editor@sikharchives.org

ਅਫਗਾਨਿਸਤਾਨ ਵਿਚ ਸਿੱਖਾਂ ਦੀ ਵਰਤਮਾਨ ਤਰਸਯੋਗ ਹਾਲਤ

ਅਫਗਾਨਿਸਤਾਨ ਦੀਆਂ ਸਰਹੱਦਾਂ ਤਕ ਖਾਲਸਾ ਰਾਜ ਦੀ ਸਥਾਪਤੀ ਨੇ ਸਿੱਖਾਂ ਦੀ ਗਿਣਤੀ ਵਧਾਈ ਤੇ ਉਹ ਅਫਗਾਨਿਸਤਾਨ ਦੇ ਵਿਉਪਾਰ ’ਤੇ ਹਾਵੀ ਹੋਣ ਲੱਗੇ
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਅਫਗਾਨੀ ਸਿੱਖ ਜੋ ਕਦੇ ਦੁਨੀਆਂ ਦੇ ਅਮੀਰ ਸਿੱਖਾਂ ਵਿਚ ਗਿਣੇ ਜਾਂਦੇ ਸਨ ਅੱਜ ਬਹੁਤ ਬੁਰੇ ਦਿਨਾਂ ਵਿੱਚੋਂ ਗੁਜ਼ਰ ਰਹੇ ਹਨ। ਭਾਵੇਂ ਤਾਲਿਬਾਨ ਦੇ ਪਤਨ ਤੋਂ ਬਾਅਦ ਅਹਿਮਦ ਕਰਜ਼ਈ ਦੀ ਸਰਕਾਰ ਨੇ ਉਨ੍ਹਾਂ ਦੇ ਨਾਗਰਿਕਾਂ ਵਾਲੇ ਕਾਨੂੰਨੀ ਹੱਕ ਬਹਾਲ ਕਰ ਦਿੱਤੇ ਹਨ ਪਰ ਤਾਲਿਬਾਨ ਦੇ ਕਬਜ਼ੇ ਦੇ ਦਿਨਾਂ ਵਿਚ ਉਨ੍ਹਾਂ ਦੀਆਂ ਖੋਹੀਆਂ ਜਾਇਦਾਦਾਂ, ਮਕਾਨ ਅੱਜ ਵੀ ਉਨ੍ਹਾਂ ਨੂੰ ਨਹੀਂ ਮਿਲੇ। ਸਿੱਖਾਂ ਦੇ 8 ਵਿੱਚੋਂ 7 ਗੁਰਦੁਆਰੇ ਅੱਜ ਵੀ ਖੰਡਰ ਬਣੇ ਨਜ਼ਰ ਆਉਂਦੇ ਹਨ। ਅੱਜ ਵੀ ਸਿੱਖ ਆਪਣੇ ਮ੍ਰਿਤਕ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਕਰਨ ’ਤੇ ਮਜਬੂਰ ਹਨ। ਨਵੀਂ ਜਗ੍ਹਾ ਅਲਾਟ ਹੋਣ ਵਾਲੀ ਸ਼ਮਸ਼ਾਨ ਭੂਮੀ ਦਾ ਕਬਜ਼ਾ ਉਨ੍ਹਾਂ ਨੂੰ ਅਜੇ ਨਹੀਂ ਮਿਲਿਆ ਤੇ ਪੁਰਾਣੇ ਸ਼ਮਸ਼ਾਨਘਾਟ ਵਿਚ ਮੁਸਲਮਾਨ ਪਠਾਣ ਉਨ੍ਹਾਂ ਨੂੰ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਨਹੀਂ ਦਿੰਦੇ। ਫਿਰ ਨਵੀਂ ਅਲਾਟ ਹੋਈ ਸ਼ਮਸ਼ਾਨ ਭੂਮੀ ਤਕ ਪਹੁੰਚਣ ਲਈ ਬਣਨ ਵਾਲਾ ਪੁਲ ਬਣਾਉਣ ਦੀ ਸਮਰੱਥਾ ਉਨ੍ਹਾਂ ਕੋਲ ਨਹੀਂ। ਸ਼ਹਿਰ ਤੋਂ 15 ਕਿਲੋਮੀਟਰ ਦੂਰ ਇਲਾਕਾ ‘ਪੁਲ ਏ ਚਰਖੀ’ ਵਿਚ ਬਣਨ ਵਾਲੇ ਨਵੇਂ ਸ਼ਮਸ਼ਾਨਘਾਟ ਤਕ ਲਾਸ਼ ਨੂੰ ਢੋਅ ਕੇ ਲੈ ਜਾਣ ਵਾਲੀ ਪੂਰੀ ਤਰ੍ਹਾਂ ਨਕਾਰਾ ਹੋ ਚੁੱਕੀ ਗੱਡੀ ਦੀ ਜਗ੍ਹਾ ਨਵੀਂ ਗੱਡੀ ਲੈਣ ਦੀ ਗੱਲ ਅਜੇ ਉਹ ਸੋਚ ਵੀ ਨਹੀਂ ਸਕਦੇ। ਬੱਚਿਆਂ ਦੀ ਪੜ੍ਹਾਈ ਲਈ ਸਕੂਲ ਨਹੀਂ, ਟੀਚਰ ਨਹੀਂ, ਪੈਸੇ ਨਹੀਂ। ਉਨ੍ਹਾਂ ਦੀਆਂ ਸਮੱਸਿਆਵਾਂ ਦਾ ਅੰਤ ਨਹੀਂ, ਪਰ ਅਸ਼ਕੇ ਗੁਰੂ ਦੇ ਸਿੱਖਾਂ ਦੇ ਹੌਸਲੇ ਦੇ ਕਿ ਇਸ ਦੇ ਬਾਵਜੂਦ ਉਹ ਜਿੰਨਾ ਕਮਾਉਂਦੇ ਹਨ, ਉਸ ਵਿੱਚੋਂ ਅੱਜ ਵੀ ਦਸਵੰਧ ਕੱਢਦੇ ਹਨ ਤੇ ਗੁਰਪੁਰਬ ਮਨਾਉਂਦੇ ਹਨ! ਬਾਵਜੂਦ ਇਸ ਦੇ ਕਿ ਕਦੇ ਅਫਗਾਨਿਸਤਾਨ ਵਿਚ 3 ਲੱਖ ਤੋਂ ਵਧੇਰੇ ਦੀ ਵੱਸੋਂ ਵਾਲੇ ਸਿੱਖਾਂ ਅਤੇ ਹਿੰਦੂਆਂ ਦੀ ਗਿਣਤੀ ਅੱਜ ਪੂਰੇ ਅਫਗਾਨਿਸਤਾਨ ਵਿਚ ਸਿਰਫ਼ 3330 ਬੰਦੇ ਰਹਿ ਗਈ ਹੈ।

ਅਫਗਾਨਿਸਤਾਨ ਤੇ ਖਾਸ ਕਰ ਕੇ ਕਾਬਲ, ਕੰਧਾਰ ਤੇ ਗਜ਼ਨੀ ਸੈਂਕੜੇ ਸਾਲ ਬੀਤ ਜਾਣ ਦੇ ਬਾਅਦ ਵੀ ਪੰਜਾਬੀਆਂ, ਖਾਸ ਕਰ ਸਿੱਖਾਂ ਦੇ ਮਨਾਂ ਵਿਚ ਅੱਜ ਵੀ ਉੱਕਰੇ ਹੋਏ ਹਨ। ਸਿੱਖ ਇਤਿਹਾਸ ਕਾਬਲ, ਕੰਧਾਰ ਤੇ ਗਜ਼ਨੀ ਦੇ ਜ਼ਿਕਰ ਬਿਨਾਂ ਅਧੂਰਾ ਹੈ। ਸ਼ਾਇਦ ਹੀ ਕੋਈ ਸਿੱਖ ਹੋਵੇ ਜਿਸ ਨੇ ਇਨ੍ਹਾਂ ਸ਼ਹਿਰਾਂ ਦੇ ਨਾਮ ਨਾ ਸੁਣੇ ਹੋਣ। ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੁਸਤਾਨ ਅੰਦਰ ਮੁਗਲ ਸਲਤਨਤ ਕਾਇਮ ਕਰਨ ਵਾਲੇ ਬਾਦਸ਼ਾਹ ਬਾਬਰ ਦੇ ਸਮਕਾਲੀ ਸਨ। ਬਾਬਰ ਨੇ ਭਾਰਤ ’ਤੇ ਹਮਲੇ ਵੇਲੇ ਜੋ ਜ਼ੁਲਮ ਕੀਤੇ, ਗੁਰੂ ਸਾਹਿਬ ਨੇ ਉਨ੍ਹਾਂ ਦਾ ਵਿਰੋਧ ਕੀਤਾ ਤੇ ਕਿਹਾ :

ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ (ਪੰਨਾ 722)
ਭਾਵ ਸਿੱਖ ਇਤਿਹਾਸ ਦੀ ਸ਼ੁਰੂਆਤ ਵਿਚ ਹੀ ਕਾਬਲ ਦਾ ਜ਼ਿਕਰ ਹੈ। ਬਾਬਰ ਦੇ ਜ਼ੁਲਮ ਵਿਰੁੱਧ ਗੁਰੂ ਨਾਨਕ ਸਾਹਿਬ ਨੇ ਜਿੱਥੇ
ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨ ਬੈਠੇ ਸੁਤੇ ॥ (ਪੰਨਾ 1288)
ਕਹਿ ਕੇ ਆਵਾਜ਼ ਬੁਲੰਦ ਕੀਤੀ ਉਥੇ ਇਸ ਜ਼ੁਲਮ ਦੀ ਇੰਤਹਾ ਵੇਖ ਕੇ ਗੁਰੂ ਸਾਹਿਬ ਪਰਮਾਤਮਾ ਨੂੰ ਨਿਹੋਰਾ ਦੇਣੋਂ ਵੀ ਰਹਿ ਨਾ ਸਕੇ:
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥1॥ (ਪੰਨਾ 360)
ਵਲੀ ਕੰਧਾਰੀ ਦੀ ਗੁਰੂ ਨਾਨਕ ਸਾਹਿਬ ਨੂੰ ਪਹਾੜ ਦਾ ਵੱਡਾ ਪੱਥਰ ਸੁੱਟ ਕੇ ਸਰੀਰਿਕ ਤੌਰ ’ਤੇ ਖ਼ਤਮ ਕਰ ਦੇਣ ਦੀ ਅਸਫਲ ਕੋਸ਼ਿਸ਼ ’ਤੇ ਗੁਰਦੁਆਰਾ ਪੰਜਾ ਸਾਹਿਬ ਦੀ ਸਥਾਪਤੀ ਦੀ ਨਿਸ਼ਾਨੀ, ਸਿੱਖ-ਮਨਾਂ ਨੂੰ ਕੰਧਾਰ ਜੋ ਅਫਗਾਨਿਸਤਾਨ ਦਾ ਹੀ ਇਕ ਹੋਰ ਵੱਡਾ ਸ਼ਹਿਰ ਹੈ, ਦੀ ਯਾਦ ਸਦਾ ਦੁਆਉਂਦੀ ਹੀ ਰਹਿੰਦੀ ਹੈ। ਧਾੜਵੀ ਕਾਬਲ ਤੇ ਗਜ਼ਨੀ ਤੋਂ ਭਾਰਤ ਨੂੰ ਲੁੱਟਣ ਆਉਂਦੇ ਰਹੇ। ਮਹਿਮੂਦ ਗਜ਼ਨਵੀ ਦੇ ਭਾਰਤ ’ਤੇ ਹਮਲੇ ਤੇ ਸੋਮਨਾਥ ਦੇ ਮੰਦਰ ਦੀ ਲੁੱਟ ਭਾਰਤੀ ਇਤਿਹਾਸ ਦਾ ਇਕ ਹਿੱਸਾ ਹੈ। ਗਜ਼ਨੀ ਦੇ ਇਕ ਜ਼ਾਲਮ ਅਹਿਮਦਸ਼ਾਹ ਅਬਦਾਲੀ ਦੇ ਭਾਰਤ ’ਤੇ 17 ਹਮਲੇ, ਸਿੱਖਾਂ ਦੀਆਂ ਅਥਾਹ ਕੁਰਬਾਨੀਆਂ ਦਾ ਇਤਿਹਾਸ ਤਾਂ ਹੈ ਹੀ, ਪਰ ਨਾਲ ਦੀ ਨਾਲ ਹੀ ਇਹ ਸਿੱਖਾਂ ਲਈ ਗੌਰਵਮਈ ਇਤਿਹਾਸ ਵੀ ਹੈ ਕਿਉਂਕਿ ਜਦੋਂ ਸਾਰਾ ਦੇਸ਼ ਅਹਿਮਦਸ਼ਾਹ ਅਬਦਾਲੀ ਦੇ ਜ਼ੁਲਮ ਅੱਗੇ ਝੁਕ ਗਿਆ ਤੇ ਉਹ ਭਾਰਤ ’ਚੋਂ ਖ਼ੂਬਸੂਰਤ ਔਰਤਾਂ ਨੂੰ ਗਜ਼ਨੀ ਦੇ ਬਜ਼ਾਰਾਂ ਵਿਚ ਵੇਚਣ ਲਈ ਬੰਨ੍ਹ ਕੇ ਲੈ ਜਾਣ ਲੱਗਾ ਤਾਂ ਸਿੱਖ ਜੰਗਲਾਂ ਵਿਚ ਰਹਿੰਦੇ ਹੋਏ ਵੀ ਅੱਧੀ-ਅੱਧੀ ਰਾਤ ਨੂੰ ਉਸ ਦੇ ਲਸ਼ਕਰ ’ਤੇ ਹਮਲੇ ਕਰਦੇ ਤੇ ਭਾਰਤ ’ਚੋਂ ਗ਼ੁਲਾਮ ਬਣਾਈਆਂ ਬਹੂ-ਬੇਟੀਆਂ ਨੂੰ ਛੁਡਾ ਕੇ ਉਨ੍ਹਾਂ ਦੇ ਘਰੋ-ਘਰੀ ਪਹੁੰਚਾਉਣ ਦਾ ਉਪਰਾਲਾ ਕਰਦੇ ਰਹੇ।
ਸਮਾਂ ਬਦਲਦਾ ਹੈ, ਸੋ ਇਹ ਬਦਲਿਆ, ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋ ਗਿਆ। ਸਿੱਖਾਂ ਨੇ ਅਫਗਾਨਿਸਤਾਨ ਦੀਆਂ ਸਰਹੱਦਾਂ ਤਕ ਕਬਜ਼ਾ ਕਰ ਲਿਆ। ਪੇਸ਼ਾਵਰ ਸਿੱਖ ਰਾਜ ਦਾ ਇਕ ਹਿੱਸਾ ਬਣ ਗਿਆ। ਪੂਰਾ ਫਰੰਟੀਅਰ ਦਾ ਇਲਾਕਾ ਸਿੱਖ ਰਾਜ ਵਿਚ ਮਿਲਾ ਲਿਆ ਗਿਆ। ਸਿੱਖ ਫ਼ੌਜ ਨੇ ਕਾਬੁਲ ’ਤੇ ਚੜ੍ਹਾਈ ਕਰ ਦਿੱਤੀ। ਪਰ ਅਫਗਾਨਿਸਤਾਨ ਦੇ ਬਾਦਸ਼ਾਹ ਦੋਸਤ ਮੁਹੰਮਦ ਨੇ ਸਿੱਖਾਂ ਨਾਲ ਦੋਸਤੀ ਨੂੰ ਤਰਜੀਹ ਦਿੱਤੀ। ਕੋਹਿਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਨੂੰ ਭੇਂਟ ਕੀਤਾ। ਅਫਗਾਨਿਸਤਾਨ ਵਿਚ ਭਾਵੇਂ ਸਿੱਖ ਗੁਰੂ ਨਾਨਕ ਸਾਹਿਬ ਵੇਲੇ ਤੋਂ ਹੀ ਬਣਨ ਲੱਗੇ ਸਨ। ਗੁਰੂ ਹਰਿ ਰਾਇ ਸਾਹਿਬ ਕਾਬਲ ਗਏ। ਭਾਈ ਗੁਰਦਾਸ ਜੀ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੇ ਕਾਬਲ ਘੋੜੇ ਲੈਣ ਭੇਜਿਆ।
ਅਫਗਾਨਿਸਤਾਨ ਦੀਆਂ ਸਰਹੱਦਾਂ ਤਕ ਖਾਲਸਾ ਰਾਜ ਦੀ ਸਥਾਪਤੀ ਨੇ ਸਿੱਖਾਂ ਦੀ ਗਿਣਤੀ ਵਧਾਈ ਤੇ ਉਹ ਅਫਗਾਨਿਸਤਾਨ ਦੇ ਵਿਉਪਾਰ ’ਤੇ ਹਾਵੀ ਹੋਣ ਲੱਗੇ। ਵਕਤ ਆਉਣ ’ਤੇ ਕਾਬਲ ਦੇ ਕਈ ਸਿੱਖ ਏਨੇ ਅਮੀਰ ਹੋ ਗਏ ਸਨ ਕਿ ਗੁਰਦੁਆਰਾ ਪੰਜਾ ਸਾਹਿਬ ਤੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਗੁਰਪੁਰਬਾਂ ਦੇ ਪੂਰੇ ਦੇ ਪੂਰੇ ਲੰਗਰਾਂ ਦਾ ਖਰਚਾ ਇਕ-ਇਕ ਸਿੱਖ ਉਠਾਉਣ ਦੇ ਸਮਰੱਥ ਹੋ ਗਿਆ। ਕਾਬਲ ਦੇ ਸਭ ਤੋਂ ਮਹਿੰਗੇ ਇਲਾਕੇ ਵਜ਼ੀਰਸਿਤਾਨ ਵਿਚ ਕਈ ਸਿੱਖਾਂ ਦੀਆਂ ਕੋਠੀਆਂ ਬਣ ਗਈਆਂ।
ਜਦੋਂ ਅਜਿਹੀਆਂ ਖ਼ਬਰਾਂ ਆਈਆਂ ਕਿ ਅਫਗਾਨਿਸਤਾਨ ਖਾਸ ਕਰ ਕਾਬਲ ਵਿਚ ਸਿੱਖਾਂ ਦੀ ਹਾਲਤ ਬੜੀ ਤਰਸਯੋਗ ਹੈ ਤੇ ਉਨ੍ਹਾਂ ਦੀਆਂ ਲਾਸ਼ਾਂ ਦੇ ਅੰਤਿਮ ਸੰਸਕਾਰ ਵੀ ਸ਼ਮਸ਼ਾਨਘਾਟ ਵਿਚ ਨਹੀਂ ਕਰਨ ਦਿੱਤੇ ਜਾਂਦੇ ਤਾਂ ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਸ. ਬਰਜਿੰਦਰ ਸਿੰਘ ਹਮਦਰਦ ਨੇ ਮੇਰੀ ਡਿਊਟੀ ਲਗਾਈ ਕਿ ਖ਼ੁਦ ਅਫਗਾਨਿਸਤਾਨ ਜਾ ਕੇ ਮੌਕੇ ’ਤੇ ਹਿੰਦੂ-ਸਿੱਖਾਂ ਦੇ ਹਾਲਾਤ ਦੇਖੇ ਜਾਣ। ਮੈਂ ਆਪਣੇ ਨਾਲ ਸ. ਪਰਮਜੀਤ ਸਿੰਘ (ਸੇਤੀਆ) ਜੋ ‘ਅਜੀਤ’ ਦੇ ਫੋਟੋਗ੍ਰਾਫਰ ਹਨ, ਨੂੰ ਨਾਲ ਲੈ ਕੇ ਜਾਣ ਦਾ ਫ਼ੈਸਲਾ ਕਰ ਲਿਆ।
ਜਿਵੇਂ-ਜਿਵੇਂ ਦੋਸਤਾਂ ਨੂੰ ਪਤਾ ਲੱਗਾ ਕਿ ਅਸੀਂ ਅਫਗਾਨਿਸਤਾਨ ਜਾ ਰਹੇ ਹਾਂ ਤਾਂ ਦੋਸਤਾਂ ਵਿੱਚੋਂ ਬਹੁਤਿਆਂ ਦਾ ਕਹਿਣਾ ਸੀ ਕਿ ਉਥੇ ਨਾ ਜਾਓ, ਉਥੇ ਤਾਲਿਬਾਨ ਫਿਰ ਜ਼ੋਰ ਫੜ ਰਹੇ ਹਨ। ਦੋਸਤਾਂ ਨੇ ਕਿਹਾ ਕਿ ਤਾਲਿਬਾਨ ਪਹਿਲਾਂ ਹੀ ਪੱਤਰਕਾਰਾਂ ਨੂੰ ਪਸੰਦ ਨਹੀਂ ਕਰਦੇ। ਉਨ੍ਹਾਂ ਵੱਲੋਂ ਪਹਿਲਾਂ ਹੀ ਇਕ-ਦੋ ਪੱਤਰਕਾਰਾਂ ਨੂੰ ਅਗਵਾ ਕਰ ਕੇ ਮਾਰ ਦਿੱਤਾ ਗਿਆ ਸੀ। ਇਸ ਲਈ ਮੌਤ ਦੇ ਮੂੰਹ ਵਿਚ ਨਾ ਜਾਓ। ਪਰ ਅਸੀਂ ਆਪਣੇ ਇਰਾਦੇ ’ਤੇ ਦ੍ਰਿੜ੍ਹ ਸਾਂ।
2 ਜਨਵਰੀ ਨੂੰ ਅਸੀਂ ਕਾਬਲ ਜਾਣ ਵਾਸਤੇ ਸਵੇਰੇ 6 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜ ਗਏ। ਜਹਾਜ਼ ਦੀ ਉਡਾਣ ਦਾ ਸਮਾਂ 11:45 ਸੀ। ਪਰ ਧੁੰਦ ਸੀ ਕਿ ਮਿਟਣ ਵਿਚ ਨਹੀਂ ਆ ਰਹੀ ਸੀ। ਹਰ ਫਲਾਈਟ ਲੇਟ ਹੋ ਰਹੀ ਸੀ। ਪਹਿਲਾਂ ਐਲਾਨ ਕੀਤਾ ਗਿਆ ਕਿ ਕਾਬਲ ਜਾਣ ਵਾਲੀ ਉਡਾਣ 843 ਅੱਧਾ ਘੰਟਾ ਲੇਟ ਹੈ ਤੇ 12:15 ’ਤੇ ਜਾਵੇਗੀ। ਫਿਰ ਕੋਈ ਐਲਾਨ ਨਹੀਂ, ਕੋਈ ਸੂਚਨਾ ਨਹੀਂ। ਕਰੀਬ 1:30 ਵਜੇ ਅਸੀਂ ਰੋਟੀ ਖਾਣ ਚਲੇ ਗਏ। ਪਿੱਛੋਂ ਪਤਾ ਹੀ ਨਹੀਂ ਲੱਗਾ ਕਿ ਇਸ ਜਹਾਜ਼ ਦੀਆਂ ਸਵਾਰੀਆਂ ਦੇ ਸਕਿਉਰਟੀ ਚੈੱਕ ਬਾਰੇ ਕਦੋਂ ਐਲਾਨ ਹੋਇਆ। ਇਸ ਸੰਬੰਧ ਵਿਚ ਲੱਗੇ ਬੋਰਡ ’ਤੇ ਵੀ ਇਸ ਸੰਬੰਧੀ ਕੋਈ ਸੂਚਨਾ ਨਹੀਂ ਸੀ। ਕਰੀਬ 2:30 ਵਜੇ ਅਸੀਂ ਦੁਖੀ ਹੋ ਕੇ ਸੋਚਿਆ ਕਿ ਪਤਾ ਕਰੀਏ ਕਿ ਕਾਬਲ ਦੀ ਉਡਾਣ ਦਾ ਕੀ ਬਣ ਰਿਹਾ ਹੈ? ਹਵਾਈ ਅੱਡੇ ਦੇ ਇਕ ਐਸ.ਪੀ. ਰੈਂਕ ਦੇ ਪੁਲਿਸ ਅਫ਼ਸਰ ਨੂੰ ਪੁੱਛਿਆ ਤਾਂ ਉਸ ਦਾ ਕਹਿਣਾ ਸੀ ਕਿ ਕਾਬਲ ਦੀ ਉਡਾਣ ਤਾਂ ਸ਼ਾਇਦ ਚਲੀ ਗਈ। ਇਕ ਵਾਰ ਤਾਂ ਉੱਪਰਲਾ ਸਾਹ ਉੱਪਰ ਤੇ ਹੇਠਲਾ ਸਾਹ ਹੇਠਾਂ ਰਹਿ ਗਿਆ। ਉਸ ਨੂੰ ਬੇਨਤੀ ਕੀਤੀ ਕਿ ਪਤਾ ਤਾਂ ਕਰੋ। ਉਹ ਸਾਨੂੰ ਇੰਡੀਅਨ ਏਅਰ ਲਾਈਨਜ਼ ਦੇ ਅਫ਼ਸਰਾਂ ਕੋਲ ਲੈ ਗਿਆ ਤਾਂ ਪਤਾ ਲੱਗਾ ਕਿ ਜਹਾਜ਼ ਅਜੇ ਨਹੀਂ ਉੱਡਿਆ ਤਾਂ ਸਾਹ ਵਿਚ ਸਾਹ ਆਇਆ। ਸਾਡੇ ਦੋਵਾਂ ਤੋਂ ਬਿਨਾਂ 2 ਹੋਰ ਨਿਪਾਲੀ ਲੜਕੇ ਜੋ ਕਾਬਲ ਵਿਚ ਨੌਕਰੀ ਕਰਦੇ ਸਨ ਉਹ ਵੀ ਅਜੇ ਜਹਾਜ਼ ਵਿਚ ਨਹੀਂ ਚੜ੍ਹੇ ਸਨ। ਉਨ੍ਹਾਂ ਅਫ਼ਸਰਾਂ ਨੇ ਜਹਾਜ਼ ਦੇ ਅਮਲੇ ਨਾਲ ਵਾਇਰਲੈੱਸ ’ਤੇ ਗੱਲ ਕੀਤੀ ਤੇ ਸਾਨੂੰ ਜਹਾਜ਼ ਕੋਲ ਭੇਜਣ ਦਾ ਇੰਤਜ਼ਾਮ ਕੀਤਾ। ਜਦੋਂ ਅਸੀਂ ਜਹਾਜ਼ ਵਿਚ ਬੈਠੇ ਸੀ ਤਾਂ ਜਹਾਜ਼ ਦੇ ਪਾਇਲਟ ਨੇ ਫਿਰ ਕਹਿ ਦਿੱਤਾ ਕਿ ਕਾਬਲ ਦੇ ਹਵਾਈ ਅੱਡੇ ’ਤੇ ਰੌਸ਼ਨੀ ਠੀਕ ਨਹੀਂ ਇਸ ਲਈ ਅਜੇ ਉਡਾਣ ਨਹੀਂ ਭਰੀ ਜਾ ਸਕਦੀ। ਫਿਰ 5-7 ਮਿੰਟ ਬਾਅਦ ਅਚਾਨਕ ਹੀ ਪਾਇਲਟ ਨੇ ਜਹਾਜ਼ ਦੀ ਉਡਾਣ ਦਾ ਐਲਾਨ ਕਰ ਦਿੱਤਾ ਤੇ ਕਰੀਬ 3:10 ’ਤੇ ਉਡਾਣ ਸ਼ੁਰੂ ਹੋ ਗਈ। ਜਦੋਂ ਕਾਬਲ ਹਵਾਈ ਅੱਡੇ ਪਹੁੰਚੇ ਤਾਂ ਐਲਾਨ ਕੀਤਾ ਗਿਆ ਕਿ ਅਫਗਾਨਿਸਤਾਨ ਦੇ 4:00 ਵੱਜੇ ਹਨ। ਅਸਲ ਵਿਚ ਇਸ ਹਵਾਈ ਜਹਾਜ਼ ਨੇ ਕਾਬਲ ਪਹੁੰਚਣ ਵਿਚ 1 ਘੰਟਾ 50 ਮਿੰਟ ਲਏ ਸਨ। ਪਰ ਅਫਗਾਨਿਸਤਾਨ ਦਾ ਸਮਾਂ ਭਾਰਤ ਨਾਲੋਂ 1 ਘੰਟਾ ਪਿੱਛੇ ਹੈ। ਜਦੋਂ ਉਥੇ 4 ਵੱਜੇ ਸਨ, ਉਸ ਵੇਲੇ ਭਾਰਤ ਵਿਚ 5 ਵੱਜ ਚੁਕੇ ਸਨ। ਕਾਬਲ ਵਿਚ ਸ਼ਾਮ ਦੇ 4 ਵਜੇ ਹੀ ਮਨਫੀ 15 ਡਿਗਰੀ ਸੈਂਟੀਗਰੇਡ ਤਾਪਮਾਨ ਸੀ। ਹਰ ਪਾਸੇ ਬਰਫ਼ ਹੀ ਬਰਫ਼ ਸੀ। ਕਾਬਲ ਤੋਂ ਕਈ ਹੋਰ ਸ਼ਹਿਰਾਂ ਤਕ ਪਹੁੰਚਣਾ ਮੁਹਾਲ ਸੀ।
ਨਵਾਂ ਦੇਸ਼, ਨਵਾਂ ਸ਼ਹਿਰ, ਕੋਈ ਜਾਣਦਾ ਨਹੀਂ, ਕਿਸੇ ਨਾਲ ਵਾਕਫ਼ੀ ਨਹੀਂ।ਭਾਵੇਂ ਕੁਝ ਟੈਲੀਫ਼ੋਨ ਨੰਬਰ ਸ. ਖਜਿੰਦਰ ਸਿੰਘ ਜੋ ਅਫਗਾਨ ਸਿੱਖ ਹਿੰਦੂ ਵੈਲਫੇਅਰ ਸੁਸਾਇਟੀ ਭਾਰਤ ਦੇ ਪ੍ਰਧਾਨ ਹਨ, ਤੋਂ ਲੈ ਕੇ ਤੁਰੇ ਸਾਂ। ਉਨ੍ਹਾਂ ਨਾਲ ਪਿਛਲੇ ਤਿੰਨ ਦਿਨਾਂ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਫ਼ੋਨ ਨਹੀਂ ਮਿਲ ਸਕਿਆ। ਭਾਵੇਂ ਭਾਰਤ ਤੋਂ ਅਫਗਾਨਿਸਤਾਨ ਦੀ ਰੋਮਿੰਗ ਕਰਵਾ ਕੇ ਤੁਰੇ ਸਾਂ ਪਰ ਇਥੇ ਫ਼ੋਨ ਨਹੀਂ ਚੱਲਿਆ।ਆਪਣੇ ਨਾਲ ਆਏ ਯਾਤਰੀਆਂ ਤੋਂ ਪੁੱਛ-ਪੁਛਾ ਕੇ ਹੋਟਲ ਸਾਫੀ ਲੈਂਡਮਾਰਕ ਵਿਚ ਟੈਕਸੀ ’ਤੇ ਪਹੁੰਚੇ। ਟੈਕਸੀ ਡਰਾਈਵਰ ਨੇ 10 ਡਾਲਰ ਲਏ ਤੇ ਹੋਟਲ ਦਾ ਕਮਰਾ 100 ਡਾਲਰ ਪ੍ਰਤੀਦਿਨ ਦੇ ਹਿਸਾਬ ਨਾਲ ਮਿਲਿਆ। ਸੁਰੱਖਿਆ ਕਾਰਨਾਂ ਕਰਕੇ ਆਮ ਰੈਸਟ ਹਾਊਸ ਨਹੀਂ ਲੈ ਸਕਦੇ ਸੀ ਕਿਉਂਕਿ ਉਥੇ ਕੌਣ ਕੀ ਹੈ, ਕੀ ਨਹੀਂ, ਇਸ ਦਾ ਕੁਝ ਪਤਾ ਨਹੀਂ ਸੀ। ਕਾਬਲ ਵਿਚ ਥਾਂ-ਥਾਂ ਇਮਾਰਤਾਂ ਅੱਗੇ ਫ਼ੌਜੀ ਜਵਾਨ ਪਹਿਰਾ ਦੇ ਰਹੇ ਸਨ। ਕਈ ਟੈਂਕਾਂ ਵਰਗੀਆਂ ਫ਼ੌਜੀ ਗੱਡੀਆਂ ਸੜਕਾਂ ’ਤੇ ਹਰਲ-ਹਰਲ ਕਰਦੀਆਂ ਫਿਰਦੀਆਂ ਸਨ ਜਿਸ ਤੋਂ ਇਹ ਸਾਫ਼ ਅਹਿਸਾਸ ਹੁੰਦਾ ਸੀ ਕਿ ਜਿਵੇਂ ਕਿਸੇ ਲੜਾਈ ਵਾਲੇ ਸ਼ਹਿਰ ਵਿਚ ਆ ਵੜੇ ਹੋਈਏ। ਹੋਟਲ ਦੇ ਕਮਰੇ ਵਿਚ ਬੈਠ ਕੇ ਇਥੋਂ ਦੇ ਸਿੱਖ ਨੇਤਾਵਾਂ ਸ. ਰਵਿੰਦਰ ਸਿੰਘ, ਸ. ਅਵਤਾਰ ਸਿੰਘ, ਅਫਗਾਨਿਸਤਾਨ ਦੀ ਰਾਜ ਸਭਾ ਦੇ ਇੱਕੋ-ਇੱਕ ਹਿੰਦੂ ਮੈਂਬਰ ਸ਼੍ਰੀ ਗੰਗਾ ਰਾਮ ਮਥਰੀਜਾ ਅਤੇ ਭਾਰਤੀ ਰਾਜਦੂਤ ਸ਼੍ਰੀ ਹਰੀਸ਼ ਸੂਦ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਭਾਰਤੀ ਰਾਜਦੂਤ ਸ਼੍ਰੀ ਸੂਦ ਅਤੇ ਐਮ.ਪੀ. ਸ਼੍ਰੀ ਗੰਗਾ ਰਾਮ ਤਾਂ ਭਾਰਤ ਗਏ ਹੋਏ ਸਨ। ਰਾਜਦੂਤ ਦਾ ਮੋਬਾਇਲ ਨੰਬਰ ਉਨ੍ਹਾਂ ਦੇ ਪੀ.ਏ. ਸ. ਹਰਪਾਲ ਸਿੰਘ ਨੇ ਚੁੱਕਿਆ। ਸ. ਹਰਪਾਲ ਸਿੰਘ ਦਾ ਵਿਵਹਾਰ ਬਹੁਤ ਵਧੀਆ ਸੀ। ਉਨ੍ਹਾਂ ਨੇ ਸਫ਼ਾਰਤਖਾਨੇ ਦੇ ਸੈਕਿੰਡ ਸਕੱਤਰ ਸ਼੍ਰੀ ਆਰ. ਕੇ. ਵਰਮਾ ਨਾਲ ਗੱਲ ਕਰਵਾਈ ਜਿਨ੍ਹਾਂ ਨੇ ਅਗਲੇ ਦਿਨ ਸਫ਼ਾਰਤਖਾਨੇ ਵਿਚ ਆ ਕੇ ਮਿਲਣ ਦਾ ਸਮਾਂ ਦੇ ਦਿੱਤਾ। ਬਾਅਦ ਵਿਚ ਅਫਗਾਨਿਸਤਾਨ ਦੇ ਸਿੱਖ ਲੀਡਰ ਸ. ਰਵਿੰਦਰ ਸਿੰਘ ਨਾਲ ਵੀ ਗੱਲ ਹੋ ਗਈ। ਤਾਂ ਉਨ੍ਹਾਂ ਨੇ ਅਗਲੇ ਦਿਨ ਸਵੇਰੇ 9 ਵਜੇ ਸਾਡੇ ਹੋਟਲ ਵਿਚ ਮਿਲਣ ਦਾ ਵਾਅਦਾ ਕੀਤਾ। 3 ਜਨਵਰੀ ਨੂੰ ਅਸੀਂ ਸ. ਰਵਿੰਦਰ ਸਿੰਘ ਨਾਲ ਭਾਰਤੀ ਸਫ਼ਾਰਤਖਾਨੇ ਵਿਚ ਗਏ ਜਿੱਥੇ ਸ਼੍ਰੀ ਵਰਮਾ ਨੇ ਭਾਰਤੀ ਰਾਜਦੂਤ ਦੀ ਗੈਰ- ਹਾਜ਼ਰੀ ਵਿਚ ਸਫ਼ਾਰਤਖਾਨੇ ਦਾ ਕੰਮ ਦੇਖ ਰਹੇ ਸਭ ਤੋਂ ਵੱਡੇ ਅਫਸਰ ਪਹਿਲੇ ਦਰਜੇ ਦੇ ਸਕੱਤਰ ਸ਼੍ਰੀ ਰਾਮ ਰਤਨ ਨਾਲ ਸਾਡੀ ਮੁਲਾਕਾਤ ਕਰਵਾਈ। ਭਾਵੇਂ ਸ਼੍ਰੀ ਰਾਮ ਰਤਨ ਅਫਗਾਨਿਸਤਾਨ ਦੇ ਸਿੱਖਾਂ ਤੇ ਹਿੰਦੂਆਂ ਦੀਆਂ ਸਮੱਸਿਆਵਾਂ ਪ੍ਰਤੀ ਹਮਦਰਦੀ ਭਰਿਆ ਵਤੀਰਾ ਦਰਸਾ ਰਹੇ ਸਨ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਭਾਵੇਂ ਇਹ ਲੋਕ ਸਿੱਖ ਅਤੇ ਹਿੰਦੂ ਹਨ ਪਰ ਫਿਰ ਵੀ ਇਹ ਭਾਰਤੀ ਨਾਗਰਿਕ ਨਹੀਂ ਹਨ। ਇਸ ਲਈ ਭਾਰਤੀ ਸਫ਼ਾਰਤਖਾਨਾ ਉਨ੍ਹਾਂ ਦੀ ਮੱਦਦ ਇਕ ਹੱਦ ਵਿਚ ਰਹਿ ਕੇ ਹੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਅਫਗਾਨ ਨਾਗਰਿਕਾਂ ਨੂੰ ਵੀਜ਼ੇ ਜਾਰੀ ਕਰਨ ਵਿਚ ਬਹੁਤ ਹੀ ਖੁੱਲ੍ਹਦਿਲੀ ਅਪਣਾ ਰਹੀ ਹੈ।

ਅਫਗਾਨੀ ਸਿੱਖਾਂ ਦੀ ਹਾਲਤ

ਕਾਬਲ ਵਿਚ ਪਹਿਲਾਂ ਸਾਰੇ ਗੁਰਦੁਆਰੇ ਕੱਚੇ ਸਨ ਪਰ ਜਦੋਂ ਬਬਰਕ ਕਰਮਾਲ ਦਾ ਸ਼ਾਸਨ ਆਇਆ ਤਾਂ ਹਿੰਦੂ-ਸਿੱਖਾਂ ਨੂੰ ਪੱਕੇ ਮੰਦਰ ਤੇ ਗੁਰਦੁਆਰੇ ਬਣਾਉਣ ਦੀ ਇਜਾਜ਼ਤ ਮਿਲ ਗਈ। ਸਿੱਖਾਂ ਨੇ ਵੱਡੇ-ਵੱਡੇ ਤਿੰਨ-ਮੰਜ਼ਿਲੇ ਗੁਰਦੁਆਰੇ ਉਸਾਰੇ।ਗੁਰਦੁਆਰਾ ਸਾਹਿਬਾਨ ਦੇ ਨਾਲ-ਨਾਲ ਸਕੂਲ ਤੇ ਸਰਾਵਾਂ ਵੀ ਬਣਾਈਆਂ। ਪਰ ਅਫਗਾਨਿਸਤਾਨ ’ਤੇ ਜਦੋਂ ਮੁਜ਼ਾਹਦੀਨ ਨੇ ਕਬਜ਼ਾ ਕਰ ਲਿਆ ਤਾਂ ਗੁਰਦੁਆਰੇ ਖੋਹ ਲਏ ਗਏ। ਲੜਾਈ ਵਿਚ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਦਾ ਬੁਰਾ ਹਾਲ ਹੋਇਆ। ਭਾਵੇਂ ਇਹ ਗੁਰਦੁਆਰੇ ਸਿੱਖਾਂ ਨੂੰ ਵਾਪਸ ਕਰ ਦਿੱਤੇ ਗਏ ਹਨ, ਪਰ ਇਨ੍ਹਾਂ ਨਾਲ ਲੱਗਦੀ ਜ਼ਮੀਨ ’ਤੇ ਉਥੋਂ ਦੇ ਮੁਸਲਮਾਨਾਂ ਦਾ ਕਬਜ਼ਾ ਹੈ। ਗੁਰਦੁਆਰਿਆਂ ਦੀਆਂ ਖੰਡਰ ਦਿਖਦੀਆਂ ਇਮਾਰਤਾਂ ਦੇਖ ਕੇ ਮਨ ਨੂੰ ਧੂਹ ਪੈਂਦੀ ਹੈ। ਅਫਗਾਨੀ ਸਿੱਖ ਪ੍ਰੇਸ਼ਾਨ ਹਨ ਕਿਉਂਕਿ ਅਫਗਾਨ ਸਰਕਾਰ ਉਨ੍ਹਾਂ ਨੂੰ ਅਫਗਾਨੀ ਨਾਗਰਿਕ ਹੋਣ ਦੇ ਬਾਵਜੂਦ ਅਫਗਾਨੀ ਨਹੀਂ ਮੰਨਦੀ। ਜੋ ਸਹੂਲਤਾਂ ਆਪਣੇ ਪੈਰਾਂ ’ਤੇ ਖੜ੍ਹਿਆਂ ਹੋਣ ਲਈ ਮੁਸਲਮਾਨਾਂ ਨੂੰ ਦਿੱਤੀਆਂ ਗਈਆਂ ਹਨ, ਉਹ ਕਿਸੇ ਸਿੱਖ ਜਾਂ ਹਿੰਦੂ ਪਰਵਾਰ ਨੂੰ ਨਹੀਂ ਮਿਲੀਆਂ। ਮੁਸਲਮਾਨਾਂ ਨੂੰ ਰਹਿਣ ਲਈ ਮਕਾਨ ਤੇ ਜਗ੍ਹਾ ਅਲਾਟ ਕੀਤੀਆਂ ਗਈਆਂ ਹਨ ਪਰ ਕਿਸੇ ਸਿੱਖ ਤੇ ਹਿੰਦੂ ਨੂੰ ਜਗ੍ਹਾ ਨਹੀਂ ਮਿਲੀ। ਉਹ ਜਾਂ ਤਾਂ ਕਿਰਾਏ ਦੇ ਮਕਾਨਾਂ ਵਿਚ ਧੱਕੇ ਖਾ ਰਹੇ ਹਨ ਜਾਂ ਗੁਰਦੁਆਰਿਆਂ ਵਿਚ ਰਹਿ ਰਹੇ ਹਨ। ਭਾਰਤੀ ਸਫ਼ਾਰਤਖਾਨਾ ਉਨ੍ਹਾਂ ਦੀ ਇਹ ਕਹਿ ਕੇ ਮਦਦ ਨਹੀਂ ਕਰਦਾ ਕਿ ਉਹ ਭਾਰਤੀ ਨਹੀਂ, ਅਫਗਾਨੀ ਹਨ।

ਕਾਬਲ ਦੀ ਹਾਲਤ

ਕਾਬਲ ਦੀ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਹੋ ਜਾਵੇਗਾ ਕਿ ਸਾਰੀਆਂ ਦੁਕਾਨਾਂ ਰਾਤੀਂ 7 ਵਜੇ ਹੀ ਬੰਦ ਹੋ ਜਾਂਦੀਆਂ ਹਨ। 7 ਵਜੇ ਤੋਂ ਬਾਅਦ ਕੋਈ ਟਾਵਾਂ-ਟੱਲਾ ਆਦਮੀ ਹੀ ਸੜਕਾਂ ’ਤੇ ਨਜ਼ਰ ਆਉਂਦਾ ਹੈ। ਚਾਰੇ ਪਾਸੇ ਨੀਮ ਹਨੇਰਾ ਨਜ਼ਰ ਆਉਂਦਾ ਹੈ। ਕੋਈ-ਕੋਈ ਬੱਤੀ ਹੀ ਜਗਦੀ ਹੈ। ਸੜਕਾਂ ’ਤੇ ਫ਼ੌਜੀ ਹਥਿਆਰਬੰਦ ਗੱਡੀਆਂ ਦੀ ਆਵਾਜਾਈ ਵਧ ਜਾਂਦੀ ਹੈ। ਹੋਟਲਾਂ ਤੇ ਹੋਰ ਸੰਸਥਾਵਾਂ ਅੱਗੇ ਕਲਾਸ਼ਨੀਕੋਵ ਅਤੇ ਕਈ ਹੋਰ ਆਟੋਮੈਟਿਕ ਰਾਈਫਲਾਂ ਲਈ ਖੜ੍ਹੇ ਗਾਰਡਾਂ ਦੀ ਗਿਣਤੀ ਜੋ ਦਿਨ ਵੇਲੇ ਇਕ ਜਾਂ ਦੋ ਹੁੰਦੀ ਹੈ ਰਾਤੀਂ ਦੋ ਤੋਂ ਚਾਰ ਹੋ ਜਾਂਦੀ ਹੈ। ਇਨ੍ਹਾਂ ਗਾਰਡਾਂ ਦੀ ਜਾਂ ਫ਼ੌਜੀ ਗੱਡੀਆਂ ਦੀ ਫੋਟੋ ਖਿੱਚਣ ਦੀ ਮਨਾਹੀ ਹੈ।
ਜਦੋਂ ਪਹਿਲੀ ਹੀ ਰਾਤ ਅਸੀਂ ਆਪਣੇ ਹੀ ਹੋਟਲ ਅੱਗੇ ਆਟੋਮੈਟਿਕ ਰਾਈਫਲ਼ਾਂ ਲਈ ਖੜ੍ਹੇ ਗਾਰਡਾਂ ਦੀ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਇਕ ਦਮ ਗੰਨਾਂ ਸਾਡੇ ਵੱਲ ਸਿੱਧੀਆਂ ਕਰ ਕੇ ਸਖ਼ਤੀ ਨਾਲ ਫੋਟੋ ਖਿੱਚਣ ਤੋਂ ਰੋਕ ਦਿੱਤਾ ਗਿਆ। ਜਦੋਂ ਅਸੀਂ ਦੱਸਿਆ ਕਿ ਅਸੀਂ ਇਸੇ ਹੋਟਲ ਵਿਚ ਹੀ ਠਹਿਰੇ ਹਾਂ ਤੇ ਪੱਤਰਕਾਰ ਹਾਂ ਤਾਂ ਹੀ ਸਾਨੂੰ ਛੱਡਿਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਹ ਅਧਿਕਾਰ ਪ੍ਰਾਪਤ ਹੈ ਕਿ ਉਹ ਕਿਸੇ ਵੀ ਵਿਅਕਤੀ ਜਾਂ ਗੱਡੀ ਨੂੰ ਆਪਣੇ ਤੋਂ 20 ਮੀਟਰ ਦੀ ਦੂਰੀ ’ਤੇ ਜਾਣ ਲਈ ਕਹਿ ਸਕਦੇ ਹਨ। ਜੇ ਉਹ ਤਿੰਨ ਵਾਰ ਕਹਿਣ ’ਤੇ ਵੀ ਅਜਿਹਾ ਨਹੀਂ ਕਰਦਾ ਤਾਂ ਉਹ ਗੋਲੀ ਮਾਰ ਕੇ ਉਸ ਨੂੰ ਮਾਰ ਵੀ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਜਿਹਾ ਤਾਲਿਬਾਨ ਦੇ ਆਤਮਘਾਤੀ ਦਹਿਸ਼ਤਗਰਦਾਂ ਤੋਂ ਬਚਣ ਲਈ ਕੀਤਾ ਜਾਂਦਾ ਹੈ। ਭਾਵੇਂ ਉਨ੍ਹਾਂ ਦਾ ਰਵੱਈਆ ਸਾਡੇ ਪ੍ਰਤੀ ਦੋਸਤਾਨਾ ਹੋ ਗਿਆ ਸੀ ਪਰ ਉਨ੍ਹਾਂ ਨੇ ਫੋਟੋ ਖਿੱਚਣ ਦੀ ਇਜਾਜ਼ਤ ਫਿਰ ਵੀ ਨਹੀਂ ਦਿੱਤੀ।
ਕਾਬਲ ਜੋ ਦੇਸ਼ ਦੀ ਰਾਜਧਾਨੀ ਹੈ, ਵਿਚ ਜਗ੍ਹਾ-ਜਗ੍ਹਾ ਨਵੀਆਂ ਉਸਾਰੀਆਂ ਹੋ ਰਹੀਆਂ ਹਨ। ਲੋਕਾਂ ਵਿਚ ਭਾਰਤ ਦੇ ਦੋਸਤ ਮੁਲਕ ਹੋਣ ਦੀ ਭਾਵਨਾ ਪ੍ਰਬਲ ਹੋ ਰਹੀ ਹੈ। ਭਾਰਤ ਵੱਲੋਂ ਕਰੀਬ 600 ਮਿਲੀਅਨ ਡਾਲਰ ਦੀ ਵੱਡੀ ਮਦਦ ਦੀ ਚਰਚਾ ਹਰ ਪਾਸੇ ਹੈ। ਭਾਰਤ ਨੇ ਅਫਗਾਨ ਏਅਰ ਲਾਈਨ ਆਰਿਆਨਾ ਦੀ ਮੁੜ ਉਸਾਰੀ ਲਈ ਹਵਾਈ ਜਹਾਜ਼ਾਂ ਦਾ ਬੇੜਾ ਦਿੱਤਾ ਹੈ। 200 ਬੱਸਾਂ, 300 ਟਰੱਕ ਮੁਫ਼ਤ ਦਿੱਤੇ ਹਨ। ਬਾਰਡਰ ਤੇ ਬੰਦਰ ਅਬਾਸ ਤਕ ਪਾਕਿਸਤਾਨ ਦੇ ਵਿਰੋਧ ਅਤੇ ਤਾਲਿਬਾਨ ਦੇ ਹਮਲਿਆਂ ਦੇ ਬਾਵਜੂਦ ਸੜਕ ਦੀ ਉਸਾਰੀ ਭਾਰਤੀ ਫ਼ੌਜ ਦੇ ਜਵਾਨ ਕਰ ਰਹੇ ਹਨ। ਕਰਨਲ ਵੀ.ਕੇ. ਸ਼ਰਮਾ ਪ੍ਰੋਜੈਕਟ ਮੈਨੇਜਰ ਦੀ ਅਗਵਾਈ ਵਿਚ ਇਕ ਡੈਮ ਦਾ ਕੰਮ ਵੀ ਚੱਲ ਰਿਹਾ ਹੈ। ਅਫਗਾਨ ਪਾਰਲੀਮੈਂਟ ਦੀ ਬਿਲਡਿੰਗ ਭਾਰਤ ਬਣਾ ਕੇ ਦੇ ਰਿਹਾ ਹੈ।

ਗੁਰਦੁਆਰਿਆਂ ਦੀ ਹਾਲਤ

ਕਾਬਲ ਵਿਚ ਪੁਰਾਣੇ ਸ਼ਹਿਰ ਵਿਚ ਸ਼ੋਰ ਬਜ਼ਾਰ ਦੇ ਨੇੜੇ ਹੀ ਪ੍ਰਮੁੱਖ ਗੁਰਦੁਆਰੇ ਹਨ। ਸਭ ਤੋਂ ਵੱਡਾ ਗੁਰਦੁਆਰਾ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਦਾ ਹੈ। ਇਹ ਇਕ ਇਤਿਹਾਸਕ ਗੁਰਦੁਆਰਾ ਹੈ। ਇਥੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਆਉਣ ਦੀ ਗੱਲ ਕਹੀ ਜਾਂਦੀ ਹੈ। ਇਸ ਗੁਰਦੁਆਰੇ ਦੀਆਂ ਉੱਪਰਲੀਆਂ ਮੰਜ਼ਲਾਂ ਕਈ ਸਾਲ ਤੋਂ ਅਜੇ ਵੀ ਬੁਰੀ ਤਰ੍ਹਾਂ ਟੁੱਟੀਆਂ ਹੋਈਆਂ ਹਨ। ਤੋਪਾਂ ਦੇ ਗੋਲਿਆਂ ਦੀ ਮਾਰ ਨਾਲ ਟੁੱਟੀ ਇਮਾਰਤ ਬਾਹਰੋਂ ਇਕ ਖੰਡਰ ਦਾ ਰੂਪ ਧਾਰ ਚੁਕੀ ਹੈ। ਪਰ ਅੰਦਰੋਂ ਹੌਲੀ- ਹੌਲੀ ਜਿੰਨੀ ਕੁ ਸਥਾਨਕ ਸਿੱਖ ਕਰ ਸਕਦੇ ਹਨ ਉਸ ਦੀ ਮੁਰੰਮਤ ਕਰ ਚੁੱਕੇ ਹਨ। ਇਹ ਮੁਰੰਮਤ ਦੁਬਈ ਰਹਿੰਦੇ ਸਿੱਖਾਂ ਦੀ ਮਦਦ ਨਾਲ ਹੋਈ। ਇਥੇ ਹੁਣ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੁੰਦਾ। ਪਰ ਗੁਰੂ ਹਰਿ ਰਾਇ ਸਾਹਿਬ ਦੇ ਗੁਰਪੁਰਬ ਵਾਲੇ ਦਿਨ ਸਿੱਖ ਇਥੇ ਪ੍ਰਕਾਸ਼ ਕਰਦੇ ਹਨ। 33 ਕਮਰਿਆਂ ਦੀ ਸਰਾਂ ਅਜੇ ਵੀ ਸਾਬਤ ਖੜ੍ਹੀ ਹੈ। ਗੁਰਦੁਆਰਾ ਸਾਹਿਬ ਦੀ ਛੱਤ ’ਤੇ ਅਜੇ ਵੀ ਨਿਸ਼ਾਨ ਸਾਹਿਬ ਝੂਲਦਾ ਹੈ। ਇਹ ਗੁਰਦੁਆਰਾ ਮੁੱਖ ਸੜਕ ’ਤੇ ਸਥਿਤ ਹੈ। ਇਥੇ ਕੁਝ ਸਿੱਖ ਪਰਵਾਰ ਸਿਰ ਲੁਕਾ ਕੇ ਰਹਿ ਰਹੇ ਹਨ। ਇਸ ਗੁਰਦੁਆਰੇ ਤੋਂ ਥੋੜ੍ਹਾ ਪਿੱਛੇ ਹਟ ਕੇ ਕੱਚੀਆਂ ਗਲੀਆਂ ਵਿਚ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਹੈ। ਇਹ ਗੁਰਦੁਆਰਾ ਵੀ ਗੋਲਿਆਂ ਦੀ ਮਾਰ ਨਾਲ ਟੁੱਟ ਚੁਕਾ ਹੈ ਪਰ ਅੰਦਰੋਂ ਹੇਠਲੀ ਮੰਜ਼ਲ ਦੀ ਥੋੜ੍ਹੀ ਬਹੁਤ ਮੁਰੰਮਤ ਹੋ ਚੁਕੀ ਹੈ। ਇਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਜੇ ਨਹੀਂ ਹੋ ਸਕਿਆ। ਹਾਂ, ਕੁਝ ਖਾਸ ਦਿਨਾਂ ’ਤੇ ਸਿੱਖ ਇਕੱਠੇ ਹੋ ਕੇ ਇਥੇ ਪ੍ਰਕਾਸ਼ ਕਰਦੇ ਹਨ। ਇਹ ਗੁਰਦੁਆਰਾ ਵੀ ਇਤਿਹਾਸਕ ਗੁਰਦੁਆਰਾ ਹੈ। ਇਹ ਉਸ ਅਸਥਾਨ ’ਤੇ ਬਣਿਆ ਹੈ ਜਿੱਥੇ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਭੇਜੇ ਭਾਈ ਗੁਰਦਾਸ ਜੀ ਉਸ ਵਕਤ ਠਹਿਰੇ ਸਨ ਜਦੋਂ ਉਹ ਗੁਰੂ ਸਾਹਿਬ ਲਈ ਕਾਬਲ ਤੋਂ ਘੋੜੇ ਖ੍ਰੀਦਣ ਆਏ ਸਨ।
ਇਸ ਗੁਰਦੁਆਰਾ ਸਾਹਿਬ ਦੇ ਸਾਹਮਣੇ ਚੱਲਦਾ ਖਾਲਸਾ ਸਕੂਲ ਜੋ ਅਜੇ ਕੱਚੀਆਂ ਇੱਟਾਂ ਦਾ ਬਣਿਆ ਹੋਇਆ ਸੀ, ਨੇਸਤੋ-ਨਾਬੂਦ ਹੀ ਹੋ ਚੁਕਾ ਹੈ। ਇਸ ਦੀਆਂ ਸਿਰਫ਼ ਦੋ ਕੰਧਾਂ ਦੇ ਪਿੱਲਰ ਅਜੇ ਵੀ ਦਿੱਸਦੇ ਹਨ ਜੋ ਕਿ ਇਕ ਨਿਸ਼ਾਨੀ ਵਜੋਂ ਦੇਖੇ ਜਾ ਸਕਦੇ ਹਨ ਕਿ ਇਥੇ ਕਦੇ ਸਕੂਲ ਸੀ। ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪਿੱਛੇ ਹੀ ਸਥਿਤ ਬਾਬਾ ਸ੍ਰੀ ਚੰਦ ਜੀ ਦਾ ਇਤਿਹਾਸਕ ਅਸਥਾਨ ਹੈ, ਇਸ ਦੀ ਇਮਾਰਤ ਵੀ ਅਜੇ ਤਕ ਕਈ ਥਾਵਾਂ ਤੋਂ ਟੁੱਟੀ ਹੋਈ ਹੈ। ਕਾਬਲ ਵਿਚ ਭਾਈ ਮਨਸਾ ਸਿੰਘ ਦਾ ਗੁਰਦੁਆਰਾ, ਬਾਬਾ ਖੇਮ ਸਿੰਘ ਦਾ ਗੁਰਦੁਆਰਾ, ਗੁਰਦੁਆਰਾ ਗਨ ਬਖਸ਼ੀ ਅਤੇ ਗੁਰਦੁਆਰਾ ਜੋਤੀ ਸਰੂਪ ਵੀ ਅੱਜਕਲ੍ਹ ਬੇਅਬਾਦ ਪਏ ਹਨ। ਪਰ ਕਾਬਲ ਵਿਚ ਜਿੱਥੇ ਕਦੇ 50 ਹਜ਼ਾਰ ਸਿੱਖਾਂ ਅਤੇ ਹਿੰਦੂਆਂ ਦੀ ਆਬਾਦੀ ਸੀ ਅੱਜ ਉਥੇ ਸਿਰਫ 340 ਪਰਵਾਰ ਰਹਿੰਦੇ ਹਨ, ਜਿਨ੍ਹਾਂ ਵਿਚ 1132 ਸਿੱਖ ਤੇ ਸਿਰਫ 40 ਹਿੰਦੂ ਵੱਸ ਰਹੇ ਹਨ। ਕਾਬਲ ਦੇ ਹਿੰਦੂ ਰੋਜ਼ ਗੁਰਦੁਆਰੇ ਵੀ ਜਾਂਦੇ ਹਨ ਤੇ ਉਨ੍ਹਾਂ ਦੇ ਸਿੱਖਾਂ ਨਾਲ ਰਿਸ਼ਤੇ ਵੀ ਠੀਕ ਹਨ। ਬਲਕਿ ਮੰਦਰ ਵਿਚ ਰਹਿੰਦੇ ਇਕ ਹਿੰਦੂ ਪਰਵਾਰ ਦੇ ਇਕ ਬਜ਼ੁਰਗ ਦੀ ਮੌਤ ਹੋ ਜਾਣ ’ਤੇ ਉਸ ਦਾ ਸਸਕਾਰ ਵੀ ਗੁਰਦੁਆਰਾ ਕਰਤੇ ਪ੍ਰਵਾਨ ਦੇ ਵਿਚ ਬਣੇ ਸਸਕਾਰ ਅਸਥਾਨ ’ਤੇ ਹੀ ਕੀਤਾ ਗਿਆ ਜਿਸ ਵਿਚ ਸਿੱਖ ਤੇ ਹਿੰਦੂ ਦੋਵੇਂ ਸ਼ਾਮਲ ਹੋਏ।
ਅਸਲ ਵਿਚ ਸਿੱਖਾਂ ਅਤੇ ਹਿੰਦੂਆਂ ਦਾ ਇਕ ਸਾਂਝਾ ਸ਼ਮਸ਼ਾਨਘਾਟ ਗੁਰਦੁਆਰਾ ਕਰਤੇ ਪ੍ਰਵਾਨ ਤੋਂ ਕਰੀਬ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਕਾਬਲ ਦੇ ਜ਼ਿਲ੍ਹਾ ਨੰਬਰ 8 ਦੇ ਕਲਾਚਾ ਨਾਮਕ ਸਥਾਨ ’ਤੇ ਸਥਿਤ ਹੈ। ਅਹਿਮਦ ਕਰਜ਼ਈ ਸਰਕਾਰ ਨੇ ਇਸ ਦਾ ਕਬਜ਼ਾ ਭਾਵੇਂ ਸਿੱਖਾਂ ਦੇ ਗੁਰਦੁਆਰਾ ਕਰਤੇ ਪ੍ਰਵਾਨ ਨੂੰ ਦੇ ਦਿੱਤਾ ਹੈ ਪਰ ਸ. ਰਵਿੰਦਰ ਸਿੰਘ ਜਿਹੜੇ ਇਥੋਂ ਦੇ ਸਿੱਖਾਂ ਦੇ ਨੇਤਾ ਹਨ ਤੇ ਉਨ੍ਹਾਂ ਨੂੰ ਸ. ਰਵਿੰਦਰ ਸਿੰਘ ਵਕੀਲ ਕਿਹਾ ਜਾਂਦਾ ਹੈ, ਨੇ ਦੱਸਿਆ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਥੇ ਜਦੋਂ ਵੀ ਸਿੱਖ ਜਾਂ ਹਿੰਦੂ ਕਿਸੇ ਲਾਸ਼ ਦਾ ਅੰਤਿਮ ਸੰਸਕਾਰ ਕਰਨ ਪਹੁੰਚਦੇ ਹਨ ਤਾਂ ਇਲਾਕੇ ਦੇ ਮੁਸਲਮਾਨ ਪਠਾਣ ਇਸ ਦਾ ਵਿਰੋਧ ਕਰਦੇ ਹਨ ਤੇ ਉਹ ਲੜਨ-ਮਰਨ ਲਈ ਤਿਆਰ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਸਕਾਰ ਕਰਨ ਲਈ ਪੁਲਿਸ ਨਾਲ ਜਾ ਕੇ ਸਸਕਾਰ ਕਰਵਾਉਣ ਲਈ ਤਿਆਰ ਹੈ ਪਰ ਅਸੀਂ ਇਸ ਤਰ੍ਹਾਂ ਜ਼ਬਰਦਸਤੀ ਮੁਸਲਿਮ ਆਬਾਦੀ ਦੀ ਨਰਾਜ਼ਗੀ ਮੁੱਲ ਲੈਣ ਦੀ ਸਥਿਤੀ ਵਿਚ ਨਹੀਂ ਹਾਂ, ਕਿਉਂਕਿ ਪੁਲਿਸ ਹਰ ਵਕਤ ਸਾਡੀ ਰੱਖਿਆ ਨਹੀਂ ਕਰ ਸਕਦੀ। ਫਿਰ ਅਫਗਾਨਿਸਤਾਨ ਦੀ ਸਥਿਤੀ ਦਾ ਕੀ ਪਤਾ ਕਦੋਂ ਬਦਲ ਜਾਵੇ! ਕੱਲ੍ਹ ਕੀ ਪਤਾ ਕਿਸ ਦੀ ਹਕੂਮਤ ਹੋਵੇ!
ਕਾਬਲ ਵਿਚ ਅੱਜ ਵੀ ਗੁਰਦੁਆਰਾ ਕਰਤੇ ਪ੍ਰਵਾਨ ਵਿਚ ਰੋਜ਼ਾਨਾ ਗੁਰਬਾਣੀ ਕੀਰਤਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਜਿੱਥੇ ਸਿੱਖ ਤੇ ਹਿੰਦੂ ਦੋਵੇਂ ਹਾਜ਼ਰ ਹੁੰਦੇ ਹਨ। ਰੋਜ਼ ਸਵੇਰੇ ਕੀਰਤਨ ਹੁੰਦਾ ਹੈ ਤੇ ਲੰਗਰ ਬਣਦਾ ਤੇ ਵਰਤਦਾ ਹੈ। 5 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਹੋਏ ਸਮਾਗਮ ਵਿਚ ਹੈਰਾਨੀ ਭਰੀ ਖੁਸ਼ੀ ਹੋਈ ਕਿ ਕਾਬਲ ਵਿਚ ਸਿੱਖਾਂ ਤੇ ਹਿੰਦੂਆਂ ਦੀ 1200 ਤੋਂ ਵੀ ਘੱਟ ਆਬਾਦੀ ਵਿੱਚੋਂ ਕਰੀਬ 700 ਆਦਮੀ, ਔਰਤਾਂ ਤੇ ਬੱਚੇ ਗੁਰਦੁਆਰਾ ਸਾਹਿਬ ਵਿਚ ਹਾਜ਼ਰ ਸਨ। ਇਸ ਮੌਕੇ ’ਤੇ ਹਰ ਸਾਲ ਵਾਂਗ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦਾ ਚੋਲਾ ਵੀ ਬਦਲਿਆ ਗਿਆ। ਇਸ ਮੌਕੇ ’ਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਨੇ ਅਤੇ ਇਕ ਹੋਰ ਸਿੱਖ ਨੇਤਾ ਸ. ਰਵਿੰਦਰ ਸਿੰਘ ਵਕੀਲ ਨੇ ਸਿੱਖਾਂ ਦੀਆਂ ਸਮੱਸਿਆਵਾਂ ਦੱਸੀਆਂ। ਗਜ਼ਨੀ ਦੇ ਗੁਰਦੁਆਰੇ ਕਾਬਲ ਤੋਂ ਕਰੀਬ 160 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਸ਼ਹਿਰ ਗਜ਼ਨੀ ਵਿਚ ਇਸ ਵੇਲੇ ਸਿਰਫ਼ 170 ਸਿੱਖ ਪਰਵਾਰ ਰਹਿ ਰਹੇ ਹਨ। ਇਥੇ ਤਾਲਿਬਾਨ ਦਾ ਅਜੇ ਵੀ ਜ਼ੋਰ ਹੈ। ਸਿੱਖ ਇਥੇ ਬਹੁਤ ਸਹਿਮੇ-ਸਹਿਮੇ ਰਹਿੰਦੇ ਹਨ। ਗਜ਼ਨੀ ਵਿਚ 4 ਗੁਰਦੁਆਰੇ ਹਨ। ਇਥੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਗੁਰਦੁਆਰਾ ਕੋਟਲਾ ਸਾਹਿਬ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਇਥੇ ਖ਼ੁਦ ਚੱਲ ਕੇ ਆਏ ਸਨ। ਦੂਸਰਾ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਵਿਚ ਕਮਾਲ ਦੀਆਂ ਗ਼ਜ਼ਲਾਂ ਰਚਣ ਵਾਲੇ ਭਾਈ ਨੰਦ ਲਾਲ ਜੀ ਦਾ ਜਨਮ ਅਸਥਾਨ ਹੈ। 2 ਹੋਰ ਗੁਰਦੁਆਰੇ ਹਨ- ਗੁਰਦੁਆਰਾ ਸਿੰਘ ਸਭਾ ਸ਼ਮੀਰ ਅਤੇ ਗੁਰਦੁਆਰਾ ਸਿੰਘ ਸਭਾ ਪਲਾਨੇ ਸੇਹ। ਇਹੀ ਇਕ ਗੁਰਦੁਆਰਾ ਗਜ਼ਨੀ ਵਿਚ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ।

ਜਲਾਲਾਬਾਦ

ਕਾਬਲ ਤੋਂ ਕਰੀਬ 175 ਕਿਲੋਮੀਟਰ ਦੂਰ ਜਲਾਲਾਬਾਦ ਸ਼ਹਿਰ ਹੈ। ਇਥੋਂ ਦੇ ਪ੍ਰਮੁੱਖ ਵਿਉਪਾਰੀ ਸ. ਕਰਤਾਰ ਸਿੰਘ ਨੇ ਦੱਸਿਆ ਕਿ ਇਸ ਸ਼ਹਿਰ ਨੂੰ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਜਿੱਥੇ ਗੁਰੂ ਨਾਨਕ ਦੇਵ ਜੀ 40 ਦਿਨ ਠਹਿਰੇ ਸਨ। ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਹੈ। ਨੇੜੇ ਹੀ ਉਹ ਗੁਰਦੁਆਰਾ ਹੈ ਜਿੱਥੇ ਗੁਰੂ ਸਾਹਿਬ ਨੇ ਪਾਣੀ ਦਾ ਚਸ਼ਮਾ ਪ੍ਰਗਟ ਕੀਤਾ ਸੀ। ਇਸ ਦਾ ਨਾਮ ਗੁਰਦੁਆਰਾ ਚਸ਼ਮਾ ਸਾਹਿਬ ਹੈ। ਇਕ ਹੋਰ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਯਾਦ ਵਿਚ ਹੈ ਜੋ ਕਿ ਜਲਾਲਾਬਾਦ ਦੇ ਇਲਾਕੇ ਰੇਗ-ਏ- ਸ਼ਾਹ ਮੁਹੰਮਦ ਵਿਚ ਹੈ। ਸ਼ਹਿਰ ਦੇ ਦੋਹਾਂ ਗੁਰਦੁਆਰਿਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਇਥੇ ਇਸ ਵੇਲੇ ਸਿਰਫ਼ 100 ਸਿੱਖ ਅਤੇ 30 ਹਿੰਦੂ ਪਰਵਾਰ ਰਹਿ ਰਹੇ ਹਨ। ਇਥੇ ਇਕ ਮੰਦਰ ਵੀ ਹੈ। ਸ. ਕਰਤਾਰ ਸਿੰਘ ਨੇ ਦੱਸਿਆ ਕਿ ਇਥੋਂ ਦੇ ਮੁਸਲਮਾਨਾਂ ਦਾ ਸਿੱਖਾਂ ਪ੍ਰਤੀ ਵਿਵਹਾਰ ਬੇਇੱਜ਼ਤੀ ਭਰਿਆ ਹੈ ਤੇ ਉਹ ਬੱਚਿਆਂ ਦਾ ਵੀ ਲਿਹਾਜ਼ ਨਹੀਂ ਕਰਦੇ। ਉਨ੍ਹਾਂ ਇਲਜ਼ਾਮ ਲਾਇਆ ਕਿ ਅਸਲ ਵਿਚ ਇਕ ਕੁਮਨਦਾਨ (ਕਮਾਂਡਰ) ਨਜ਼ੀਰ, ਗੁਰਦੁਆਰੇ ਦੀ ਜਗ੍ਹਾ ਜਿਸ ਵਿਚ ਇਸ ਵੇਲੇ 18 ਸਿੱਖ ਪਰਵਾਰਾਂ ਨੇ ਸ਼ਰਨ ਲਈ ਹੋਈ ਹੈ, ਸਿੱਖਾਂ ’ਤੇ ਦਬਾਅ ਪਾ ਰਿਹਾ ਹੈ ਕਿ ਉਹ ਇਹ ਜਗ੍ਹਾ ਖ਼ਾਲੀ ਕਰ ਦੇਣ ਤਾਂ ਜੋ ਉਹ ਇਥੇ ਆਪਣੀ ਮਾਰਕੀਟ ਬਣਾ ਸਕਣ।

ਹਿਲਮੰਡ ਸ਼ਹਿਰ

ਹਿਲਮੰਡ ਸ਼ਹਿਰ ਵਿਚ 63 ਸਿੱਖ ਪਰਵਾਰ ਰਹਿੰਦੇ ਹਨ, ਹਿੰਦੂ ਕੋਈ ਨਹੀਂ। ਇਥੇ 2 ਗੁਰਦੁਆਰੇ ਹਨ। ਇਥੇ ਵੀ ਕਿਸੇ ਵੀ ਸਿੱਖ ਕੋਲ ਆਪਣਾ ਘਰ ਨਹੀਂ। ਮੁਤੱਸਬੀ ਮੁਸਲਮਾਨ ਸਿੱਖਾਂ ਨਾਲ ਚੰਗੇ ਵਿਵਹਾਰ ਨਹੀਂ ਕਰਦੇ। ਹਿਲਮੰਡ ਦੇ ਸ. ਹਰਜੀਤ ਸਿੰਘ ਨੇ ਦੱਸਿਆ ਹਾਲਾਂਕਿ ਇਕ ਗੁਰਦੁਆਰਾ ਜੋ ਕਿਰਾਏ ਦੀ ਬਿਲਡਿੰਗ ਵਿਚ ਚੱਲਦਾ ਹੈ, ਦੇ ਬਦਲੇ ਵਿਚ ਸਰਕਾਰ ਨੇ ਜਗ੍ਹਾ ਅਲਾਟ ਕੀਤੀ ਹੈ ਪਰ ਪੈਸਿਆਂ ਦੀ ਘਾਟ ਕਾਰਨ ਬਣਾਇਆ ਨਹੀਂ ਜਾ ਸਕਿਆ।

ਕੰਧਾਰ

ਕੰਧਾਰ ਜੋ ਅਫਗਾਨਿਸਤਾਨ ਦਾ ਮਸ਼ਹੂਰ ਸ਼ਹਿਰ ਹੈ, ਵਿਚ ਸਿਰਫ਼ 12 ਸਿੱਖ ਪਰਵਾਰ ਹਨ। ਇਹ ਕਾਬਲ ਤੋਂ ਕਰੀਬ 500 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਥੇ ਬਾਬਾ ਸ੍ਰੀ ਚੰਦ ਜੀ ਦਾ ਅਸਥਾਨ ਅਤੇ ਗੁਰਦੁਆਰਾ ਸਿੰਘ ਸਭਾ ਹੈ ਜਿੱਥੇ ਪ੍ਰਕਾਸ਼ ਹੁੰਦਾ ਹੈ।

ਕਿਧਰ ਗਏ ਅਫਗਾਨੀ ਸਿੱਖ ਅਤੇ ਹਿੰਦੂ?

1997-98 ਤਕ ਅਫਗਾਨਿਸਤਾਨ ਵਿਚ ਸਿੱਖਾਂ ਤੇ ਹਿੰਦੂਆਂ ਦੀ ਗਿਣਤੀ 3 ਲੱਖ ਦੇ ਆਸ-ਪਾਸ ਸੀ, ਹੁਣ ਸਿਰਫ਼ ਤਿੰਨ ਹਜ਼ਾਰ, ਤਾਂ ਕਿੱਧਰ ਗਏ ਉਹ? ਅਸਲ ਵਿਚ ਜ਼ਹੀਰ ਸ਼ਾਹ ਨੂੰ ਗੱਦੀਓਂ ਉਤਾਰਨ ਤੋਂ ਬਾਅਦ ਜਿਵੇਂ ਹੀ ਗੜਬੜ ਵਧਣੀ ਸ਼ੁਰੂ ਹੋਈ ਅਮੀਰ ਸਿੱਖਾਂ ਤੇ ਹਿੰਦੂਆਂ ਦਾ ਪਲਾਇਨ ਸ਼ੁਰੂ ਹੋ ਗਿਆ। ਜਿਵੇਂ- ਜਿਵੇਂ ਹਾਲਾਤ ਵਿਗੜਦੇ ਗਏ, ਹਿੰਦੂ-ਸਿੱਖ ਅਫਗਾਨਿਸਤਾਨ ਛੱਡਦੇ ਗਏ। ਇਸ ਵੇਲੇ ਅਫਗਾਨੀ ਸਿੱਖ ਤੇ ਹਿੰਦੂ ਦੁਬਈ, ਅਮਰੀਕਾ, ਇੰਗਲੈਂਡ, ਯੂਰਪ ਦੇ ਦੇਸ਼ਾਂ ਅਤੇ ਭਾਰਤ ਵਿਚ ਵੱਡੀ ਗਿਣਤੀ ਵਿਚ ਵੱਸੇ ਹੋਏ ਹਨ। ਬਹੁਤ ਸਾਰੇ ਅਫਗਾਨੀ ਸਿੱਖ ਪਾਕਿਸਤਾਨ ਵਿਚ ਵੀ ਰਹਿ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤੇ ਸ਼ਰਨਾਰਥੀ ਕੈਂਪਾਂ ਵਿਚ ਰੁਲ ਰਹੇ ਹਨ। ਇਕ ਵੇਲਾ ਅਜਿਹਾ ਵੀ ਆਇਆ ਸੀ ਜਦੋਂ ਅਫਗਾਨਿਸਤਾਨ ਵਿਚ ਸਿੱਖਾਂ ਅਤੇ ਹਿੰਦੂਆਂ ਦੀ ਗਿਣਤੀ ਇਕ ਹਜ਼ਾਰ ਤੋਂ ਵੀ ਘਟ ਗਈ ਸੀ। ਪਰ ਹਾਮਿਦ ਕਰਜ਼ਈ ਦੀ ਸਰਕਾਰ ਬਣਨ ’ਤੇ ਜਿਹੜੇ ਲੋਕ ਬਾਹਰਲੇ ਦੇਸ਼ਾਂ ਵਿਚ ਆਪਣਾ ਕੰਮ ਨਹੀਂ ਚਲਾ ਸਕੇ ਉਹ ਵਾਪਸ ਅਫਗਾਨਿਸਤਾਨ ਪਰਤ ਆਏ। ਅੱਜ ਵੀ ਅਫਗਾਨਿਸਤਾਨ ਵਿਚ ਰਹਿ ਰਹੇ ਕਈ ਹਿੰਦੂ ਅਤੇ ਸਿੱਖਾਂ ਦੇ ਪਰਵਾਰ ਤਾਂ ਹਿੰਦੁਸਤਾਨ ਵਿਚ ਹਨ ਅਤੇ ਉਹ ਆਪ ਅਫਗਾਨਿਸਤਾਨ ਵਿਚ ਕੰਮ ਕਰ ਰਹੇ ਹਨ।

ਕੀ ਚਾਹੁੰਦੇ ਹਨ ਅਫਗਾਨੀ ਸਿੱਖ ਅਤੇ ਹਿੰਦੂ?

ਭਾਵੇਂ ਇਸ ਵੇਲੇ ਅਫਗਾਨਿਸਤਾਨ ਦੀ ਰਾਜ ਸਭਾ ਵਿਚ ਸ਼੍ਰੀ ਗੰਗਾ ਰਾਮ ਮਥਰੀਜਾ ਨਾਮ ਦੇ ਇਕ ਹਿੰਦੂ ਮੈਂਬਰ ਹਨ, ਪਰ ਅਫਗਾਨਿਸਤਾਨ ਦੀ ਲੋਕ ਸਭਾ ਅਤੇ ਰਾਜ ਸਭਾ ਵਿਚ ਕਿਸੇ ਹਿੰਦੂ ਜਾਂ ਸਿੱਖ ਲਈ ਕੋਈ ਸੀਟ ਸੁਰੱਖਿਅਤ ਨਹੀਂ ਹੈ। ਸ਼੍ਰੀ ਗੰਗਾ ਰਾਮ ਵੀ ਅਸਲ ਵਿਚ 102-ਮੈਂਬਰੀ ਰਾਜ ਸਭਾ ਵਿਚ ਸਿਰਫ਼ ਇਸ ਲਈ ਸ਼ਾਮਲ ਕਰ ਲਏ ਗਏ ਕਿਉਂਕਿ ਉਹ ਅਫਗਾਨਿਸਤਾਨ ਦੇ ਮੌਜੂਦਾ ਰਾਸ਼ਟਰਪਤੀ ਸ਼੍ਰੀ ਅਹਿਮਦ ਕਰਜ਼ਈ ਦੇ ਨਿੱਜੀ ਦੋਸਤ ਹਨ। ਅਫਗਾਨਿਸਤਾਨ ਦੇ ਸਿੱਖ ਇਹ ਚਾਹੁੰਦੇ ਹਨ ਕਿ ਜਿਵੇਂ ਅਫਗਾਨਿਸਤਾਨ ਦੀ ਲੋਕ ਸਭਾ ਵਿਚ ਕੋਚੀਆਂ (ਵਣਜਾਰਿਆਂ) ਲਈ ਦਸ ਸੀਟਾਂ ਰਾਖਵੀਆਂ ਹਨ, ਉਸੇ ਤਰ੍ਹਾਂ ਸਿੱਖਾਂ ਅਤੇ ਹਿੰਦੂਆਂ ਲਈ ਵੀ ਘੱਟੋ-ਘੱਟ ਤਿੰਨ ਸੀਟਾਂ ਰਾਖਵੀਆਂ ਕੀਤੀਆਂ ਜਾਣ। ਇਹੀ ਮੰਗ ਅਫਗਾਨਿਸਤਾਨ ਦੇ ਰਾਜ ਸਭਾ ਮੈਂਬਰ ਸ਼੍ਰੀ ਗੰਗਾ ਰਾਮ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਦੁਹਰਾਈ। ਸਿੱਖ ਨੇਤਾ ਸ. ਰਵਿੰਦਰ ਸਿੰਘ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਵੱਸਦੀ ਹਰ ਕੌਮੀਅਤ ਦਾ ਨਾਮ ਅਫਗਾਨ ਦੇ ਕੌਮੀ ਗੀਤ ਵਿਚ ਹੈ, ਪਰ ਸਿੱਖਾਂ ਤੇ ਹਿੰਦੂਆਂ ਦਾ ਨਹੀਂ। ਇਹ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਿਹਾਇਸ਼ ਵਾਸਤੇ ਜਿਵੇਂ ਹੋਰ ਸਾਰੇ ਧਰਮਾਂ ਦੇ ਲੋਕਾਂ ਨੂੰ ਜ਼ਮੀਨ ਦਿੱਤੀ ਗਈ ਹੈ, ਉਸੇ ਤਰ੍ਹਾਂ ਅਫਗਾਨੀ ਸਿੱਖਾਂ ਨੂੰ ਵੀ ਦੇਣੀ ਚਾਹੀਦੀ ਹੈ ਅਤੇ ਲੁੱਟ-ਮਾਰ ਦਾ ਸ਼ਿਕਾਰ ਹੋਏ ਸਿੱਖਾਂ-ਹਿੰਦੂਆਂ ਨੂੰ ਵੀ ਮਾਲੀ ਮੱਦਦ ਦਿੱਤੀ ਜਾਣੀ ਚਾਹੀਦੀ ਹੈ। ਇਸ ਸੰਬੰਧ ਵਿਚ ਐਮ.ਪੀ. ਸ਼੍ਰੀ ਗੰਗਾ ਰਾਮ ਨੇ ਦੱਸਿਆ ਕਿ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 2005 ਵਿਚ ਅਫਗਾਨਿਸਤਾਨ ਆਏ ਸਨ ਤਾਂ ਅਸੀਂ ਉਨ੍ਹਾਂ ਨੂੰ ਆਪਣੀਆਂ ਮੰਗਾਂ ਦਾ ਮੈਮੋਰੰਡਮ ਦਿੱਤਾ ਸੀ ਪਰ ਅਜੇ ਤਕ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਭਾਵੇਂ ਅਫਗਾਨ ਸਰਕਾਰ ਸਿੱਖਾਂ ਤੇ ਹਿੰਦੂਆਂ ਪ੍ਰਤੀ ਦਿਆਲੂ ਹੈ ਪਰ ਆਰਥਿਕ ਸਹਾਇਤਾ ਨਾਂ-ਮਾਤਰ ਹੈ। ਭਾਰਤ ਜਿਸ ਨੇ ਅਫਗਾਨਿਸਤਾਨ ਦੀ ਪਿਛਲੇ ਸਾਲਾਂ ਵਿਚ 600/700 ਮਿਲੀਅਨ ਅਮਰੀਕੀ ਡਾਲਰ ਦੀ ਮਦਦ ਵੱਖ-ਵੱਖ ਖੇਤਰਾਂ ਵਿਚ ਕੀਤੀ ਹੈ, ਉਸ ਨੂੰ ਚਾਹੀਦਾ ਹੈ ਕਿ ਆਪਣਾ ਅਸਰ-ਰਸੂਖ ਵਰਤ ਕੇ ਹਿੰਦੂ-ਸਿੱਖਾਂ ਨੂੰ ਦੁਬਾਰਾ ਆਪਣੇ ਵਪਾਰ ਨੂੰ ਸਥਾਪਤ ਕਰਨ, ਸਕੂਲ ਬਣਾਉਣ ਅਤੇ ਮਕਾਨਾਂ ਲਈ ਜਗ੍ਹਾ ਦਿਵਾਉਣ ਦੀ ਕੋਸ਼ਿਸ਼ ਕਰੇ ਕਿਉਂਕਿ ਅਸੀਂ ਭਾਵੇਂ ਅਫਗਾਨ ਨਾਗਰਿਕ ਹਾਂ ਪਰ ਅਸੀਂ ਮਾਨਸਿਕ ਅਤੇ ਮੂਲ ਦੇ ਤੌਰ ’ਤੇ ਭਾਰਤ ਨਾਲ ਜੁੜੇ ਹੋਏ ਹਾਂ। ਇਸ ਮੌਕੇ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ ’ਤੇ ਜੁੜੀ ਹੋਈ ਸੰਗਤ ਜਿਸ ਵਿਚ ਕਾਬਲ ਵਿਚ ਰਹਿੰਦੇ ਕਰੀਬ 70 ਪ੍ਰਤੀਸ਼ਤ ਸਿੱਖ ਤੇ ਹਿੰਦੂ ਹਾਜ਼ਰ ਸਨ ਅਤੇ ਜਲਾਲਾਬਾਦ, ਕੰਧਾਰ ਅਤੇ ਹੋਰ ਥਾਵਾਂ ਤੋਂ ਆਏ ਸਿੱਖ ਵੀ ਸ਼ਾਮਲ ਸਨ, ਨੂੰ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਦਾ ਸੁਨੇਹਾ ਦਿੱਤਾ ਕਿ ਉਹ ਜਲਦੀ ਹੀ ਅਫਗਾਨੀ ਸਿੱਖਾਂ ਦੇ ਮਸਲਿਆਂ ਦੇ ਹੱਲ ਲਈ ਇਕ ਵਫ਼ਦ ਅਤੇ ਸਹਾਇਤਾ ਭੇਜਣਗੇ ਤਾਂ ਉਨ੍ਹਾਂ ਦੇ ਚਿਹਰਿਆਂ ’ਤੇ ਖੁਸ਼ੀ ਦੀ ਲਹਿਰ ਦੌੜ ਗਈ। ਰਾਜ ਸਭਾ ਮੈਂਬਰ ਸ਼੍ਰੀ ਗੰਗਾ ਰਾਮ ਨੇ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਹੁਰਾਂ ਨੂੰ ਅਫਗਾਨੀ ਸਿੱਖਾਂ ਦੀ ਮਦਦ ਲਈ ਇਕ ਮੈਮੋਰੰਡਮ ਹੁਣ ਫਿਰ ਭੇਜਿਆ ਹੈ। ਅਫਗਾਨਿਸਤਾਨ ਦੇ ਆਮ ਲੋਕ ਭਾਰਤ ਵੱਲੋਂ ਦਿੱਤੇ ਜਾਂਦੇ ਇਕ ਮਹੀਨੇ ਦੇ ਵੀਜ਼ੇ ਤੋਂ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਦੀ ਮੰਗ ਹੈ ਕਿ ਸਿੱਖਾਂ ਤੇ ਹਿੰਦੂਆਂ ਨੂੰ ਘੱਟੋ-ਘੱਟ 6 ਮਹੀਨੇ ਤੋਂ 2 ਸਾਲ ਦਾ ਮਲਟੀਪਲ ਵੀਜ਼ਾ ਦਿੱਤਾ ਜਾਇਆ ਕਰੇ। ਅਫਗਾਨ ਹਿੰਦੂ ਸਿੱਖ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ. ਖਜਿੰਦਰ ਸਿੰਘ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਰਤ ਵਿਚ ਵੱਸਦੇ ਅਫਗਾਨੀ ਸਿੱਖਾਂ ਤੇ ਹਿੰਦੂਆਂ ਨੂੰ ਭਾਰਤੀ ਨਾਗਰਿਕਤਾ ਦੇਣ ਵਿਚ ਕੀਤੀ ਜਾ ਰਹੀ ਟਾਲ-ਮਟੋਲ ਬੰਦ ਕੀਤੀ ਜਾਵੇ। ਸ. ਖਜਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਵਿਚ ਕਰੀਬ 20,000 ਅਫਗਾਨੀ ਸਿੱਖ ਵੱਸਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਭਾਰਤੀ ਨਾਗਰਿਕਤਾ ਲਈ ਸਿਰਫ਼ 5 ਸਾਲ ਦਾ ਸਮਾਂ ਲਿਆ ਜਾਂਦਾ ਸੀ, ਜੋ ਵਧਾ ਕੇ 12 ਸਾਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਦੋ-ਤਿੰਨ ਸਾਲ ਨਾਗਰਿਕਤਾ ਹਾਸਲ ਕਰਨ ਵਿਚ ਲੱਗ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪਾਰਲੀਮੈਂਟ ਵਿਚ ਉਨ੍ਹਾਂ ਦਾ ਕੇਸ ਘੱਟ-ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤਰਲੋਚਨ ਸਿੰਘ ਉਠਾ ਰਹੇ ਹਨ। ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ। ਸ. ਖਜਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਨਾਗਰਿਕਤਾ ਦੀ ਫ਼ੀਸ ਵੀ 2100 ਰੁਪਏ ਤੋਂ ਵਧਾ ਕੇ 15000 ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਫਗਾਨੀ ਸਿੱਖ ਤੇ ਹਿੰਦੂ ਭਾਰਤ ਦੀ ਆਰਥਿਕਤਾ ਵਿਚ ਬਹੁਤ ਵਧੀਆ ਰੋਲ ਨਿਭਾ ਰਹੇ ਹਨ ਪਰ ਉਨ੍ਹਾਂ ਨੂੰ ਜਦੋਂ ਤਕ ਨਾਗਰਿਕਤਾ ਨਹੀਂ ਦਿੱਤੀ ਜਾਂਦੀ, ਉਦੋਂ ਤਕ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦੂਰ ਨਹੀਂ ਹੋ ਸਕਦੀਆਂ। ਭਾਵੇਂ ਉਹ ਆਪਣੇ ਪੈਰਾਂ ’ਤੇ ਖੜ੍ਹੇ ਹਨ ਪਰ ਉਨ੍ਹਾਂ ਕੋਲ ਭਾਰਤੀ ਨਾਗਰਿਕਤਾ ਨਾ ਹੋਣ ਕਾਰਨ ਉਹ ਪੂਰੀ ਦੁਨੀਆਂ ਵਿਚ ਫੈਲੇ ਆਪਣੇ ਰਿਸ਼ਤੇਦਾਰਾਂ ਨਾਲ ਮੇਲ-ਜੋਲ ਨਹੀਂ ਵਧਾ ਸਕਦੇ।
ਮੈਨੂੰ ਖੁਸ਼ੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਵਰਿਆਮ ਸਿੰਘ ਜੀ ਨੇ ਇਸ ਮਾਮਲੇ ਵਿਚ ਕਾਫ਼ੀ ਦਿਲਚਸਪੀ ਲਈ ਹੈ ਅਤੇ ਉਹ ਜਲਦੀ ਹੀ ਅਫਗਾਨੀ ਸਿੱਖਾਂ ਦੀ ਸਹਾਇਤਾ ਲਈ ਇਕ ਡੈਲੀਗੇਟ ਭੇਜ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਯੋਗ ਹੱਲ ਲੱਭਣ ਦੀ ਤਿਆਰੀ ਕਰ ਰਹੇ ਹਨ।
ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਸੀਨੀਅਰ ਜਰਨਲਿਸਟ -ਵਿਖੇ: ਰੋਜ਼ਾਨਾ ਅਜੀਤ

ਹਰਜਿੰਦਰ ਸਿੰਘ ਲਾਲ ਰੋਜ਼ਾਨਾ ਅਜੀਤ ਅਖ਼ਬਾਰ ਦੇ ਉੱਘੇ ਪੱਤਰਕਾਰ ਹਨ। ਆਪ ਜੀ ਦੇ ਖੋਜ ਭਰਪੂਰ ਲੇਖ ਲਗਾਤਾਰ ਰੋਜ਼ਾਨਾ ਅਜੀਤ ਅਖ਼ਬਾਰ ਵਿੱਚ ਤੇ ਰਸਾਲਿਆਂ ਵਿੱਚ ਵੀ ਛਪਦੇ ਰਹਿੰਦੇ ਹਨ।

 

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)