ਸਰਸਤਾ ਗੁਰਬਾਣੀ ਦੀ ਇਕ ਅਜਿਹੀ ਵਿਸ਼ੇਸ਼ਤਾ ਹੈ ਜੋ ਇਸ ਦੇ ਇਲਾਹੀ ਮਿਆਰ ਨੂੰ ਉਸ ਸ਼ਿਖਰ ’ਤੇ ਲੈ ਜਾਂਦੀ ਹੈ ਜਿੱਥੇ ਆਤਮਕ ਅਨੰਦ ਦੇ ਝਰਨੇ ਵਗ ਰਹੇ ਨੇ, ਸਾਰੀਆਂ ਸੰਸਾਰਕ ਲਾਲਸਾਵਾਂ ਪਿੱਛੇ ਛੁੱਟ ਗਈਆਂ ਨੇ, ਆਪਣੀ ਮਤਿ ਅੱਪੜ ਨਹੀਂ ਸਕਦੀ ਅਤੇ ਗੁਰਮਤਿ ਦੀ ਸਰਮਾਏਦਾਰੀ ਹੈ। ਇਹ ਰੂਹਾਨੀ ਖੇਡ ਬਣਦੀ ਹੈ ਬਾਣੀ ਦੇ ਧੁਰੋਂ ਆਉਣ ਦੇ ਨਾਲੋਂ ਨਾਲ ਹੀ ਇਸ ਦੀ ਰਾਗ ਬੱਧਤਾ, ਸ਼ਬਦਾਂ ਦੇ ਨਵੇਕਲੇ ਸੁਮੇਲ, ਨਿਰੋਲ ਭਾਵਨਾਵਾਂ ਦੇ ਖੁੱਲੇ ਪ੍ਰਗਟਾਵੇ ਤੇ ਪਰਮਾਤਮਾ ਦੁਆਰਾ ਰਚੀ ਗਈ ਸੁੰਦਰ ਸ੍ਰਿਸ਼ਟੀ ਨੂੰ ਦੇਖ ਪਾਉਣ ਵਾਲੀ ਸੁਥਰੀ ਨਜ਼ਰ ਦੇ ਨਾਲ। ਸਮੁੱਚੀ ਗੁਰਬਾਣੀ ਰੱਜਵੀਂ ਆਸ ਦਾ ਮੰਗਲ ਸੁਨੇਹਾ ਦੇਣ ਵਾਲੀ ਹੈ ਅਤੇ ਭਰੋਸੇ ਨੂੰ ਅਡੋਲ ਬਣਾਏ ਰੱਖਣ ਵਾਲੀ ਹੈ ਤਾਂਕਿ ਦਿਲ ਦੀ ਅਖੀਰਲੀ ਧੜਕਨ ਤਕ “ਤੁਝ ਬਿਨੁ ਕਵਨੁ ਹਮਾਰਾ” ਦੀ ਅਵਸਥਾ ਬਣੀ ਰਹੇ। ਮਨੁੱਖ ਨੂੰ ਚੜ੍ਹਦੀਕਲਾ ਵਿਚ ਰੱਖਣ ਲਈ ਗੁਰਬਾਣੀ ਨੇ ਲੋਕ ਵਿਹਾਰ ਤੋਂ ਛੁੱਟ ਪਦਾਰਥਾਂ, ਜਲ, ਥਲ ਤੇ ਅਕਾਸ਼ ਦੇ ਜੀਵਾਂ, ਪ੍ਰਕਿਰਤੀ ਦੇ ਵੱਖਰੇ-ਵੱਖਰੇ ਪੱਖਾਂ ਤੋਂ ਵੀ ਤੱਤ ਲਏ ਨੇ ਜਿਸ ਕਰਕੇ ਇਹ “ਜਨੁ ਨਾਨਕ ਬੋਲੈ ਅੰਮ੍ਰਿਤ ਬਾਣੀ” ਅੰਮ੍ਰਿਤ ਸਰੂਪ ਹੋ ਗਈ ਹੈ। ਸਤਿਗੁਰੂ ਅਨੰਦ ਦਾ ਦਾਤਾ ਹੈ ਅਤੇ ਅਨੰਦ ਗੁਰਬਾਣੀ ਦੀ ਵਡਮੁੱਲੀ ਸੁਗਾਤ ਹੈ। ਸੰਸਾਰ ਦਾ ਵਾਤਾਵਰਨ ਮੌਸਮਾਂ ਨਾਲ ਬਦਲਦਾ ਰਹਿੰਦਾ ਹੈ ਅਤੇ ਲੋਕ ਜੀਵਨ ਵੀ ਇਸ ਨਾਲ ਪ੍ਰਭਾਵਿਤ ਹੁੰਦਾ ਚਲਦਾ ਹੈ। ਬਸੰਤ ਦੀ ਰੁੱਤ ਅਜਿਹੀ ਰੁੱਤ ਹੈ ਜਿਸ ਦਾ ਆਗਮਨ ਪ੍ਰਫੁੱਲਤਾ ਦਾ ਸੁਨੇਹਾ ਲੈ ਕੇ ਆਉਂਦਾ ਹੈ। ਗੁਰਬਾਣੀ ਵਿਚ ਮਨੁੱਖ ਨੂੰ ਸੋਝੀ ਪਾਉਣ ਲਈ ਬਸੰਤ ਰੁੱਤ ਦਾ ਜ਼ਿਕਰ ਖੋਲ ਕੇ ਕੀਤਾ ਗਿਆ ਹੈ ਜੋ ਬਸੰਤ ਰਾਗ ਵਿਚ ਹੈ ਅਤੇ ਦਿਲ ਦੇ ਇੱਕ ਇੱਕ ਤੰਤ ਨੂੰ ਨਰੋਈ ਛੋਹ ਨਾਲ ਸੰਵਾਰ ਦੇਣ ਵਾਲਾ ਹੈ। ਬਸੰਤ ਰੁੱਤ ਆਉਂਦਿਆਂ ਹੀ ਸਾਰੀ ਧਰਤੀ ਹਰੀ ਭਰੀ ਹੋ ਜਾਂਦੀ ਹੈ ਤੇ ਰੰਗ ਬਰੰਗੇ ਫੁੱਲਾਂ ਨਾਲ ਉਸ ਦਾ ਦਾਮਨ ਮਨੋਹਾਰੀ ਹੋ ਉਠਦਾ ਹੈ। ਮਨੁੱਖ ਧਰਤੀ ਦੀ ਇਸ ਦਿਲਕਸ਼ ਤਬਦੀਲੀ ਨੂੰ ਦੇਖ ਕੇ ਖੁਸ਼ੀ ਨਾਲ ਭਰ ਉਠਦਾ ਹੈ ਪਰ ਇਹ ਖੁਸ਼ੀ ਟਿੱਕ ਕੇ ਨਹੀਂ ਰਹਿੰਦੀ ਕਿਉਂਕਿ ਮਨ ਵਿਚ ਹੋਰ ਬਥੇਰੇ ਭਾਂਬੜ ਮੱਚਦੇ ਪਏ ਹੁੰਦੇ ਹਨ। ਇਸ ਕਾਰਨ ਉਸ ਦਾ ਹਿਰਦਾ ਇਸ ਅਨੰਦ ਦੀ ਸੁਗਾਤ ਦਾ ਪੂਰਾ ਲਾਹਾ ਨਹੀਂ ਲੈ ਪਾਉਦਾ। ਮਨ ਵਿਚ ਤਾਂ ਵਿਕਾਰਾਂ ਨੇ ਡੇਰਾ ਲਾਇਆ ਹੋਇਆ ਹੈ।
ਪਉਣ ਪਾਣੀ ਕੀ ਇਹ ਦੇਹ ਸਰੀਰਾ॥
ਹਉਮੈ ਰੋਗੁ ਕਠਿਨ ਤਨਿ ਪੀਰਾ॥ (ਪੰਨਾ 1172)
ਮਨੁੱਖ ਆਪਣੀ ਹਊਮੈਂ ਅਤੇ ਹੋਰ ਵਿਕਾਰਾਂ, ਹਿੰਸਾ, ਲੋਭ, ਮੋਹ ਤੇ ਕੋ੍ਰਧ ਕਰਕੇ ਤ੍ਰਿਸ਼ਨਾ ਦੇ ਘੁੰਮਣਘੇਰੇ ਵਿਚ ਫਸ ਗਿਆ ਹੈ। ਗੁਰੂ ਸਾਹਿਬ ਨੇ ਹਿੰਸਾ, ਲੋਭ, ਮੋਹ ਤੇ ਕੋ੍ਧ ਨੂੰ ਅੱਗ ਦੇ ਚਾਰ ਦਰਿਆਵਾਂ ਦਾ ਨਾਂਉ ਦਿੱਤਾ ਹੈ:
ਚਾਰਿ ਨਦੀਆ ਅਗਨੀ ਤਨਿ ਚਾਰੇ॥ ਤ੍ਰਿਸਨਾ ਜਲਤ ਜਲੇ ਅਹੰਕਾਰੇ॥ (ਪੰਨਾ 1172)
ਅੰਦਰਲੀ ਇਹ ਅੱਗ ਮਨੁੱਖ ਨੂੰ ਕੁਦਰਤ ਦੇ ਅਨੰਦ ਪ੍ਰਵਾਹ ਤੋਂ ਵਾਂਝਿਆਂ ਰੱਖਦੀ ਹੈ। ਵਿਕਾਰਾਂ ਵਿਚ ਲੁੰਝ ਕੇ ਮਨੁੱਖ ਜੋ ਵਿਹਾਰ ਕਰਦਾ ਹੈ ਉਹ ਵੀ ਦੁਖਦਾਈ ਹੀ ਸਾਬਤ ਹੁੰਦੇ ਹਨ:
ਸੰਤੋਖੁ ਨ ਆਵਤ ਕਹੂੰ ਕਾਜ॥
ਧੂੰਮ ਬਾਦਰ ਸਭਿ ਮਾਇਆ ਸਾਜ॥
ਪਾਪ ਕਰੰਤੌ ਨਹ ਸੰਗਾਇ॥
ਬਿਖੁ ਕਾ ਮਾਤਾ ਆਵੈ ਜਾਇ ॥2॥ (ਪੰਨਾ 1192)
ਮਨੁੱਖ ਪਾਪ ਕਰਮਾਂ ਵਿਚ ਜਿੰਨਾ ਪੈਂਦਾ ਜਾਂਦਾ ਹੈ ਉਨ੍ਹਾਂ ਹੀ ਉਸ ਦੇ ਵਿਕਾਰ ਵਧਦੇ ਜਾਂਦੇ ਹਨ। ਅਜਿਹਾ ਮਨੁੱਖ ਵਿਕਾਰਾਂ ਦੇ ਵੱਸ ਹੋ ਸੁਪਨੇ ਵਿਚ ਵੀ ਪਰਮਾਤਮਾ ਦਾ ਨਾਮ ਨਹੀਂ ਲੈਦਾ। ਦਰਅਸਲ ਪਰਮਾਤਮਾ ਤੋਂ ਦੂਰੀ ਹੀ ਉਸ ਦੇ ਦੁੱਖਾਂ ਦਾ ਕਾਰਨ ਹੈ। ਇਸੇ ਕਾਰਨ ਉਹ ਬਸੰਤ ਦੀ ਪ੍ਰਫੁੱਲਤਾ ਨੂੰ ਆਪਣੇ ਹਿਰਦੇ ਵਿਚ ਟਿਕਾ ਨਹੀਂ ਪਾਉਂਦਾ। ਬਸੰਤ ਦਾ ਅਨੰਦ ਉਸ ਲਈ ਬੇਮਾਨੀ ਹੋ ਜਾਂਦਾ ਹੈ। ਜੇ ਬਸੰਤ ਦੇ ਅਨੰਦ ਨੂੰ ਮਾਣਨਾਂ ਹੈ ਤਾਂ ਸਤਿਗੁਰੂ ਦੀ ਬਖਸ਼ਿਸ਼ ਚਾਹੀਦੀ ਹੈ। ਸਤਿਗੁਰੂ ਅੰਗ-ਸੰਗ ਹੋਵੇ, ਮਨੁੱਖ ਦੇ ਮਨ ਵਿਚ, ਚੇਤਨਾ ਵਿਚ, ਕਿਰਤ-ਵਿਉਹਾਰ ਵਿਚ ਅਤੇ ਉਸ ਦੀ ਦ੍ਰਿਸ਼ਟੀ ਵਿਚ ਵੀ। ਮਨ ਦੀ ਮੁਗਧ ਅਵਸਥਾ ਟੁੱਟੇ, ਮੋਹ-ਮਾਇਆ ਦੇ ਪਰਦੇ ਉੱਠ ਜਾਣ ਅਤੇ ਗਿਆਨ ਦਾ ਪ੍ਰਕਾਸ਼ ਤਨ, ਮਨ ਨੂੰ ਚਾਨਣ ਕਰ ਦੇ, ਪਰਮਾਤਮਾ ਦਾ ਸਰਵ ਵਿਆਪਕ ਰੂਪ ਦਿਖਣ ਲੱਗ ਪਵੇ। ਇਸ ਦੇ ਹੁੰਦਿਆਂ ਹੀ ਅਨੰਦ ਵਿਆਪਤ ਹੋ ਜਾਂਦਾ ਹੈ:
ਇਤੁ ਮਨਿ ਮਉਲਿਐ ਭਇਆ ਅਨੰਦੁ॥
ਅੰਮ੍ਰਿਤ ਫਲੁ ਪਾਇਆ ਨਾਮੁ ਗੋਬਿੰਦ॥2॥
ਏਕੋ ਏਕੁ ਸਭੁ ਆਖਿ ਵਖਾਣੈ॥
ਹੁਕਮੁ ਬੂਝੈ ਤਾਂ ਏਕੋ ਜਾਣੈ॥3॥
ਕਹਤ ਨਾਨਕੁ ਹਉਮੈ ਕਹੈ ਨ ਕੋਇ॥
ਆਖਣੁ ਵੇਖਣੁ ਸਭੁ ਸਾਹਿਬ ਤੇ ਹੋਇ॥4॥ (ਪੰਨਾ 1176)
ਜਦੋਂ ਪਰਮਾਤਮਾ ਵਿਚ ਆਪਣੇ ਆਪ ਨੂੰ ਰਲਾ ਕੇ ਉਸ ਦੀ ਸੋਚ ਨੂੰ ਆਪਣੀ ਸੋਚ ਬਣਾ ਲਈਏ, ਉਸ ਦੀ ਦ੍ਰਿਸ਼ਟੀ ਨਾਲ ਜ਼ਿੰਦਗੀ ਨੂੰ ਦੇਖਣਾ ਸ਼ੁਰੂ ਕਰ ਦੇਈਏ ਤਾਂ ਜ਼ਿੰਦਗੀ ਹਰੀ ਦੇ ਰੰਗ ਵਿਚ ਰੰਗੀ ਜਾਂਦੀ ਹੈ। ਪਰਮਾਤਮਾ ਆਪ ਅਨੰਦ ਦਾ ਸੋਮਾ ਹੈ ਤੇ ਅਨੰਦ ਹੀ ਵਰਤਾਉਣ ਵਾਲਾ ਹੈ, ਇਸ ਲਈ ਜੀਵਨ ਅਨੰਦ ਨਾਲ ਭਰਪੂਰ ਹੋ ਜਾਂਦਾ ਹੈ। ਪਰਮਾਤਮਾ ਦੀ ਸੋਚ ਤੇ ਦ੍ਰਿਸ਼ਟੀ ਗੁਰੂ ਸ਼ਬਦ ਵਿਚ ਹੈ ਅਤੇ ਗੁਰੂ ਸ਼ਬਦ ਰਾਹੀਂ ਗੁਰਸਿੱਖ ਨੂੰ ਪ੍ਰਾਪਤ ਹੁੰਦੀ ਹੈ। ਗੁਰੂ ਸ਼ਬਦ ਸਦਾ ਅਨੰਦ ਦੇਣ ਵਾਲਾ ਹੈ:
ਤਿਨਾ ਅਨੰਦੁ ਸਦਾ ਸੁਖੁ ਹੈ ਜਿਨਾ ਸਚੁ ਨਾਮੁ ਆਧਾਰੁ॥
ਗੁਰ ਸਬਦੀ ਸਚੁ ਪਾਇਆ ਦੂਖ ਨਿਵਾਰਣਹਾਰੁ॥ (ਪੰਨਾ 36)
ਗੁਰਬਾਣੀ ਇਕ ਵੱਡੇ ਬੇੜੇ ਵਾਂਗੂ ਗੁਰਸਿੱਖ ਨੂੰ ਆਪਣੀ ਸ਼ਰਣ ਵਿਚ ਲੈ ਕੇ ਭਵਜਲ ਤੋਂ ਪਾਰ ਲੈ ਜਾਣ ਲਈ ਨਿੱਘਾ ਸੱਦਾ ਦੇ ਰਹੀ ਹੈ। ਉਸ ਵਿਚ ਗੁਰਸਿੱਖ ਦਾ ਜੀਵਨ ਅਨੰਦਮਈ ਬਣਾ ਦੇਣ ਦੀ ਸਮਰਥਾ ਹੈ ਅਤੇ ਕਿਸੇ ਖਾਸ ਰੁੱਤ ਦੀ ਉਡੀਕ ਨਹੀਂ ਹੈ। ਬਸੰਤ ਰੁੱਤ ਇਕ ਦੁਨਿਆਵੀ ਬਦਲ ਹੈ ਪਰ ਗੁਰਬਾਣੀ ਤਾਂ ਆਤਮਕ ਪਰਿਵਰਤਨ ਵੱਲ ਲੈ ਜਾਂਦੀ ਹੈ। ਇਹ ਆਤਮਕ ਪਰਿਵਰਤਨ ਅੰਦਰਲੀ ਅਤੇ ਬਾਹਰਲੀ ਦੋਹਾਂ ਅਵਸਥਾਵਾਂ ਨੂੰ ਘੁੱਟਵੀਂ ਬੁੱਕਲ ਪਾ ਕੇ ਉਸ ਦੁਨੀਆ ਵਿਚ ਖਿੱਚ ਲੈਂਦਾ ਹੈ ਜਿੱਥੇ ਸਦਾ ਇੱਕੋ ਰੁੱਤ ਵਰਤਦੀ ਹੈ, ਮਨ ਅਤੇ ਤਨ ਨੂੰ ਰੰਗ ਬਰੰਗੇ ਫੁੱਲਾਂ, ਫਲਾਂ ਨਾਲ ਮੁਗਧ ਕਰ ਦੇਣ ਵਾਲੀ ਬਸੰਤ। ਗੁਰਬਾਣੀ ਨੇ ਬੜੀ ਹੀ ਮਨੋਹਰ ਕਲਪਨਾ ਕਰਦਿਆਂ ਹੋਇਆ ਬਸੰਤ ਨੂੰ ਮਨ ਦਾ ਮੌਸਮ ਥਾਪ ਦਿੱਤਾ ਹੈ। ਮਨ, ਜੇ ਗੁਰੂ ਸ਼ਬਦ ਨਾਲ ਇਕਮਿਕ ਹੋ ਕੇ ਅਨੰਦ ਮਾਣ ਰਿਹਾ ਹੈ ਤਾਂ ਤਨ ਵੀ ਸੁਆਰਥ ਹੈ, ਜੋ ਨਾਮ ਦਾ ਲਾਹਾ ਖੱਟ ਕੇ ਪ੍ਰਫੁੱਲਤ ਹੋ ਰਿਹਾ ਹੈ ਭਾਵ ਦੁਨਿਆਵੀ ਭੰਬਲ ਭੂਸਿਆਂ ਤੋਂ ਵਿਰਤ ਹੋ ਗਿਆ ਹੈ। ਮਨ ਦਾ ਇਹ ਅਨੰਦ ਬਸੰਤ ਰੁੱਤ ਦੇ ਕੁਦਰਤੀ ਅਨੰਦ ਤੋਂ ਕਿਤੇ ਵਧੀਕ ਤੇ ਖਿੱਚਵਾਂ ਹੁੰਦਾ ਹੈ:
ਮਨੁ ਤਨੁ ਮਉਲਿਓ ਅਤਿ ਅਨੂਪ॥ (ਪੰਨਾ 1180)
ਗੁਰੂ ਸ਼ਬਦ ਦਾ ਜੋ ਰਸ ਅੰਦਰ ਬਣਦਾ ਹੈ ਉਸ ਦੀ ਪ੍ਰਤੀਤ ਉੱਸੇ ਨੂੰ ਹੋ ਸਕਦੀ ਹੈ ਜਿਸ ’ਤੇ ਪਰਮਾਤਮਾ ਨੇ ਆਪ ਕਿਰਪਾ ਕੀਤੀ ਹੋਵੇ, ਜਿਸ ਮਨ ਵਿਚ ਹਿੰਸਾ, ਲੋਭ, ਮੋਹ, ਤੇ ਕ੍ਰੋਧ ਦੇ ਦਰਿਆ ਵਗ ਰਹੇ ਨੇ, ਉਸ ਮਨ ਨੂੰ ਤਾਂ ਬਸੰਤ ਰੁੱਤ ਵੀ ਨਹੀਂ ਸੁਹਾਂਦੀ ਕਿਉਂਕਿ ਉਹ ਤਾਂ ਧਨ ਸੰਪਤੀ, ਅਹੁਦੇ, ਤਾਕਤ, ਪਰਵਾਰ ਵਿਚ ਅਨੰਦ ਭਾਲ ਰਿਹਾ ਹੈ। ਅਜਿਹੇ ਮਨੁੱਖ ਨੂੰ ਤਾਂ ਪਤਾ ਹੀ ਨਹੀਂ ਕਿ ਬੱਦਲਾਂ ਦੇ ਧੂੰਏਂ ਵਾਂਗ ਉੱਡ ਜਾਣ (ਸਾਥ ਛੱਡ ਜਾਣ) ਵਾਲੇ। ਮਨ ਦੇ ਬਸੰਤ ਤਕ ਤਾਂ ਉਸ ਸੋਚ ਵੀ ਨਹੀਂ ਪੁੱਜ ਸਕਦੀ। ਮਨ ਦੇ ਬਸੰਤ ਲਈ ਪ੍ਰਭੂ ਦੀ ਕਿਰਪਾ, ਦਇਆ ਅਤੇ ਉਸ ਦਾ ਆਧਾਰ ਚਾਹੀਦਾ ਹੈ। ਮਨ ਵਿਚ ਪਰਮਾਤਮਾ ਲਈ ਸਦੀਵੀ ਰੀਝ ਪੈਦਾ ਹੋ ਜਾਂਦੀ ਹੈ, ਜਿਵੇਂ ਮੋਰ ਬੱਦਲ ਦੇਖ ਕੇ ਨੱਚਣ ਲੱਗ ਪੈਂਦਾ ਹੈ, ਮਾਤਾ ਆਪਣੇ ਬਾਲਕ ਨੂੰ ਦੇਖ ਕੇ ਖੁਸ਼ ਹੁੰਦੀ ਹੈ, ਸ਼ੇਰ ਮਾਸ ਦੇ ਭੋਜਨ ਨੂੰ ਲੋਚਦਾ ਹੈ, ਯੁੱਧ ਦਾ ਮੈਦਾਨ ਦੇਖ ਕੇ ਸੂਰਵੀਰ ਵਿਗਸਦੇ ਨੇ ਅਤੇ ਕੰਜੂਸ ਆਦਮੀ ਆਪਣੇ ਧਨ ਨਾਲ ਪ੍ਰੇਮ ਕਰਦਾ ਹੈ, ਤਿਵੇਂ ਹੀ ਗੁਰਸਿੱਖ ਦਾ ਮਨ ਹਰੀ ਦੇ ਸਿਮਰਨ ਲਈ ਉਲਾਸ ਨਾਲ ਭਰਿਆ ਹੁੰਦਾ ਹੈ। ਗੁਰਸਿੱਖ ਦਾ ਮਨ ਸਦਾ ਹੀ ਹਰਿ ਸਿਮਰਨ ਵਿਚ ਰਮਿਆ ਰਹਿੰਦਾ ਹੈ। ਮਨ ਬਸੰਤ ਉੱਥੇ ਹੀ ਖਿੜਦਾ ਹੈ।
ਗੁਰਬਾਣੀ ਵਿਚ ਬਾਰ-ਬਾਰ ਲੋਕਾਈ ਨੂੰ ਅਵਾਜ਼ਾਂ ਪੈਂਦੀਆਂ ਨੇ ਕਿ ਕਲਯੁੱਗ ਦੇ ਅੰਧਾਰ ਵਿਚ ਨਾਮ ਹੀ ਆਸ ਦਾ ਇਕ ਸਰੂ ਜ ਹੈ ਜੋ ਆਪਣੀਆਂ ਕਿਰਨਾਂ ਨਾਲ ਘਰ ਦੇ ਅਦੰ ਰ ਤੇ ਬਾਹਰ ਨੂੰ ਚਾਨਣ ਕਰ ਸਕਦਾ ਹੈ। ਕੋਈ ਭਰਮ ਨਾ ਕਰੋ ਕੋਈ ਦੁਬਿਧਾ ਮਨ ਵਿਚ ਨਾ ਰੱਖੋ।
ਮਤੁ ਭਰਮਿ ਭੂਲਹੁ ਭੂਲਹੁ॥ ਗੁਰ ਮਿਲੇ ਹਰਿ ਪਾਏ॥
ਜਿਸੁ ਮਸਤਕਿ ਹੈ ਲੇਖਾ॥ ਮਨ ਰੁਤਿ ਨਾਮ ਰੇ॥ (ਪੰਨਾ 1185)
ਲੇਖਕ ਬਾਰੇ
ਈ-1716, ਰਾਜਾਜੀਪੁਰਮ, ਲਖਨਊ-226013 ਮੋ: +9194159-60533
- ਹੋਰ ਲੇਖ ਉਪਲੱਭਧ ਨਹੀਂ ਹਨ