ਛੇਵੇਂ ਸਤਿਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ 21 ਹਾੜ ਸੰਮਤ 1652 ਬਿਕ੍ਰਮੀ(ਸੰਮਤ ਨਾਨਕਸ਼ਾਹੀ 126) ਨੂੰ ਗੁਰੂ ਕੀ ਵਡਾਲੀ (ਅੰਮ੍ਰਿਤਸਰ ਸਾਹਿਬ ਤੋਂ 8 ਕਿਲੋਮੀਟਰ ਦੂਰ) ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਹੋਇਆ। ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਦੇ ਕਰਤਾ ਨੇ ਗੁਰੂ-ਜਨਮ ਬਾਰੇ ਇੰਜ ਕਿਹਾ ਹੈ:
ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਜਨਮੇ ਵਡਾਲੀ।
ਸੰਮਤ ਸੋਲਾਂ ਸੈ ਗਏ ਸੰਤਾਲੀ।
ਹਾੜ੍ਹ ਮਾਸ ਦਿਨ ਬੀਤੇ ਇੱਕੀ।
ਮਾਤਾ ਗੰਗਾ ਜੀ ਦੇ ਉਦਰੋਂ… ਗੁਰੂ ਅਰਜਨ ਦੇ ਘਰਿ ਗੁਰ ਰਾਮਦਾਸ ਦਾ ਪੋਤਾ। (ਕੇਸਰ ਸਿੰਘ ਛਿੱਬਰ, ਬੰਸਾਵਲੀਨਾਮਾ)
ਗੁਰੂ ਸਾਹਿਬ ਦੀ ਪੜ੍ਹਾਈ-ਲਿਖਾਈ (ਵਿੱਦਿਆ) ਅਰਥਾਤ ਗੁਰਬਾਣੀ ਅਤੇ ਸਿੱਖ-ਇਤਿਹਾਸ ਦੀ ਪੜ੍ਹਾਈ ਬਾਬਾ ਬੁੱਢਾ ਜੀ ਦੁਆਰਾ ਹੋਈ। ਛੋਟੀ ਉਮਰ ਵਿਚ ਹੀ ਆਪ ਜੀ ਗੁਰਮਤਿ ਗਿਆਨ ਦੇ ਨਾਲ-ਨਾਲ, ਘੋੜ ਸਵਾਰੀ, ਕੁਸ਼ਤੀ, ਤਲਵਾਰ, ਨੇਜ਼ਾ, ਤੀਰ-ਅੰਦਾਜ਼ੀ ਅਤੇ ਯੋਧਿਆਂ/ਸੂਰਬੀਰਾਂ ਦੇ ਕਰਤਬਾਂ ਵਿਚ ਨਿਪੁੰਨ ਹੋ ਗਏ ਸਨ। ਬਾਲ-ਉਮਰ ਵਿਚ ਹੀ ਆਪ ਜੀ ਦਾ ਸਵਾਸ-ਸਵਾਸ ਪ੍ਰਭੂ-ਰੰਗ ਵਿਚ ਰੰਗਿਆ ਹੋਇਆ ਰਹਿੰਦਾ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਯੁੱਧ-ਵਿੱਦਿਆ ਭਾਈ ਜੇਠਾ ਜੀ ਨੇ, ਭਾਈ ਪਰਾਗਾ ਜੀ ਨੇ ਸ਼ਸਤਰ-ਵਿੱਦਿਆ ਅਤੇ ਭਾਈ ਸਹਿਗਲ ਜੀ ਨੇ ਘੋੜ-ਸਵਾਰੀ ਵਿਚ ਮੁਹਾਰਤ ਹਾਸਲ ਕਰਵਾਈ। ਅਕਾਲ ਪੁਰਖ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਸਰੀਰਿਕ ਬਣਤਰ ਏਨੀ ਕਮਾਲ ਦੀ ਬਣਾ ਛੱਡੀ ਸੀ ਕਿ ਜਿਵੇਂ ਦੁਨੀਆਂ ਵਿਚ ਅਜਿਹਾ ਹੋਰ ਕੋਈ ਵਿਅਕਤੀ ਹੈ ਹੀ ਨਹੀਂ ਸੀ।
ਉੱਚਾ-ਲੰਮਾ ਕੱਦ, ਮੁੱਖੜਾ ਅਤਿ ਸੁੰਦਰ, ਛਾਤੀ ਚੌੜੀ, ਲੰਮੀਆਂ-ਲੰਮੀਆਂ ਬਾਹਾਂ ਜਿਵੇਂ ਹਾਥੀ ਦੀ ਸੁੰਡ ਵਾਂਗ, ਰੰਗ ਕਣਕ ਵਰਗਾ, ਅੱਖਾਂ ਚਮਕੀਲੀਆਂ ਹਿਰਨ ਵਾਂਗ, ਵੱਡੇ ਸੂਰਬੀਰ, ਸਰੀਰਿਕ ਅਤੇ ਆਤਮਿਕ ਪੱਖ ਤੋਂ ਬਹੁਤ ਬਲਵਾਨ, ਹਲੀਮੀ ਭਰੇ, ਹਸਮੁੱਖ, ਮਿੱਠੇ-ਮਿੱਠੇ ਬਚਨ, ਧਰਮ ਅਤੇ ਰਾਜਨੀਤੀ ਦੋਵਾਂ ਵਿਚ ਨਿਪੁੰਨ ਸਨ, ਗੁਰੂ ਹਰਿਗੋਬਿੰਦ ਸਾਹਿਬ ਜੀ।
‘ਤਵਾਰੀਖ਼ ਗੁਰੂ ਖਾਲਸਾ’ ਦੇ ਕਰਤਾ ਨੇ ਗੁਰੂ ਜੀ ਦੀ ਸਰੀਰਿਕ ਬਣਤਰ ਦਾ ਰੇਖਾ-ਚਿੱਤਰ ਇਸ ਪ੍ਰਕਾਰ ਚਿਤਰਿਆ ਹੈ:
ਗੁਰੂ ਹਰਿ ਗੋਬਿੰਦ ਜੀ ਬੁਲੰਦ ਕਦ,
ਅਤਿ ਸੁੰਦਰ, ਚੌੜੀ ਛਾਤੀ,
ਹਾਥੀ ਦੀ ਸੁੰਡ ਵਾਂਗ ਲੰਮੀਆਂ ਬਾਹਾਂ।
ਮੱਥਾ, ਕੰਧੇ, ਦੰਦ, ਪੱਬ, ਉੱਚੇ, ਕਣਕ ਰੰਗ,
ਹਰਨ ਨੇਤ੍ਰ ਬਹੁਤ ਬੜੇ ਸੂਰਬੀਰ,
ਰੂਹਾਨੀ ਜਿਸਮਾਨੀ ਦੋਹਾਂ ਬਾਤਾਂ ਬਲੀ,
ਸੱਚੇ ਤੇ ਮਿੱਠੇ ਬੋਲ, ਹਸਮੁੱਖ, ਸ੍ਰੇਸ਼ਟ ਗੁਣ ਸੰਯੁਕਤ,
ਰਾਜਨੀਤੀ-ਧਰਮ ਦੋਹਾਂ ਵਿਚ ਪੂਰਨ ਗਿਆਤਾ। (ਗਿ. ਗਿਆਨ ਸਿੰਘ, ਤਵਾਰੀਖ਼ ਗੁਰੂ ਖਾਲਸਾ, ਪੰਨਾ 249)
ਉਸ ਵੇਲੇ ਦੇਸ਼ ਵਿਚ ਵਾਪਰ ਰਹੇ ਹਾਲਾਤ, ਗੁਰੂ-ਘਰ ਨੂੰ ਖ਼ਤਮ ਕਰ ਦੇਣ ਵਾਲੀਆਂ ਕੋਝੀਆਂ ਚਾਲਾਂ, ਚੰਦੂ ਅਤੇ ਪ੍ਰਿਥੀ ਚੰਦ ਦੇ ਅੰਦਰ ਭਾਂਬੜ ਵਾਂਗ ਬਲ ਰਹੇ ਈਰਖਾ ਦੇ ਉਬਾਲ, ਬਾਦਸ਼ਾਹ ਜਹਾਂਗੀਰ ਦੀ ਖੋਟੀ-ਨੀਯਤ ਅਤੇ ਬੁਰੇ ਵਿਚਾਰਾਂ, ਮੰਦ-ਭਾਵਨਾਵਾਂ ਨੂੰ ਵੇਖ ਕੇ, ਇਕ ਦਿਨ ਭਾਈ ਸੰਗਾਰੂ ਅਤੇ ਭਾਈ ਜੈਤਾ ਜੀ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਸੀ ਕਿ ਉਹ ਤਲਵਾਰ ਆਦਿ ਸ਼ਸਤਰ ਪਹਿਨ ਲੈਣ। ਉਨ੍ਹਾਂ ਦੇ ਉੱਤਰ ਵਜੋਂ ਪੰਜਵੇਂ ਪਾਤਸ਼ਾਹ ਜੀ ਨੇ ਭਵਿੱਖ-ਫ਼ੁਰਮਾਨ ਕੀਤਾ ਸੀ:
“ਅਸਾਂ ਜੋ ਸ਼ਸਤਰ ਪਕੜਨੇ ਹੈਨਿ, ਸੋ (ਗੁਰੂ) ਹਰਿਗੋਬਿੰਦ ਦਾ ਰੂਪ ਧਾਰ ਕੇ ਪਕੜਨੇ ਹੈਨਿ। ਸਮਾਂ ਕਲਯੁਗ ਦਾ ਵਰਤਨਾ ਹੈ। ਸ਼ਸਤਰਾਂ ਦੀ ਵਿਦਿਆ ਕਰ ਅਸਾਂ ਮੀਰ ਦੀ ਮੀਰੀ ਖਿੱਚ ਲੈਣੀ ਹੈ ਅਤੇ ਸ਼ਬਦ ਦੀ ਪ੍ਰੀਤ ਕਰ ਪੀਰ ਦੀ ਪੀਰੀ ਖਿੱਚ ਲੈਣੀ ਹੈ। ਤੁਸੀਂ ਛੇਵੇਂ ਪਾਤਸ਼ਾਹ ਦੇ ਹਜ਼ੂਰ ਰਹਿਣਾ. ।” (ਸਿੱਖਾਂ ਦੀ ਭਗਤ ਮਾਲਾ, ਪੰਨਾ 158)
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਪਰਤਾਪੂ ਜੀ ਨੂੰ ਉਪਦੇਸ਼ ਕੀਤਾ ਅਤੇ ਉਸ ਨੂੰ ਧਰਮ-ਯੁੱਧ ਲਈ ਤਤਪਰ ਰਹਿਣ ਲਈ ਕਿਹਾ। ਗੁਰੂ-ਉਪਦੇਸ਼ ਹੈ:
“ਸੂਰਮੇ ਨੂੰ ਚਾਹੀਦਾ ਹੈ ਕਿ ਧਰਮ ਦਾ ਯੁੱਧ ਕਰੇ। ਜੋ ਕੁਝ ਪਾਸ ਹੈ, ਸੋ ਦਾਨ ਕਰੇ। ਲੁੱਟੇ ਨਾ, ਸ਼ਸਤਰਾਂ ਵਿਚ ਬਰਕਤ ਹੁੰਦੀ ਹੈ, ਮਾਣ-ਜਸ ਹੁੰਦਾ ਹੈ।” (ਸਿੱਖਾਂ ਦੀ ਭਗਤ ਮਾਲਾ, ਪੰਨਾ 149)
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹੀਦੀ ਨੇ ਇਤਿਹਾਸ ਦੀ ਨਵੀਂ ਸਿਰਜਨਾ ਅਰੰਭੀ। ਗੁਰਬਾਣੀ-ਲਹਿਰ ਦੇ ਨਾਲ-ਨਾਲ ਕੁਰਬਾਨੀ (ਸ਼ਹੀਦੀ) ਲਹਿਰ ਦਾ ਜਨਮ ਹੋਇਆ। ਸਿੱਖ ਸਮਾਜ ਵਿਚ ਫੌਜੀ-ਤਾਕਤ, ਧਰਮੀ-ਯੋਧੇ ਉਗਮੇ। ਬਦਲੇ ਹੋਏ ਹਾਲਾਤ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ਼ਸਤਰ ਧਾਰਨੇ ਜ਼ਰੂਰੀ ਸਮਝੇ। ਸ਼ਹੀਦੀ ਤੋਂ ਬਾਅਦ ਸਿੱਖਾਂ ਉੱਤੇ ਦੁੱਖਾਂ ਅਤੇ ਤਸੀਹਿਆਂ ਦਾ ਯੁੱਗ ਅਰੰਭ ਹੋਇਆ। ਸੱਚ-ਧਰਮ ਦੀ ਰਾਖੀ ਲਈ ਨਿਰਬਲ, ਨਿਤਾਣੇ, ਨਿਆਸਰੇ ਸਮਾਜ ਦੀ ਰੱਖਿਆ ਲਈ ਸਾਧਾਰਨ ਲੋਕਾਂ ਦਾ ਖ਼ੂਨ ਵੀ ਖੌਲ਼ਿਆ ਤੇ ਉਹ ਧਰਮ ਯੁੱਧ ਵਿਚ ਕੁੱਦ ਪਏ। ਵਾਸਤਵ ਵਿਚ ਧਰਮ ਦਾ ਬੀਜ ਸ਼ਹੀਦਾਂ ਦੇ ਖ਼ੂਨ ਤੋਂ ਹੀ ਪ੍ਰਫੁਲਤ ਹੁੰਦਾ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ਼ਾਨ ਦੁਨੀਆਂ ਦੇ ਬਾਦਸ਼ਾਹਾਂ ਨਾਲੋਂ ਕਿਤੇਵੱਧ ਸੀ। ਭਾਈ ਗੁਰਦਾਸ ਜੀ ਨੇ ਆਪ ਜੀ ਨੂੰ ਦੀਨ-ਦੁਨੀ (ਲੋਕ-ਪ੍ਰਲੋਕ) ਦਾ ਪਾਤਸ਼ਾਹ, ਪਾਤਸ਼ਾਹਾਂ ਦਾ ਵੀ ਪਾਤਸ਼ਾਹ, ਛੇ ਪਾਤਸ਼ਾਹੀਆਂ ਇਕ ਜੋਤ-ਸਰੂਪ, ਅੰਤਰਯਾਮੀ ਬਾਲਕ ਭੋਲਾ ਕਹਿ ਕੇ ਵਡਿਆਇਆ ਹੈ:
ਦਸਤਗੀਰ ਹੁਇ ਪੰਜ ਪੀਰ, ਹਰਿ ਗੁਰੁ ਹਰਿ ਗੋਬਿੰਦੁ ਅਤੋਲਾ।
ਦੀਨ ਦੁਨੀ ਦਾ ਪਾਤਿਸਾਹੁ, ਪਾਤਿਸਾਹਾਂ ਪਾਤਿਸਾਹੁ ਅਛੋਲਾ।…
ਛਿਅ ਦਰਸਣੁ ਛਿਆ ਪੀੜ੍ਹੀਆਂ ਇਕਸੁ ਦਰਸਣੁ ਅੰਦਰਿ ਗੋਲਾ।…
ਅੰਤਰਜਾਮੀ ਬਾਲਾ ਭੋਲਾ॥(ਵਾਰ 39:3)
ਉਸ ਸਮੇਂ ਦੇ ਪ੍ਰਸਿੱਧ ਢਾਡੀ ਅਬਦੁੱਲਾ ਅਤੇ ਨੱਥੂ ਮੱਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਸ਼ੋਭਾ ਵਰਣਨ ਕਰਦੇ ਹੋਏ ਫ਼ੁਰਮਾਇਆ ਹੈ ਕਿ ਆਪ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਹੋਈਆਂ ਸਨ, ਜੋ ਆਪ ਜੀ ਦੀ ਸ਼ੋਭਾ ਵਧਾਉਂਦੀਆਂ ਸਨ। ਗੁਰੂ ਜੀ ਜਦੋਂ ਤਖ਼ਤ ਉੱਪਰ ਬਿਰਾਜਮਾਨ ਹੁੰਦੇ ਸਨ, ਉਨ੍ਹਾਂ ਦੀ ਮਹਿਮਾ ਗਾ ਕੇ ਕਥਨ ਨਹੀਂ ਕੀਤੀ ਜਾ ਸਕਦੀ:
ਦੋ ਤਲਵਾਰਾਂ ਬੱਧੀਆਂ ਇਕ ਮੀਰੀ ਦੀ ਇਕ ਪੀਰੀ ਦੀ।
ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।
ਹਿੰਮਤ ਬਾਹਾਂ ਕੋਟ ਗੜ੍ਹ, ਦਰਵਾਜ਼ਾ ਬਲਖ ਬਖ਼ੀਰ ਦੀ।
ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਜੀ।
ਪੱਗ ਤੇਰੀ ਕੀ ਜਹਾਂਗੀਰ ਦੀ?
ਇਕ ਵਾਰੀ ਬਾਦਸ਼ਾਹ ਜਹਾਂਗੀਰ ਨੇ ਸਾਈਂ ਮੀਆਂ ਮੀਰ ਜੀ ਨੂੰ ਪੁੱਛਿਆ, “ਦੁਨੀਆਂ ਵਿਚ ਕੋਈ ਕਾਮਲ ਮੁਰਸ਼ਦ ਅਥਵਾ ਬ੍ਰਹਮ ਗਿਆਨੀ ਵੀ ਹੈ?” ਤਾਂ ਸਾਈਂ ਮੀਆਂ ਮੀਰ ਜੀ ਨੇ ਝੱਟ ਉੱਤਰ ਦਿੱਤਾ, “ਹਾਂ, ਇੱਕ ਸੀ ਗੁਰੂ ਅਰਜਨ, ਤੇਰੀ ਭੈੜੀ ਨੀਤੀ ਨੇ ਮਾਰ ਦਿੱਤਾ, ਹੁਣ ਉਸੇ ਦਾ ਰੂਪ ਗੁਰੂ ਹਰਿਗੋਬਿੰਦ ਜੀ ਹੈ।”
ਬਾਦਸ਼ਾਹ ਨੇ ਤਰਕ ਕੀਤਾ, “ਤੁਸੀਂ ਹਿੰਦੂ ਨੂੰ ਏਡਾ ਵੱਡਾ ਰੁਤਬਾ ਕਿਉਂ ਦੇ ਰਹੇ ਹੋ?” ਤਾਂ ਸਾਈਂ ਮੀਆਂ ਮੀਰ ਜੀ ਨੇ ਕਿਹਾ, “ਖ਼ੁਦਾ ਦੀ ਦਰਗਾਹ ਵਿਚ ਜਿੱਥੇ ਲੇਖਾ ਹੁੰਦਾ ਹੈ, ਮੈਂ ਉਸ ਨੂੰ ਉਥੇ ਬੈਠਾ ਹੋਇਆ ਵੇਖਦਾ ਹਾਂ। ਵਾਸਤਵ ਮੇਂ ਉਹੀ ਬ੍ਰਹਮ ਗਿਆਨੀ ਹੈ।”
ਹਰਿਗੋਬਿੰਦ ਸਾਹਿਬ ਜੋ ਹੈ ਸੋ ਮਕਬੂਲ ਇਲਾਹੀ ਹੈ।
ਅਰ ਜਬ ਹਮਾਰੀ ਆਠਵੇਂ ਦਿਨ, ਖ਼ੁਦਾ ਕੀ ਦਰਗਹ ਮੇਂ ਵਾਰੀ ਹੋਤੀ ਹੈ।
ਉਂਹਾਂ ਜਾ ਕਰ ਹਮ ਅਰਜ ਕਰਤੇ ਹੈਂ।
ਅਰ ਇਨਹੀ (ਹਰਿਗੋਬਿੰਦ) ਕੋ ਹੀ ਦੇਖਤੇ ਹੈਂ। (ਮਹਿਮਾ ਪ੍ਰਕਾਸ਼, ਵਾਰਤਕ)
ਗੁਜਰਾਤ ਦੇ ਪ੍ਰਸਿੱਧ ਫ਼ਕੀਰ ਸ਼ਾਹ ਦਉਲਾ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੱਥੇ ਦਾ ਤੇਜ ਤਪ ਵੇਖ ਕੇ ਆਖਿਆ- “ਨਾਨਕ ਫਕੀਰ- ਦੀਨ ਦੁਨੀਆਂ ਕੇ ਪੀਰ”। ਤਾਂ ਫ਼ਕੀਰ ਸ਼ਾਹ ਦਉਲਾ ਦੇ ਇਕ ਚੇਲੇ ਜਿਸ ਦਾ ਨਾਮ ਜਹਾਂਗੀਰ ਸੀ ਅਤੇ ਉਹ ਕਰਾਮਾਤੀ ਵੀ ਸੀ, ਨੇ ਗੁਰੂ ਜੀ ਦੇ ਸ਼ਾਹੀ ਠਾਠ-ਬਾਠ, ਫ਼ੌਜਾਂ, ਲਸ਼ਕਰ, ਘੋੜੇ, ਹਾਥੀ, ਬੰਦੂਕ, ਤਲਵਾਰਾਂ, ਧਰਮ-ਪਤਨੀ ਅਤੇ ਪੁੱਤਰ ਵੇਖ ਕੇ ਕਿਹਾ ਕਿ ਗੁਰੂ ਪੂਰਾ ਅਧਿਆਤਮਕ ਗੁਰੂ ਹੋ ਹੀ ਨਹੀਂ ਸਕਦਾ। ਉਹ ਗੁਰੂ ਜੀ ਦੇ ਕੋਲ ਆ ਕੇ ਪੁੱਛਣ ਲੱਗਾ:
ਹਿੰਦੂ ਕਿਆ ਤੇ ਪੀਰ ਕਿਆ? ਔਰਤ ਕਿਆ ਤੇ ਫ਼ਕੀਰ ਕਿਆ?
ਦੌਲਤ ਕਿਆ ਤੇ ਤਿਆਗ ਕਿਆ? ਲੜਕੇ ਕਿਆ ਤੇ ਬੈਰਾਗ ਕਿਆ?
ਆਰਿਫ਼ ਕਿਆ ਤੇ ਦੁਨੀਆਦਾਰ ਕਿਆ? ਮਜ਼ਹਬ ਕਿਆ ਤੇ ਸੱਚ ਕਿਆ?
ਪੁਜਾਰੀ ਕਿਆ ਤੇ ਸਵਾਬ ਕਿਆ? ਮਾਰੂਥਲ ਕਿਆ ਤੇ ਆਬ ਕਿਆ?
ਸਤਿਗੁਰੂ ਜੀ ਉਸ ਦੀ ਗੱਲ ਸੁਣ ਕੇ ਮੁਸਕਰਾ ਪਏ। ਸਿੱਖਾਂ ਨੇ ਗੁਰੂ ਜੀ ਵੱਲ ਵੇਖਿਆ। ਗੁਰੂ ਜੀ ਨੇ ਸਿੱਖਾਂ ਨੂੰ ਦੱਸਿਆ ਕਿ ਇਸ ਫ਼ਕੀਰ ਨੂੰ ਆਪਣੀਆਂ ਰਿਧੀਆਂ-ਸਿਧੀਆਂ ਦਾ ਹੰਕਾਰ ਹੈ। ਗੁਰੂ ਜੀ ਨੇ ਉਸ ਦੇ ਪ੍ਰਸ਼ਨ ਵਜੋਂ ਉੱਤਰ ਦਿੱਤਾ:
ਪੀਰੀ ਰੱਬ ਦਾ ਦਾਨ, ਔਰਤ ਈਮਾਨ, ਧਨ (ਦੌਲਤ) ਗੁਜ਼ਰਾਨ, ਪੁੱਤਰ ਨਿਸ਼ਾਨ, ਅਰਫ਼ ਵੀਚਾਰ, ਮਜ਼ਹਬ ਸੁਧਾਰ, ਪੁਜਾਰੀ ਆਚਾਰ, ਮਾਰੂਥਲ ਮੇਂ ਜਲ, ਕੁਦਰਤ ਕਰਤਾਰ।
ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ-ਕਲਿਆਣ ਲਈ ਦੇਸ਼-ਵਿਦੇਸ਼ ਵਿਚ ਲੰਮੀਆਂ ਯਾਤਰਾਵਾਂ ਕੀਤੀਆਂ ਸਨ, ਇਵੇਂ ਹੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਵੀ ਭਾਰਤ ਭਰ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਯਾਤਰਾਵਾਂ ਕੀਤੀਆਂ ਸਨ। ਬਰੇਲੀ, ਹਰਦੁਆਰ, ਰਿਸ਼ੀਕੇਸ਼ (ਗੜਵਾਲ), ਮਹਾਂਰਾਸ਼ਟਰ, ਗੁਜਰਾਤ ਆਦਿ ਇਲਾਕਿਆਂ ਵਿਚ ਆਪ ਜੀ ਗਏ। ਮਹਾਂਰਾਸ਼ਟਰ ਦੇ ਪ੍ਰਸਿੱਧ ਫ਼ਕੀਰ ਸੰਤ ਸਮਰੱਥ ਰਾਮਦਾਸ ਨੇ ਗੁਰੂ ਜੀ ਨੂੰ ਯੋਧਿਆਂ ਵਾਲੀ ਵਰਦੀ ਤੇ ਫ਼ੌਜਾਂ, ਸ਼ਸਤਰ ਸਹਿਤ ਵੇਖ ਕੇ ਤਰਕ ਕੀਤਾ ਕਿ ਇਹ ਸੰਤ ਨਹੀਂ ਹੋ ਸਕਦਾ। ਉਹ ਗੁਰੂ ਜੀ ਦੇ ਕੋਲ ਆਇਆ ਤੇ ਕਹਿਣ ਲੱਗਾ, “ਮੈਂ ਸੁਣਿਆ ਹੈ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਸ ਹੋ, ਉਹ ਤਾਂ ਇਕ ਤਿਆਗੀ ਸੰਤ ਸੀ, ਪਰ ਤੁਸਾਂ ਤਾਂ ਫ਼ੌਜਾਂ, ਘੋੜੇ, ਸ਼ਸਤਰ ਆਦਿ ਰੱਖੇ ਹੋਏ ਹਨ ਅਤੇ ਲੋਕ ਤੁਹਾਨੂੰ ਸੱਚਾ ਪਾਤਸ਼ਾਹ ਆਖਦੇ ਹਨ, ਇਹ ਕੈਸੀ ਸਾਧਗਿਰੀ ਹੈ?”ਗੁਰੂ ਜੀ ਨੇ ਉੱਤਰ ਦਿੱਤਾ, “ਫ਼ਕੀਰ ਜੀ! ਬਾਤਨ ਫ਼ਕੀਰੀ, ਜ਼ਾਹਿਰ ਅਮੀਰੀ, ਸ਼ਸਤਰ ਗਰੀਬ ਕੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਕੇ ਲੀਏ। ਗੁਰੂ ਬਾਬਾ ਨਾਨਕ ਨੇ ਸੰਸਾਰ ਤੋ ਨਹੀਂ ਤਿਆਗਾ ਥਾ, ਮਾਇਆ ਤਿਆਗੀ ਥੀ।”
ਇਹ ਸੁਣ ਕੇ ਸੰਤ ਸਮਰੱਥ ਰਾਮਦਾਸ ਝੱਟ ਬੋਲ ਪਿਆ, “ਹਾਂ ਯੇ ਅੱਛਾ ਹੈ, ਇਹ ਬਾਤ ਮੇਰੇ ਮਨ ਕੋ ਭਾਵਤੀ ਹੈ।”
ਗੁਰੂ ਜੀ ਨੇ ਉਸ ਨੂੰ ਸਮਝਾਇਆ, “ਗਰੀਬ ਉੱਪਰ ਜ਼ੁਲਮ ਹੋ ਰਿਹਾ ਹੋਵੇ ਤੇ ਧਰਮ ਵੇਖੀ ਜਾਵੇ, ਇਹ ਧਰਮ ਨਹੀਂ, ਅਧਰਮ ਹੈ। ਮਜ਼ਲੂਮ ਨੂੰ ਜਰਵਾਣੇ (ਅੱਤਿਆਚਾਰੀ) ਤੋਂ ਬਚਾਉਣਾ ਹੀ ਗੁਰੂ (ਧਰਮੀ-ਪੁਰਸ਼) ਦਾ ਕੰਮ ਹੈ। ਕ੍ਰਿਪਾਨ ਇਸੇ ਦਾ ਚਿੰਨ੍ਹ ਹੈ। ਗੁਰੂ ਨਾਨਕ ਬਾਬਾ ਜੀ ਨੇ ਉਦਾਸੀਆਂ ਕੀਤੀਆਂ ਸਨ ਗੁਰਮੁਖ ਲੱਭਣ ਲਈ ਅਤੇ ਭਲੇ ਪੁਰਸ਼ਾਂ ਦੀ ਸੰਗਤ ਬਣਾਉਣ ਲਈ। ਜੇ ਭਲੇ ਪੁਰਸ਼ ਸਭ ਇਕੱਠੇ ਹੋ ਜਾਣ ਤਾਂ ਜਰਵਾਣਾ ਛੇਤੀ ਨਾਲ ਵਾਰ ਨਾ ਕਰ ਸਕੇ। ਉਦਾਸੀਆਂ ਤੋਂ ਮੁੜ ਕੇ ਉਨ੍ਹਾਂ ਨੇ ਕਿਰਤ-ਵਿਰਤ ਦੀ ਸੰਸਾਰੀ ਰੀਤ ਵੀ ਚਲਾਈ ਸੀ।” ਸੰਤ ਸਮਰੱਥ ਰਾਮਦਾਸ ਗੁਰੂ ਜੀ ਦੀ ਸੰਗਤ ਅਤੇ ਬਚਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ।
ਇਸੇ ਪ੍ਰਕਾਰ ਗੁਰੂ ਸਾਹਿਬ ਦੇ ਮੀਰੀ-ਪੀਰੀ ਦੇ ਸੁਮੇਲ ਨੂੰ ਵੇਖ ਕੇ ਬਹੁਤ ਸਾਰੇ ਲੋਕ ਜੋ ਨੀਵੀਂ ਅਤੇ ਬੀਮਾਰ ਸੋਚ ਵਾਲੇ ਸਨ, ਪ੍ਰਚਾਰ ਕਰ ਰਹੇ ਸਨ ਕਿ ਸ਼ਸਤਰਧਾਰੀ, ਬ੍ਰਹਮਗਿਆਨੀ ਨਹੀਂ ਹੋ ਸਕਦਾ। ਅਰਥਾਤ ਗੁਰੂ ਨਾਨਕ ਦੀ ਗੱਦੀ ਤਾਂ ਸ਼ਾਂਤਮਈ ਫ਼ਕੀਰੀ ਸੁਭਾਅ ਵਾਲੀ ਰਹੀ ਹੈ, ਪਰ ਇਹ ਯੋਧਿਆਂ ਵਾਲੀਆਂ ਸਰਗਰਮੀਆਂ ਗੁਰੂ ਨਾਨਕ ਉਦੇਸ਼ ਤੋਂ ਉਲਟ ਹਨ। ਅਜਿਹੇ ਲੋਕਾਂ ਨੂੰ ਢੁਕਵਾਂ ਉੱਤਰ ਦੇਣ ਲਈ ਹੀ ਭਾਈ ਗੁਰਦਾਸ ਜੀ ਨੂੰ ਕਹਿਣਾ ਪਿਆ ਸੀ ਕਿ ਜਿਵੇਂ ਖੂਹ ਵਿੱਚੋਂ ਪਾਣੀ ਕੱਢਣ ਲਈ ਘੜੇ ਦੇ ਗਲ਼ ਨੂੰ ਘੁੱਟ ਕੇ ਰੱਸੀ ਬੰਨ੍ਹਣੀ ਪੈਂਦੀ ਹੈ; ਕਾਲੇ ਸੱਪ ਨੂੰ ਮਾਰ ਕੇ ਹੀ ਮਣੀ ਪ੍ਰਾਪਤ ਕੀਤੀ ਜਾ ਸਕਦੀ ਹੈ; ਹਿਰਨ ਦੀ ਨਾਭੀ ਵਿੱਚੋਂ ਕਸਤੂਰੀ ਪ੍ਰਾਪਤ ਕਰਨ ਲਈ ਹਿਰਨ ਨੂੰ ਮਾਰਨਾ ਪੈਂਦਾ ਹੈ; ਤੇਲ ਕੱਢਣ ਲਈ ਤਿਲਾਂ ਨੂੰ ਕੋਹਲੂ ਵਿਚ ਪੀੜਨਾ ਪੈਂਦਾ ਹੈ; ਗਿਰੀ ਕੱਢਣ ਲਈ ਨਾਰੀਅਲ ਨੂੰ ਭੰਨਣਾ ਹੀ ਪੈਂਦਾ ਹੈ, ਇਸੇ ਪ੍ਰਕਾਰ ਹੀ ਉਹ ਲੋਕ ਜੋ ਗੁਰੂ-ਦੋਖੀ ਹਨ ਅਤੇ ਲੋਹੇ ਵਾਂਗ ਕਠੋਰ ਹਨ, ਉਨ੍ਹਾਂ ਨੂੰ ਸਿੱਧੇ ਕਰਨ ਲਈ ਉਨ੍ਹਾਂ ਦੇ ਸਿਰ ਉੱਤੇ ਹਥੌੜੇ ਦਾ ਵਾਰ ਕਰਨਾ ਹੀ ਪੈਂਦਾ ਹੈ। ਜ਼ਾਲਮ ਜਰਵਾਣੇ ਨੂੰ ਤਲਵਾਰ ਤੋਂ ਬਿਨਾਂ ਅਕਲ ਨਹੀਂ ਆਉਂਦੀ:
ਜਿਉ ਕਰਿ ਖੂਹਹੁ ਨਿਕਲੈ ਗਲਿ ਬਧੇ ਪਾਣੀ।
ਜਿਉ ਮਣਿ ਕਾਲੇ ਸਪ ਸਿਰਿ, ਹਸਿ ਦੇਇ ਨ ਜਾਣੀ।
ਜਾਣ ਕਥੂਰੀ ਮਿਰਗ ਤਨਿ ਮਰਿ ਮੁਕੈ ਆਣੀ।
ਤੇਲ ਤਿਲਹੁ ਕਿਉ ਨਿਕਲੈ ਵਿਣੁ ਪੀੜੇ ਘਾਣੀ।
ਜਿਉ ਮੁਹੁ ਭੰਨੇ ਗਰੀ ਦੇ ਨਲੀਏਰੁ ਨਿਸਾਣੀ।
ਬੇਮੁਖ ਲੋਹਾ ਸਾਧੀਐ, ਵਗਦੀ ਵਾਦਾਣੀ॥ (ਵਾਰ 34:13)
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਕਥਾ ਅਕੱਥ ਹੈ। ਇਹ ਅੱਖਰਾਂ ਦੇ ਘੇਰੇ ਵਿਚ ਨਹੀਂ ਆ ਸਕਦੀ। ਇਹ ਅਪੰਰਪਰ ਹੈ, ਬੇਅੰਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਛੇਵਾਂ ਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਆਪਣੀ ਕਾਇਆ ਬਦਲ ਕੇ, ਦਲ ਭੰਜਨ ਗੁਰ ਸੂਰਮਾ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਰੂਪ ਵਿਚ ਪ੍ਰਗਟ ਕੀਤਾ:
ਪੰਜਿ ਪਿਆਲੇ ਪੰਜਿ ਪੀਰ, ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨੁ ਕਾਇਆ ਪਲਟਿ ਕੈ, ਮੂਰਤਿ ਹਰਿਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆ, ਰੂਪੁ ਦਿਖਾਵਣਿ ਵਾਰੋ ਵਾਰੀ।
ਦਲਿ ਭੰਜਨ ਗੁਰੁ ਸੂਰਮਾ, ਵਡ ਜੋਧਾ ਬਹੁ ਪਰਉਪਕਾਰੀ।(ਵਾਰ 1 : 48)
ਲੇਖਕ ਬਾਰੇ
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/October 1, 2007
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/November 1, 2007
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/December 1, 2007
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/March 1, 2009
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/March 1, 2010
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/April 1, 2010
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/August 1, 2010
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/September 1, 2010
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/December 1, 2010