editor@sikharchives.org

ਐਸਾ ਹਰਿ ਨਾਮੁ

ਜਿਨ੍ਹਾਂ ਮਨੁੱਖਾਂ ਨੇ ਮਨੁੱਖੀ ਜਨਮ ਪ੍ਰਾਪਤ ਕਰ ਕੇ ਵੀ ਇਹੋ ਜਿਹੇ ਹਰੀ-ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ਉਹ ਜੱਗ ਵਿਚ ਕਿਉਂ ਆਏ?
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਇਕ ਐਸੀ ਬਾਣੀ ਹੈ ਜਿਸ ਵਿਚ ਆਦਿ ਤੋਂ ਅੰਤ ਤਕ ਇਕ ਨਾਮ ਦੀ ਚਰਚਾ ਹੈ; ਕਿਸੇ ਰਾਜੇ ਮਹਾਰਾਜੇ, ਕਿਸੇ ਚੱਕਰਵਰਤੀ ਬਾਦਸ਼ਾਹ ਤੇ ਜੰਗ ਲੜਨ ਵਾਲੇ ਲੜਾਕੇ ਦਾ ਜ਼ਿਕਰ ਨਹੀਂ। ਕਰਮਕਾਂਡੀ, ਨਿਉਲੀ ਕਰਮ ਕਰਨ ਵਾਲੇ, ਨੇਤੀ ਧੋਤੀ, ਜੋਗ ਸਾਧਨਾ ਕਰਨ ਵਾਲੇ ਜੋਗੀ, ਜਾਂ ਹੋਰ ਕਿਸੇ ਸੂਰਬੀਰ ਵਰਿਆਮ ਦਾ ਜ਼ਿਕਰ ਨਹੀਂ, ਸਗੋਂ ਇੱਕੋ ਨਾਮ ਦਾ ਜ਼ਿਕਰ ਹੈ। ਜੇ ਕਿਸੇ ਦਾ ਨਾਮ ਆਇਆ ਵੀ ਹੈ, (ਜੈਸਾ ਕਿ ਭਗਤ ਕਬੀਰ ਜੀ, ਭਗਤ ਜੈਦੇਵ ਜੀ, ਭਗਤ ਨਾਮਦੇਵ ਜੀ, ਭਗਤ ਤ੍ਰਿਲੋਚਨ ਜੀ ਆਦਿਕ) ਤਾਂ ਕੇਵਲ ਨਾਮ ਦੇ ਸਦਕੇ। ਕਿਉਂਕਿ ਉਨ੍ਹਾਂ ਨੇ ਸਾਰੇ ਜੀਵਨ ਵਿਚ ਨਾਮ ਅਭਿਆਸ ਹੀ ਕੀਤਾ ਹੈ ਤੇ ਨਾਮ ਵਿਰੋਧੀਆਂ ਦੇ ਖਿਲਾਫ ਕਲਮ ਦੁਆਰਾ ਕਾਫੀ ਕੁਝ ਲਿਖਿਆ ਹੈ ਅਤੇ ਪਾਖੰਡ/ਪਖੰਡੀਆਂ ਦੇ ਪਾਜ ਖੋਲ੍ਹਣ ਲੱਗਿਆਂ ਬੇਖ਼ੌਫ਼ੀ ਕੋਲੋਂ ਕੰਮ ਲਿਆ ਹੈ। ਚੂੰਕਿ ਭਗਤਾਂ ਨੇ ਸਾਰੇ ਜੀਵਨ ’ਚ ਨਾਮ ਖੋਜਿਆ ਹੈ, ਇਸ ਕਰਕੇ ਉਨ੍ਹਾਂ ਦਾ ਨਾਮ ਤੇ ਉਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਈ ਹੈ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਖਰ-ਅੱਖਰ ਵਿਚ ਕੇਵਲ ਇੱਕੋ ਇਕ ਵਾਹਿਗੁਰੂ ਨਾਮ ਦਾ ਹੀ ਜ਼ਿਕਰ ਹੈ। ਇਸੇ ਲਈ ਸ੍ਰੀ ਗੁਰੂ ਰਾਮਦਾਸ ਜੀ ਫ਼ਰਮਾਉਂਦੇ ਨੇ ਭਾਈ:

ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ॥ (ਪੰਨਾ 450)

ਜਿਨ੍ਹਾਂ ਮਨੁੱਖਾਂ ਨੇ ਮਨੁੱਖੀ ਜਨਮ ਪ੍ਰਾਪਤ ਕਰ ਕੇ ਵੀ ਇਹੋ ਜਿਹੇ ਹਰੀ-ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ਉਹ ਜੱਗ ਵਿਚ ਕਿਉਂ ਆਏ? ਭਾਵ ਜਿਨ੍ਹਾਂ ਨੇ ਨਾਮ ਨਹੀਂ ਜਪਣਾ ਉਨ੍ਹਾਂ ਨੂੰ ਜੱਗ ਵਿਚ ਆਉਣਾ ਹੀ ਨਹੀਂ ਸੀ ਚਾਹੀਦਾ। ਭਗਤ ਕਬੀਰ ਜੀ ਨੇ ਇਉਂ ਵੀ ਫ਼ਰਮਾਇਆ ਹੈ ਕਿ:

ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ॥
ਬਿਧਵਾ ਕਸ ਨ ਭਈ ਮਹਤਾਰੀ॥ (ਪੰਨਾ 328)

ਜਿਸ ਕੁਲ ਵਿਚ, ਜਿਸ ਖਾਨਦਾਨ, ਜਿਸ ਬੰਸ ਵਿਚ ਜੰਮ ਕੇ ਕਿਸੇ ਪੁੱਤ ਨੇ ਵਾਹਿਗੁਰੂ ਦੇ ਗਿਆਨ ਦੀ ਵਿਚਾਰ ਨਹੀਂ ਕੀਤੀ, ਭਾਵ ਵਾਹਿਗੁਰੂ ਦਾ ਗਿਆਨ ਨਹੀਂ ਵਿਚਾਰਿਆ, ਉਸ ਦੀ ਮਾਂ ਵਿਧਵਾ ਕਿਉਂ ਨਾ ਹੋ ਗਈ? ਅੱਗੇ ਚੱਲ ਕੇ ਇਉਂ ਭੀ ਫ਼ਰਮਾਇਆ ਕਿ:

ਜਿਹ ਨਰ ਰਾਮ ਭਗਤਿ ਨਹਿ ਸਾਧੀ॥
ਜਨਮਤ ਕਸ ਨ ਮੁਓ ਅਪਰਾਧੀ॥ (ਪੰਨਾ 328)

ਜਿਸ ਮਨੁੱਖ ਨੇ ਰਮੇ ਹੋਏ ਅਕਾਲ ਪੁਰਖ ਦੀ ਭਗਤੀ ਦੀ ਸਾਧਨਾ ਨਹੀਂ ਸਾਧੀ, ਉਹ ਅਪਰਾਧੀ ਜੰਮਦਾ ਹੀ ਮਰ ਕਿਉਂ ਨਾ ਗਿਆ? ਨਾਮ-ਵਿਹੂਣੇ ਆਦਮੀ ਦੇ ਜਿਊਣ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਲੋੜ ਹੀ ਨਹੀਂ ਸਮਝੀ। ਤਦੇ ਤਾਂ ਆਖਿਆ ਏ ਭਾਈ:

ਮਰਿ ਨ ਜਾਹੀ ਜਿਨਾ ਬਿਸਰਤ ਰਾਮ॥
ਨਾਮ ਬਿਹੂਨ ਜੀਵਨ ਕਉਨ ਕਾਮ॥ (ਪੰਨਾ 188)

ਜਿਨ੍ਹਾਂ ਨੇ ਨਾਮ ਵਿਸਾਰ ਦਿੱਤਾ ਏ, ਉਹ ਮਰ ਕਿਉਂ ਨਾ ਗਏ? ਨਾਮ ਤੋਂ ਸੱਖਣੇ ਦਾ ਜੀਵਨ ਤਾਂ ਕਿਸੇ ਕੰਮ ਦਾ ਹੀ ਨਹੀਂ। ਜੇ ਕੋਈ ਜੀਵਨ ਕਿਸੇ ਦੇ ਕੰਮ ਆ ਸਕਦਾ ਹੈ ਤਾਂ ਓਹੋ ਹੀ ਆ ਸਕਦੈ, ਜਿਸ ਦੇ ਅੰਦਰ ਨਾਮ-ਅਭਿਆਸ ਹੋਵੇ। ਅੱਗੇ ਜਾ ਕੇ ਸਾਹਿਬ ਇਸ ਤਰ੍ਹਾਂ ਵੀ ਆਖਦੇ ਨੇ ਕਿ:

ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ॥
ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ॥
ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ ਹੋਇ॥ (ਪੰਨਾ 17)

ਜਿਸ ਦਿਨ ਇਹ ਮਿੱਟੀ ਦੀ ਦੇਹੀ ਮਿੱਟੀ ਵਿਚ ਮਿਲਾ ਦਿੱਤੀ ਜਾਏਗੀ, ਉਸ ਦਿਨ ਜੀਅ ਦਾ ਕੀ ਹਾਲ ਹੋਵੇਗਾ! ਭਾਵ ਬੁਰਾ ਹਾਲ ਹੋਵੇਗਾ। ਸਾਰੀਆਂ ਚਤੁਰਾਈਆਂ ਸੜ ਜਾਣਗੀਆਂ। ਮਨੁੱਖ ਇਸ ਦੁਨੀਆਂ ਵਿੱਚੋਂ ਰੋਂਦਾ ਚਲਿਆ ਜਾਵੇਗਾ। ਗੁਰੂ ਸਾਹਿਬ ਜੀ ਫ਼ਰਮਾਉਂਦੇ ਹਨ ਕਿ ਜਿਨ੍ਹਾਂ ਨੇ ਨਾਮ ਭੁਲਾ ਦਿੱਤਾ ਏ, ਉਨ੍ਹਾਂ ਦਾ ਦਰਬਾਰ ’ਚ ਗਿਆਂ ਪਤਾ ਨਹੀਂ ਕੀ ਹਾਲ ਹੋਵੇਗਾ! ਭਾਵ ਕਿ ਬੁਰਾ ਹਾਲ ਹੋਵੇਗਾ। ਨਾਮ ਤੋਂ ਸੱਖਣੇ ਨੂੰ:

ਧਰਤਿ ਅਸਮਾਨੁ ਨ ਝਲਈ ਵਿਚਿ ਵਿਸਟਾ ਪਏ ਪਚੰਨਿ॥ (ਪੰਨਾ 233)

ਦੇ ਵਾਕ ਅਨੁਸਾਰ ਕਿਤੇ ਥਾਂ-ਟਿਕਾਣਾ ਨਹੀਂ ਮਿਲੇਗਾ। ਇਸ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਖਰ-ਅੱਖਰ ਨਾਮ-ਅਭਿਆਸ ਦੀ ਤਾਕੀਦ ਕਰਦਾ ਹੈ। ਕਰਦਾ ਭੀ ਇਨ੍ਹਾਂ ਅੱਖਰਾਂ ਨਾਲ ਕਿ:

ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ॥ (ਪੰਨਾ 450)

ਜਦੋਂ ਅਸੀਂ ਬਾਰ-ਬਾਰ ਤੇ ਘੜੀ-ਮੁੜੀ ਆਖੀ ਜਾਈਏ, ਭਈ ‘ਐਸਾ ਹਰਿ ਨਾਮੁ’ ‘ਐਸਾ ਹਰਿ ਨਾਮੁ’ ਤਾਂ ਆਪਣੇ ਆਪ ਸੁਆਲ ਪੈਦਾ ਹੁੰਦਾ ਏ ਕਿ ਕੈਸਾ ਹਰਿ ਨਾਮੁ? ਸੋ ਇਸ ਸਵਾਲ ਦਾ ਉੱਤਰ ਹਜ਼ੂਰ ਨੇ ਇਉਂ ਦਿੱਤਾ ਹੈ ਕਿ:

ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ॥
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ॥1॥ ਰਹਾਉ॥
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ॥
ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ॥1॥
ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ੍ ਤਿਆਗੀ ਮਾਇਆ॥
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ॥2॥
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ॥
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ॥3॥
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥4॥ (ਪੰਨਾ 487)

ਭਗਤ ਨਾਮਦੇਵ ਜੀ ਦਾ ਮਨ ਗੋਬਿੰਦ ਦੇ ਨਾਮ ਨਾਲ ਲੀਨ ਹੋ ਗਿਆ, ਐਸਾ ਲੀਨ ਕਿ ਮੇਰ-ਤੇਰ ਦਾ ਭੇਦ-ਭਰਮ ਮਿਟ ਗਿਆ। ਜਿਸ ਦਾ ਨਤੀਜਾ ਇਹ ਹੋਇਆ ਕਿ ਇਕ ਕੌਡੀ ਦੇ ਮੁੱਲ ਦਾ ਅਖੌਤੀ ਛੀਂਬਾ ਲੱਖਾਂ ਦਾ ਬਣ ਗਿਆ। ਸੋ ਜਿਹੜਾ ਨਾਮ ਕੌਡੀ ਮੁੱਲ ਦੇ ਅਖੌਤੀ ਛੀਂਬੇ ਨੂੰ ਲੱਖਾਂ ਦਾ ਬਣਾ ਦਏ:

ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ॥ (ਪੰਨਾ 450)

ਤਣਨਾ-ਬੁਣਨਾ ਤਿਆਗ ਕੇ, ਨੜੇ ਵੱਟਣੇ ਛੱਡ ਕੇ, ਭਗਤ ਕਬੀਰ ਜੀ ਨੇ ਹਰੀ-ਚਰਨਾਂ ਨਾਲ ਪ੍ਰੀਤ-ਰੀਤ ਪੱਕੀ ਕਰ ਲਈ, ਭਾਵੇਂ ਉਹ ਅਖੌਤੀ ਨੀਵੀਂ ਜਾਤ ਦਾ ਜੁਲਾਹਾ ਸੀ ਪਰ ਉਹ ਗੁਣਾਂ ਦਾ ਖ਼ਜ਼ਾਨਾ ਬਣ ਗਿਆ। ਸਿਆਣੇ ਪੰਡਤ ਤੇ ਮਾਇਆਧਾਰੀ ਉਸ ਨੂੰ ਮੱਥੇ ਟੇਕਣ ਲੱਗ ਪਏ। ਸੋ ਜਿਹੜਾ ਨਾਮ ਭਗਤ ਕਬੀਰ ਜੀ ਵਰਗੇ ਅਖੌਤੀ ਨੀਵੀਂ ਕੁਲ ਦੇ ਬੰਦਿਆਂ ਨੂੰ ਗੁਣੀ ਗਹੀਰ ਬਣਾ ਦਏ:

ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ॥  (ਪੰਨਾ 450)

ਭਗਤ ਰਵਿਦਾਸ ਜੀ ਅਖੌਤੀ ਚਮਾਰ, ਜਿਸ ਦਾ ਕੰਮ ਮੋਏ ਪਸ਼ੂ ਢੋਣਾ ਤੇ ਉਨ੍ਹਾਂ ਦਾ ਚੰਮ ਲਾਹੁਣਾ ਸੀ, ਕਿਉਂਕਿ ਭਗਤ ਰਵਿਦਾਸ ਜੀ ਨੇ ਆਪ ਇਸ ਗੱਲ ਨੂੰ ਮੰਨਿਆ ਹੈ ਕਿ ਮੈਂ ਜਾਤ ਦਾ ਚਮਾਰ ਹਾਂ। ਆਪ ਜੀ ਨੇ ਗੁਰਬਾਣੀ ਵਿਚ ਇਸ ਬਾਰੇ ਸਾਫ਼ ਦੱਸਿਆ ਹੈ ਕਿ:

ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ॥
ਰਿਦੈ ਰਾਮ ਗੋਬਿੰਦ ਗੁਨ ਸਾਰੰ॥ (ਪੰਨਾ 1293)

ਐ ਪਵਿੱਤਰ ਆਦਮੀਓਂ! ਮੇਰੀ ਜਾਤ ਤਾਂ ਚਮਾਰ ਹੈ, ਪਰ ਮੇਰੇ ਹਿਰਦੇ ਵਿਚ ਰਾਮ ਹੈ ਤੇ ਗੋਬਿੰਦ ਜੀ ਦੇ ਪਵਿੱਤਰ ਗੁਣ ਗਾਉਂਦਾ ਹਾਂ ਜਿਸ ਦੇ ਕਾਰਨ ਮੈਂ ਉੱਚਾ ਤੇ ਪਵਿੱਤਰ ਹੋ ਗਿਆ ਹਾਂ ਅਤੇ ਭਗਤ ਜੀ ਨੇ ਗੁਰਬਾਣੀ ਵਿਚ ਇਕ ਜਗ੍ਹਾ ਇਉਂ ਵੀ ਕਥਨ ਕੀਤਾ ਹੈ:

ਕਹਿ ਰਵਿਦਾਸ ਖਲਾਸ ਚਮਾਰਾ॥
ਜੋ ਹਮ ਸਹਰੀ ਸੁ ਮੀਤੁ ਹਮਾਰਾ॥ (ਪੰਨਾ 345)

ਭਗਤ ਰਵਿਦਾਸ ਜੀ ਆਖਦੇ ਨੇ ਕਿ ਭਾਈ! ਮੈਂ ਤਾਂ ਖ਼ਾਲਸ ਚਮਾਰ ਹਾਂ, ਇਸ ਵਿਚ ਰਤਾ ਜਿੰਨਾ ਵੀ ਭੇਦ ਨਹੀਂ। ਪਰ ਮੇਰਾ ਮਿੱਤਰ ਉਹ ਹੈ ਜਿਹੜਾ ਮੇਰੇ ਸ਼ਹਿਰ ਦਾ ਵਾਸੀ ਹੋਵੇ। ਇਨ੍ਹਾਂ ਅੱਖਰਾਂ ਤੋਂ ਸਾਫ਼ ਸਿੱਧ ਹੈ ਕਿ ਭਗਤ ਰਵਿਦਾਸ ਜੀ ਨੇ ਆਪਣੀ ਬ੍ਰਹਮ ਗਿਆਨ ਦੀ ਦੁਨੀਆਂ ਕੋਈ ਵੱਖਰੀ ਵਸਾਈ ਹੋਈ ਸੀ। ਜਿਹੜਾ ਨਾਮ ਭਗਤ ਰਵਿਦਾਸ ਜੀ ਵਰਗਿਆਂ ਅਖੌਤੀ ਨੀਚ ਜਾਤੀ ਦੇ ਚਮਾਰਾਂ ਨੂੰ ਪੂਜਣਯੋਗ ਬਣਾ ਦਏ:

ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ॥ (ਪੰਨਾ 450)

ਭਗਤ ਸੈਨ ਅਖੌਤੀ ਨਾਈ ਦੇ ਬਾਰੇ ਜ਼ਿਕਰ ਹੈ ਕਿ ਉਹ ਲੋਕਾਂ ਦੇ ਸੁਨੇਹੇ-ਪਤੇ ਲੈ ਕੇ ਜਾਂਦਾ ਸੀ, ਜਿਸ ਨੂੰ ਬੁੱਤੀ ਆਖਦੇ ਨੇ। ਸੋ ਲੋਕਾਂ ਦੀ ਬੁੱਤੀ-ਨੱਤੀ ਕਰਨ ਵਾਲੇ ਸੈਨ ਨਾਈ ਜੋ ਕਿ ਘਰ-ਘਰ ਵਿਚ ਮਸ਼ਹੂਰ ਸੀ ਕਿ ਇਹ ਬੁੱਤੀਆਂ ਕਰਨ ਵਾਲਾ ਬੁਤੇਰਾ ਹੈ, ਪਰ ਜਦੋਂ ਉਸ ਦੇ ਹਿਰਦੇ ਵਿਚ ਹਰੀ-ਪਰਮਾਤਮਾ ਦਾ ਨਿਵਾਸ ਹੋ ਗਿਆ ਤਾਂ ਉਸ ਦੀ ਗਿਣਤੀ ਭਗਤਾਂ ਵਿਚ ਹੋ ਗਈ ਤੇ ਰਾਜੇ ਨੇ ਵੀ ਆਦਰ-ਸਤਿਕਾਰ ਕੀਤਾ। ਸੋ ਜਿਹੜਾ ਨਾਮ ਭਗਤ ਸੈਨ ਜੀ ਵਰਗੇ ਬੁਤੇਰਿਆਂ ਨੂੰ ਵੀ ਭਗਤਾਂ ਵਿਚ ਲਿਆ ਖੜ੍ਹਾ ਕਰੇ:

ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ॥ (ਪੰਨਾ 450)

ਉਪਰੋਕਤ ਕਥਨ ਅਨੁਸਾਰ ਅਖੌਤੀ ਜੁਲਾਹਿਆਂ, ਅਖੋਤੀ ਚਮਾਰਾਂ ਤੇ ਅਖੌਤੀ ਨਾਈਆਂ ਵਾਂਗ ਭਗਤ ਧੰਨੇ ਅਖੌਤੀ ਜੱਟ ਨੂੰ ਨਾਮ ਦਾ ਸਦਕਾ ਗੁਸਾਈਂ ਪ੍ਰਤੱਖ ਹੋ ਕੇ ਧੰਨੇ ਭਗਤ ਜੀ ਨੂੰ ਮਿਲੇ, ਜਿਸ ’ਤੇ ਭਗਤ ਧੰਨਾ ਜੀ ਵਡਭਾਗਾ ਹੋ ਗਿਆ। ਸੋ ਜਿਹੜਾ ਨਾਮ ਭਗਤ ਧੰਨੇ ਜੀ ਵਰਗੇ ਸਿੱਧੇ-ਸਾਧਿਆਂ ਨੂੰ ਵਡਭਾਗਾ ਬਣਾ ਦਏ:

ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ॥ (ਪੰਨਾ 450)

ਨਾਮ ਕੈਸਾ ਹੈ? ਇਸ ਦਾ ਪਤਾ ਹੇਠ ਲਿਖੀ ਵਾਰਤਾ ਤੋਂ ਸੁਖੈਨ ਹੀ ਲੱਗ ਜਾਏਗਾ: ਰੂਪ ਦੇਸ਼ ਦੇ ਰਹਿਣ ਵਾਲੇ ਇਕ ਮੌਲਾਨਾ ਰੂਮ ਜੀ ਹੋਏ ਹਨ। ਉਹ ਫ਼ਾਰਸੀ ਜ਼ਬਾਨ ਦੇ ਚੰਗੇ ਤਕੜੇ ਪੰਡਿਤ ਭਾਵ ਵਿਦਵਾਨ ਸਨ। ਉਨ੍ਹਾਂ ਨੇ ਇਕ ਕਿਤਾਬ ਲਿਖੀ ਏ, ਉਸ ਦਾ ਨਾਂ ਹੈ- ‘ਮਸਨਵੀ ਮੌਲਾਨਾਇ ਰੂਮ’। ਉਸ ਵਿਚ ਆਪ ਲਿਖਦੇ ਹਨ ਕਿ ਬਾਦਸ਼ਾਹ ਸਲਾਮਤ ਨੂੰ ਇਹ ਵਹਿਮ ਹੋ ਗਿਆ ਕਿ ਮੈਂ ਰੱਬ ਹਾਂ। ਸਵੇਰੇ ਦਰਬਾਰ ਵਿਚ ਆਉਂਦਿਆਂ ਸਾਰ ਐਲਾਨ ਕੀਤਾ ਕਿ ਐ ਦਰਬਾਰੀ ਲੋਕੋ! ਅੱਜ ਤੋਂ ਮੈਨੂੰ ਇਨਸਾਨ ਨਾ ਸਮਝਣਾ ਕਿਉਂਕਿ ਮੈਂ ਹੁਣ ਇਨਸਾਨ ਨਹੀਂ ਰਿਹਾ। ਜਿਹੜਾ ਮੈਨੂੰ ਇਨਸਾਨ ਸਮਝੇਗਾ ਉਸ ਨੂੰ ਜੀਊਂਦੇ-ਜੀਅ ਅੱਗ ਵਿਚ ਪਾ ਕੇ ਸਾੜ ਦਿੱਤਾ ਜਾਏਗਾ। ਇਸ ਹੁਕਮ ਦੇ ਸੁਣਦਿਆਂ ਸਾਰ ਸਾਰੇ ਦਰਬਾਰ ਵਿਚ ਸੰਨਾਟਾ ਛਾ ਗਿਆ। ਮੁਨਸ਼ੀ, ਮੁਸੱਦੀ ਅਹਿਲਕਾਰ ਤੇ ਉਮਰਾ, ਅਮੀਰ ਤੇ ਵਜ਼ੀਰ, ਕਾਜ਼ੀ ਤੇ ਮੌਲਾਨੇ ਆਪਣੀ-ਆਪਣੀ ਥਾਵੇਂ ਕੰਬੀ ਜਾ ਰਹੇ ਸਨ ਕਿ ਬਾਦਸ਼ਾਹ ਦੂਜੀ ਵਾਰ ਫੇਰ ਬੋਲ ਉੱਠਿਆ, ਜੋ ਮੇਰੇ ਹੁਕਮ ਦੇ ਸਾਹਮਣੇ ਸਿਰ ਨਾ ਝੁਕਾਵੇਗਾ, ਜੋ ਮੇਰੇ ਹੁਕਮ ਦੀ ਰੰਚਕ ਉਲੰਘਣਾ ਕਰੇਗਾ, ਜੋ ਮੇਰੇ ਹੁਕਮ ਨੂੰ ਸੋਲ੍ਹਾਂ ਆਨੇ ਕਰ ਕੇ ਨਾ ਮੰਨੇਗਾ, ਉਹ ਜੀਊਂਦੀ ਜਾਨੇ ਅੱਗ ਵਿਚ ਪਾ ਕੇ ਸਾੜ ਦਿੱਤਾ ਜਾਏਗਾ ਤੇ ਹੁਕਮ ਇਹ ਹੈ ਕਿ ‘ਮੈਂ ਇਨਸਾਨ ਨਹੀਂ।’

ਇਕ ਦਰਬਾਰੀ ਨੇ ਡਰਦੇ-ਡਰਦੇ ਸਹਿਮੀ ਹੋਈ ਅਵਾਜ਼ ਵਿਚ ਪੁੱਛਿਆ ਕਿ ਜਹਾਂ-ਪਨਾਹ, ਅਗਰ ਆਪ ਇਨਸਾਨ ਨਹੀਂ ਹੋ ਤਾਂ ਫਿਰ ਆਪ ਨੂੰ ਕੀ ਸਮਝਿਆ ਜਾਏ? ਅਸੀਂ ਆਪ ਦੇ ਗ਼ੁਲਾਮ ਹਾਂ, ਸੋ ਘੱਟੋ-ਘੱਟ ਸਾਨੂੰ ਪਤਾ ਲੱਗਣਾ ਚਾਹੀਦਾ ਏ ਕਿ ਆਪ ਨੂੰ ਕਿਸ ਨਾਮ ਨਾਲ ਬੁਲਾਇਆ ਜਾਏ।

ਦਰਬਾਰੀ ਦੀ ਗੱਲ ਸੁਣਦੇ ਸਾਰ ਬਾਦਸ਼ਾਹ ਬੜੇ ਰੋਹਬ-ਦਾਬ ਨਾਲ ਬੋਲਿਆ ਕਿ ਮੇਰਾ ਨਾਂ ਹੈ ‘ਰੱਬ’, ਅੱਜ ਰਾਤ ਸੁੱਤਿਆਂ ਮੇਰੇ ’ਤੇ ਵਹੀ ਨਾਜ਼ਲ ਹੋਇਆ ਜਿਸ ਨੇ ਮੇਰੇ ਕੰਨਾਂ ਵਿਚ ਗ਼ੈਬੀ ਆਵਾਜ਼ ਦੀ ਰਾਹੀਂ ਸੁਣਾਇਆ ਹੈ ਕਿ ਤੂੰ ਰੱਬ ਹੈਂ। ਸੋ ਅੱਜ ਤੋਂ ਸਾਰੇ ਦਰਬਾਰੀ, ਮੁਨਸ਼ੀ, ਮੁਸੱਦੀ, ਅਮੀਰ, ਵਜ਼ੀਰ, ਅਹਿਲਕਾਰ, ਉਮਰਾ ਤੇ ਕਾਜ਼ੀ, ਮੁਫ਼ਤੀ ਤੇ ਮੌਲਾਨਾ ਵਗ਼ੈਰਾ ਮੈਨੂੰ ਖ਼ੁਦਾ ਜਾਣ ਕੇ ਪੂਜਿਆ ਕਰਨ, ਨਹੀਂ ਤਾਂ ਖੁਦਾਈ ਹੁਕਮ ਨਾਲ ਆਤਿਸ਼ ਦੀ ਭੇਟ ਕਰ ਦਿੱਤੇ ਜਾਉਗੇ। ਮੌਲਾਨਾ ਰੂਮ ਜੀ ਨੇ ਲਿਖਿਆ ਹੈ ਕਿ ਕੁਝ ਕੁ ਦਰਬਾਰੀ ਸਹਿਮ ਗਏ, ਕੁਝ ਕੁ ਦੂਰ ਦੀ ਸੋਚਣ ਵਾਲੇ ਸੋਚਾਂ ’ਚ ਪੈ ਗਏ। ਗ਼ੈਰਤਮੰਦ ਲੋਕ ਤਲਵਾਰਾਂ ਦੇ ਕਬਜ਼ਿਆਂ ’ਤੇ ਹੱਥ ਲੈ ਗਏ। ਪਰ ਖ਼ੁਦਗਰਜ਼ ਲੋਕ ਜਿਨ੍ਹਾਂ ਦਾ ਧਰਮ ਰੋਟੀ ਹੈ ਉਹ ਬੋਲ ਉਠੇ-ਐ ਮਾਲਕ! ਚਿਰਾਂ ਦੀ ਆਸ਼ਾ ਅੱਜ ਪੂਰੀ ਹੋਈ। ਅਸੀਂ ਤਾਂ ਕਦੇ ਦੇ ਮਨਾਂ ’ਚ ਫੈਸਲਾ ਕਰੀ ਬੈਠੇ ਸਾਂ ਕਿ ਆਪ ਨੂੰ ਰੱਬ ਜਾਣ ਕੇ ਪੂਜੀਏ, ਪਰ ਆਪ ਤੋਂ ਡਰਦੇ ਚੁੱਪ ਵੱਟ ਕੇ ਬੈਠੇ ਰਹੇ। ਐ ਖ਼ੁਦਾ! ਤੁਹਾਡੇ ਖ਼ੁਦਾ ਹੋਣ ਦਾ ਸਭ ਤੋਂ ਵੱਡਾ ਸਬੂਤ ਤਾਂ ਇਹੋ ਹੀ ਕਾਫ਼ੀ ਹੈ ਕਿ ਤੁਸਾਂ ਸਾਡੇ ਦਿਲ ਦੀ ਬੁੱਝ ਲਈ। ਅਸੀਂ ਦਿਲੋ-ਜਾਨ ਨਾਲ ਤੁਹਾਡੀ ਇਬਾਦਤ ਕਰਾਂਗੇ, ਕਿਉਂਕਿ ਤੁਸੀਂ ਸਾਡੇ ਖ਼ੁਦਾ ਹੋ। ਇੰਨੀ ਗੱਲ ਨਾਲ ਖ਼ੁਦਗਰਜ਼ ਬੇਫ਼ਿਕਰ ਹੋ ਗਏ ਕਿ ਸਾਡੀ ਰੋਟੀ, ਜੋ ਕਿ ਬੜੀ ਕਮਜ਼ੋਰੀ ਤੇ ਬੁਜ਼ਦਿਲੀ ਦੀ ਨਿਸ਼ਾਨੀ ਹੈ। ਰੋਟੀ ਨੂੰ ਧਰਮ ਸਮਝਣ ਵਾਲਾ ਅਸੂਲਪ੍ਰਸਤ ਨਹੀਂ ਰਹਿ ਸਕਦਾ। ਉਸ ਨੂੰ ਤਾਂ ਜਿਹੜਾ ਰੋਟੀ ਦਏ, ਉਹ ਆਪਣੀ ਵਡਿਆਈ ਕਰਵਾ ਲਏ। ਰੋਟੀ ਨੂੰ ਧਰਮ ਨਹੀਂ ਬਣਾਉਣਾ ਚਾਹੀਦਾ, ਸਗੋਂ ਰੋਟੀ ਧਰਮ ਨਾਲ ਕਮਾਉਣੀ ਚਾਹੀਦੀ ਏ। ਬੀਰਬਲ ਦੇ ਬਤਾਊਂ ਦੀ ਸਿਫ਼ਤ ਕਰਨ ਵਾਂਗ, ਰੋਟੀ ਦੇਣ ਵਾਲੇ ਦੇ ਹੱਥਾਂ ਦੀ ਕਠਪੁਤਲੀ ਨਹੀਂ ਬਣਨਾ ਚਾਹੀਦਾ।

ਖੁਸ਼ਾਮਦੀ, ਖੁਸ਼ਾਮਦ ਕਰਦੇ ਹੋਏ, ਇਥੋਂ ਤਕ ਅੱਗੇ ਨਿਕਲ ਗਏ, ਕਿ ਐ ਸਾਡੇ ਖ਼ੁਦਾ! ਤੂੰ ਤਾਂ ਕੁਰਾਨ ਵਿਚ ਬਿਆਨ ਕੀਤੇ, ਖ਼ੁਦਾ ਨਾਲੋਂ ਕਈ ਗੁਣਾ ਚੰਗਾ ਏਂ। ਪਹਿਲੀ ਗੱਲ ਤਾਂ ਇਹ ਕਿ ਕੁਰਾਨ ਵਾਲਾ ਖ਼ੁਦਾ ਦਰਸ਼ਨ ਹੀ ਨਹੀਂ ਦਿੰਦਾ, ਪਰ ਤੂੰ ਤਾਂ ਸਾਹਮਣੇ ਹਾਜ਼ਰ-ਨਾਜ਼ਰ ਨਜ਼ਰ ਆ ਰਿਹਾ ਏਂ। ਦੂਜੀ ਗੱਲ ਕਿ ਕੁਰਾਨ ’ਚ ਬਿਆਨ ਕੀਤਾ ਹੋਇਆ ਖ਼ੁਦਾ ਕਿਸੇ ਨਾਲ ਬੋਲਦਾ ਨਹੀਂ, ਪਰ ਤਾਂ ਸਾਰਾ-ਸਾਰਾ ਦਿਨ ਸਾਡੇ ਨਾਲ ਗੁਫਤ-ਗੂ ਕਰਦਾ ਏਂ। ਤੀਜੀ ਗੱਲ ਕਿ ਕੁਰਾਨ ਵਿਚ ਦੱਸੇ ਖ਼ੁਦਾ ਦਾ ਨਾ ਕਦੇ ਕਿਸੇ ਤਖ਼ਤ ਡਿੱਠਾ ਤੇ ਨਾ ਕਦੇ ਕਿਸੇ ਨੇ ਦਰਬਾਰ ਲੱਗਾ ਹੋਇਆ ਦੇਖਿਆ, ਪਰ ਆਪ ਦਾ ਜੜਾਊ ਤਖ਼ਤ ਤੇ ਸਜੀਲਾ ਦਰਬਾਰ ਤੇ ਦਰਬਾਰ ਵਿਚ ਪੇਸ਼ ਹੋਏ-ਹੋਏ ਗੁਨਾਹਗਾਰ ਅਤੇ ਸਜ਼ਾ-ਜਜ਼ਾ ਦਾ ਸਿਲਸਿਲਾ ਅਸੀਂ ਰੋਜ਼ ਦੇਖਦੇ ਹਾਂ। ਸੋ ਯਕੀਨ ਨਾਲ ਤੇ ਅੰਦਰਲੇ ਯਕੀਨ ਨਾਲ, ਅਰਜ਼ ਕਰਦੇ ਹਾਂ ਕਿ ਤੁਸੀਂ ਖ਼ੁਦਾ ਹੋ ਤੇ ਸੱਚਮੁੱਚ ਖ਼ੁਦਾ ਹੋ।

ਖ਼ੁਦਗਰਜ਼ਾਂ ਦੇ ਕਹਿਣ ’ਤੇ ਆਪਣੇ ਆਪ ਨੂੰ ਸੱਚਮੁੱਚ ਖ਼ੁਦਾ ਮੰਨ ਕੇ, ਤੇ ਖ਼ੁਦਗਰਜ਼ਾਂ ਦੇ ਦਸਤਖ਼ਤ ਕਰਵਾ ਕੇ ਇਕ ਲੰਬਾ-ਚੌੜਾ ਇਸ਼ਤਿਹਾਰ ਛਪਵਾ ਕੇ, ਆਪਣੀ ਪਰਜਾ ਵਿਚ ਵੰਡ ਦਿੱਤਾ ਕਿ ਐ ਲੋਕੋ! ਮੈਂ ਖ਼ੁਦਾ ਹਾਂ; ਅਮੀਰਾਂ, ਵਜ਼ੀਰਾਂ ਤੇ ਮੌਲਾਨਾ ਲੋਕਾਂ ਨੇ ਮੈਨੂੰ ਖ਼ੁਦਾ ਮੰਨ ਲਿਆ ਹੈ। ਇਸ ਲਈ ਅੱਜ ਤੋਂ ਜੋ ਵੀ ਮੇਰੇ ਦਰਬਾਰ ਆਵੇ, ਮੈਨੂੰ ਖ਼ੁਦਾ ਜਾਣ ਕੇ ਸਿਜਦਾ ਕਰੇ। ਜੋ ਐਸਾ ਨਾ ਕਰੇਗਾ, ਉਹ ਜੀਊਂਦਾ ਅੱਗ ਵਿਚ ਪਾ ਕੇ ਸਾੜ ਦਿੱਤਾ ਜਾਏਗਾ, ਕਿਉਂਕਿ ਮੈਂ ਕੁਰਾਨ ਵਿਚ ਲਿਖ ਚੁਕਾ ਹਾਂ ਕਿ:

ਫਾਇੰਨ ਲੰਮ ਤੱਫਅਲੂ: ਵਲੰਨ ਤਫਅੱਲੂ।
ਫੱਤਾ ਕੁਨਾਂ ਰੱਰਲਾਤੀ; ਵਕੂਦੋ ਹਨਾਂਸੂ ਵਲ।
ਹਿਜਾਰਾਤੋ: ਓ ਇੱਦਤ ਲਿੱਲ ਕਾਫਿ ਰੀਨ।

ਐ ਬੰਦੇ! ਖ਼ੁਦਾ ਦੇ ਹੁਕਮ ਨੂੰ ਮੰਨ; ਦੁਬਾਰਾ ਤਾਕੀਦ ਹੈ ਕਿ ਹੁਕਮ ਨੂੰ ਮੰਨ; ਜੇ ਹੁਕਮ ਨਾ ਮੰਨੇਂਗਾ ਤਾਂ ਯਾਦ ਰੱਖ, ਤੇਰੇ ਲਈ ਉਹ ਅੱਗ ਤਿਆਰ ਹੈ ਜੋ ਪਹਾੜਾਂ ਤੇ ਪਰਬਤਾਂ ਨੂੰ ਸਾੜ ਕੇ ਸੁਆਹ ਕਰ ਦੇਂਦੀ ਏ।

ਗ਼ਰੀਬ ਪਰਜਾ ਹੈਰਾਨ ਸੀ ਕਿ ਕੀ ਕੀਤਾ ਜਾਏ? ਜੇ ਸ਼ਾਹੀ ਹੁਕਮ ਦੀ ਨਾ-ਫ਼ਰਮਾਨੀ ਕੀਤੀ ਜਾਏ ਤਾਂ ਜਾਨ ਖ਼ਤਰੇ ’ਚ ਹੈ। ਜੇ ਸ਼ਾਹੀ ਫ਼ਰਮਾਨ ਨੂੰ ਮੰਨ ਲਿਆ ਜਾਏ ਤਾਂ ਬੇਈਮਾਨੀ ਤੇ ਬੇ-ਗ਼ੈਰਤ ਬਣਨਾ ਪੈਂਦਾ ਏ। ਆਖ਼ਰ ਲੰਮੀ ਸੋਚ-ਵਿਚਾਰ ਬਾਅਦ ਗਰੀਬ ਪਰਜਾ ਇਸ ਨਤੀਜੇ ’ਤੇ ਪੁੱਜੀ ਕਿ ਚੂੰਕਿ ਕਾਜ਼ੀਆਂ, ਮੁਫ਼ਤੀਆਂ, ਅਮੀਰਾਂ ਤੇ ਵਜ਼ੀਰਾਂ ਨੇ ਸ਼ਾਹੀ ਫਰਮਾਨ ਮੰਨ ਕੇ ਦਸਤਖ਼ਤ ਕਰ ਦਿੱਤੇ ਹਨ ਇਸ ਲਈ ਆਪਣੀ ਜਾਨ ਨੂੰ ਜੋਖੇ ’ਚ ਨਾ ਪਾਇਆ ਜਾਏ ਤੇ ਕਰਤੇ ਦੇ ਰੰਗਾਂ ਦਾ ਇੰਤਜ਼ਾਰ ਕੀਤਾ ਜਾਏ।

ਇਸ ਤਰ੍ਹਾਂ ਬਾਦਸ਼ਾਹ ਰੱਬ ਬਣ ਕੇ ਬੈਠ ਗਿਆ ਤੇ ਪੂਜਾ ਸ਼ੁਰੂ ਹੋ ਗਈ। ਮੌਲਾਨਾ ਰੂਮ ਜੀ ਲਿਖਦੇ ਨੇ ਕਿ ਕਾਫੀ ਚਿਰ ਪੂਜਾ ਹੁੰਦੀ ਰਹੀ ਤੇ ਲੋਕ ਇਸ ਝੂਠੇ ਰੱਬ ਨੂੰ ਸਿਜਦੇ ਕਰਦੇ ਰਹੇ ਪਰ ਇਕ ਦਿਨ ਖ਼ੁਦਾ ਨੇ ਆਪਣੀ ਖ਼ੁਦਾਈ ਜ਼ਾਹਰ ਕਰਨੀ ਚਾਹੀ, ਜਿਸ ਦਾ ਜ਼ਰੀਆ ਇਹ ਬਣਾਇਆ ਗਿਆ ਕਿ ਇਕ 20-25 ਵਰ੍ਹੇ ਦੀ ਲੜਕੀ, ਜਿਸ ਦੇ ਕੁਛੜ ਢਾਈ ਕੁ ਬਰਸ ਦਾ ਲੜਕਾ ਸੀ, ਉਹ ਬਾਦਸ਼ਾਹ (ਜੋ ਕਿ ਰੱਬ ਬਣਿਆ ਬੈਠਾ ਸੀ) ਦੇ ਦਰਬਾਰ ਵਿਚ ਆਈ। ਬੱਚੇ ਨਾਲ ਪਿਆਰ ਕਰਦੀ, ਮਿੱਠੀਆਂ-ਮਿੱਠੀਆਂ ਲੋਰੀਆਂ ਦਿੰਦੀ ਤੇ ਬੱਚੇ ਨਾਲ ਲਾਡ-ਪਿਆਰ ਤੇ ਮਲ੍ਹਾਰਾਂ ’ਚ ਮਸਤ ਦਰਬਾਰ ਵਿਚ ਬੈਠੀ ਨਹੀਂ, ਸਗੋਂ ਖਲੋ ਗਈ। ਬਾਦਸ਼ਾਹ ਦਾ ਕੋਈ ਆਦਰ-ਸਤਿਕਾਰ ਨਾ ਕੀਤਾ ਤੇ ਨਾ ਹੀ ਲੋਕਾਂ ਵਾਂਗ ਗੋਡੇ ਟੇਕ ਕੇ ਸਿਜਦਾ ਕੀਤਾ। ਇਸ ਹਰਕਤ ਨੂੰ ਬਾਦਸ਼ਾਹ ਨੇ ਆਪਣਾ ਨਿਰਾਦਰ ਸਮਝਿਆ ਤੇ ਲੋਹਾ-ਲਾਖਾ ਹੋ ਗਿਆ। ਅੱਗ ਦਾ ਭਾਂਬੜ ਬਣ ਕੇ ਸੜਿਆ-ਬਲਿਆ ਬੋਲਿਆ ਕਿ ਐ ਲੜਕੀ! ਕੀ ਤੂੰ ਮੇਰਾ ਐਲਾਨ ਨਹੀਂ ਸੁਣਿਆ? ਕੀ ਤੂੰ ਕੰਨਾਂ ਤੋਂ ਬੋਲ਼ੀ ਤੇ ਅੱਖਾਂ ਤੋਂ ਅੰਨ੍ਹੀ ਤਾਂ ਨਹੀਂ? ਬੋਲ! ਜਲਦੀ ਬੋਲ!! ਤੇਰਾ ਕੀ ਜਵਾਬ ਹੈ?

ਲੜਕੀ ਮੁਸਕਰਾਈ ਤੇ ਠਰ੍ਹੰਮੇ ਨਾਲ ਬੋਲੀ, “ਬਾਦਸ਼ਾਹ, ਤੇਰਾ ਐਲਾਨ ਅੱਖਾਂ ਨਾਲ ਡਿੱਠਾ ਤੇ ਜ਼ੁਬਾਨ ਨਾਲ ਪੜ੍ਹਿਆ ਹੈ।”

“ਹੈਂ! ਅੱਖਾਂ ਨਾਲ ਡਿੱਠਾ ਤੇ ਜ਼ੁਬਾਨ ਨਾਲ ਪੜ੍ਹਿਆ ਈ? ਜੇ ਠੀਕ ਹੈ ਤਾਂ ਫੇਰ ਉਸ ’ਤੇ ਅਮਲ ਕਿਉਂ ਨਹੀਂ ਕੀਤਾ?” ਬਾਦਸ਼ਾਹ ਦਾ ਦੂਜਾ ਸਵਾਲ ਸੀ।

“ਅਮਲ ਇਸ ਲਈ ਨਹੀਂ ਕੀਤਾ ਕਿ ਮੈਂ ਤੈਨੂੰ ਖ਼ੁਦਾ ਨਹੀਂ ਮੰਨਦੀ, ਮੇਰਾ ਖ਼ੁਦਾ ਗ਼ੈਰਫ਼ਾਨੀ ਤੇ ਸਦਾ ਕਾਇਮ ਹੈ।” ਲੜਕੀ ਦਾ ਜਵਾਬ ਸੀ। “ਮੇਰੇ ਫਰਮਾਨ ਦੀ ਨਾ-ਫਰਮਾਨੀ ਕਰਨੀ ਮੌਤ ਨੂੰ ਸੱਦਾ ਦੇਣਾ ਹੈ।” ਬਾਦਸ਼ਾਹ ਨੇ ਗੁੱਸੇ ਨਾਲ ਆਖਿਆ। “ਬਾਦਸ਼ਾਹ ਸਲਾਮਤ! ਗੁੱਸੇ ’ਚ ਨਾ ਆਓ ਤੇ ਆਪਣੀ ਖ਼ੁਦਾਈ ਨੂੰ ਰੌਸ਼ਨ ਕਰੋ। ਦੇਖੋ, ਮੇਰੇ ਖ਼ੁਦਾ ਨੇ ਪਾਣੀ ਉੱਤੇ ਧਰਤੀ ਟਿਕਾ ਰੱਖੀ ਏ, ਪਾਣੀ ਉਸ ਨੂੰ ਗ਼ਰਕ ਨਹੀਂ ਕਰ ਸਕਦਾ। ਧਰਤੀ ’ਤੇ ਅਸਮਾਨ ਦੀ ਛਤੜੀ ਤਾਣ ਕੇ, ਉਸ ਵਿਚ ਚੰਦ, ਸੂਰਜ ਤੇ ਤਾਰਿਆਂ ਦੀ ਜੜਤ ਜੜ ਦਿੱਤੀ ਏ, ਜੋ ਅਤਿ ਮਨਮੋਹਣੀ ਹੈ। ਹਵਾ, ਪਾਣੀ, ਅੱਗ, ਨਦੀ ਤੇ ਨਾਲੇ ਸੈ ਪ੍ਰਕਾਰ ਦੀ ਰਚਨਾ ਰਚੀ ਏ; ਜੇ ਤੂੰ ਖ਼ੁਦਾ ਹੈਂ ਤਾਂ ਨਿੱਕੀ ਜਿਹੀ ਧਰਤੀ, ਛੋਟਾ ਜਿਹਾ ਅਸਮਾਨ ਤੇ ਨਿੱਕੇ-ਨਿੱਕੇ ਚੰਦ, ਤਾਰੇ ਬਣਾ ਕੇ ਵਿਖਾ ਤਾਂਕਿ, ਮੇਰਾ ਯਕੀਨ ਪੱਕਾ ਹੋ ਜਾਏ ਕਿ ਤੂੰ ਸੱਚੀ-ਮੁੱਚੀਂ ਖ਼ੁਦਾ ਹੈਂ।”

ਚਾਹੀਦਾ ਤਾਂ ਇਹ ਸੀ ਕਿ ਲੜਕੀ ਦੀ ਨੇਕ ਤੇ ਸਿਆਣੀ ਗੁਫਤ-ਗੂ ਤੋਂ ਫ਼ਾਇਦਾ ਉਠਾਇਆ ਜਾਂਦਾ, ਪਰ ਆਪਣੀ ਮਾਨ-ਵਡਿਆਈ ਤੇ ਰੋਹਬ-ਦਾਬ ਵਿਚ ਫ਼ਰਕ ਆਇਆ ਜਾਣ ਕੇ ਬਾਦਸ਼ਾਹ ਜ਼ੁਲਮ ਦੀ ਤਸਵੀਰ ਬਣ ਗਿਆ। ਕ੍ਰੋਧ ਨਾਲ ਚਿਹਰਾ ਲਾਲੋ-ਲਾਲ ਹੋ ਗਿਆ। ਬੁੱਲ੍ਹ ਟੁੱਕਣ ਲੱਗ ਪਿਆ, ਛਾਤੀ ਧੜਕਣ ਲੱਗ ਪਈ, ਗੁੱਸੇ ਨਾਲ ਸਾਰਾ ਸਰੀਰ ਕੰਬਣ ਲੱਗ ਪਿਆ ਤੇ ਤਖ਼ਤ ਤੋਂ ਉੱਠ ਕੇ ਅਹਿਲਕਾਰਾਂ ਤੇ ਦਰਬਾਰੀਆਂ ਵੱਲ ਮੁਖ਼ਾਤਬ ਹੋ ਕੇ ਹੁਕਮ ਦਿੱਤਾ ਕਿ ਲੜਕੀ ਨੂੰ ਪਕੜ ਲਿਆ ਜਾਏ ਤੇ ਖੁੱਲ੍ਹੇ ਮੈਦਾਨ ਵਿਚ ਸੁੱਕੀਆਂ ਲੱਕੜਾਂ ਸੈਂਕੜੇ ਮਣਾਂ ਦੀ ਤਦਾਦ ਵਿਚ ਇਕੱਠੀਆਂ ਕਰ ਕੇ ਉਨ੍ਹਾਂ ਨੂੰ ਅੱਗ ਲਾ ਦਿੱਤੀ ਜਾਏ। ਸ਼ਾਹੀ ਫਰਮਾਨ ਹੋਣ ਕਰਕੇ ਤੁਰੰਤ ਅਮਲ ਕੀਤਾ ਗਿਆ। ਪਲੋ-ਪਲੀ ’ਚ ਅੱਗ ਦੀਆਂ ਲਾਟਾਂ ਅਸਮਾਨ ਨਾਲ ਟਕਰਾਉਣ ਲੱਗ ਪਈਆਂ। ਲੋਕ ਤਮਾਸ਼ਬੀਨ ਬਣ ਕੇ ਇਕੱਠੇ ਹੋ ਗਏ ਤੇ ਕਈ-ਕਈ ਕਦਮਾਂ ਤਕ ਅੱਗ ਦਾ ਸੇਕ ਜਾਣ ਲੱਗ ਪਿਆ। ਦਰਦੀਲੇ ਦਿਲਾਂ ਨੂੰ ਕਸਕਾਂ ਪੈ ਰਹੀਆਂ ਸਨ ਕਿ ਪਤਾ ਨਹੀਂ ਕੀ ਹੋ ਜਾਏ? ਓਧਰ ਅੱਗ ਦੇ ਕੋਲਿਆਂ ’ਚੋਂ ਚੰਗਿਆੜੇ ਨਿਕਲਦੇ ਪਏ ਸਨ, ਦੂਰ-ਦੂਰ ਤਕ ਸੇਕ ਨੇ ਸਾਹ ਸੁਕਾ ਦਿੱਤੇ ਸਨ। ਦਰਦੇ-ਦਿਲ ਦੇ ਮਾਲਕ ਕਲੇਜੇ ਘੁੱਟੀ ਖਲੋਤੇ ਸਨ। ਤਦੇ ਖ਼ਬਰ ਕਿ ਬਾਦਸ਼ਾਹ ਨੇ ਦੂਜਾ ਹੁਕਮ ਦਿੱਤਾ ਕਿ ਐ ਜੱਲਾਦੋ! ਇਸ ਲੜਕੀ ਦਾ ਢਾਈ ਬਰਸ ਦਾ ਦੁੱਧ ਪੀਂਦਾ ਬੱਚਾ ਖੋਹ ਲਓ ਤੇ ਬਲਦੇ ਹੋਏ ਅੱਗ ਦੇ ਦਰਿਆ ਵਿਚ ਸੁੱਟ ਕੇ, ਸਾੜ ਕੇ ਸੁਆਹ ਕਰ ਕੇ ਅਸਮਾਨ ਵਿਚ ਉਡਾ ਦਿਉ ਤਾਂਕਿ ਇਸ ਨੂੰ ਹੁਕਮ ਅਦੂਲੀ ਦਾ ਮਜ਼ਾ ਮਿਲ ਜਾਏ।

ਹੁਕਮ ਦੀ ਢਿੱਲ ਸੀ ਕਿ ਜੱਲਾਦਾਂ ਨੇ ਬੱਚਾ ਸੱਧਰਾਂ ਭਰੀ ਮਾਂ ਕੋਲੋਂ ਖੋਹ ਲਿਆ। ਵਿਚਾਰੀ ਬੇਵੱਸ ਮਾਂ ਹੱਕੀ-ਬੱਕੀ ਤੇ ਡੌਰ-ਭੌਰ ਜਿਹੀ ਹੋ ਕੇ ਦੇਖਦੀ ਹੀ ਦੇਖਦੀ ਰਹਿ ਗਈ। ਹੱਥਾਂ ਦੇ ਤੋਤੇ ਉੱਡ ਗਏ। ਸਿਵਾਇ ਮਾਲਕ ਦੇ ਕੋਈ ਆਸ ਨਹੀਂ ਦਿੱਸਦੀ। ਮਾਂ ਅਜੇ ਦੇਖਦੀ ਹੀ ਸੀ ਕਿ ਜੱਲਾਦ ਬੱਚੇ ਨੂੰ ਲੈ ਕੇ ਅੱਗ ਦੇ ਨੇੜੇ ਪਹੁੰਚ ਗਏ ਤੇ ਮਾਂ ਦੇਖਦੇ-ਦੇਖਦੇ, ਪੁੱਤਰਾ-ਪੁੱਤਰਾ ਆਖ ਕੇ ਪੁਕਾਰਦੇ-ਪੁਕਾਰਦੇ, ਹਾਇ-ਬੱਚਾ, ਹਾਇ- ਬੱਚਾ ਕੂਕਦੇ-ਕੂਕਦੇ ਜੱਲਾਦਾਂ ਨੇ ਫੁੱਲਾਂ ਵਰਗਾ ਨਾਜ਼ੁਕ ਬੱਚਾ ਅੱਗ ਵਿਚ ਸੁੱਟ ਦਿੱਤਾ। ਮਾਂ ਦੀਆਂ ਅੱਖਾਂ ਇਹ ਭਿਆਨਕ ਘਟਨਾ ਦੇਖ ਨਾ ਸਕੀਆਂ। ਵਿਚਾਰੀ ਕਾਲਜਾ ਘੁੱਟ ਕੇ ਬਹਿ ਗਈ ਤੇ ਗਸ਼ ਖਾ ਕੇ ਧਰਤੀ ’ਤੇ ਲੁੜਛੁੜੀਆਂ ਲੈਣ ਲੱਗੀ। ਆਂਦਰਾਂ ਕਲਪੀਆਂ ਤੇ ਦਿਲ ਟੁਕੜੇ-ਟੁਕੜੇ ਹੋ ਗਿਆ। ਤਮਾਸ਼ਾ ਵੇਖਣ ਵਾਲਿਆਂ ਵਿੱਚੋਂ ਵੀ ਕੁਝ ਦਰਦੀਆਂ ਨੇ ਹਾਅ ਦਾ ਨਾਹਰਾ ਮਾਰਿਆ। ਚਾਰ-ਚੁਫੇਰੇ ਸੰਨਾਟਾ ਸੀ, ਚੁੱਪ ਵਰਤੀ ਹੋਈ ਸੀ। ਹਰ ਇਕ ਦੇ ਦਿਲ ’ਤੇ ਸਹਿਮ ਛਾਇਆ ਹੋਇਆ ਸੀ ਪਰ ਵਿਚਾਰੀ ਮਾਂ ਤਾਂ ਲਹੂ ਦੇ ਅੱਥਰੂ ਰੋ ਰਹੀ ਸੀ, ਕਿਉਂਕਿ ਪੁੱਤਰਾਂ ਦੇ ਸੱਲ ਬੁਰੇ ਹੁੰਦੇ ਨੇ। ਇਹ ਇੱਛਰਾਂ ਨੂੰ ਅੰਨ੍ਹਿਆਂ ਕਰ ਦਿੰਦੇ ਨੇ ਤੇ ਇਬਰਾਹੀਮ ਦੀਆਂ ਅੱਖਾਂ ’ਤੇ ਪੱਟੀਆਂ ਬੰਨ੍ਹਵਾ ਦਿੰਦੇ ਨੇ।

ਜੇਕਰ ਚੌਦਾਂ ਵਰ੍ਹਿਆਂ ਦਾ ਪੁੱਤਰ-ਵਿਛੋੜਾ ਦਸ਼ਰਥ ਤੇ ਕੁਸ਼ੱਲਿਆ ਨਹੀਂ ਜਰ ਸਕੇ ਤਾਂ ਉਹ ਮਾਂ ਕਿਵੇਂ ਜਰ ਸਕੇ, ਜਿਸ ਦਾ ਪੁੱਤ ਉਹਦੇ ਦੇਖਦਿਆਂ-ਦੇਖਦਿਆਂ ਅੱਗ ’ਚ ਪਾ ਕੇ ਸਾੜ ਕੇ ਸਵਾਹ ਕਰ ਦਿੱਤਾ ਗਿਆ ਹੋਵੇ? ਉਹ ਵਿਚਾਰੀ ਬੇਸੁਧ ਧਰਤੀ ’ਤੇ ਪਈ ਏ। ਜੇ ਕਦੇ ਬੇਹੋਸ਼ੀ ਵਿਚ ਜ਼ੁਬਾਨ ਖੁੱਲ੍ਹਦੀ ਹੈ ਤਾਂ ‘ਹਾਇ ਪੁੱਤ, ਹਾਇ ਪੁੱਤਾ’ ਕਹਿ ਕੇ ਬੰਦ ਹੋ ਜਾਂਦੀ ਏ। ਉਸ ਦਾ ‘ਹਾਇ ਪੁੱਤਾ’ ਆਖ ਕੇ ਚੀਕ ਮਾਰਨਾ ਰੁੱਖਾਂ ਨੂੰ ਰੁਆ ਦਿੰਦਾ ਸੀ, ਪੱਥਰ-ਦਿਲਾਂ ਨੂੰ ਮੋਮ ਕਰ ਦਿੰਦਾ ਸੀ। ਪਰ ਇੱਕੋ ਬਾਦਸ਼ਾਹ ਸੀ, ਜਿਸ ਦਾ ਬੇਰਹਿਮ ਦਿਲ ਨਾ ਪਸੀਜਿਆ। ਪਰ ਪੁੱਤਾਂ ਵਾਲੇ ਅੱਥਰੂ ਕੇਰ ਰਹੇ ਸਨ, ਕਿਉਂਕਿ ਪੁੱਤਰ-ਵਿਛੋੜਾ ਹੈ ਹੀ ਨਾਕਾਬਲੇ ਬਰਦਾਸ਼ਤ।

ਸਿਕੰਦਰ ਬੜਾ ਹਿੰਮਤੀ ਬਾਦਸ਼ਾਹ ਮੰਨਿਆ ਗਿਆ ਹੈ। ਇਸ ਨੇ ਥੋੜ੍ਹੀ ਜਿਹੀ ਉਮਰ ਵਿਚ ਹੀ ਕਈ ਮੁਲਕਾਂ ਨੂੰ ਫ਼ਤਹਿ ਕਰ ਲਿਆ ਸੀ ਤੇ ਹਿੰਦੁਸਤਾਨ ਵਿਚ ਵੀ ਆਪਣਾ ਸਿੱਕਾ ਬਿਠਾਇਆ ਸੀ। ਪਰ ਜਦੋਂ ਖੋਪਰੀ ਵਿਚ ਫ਼ਤੂਰ ਪਿਆ ਤੇ ਅਕਲ ਰਸਤਿਓਂ ਭੁੱਲ ਗਈ ਤਾਂ ਇਸ ਨੇ ਵੀ ਅਜਿਹਾ ਦਾਅਵਾ ਕਰ ਦਿੱਤਾ। ਲੋਕਾਂ ’ਚ ਮਸ਼ਹੂਰ ਕਰ ਦਿੱਤਾ ਕਿ ਮੈਂ ਖ਼ੁਦਾ ਹਾਂ।ਜਿਸ ਦਿਨ ਸੱਚੇ ਖ਼ੁਦਾ ਨੇ ਇਸ ਵੱਲ ਮੌਤ ਭੇਜੀ ਤਾਂ ਇਹ ਅਜਬ ਹੈਰਾਨ ਸੀ ਕਿ ਖ਼ੁਦਾ ਨੂੰ ਭੀ ਮੌਤ! ਪਰ ਛੇਤੀ ਹੀ ਸੱਚਾਈ ਦਾ ਪਤਾ ਲੱਗ ਜਾਣ ਕਰਕੇ ਸਿਕੰਦਰ ਨੂੰ ਨਿਸਚਾ ਹੋ ਗਿਆ ਕਿ ਮਰ ਜਾਣਾ ਹੈ, ਪਰ ਚਾਹਿਆ ਕਿ ਕੋਈ ਤਜਰਬਾ ਕਰ ਚੱਲੀਏ। ਇਕ ਤਾਂ ਆਪਣੀ ਤਸੱਲੀ ਹੋ ਜਾਏਗੀ, ਦੂਜਾ ਦੁਨੀਆਂ ਵੀ ਸਬਕ ਸਿਖ ਕੇ ਰਸਤਾ ਸੁਆਰ ਲਏਗੀ, ਸੁ ਬੋਲਿਆ:

ਜ਼ਰ ਸਿਕੰਦਰ ਨੇ ਜ਼ਮਾ ਕਰੁ, ਕਹ ਦੀਆ ਹੂੰ ਮੈਂ ਖ਼ੁਦਾ।
ਵਕਤ ਪੜਨੇ ਪਰ ਖ਼ੁਦਾ ਸੇ, ਸਭ ਲਗੇ ਹੋਨੇ ਜੁਦਾ।
ਸਭ ਮੁਲਕੇ ਯੂਨਾਨ ਕੇ, ਹਿਕਮਤ-ਗਰੋਂ ਸੇ ਯੂੰ ਕਹਾਂ।
ਐ ਤਬੀਬੋ ਹੈ ਕੋਈ? ਮੌਤ ਕੀ ਇਸ ਵਕਤ ਦਵਾ?
ਸਭ ਅਮੀਰੋਂ ਔਰ ਵਜ਼ੀਰੋਂ, ਬੇਗਮੋਂ ਸੇ ਯੂੰ ਕਹਾ,
ਹੈ ਕੋਈ ਮੁਝਕੋ ਬਚਾਨੇ ਕੇ ਲੀਏ ਅਹਿਲੇ-ਵਫ਼ਾ।
ਢੇਰ ਦੌਲਤ ਕੇ ਲਗਾ ਕਰ, ਹਾਥ ਮੇਂ ਲੇ ਯੂੰ ਕਹਾ,
ਤੂ ਭੀ ਮੁਝ ਕੋ ਛੋੜਤੀ ਹੈ, ਅਬ ਤੋ ਮੈਂ ਤਨਹਾ ਚਲਾ।
ਔਰ ਤਬੀਬੋਂ ਕੇ ਜਨਾਜ਼ਾ ਯਹ ਮੇਰਾ ਕਾਂਧੇ ਪੇ ਹੋ,
ਗੰਜ ਭੀ ਹੋਂ, ਬੇਗਮੇਂ ਭੀ, ਸਾਥ ਹੋ ਸਾਰੀ ਸਿਪਾਹ।
ਦਰ ਸਿਕੰਦਰ ਕਾ ਜਨਾਜ਼ਾ, ਕੂਚਾ ਕੂਚਾ ਮੇਂ ਫਿਰੇ।
ਤਾ ਕਿ ਹੋ ਮਾਲੂਮ ਸਭ ਕੋ, ਆਖ੍ਰਿਤ ਕਾ ਯਿਹ ਮਜ਼ਾ।
ਜਿਸ ਕਾ ਲਖਤੇ ਜਿਗਰ ਥਾ, ਉਸਕਾ ਜਿਗਰ ਫਟਨੇ ਲਗਾ।
ਪੂਛਤੀ ਹੈ ਹਰ ਬਸ਼ਰ ਕੋ, ਹੈ ਸਿਕੰਦਰ ਕੌਨ ਸਾ?
ਕਬਰ ਪਰ ਅਪਨੇ ਪਿਸਰ ਕੀ, ਯਹ ਸੁਖਨ ਕਹਨੇ ਲਗੀ,
ਐ ਸਿਕੰਦਰ ਐ ਸਿਕੰਦਰ, ਵੋਹ ਮੁਹੱਬਤ ਮਤ ਭੁਲਾ।
ਆਖ਼ਿਰ ਤੁ ਅਰਸ਼ ਸੇ, ਆਵਾਜ਼ ਯਹ ਆਨੇ ਲਗੀ,
ਆ ਚੁਕੇ ਐਸੇ ਸਿਕੰਦਰ, ਇਸ ਜਗਹ ਲਾਖੋਂ ਦਫ਼ਾ।

ਸਿਕੰਦਰ ਨੇ ਯੂਨਾਨੀ ਹਕੀਮਾਂ ਨੂੰ ਪੁੱਛਿਆ ਕਿ ਤੁਸੀਂ ਬੜੇ ਮਸ਼ਹੂਰ ਤੇ ਮੰਨੇ-ਪ੍ਰਮੰਨੇ ਹਕੀਮ ਹੋ, ਕੋਈ ਮੌਤ ਦਾ ਇਲਾਜ ਵੀ ਕੱਢਿਆ ਜੇ ਕਿ ਨਹੀਂ? ਮੈਨੂੰ ਕੋਈ ਐਸੀ ਗੋਲੀ ਦਿਉ, ਜਿਸ ਦੇ ਖਾਧਿਆਂ ਮੌਤ ਨਾ ਮਾਰ ਸਕੇ। ਮੈਂ ਸਦਾ ਵਾਸਤੇ ਕਾਇਮ ਰਹਿ ਸਕਾਂ। ਕੋਈ ਐਸੀ ਜ਼ੂਦ ਅਸਰ ਤੇ ਮੁਜੱਰਬ ਦੁਆ ਦਿਉ, ਜਿਸ ਦੇ ਸਾਹਮਣੇ ਮੌਤ ਦੀ ਪੇਸ਼ ਨਾ ਜਾ ਸਕੇ।

ਸਿਕੰਦਰ ਦੀ ਗੱਲ ਸੁਣ ਕੇ ਹਕੀਮ ਹੱਸੇ ਤੇ ਸਿਕੰਦਰ ਦੀ ਨਾਦਾਨੀ ’ਤੇ ਅਫ਼ਸੋਸ ਕਰ ਕੇ ਬੋਲੇ ਕਿ ਐ ਬਾਦਸ਼ਾਹ!

ਕਾਲ ਮਹਾਂ ਬਲੀ, ਹਲ ਚਲੀ ਮੇਲੇ ਗਲੀ ਗਲੀ,
ਹਾਰੇ ਮਹਾਂ ਬਲੀ, ਦਾਲ ਕਾਹੂੰ ਕੀ ਨਾ ਗਲੀ ਹੈ।

ਕਾਲ ਭਗਵਾਨ ਬੜਾ ਬਲਵਾਨ ਹੈ, ਇਸ ਨੇ ਘਰ-ਘਰ ’ਤੇ ਗਲੀ-ਗਲੀ ’ਚ  ਹਲਚਲ ਮਚਾ ਰੱਖੀ ਏ, ਬੜੇ-ਬੜੇ ਸੂਰਮੇ ਇਸ ਦੇ ਸਾਹਮਣੇ ਆਏ ਤੇ ਮੂੰਹ ਦੀ ਖਾ ਕੇ ਚਲੇ ਗਏ। ਇਸ ਦੇ ਸਾਹਮਣੇ ਅੱਜ ਤਕ ਕਿਸੇ ਦੀ ਦਾਲ ਨਹੀਂ ਗਲੀ, ਤੂੰ ਕਿਸ ਦਾ ਪਾਣੀਹਾਰ ਏਂ?

ਹਕੀਮਾਂ ਦੇ ਤੇ ਹਕੀਮਾਂ ਦੀਆਂ ਦਵਾਈਆਂ ਦੇ ਹੁੰਦਿਆਂ-ਸੁੰਦਿਆਂ ਸਿਕੰਦਰ ਮਰ ਗਿਆ। ਬੜੇ ਸ਼ਾਹੀ ਠਾਠ ਨਾਲ ਉਸ ਦਾ ਜਨਾਜ਼ਾ ਨਿਕਲਿਆ ਤੇ ਕਬਰ ਦੇ ਹਵਾਲੇ ਹੋ ਗਿਆ ਅਤੇ ਨਵੀਂ ਮਿੱਟੀ ਥੱਲੇ ਦੇ ਕੇ ਲੋਕ ਘਰੋ-ਘਰੀਂ ਚਲੇ ਗਏ, ਪਰ ਜਿਸ ਦੇ ਦਿਲ ਦਾ ਟੁਕੜਾ ਸੀ, ਉਹ ਮਾਂ ਰੋਈ, ਕੁਰਲਾਈ ਤੇ ਹਾਲੋਂ-ਬੇਹਾਲ ਹੋ ਗਈ। ਪੁੱਤ ਦਾ ਵਿਛੋੜਾ ਜਰਿਆ ਨਾ ਗਿਆ, ਜਿਸ ਕਰਕੇ ਕਬਰਾਂ ’ਚ ਗਈ ਤੇ ਆਪਣੇ ਪੁੱਤ ਦੀ ਕਬਰ ’ਤੇ ਰੋ-ਰੋ ਕੇ ’ਵਾਜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਵਾਹੋ-ਦਾਹੀ ਪਿੱਟਦੀ ਨੇ ਵਾਵੇਲਾ ਪੁਕਾਰਿਆ, ਤੇ ਕਬਰ ਦੀ ਮਿੱਟੀ ਨੂੰ ਮੁਖ਼ਾਤਬ ਕਰ ਕੇ ਆਖਿਆ, “ਵੇ ਸਿਕੰਦਰਾ, ਮੈਂ ਮਰਨ ਵਾਲੀ ਰਹਿ ਗਈ ਤੇ ਤੂੰ ਰਹਿਣ ਵਾਲਾ ਮਰ ਗਿਓਂ। ਇਹ ਕੀ ਕੀਤਾ ਈ ਵੇ ਬੱਚਾ? ਤੱਤੀ ਮਾਂ ਦੀ ਇਕ ਗੱਲ ਤਾਂ ਸੁਣ ਜਾਂਦੋਂ! ਵੇ ਤੂੰ ਕਿੱਥੇ ਚਲੇ ਗਿਓਂ, ਜਾਂਦੀ ਵਾਰੀ ਕੁਝ ਦੱਸ ਕੇ ਜਾਂਦੋਂ!” ਇਉਂ ਰੋਂਦੀ-ਕੁਰਲਾਂਦੀ ਮਾਂ ਦੇ ਕੰਨਾਂ ’ਚ ਇਕ ਗ਼ੈਬੀ ਆਵਾਜ਼ ਪਈ ਜਿਸ ਨੇ ਆਖਿਆ, “ਭੋਲੀਏ, ਇਥੇ ਕਈ ਸਿਕੰਦਰ ਹੋ ਗੁਜ਼ਰੇ ਹਨ, ਤੂੰ ਕਿਸ ਨੂੰ ਰੋਨੀ ਏਂ?” ਪਰ ਅਸੀਂ ਹੁਣ ਇਹ ਸੋਚਣਾ ਹੈ ਕਿ ਸਿਕੰਦਰ ਰੱਬ ਬਣ ਕੇ ਮਰਿਆ ਅਤੇ ਅਣਿਆਈ ਨਾਲ ਨਹੀਂ, ਸਗੋਂ ਆਈ ਨਾਲ ਮਰਿਆ। ਦੁਨੀਆਂ ਦੇ ਸਾਰੇ ਰੰਗ-ਤਮਾਸ਼ੇ ਦੇਖ ਕੇ ਤੇ ਖਾ-ਹੰਢਾ ਕੇ ਮਰਿਆ, ਪਰ ਮਾਂ ਕੋਲੋਂ ਫੇਰ ਵੀ, ਪੁੱਤ ਵਿਛੋੜਾ ਨਹੀਂ ਜਰਿਆ ਗਿਆ, ਤਦੇ ਤਾਂ ਹਾਲੋਂ-ਬੇਹਾਲ ਏ।

ਜੇ ਸਿਕੰਦਰ ਦੀ ਮਾਂ ਕੋਲੋਂ ਪੁੱਤ ਵਿਛੋੜਾ ਨਹੀਂ ਜਰਿਆ ਗਿਆ, ਹਾਲਾਂਕਿ ਪੁੱਤ ਸਭ ਰੰਗ ਮਾਣ ਕੇ ਮਰਿਆ ਸੀ, ਤਾਂ ਜਿਸ ਮਾਂ ਦਾ ਫੁੱਲ ਵਰਗਾ ਕੋਮਲ ਤੇ ਨਾਜ਼ੁਕ ਪੁੱਤ ਉਸ ਦੀਆਂ ਅੱਖਾਂ ਸਾਹਮਣੇ ਅੱਗ ਵਿਚ ਸੁੱਟ ਦਿੱਤਾ ਗਿਆ ਹੋਵੇ, ਉਹ ਕਿਸ ਤਰ੍ਹਾਂ ਸਬਰ ਕਰੇ, ਉਸ ਵਿਚਾਰੀ ਨੂੰ ਕਿਸ ਤਰ੍ਹਾਂ ਧੀਰਜ ਆਏ? ਉਹ ਹਾਲੋਂ-ਬੇਹਾਲ ਤੇ ਬੇਸੁਧ ਪਈ ਸੀ। ਤਦੇ ਖ਼ਬਰ ਕਿ ਅੱਗ ’ਚੋਂ ਆਵਾਜ਼ ਨਿਕਲੀ “ਮਾਂ!” ਇਹ ਪਿਆਰਾ ਤੇ ਅਤਿ ਪਿਆਰਾ ਸ਼ਬਦ ਮਾਂ ਦੇ ਕੰਨਾਂ ਤਕ ਪੁੱਜਾ। ਮਾਂ ਨੇ ਸਮਝਿਆ ਕਿ ਮਮਤਾ ਦੀ ਮਾਰੀ ਹਾਂ, ਇਸ ਲਈ ਕੰਨ ਵੱਜਦੇ ਨੇ। ਪਰ ਦੂਜੀ ਵਾਰੀ ਇਹ ਸ਼ਬਦ ਹੋਰ ਵੀ ਪਿਆਰ ਭਰੀ ਲਹਿਰ ’ਚ ਬੋਲਿਆ ਤੇ ਬੇਹੋਸ਼ ਮਾਂ ਦੇ ਕੰਨਾਂ ਨੇ ਟਿਕਾਅ ਵਿਚ ਸੁਣਿਆ ਕਿ ਅੱਗ ’ਚੋਂ ਪਿਆਰ ਭਿੰਨੀ ਗੂੰਜ ਆ ਰਹੀ ਸੀ, “ਮਾਂ! ਮਾਂ! ਮਾਂ!!!” ਇਹ ਗੂੰਜ ਸੁਣਦੇ ਹੀ ਮਾਂ ਦੇ ਮੂੰਹੋਂ ਅਚਨਚੇਤ ਨਿਕਲ ਗਿਆ, “ਵੇ ਬੇਟਾ, ਹਾਂ!”

‘ਹਾਂ’, ਦਾ ਉੱਤਰ ਸੁਣ ਕੇ ਦੁਬਾਰਾ ਆਵਾਜ਼ ਆਈ, “ਮਾਂ ਰੋ ਨਾ, ਮੈਂ ਮਰਿਆ ਨਹੀਂ, ਸਗੋਂ ਜੀਊਂਦਾ ਹਾਂ। ਇਹ ਅੱਗ ਮੈਨੂੰ ਤੱਤੀ ਲੱਗਣ ਦੀ ਥਾਂ, ਸਗੋਂ ਠੰਢੀ ਲੱਗਦੀ ਏ ਤੇ ਮੈਂ ਬੜੇ ਸੁਖ ਵਿਚ ਬੈਠਾ ਹਾਂ।” ਇਹ ਅਚੰਭੇ ਜਿਹੀ ਗੱਲ ਸੁਣ ਕੇ ਤਮਾਸ਼ਾ ਦੇਖਣ ਵਾਲੇ ਲੋਕ ਹੈਰਾਨ ਜਿਹੇ ਹੋ ਕੇ ਅੱਗ ਵੱਲ ਦੇਖਣ ਲੱਗ ਪਏ। ਬਾਦਸ਼ਾਹ ਭੀ ਹੈਰਾਨ ਸੀ; ਭਈ ਇਹ ਕੀ ਅਨਹੋਣੀ ਹੋਣ ਲੱਗੀ ਏ ਕਿ ਅੱਗ ਵਿਚ ਸੁੱਟਿਆ ਬੱਚਾ ਅਜੇ ਤਕ ਜੀਊਂਦਾ ਹੈ! ਓਧਰ ਪਿਆਰ ਭਰੀ ਮਾਂ ਉੱਠ ਕੇ ਬੈਠੀ ਤੇ ਮਾਲਕ ਦੇ ਸ਼ੁਕਰਾਨੇ ਵਿਚ ਜੁੜ ਹੋ ਗਈ। ਦਿਲ ਹੀ ਦਿਲ ਆਪਣੇ ਕਰਤਾ ਪੁਰਖ ਦਾ ਲੱਖ-ਲੱਖ ਧੰਨਵਾਦ ਦੇ ਢੇਰ ਨੂੰ ਫੋਲਣਾ ਸ਼ੁਰੂ ਕੀਤਾ ਗਿਆ। ਜਦ ਫੋਲਣ ਵਾਲੇ ਐਨ ਉਸ ਜਗ੍ਹਾ ਪਹੁੰਚੇ ਜਿੱਥੇ ਕਿ ਬੱਚਾ ਸੁੱਟਿਆ ਗਿਆ ਸੀ ਤਾਂ ਕੀ ਦੇਖਦੇ ਨੇ ਕਿ ਬੱਚਾ ਜਿਉਂ ਦਾ ਤਿਉਂ ਤੇ ਨੌਂ-ਬਰ-ਨੌਂ ਸੱਜੇ ਹੱਥ ਦਾ ਅੰਗੂਠਾ ਚੁੰਘਦਾ ਲੇਟਿਆ ਪਿਆ ਹੈ। ਦੇਖਦੇ ਹੀ ਮਾਂ ਨੱਸੀ-ਨੱਸੀ ਗਈ ਤੇ ਬੱਚੇ ਨੂੰ ਗਲ ਨਾਲ ਲਾ ਲਿਆ। ਕਲਪਦੀਆਂ ਆਂਦਰਾਂ ਨੂੰ ਠਾਰਿਆ ਤੇ ਤੜਫਦੇ ਦਿਲ ਨੂੰ ਧੀਰਜ ਦਿੱਤੀ। ਆਪਣੇ ਸੁੱਖਾਂ ਲੱਧੇ ਨਾਲ ਰੱਜ-ਰੱਜ ਕੇ ਪਿਆਰ ਕੀਤਾ ਤੇ ਦਿਲ ਦੀਆਂ ਲੁਕਵੀਆਂ ਸੱਧਰਾਂ ਨੂੰ ਪੂਰਾ ਕਰਨ ਦਾ ਯਤਨ ਕੀਤਾ।

ਓਧਰ ਬਾਦਸ਼ਾਹ ਦਿਲ ਹੀ ਦਿਲ ਕ੍ਰਿਝ ਰਿਹਾ ਸੀ ਤੇ ਕਈ ਪ੍ਰਕਾਰ ਦੇ ਵਿਚਾਰਾਂ ’ਚ ਡੁੱਬਦਾ ਜਾਂਦਾ ਸੀ। ਗੁੱਸੇ ਨਾਲ ਲਾਲੋ-ਲਾਲ ਤੇ ਲੋਹਾ-ਲਾਖਾ ਹੋ ਗਿਆ ਸੀ। ਆਖ਼ਰ ਕ੍ਰੋਧ ਵਿਚ ਬੋਲਿਆ ਕਿ ਐ ਅਗਨੀ, ਅੱਜ ਤੋਂ ਤੂੰ ਕਾਫ਼ਰ ਹੈਂ। ਨਿਰੀ ਕਾਫ਼ਰ ਹੀ ਨਹੀਂ ਸਗੋਂ ਮਹਾਂ ਕਾਫ਼ਰ। ਤਾਂ ਕਿਸੇ ਗ਼ੈਬੀ ਸ਼ਕਤੀ ਨੇ ਪੁੱਛਿਆ, “ਕਾਫ਼ਰ, ਕਿਉਂ?”

“ਜੋ ਆਪਣੇ ਫ਼ਰਜ਼ ਦੀ ਪੂਰੀ ਅਦਾਇਗੀ ਨਹੀਂ ਕਰਦਾ, ਸਗੋਂ ਉਸ ਤੋਂ ਕੁਤਾਹੀ ਕਰਦਾ ਹੈ ਉਹ ਕਾਫ਼ਰ ਹੈ”, ਬਾਦਸ਼ਾਹ ਦਾ ਉੱਤਰ ਸੀ।

“ਅੱਗ ਨੇ ਕੀ ਕੁਤਾਹੀ ਕੀਤੀ ਏ?” ਗ਼ੈਬੀ ਸ਼ਕਤੀ ਦਾ ਸਵਾਲ ਸੀ। “ਸੁੱਕਾ ਹੋਵੇ, ਭਾਵੇਂ ਗਿੱਲਾ; ਊਚ ਹੋਵੇ, ਭਾਵੇਂ ਨੀਚ; ਬੱਚਾ ਹੋਵੇ, ਭਾਵੇਂ ਬਿਰਧ;  ਹਿੰਦੂ ਹੋਵੇ ਭਾਵੇਂ ਮੁਸਲਮਾਨ, ਅੱਗ ਦਾ ਫਰਜ਼ ਹੈ ਸਾੜ ਦੇਣਾ ਤੇ ਸੁਆਹ ਕਰ ਕੇ ਕਿਣਕੇ ਹਵਾ ਵਿਚ ਉਡਾ ਦੇਣੇ, ਪਰ ਚੂੰਕਿ ਅੱਗ ਨੇ ਇਸ ਬੱਚੇ ਨੂੰ ਨਾ ਸਾੜ ਕੇ ਆਪਣੇ ਫ਼ਰਜ਼ੋਂ ਕੁਤਾਹੀ ਤੇ ਧਰਮੋਂ ਗ਼ਫ਼ਲਤ ਕੀਤੀ ਏ, ਇਸ ਲਈ ਕਾਫ਼ਰ ਹੈ।” ਬਾਦਸ਼ਾਹ ਦਾ ਉੱਤਰ ਸੀ।

ਗ਼ੈਬੀ ਸ਼ਕਤੀ ਨੇ ਆਖਿਆ ਕਿ ਐ ਭੁੱਲੜ ਬੰਦੇ! ਤੂੰ ਭਰਮ-ਹਨੇਰੇ ’ਚ ਟੱਕਰਾਂ ਮਾਰ ਰਿਹਾ ਏਂ। ਤੈਨੂੰ ਨਹੀਂ ਪਤਾ ਕਿ ਅੱਗ ਦੀ ਹਾਲਤ ਉਸ ਕੁੱਤੇ ਵਰਗੀ ਹੈ, ਜੋ ਮਾਲਕ ਦੇ ਹੁਕਮ ਵਿਚ ਚੱਲਦਾ ਹੋਵੇ ਤੇ ਮਾਲਕ ਦੀ ਗ਼ੈਰ-ਹਾਜ਼ਰੀ ਵਿਚ ਉਸ ਦੇ ਘਰ ਦੀ ਚੌਖਟ ’ਤੇ ਬੂਥੀ ਰੱਖ ਕੇ ਬੈਠਾ ਰਹੇ। ਜੇ ਉਸ ਦੇ ਮਾਲਕ ਦਾ ਦੋਸਤ ਆਵੇ ਤਾਂ ਉਹ ਕੁੱਤਾ ਪੂਛਲ ਹਿਲਾਉਂਦਾ ਤੇ ਜ਼ਬਾਨ ਕੱਢਦਾ ਅਤੇ ਮਾਲਕ ਦੇ ਦੋਸਤ ਦੇ ਪੈਰਾਂ ’ਤੇ ਲੇਟ-ਲੇਟ ਕੇ ਪ੍ਰਾਹੁਣਾਚਾਹੀ ਦਾ ਸਾਰਾ ਕੰਮ ਕਰਦਾ ਏ। ਆਪਣੇ ਮਾਲਕ ਦੀ ਥਾਵੇਂ ਘਰ ਆਏ ਦੋਸਤ ਦੀ ਆਓ-ਭਗਤ ਕਰਦਾ ਏ। ਕੇਵਲ ਇਸ ਲਈ ਕਿ ਇਹ ਮੇਰੇ ਮਾਲਕ ਦਾ ਦੋਸਤ ਹੈ। ਪਰ ਜੇ ਕਦੇ ਮਾਲਕ ਦਾ ਦੁਸ਼ਮਣ ਘਰ ਆ ਜਾਏ, ਤਾਂ ਉਹੋ ਕੁੱਤਾ ਸ਼ੇਰ ਦਾ ਰੂਪ ਧਾਰ ਕੇ ਡਟ ਜਾਂਦਾ ਏ ਤੇ ਆਪਣੇ ਮਾਲਕ ਦੇ ਦੁਸ਼ਮਣ ਸਾਹਮਣੇ ਭੌਂਕਦਾ ਏ, ਕਚੀਚੀਆਂ ਵੱਟ ਕੇ ਉਸ ਵੱਲ ਟੁੱਟ-ਟੁੱਟ ਕੇ ਲਪਟਦਾ ਏ। ਕਦੇ ਭੁੱਲ ਕੇ ਵੀ ਉਸ ਨੂੰ ਆਪਣੇ ਮਾਲਕ ਦੇ ਘਰ ’ਚ ਨਹੀਂ ਵੜਨ ਦਿੰਦਾ, ਸਗੋਂ ਜਾਨ ਦੀ ਬਾਜ਼ੀ ਲਾ ਕੇ ਬੈਠ ਜਾਂਦਾ ਏ।

ਇਸੇ ਤਰ੍ਹਾਂ ਅੱਗ ਵੀ ਆਪਣੇ ਮਾਲਕ ਦੇ ਦਰ ’ਤੇ ਪਹਿਰੇਦਾਰ ਹੈ। ਜੇ ਇਸ ਦੇ ਮਾਲਕ ਦਾ ਦੋਸਤ ਇਸ ਕੋਲ ਆਵੇ ਤਾਂ ਉਸ ਦਾ ਸਤਿਕਾਰ ਕਰਦੀ ਏ। ਉਸ ਨੂੰ ‘ਜੀ ਆਇਆਂ’ ਆਖਦੀ ਏ ਤੇ ਭੁੱਲ ਕੇ ਵੀ ਉਸ ਦਾ ਰੋਮ ਤਕ ਨਹੀਂ ਸਾੜਦੀ, ਸਗੋਂ ਸਦਕੇ ਤੇ ਘੋਲੀ ਜਾਂਦੀ ਏ ਜਿਸ ਤਰ੍ਹਾਂ ਕਿ ਪ੍ਰਹਿਲਾਦ ਨੂੰ ਤੱਤੀ ਵਾਅ ਨਹੀਂ ਲੱਗਣ ਦਿੱਤੀ, ਭੱਠੀ ਵਿਚ ਪਏ ਬਿੱਲੀ ਦੇ ਬੱਚਿਆਂ ਦਾ ਰੋਮ ਤਕ ਨਹੀਂ ਸਾੜਿਆ, ਪਤੀ-ਬ੍ਰਤਾ ਧਰਮ ਦੀ ਪ੍ਰੀਖਿਆ ਵੇਲੇ ਸਤੀਆਂ ਅੱਗ ’ਚ ਪਈਆਂ ਪਰ ਉਨ੍ਹਾਂ ਦਾ ਰੰਚਕ ਫ਼ਨਾਹ ਨਾ ਹੋਣ ਦਿੱਤਾ, ਕਿਉਂਕਿ ਇਹ ਸਭ ਅੱਗ ਦੇ ਮਾਲਕ ਦੇ ਦੋਸਤ ਸਨ।

ਪਰ ਜਦੋਂ ਕਦੇ ਮਾਲਕ ਦੇ ਦੁਸ਼ਮਣ ਅੱਗ ਹਵਾਲੇ ਕੀਤੇ ਗਏ ਨੇ, ਉਨ੍ਹਾਂ ਨੂੰ ਸਾੜ ਕੇ ਸੁਆਹ ਕਰ ਕੇ ਖੁਰਾ-ਖੋਜ ਤਕ ਮਿਟਾ ਦਿੱਤਾ ਗਿਆ ਏ। ਹੋਲਕਾਂ ਨੇ ਭਾਵੇਂ ਵਰ ਪ੍ਰਾਪਤ ਕੀਤਾ ਹੋਇਆ ਸੀ, ਕਿ ਮੈਂ ਅੱਗ ਵਿਚ ਨਾ ਸੜਾਂ ਪਰ ਚੂੰਕਿ ਪ੍ਰਹਿਲਾਦ ਦੇ ਖ਼ਿਲਾਫ਼ ਹਰਨਾਖ਼ਸ਼ ਦੀ ਮਦਦ ਕੀਤੀ ਸੀ, ਇਸ ਲਈ ਸੜ ਕੇ, ਰਾਖ਼ ਬਣ ਕੇ ਪਤਾ ਨਹੀਂ ਕਿਸ ਦੇਸ਼ ਨੂੰ ਉੱਡ ਗਈ! ਪਰ ਰੱਬ ਦੇ ਪਿਆਰ ਵਾਲਿਆਂ ਨੂੰ ਅੱਗ ਨੇ ਕਦੇ ਨਹੀਂ ਸਾੜਿਆ, ਚੂੰਕਿ ਇਸ ਬੱਚੇ ਦੀ ਮਾਂ ਕਰਤਾ ਪੁਰਖ ਦੇ ਪਿਆਰ ਵਿਚ ਰੰਗੀ ਹੋਈ ਏ, ਇਸ ਲਈ ਅੱਗ ਨੇ ਇਸ ਬੱਚੇ ਨੂੰ ਨਹੀਂ ਸਾੜਿਆ। ਤੂੰ ਆ ਕੇ ਦੇਖ ਲੈ, ਜੇ ਤੇਰਾ ਨਾਮ ਨਾ ਮਿਟਾ ਦਿੱਤਾ ਤਾਂ ਆਖੀਂ! ਗ਼ੈਬੀ ਸ਼ਕਤੀ ਦੀ ਆਵਾਜ਼ ਸੁਣਦਿਆਂ ਹੀ ਬਾਦਸ਼ਾਹ ਕੰਬਿਆ ਤੇ ਆਪਣੀ ਕੀਤੀ ਕਰਤੂਤ ’ਤੇ ਪਸ਼ੇਮਾਨ ਹੋ ਕੇ ਅਫ਼ਸੋਸ ਨਾਲ ਸਿਰ ਹਿਲਾ ਕੇ ਧੌਣ ਨੀਵੀਂ ਪਾ ਲਈ ਤੇ ਰੱਬ ਦੀ ਹਸਤੀ ਦਾ ਕਾਇਲ ਹੋ ਗਿਆ। ਇਸੇ ਕਰਕੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਫ਼ੁਰਮਾਇਆ ਹੈ ਕਿ:

ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ॥ (ਪੰਨਾ 450)

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਗਿਆਨੀ ਮਾਨ ਸਿੰਘ ਝੌਰ ਸਿੱਖ ਪੰਥ ਦੇ ਪ੍ਰਸਿੱਧ ਵਿਦਵਾਨ, ਕਥਾਵਾਚਕ, ਪ੍ਰਚਾਰਕ ਸਨ।

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)