ਅਜੈ ਸਿੰਘ ਦਾ ਜਨਮ ਸੰਨ 1711 ਈਸਵੀ ਦੇ ਅਖ਼ੀਰਲੇ ਮਹੀਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਗ੍ਰਹਿ ਵਿਖੇ ਹੋਇਆ। ਅਜੈ ਸਿੰਘ ਦੀ ਮਾਤਾ ਚੰਬੇ ਦੀ ਸ਼ਹਿਜ਼ਾਦੀ ਸੀ। ਇਸ ਸ਼ਹਿਜ਼ਾਦੀ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਅਨੰਦ ਕਾਰਜ 1710 ਈ. ਵਿਚ ਹੋਇਆ ਸੀ। ਉਨ੍ਹਾਂ ਦਿਨਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਪਹਾੜੀ ਇਲਾਕਿਆਂ ਵਿਚ ਪਨਾਹ ਲੈ ਰਿਹਾ ਸੀ। ਡਾ. ਗੰਡਾ ਸਿੰਘ ਨੇ ਇਸ ਸ਼ਹਿਜ਼ਾਦੀ ਨੂੰ ਚੰਬੇ ਦੇ ਰਾਜੇ ਉਦੈ ਸਿੰਘ ਦੇ ਪਰਵਾਰ ’ਚੋਂ ਲਿਖਿਆ ਹੈ। ਸ਼ਹਿਜ਼ਾਦੀ ਦਾ ਨਾਂ ਸ਼ੀਲ ਕੌਰ ਦੱਸਿਆ ਗਿਆ ਹੈ। (ਕਈ ਵਿਦਵਾਨਾਂ ਨੇ ਸ਼ਹਿਜ਼ਾਦੀ ਦਾ ਨਾਂ ਰਤਨ ਕੌਰ ਵੀ ਲਿਖਿਆ ਹੈ।)
ਬਾਬਾ ਬੰਦਾ ਸਿੰਘ ਬਹਾਦਰ ਦਾ ਤੂਫ਼ਾਨੀ ਜੀਵਨ ਸੰਨ 1708 ਵਿਚ ਸ਼ੁਰੂ ਹੋਇਆ ਤੇ 1715 ਈ. ਤਕ ਉਸ ਨੇ ਕੈਥਲ, ਸਮਾਣਾ, ਸਢੋਰਾ, ਮੁਖਲਿਸਪੁਰ ਅਤੇ ਸਰਹਿੰਦ ਨੂੰ ਜਿੱਤ ਕੇ ਮੁਗ਼ਲ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ। ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਰਾ ਜੀਵਨ ਲੜਾਈਆਂ ਵਿਚ ਹੀ ਬੀਤਿਆ ਸੀ ਇਸ ਕਰਕੇ ਉਸ ਨੂੰ ਕਦੇ ਵੀ ਇਕ ਥਾਂ ’ਤੇ ਟਿਕ ਕੇ ਬੈਠਣ ਦਾ ਅਵਸਰ ਨਾ ਮਿਲਿਆ। ਅਜੈ ਸਿੰਘ ਦੇ ਜੀਵਨ ਦੇ ਮੁੱਢਲੇ ਵਰ੍ਹੇ ਇਨ੍ਹਾਂ ਜੰਗਾਂ ਤੇ ਯੁੱਧਾਂ ਦੇ ਮਾਹੌਲ ਵਿਚ ਹੀ ਬੀਤੇ। ਮੁਗ਼ਲਾਂ ਵਿਰੁੱਧ ਬੰਦੇ ਦੀ ਆਖ਼ਰੀ ਲੜਾਈ ਗੁਰਦਾਸ ਨੰਗਲ ਦੇ ਸਥਾਨ ’ਤੇ ਲੜੀ ਗਈ। 17 ਦਸੰਬਰ ਸੰਨ 1715 ਈ. ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜ੍ਹੀ ’ਚੋਂ ਪਕੜ ਲਿਆ ਗਿਆ।
ਇਸ ਲੜਾਈ ਵਿਚ 8000 ਤੋਂ ਵੱਧ ਸਿੰਘ ਸ਼ਹੀਦ ਹੋਏ ਅਤੇ ਕਰੀਬ ਇਕ ਹਜ਼ਾਰ ਸਿੱਖਾਂ ਨੂੰ ਬੰਦੀ ਬਣਾਇਆ ਗਿਆ। ਇਨ੍ਹਾਂ ਬੰਦੀ ਬਣਨ ਵਾਲਿਆਂ ਵਿਚ ਹੋਰਨਾਂ ਤੋਂ ਛੁੱਟ ਬਾਬਾ ਬੰਦਾ ਸਿੰਘ ਬਹਾਦਰ ਦਾ ਚਾਰ ਸਾਲ ਦਾ ਬੱਚਾ ਅਜੈ ਸਿੰਘ ਤੇ ਉਸ ਦੀ ਧਰਮ-ਪਤਨੀ ਸ਼ੀਲ ਕੌਰ ਵੀ ਸਨ। ਬੰਦੀ ਬਣਾਏ ਗਏ ਸਿੱਖਾਂ ਨੂੰ ਪਹਿਲਾਂ ਲਾਹੌਰ ਤੇ ਫਿਰ ਜਲੂਸ ਦੀ ਸ਼ਕਲ ਵਿਚ ਦਿੱਲੀ ਪੁਚਾਇਆ ਗਿਆ। ਜਲੂਸ ਦੇ ਅੱਗੇ-ਅੱਗੇ ਕਤਲ ਕੀਤੇ ਗਏ ਸਿੱਖਾਂ ਦੇ ਸਿਰ ਸਨ ਜਿਨ੍ਹਾਂ ਨੂੰ ਨੇਜ਼ਿਆਂ ਉੱਤੇ ਟੰਗਿਆ ਹੋਇਆ ਸੀ ਤੇ ਪਿੱਛੇ-ਪਿੱਛੇ ਖੋਤਿਆਂ, ਗੱਡਿਆਂ ਤੇ ਊਠਾਂ ਉੱਤੇ ਸੰਗਲ ਪਾ ਕੇ ਬੰਨ੍ਹੇ ਹੋਏ ਉਹ ਸਿੱਖ ਸਨ ਜਿਨ੍ਹਾਂ ਨੂੰ ਗੁਰਦਾਸ ਨੰਗਲ ਦੀ ਗੜ੍ਹੀ ’ਚੋਂ ਪਕੜਿਆ ਗਿਆ ਸੀ। ਇਹ ਜਲੂਸ 29 ਫਰਵਰੀ ਸੰਨ 1716 ਨੂੰ ਦਿੱਲੀ ਪੁੱਜਾ ਤੇ 5 ਮਾਰਚ 1716 ਤੋਂ ਇਨ੍ਹਾਂ ਨੂੰ ਕਤਲ ਕਰਨਾ ਸ਼ੁਰੂ ਕੀਤਾ ਗਿਆ। ਦਿੱਲੀ ਪਹੁੰਚਣ ਵਾਲੇ ਸਿੱਖਾਂ ਦੀ ਸੰਖਿਆ 740 ਸੀ। ਹਰ ਰੋਜ਼ ਇਨ੍ਹਾਂ ਕੈਦ ਕੀਤੇ ਹੋਏ ਸਿੱਖਾਂ ਵਿੱਚੋਂ 100 ਸਿੱਖਾਂ ਨੂੰ ਕੋਤਵਾਲੀ ਦੇ ਸਾਹਮਣੇ ਬਣੇ ਹੋਏ ਚਬੂਤਰੇ ’ਤੇ ਲਿਆ ਕੇ ਪੁੱਛਿਆ ਜਾਂਦਾ ਕਿ ਕੀ ਉਹ ਇਸਲਾਮ ਧਰਮ ਗ੍ਰਹਿਣ ਕਰਨ ਲਈ ਤਿਆਰ ਹਨ ਜਾਂ ਨਹੀਂ। ਉਨ੍ਹਾਂ ਵੱਲੋਂ ਨਾਂਹ ਕਰਨ ਦੀ ਹਾਲਤ ਵਿਚ ਉਨ੍ਹਾਂ ਨੂੰ ਬੜੇ ਹੀ ਨਿਰਦਈ ਤੇ ਵਹਿਸ਼ੀਪੁਣੇ ਢੰਗ ਨਾਲ ਕਤਲ ਕਰ ਦਿੱਤਾ ਜਾਂਦਾ। ਇਬਰਤਨਾਮੇ ਦਾ ਲਿਖਾਰੀ ਮਿਰਜ਼ਾ ਮੁਹੰਮਦ ਹਾਰਸੀ ਲਿਖਦਾ ਹੈ ਕਿ ਮੈਂ ਇਹ ਤਮਾਸ਼ਾ ਵੇਖਣ ਲਈ 6 ਮਾਰਚ ਨੂੰ ਕਤਲਗਾਹ ਦੇ ਸਥਾਨ ’ਤੇ ਪੁੱਜਾ। ਪਰ ਮੇਰੇ ਜਾਣ ਤੋਂ ਪਹਿਲਾਂ ਉਸ ਦਿਨ ਦਾ ਕੰਮ ਮੁੱਕ ਚੁਕਾ ਸੀ। ਕਤਲ ਹੋ ਚੁਕੇ ਸਿੱਖਾਂ ਦੇ ਧੜ ਸੂਰਜ ਦੀ ਅੱਗ ਵਰਸਾਂਦੀ ਧੁੱਪ ਅਤੇ ਲਹੂ-ਭਿੱਜੇ ਚਿੱਕੜ ਵਿਚ ਧਰਤੀ ’ਤੇ ਡਿੱਗੇ ਪਏ ਸਨ।
9 ਜੂਨ, 1716 ਈ. ਦੀ ਸਵੇਰ ਦਾ ਸੂਰਜ ਲਿਸ਼ਕਿਆ ਹੀ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ, ਉਸ ਦੇ ਪੁੱਤਰ ਅਜੈ ਸਿੰਘ ਅਤੇ ਬਾਕੀ ਬਚੇ ਹੋਏ ਸਿੱਖਾਂ ਨੂੰ ਕਿਲ੍ਹੇ ’ਚੋਂ ਬਾਹਰ ਕੱਢਿਆ ਗਿਆ। ਉਨ੍ਹਾਂ ਦਾ ਮਜ਼ਾਕ ਉਡਾਉਣ ਲਈ ਉਨ੍ਹਾਂ ਨੂੰ ਤਿੱਲੇਦਾਰ ਲਾਲ ਪੁਸ਼ਾਕਾਂ ਤੇ ਨੋਕਦਾਰ ਟੋਪੀਆਂ ਪਾ ਕੇ ਮਰੀਅਲ ਜਿਹੇ ਹਾਥੀ ’ਤੇ ਬਿਠਾਇਆ ਗਿਆ। ਬਾਕੀ ਸਾਥੀ ਜਿਨ੍ਹਾਂ ਵਿਚ ਸ. ਬਾਜ਼ ਸਿੰਘ, ਸ. ਫਤਿਹ ਸਿੰਘ, ਸ. ਆਲੀ ਸਿੰਘ, ਸ. ਰਾਮ ਸਿੰਘ ਤੇ ਬਖ਼ਸ਼ੀ ਗੁਲਾਬ ਸਿੰਘ ਆਦਿ ਸ਼ਾਮਲ ਸਨ, ਨੂੰ ਜ਼ੰਜੀਰਾਂ ਵਿਚ ਜਕੜ ਕੇ ਘੋੜਿਆਂ ਉੱਤੇ ਲੱਦਿਆ ਗਿਆ। ਸ਼ਹਿਰ ਦੀਆਂ ਪੁਰਾਣੀਆਂ ਗਲੀਆਂ ’ਚੋਂ ਜਲੂਸ ਦੀ ਸ਼ਕਲ ਵਿਚ ਤੁਰਦੇ ਇਨ੍ਹਾਂ ਨੂੰ ਮਹਿਰੋਲੀ ਦੇ ਨੇੜੇ ਖੁਆਜਾ ਬਖ਼ਤਿਆਰ ਕਾਕੀ ਦੀ ਦਰਗਾਹ ਕੋਲ ਪਹੁੰਚਾਇਆ ਗਿਆ। ਇਥੇ ਕਤਲ ਹੋਣ ਵਾਲੇ ਸਿੰਘਾਂ ਨੂੰ ਹਾਥੀ ਅਤੇ ਘੋੜਿਆਂ ਤੋਂ ਉਤਾਰ ਕੇ ਜ਼ਮੀਨ ’ਤੇ ਬਿਠਾ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਮਨ ਵਿਚ ਡਰ, ਭੈ ਅਤੇ ਸਹਿਮ ਪੈਦਾ ਕਰਨ ਲਈ ਪਹਿਲਾਂ ਉਸ ਦੇ ਸਾਥੀਆਂ ਨੂੰ ਕਤਲ ਕੀਤਾ ਗਿਆ। ਹਰ ਸਾਥੀ ਦੇ ਕਤਲ ਹੋਣ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸਲਾਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ ਜਾਂਦੀ ਸੀ ਪਰ ਹਰ ਵਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਇਕ ਸਿਦਕੀ ਅਤੇ ਨਿਸ਼ਠਾਵਾਨ ਸਿੱਖ ਵਾਂਗ ਜਾਨ ਕੁਰਬਾਨ ਕਰਨ ਨੂੰ ਹੀ ਤਰਜੀਹ ਦਿੱਤੀ। ਹੁਣ ਕੋਤਵਾਲ ਦੇ ਹੁਕਮ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਚਾਰ ਸਾਲਾ ਬੱਚੇ ਅਜੈ ਸਿੰਘ ਨੂੰ ਲਿਆਂਦਾ ਗਿਆ ਜਿਸ ਦੇ ਹੱਥਾਂ ਤੇ ਪੈਰਾਂ ਵਿਚ ਵੀ ਬੇੜੀਆਂ ਪਾਈਆਂ ਹੋਈਆਂ ਸਨ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਗਿਆ ਕਿ ਉਹ ਆਪਣੇ ਬੱਚੇ ਨੂੰ ਕਤਲ ਕਰੇ ਜਾਂ ਇਸਲਾਮ ਕਬੂਲ ਕਰ ਲਵੇ। ਬਾਬਾ ਬੰਦਾ ਸਿੰਘ ਬਹਾਦਰ ਨੇ ਦੋਵੇਂ ਗੱਲਾਂ ਠੁਕਰਾ ਦਿੱਤੀਆਂ ਤੇ ਕਿਹਾ, ‘ਇਨਸਾਨ ਨੂੰ ਜ਼ਿੰਦਗੀ ਇਕ ਵਾਰ ਮਿਲਦੀ ਹੈ ਤੇ ਇਸ ਜ਼ਿੰਦਗੀ ਵਿਚ ਧਰਮ ਲਈ ਕੁਰਬਾਨ ਹੋ ਜਾਣ ਤੋਂ ਵੱਧ ਖੁਸ਼ੀ ਹੋਰ ਕੀ ਹੋ ਸਕਦੀ ਹੈ?’ ਜਲਾਦਾਂ ਨੇ ਮਾਸੂਮ ਬੱਚੇ ਅਜੈ ਸਿੰਘ ਨੂੰ ਬੇੜੀਆਂ ਵਿਚ ਜਕੜੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਵਿਚ ਬਿਠਾ ਦਿੱਤਾ। ਇਕ ਵਾਰ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਗਿਆ ਕਿ ਇਸਲਾਮ ਧਰਮ ਕਬੂਲ ਕਰ ਕੇ ਬਾਦਸ਼ਾਹ ਸਲਾਮਤ ਕੋਲੋਂ ਆਪਣੇ ਕੀਤੇ ਗੁਨਾਹਾਂ ਦੀ ਮਾਫ਼ੀ ਮੰਗ ਲਵੇ ਜੋ ਉਸ ਨੇ ਮੁਗ਼ਲ ਹਕੂਮਤ ਵਿਰੁੱਧ ਕੀਤੇ ਹਨ। ਬਾਬਾ ਬੰਦਾ ਸਿੰਘ ਬਹਾਦਰ ਵੇਖ ਰਿਹਾ ਸੀ ਕਿ ਜਲਾਦ ਲਹੂ ਨਾਲ ਭਿੱਜੀ ਤਲਵਾਰ ਹੱਥ ਵਿਚ ਪਕੜੀ ਅਜੈ ਸਿੰਘ ਦੇ ਟੁਕੜੇ-ਟੁਕੜੇ ਕਰਨ ਲਈ ਤਿਆਰ ਖੜ੍ਹੇ ਹਨ। ਉਸ ਨੇ ਇਸਲਾਮ ਕਬੂਲ ਕਰਨ ਅਤੇ ਜਾਨ ਬਚਾਉਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਤੇ ਕਿਹਾ, “ਮੈਂ ਜੋ ਵੀ ਕਰਦਾ ਹਾਂ ਅਕਾਲ ਪੁਰਖ ਦੇ ਹੁਕਮ ਵਿਚ ਹੀ ਕਰਦਾ ਹਾਂ ਤੇ ਹੁਣ ਤੁਸੀਂ ਜੋ ਕਰੋਗੇ ਉਸ ਨੂੰ ਵੀ ਮੈਂ ਅਕਾਲ ਪੁਰਖ ਦਾ ਭਾਣਾ ਸਮਝ ਕੇ ਪ੍ਰਵਾਨ ਕਰ ਲਵਾਂਗਾ।” ਇਹ ਸੁਣਦਿਆਂ ਹੀ ਜਲਾਦ ਨੇ ਉਹ ਤਲਵਾਰ ਅਜੈ ਸਿੰਘ ਦੇ ਸੀਨੇ ਵਿਚ ਮਾਰ ਦਿੱਤੀ ਤੇ ਫਿਰ ਅੱਖ ਦੇ ਫੋਰ ਵਿਚ ਉੇਸ ਮਾਸੂਮ ਬੱਚੇ ਦੇ ਟੁਕੜੇ- ਟੁਕੜੇ ਕਰ ਕੇ ਉਸ ਦਾ ਤੜਫਦਾ ਕਲੇਜਾ ਬਾਹਰ ਕੱਢ ਲਿਆ। ਜਲਾਦ ਨੇ ਅਜੈ ਸਿੰਘ ਦੇ ਕਲੇਜੇ ਨੂੰ ਸੱਜੇ ਹੱਥ ਵਿਚ ਪਕੜ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿਚ ਤੁੰਨਣਾ ਚਾਹਿਆ ਪਰ ਬਾਬਾ ਬੰਦਾ ਸਿੰਘ ਬਹਾਦਰ ਹਰ ਵਾਪਰਨ ਵਾਲੀ ਭਾਵੀ ਨੂੰ ਰੱਬੀ ਹੁਕਮ (ਭਾਣਾ) ਸਮਝ ਕੇ ਅੰਤ ਆਪਣੀ ਮੌਤ ਦਾ ਇੰਤਜ਼ਾਰ ਕਰਨ ਲੱਗ ਪਿਆ। ਸ਼ਹੀਦ ਹੋਣ ਵਾਲੇ ਉਨ੍ਹਾਂ ਹਜ਼ਾਰਾਂ ਸਿੱਖ ਬੱਚਿਆਂ ’ਚੋਂ ਜਿਨ੍ਹਾਂ ਦੇ ਅਸੀਂ ਨਾਮ ਨਹੀਂ ਜਾਣਦੇ, ਅਜੈ ਸਿੰਘ ਸਭ ਤੋਂ ਛੋਟੀ ਉਮਰ ਦਾ ਸੀ।
ਲੇਖਕ ਬਾਰੇ
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/September 1, 2007
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/April 1, 2009
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/October 1, 2009
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/March 1, 2010
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/July 1, 2010
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/