‘ਇਸ ਵਾਰ
ਅਸੀਂ ਪਟਾਕੇ ਨਹੀਂ ਚਲਾਏ,
ਫਰਸ਼ ਨੂੰ
ਚਰਖੜੀਆਂ ਨਾਲ ਨਹੀਂ ਵਲੂੰਧਰਿਆ,
ਫੁੱਲਾਂ ਨੂੰ
ਫੁਲਝੜੀਆਂ ਨਾਲ ਨਹੀਂ ਡਰਾਇਆ,
ਅਨਾਰਾਂ ਨਾਲ
ਤਾਰੇ ਧਰਤੀ ’ਤੇ ਉਤਾਰਨ ਦਾ, ਭਰਮ ਨਹੀਂ ਪਾਲ਼ਿਆ,
ਕੰਧਾਂ ਨੂੰ
ਬੰਬਾਂ ਨਾਲ ਕੰਬਣ ਨਹੀਂ ਲਾਇਆ,
ਹਵਾਈਆਂ ਨਾਲ
ਓਜ਼ੋਨ ’ਚ ਸੁਰਾਖ਼ ਨਹੀਂ ਕੀਤੇ,
ਇਸ ਵਾਰ ਸਿਰਫ਼ ਤੇ ਸਿਰਫ਼
ਖ਼ਲਾਅ ਦਾ ਦਰਦ ਸੁਣਿਆ,
ਧੂੰਏਂ ਨਾਲ ਸੰਵਾਦ ਰਚਾਇਆ
ਆਪਣੇ ਆਪ ਨਾਲ ਗੱਲਾਂ ਕੀਤੀਆਂ।’
ਸ਼ਾਇਰ ਮਿੱਤਰ ਸਤੀਸ਼ ਗੁਲਾਟੀ ਇਸ ਵਾਰ ਦੀਵਾਲੀ ’ਤੇ ਇਸ ਨਜ਼ਮ ’ਚ ਜੀਵਿਆ ਹੈ। ਆਪਣੇ ਵਿੱਚੋਂ ਵੀ ਸ਼ਾਇਦ ਕੁਝ ਕੁ ਲੋਕ ਹਨ, ਜਿਨ੍ਹਾਂ ਨੇ ਦੀਵਾਲੀ ਮੌਕੇ ਹਵਾ ਦਾ, ਦਰਖ਼ਤਾਂ ਦਾ, ਪੰਛੀਆਂ ਦਾ ਦਰਦ ਸੁਣਿਆ ਹੈ। ਪਰ ਇਹ ਲੋਕ ਕੁਝ ਕੁ ਹੀ ਹਨ। ਵੱਡੀ ਗਿਣਤੀ ਨੇ ਹਵਾ ਦਾ, ਖ਼ਲਾਅ ਦਾ ਦਰਦ ਵਧਾਉਣ ਵਿਚ ਹੀ ਹਿੱਸਾ ਪਾਇਆ ਹੈ। ਕਾਰਨ ਸਾਫ ਹਨ। ਦੀਵਾਲੀ ਹੁਣ ਆਸਥਾ ਨਹੀਂ, ਦਿਖਾਵੇ ਦਾ ਤਿਉਹਾਰ ਬਣ ਗਈ ਹੈ। ਦੀਵਾਲੀ ਹੀ ਨਹੀਂ, ਪਰ ਤਿਉਹਾਰ ਨੂੰ ਹੀ ਬਾਜ਼ਾਰ ਨੇ ਅਗਵਾ ਕਰ ਲਿਆ ਹੈ।
ਇਹ ਦੇਖਣ ਦੀ ਲੋੜ ਹੈ ਕਿ ਇਸ ਵਾਰ ਦੀਵਾਲੀ ’ਤੇ ਆਪਾਂ ਕੀ ਕੀਤਾ ਹੈ? ਆਪੋ-ਆਪਣੇ ਪਿੰਡ, ਕਸਬੇ, ਸ਼ਹਿਰ ਦਾ ਗੇੜਾ ਲਾ ਕੇ ਦੇਖੀਏ ਕਿ ਸਿਰਫ਼ ਇਕ ਰਾਤ ਵਿਚ ਹੀ ਆਪਾਂ ਕਿੰਨਾ ਕੁਝ ਗਵਾ ਲਿਆ ਹੈ। ਮੁਲਕ ਭਰ ਤੋਂ ਦੀਵਾਲੀ ਦੀ ਰਾਤ ਹੋਏ ਹਾਦਸਿਆਂ ਵਿਚ ਜਾਨੀ-ਮਾਲੀ ਨੁਕਸਾਨ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਅਰਬਾਂ ਰੁਪਏ ਇੱਕੋ ਰਾਤ ਵਿਚ ਫੂਕ ਦਿੱਤੇ ਗਏ ਹਨ। ਇਕੱਲੀ ਮੁੰਬਈ ਵਿਚ ਸੱਤ ਅਰਬ ਰੁਪਏ ਦੇ ਪਟਾਕੇ ਚਲਾ ਦਿੱਤੇ ਗਏ। ਦਿੱਲੀ ਵਾਲਿਆਂ ਨੇ ਪਟਾਕਿਆਂ ਦੇ ਰੂਪ ਵਿਚ 5 ਅਰਬ ਰੁਪਏ ਫੂਕ ਦਿੱਤੇ। ਹੋਰ ਤਾਂ ਹੋਰ ਇਨ੍ਹਾਂ ਸ਼ਹਿਰਾਂ ਦੇ ਮੁਕਾਬਲੇ ਬਹੁਤ ਹੀ ਛੋਟੇ ਸ਼ਹਿਰ ਆਪਣੇ ਚੰਡੀਗੜ੍ਹ ਵਿਚ ਹੀ ਇੱਕੋ ਰਾਤ 200 ਦੇ ਕਰੀਬ ਲੋਕ ਪਟਾਕਿਆਂ ਨਾਲ ਝੁਲਸ ਗਏ। 25 ਜਣਿਆਂ ਦੀਆਂ ਅੱਖਾਂ ਨੁਕਸਾਨੀਆਂ ਗਈਆਂ ਤੇ 4 ਜਣਿਆਂ ਨੂੰ ਤਾਂ ਰੋਸ਼ਨੀਆਂ ਦੇ ਤਿਉਹਾਰ ਦੀਵਾਲੀ ਨੇ ਪੂਰੀ ਤਰ੍ਹਾਂ ਨੇਤਰਹੀਣ ਹੀ ਕਰ ਛੱਡਿਆ। ਜੇ ਚੰਡੀਗੜ੍ਹ ਵਿਚ ਇਹ ਹਾਲ ਹੈ ਤਾਂ ਮੁੰਬਈ ਅਤੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਵਿਚ ਦੀਵਾਲੀ ਦੀ ਖੁਸ਼ੀਆਂ ਭਰੀ ਰਾਤ ਨੂੰ ਕਿੰਨੇ ਘਰਾਂ ਵਿਚ ਮਾਤਮ ਦੇ ਸੱਥਰ ਵਿੱਛੇ ਹੋਣਗੇ, ਇਹ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਗੱਲ ਦਰਅਸਲ ਇਹ ਹੀ ਹੈ ਕਿ ਬਾਜ਼ਾਰ ਦੀਆਂ ਸ਼ਕਤੀਆਂ ਨੇ ਸਾਡੇ ਤਿਉਹਾਰਾਂ ਦੇ ਅਰਥ ਹੀ ਪੂਰੀ ਤਰ੍ਹਾਂ ਉਲਟਾਅ ਦਿੱਤੇ ਹਨ। ਹਰ ਤਿਉਹਾਰ ਹੀ ਅੱਜ ਜਸ਼ਨ ਦੇ ਨਾਂ ’ਤੇ ਬਾਜ਼ਾਰੂ ਖ਼ੁਮਾਰੀ ਵਿਚ ਬਦਲ ਦਿੱਤਾ ਗਿਆ ਹੈ। ਇਹ ਅਚਨਚੇਤੀ ਨਹੀਂ ਹੋ ਰਿਹਾ ਸਗੋਂ ਬਾਜ਼ਾਰ ਦੀਆਂ ਸ਼ਕਤੀਆਂ ਬਾਕਾਇਦਾ ਯੋਜਨਾਬੱਧ ਤਰੀਕੇ ਨਾਲ ਇਸ ਸਭ ਕੁਝ ਨੂੰ ਸਿਰੇ ਚਾੜ੍ਹਨ ਵਿਚ ਲੱਗੀਆਂ ਹੋਈਆਂ ਹਨ। ਬਾਜ਼ਾਰ ਲਈ ਹੱਡ-ਮਾਸ ਦੇ ਸਰੀਰ ਵਿਚ ਦਿਲ-ਦਿਮਾਗ਼ ਰੱਖਣ ਵਾਲਾ ਬੰਦਾ ਕੋਈ ਅਰਥ ਨਹੀਂ ਰੱਖਦਾ, ਬਾਜ਼ਾਰ ਲਈ ਰੂਹਦਾਰੀ ਦਾ ਕੋਈ ਮਤਲਬ ਨਹੀਂ, ਉਹਨੂੰ ਤਾਂ ਸਿਰਫ਼ ਤੇ ਸਿਰਫ਼ ਖਪਤਕਾਰ ਚਾਹੀਦਾ ਹੈ। ਬੰਦੇ ਨੂੰ ਪੂਰੀ ਤਰ੍ਹਾਂ ਖਪਤਕਾਰ ਵਿਚ ਤਬਦੀਲ ਕਰਨ ਲਈ ਹੀ ਬਾਜ਼ਾਰ ਲਾਲਚੀ ਸੰਸਾਰ ਦੇ ਦਰ ਅਜਿਹੇ ਤਰੀਕੇ ਨਾਲ ਖੋਲ੍ਹਦਾ ਹੈ ਕਿ ਆਮ ਬੰਦਾ ਇਸ ਭੰਵਰ ਵਿਚ ਹੌਲੀ-ਹੌਲੀ ਪੂਰੀ ਤਰ੍ਹਾਂ ਉਲਝ ਕੇ ਰਹਿ ਜਾਂਦਾ ਹੈ। ਬਾਜ਼ਾਰ ਦਾ ਮੁੱਖ ਮੰਤਵ ਹੀ ਭਰਮਾਉਣਾ ਹੁੰਦਾ ਹੈ।
ਪਹਿਲਾਂ ਗਾਹਕ ਨੂੰ ਵੱਧ ਤੋਂ ਵੱਧ ਲਾਲਚ ਦੇ ਕੇ ਆਪਣੇ ਵੱਲ ਖਿੱਚਣਾ ਤੇ ਫਿਰ ਜੀਅ ਭਰ ਕੇ ਲੁੱਟਣਾ। ਇਹੀ ਬਾਜ਼ਾਰ ਦੀ ਫ਼ਿਤਰਤ ਹੈ ਤੇ ਬਾਜ਼ਾਰ ਦੀ ਇਸ ਚਾਲਾਕੀ ਵਿਚ ਹੀ ਭਾਰਤ ਦਾ ਆਮ ਖਪਤਕਾਰ ਪੂਰੀ ਤਰ੍ਹਾਂ ਉਲਝ ਚੁੱਕਾ ਹੈ। ਇਸੇ ਲਈ ਵਾਤਾਵਰਨ ਪ੍ਰੇਮੀਆਂ ਅਤੇ ਹੋਰਨਾਂ ਸੰਵੇਦਨਸ਼ੀਲ ਧਿਰਾਂ ਵੱਲੋਂ ਲੱਖ ਅਪੀਲਾਂ ਕਰਨ ਦੇ ਬਾਵਜੂਦ ਮੁਲਕ ਭਰ ਵਿਚ 40 ਅਰਬ ਰੁਪਏ ਸਿਰਫ਼ ਪਟਾਕਿਆਂ ਦੇ ਰੂਪ ਵਿਚ ਹੀ ਫੂਕ ਦਿੱਤੇ ਗਏ ਹਨ।
ਤਿਉਹਾਰ ਸਾਡੀਆਂ ਖੁਸ਼ੀਆਂ, ਖੇੜਿਆਂ ਦੇ ਪ੍ਰਤੀਕ ਹਨ। ਤਿਉਹਾਰ ਹੀ ਹਨ ਜਿਹੜੇ ਜੀਵਨ ਵਿਚ ਰੰਗਾਂ ਦੀ ਇਬਾਰਤ ਬਣਦੇ ਹਨ ਪਰ ਜਦੋਂ ਤਿਉਹਾਰ ਪੌਣ- ਪਾਣੀ, ਜੀਵ-ਜੰਤੂਆਂ ਲਈ ਖ਼ਤਰਾ ਬਣ ਜਾਣ ਤਾਂ ਹਰ ਸੋਚਵਾਨ ਬੰਦੇ ਦਾ ਫਰਜ਼ ਹੈ ਕਿ ਉਹਦੇ ਲਈ ਜੋ ਵੀ ਸੰਭਵ ਹੈ, ਉਹ ਕਰੇ। ਜੇ ਟਨਾਂ ਦੇ ਹਿਸਾਬ ਨਾਲ ਫੂਕੇ ਗਏ ਬਾਰੂਦ ਅਤੇ ਆਤਿਸ਼ਬਾਜ਼ੀ ਦੇ ਧੂੰਏਂ ਨਾਲ ਸਾਡੀ ਮਹਾਨ ਵਿਰਾਸਤ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਵੀ ਨੁਕਸਾਨੀ ਜਾ ਰਹੀ ਹੈ ਤਾਂ ਹੁਣ ਨਹੀਂ ਤਾਂ ਕਿਹੜੇ ਵੇਲੇ ਸੋਚਣਾ ਹੈ? ਅੰਮ੍ਰਿਤਸਰ ਅਤੇ ਲੁਧਿਆਣਾ ਵਰਗੇ ਸ਼ਹਿਰਾਂ ਉੱਪਰ ਕਾਫੀ ਦੇਰ ਤਕ ਦੀਵਾਲੀ ਦੀ ਰਾਤ ਚੱਲੇ ਪਟਾਕਿਆਂ ਕਾਰਨ ਪ੍ਰਦੂਸ਼ਣ ਦੀਆਂ ਚਾਦਰਾਂ ਤਣੀਆਂ ਰਹਿੰਦੀਆਂ ਹਨ। ਮੁਲਕ ਦੇ ਹਰ ਵੱਡੇ ਸ਼ਹਿਰ ਦਾ ਵੀ ਲੱਗਭਗ ਇਹੀ ਹਾਲ ਹੈ। ਇਸ ਪ੍ਰਦੂਸ਼ਣ ਨੇ ਸਾਡੇ ਵਾਤਾਵਰਨ ਦਾ ਕਿੰਨਾ ਨੁਕਸਾਨ ਕਰਨਾ ਹੈ ਤੇ ਮਨੁੱਖ ਦੇ ਨਾਲ-ਨਾਲ ਬਾਕੀ ਜੀਵ-ਜੰਤੂਆਂ ’ਤੇ ਇਹਦਾ ਕਿੰਨਾ ਮਾੜਾ ਅਸਰ ਪੈਣ ਵਾਲਾ ਹੈ ਇਹਦਾ ਅੰਦਾਜ਼ਾ ਸ਼ਾਇਦ ਸਾਨੂੰ ਨਹੀਂ ਹੈ। ਪਰ ਸਮਾਂ ਰਹਿੰਦਿਆਂ ਇਹ ਸੋਚ ਲਿਆ ਜਾਵੇ ਤਾਂ ਠੀਕ ਹੈ ਨਹੀਂ ਤਾਂ ਇਹਦੇ ਬੜੇ ਗੰਭੀਰ ਸਿੱਟੇ ਨਿਕਲ ਸਕਦੇ ਹਨ।
ਦੀਵਾਲੀ ਅਤੇ ਹੋਰਨਾਂ ਤਿਉਹਾਰਾਂ ਮੌਕੇ ਨਕਲੀ ਮਠਿਆਈਆਂ ਦਾ ਕਾਰੋਬਾਰ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਵਾਰ ਜਿਵੇਂ ਟਨਾਂ ਦੇ ਹਿਸਾਬ ਨਾਲ ਨਕਲੀ ਖੋਆ ਫੜਿਆ ਗਿਆ ਹੈ, ਉਹਦੇ ਤੋਂ ਸਾਫ਼ ਹੋ ਜਾਂਦਾ ਹੈ ਕਿ ਮਿੱਠੇ ਜ਼ਹਿਰ ਦੇ ਵਪਾਰੀ ਕਿਵੇਂ ਕਰੋੜਾਂ ਜ਼ਿੰਦਗੀਆਂ ਨਾਲ ਖੇਡ ਰਹੇ ਹਨ। ਨਕਲੀ ਮਠਿਆਈਆਂ ਦੇ ਜਿਹੜੇ ਵਪਾਰੀ ਫੜੇ ਗਏ ਹਨ, ਇਹ ਤਾਂ ਛੋਟੀਆਂ ਮੱਛੀਆਂ ਹਨ, ਵੱਡੀਆਂ ਮੱਛੀਆਂ ਵੱਲ ਤਾਂ ਹਾਲੇ ਕਿਸੇ ਨੇ ਉਂਗਲ ਵੀ ਨਹੀਂ ਕੀਤੀ।
ਹੋਰ ਬਹੁਤ ਕੁਝ ਅਜਿਹਾ ਹੈ ਜਿਹੜਾ ਅਸੀਂ/ਤੁਸੀਂ ਹੰਢਾ ਰਹੇ ਹਾਂ ਪਰ ਹਾਲੇ ਚੁੱਪ ਹੀ ਨਹੀਂ ਤਾਂ ਸਗੋਂ ਇਹਦੇ ਲਈ ਖੁਦ ਜ਼ਿੰਮੇਵਾਰ ਵੀ ਹਾਂ। ਇਨ੍ਹਾਂ ਪ੍ਰਸਥਿਤੀਆਂ ਵਿਚ ਜਿੱਥੇ ਹਰ ਨਾਗਰਿਕ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਆਪ ਤੋਂ ਪੁੱਛੇ ਕਿ ਉਹਨੇ ਇਸ ਵਾਰ ਦੀਵਾਲੀ ’ਤੇ ਕੀ ਕੀਤਾ ਹੈ ਉਥੇ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ ਕਿ ਸਖ਼ਤ ਕਦਮ ਚੁੱਕੇ। ਇਸ ਵਕਤ ਵਾਤਾਵਰਨ ਨੂੰ ਦੂਸ਼ਿਤ ਕਰਨ ਵਾਲੇ ਹਰ ਪਟਾਕੇ ’ਤੇ ਤੁਰੰਤ ਪਾਬੰਦੀ ਦੀ ਜ਼ਰੂਰਤ ਹੈ। ਬਾਜ਼ਾਰ ਦੀਆਂ ਸ਼ਕਤੀਆਂ ਨੂੰ ਖੁੱਲ੍ਹ ਕੇ ਖੇਡਣ ਦੀ ਦਿੱਤੀ ਗਈ ਆਗਿਆ ਭਵਿੱਖ ਵਿਚ ਬੱਚਿਆਂ ਦੇ ਬੁੱਲ੍ਹਾਂ ’ਤੇ ਸ਼ਾਇਦ ਹੀ ਮੁਸਕਾਨ ਖੇਡਣ ਦੇਵੇ। ਇਸ ਲਈ ਆਓ, ਅੱਜ ਤੋਂ ਹੀ ਆਪਣਾ ਕੰਮ ਅਰੰਭ ਕਰੀਏ ਤੇ ਇਸ ਸ਼ਾਇਰ ਵਾਂਗ ਹੀ ਹਵਾ ਦਾ ਦਰਦ ਤੇ ਖ਼ਲਾਅ ਦਾ ਦਰਦ ਸੁਣੀਏ!
ਲੇਖਕ ਬਾਰੇ
# 2531/1, ਡੀ.ਪੀ. ਸੁਸਾਇਟੀ, ਸੈਕਟਰ-67, ਮੁਹਾਲੀ, ਮੋ: 98726-08511
- ਸੁਸ਼ੀਲ ਦੁਸਾਂਝhttps://sikharchives.org/kosh/author/%e0%a8%b8%e0%a9%81%e0%a8%b6%e0%a9%80%e0%a8%b2-%e0%a8%a6%e0%a9%81%e0%a8%b8%e0%a8%be%e0%a8%82%e0%a8%9d/September 1, 2007