉੱਤੇ ਵਿਸ਼ਵਾਸ ਰੱਖਦੇ ਹਨ ਤੇ ਕਈ ਬੇਸਮਝ ਤੇ ਬੇਵਕੂਫ਼ ਮੁਸਲਮਾਨ ਵੀ ਉਸ ਦੇ ਆਚਰਨ ਤੇ ਕਰਤੱਵ ਦੀ ਵਡਿਆਈ ਕਰਦੇ ਹਨ ਅਤੇ ਉਸ ਦੇ ਪਿੱਛੇ ਲੱਗ ਤੁਰਦੇ ਹਨ। ਲੋਕੀਂ ਉਸ ਨੂੰ ਗੁਰੂ ਕਹਿੰਦੇ ਹਨ ਅਤੇ ਉਸ ਉੱਤੇ ਈਮਾਨ ਰੱਖਦੇ ਹਨ। ਤਿੰਨ-ਚਾਰ ਪੀੜ੍ਹੀਆਂ ਤੋਂ ਇਹ ਦੁਕਾਨ ਗਰਮ ਹੈ। ਕਈ ਵੇਰਾਂ ਮੈਨੂੰ ਖ਼ਿਆਲ ਆਇਆ ਕਿ ਇਸ ਪਾਖੰਡ ਦਾ ਅੰਤ ਕਰ ਦਿਆਂ ਜਾਂ ਫਿਰ ਉਸ ਨੂੰ ਮੁਸਲਮਾਨ ਬਣਾ ਦਿੱਤਾ ਜਾਵੇ।”
ਇਹ ਗੁਰੂ-ਘਰ ਨੂੰ ਦੁਕਾਨ ਹੀ ਦੱਸਦਾ ਸੀ। ਬੁਰੇ ਵਿਚਾਰ ਮੂੰਹ ਤਕ ਭਰ ਗਏ ਤਾਂ ਆਪਣੇ-ਆਪ ਨੂੰ ਨਰਕਾਂ ਦਾ ਭਾਗੀ ਬਣਨ ਦੀ ਤਿਆਰੀ ਕਰਨ ਲੱਗਾ। ਲੋਕ ਵੀ ਗਿਆ ਤੇ ਪਰਲੋਕ ਵੀ ਗੁਆ ਲਿਆ। ਜਹਾਂਗੀਰ ਨੇ ਲਾਹੌਰ ਦੇ ਮੁਰਤਜ਼ਾ ਖਾਨ ਜੋ ਪੁਲਿਸ ਅਫਸਰ ਸੀ, ਨੂੰ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਭੇਜਿਆ। ਮੁਰਤਜ਼ਾ ਖਾਨ ਨੇ ਗੁਰੂ ਜੀ ਦੇ ਹਥਕੜੀਆਂ ਲਾ ਕੇ ਲਾਹੌਰ ਜੇਲ੍ਹ ਵਿਚ ਛੱਡ ਦਿੱਤਾ। ਜੋ ਦੋਸ਼ ਗੁਰੂ ਜੀ ’ਤੇ ਲਾ ਕੇ ਕੇਸ ਬਣਾਇਆ, ਉਹ ਮੁਰਤਜ਼ਾ ਖਾਨ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੁਣਾਉਣ ਲੱਗਾ ਕਿ ਤੁਸੀਂ ਬਾਦਸ਼ਾਹ ਜਹਾਂਗੀਰ ਦੀ ਨਜ਼ਰ ਵਿਚ ਦੋਸ਼ੀ ਹੋ। ਤੁਸੀਂ ਬਗ਼ਾਵਤ ਕਰ ਕੇ ਅੰਧ-ਵਿਸ਼ਵਾਸੀ ਮੁਸਲਮਾਨਾਂ ਨੂੰ ਆਪਣੇ ਵੱਲ ਕਰਦੇ ਹੋ, ਹੋਰ ਤਾਂ ਹੋਰ ਤੁਸੀਂ ਜਹਾਂਗੀਰ ਦੇ ਪੁੱਤਰ ਖੁਸਰੋ ਨੂੰ ਗ਼ਲਤ ਰਸਤੇ ਪਾਉਂਦੇ ਹੋ ਤੇ ਬਾਕੀ ਤੁਸੀਂ ਉਸ ਚੰਦੂ ਦੀ ਲੜਕੀ ਦਾ ਸਾਕ ਛੱਡਿਆ, ਜੋ ਜਹਾਂਗੀਰ ਦਾ ਨੌਕਰ ਵੀ ਹੈ ਤੇ ਦੋਸਤ ਵੀ। ਇਸ ਤੋਂ ਬਗ਼ੈਰ ਲਾਹੌਰ ਦੇ ਮੁਲਾਣੇ ਜਿਨ੍ਹਾਂ ਨੂੰ ਗੁਰੂ ਜੀ ਚੁੱਭਦੇ ਸੀ, ਗੁਰੂ ਜੀ ਦਾ ਪ੍ਰਚਾਰ ਤੇ ਉਨ੍ਹਾਂ ਦੀ ਮਹਿਮਾ ਉਨ੍ਹਾਂ ਲਈ ਸੁਣਨੀ ਮੁਸ਼ਕਲ ਸੀ, ਪਰ ਸਾਰਾ ਇਲਾਕਾ ਤੇ ਲਾਹੌਰੀਏ ਗੁਰੂ ਜੀ ਦੀ ਸੰਗਤ ਕਰਦੇ ਸਨ ਜਿਸ ਵਿਚ ਅੱਲ੍ਹਾ ਨੂੰ ਮੰਨਣ ਵਾਲੇ ਮੁਸਲਮਾਨ ਵੀ ਹੁੰਦੇ ਜੋ ਗੁਰੂ ਜੀ ਦੇ ਪੱਕੇ ਸ਼ਰਧਾਲੂ ਸਨ। ਜਹਾਂਗੀਰ ਨੇ ਚੰਦੂ ਨੂੰ ਕਿਹਾ ਕਿ ਤੂੰ ਕੋਲ ਖੜ੍ਹ ਕੇ ਇਸ ਫਕੀਰ ਨੂੰ ਮਰਵਾ ਦੇ, ਤੇਰੀ ਇਹੀ ਡਿਊਟੀ ਹੈ।
ਚੰਦੂ ਮਨੋਂ ਖੁਸ਼ ਸੀ। ਉਹ ਤਾਂ ਪਹਿਲਾਂ ਹੀ ਇਹ ਕੰਮ ਭਾਲਦਾ ਸੀ। ਚੰਦੂ ਪਾਪੀ ਨੇ ਦੋ ਲੋਹਾਂ ਬਣਵਾ ਲਈਆਂ। ਇਕ ’ਤੇ ਰੇਤ ਗਰਮ ਕਰਨੀ ਸੀੳ, ਕੜਾਹਾ ਰੱਖਣਾ ਸੀ, ਇਕ ’ਤੇ ਤਵੀ ਗਰਮ ਕਰਨੀ ਸੀ, ਜਿਸ ’ਤੇ ਮੇਰੇ ਸਾਹਿਬਾਂ ਨੂੰ ਤਸੀਹੇ ਦੇਣੇ ਸਨ। ਸਭ ਕੁਝ ਤਿਆਰ ਹੋ ਗਿਆ ਤਾਂ ਚੰਦੂ ਦੇ ਹੁਕਮ ’ਤੇ ਦੋ ਸਿਪਾਹੀ ਗੁਰੂ ਜੀ ਕੋਲ ਗਏ। ਗੁਰੂ ਜੀ ਸਿਮਰਨ ਕਰ ਰਹੇ ਸੀ। ਗੁਰੂ ਜੀ ਨੂੰ ਬਾਹਰ ਜਾਣ ਲਈ ਕਿਹਾ ਤਾਂ ਗੁਰੂ ਜੀ ਪੈਰੀਂ ਬੇੜੀਆਂ, ਹੱਥੀਂ ਹੱਥਕੜੀਆਂ ਹੋਣ ਕਰਕੇ ਹੌਲੀ ਤੁਰ ਰਹੇ ਸਨ। ਸਿਪਾਹੀ ਗੁਰੂ ਜੀ ਨੂੰ ਤਵੀ ਕੋਲ ਲੈ ਆਏ। ਆਪ ਜੀ ਦੇ ਚਿਹਰੇ ’ਤੇ ਕੋਈ ਫ਼ਰਕ ਨਾ ਆਇਆ। ਸਗੋਂ ਰੱਬੀ ਨੂਰ ਹੀਰੇ ਦੀ ਤਰ੍ਹਾਂ ਚਮਕ ਰਿਹਾ ਸੀ। ਹੁਕਮ ਹੋਣ ’ਤੇ ਜ਼ੰਜੀਰਾਂ ਖੋਲ੍ਹ ਦਿੱਤੀਆਂ। ਗੁਰੂ ਜੀ ਬਿਨਾਂ ਕਿਸੇ ਡਰ ਤੋਂ ਅਡੋਲ ਖੜ੍ਹੇ ਸੀ ਤਾਂ ਕਾਜ਼ੀ ਸ਼ਰ੍ਹਾ ਦੀ ਕਿਤਾਬ ਲੈ ਕੇ ਆਇਆ ਜਿਸ ਵਿਚ ਲਿਖਿਆ ਸੀ ਕਿ ਮੁਲਸਮਾਨ ਲਈ ਬੱਚੇ ਜਾਂ ਬੁੱਢੇ ਨੂੰ ਤਸੀਹੇ ਦੇਣਾ ਪਾਪ ਹੈ, ਜੋ ਕਿਸੇ ਭਗਤ ਨੂੰ ਤੰਗ ਕਰਦਾ ਹੈ ਉਹ ਬੇਸ਼ਕ ਅੱਲ੍ਹਾ ਦੀ ਇਬਾਦਤ ਕਰਨ ਦੇ ਦਾਅਵੇ ਕਰਦਾ ਫਿਰੇ ਉਹ ਕਿਸੇ ਤਰ੍ਹਾਂ ਵੀ ਬਖਸ਼ਿਆ ਨਹੀਂ ਜਾਣਾ।ਜੋ ਆਪਣੀ ਤਾਕਤ ਦੀ ਨਜਾਇਜ਼ ਵਰਤੋਂ ਕਰਦਾ ਹੈ, ਉਹ ਕਾਫ਼ਰ ਹੈ; ਉਹ ਜਹੱਨਮ (ਨਰਕਾਂ) ਦਾ ਵਾਸੀ ਹੋਵੇਗਾ। ਇਹ ਸ਼ਬਦ ਕਾਜ਼ੀ ਦੇ ਯਾਦ ਜ਼ਰੂਰ ਸੀ ਪਰ ਉਹ, ਰੱਬ ਦਾ ਨਹੀਂ ਜਹਾਂਗੀਰ ਦਾ ਗ਼ੁਲਾਮ ਬਣਿਆ ਸੀ। ਸ਼ਰ੍ਹਾ ਦੀ ਕੋਈ ਕਿਤਾਬ ਝੂਠੀ ਨਹੀਂ। ਇਹ ਅਖੌਤੀ ਕਾਜ਼ੀ ਝੂਠੇ ਬਣੇ, ਇਸਲਾਮ ਧਰਮ ਨੂੰ ਕਾਲਖ ਲਾਈ। ਕਾਜ਼ੀ ਗੁਰੂ ਜੀ ਨੂੰ ਕਹਿਣ ਲੱਗਾ, “ਜੇ ਜਾਨ ਬਚਾਉਣੀ ਹੈ ਤਾਂ ਕਲਮਾ ਪੜ੍ਹ ਕੇ ਮੁਸਲਮਾਨ ਬਣੋ। ‘ਵਾਹਿਗੁਰੂ’ ਦੀ ਥਾਂ ‘ਅੱਲ੍ਹਾ ਅੱਲ੍ਹਾ’ ਕਰੋ, ਤੁਹਾਨੂੰ ਲਾਹੌਰ ਦਾ ਵੱਡਾ ਖਾਨ ਸਾਹਿਬ ਬਣਾ ਦੇਵਾਂਗੇ।”
ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ, “ਮੀਆਂ! ਠੀਕ ਹੈ, ਸਭ ਲੋਕਾਂ ਦਾ ਰੱਬ ਇਕ ਹੈ, ਅੱਲ੍ਹਾ ਤੇ ਵਾਹਿਗੁਰੂ ਵਿਚ ਕੋਈ ਫ਼ਰਕ ਨਹੀਂ। ਪਰ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੁਆਰਾ ਚਲਾਇਆ ਸਿੱਖ ਧਰਮ ਮਿਲਿਆ ਹੈ, ਮੈਂ ਸਿੱਖ ਹੀ ਰਹਾਂਗਾ, ਧਰਮ ਨਹੀਂ ਛੱਡਾਂਗਾ। ਇਹ ਸੁਣ ਕੇ ਕਾਜ਼ੀ ਨੇ ਫਤਵਾ ਲਾਇਆ ਕਿ ਇਸ ਕਾਫ਼ਰ ਨੂੰ ਸਖ਼ਤ ਤਸੀਹੇ ਦੇ ਕੇ ਮਾਰ ਦੇਵੋ। ਚੰਦੂ ਦਾ ਹੰਕਾਰ ਨਾਲ ਚਿਹਰਾ ਕਾਲਾ ਹੋ ਗਿਆ। ਮੇਰੇ ਸਤਿਗੁਰੂ ਸ਼ਹਿਨਸ਼ਾਹ ਨੂੰ ਤਵੀ ਉੱਪਰ ਬੈਠਣ ਦਾ ਹੁਕਮ ਕੀਤਾ ਤਾਂ ਗੁਰੂ ਜੀ ਚੌਕੜਾ ਮਾਰ ਕੇ ਬੈਠ ਗਏ। ਨਾਮ-ਸਿਮਰਨ ’ਚ ਲੱਗੇ ਰਹੇ। ਵਾਹਿਗੁਰੂ ਦਾ ਭਾਣਾ ਮੰਨਿਆ। ਗੁਰੂ ਜੀ ਦੇ ਸਿਰ ਉੱਪਰ ਗਰਮ ਰੇਤ ਪੈਣ ਲੱਗੀ। ਸੱਚੇ ਦਰਵੇਸ਼ ਗੁਰੂ ਜੀ ਨੂੰ ਤਸੀਹੇ ਝੱਲਣੇ ਪਏ। ਜਲਾਦ ਹੁਕਮ ਹੋਣ ’ਤੇ ਅੱਗ ਕਦੇ ਘੱਟ ਕਰ ਦਿੰਦੇ, ਕਦੇ ਤੇਜ਼ ਕਰ ਦਿੰਦੇ। ਪਰ ਗੁਰੂ ਜੀ ਨਾ ਡੋਲੇ, ਨਾ ਘਬਰਾਏ। ਪਰਮਾਤਮਾ ਦੇ ਭਾਣੇ ਵਿਚ ਰਹੇ। ਭਗਤਾਂ ਦੇ ਸਿੰਘਾਸਣ ਡੋਲ ਗਏ। ਭਗਤਾਂ ਦੀਆਂ ਸਮਾਧੀਆਂ ਭੰਗ ਹੋ ਗਈਆਂ। ਉਨ੍ਹਾਂ ਨੂੰ ਤਪਦੇ ਲਾਹੌਰ ਵਿੱਚੋਂ ਸੇਕ ਆਉਣ ਲੱਗਾ। ਧਰਤੀ ’ਤੇ ਹੋ ਰਹੇ ਜ਼ੁਲਮ ਨੂੰ ਵੇਖ ਕੇ ਮਾਨੋ ਸੂਰਜ ਵੀ ਰੋ ਪਿਆ ਤੇ ਉਹ ਬੱਦਲਾਂ ਉਹਲੇ ਹੋ ਗਿਆ। ਅਕਾਲ ਪੁਰਖ ਨੂੰ ਅੱਜ ਲਾਹੌਰ ਵਿੱਚੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਦਿੱਸੀਆਂ। ਇਕੱਲੀ ਤਵੀ ਨਹੀਂ ਸਾਰਾ ਲਾਹੌਰ ਇਸ ਪਾਪ ਦੇ ਸੇਕ ਨਾਲ ਤਪ ਗਿਆ। ਗੁਰੂ ਜੀ ਦੇ ਸਿਰ ’ਤੇ ਗਰਮ ਰੇਤ ਪਾਈ ਗਈ। ਹੁਕਮ ਹੋਣ ’ਤੇ ਗੁਰੂ ਜੀ ਨੂੰ ਤਵੀ ਤੋਂ ਹੇਠਾਂ ਉਤਾਰ ਲਿਆ ਤੇ ਪਵਿੱਤਰ ਦੇਹ ’ਤੇ ਠੰਡਾ ਪਾਣੀ ਪਾਉਣ ਲੱਗੇ ਜਿਸ ਕਾਰਨ ਗੁਰੂ ਜੀ ਦਾ ਸਾਰਾ ਸਰੀਰ ਛਾਲਿਆਂ ਨਾਲ ਭਰ ਗਿਆ। ਜੋ ਛਾਲੇ ਸੀ ਉਹ ਫਿੱਸਣ ਲੱਗੇ। ਜ਼ਾਲਮਾਂ ਨੂੰ ਫੇਰ ਵੀ ਸਬਰ ਨਾ ਆਇਆ। ਗੁਰੂ ਜੀ ਨੂੰ ਉਬਲਦੇ ਪਾਣੀ ਵਿਚ ਬਿਠਾ ਦਿੱਤਾ ਗਿਆ। ਧੰਨ ਸਿੱਖੀ! ਗੁਰੂ ਜੀ ਨੂੰ ਚੌਥੇ ਦਿਨ ਵੀ ਤਸੀਹੇ ਦਿੰਦੇ ਰਹੇ। ਗੁਰੂ ਜੀ ਦੇ ਸਾਰੇ ਸਰੀਰ ’ਤੇ ਜ਼ਖ਼ਮ ਹੀ ਜ਼ਖ਼ਮ ਹੋ ਗਏ। ਆਪ ਜੀ ਨੇ ਪੰਜ ਦਿਨ ਨਾ ਕੁਝ ਖਾਧਾ, ਨਾ ਪੀਤਾ। ਸਰੀਰ ਬਹੁਤ ਕਮਜ਼ੋਰ ਹੋ ਗਿਆ। ਗੁਰੂ ਜੀ ਬੇਹੋਸ਼ ਹੋ ਗਏ। ਇਸ ਦਸ਼ਾ ਵਿਚ ਗੁਰੂ ਜੀ ਨੂੰ ਰਾਵੀ ਦੇ ਤੇਜ਼ ਪਾਣੀ ’ਚ ਸੁੱਟ ਦਿੱਤਾ। ਪਾਪੀਆਂ ਦਾ ਮਨ ਪੱਥਰ ਦਾ ਹੋ ਗਿਆ ਸੀ। ਗੁਰੂ ਜੀ ਦੇ ਸਰੀਰ ਨੂੰ ਕਸ਼ਟ ਦੇ ਕੇ ਬਹੁਤ ਦੁੱਖ ਦਿੱਤਾ। ਜਲਾਦਾਂ ਨੇ ਚੰਦੂ ਦੇ ਹੁਕਮ ’ਤੇ ਗੁਰੂ ਜੀ ਦੇ ਸਰੀਰ ਨੂੰ ਪਾਣੀ ’ਚ ਠੇਲ੍ਹ ਦਿੱਤਾ। ਗੁਰੂ ਜੀ ਸ਼ਹੀਦੀ ਪਾ ਗਏ। ਓ ਜਹਾਂਗੀਰ! ਚੰਦੂ! ਪ੍ਰਿਥੀ ਚੰਦ! ਤੁਹਾਨੂੰ ਕਿਸੇ ਨੇ ਚੰਗਾ ਨਹੀਂ ਸਮਝਿਆ, ਨਾ ਹੀ ਅੱਗੇ ਕੋਈ ਸਮਝੇਗਾ, ਗੁਰੂ ਜੀ ਤਾਂ ਸੱਚਖੰਡ ਚਲੇ ਗਏ। ਗੁਰੂ ਜੀ ਦੀ ਸ਼ਹੀਦੀ ਦਾ ਅਸਰ ਸਿੱਖ ਕੌਮ ’ਤੇ ਹੋਣਾ ਕੁਦਰਤੀ ਸੀ। ਗੁਰੂ ਜੀ ਦੀ ਸ਼ਹੀਦੀ ਬੇਸ਼ੱਕ ਪੱਥਰ-ਦਿਲ ਲੋਕਾਂ ਨੂੰ ਨਰਮ ਨਾ ਕਰ ਸਕੀ, ਪਰ ਸਿੱਖ ਕੌਮ ਦੇ ਖੂਨ ਨੂੰ ਗਰਮ ਜ਼ਰੂਰ ਕਰ ਗਈ। ਜਦੋਂ ਲਾਹੌਰ ਸ਼ਹਿਰ ਵਿਚ ਇਸ ਕੁਰਬਾਨੀ ਦਾ ਪਤਾ ਲੱਗਿਆ ਤਾਂ ਸਿੱਖਾਂ ਦੇ ਹੀ ਨਹੀਂ ਸਗੋਂ ਹਿੰਦੂ ਅਤੇ ਮੁਸਲਮਾਨ ਸ਼ਰਧਾਲੂਆਂ ਦੇ ਦਿਲ ਵੀ ਹਿੱਲ ਗਏ। ਰੂਹਾਨੀ ਤੇ ਜਿਸਮਾਨੀ ਤੌਰ ’ਤੇ ਲਾਹੌਰ ਤਪ ਗਿਆ।
ਲੇਖਕ ਬਾਰੇ
ਪਿੰਡ ਤੇ ਡਾਕ: ਝਨੇਰ, ਤਹਿ. ਮਲੇਰਕੋਟਲਾ (ਸੰਗਰੂਰ)
- ਜਨਾਬ ਬਸ਼ੀਰ ਮੁਹੰਮਦhttps://sikharchives.org/kosh/author/%e0%a8%9c%e0%a8%a8%e0%a8%be%e0%a8%ac-%e0%a8%ac%e0%a8%b6%e0%a9%80%e0%a8%b0-%e0%a8%ae%e0%a9%81%e0%a8%b9%e0%a9%b0%e0%a8%ae%e0%a8%a6/December 1, 2007
- ਜਨਾਬ ਬਸ਼ੀਰ ਮੁਹੰਮਦhttps://sikharchives.org/kosh/author/%e0%a8%9c%e0%a8%a8%e0%a8%be%e0%a8%ac-%e0%a8%ac%e0%a8%b6%e0%a9%80%e0%a8%b0-%e0%a8%ae%e0%a9%81%e0%a8%b9%e0%a9%b0%e0%a8%ae%e0%a8%a6/March 1, 2008
- ਜਨਾਬ ਬਸ਼ੀਰ ਮੁਹੰਮਦhttps://sikharchives.org/kosh/author/%e0%a8%9c%e0%a8%a8%e0%a8%be%e0%a8%ac-%e0%a8%ac%e0%a8%b6%e0%a9%80%e0%a8%b0-%e0%a8%ae%e0%a9%81%e0%a8%b9%e0%a9%b0%e0%a8%ae%e0%a8%a6/December 1, 2008