editor@sikharchives.org
Ajoke Manav Jiwan De Vigas Da Srot Sri Sukhmani Sahib

ਅਜੋਕੇ ਮਾਨਵ ਜੀਵਨ ਦੇ ਵਿਗਾਸ ਦਾ ਸ੍ਰੋਤ ਸ੍ਰੀ ਸੁਖਮਨੀ ਸਾਹਿਬ

ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਵਿਚ ਦਰਸਾਇਆ ਗਿਆ ਗਾਡੀ ਰਾਹ, ਅਜੋਕੇ ਮਾਨਵ-ਜੀਵਨ ਦੇ ਵਿਗਾਸ ਲਈ ਸੰਪੂਰਨ ਜੀਵਨ-ਜੁਗਤ ਦੇ ਰੋਲ-ਮਾਡਲ ਵਜੋਂ ਸਾਰਥਿਕ ਭੂਮਿਕਾ ਨਿਭਾਅ ਸਕਦਾ ਹੈ ਜੇਕਰ ਇਸ ਬਾਣੀ ਦੀ ਮੂਲ ਭਾਵਨਾ ਨੂੰ ਇਕ-ਮਨ ਇਕ-ਚਿਤ ਹੋ ਕੇ ਠੀਕ ਪ੍ਰਸੰਗ ਵਿਚ ਸਮਝਿਆ ਤੇ ਸਮਝਾਇਆ ਜਾਵੇ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਪਦਾਰਥਿਕ-ਸੰਸਾਰ ਨਾਲ ਜੁੜੇ ਮਨੁੱਖ ਦਾ ਕੇਂਦਰ-ਬਿੰਦੂ ਹੁੰਦਾ ਹੈ ਪੰਜ ਭੂਤਕ ਮਾਨਵ ਸਰੀਰ ਦੀ ਖੁਸ਼ਹਾਲੀ ਅਤੇ ਪਰਮਾਰਥ ਨਾਲ ਜੁੜੇ ਮਹਾਂਪੁਰਸ਼ਾਂ ਦਾ ਸਰੋਕਾਰ ਹੁੰਦਾ ਹੈ ਮਾਨਵ-ਆਤਮਾ ਦਾ ਵਿਕਾਸ। ਇਹ ਤੱਥ ਨਿਰਵਿਵਾਦ ਹੈ ਕਿ ਆਤਮਿਕ-ਵਿਕਾਸ ਵਾਲੇ ਮਾਨਵ ਦਾ ਸਰੀਰਕ ਵਿਕਾਸ ਤਾਂ ਸੁਤੇਸਿੱਧ ਹੋ ਜਾਂਦਾ ਹੈ ਪਰ ਕੇਵਲ ਸਰੀਰਕ ਸੁਖਾਂ ਨਾਲ ਜੁੜਿਆ ਮਾਨਵ, ਆਤਮਿਕ ਵਿਕਾਸ ਨਹੀਂ ਕਰ ਸਕਦਾ। ਇਸ ਦਾ ਕਾਰਨ ਹੈ ਇਨ੍ਹਾਂ ਦੋਹਾਂ ਦੀ ਜੀਵਨ-ਸ਼ੈਲੀ ਅਤੇ ਮੰਤਵ ਵਿਚ ਵਿਭਿੰਨਤਾ। ਸੰਸਾਰੀ ਵਸਤਾਂ ਨਾਲ ਜੁੜੇ ਮਾਨਵ ਦੀ ਉਡਾਰੀ, ਪਦਾਰਥਕ ਸੁਖਾਂ ਦੀ ਪ੍ਰਾਪਤੀ ਤਕ ਸੀਮਤ ਹੁੰਦੀ ਹੈ ਜਦੋਂ ਕਿ ਨਿਰੰਕਾਰੀ-ਨੂਰ ਨਾਲ ਜੁੜੇ ਮਾਨਵ ਦੀ ਉਡਾਰੀ ਅਧਿਆਤਮਿਕ ਮੰਡਲ ਤਕ ਜਾ ਪੁੱਜਦੀ ਹੈ। ਅਧਿਆਤਮਿਕ ਗਿਆਨ ਤੋਂ ਵਿਹੂਣੇ ਮਾਨਵ ਦੀ ਸੋਚ, ਹਰਿ ਦਾ ਨਾਮ ਜਪਣ ਅਤੇ ਨਿਰਮਲ ਕਰਮ ਕਰਨ ਵਾਲੀ ਉਜਿਆਰੀ ਨਹੀਂ ਹੁੰਦੀ। ਉਹ ਤਾਂ ਹਉਮੈ ਭਰਪੂਰ ਮੈਂ ਵਿਚ ਘਿਰ ਕੇ ਗਰਭ ਜੋਨੀਆਂ ਵਿਚ ਭਰਮਦਾ ਰਹਿੰਦਾ ਹੈ। ਗੁਰਬਾਣੀ-ਉਪਦੇਸ਼ ਅਨੁਸਾਰ ਜਦੋਂ ਮਨੁੱਖ ਆਪਣੀ ਮਤ ਛੱਡ ਕੇ ‘ਗੁਰ ਕੀ ਮਤਿ ਤੂੰ ਲੇਹਿ ਇਆਨੇ’ ਵਾਲੇ ਮਾਰਗ ਦਾ ਪਾਂਧੀ ਬਣ ਜਾਂਦਾ ਹੈ ਤਾਂ ਉਸ ਦੇ ਜੀਵਨ ਵਿਚ ਉਨਤੀ ਦੀ ਰਾਸ ਦੇ ਅਗਣਤ ਰਾਹ ਆਪਣੇ ਆਪ ਖੁਲ੍ਹ ਜਾਂਦੇ ਹਨ। ਇਸ ਆਤਮਿਕ ਉਨਤੀ ਦਾ ਸਾਧਨ ਹੈ ਗੁਰੂ ਹੁਕਮਾਂ ਅਨੁਸਾਰ ਜੀਵਨ ਢਾਲਣਾ।

ਨਿਰਸੰਦੇਹ ਅਜੋਕੇ ਮਨੁੱਖ ਨੇ ਆਪਣੀ ਹਿੰਮਤ, ਦ੍ਰਿੜ੍ਹਤਾ ਅਤੇ ਵਿਸ਼ਵਾਸ ਨਾਲ ਵਿਸ਼ਵ-ਪੱਧਰ ਉੱਤੇ ਹੈਰਾਨੀਜਨਕ ਵਿਕਾਸ ਕੀਤਾ ਹੈ। ਨੀਲ ਗਗਨ ਦੀ ਛੱਤ ਹੇਠ ਖੁਲ੍ਹੇ ਮੈਦਾਨਾਂ ਵਿਚ ਰਹਿਣ ਵਾਲਾ ਅਤੇ ਕੰਦ ਮੂਲ ਖਾ ਕੇ ਜੀਵਨ-ਨਿਰਬਾਹ ਕਰਨ ਵਾਲਾ ਮਾਨਵ, ਅੱਜ ਏਅਰ-ਕੰਡੀਸ਼ਨ ਘਰਾਂ ਵਿਚ ਰਹਿਣ ਅਤੇ ਛੱਤੀ ਪ੍ਰਕਾਰ ਦੇ ਭੋਜਨ ਖਾਣ ਦੇ ਸਮਰੱਥ ਹੋ ਗਿਆ ਹੈ। ਵਿਸ਼ਵੀਕਰਨ ਦੀ ਲਹਿਰ ਅਧੀਨ ਨਿਤ ਨਵੀਆਂ ਵਿਗਿਆਨਕ ਖੋਜਾਂ ਅਤੇ ਪਦਾਰਥਕ ਸੁਖਾਂ ਨੇ ਮਾਨਵ-ਸੰਸਾਰ ਦਾ ਦ੍ਰਿਸ਼ ਹੀ ਬਦਲ ਦਿੱਤਾ ਹੈ। ਆਵਾਜਾਈ ਦੇ ਨਵੀਨ ਢੰਗ, ਕੰਪਿਊਟਰ ਅਤੇ ਸੰਚਾਰ-ਸਾਧਨਾਂ ਨੇ ਹਜ਼ਾਰਾਂ ਮੀਲਾਂ ਦੀ ਦੂਰੀ ਅਤੇ ਜਾਣਕਾਰੀ ਮਿੰਟਾਂ ਸਕਿੰਟਾਂ ਵਿਚ ਦੇਣੀ ਅਰੰਭ ਕਰ ਦਿੱਤੀ ਹੈ। ਵਿਕਾਸਗਤੀ ਦੀ ਇਸ ਦੌੜ ਵਿਚ ਸਮੁੱਚਾ-ਵਿਸ਼ਵ ਇਕ ਘਰ ਵਾਂਗ ਤਾਂ ਬਣ ਗਿਆ ਹੈ ਪਰ ਘਰ ਬਿਖਰ ਗਿਆ ਹੈ। ਵਿਸ਼ਵੀਕਰਨ ਦੀ ਇਸ ਵਿਕਾਸ ਲਹਿਰ ਦਾ ਦੁਖਦਾਈ ਪਹਿਲੂ ਵੀ ਵਿਰਾਟ ਹੈ ਕਿਉਂਕਿ ਪਦਾਰਥਵਾਦ ਦੀ ਇਸ ਦੌੜ ਵਿਚ ਨਿਜਵਾਦ ਤੇ ਨਿਜਲਾਭ ਵੀ ਵੱਡੀ ਪੱਧਰ ’ਤੇ ਇਸ ਤਰ੍ਹਾਂ ਫੈਲ ਰਿਹਾ ਹੈ ਜਿਸ ਨਾਲ ਮਾਨਵੀ-ਰਿਸ਼ਤੇ ਟੁੱਟ ਰਹੇ ਹਨ। ਸਰੀਰਕ ਸੁਖਾਂ ਦੇ ਵਿਕਾਸ ਦਾ ਗ੍ਰਾਫ ਜ਼ਰੂਰ ਉਪਰ ਜਾ ਰਿਹਾ ਹੈ ਪਰ ਮਾਨਵ-ਆਤਮਾ ਦੇ ਵਿਕਾਸ਼ ਦਾ ਗ੍ਰਾਫ ਦਿਨ-ਬ-ਦਿਨ ਹੇਠਾਂ ਸਰਕ ਰਿਹਾ ਹੈ। ਮਾਰੂ ਹਥਿਆਰਾਂ ਨੂੰ ਭੰਡਾਰ ਕਰਨ ਦੀ ਹੋੜ ਪ੍ਰਚੰਡ ਹੋ ਰਹੀ ਹੈ, ਆਪਾ-ਧਾਪੀ, ਰਿਸ਼ਵਤਖੋਰੀ, ਲੋਭ-ਲਾਲਚ, ਬੇਇਨਸਾਫ਼ੀ, ਫਿਰਕੂ ਦੰਗੇ, ਆਤੰਕਵਾਦ, ਹਿੰਸਾ, ਜ਼ਬਰ-ਜਿਨਾਹ ਆਦਿ ਦੀਆਂ ਘਟਨਾਵਾਂ ਨਿਤ-ਨਿਤ ਵਧ ਰਹੀਆਂ ਹਨ ਜਿਸ ਦੇ ਫਲਸਰੂਪ ਮਾਨਵੀ-ਸਾਂਝ, ਮਾਨਵੀ-ਰਿਸ਼ਤੇ, ਮਾਨਵ-ਪ੍ਰੇਮ ਅਤੇ ਇਕ ਦੂਜੇ ਦਾ ਦੁਖ ਦਰਦ ਸਮਝਣ ਤੇ ਵੰਡਣ ਦੀ ਪਰਉਪਕਾਰੀ ਭਾਵਨਾ ਸਮਾਪਤ ਹੁੰਦੀ ਜਾ ਰਹੀ ਹੈ ਅਜਿਹੀ ਸਥਿਤੀ ਦੇ ਸਨਮੁਖ ਹੀ ਅੱਜ ਵਿਸ਼ਵ ਦੀ ਹਰ ਸੰਸਥਾ ਤੇ ਸਿਸਟਮ ਚਿੰਤਾਤੁਰ ਹੈ ਕਿ ਮਾਨਵ-ਸੰਸਾਰ ਦੀ ਇਸ ਅਸੰਤੁਲਤ (unbalanced) ਅਵਸਥਾ ਨੂੰ ਕਿਸ ਜੁਗਤ ਨਾਲ ਸੰਤੁਲਤ ਕੀਤਾ ਜਾਵੇ ਤਾਂ ਜੋ ਮਾਨਵ-ਚੇਤਨਾ ਵਿਚ ੴ ਦੀ ਰਚੀ ਰਚਨਾ ਦੇ ਮਨੁੱਖ ਦੀ ਮਨੁੱਖ ਨਾਲ ਸਾਂਝ ਬਣਾ ਕੇ ਇਕ ਦੂਜੇ ਦਾ ਦੁਖ ਦਰਦ ਵੰਡਾਉਣ ਲਈ ਭਾਵਨਾ, ਮਾਨਵ-ਚੇਤਨਾ ਵਿਚ ਦ੍ਰਿੜ੍ਹ ਕਰਦਿਆਂ, ਮਿਲੇ ਸੁਆਸਾਂ ਦੀ ਪੂੰਜੀ ਵਾਲੀ ਸੰਸਾਰ-ਯਾਤਰਾ, ਸਫ਼ਲ ਕਰ ਕੇ ਪ੍ਰਭੂ-ਚਰਨਾਂ ਵਿਚ ਬਿਰਾਜਮਾਨ ਹੋਇਆ ਜਾਏ।

ਇਸ ਪ੍ਰਸੰਗ ਵਿਚ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਵਿਚ ਦਰਸਾਇਆ ਗਿਆ ਗਾਡੀ ਰਾਹ, ਅਜੋਕੇ ਮਾਨਵ-ਜੀਵਨ ਦੇ ਵਿਗਾਸ ਲਈ ਸੰਪੂਰਨ ਜੀਵਨ-ਜੁਗਤ ਦੇ ਰੋਲ-ਮਾਡਲ ਵਜੋਂ ਸਾਰਥਿਕ ਭੂਮਿਕਾ ਨਿਭਾਅ ਸਕਦਾ ਹੈ ਜੇਕਰ ਇਸ ਬਾਣੀ ਦੀ ਮੂਲ ਭਾਵਨਾ ਨੂੰ ਇਕ-ਮਨ ਇਕ-ਚਿਤ ਹੋ ਕੇ ਠੀਕ ਪ੍ਰਸੰਗ ਵਿਚ ਸਮਝਿਆ ਤੇ ਸਮਝਾਇਆ ਜਾਵੇ।

ਅਜੋਕੇ ਮਾਨਵ ਦੀ ਤਰਾਸਦੀ ਹੈ ਕਿ ਉਹ ਆਧੁਨਿਕ ਬਣਨ ਅਤੇ ਦਿੱਸਣ ਦੀ ਕਸਵੱਟੀ ਸਮਝੀ ਬੈਠਾ ਹੈ-ਅਧਿਆਤਮਿਕ ਪਰੰਪਰਾਵਾਂ ਦੀ ਅਣਦੇਖੀ ਕਰਨਾ। ਆਧੁਨਿਕ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਆਧੁਨਿਕ ਹੋਣ ਦਾ ਮਤਲਬ ਆਪਣੇ ਵਿਰਸੇ ਨਾਲੋਂ ਟੁੱਟਣਾ ਕਦਾਚਿਤ ਨਹੀਂ ਸਗੋਂ ਬੁਨਿਆਦੀ ਢਾਂਚੇ ਤੇ ਨਿਯਮਾਂ ਨੂੰ ਆਧੁਨਿਕ ਸੂਚਨਾ ਤੇ ਸੰਚਾਰ-ਪ੍ਰਣਾਲੀ ਦੇ ਮਾਧਿਅਮ ਰਾਹੀਂ ਨਵੀਆਂ ਪ੍ਰਸਥਿਤੀਆਂ ਦਾ ਹਾਣੀ ਬਣਾ ਕੇ ਸਮਝਣਾ ਤੇ ਸਮਝਾਉਣਾ ਅਸਲੀ ਆਧੁਨਿਕਤਾ ਹੈ। ਸੁਖਮਨੀ ਸਾਹਿਬ ਦੇ ਉਪਦੇਸ਼ ਵੀ ਏਸੇ ਸੰਦਰਭ ਵਿਚ ਸਮਝਣ ਦੀ ਲੋੜ ਹੈ।

ਗੰਭੀਰਤਾ ਨਾਲ ਵਿਚਾਰਦਿਆਂ ਸੁਖਮਨੀ ਸਾਹਿਬ ਦੇ ਮਾਨਵ-ਹਿਤੂ ਸੰਦੇਸ਼ ਇਹ ਤੱਥ ਸਾਡੇ ਸਨਮੁਖ ਰਖਦੇ ਹਨ ਕਿ ਆਧੁਨਿਕ ਦ੍ਰਿਸ਼ਟੀਕੋਣ ਤੋਂ ਇਹ ‘ਧੁਰ ਕੀ ਬਾਣੀ’ ਆਧੁਨਿਕ ਪਰੰਪਰਾ ਨਾਲੋਂ ਟੁਟਦੀ ਨਹੀਂ ਬਲਕਿ ਉਸ ਦੇ ਹਾਣ ਦੀ ਹੋ ਕੇ ਤੁਰਦੀ ਹੈ। ਇਸ ਦਾ ਗ੍ਰਹਿ-ਸੁਰ ਮਨੁੱਖ ਨੂੰ ਉਸ ਪਰੰਪਰਾ ਨਾਲੋਂ ਤਾਂ ਤੋੜਦਾ ਹੈ ਜੋ ਅੰਧ ਵਿਸ਼ਵਾਸ ਦੇ ਅੰਤਰਗਤ ਜੀਵਨ-ਬਸਰ ਕਰਨ ਦੇ ਰਾਹ ’ਤੇ ਤੋਰਨ ਦਾ ਕਾਰਜ ਕਰਦੀ ਹੈ ਪਰ ਉਸ ਪਰੰਪਰਾ ਨਾਲ ਜੋੜਦਾ ਹੈ ਜਿਸ ਦੇ ਅੰਤਰਗਤ ਮਨੁੱਖ ਮਾਣ, ਸਨਮਾਨ ਵਾਲਾ ਅੰਤ੍ਰੀਵੀ ਸੁਖਦਾਇਕ ਜੀਵਨ ਜਿਉਂਦਾ ਹੈ। ਇਸ ਤੱਥ ਦੀ ਪੁਸ਼ਟੀ ਕਰਦੀ ਹੈ ਇਸ ਬਾਣੀ ਵਿਚ ਸਚਿਆਰ-ਪਦ ਦੇ ਧਾਰਨੀ ਬਣਨ ਲਈ ਸਾਧ, ਸੰਤ, ਪੰਡਿਤ, ਬ੍ਰਹਮ ਗਿਆਨੀ, ਸੰਤ, ਰਾਮਦਾਸ, ਅਪਰਸ, ਬੈਸਨੋ, ਭਗਉਤੀ ਆਦਿ ਲਈ ਨਿਰਧਾਰਤ ਕੀਤੀ ਜੀਵਨ-ਸ਼ੈਲੀ।

ਗੁਰਮਤਿ-ਸਾਹਿਤ ਖੇਤਰ ਵਿਚ ਸੁਖਮਨੀ ਸਾਹਿਬ ਦੀ ਸੋਭਾ ਇਸ ਕਰਕੇ ਹੈ ਕਿ ਇਸ ਬਾਣੀ ਵਿਚ ਮਾਨਵ-ਜੀਵਨ ਦਾ ਵਿਨਾਸ਼ ਕਰਨ ਵਾਲੇ ਹਰ ਪਹਿਲੂ ਦੀ ਨਿਸ਼ਾਨਦੇਹੀ ਕਰਦਿਆਂ ਉਸ ਤੋਂ ਸਾਵਧਾਨ ਕਰ ਕੇ ਉਸ ਦਾ ਬਦਲ ਅਜਿਹਾ ਸੁਝਾਇਆ ਹੈ ਜਿਸ ’ਤੇ ਅਮਲ ਕਰਨਾ ਸਰਲ, ਸੰਭਵ ਅਤੇ ਭਰੋਸੇਯੋਗ ਹੈ।

ਸ੍ਰੀ ਸੁਖਮਨੀ ਸਾਹਿਬ ਦੀਆਂ 24 ਅਸਟਪਦੀਆਂ ਵਿੱਚੋਂ ਕੇਵਲ ਪਹਿਲੀ ਅਸਟਪਦੀ ਵਿਚ ਹੀ ਹੇਠ ਲਿਖੀਆਂ ਦੋ ਤੁਕਾਂ ਦਾ ਰਹਾਉ ਹੈ:

ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ॥
ਭਗਤ ਜਨਾ ਕੈ ਮਨਿ ਬਿਸ੍ਰਾਮ॥ਰਹਾਉ॥ (ਪੰਨਾ 262)

ਰਹਾਉ ਵਾਲੀਆਂ ਇਨ੍ਹਾਂ ਪੰਗਤੀਆਂ ਵਿਚ ਕੁਝ ਮਹੱਤਵਪੂਰਨ ਸੰਕੇਤ ਹਨ। ਸੁਖ, ਮਨੀ, ਅੰਮ੍ਰਿਤ, ਪ੍ਰਭ, ਨਾਮ, ਭਗਤ, ਜਨ ਅਤੇ ਮਨ। ਇਹ ਅਜਿਹੇ ਸੰਕੇਤ- ਸੂਚਕ ਹਨ ਜਿਨ੍ਹਾਂ ਦੇ ਆਲੇ-ਦੁਆਲੇ ਸੁਖਮਨੀ ਸਾਹਿਬ ਦੀ ਸਮੁੱਚੀ ਵਿਚਾਰ-ਚਰਚਾ ਚਲਦੀ ਹੈ।

ਸਮੁੱਚੇ ਮਾਨਵ-ਸੰਸਾਰ ਵਿਚ ਅਜਿਹਾ ਕੋਈ ਵਿਅਕਤੀ ਨਹੀਂ ਦਿੱਸਦਾ ਜੋ ਇਸ ਪ੍ਰਾਪਤ ‘ਮਾਨੁਖ ਦੇਹੁਰੀਆ’ ਨੂੰ ਪੂਰਨ ਸੁਖੀ ਨਾ ਬਣਾਉਣਾ ਚਾਹੁੰਦਾ ਹੋਵੇ, ਹਰ ਕੋਈ ਆਪਣੇ ਕਾਰਜ ਆਇਆ ਸਗਲਾ ਰਾਸ ਦਾ ਇਛੁਕ ਹੈ। ਹਰ ਕੋਈ ਅਗਲੀ ਦੁਨੀਆਂ ਵਿਚ ਵੀ ਖੁਸ਼ਹਾਲ ਬਣਨ ਦੇ ਹੀਲੇ ਕਰਦਾ ਹੈ। ਹੁਣ ਵਾਲੇ ਅਤੇ ਆਉਣ ਵਾਲੇ ਜੀਵਨ ਵਿਚ ਸਦਾ ਸੁਖੀ ਰਹਿਣ ਦੀ ਲਾਲਸਾ ਹਰ ਮਾਨਵ-ਹਿਰਦੇ ਵਿਚ ਪ੍ਰਚੰਡ ਹੁੰਦੀ ਹੈ। ਇਸ ਮੰਤਵ-ਪੂਰਤੀ ਲਈ ਮਨਮੁਖ, ਪਦਾਰਥਕ-ਸਾਧਨ ਜੁਟਾਉਂਦੇ ਹਨ, ਪਰ ਗੁਰਮੁਖ, ਸੁਖਮਨੀ ਸਾਹਿਬ ਦੇ ਦਰਸਾਏ ਮਾਰਗ ‘ਮਨੁ ਬੇਚੈ ਸਤਿਗੁਰ ਕੈ ਪਾਸਿ॥’ ’ਤੇ ਚਲਦਿਆਂ ਆਪਣੇ ਕਾਰਜ ਰਾਸ ਕਰਦੇ ਹਨ। ਸੁਖਾਂ ਦੀ ਪ੍ਰਾਪਤੀ ਤਾਂ ਹੀ ਸੰਭਵ ਹੋ ਸਕਦੀ ਹੈ ਜੇਕਰ ਦੁਖਾਂ ਤੋਂ ਛੁਟਕਾਰਾ ਮਿਲ ਜਾਵੇ। ਦੁਖਾਂ ਤੋਂ ਬੰਦ-ਖਲਾਸੀ ਦਾ ਸਾਧਨ ਪ੍ਰਦਾਨ ਕਰਦੀ ਹੈ ਸੁਖਮਨੀ ਸਾਹਿਬ ਦੀ ਰਹਾਉ ਵਿਚ ਦਰਸਾਈ ਗਈ ਜੀਵਨ-ਜੁਗਤ। ਇਹ ਜੁਗਤ ਹੈ ਮਣੀ ਰੂਪ ਪ੍ਰਭੂ ਦੇ ਨਾਮ ਦਾ ਸਿਮਰਨ। ਸੁਆਲ ਪੈਦਾ ਹੁੰਦਾ ਹੈ ਕਿ ਪ੍ਰਭੂ ਦਾ ਨਾਮ ਸਿਮਰਨ ਕਿਸ ਜੁਗਤ-ਅਧੀਨ ਕੀਤਾ ਜਾਏ ਤਾਂ ਜੋ ਆਪ ਸੁਪ੍ਰਸੰਨ ਹੋਇਆ ਜਾਏ ਅਤੇ ਸੁਖਾਂ ਦਾ ਖਜ਼ਾਨਾ ਪ੍ਰਾਪਤ ਹੋਵੇ।

ਪ੍ਰਭੂ-ਸਿਮਰਨ ਦੀ ਇਹੋ ਜੁਗਤ ਸਮਰੱਥ ਹੈ ਮਾਨਵ-ਜੀਵਨ ਵਿੱਚੋਂ ਕਲ-ਕਲੇਸ਼ ਮਿਟਾਉਣ ਲਈ। ਇਸ ਜੁਗਤ ਨੂੰ ਅਪਨਾਉਣ ਵਾਲਾ ਮਾਨਵ ਗਰਭਿ ਜੋਨੀ ਵਿਚ ਨਹੀਂ ਪੈਂਦਾ, ਜਮਦੂਤਾਂ ਦਾ ਡਰ ਉਸ ਦੇ ਨੇੜੇ ਨਹੀਂ ਫਟਕਦਾ, ਕਾਲ ਉਸ ਤੋਂ ਪਰੇ ਰਹਿੰਦਾ ਹੈ, ਦੁਸ਼ਮਨ ਸਾਰੇ ਟਲ ਜਾਂਦੇ ਹਨ ਭਾਵ ਮਿੱਤਰ ਬਣ ਜਾਂਦੇ ਹਨ, ਉਸ ਨੂੰ ਕੋਈ ਵਿਘਨ ਨਹੀਂ ਲਗਦਾ, ਨਾ ਹੀ ਕਿਸੇ ਪ੍ਰਕਾਰ ਦਾ ਡਰ, ਦੁਖ, ਸੰਤਾਪ ਹੀ ਲਗਦਾ ਹੈ ਆਦਿ। ਇਸ ਪ੍ਰਭੂ-ਸਿਮਰਨ ਦਾ ਢੁਕਵਾਂ ਸਥਾਨ ਹੈ ਸਾਧਸੰਗਤਿ ।

ਇਸ ਬਾਣੀ ਦੀਆਂ 24 ਅਸਟਪਦੀਆਂ ਪਰਤ-ਦਰ-ਪਰਤ ਮਨੁੱਖ ਨੂੰ ਸੁਜੱਗ ਜੀਵਨ ਬਸਰ ਕਰਨ ਦਾ ਪੰਧ ਇਸ ਤਰ੍ਹਾਂ ਦਰਸਾਉਂਦੀਆਂ ਹਨ ਜਿਸ ਨਾਲ ਉਸ ਦੇ ਮਨ-ਮੰਦਰ ਵਿਚ ਸਤਿ ਦੇ ਦਰਸ਼ਨ ਕਰਨ, ਸਤਿ ਨਾਲ ਜੁੜਨ ਅਤੇ ਸਤਿ ਸਰੂਪ ਦੀ ਨੇੜਤਾ ਪ੍ਰਾਪਤੀ ਅਤੇ ਇੱਛਾ ਨਿਰੰਤਰ ਪ੍ਰਚੰਡ ਹੁੰਦੀ ਰਹਿੰਦੀ ਹੈ। ਏਸੇ ਕਾਰਨ ਪ੍ਰਚੰਡ ਇੱਛਾ ਮਨੁੱਖਾ-ਜੀਵਨ ਨੂੰ ਬੁਲੰਦੀਆਂ ’ਤੇ ਪਹੁੰਚਾਉਣਾ, ਸੁਖਮਨੀ ਸਾਹਿਬ ਦਾ ਮੀਰੀ ਗੁਣ ਹੈ:

ਸਭ ਤੇ ਊਚ ਤਾ ਕੀ ਸੋਭਾ ਬਨੀ॥
ਨਾਨਕ ਇਹ ਗੁਣਿ ਨਾਮੁ ਸੁਖਮਨੀ॥ (ਪੰਨਾ 296)

ਸੁਖਮਨੀ ਸਾਹਿਬ ਦੀਆਂ 24 ਅਸਟਪਦੀਆਂ ਦੇ ਭਾਵ-ਸੰਚਾਰ ਬਾਰੇ ਸੰਖੇਪ ਚਰਚਾ ਕਰਨੀ ਏਥੇ ਤਰਕ ਸੰਗਤ ਲੱਗਦੀ ਹੈ।

ਪਹਿਲੀ ਅਸਟਪਦੀ ਵਿਚ ਮਨੁੱਖ, ਸਿਮਰਨ ਅਤੇ ਪਰਮਾਤਮਾ ਦੇ ਅੰਤਰ ਸੰਬੰਧਾਂ ਬਾਰੇ ਵਿਚਾਰ ਪ੍ਰਸਤੁਤ ਕੀਤੇ ਗਏ ਹਨ। ਏਥੇ ਸੁਖ ਦੇ ਸੰਕਲਪ ਨੂੰ ਮਨੁੱਖ ਦੀਆਂ ਪ੍ਰਾਪਤੀਆਂ ਅਤੇ ਅਪ੍ਰਾਪਤੀਆਂ ਦੇ ਸਨਮੁਖ ਉਹ ਸਾਰੇ ਪਹਿਲੂ, ਜਿਨ੍ਹਾਂ ਦਾ ਸਮਾਜਿਕ ਪੱਧਰ ’ਤੇ ਮਨੁੱਖ ਦੇ ਸਰੀਰ, ਮਾਨਸਿਕਤਾ ਅਤੇ ਆਰਥਿਕ ਸਰੋਕਾਰਾਂ ਨਾਲ ਸੰਬੰਧ ਜੁੜਦਾ ਹੈ ਉਸ ਦੇ ਅੰਤਰਗਤ ਇਸ ਦੇ ਹਾਂ-ਪੱਖੀ ਅਤੇ ਨਾਂਹ-ਪੱਖੀ ਸਿੱਟਿਆਂ ਨੂੰ ਵਿਚਾਰਿਆ ਤੇ ਉਭਾਰਿਆ ਗਿਆ ਹੈ। ਜਿੱਥੇ ਦੁਖ, ਸੰਤਾਪ, ਜਨਮ, ਮਰਨ, ਜਮਦੂਤ, ਦੁਸ਼ਮਨ, ਮੁਸ਼ਕਲ, ਪਾਪ, ਪੁੰਨ ਅਤੇ ਤ੍ਰਿਸ਼ਨਾਵਾਂ ਦੇ ਅਹਿਸਾਸ ਡਰ ਦਾ ਮਹੌਲ ਪੈਦਾ ਕਰਦੇ ਹਨ ਓਥੇ ਰਿਧੀਆਂ, ਸਿਧੀਆਂ, ਗਿਆਨ, ਧਿਆਨ, ਇਸ਼ਨਾਨ, ਧਨਵੰਤੇ, ਪਤਵੰਤੇ, ਪਰਵਾਨ ਜਨ, ਪੁਰਖ ਪਰਧਾਨ, ਬੇਮੁਹਤਾਜੇ, ਰਾਜੇ, ਸਦਾ ਸੁਖਵਾਸੀ, ਅਬਿਨਾਸੀ, ਪਰਉਪਕਾਰੀ, ਸੁਨੱਖੇ ਮੁਖ ਵਾਲੇ, ਆਪਾ ਜਿੱਤਣ ਵਾਲੇ, ਸੁਧ ਜ਼ਿੰਦਗੀ ਗੁਜ਼ਾਰਦਿਆਂ ਕਦੇ ਨਾ ਝੁਰਨ ਵਾਲੇ ਆਦਿ ਮਨੁੱਖ, ਕਮਲ ਫੁੱਲ ਵਾਂਗ ਖਿੜੇ ਰਹਿੰਦਿਆਂ ਸਦਾ ਸੁਖਦਾਈ ਜੀਵਨ ਬਸਰ ਕਰਦੇ ਹਨ। ਅਜਿਹੇ ਸੁਖਾਂ ਦੀ ਪ੍ਰਾਪਤੀ ਦਾ ਆਧਾਰ ਹੈ-ਨਾਮ-ਸਿਮਰਨ। ਜਿਸ ਨੂੰ ਸਿਮਰਨਾ ਹੈ ਉਹ ਇਕ ਬਿਸੰਭਰ (ਜਗਤ-ਪਾਲਕ) ਹੈ ਨਾ ਕਿ ਪੰਜ-ਭੂਤਕ ਸਰੀਰ ਵਾਲਾ ਕੋਈ ਭੇਖੀ। ਇਸ ਬਿਸੰਭਰ ਰੂਪ ਦੇ ਉਪਦੇਸ਼ ਦਾ ਕਿਨਕਾ ਮਾਤਰ ਜੀਅ ਵਿਚ ਵਸਾਉਣ ਦੀ ਮਹਿਮਾ ਵਰਣਨ ਨਹੀਂ ਹੋ ਸਕਦੀ।

ਦੂਜੀ ਅਸਟਪਦੀ ਵਿਚ ਪਹਿਲੀ ਅਸਟਪਦੀ ਦੇ ਸੁਖ-ਸੰਕਲਪ ਦੇ ਅੰਤਰਗਤ ਹੀ ਮਨੁੱਖ ਦੀ ਸੁਖ-ਵਿਹੂਣੀ ਅਤੇ ਸੁਖ-ਲੋਚਾ ਦੀ ਮਾਨਸਿਕਤਾ ਨੂੰ ਵਿਚਾਰ ਅਧੀਨ ਰੱਖਿਆ ਗਿਆ ਹੈ। ਏਸੇ ਲਈ ਏਥੇ ਮਨੁੱਖ ਦਾ ਬਿੰਬ ਦੀਨ, ਹੀਨ, ਲੋੜਵੰਦ ਆਦਿ ਪੇਸ਼ ਕੀਤਾ ਗਿਆ ਹੈ ਅਤੇ ਪਰਮਾਤਮਾ ਦਾ ਅਕਸ ਦੁਖ ਭੰਜਨ ਅਤੇ ਨਾਥ ਵਾਲਾ। ਸੱਚੀ ਗੱਲ ਏਹੋ ਹੈ ਕਿ ਮਨੁੱਖ ਨੂੰ ਸੁਖ ਲੋੜੀਂਦੇ ਹਨ ਅਤੇ ਇਹ ਲੋੜਾਂ ਪੂਰੀਆਂ ਕਰ ਸਕਦਾ ਹੈ ਕੇਵਲ ਪਰਮਾਤਮਾ। ਪਰਮਾਤਮਾ ਤੋਂ ਸੁਖ-ਸੰਪਤਿ ਪ੍ਰਾਪਤ ਕਰਨ ਦਾ ਇੱਕੋ ਇਕ ਸਬਲ ਤੇ ਸਫਲ ਸਾਧਨ ਹੈ ਹਰਿ-ਸਿਮਰਨ।

ਤੀਜੀ ਅਸਟਪਦੀ ਵਿਚ ਹਰਿ ਨਾਮ ਦੇ ਸਿਮਰਨ ਨੂੰ ਹਰ ਪ੍ਰਕਾਰ ਦੇ ਸ਼ਾਸਤਰਾਂ, ਸਿਮ੍ਰਤੀਆਂ ਅਤੇ ਕਰਮਕਾਂਡੀ ਪੂਜਾ ਵਿਧੀਆਂ ਦੇ ਮੁਕਾਬਲੇ ‘ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ’ ਆਖਦਿਆਂ ਵਡਿਆਇਆ ਗਿਆ ਹੈ। ਸਮੁੱਚੇ ਸ਼ਾਸਤਰਾਂ ਤੇ ਸਿਮ੍ਰਤੀਆਂ ਦਾ ਵਖਿਆਨ ਦੁਨੀਆਂ ਦਾ ਤਿਆਗ ਕਰ ਕੇ ਜੰਗਲਾਂ ਵਿਚ ਘੁੰਮਣ ਵਾਲਾ ਭਾਂਜਵਾਦੀ ਜੀਵਨ, ਧਾਰਮਿਕ ਕਰਮ-ਕਾਂਡ, ਗਿਆਨ-ਧਿਆਨ ਦੀਆਂ ਸਾਰੀਆਂ ਵਿਧੀਆਂ, ਜਪ-ਤਪ, ਜੋਗ, ਗਿਆਨ, ਅਭਿਆਸ, ਕਰਮ, ਧਰਮ, ਪੁੰਨ-ਦਾਨ, ਹਵਨ, ਵਰਤ, ਤਪੱਸਿਆ, ਨਿਉਲੀ ਕਰਮ, ਜੈਨ ਮਾਰਗ, ਸੰਜਮ ਆਦਿ ਦੇ ਸਾਧਨ ਨਾ ਤਾਂ ਰਾਮ ਨਾਮ ਬੀਚਾਰੁ ਦੇ ਤੁਲ ਹਨ ਅਤੇ ਨਾ ਹੀ ਇਹ ਸਭ ਕੁਝ ਹਰਿ ਦੇ ਨਾਮ ਦੇ ਸਮਸਰਿ ਹੋ ਸਕਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਹਰਿ ਨਾਮ ਦੀ ਮਹਿਮਾ ਏਥੋਂ ਤਕ ਦੱਸਦੇ ਹਨ ਕਿ:

ਹਰਿ ਕੇ ਨਾਮ ਕੀ ਮਹਿਮਾ ਊਚ॥
ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ॥ (ਪੰਨਾ 265)

ਏਸੇ ਲਈ ਆਪ ਜੀ ਮਨੁੱਖ ਨੂੰ ਉਪਦੇਸ਼ ਦਿੰਦੇ ਹਨ ਕਿ ਕੇਵਲ ‘ਹਰਿ ਕਾ ਨਾਮੁ ਜਪਤ ਦੁਖੁ ਜਾਇ॥’ ਏਸੇ ਅਸਟਪਦੀ ਵਿਚ ਗੁਰੂ ਸਾਹਿਬ ਨੇ ਸਾਧ-ਜਨਾਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਮਨੁੱਖ ਨੂੰ ਚਾਰ ਪਦਾਰਥਾਂ ਦੀ ਪ੍ਰਾਪਤੀ ਲਈ ਸਾਧ ਜਨਾਂ ਦੀ ਹੀ ਸੇਵਾ ਕਰਨ ਦੀ ਜੁਗਤ ਦੱਸੀ ਹੈ:

ਚਾਰਿ ਪਦਾਰਥ ਜੇ ਕੋ ਮਾਗੈ॥
ਸਾਧ ਜਨਾ ਕੀ ਸੇਵਾ ਲਾਗੈ॥ (ਪੰਨਾ 266)

ਦਰਅਸਲ ਸਾਧੂ, ਸੰਨਿਆਸੀ, ਮਹਾਤਮਾ, ਪ੍ਰਭੂ-ਭਗਤ ਉਹ ਪੁਰਖ ਹੁੰਦਾ ਹੈ ਜੋ ਆਪਣੀ ਕਠਨ-ਸਾਧਨਾ ਨਾਲ ‘ਮਨ ਜੀਤੈ ਜਗੁ ਜੀਤ’ ਵਾਲੀ ਅਵਸਥਾ ਗ੍ਰਹਿਣ ਕਰ ਲੈਂਦਾ ਹੈ। ਸੱਚ ਦੀ ਭਾਲ ਕਰਦਿਆਂ ਉਸ ਦੀ ਪ੍ਰਾਪਤੀ ਕਰਨ ਨਾਲ ਉਹ ਆਮ ਸੰਸਾਰੀਆਂ ਵਾਂਗ ਜਗਤ ਤਮਾਸ਼ਾ ਤਾਂ ਜ਼ਰੂਰ ਵੇਖਦਾ ਹੈ ਅਤੇ ਸੰਸਾਰੀ ਪਦਾਰਥਾਂ ਨੂੰ ਭੋਗਦਾ ਵੀ ਹੈ ਪਰ ਇਸ ਦੇ ਬਾਵਜੂਦ ਉਸ ਦੀ ਮਾਨਸਿਕਤਾ ਅਤੇ ਦ੍ਰਿਸ਼ਟੀ ‘ਸਭ ਕੈ ਮਧਿ ਅਲਿਪਤੋ ਰਹੈ’ ਵਾਲੀ ਨਿਰੰਤਰ ਬਣੀ ਰਹਿੰਦੀ ਹੈ। ਉਹ ਭਾਂਜਵਾਦੀ ਜੀਵਨ ਨਾਲੋਂ ‘ਅੰਜਨੁ ਮਾਹਿ ਨਿਰੰਜਨ’ ਹੋ ਕੇ ਸੰਸਾਰੀ ਬੰਧਨਾਂ ਤੋਂ ਮੁਕਤ, ਪ੍ਰਭੂ ਦੀ ਸਿਫ਼ਤ ਸਲਾਹ ਕਰਦਿਆਂ, ਪਰਉਪਕਾਰੀ ਭਾਵਨਾ ਅਧੀਨ ਆਤਮ-ਗਿਆਨ ਦੇ ਕੜਛੇ ਭਰ ਭਰ ਵੰਡਦਾ ਹੈ। ਅਜਿਹੇ ਸਾਧ-ਜਨਾਂ ਦੀ ਜੀਵਨ-ਗਾਥਾ, ਅਚਰਜ ਹੁੰਦੀ ਹੈ ਜਿਨ੍ਹਾਂ ਦੀ ਮਹਿਮਾ ਬੇਦ ਵੀ ਨਹੀਂ ਜਾਣਦੇ ਅਤੇ ਪ੍ਰਾਣੀ ਤਾਂ ਇਸ ਕਾਰਜ ਦੇ ਯੋਗ ਹੋ ਹੀ ਨਹੀਂ ਸਕਦਾ। ਏਸੇ ਲਈ ਗੁਰੂ ਜੀ ਫੁਰਮਾਉਂਦੇ ਹਨ:

ਤੁਮ੍‍ਰੀ ਉਸਤਤਿ ਤੁਮ ਤੇ ਹੋਇ॥
ਨਾਨਕ ਅਵਰੁ ਨ ਜਾਨਸਿ ਕੋਇ॥ (ਪੰਨਾ 266)

ਏਸੇ ਅਸਟਪਦੀ ਦੇ ਅੰਤ ਵਿਚ ਗੁਰੂ ਸਾਹਿਬ ਨੇ ਮਨੁੱਖ ਨੁੰ ਭ੍ਰਾਂਤੀਆਂ ਦੇ ਜੰਗਲ ਵਿੱਚੋਂ ਕੱਢ ਕੇ ਜੋ ਸੁਚੱਜੀ ਜੀਵਨ-ਜਾਚ ਦੱਸੀ ਹੈ ਉਹ ਬਹੁਤ ਮੁਲਵਾਨ ਹੈ ਅਤੇ ਅੱਜ ਦੇ ਮਾਨਵ ਲਈ ਦਿਸ਼ਾ-ਨਿਰਦੇਸ਼ ਹੈ। ਅੱਜ ਥਾਂ-ਥਾਂ ’ਤੇ ਧਰਮ ਦੇ ਨਾਮ ’ਤੇ ਝਗੜੇ ਹੋ ਰਹੇ ਹਨ। ਹਰ ਕੋਈ ਆਪੋ ਆਪਣੇ ਧਰਮ ਨੂੰ ਸਰਬੋਤਮ ਸਥਾਪਤ ਕਰਨ, ਆਪੋ ਆਪਣੇ ਧਰਮ ਵਿਧਾਨ, ਪੂਜਾ ਵਿਧੀਆਂ ਨੂੰ ਉੱਤਮ, ਆਪਣੇ ਢੰਗਾਂ ਨਾਲ ਕੀਤੇ ਜਾਂਦੇ ਉਪਰਾਲੇ ਚੰਗੇ ਅਤੇ ਆਪੋ ਆਪਣੇ ਧਰਮ ਅਸਥਾਨ ਨੂੰ ਉੱਤਮ ਸਥਾਨ ਦਰਸਾਉਣ ਲਈ ਖ਼ੂਨ-ਖਰਾਬੇ ਤਕ ਦੀ ਪਹੁੰਚ ਵਿਧੀ ਅਪਨਾ ਰਹੇ ਹਨ। ਇਸ ਪ੍ਰਸੰਗ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਇਹ ਸੁਖਮਨੀ ਸਾਹਿਬ ਦੀ ਬਾਣੀ ਸਪੱਸ਼ਟ ਕਰਦੀ ਹੈ ਕਿ ਸਾਰਿਆਂ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਤਾਂ ਉਹੋ ਹੈ ਜੋ ਹਰਿ-ਸਿਮਰਨ ਅਤੇ ਨਿਰਮਲ ਕਰਮ ਕਰਨ ਦੀ ਪ੍ਰੇਰਨਾ ਕਰਦਾ ਹੈ। ਸਾਰੀਆਂ ਕਿਰਿਆਵਾਂ ਵਿੱਚੋਂ ਕੇਵਲ ਉਹੋ ਉੱਤਮ ਕਿਰਿਆ ਹੈ ਜਿਸ ਨਾਲ ਦੁਰਮਤਿ ਦੀ ਮੈਲ ਦਾ ਨਾਸ ਹੋਵੇ। ਹਰਿ ਨਾਮ ਜਪਣ ਵਾਲਾ ਉੱਦਮ ਹੀ ਸਭ ਨਾਲੋਂ ਭਲਾ ਅਤੇ ਉਹੋ ਬਾਣੀ ਹੀ ਅੰਮ੍ਰਿਤ ਹੈ ਜੋ ਹਰੀ ਦਾ ਜਸ ਕਰਦੀ ਹੈ। ਉਹੋ ਜਗ੍ਹਾ-ਸਥਾਨ ਹੀ ਉੱਤਮ ਹੁੰਦਾ ਹੈ ਜਿਥੇ ਹਰਿ ਨਾਮ ਦਾ ਵਾਸ ਹੋਵੇ। ਇਹ ਅਜਿਹਾ ਸੂਤਰ ਹੈ ਜਿਸ ਦਾ ਅਨੁਸਰਣ ਕਰ ਕੇ ਅਜੋਕਾ ਮਾਨਵ, ਨਿਤ ਦਿਹਾੜੇ ਹੁੰਦੇ ਧਾਰਮਿਕ ਝਗੜਿਆਂ ਦਾ ਸਮਾਧਾਨ ਕਰ ਸਕਦਾ ਹੈ।

ਚੌਥੀ ਅਸਟਪਦੀ ਵਿਚ ਪ੍ਰਭੂ ਦੀ ਹਸਤੀ ਅਤੇ ਉਸ ਪ੍ਰਤੀ ਮਾਨਵ-ਦ੍ਰਿਸ਼ਟੀਕੋਣ ਨੂੰ ਪ੍ਰਸਤੁਤ ਕੀਤਾ ਗਿਆ ਹੈ। ਇਕ ਪਾਸੇ ਕਰਤਾ ਪੁਰਖ ਹੈ ਅਤੇ ਦੂਜੇ ਪਾਸੇ ਉਸ ਦੀ ਰਚਨਾ ਦਾ ਅੰਗ ਪੁਰਖ। ਹੈਰਾਨੀ ਹੁੰਦੀ ਹੈ ਕਿ ਕਰਤਾ ਪੁਰਖ, ਆਪਣੇ ਸਿਰਜੇ ਪੁਰਖ ਦੇ ਦੁੱਖ, ਸੁਖ, ਲੋੜਾਂ, ਥੁੜਾਂ ਬਾਰੇ ਉਸ ਦੇ ਗਰਭ ਵਿਚਲੇ ਸਮੇਂ ਤੋਂ ਹੀ ਚਿੰਤਤ ਹੁੰਦਾ ਹੈ ਪਰ ਪੁਰਖ ਨੂੰ ਉਸ ਦੇ ਉਪਕਾਰ ਚਿਤ ਚੇਤੇ ਵੀ ਨਹੀਂ ਰਹਿੰਦੇ ਅਤੇ ਉਹ ‘ਤਿਸਹਿ ਤਿਆਗਿ ਅਵਰ ਸੰਗਿ ਰਚਨਾ’ ਵਾਲੀ ਜੀਵਨ-ਸ਼ੈਲੀ ਅਪਨਾ ਲੈਂਦਾ ਹੈ। ਇਸ ਲਈ ਗੁਰੂ ਜੀ ਮਨੁੱਖ ਨੂੰ ਸਾਵਧਾਨ ਕਰਦੇ ਹਨ ਕਿ ਹੇ ਮਾਨਵ:

ਆਦਿ ਅੰਤਿ ਜੋ ਰਾਖਨਹਾਰੁ॥
ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ॥
ਜਾ ਕੀ ਸੇਵਾ ਨਵ ਨਿਧਿ ਪਾਵੈ॥
ਤਾ ਸਿਉ ਮੂੜਾ ਮਨੁ ਨਹੀ ਲਾਵੈ॥ (ਪੰਨਾ 267)

ਗੁਰੂ ਸਾਹਿਬ ਚਿੰਤਾ ਪ੍ਰਗਟ ਕਰਦੇ ਹਨ ਕਿ ਮਨੁੱਖ ਇਤਨਾ ਮੂਰਖ ਬਣ ਜਾਂਦਾ ਹੈ ਕਿ ਉਸ ਨੂੰ ਰਤਨਾਂ ਤੇ ਕੌਡੀਆਂ, ਸੱਚ-ਝੂਠ, ਸਥਿਰ ਤੇ ਅਸਥਿਰ ਆਦਿ ਦੀ ਪਹਿਚਾਨ ਅਤੇ ਤਰਕ ਭੁਲ ਜਾਂਦੀ ਹੈ:

ਰਤਨੁ ਤਿਆਗਿ ਕਉਡੀ ਸੰਗਿ ਰਚੈ॥
ਸਾਚੁ ਛੋਡਿ ਝੂਠ ਸੰਗਿ ਮਚੈ॥
ਜੋ ਛਡਨਾ ਸੁ ਅਸਥਿਰੁ ਕਰਿ ਮਾਨੈ॥
ਜੋ ਹੋਵਨੁ ਸੋ ਦੂਰਿ ਪਰਾਨੈ॥ (ਪੰਨਾ 267)

ਏਹੋ ਕਾਰਨ ਹੈ ਮਾਨਸ ਜਾਤਿ ਹੁੰਦਿਆਂ ਹੋਇਆਂ ਵੀ ਉਸ ਦੀ ਕਰਤੂਤਿ ਪਸ਼ੂਆਂ ਵਰਗੀ ਰਹਿੰਦੀ ਹੈ:

ਬਾਹਰਿ ਭੇਖ ਅੰਤਰਿ ਮਲੁ ਮਾਇਆ॥
ਛਪਸਿ ਨਾਹਿ ਕਛੁ ਕਰੈ ਛਪਾਇਆ॥
ਬਾਹਰਿ ਗਿਆਨ ਧਿਆਨ ਇਸਨਾਨ॥
ਅੰਤਰਿ ਬਿਆਪੈ ਲੋਭੁ ਸੁਆਨੁ॥
ਅੰਤਰਿ ਅਗਨਿ ਬਾਹਰਿ ਤਨੁ ਸੁਆਹ॥
ਗਲਿ ਪਾਥਰ ਕੈਸੇ ਤਰੈ ਅਥਾਹ॥ (ਪੰਨਾ 267)

ਭਾਰਤੀ-ਪਰੰਪਰਾ ਅਨੁਸਾਰ ਮਾਨਵ-ਜੂਨ ਦੀ ਪ੍ਰਾਪਤੀ 84 ਲੱਖ ਜੂਨਾਂ ਭੋਗਣ ਉਪਰੰਤ ਪ੍ਰਾਪਤ ਹੁੰਦੀ ਹੈ। ਚੰਗੇ-ਮੰਦੇ ਦਾ ਅਹਿਸਾਸ ਜਾਂ ਭੂਤ ਵਿਚ ਕੀਤੇ ਕਾਰਜਾਂ ਦੀ ਸੋਝੀ ਅਤੇ ਭਵਿੱਖ ਵਿਚ ਵਾਪਰ ਸਕਣ ਵਾਲੀ ਘਟਨਾ ਦੀ ਸੋਝੀ ਦੀ ਸਮਰੱਥਾ ਪ੍ਰਭੂ ਨੇ ਕੇਵਲ ਮਨੁੱਖ ਨੂੰ ਹੀ ਬਖਸ਼ੀ ਹੈ । ਪਰ ਜੇਕਰ ਇਸ ਪ੍ਰਭੂ ਦਾਤ ਦਾ ਸਦ ਉਪਯੋਗ ਇਹ ਮਾਨਸ ਨਾ ਕਰੇ ਤਾਂ ਫਿਰ ‘ਕਰਤੂਤਿ ਪਸੂ’ ਕੀ ਹੀ ਰਹਿੰਦੀ ਹੈ ਭਾਵੇਂ ਮਾਨਸ ਜਾਤਿ ਪ੍ਰਾਪਤ ਹੋਈ ਹੁੰਦੀ ਹੈ।

ਏਸੇ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਭੂ ਨੂੰ ਸੰਬੋਧਨ ਹੋ ਕੇ ਅਰਦਾਸ ਕਰਦੇ ਹਨ ਕਿ ਇਸ ਭੁੱਲਣਹਾਰ ਮਨੁੱਖ ਨੂੰ ਬਖਸ਼ ਲੈ ਅਤੇ ਇਹ ਤੇਰੀ ਕਿਰਪਾ ਨਾਲ ਹੀ ਸੁਖ ਸੰਪਤੀ ਪ੍ਰਾਪਤ ਕਰ ਸਕਦਾ ਹੈ।

ਪੰਜਵੀਂ ਅਸਟਪਦੀ ਵਿਚ ਪ੍ਰਭੂ ਨੂੰ ਦਾਤਾਂ ਦੇਣ ਵਾਲਾ ਅਤੇ ਮਨੁੱਖ ਨੂੰ ਦਾਤਾ ਲੈਣ ਵਾਲਾ ਚਿਤਰਿਆ ਗਿਆ ਹੈ। ਪਰ ਜਦੋਂ ਮਨੁੱਖ ‘ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ’ ਵਾਲੀ ਜੀਵਨ-ਸ਼ੈਲੀ ਅਪਨਾ ਲੈਂਦਾ ਹੈ ਤਾਂ ਫਿਰ ਇਸ ਦੀ ਦਸ਼ਾ ‘ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ’ ਵਾਲੀ ਦੇ ਅੰਤਰਗਤ ਅਸਫਲ ਅਤੇ ਬੇਇੱਜ਼ਤੀ ਭਰਪੂਰ ਬਣ ਜਾਂਦੀ ਹੈ। ਇਸ ਅਸਟਪਦੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਭੂ ਦਾ ਬਿੰਬ ਇਕ ਸ਼ਾਹ ਵਰਗਾ ਚਿਤਰਿਆ ਹੈ। ਜਿਸ ਤਰ੍ਹਾਂ ਸ਼ਾਹ ਆਪਣੀਆਂ ਸ਼ਰਤਾਂ ਤੇ ਆਪਣੇ ਗਾਹਕਾਂ ਨੂੰ ਵਸਤਾਂ ਦਿੰਦਾ ਹੈ ਅਤੇ ਫਿਰ ਵਾਪਸ ਲੈ ਲੈਂਦਾ ਹੈ ਏਸੇ ਤਰ੍ਹਾਂ ਦਾ ਹੀ ਰਿਸ਼ਤਾ ਇਸ ਅਸਟਪਦੀ ਵਿਚ ਪ੍ਰਭੂ ਤੇ ਮਨੁੱਖ ਦਾ ਦੱਸਿਆ ਗਿਆ ਹੈ। ਪ੍ਰਭੂ, ਮਨੁੱਖ ਨੂੰ ਬੇਅੰਤ ਵਸਤਾਂ ਦਿੰਦਾ ਹੈ ਜਿਨ੍ਹਾਂ ਨੂੰ ਪ੍ਰਾਪਤ ਕਰਨ ਉਪਰੰਤ ਮਨੁੱਖ ਭੁੱਲ ਜਾਂਦਾ ਹੈ ਕਿ ਸੰਬੰਧਤ ਵਸਤਾਂ ਦਾ ਅਸਲ ਮਾਲਕ ਤਾਂ ਪ੍ਰਭੂ ਹੈ ਪਰ ਮਾਇਆ ਦੇ ਪ੍ਰਭਾਵ ਅਧੀਨ ਮਨੁੱਖ ਉਸ ਵਸਤੂ ਦਾ ਖੁਦ ਮਾਲਕ ਬਣ ਬੈਠਦਾ ਹੈ। ਜਿਸ ਸਮੇਂ ਪ੍ਰਭੂ ਆਪਣੀ ਵਸਤੂ ਵਾਪਸ ਲੈ ਲੈਂਦਾ ਹੇ ਤਾਂ ਮਨੁੱਖ ਰੁਦਨ ਕਰਦਾ ਹੈ ਅਤੇ ਉਲਟਾ ਪ੍ਰਭੂ ਨੂੰ ਦੋਸ਼ੀ ਗਰਦਾਨਦਾ ਹੈ। ਇਸ ਅਵਸਥਾ ਨੂੰ ਸੁਖਮਨੀ ਸਾਹਿਬ ਵਿਚ ਇਸ ਤਰ੍ਹਾਂ ਚਿਤਰਿਆ ਹੈ:

ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ॥
ਅਗਿਆਨੀ ਮਨਿ ਰੋਸੁ ਕਰੇਇ॥
ਅਪਨੀ ਪਰਤੀਤਿ ਆਪ ਹੀ ਖੋਵੈ॥
ਬਹੁਰਿ ਉਸ ਕਾ ਬਿਸ੍ਵਾਸੁ ਨ ਹੋਵੈ॥ (ਪੰਨਾ 268)

ਇਸ ਲਈ ਗੁਰੂ ਸਾਹਿਬ ਮਨੁੱਖ ਨੂੰ ਸਮਝਾਉਂਦੇ ਹਨ ਕਿ:

ਜਿਸ ਕੀ ਬਸਤੁ ਤਿਸੁ ਆਗੈ ਰਾਖੈ॥
ਪ੍ਰਭ ਕੀ ਆਗਿਆ ਮਾਨੈ ਮਾਥੈ॥ (ਪੰਨਾ 268)

ਗੁਰੂ ਸਾਹਿਬ ਨੂੰ ਹੈਰਾਨੀ ਹੁੰਦੀ ਹੈ ਉਨ੍ਹਾਂ ਮਨੁੱਖਾਂ ਤੇ ਜੋ ਹੋਰਨਾਂ ਨੂੰ ਤਾਂ ਉਪਦੇਸ਼ ਕਰਦੇ ਹਨ ਪਰ ਆਪ ਉਨ੍ਹਾਂ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਅੰਗ ਨਹੀਂ ਬਣਾਉਂਦੇ:

ਅਵਰ ਉਪਦੇਸੈ ਆਪਿ ਨ ਕਰੈ॥
ਆਵਤ ਜਾਵਤ ਜਨਮੈ ਮਰੈ॥
ਜਿਸ ਕੈ ਅੰਤਰਿ ਬਸੈ ਨਿਰੰਕਾਰੁ॥
ਤਿਸ ਕੀ ਸੀਖ ਤਰੈ ਸੰਸਾਰੁ॥ (ਪੰਨਾ 269)

ਇਸ ਲਈ ਜ਼ਰੂਰੀ ਹੈ ਕਿ ਜੋ ਕੁਝ ਅਸੀਂ ਦੂਸਰਿਆਂ ਨੂੰ ਉਪਦੇਸ਼ ਕਰਦੇ ਹਾਂ ਉਸ ’ਤੇ ਖੁਦ ਪਹਿਲੋਂ ਆਪ ਅਮਲ ਕਰਨ ਦੀ ਲੋੜ ਹੁੰਦੀ ਹੈ। ਗੁਰੂ ਸਾਹਿਬ ਦਾ ਇਹ ਸੰਕੇਤ ਕਥਨੀ ਤੇ ਕਰਨੀ ਵਿਚ ਇਕਸੁਰਤਾ ਪੈਦਾ ਕਰਨ ਵੱਲ ਹੈ।

ਏਸੇ ਅਸਟਪਦੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਜਿੱਥੇ ਤਨੁ, ਧਨੁ, ਕੁਟੰਬ, ਮਮਤਾ, ਹਉਮੈ, ਰਾਜ, ਜੋਬਨ, ਮਾਲ, ਰੱਥ, ਹਾਥੀ, ਘੋੜੇ ਆਦਿ ਨੂੰ ਮਿਥਿਆ ਕਰਾਰ ਦਿੰਦੇ ਹਨ ਉਥੇ ਭਾਰਤੀ ਪਰੰਪਰਾ ਵਿਚ ਪ੍ਰਦਰਸ਼ਤ ਮਿਥਿਆ ਦੇ ਇਸ ਸੰਕਲਪ ਨੂੰ ਨਵੇਂ ਅਰਥ ਪ੍ਰਦਾਨ ਵੀ ਕਰਦੇ ਹਨ। ਗੁਰੂ ਸਾਹਿਬ ਅਨੁਸਾਰ ਵਸਤੂ-ਸੰਸਾਰ ਦੀ ਹਰੇਕ ਪਦਾਰਥਕ ਵਸਤੂ ਮਿਥਿਆ ਨਹੀਂ ਹੋ ਸਕਦੀ। ਇਹ ਨਿਰਣਾ ਤਾਂ ਮਨੁੱਖੀ ਕਾਰਜ-ਸ਼ੈਲੀ ’ਤੇ ਨਿਰਭਰ ਕਰਦਾ ਹੈ ਕਿ ਕਿਹੜੀ ਵਸਤ ਮਿਥਿਆ ਹੈ ਅਤੇ ਕਿਹੜੀ ਨਹੀਂ। ਮਾਨਵੀ-ਸੋਚ ਤੇ ਕਰਮ ਹੀ ਸੰਸਾਰੀ ਕੀਮਤਾਂ ਦਾ ਗਲਤ ਤੇ ਠੀਕ ਰੰਗ ਵਿਚ ਪ੍ਰਚਲਨ ਕਰਦੇ ਹਨ।

ਛੇਵੀਂ ਅਸਟਪਦੀ ਦਾ ਸੰਬੰਧ ਪ੍ਰਭੂ-ਮਿਹਰ ਅਥਵਾ ਕਿਰਪਾ-ਦ੍ਰਿਸ਼ਟੀ ਨਾਲ ਹੈ। ਗੁਰੂ ਸਾਹਿਬ ਦੱਸਦੇ ਹਨ ਕਿ ਮਨੁੱਖੀ ਸਰੀਰ ਦੇ ਸਾਰੇ ਨਿਰੋਏ ਅੰਗ ਤਨ ਤੇ ਮਨ ਨੂੰ ਸੁਖ ਦੇਣ ਦੇ ਹਰ ਪ੍ਰਕਾਰ ਦੇ ਸਾਧਨ, ਪ੍ਰਭੂ-ਕਿਰਪਾ ਦਾ ਸਿੱਟਾ ਹੁੰਦਾ ਹੈ। ਪ੍ਰਭੂ- ਕਿਰਪਾ ਦੀ ਅਣਹੋਂਦ ਨਾਲ ਕੁਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਸ ਪ੍ਰਭੂ- ਕਿਰਪਾ ਦੀ ਪ੍ਰਾਪਤੀ ਦਾ ਸਾਧਨ ਹੈ ਨਾਮ-ਸਿਮਰਨ। ਇਸ ਅਸਟਪਦੀ ਵਿਚ ਪ੍ਰਭੂ-ਕਿਰਪਾ ਦੇ ਸਾਧਨ ਤੇ ਫਲ ਦੀ ਚਰਚਾ ਕਰਦਿਆਂ ਅਖੀਰ ’ਤੇ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਟਾ ਏਹੋ ਕੱਢਦੇ ਹਨ ਕਿ ਕੇਵਲ ਓਹੋ ਮਨੁੱਖ ਚੇਤਨਾ ਤੇ ਗਿਆਨ ਪ੍ਰਾਪਤ ਕਰਨ ਦੇ ਸਮਰੱਥ ਹੋ ਸਕਦਾ ਹੈ ਜਿਸ ਉਪਰ ਗੁਰੂ ਦੀ ਦਇਆ ਦ੍ਰਿਸ਼ਟੀ ਹੋਵੇ ਕਿਉਂਕਿ ਮਾਨਸ-ਜਾਤਿ ਦੇ ਹੱਥ-ਵੱਸ ਕੁਝ ਨਹੀਂ ਹੈ:

ਸਰਬ ਨਿਧਾਨ ਪ੍ਰਭ ਤੇਰੀ ਮਇਆ॥
ਆਪਹੁ ਕਛੂ ਨ ਕਿਨਹੂ ਲਇਆ॥
ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ॥
ਨਾਨਕ ਇਨ ਕੈ ਕਛੂ ਨ ਹਾਥ॥ (ਪੰਨਾ 271)

ਸਤਵੀਂ ਅਸਟਪਦੀ ਵਿਚ ਸਾਧ-ਜਨਾਂ ਦੀ ਅਚਰਜ ਕਥਾ ਦਾ ਵਰਣਨ ਅਜਿਹਾ ਕੀਤਾ ਗਿਆ ਹੈ ਜਿਸ ਅਨੁਸਾਰ ਉਹ ‘ਅਗਮ ਅਗਾਧ ਪਾਰਬ੍ਰਹਮ ਸੋਇ’ ਦਾ ਸਿਮਰਨ ਕਰਦਿਆਂ ਮੁਕਤ ਹੋ ਗਿਆ ਹੈ। ਗੁਰੂ ਸਾਹਿਬ ਨੂੰ ਇਸ ਸਾਧ ਤੇ ਪ੍ਰਭੂ ਵਿਚਕਾਰ ਕੋਈ ਭੇਦ ਨਜ਼ਰ ਨਹੀਂ ਆਉਂਦਾ। ਉਹ ਇਹ ਵੀ ਆਖਦੇ ਹਨ ਕਿ ਇਸ ਸਾਧ ਦੀ ਸੋਭਾ ਕੇਵਲ ਪਰਮੇਸ਼ਰ ਆਪ ਹੀ ਕਰ ਸਕਦਾ ਹੈ। ਗੁਰੂ ਜੀ ਇਸ ਅਸਟਪਦੀ ਦੇ ਪਹਿਲੇ ਛੇ ਪਹਿਰਿਆਂ ਵਿਚ ਸਾਧਾਂ ਦੀ ਸੰਗਤ ਤੋਂ ਹੋ ਸਕਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹਨ। ਸਤਵੇਂ ਪਹਿਰੇ ਵਿਚ ਸਾਧ ਦੀ ਸੰਗਤ ਵਿਚ ਰਹਿ ਕੇ ਪ੍ਰਭੂ ਦਾ ਨਾਮ ਗਾਉਣ ਤੇ ਸੁਣਨ ਦੀ ਪ੍ਰੇਰਨਾ ਹੈ। ਅਠਵੇਂ ਪਹਿਰੇ ਵਿਚ ਸਪੱਸ਼ਟ ਕੀਤਾ ਗਿਆ ਹੈ ਅਸਲੀ ਤੇ ਸੱਚੇ ਸਾਧ ਦੀ ਮਹਿਮਾ ਬੇਦ ਵੀ ਨਹੀਂ ਜਾਣਦੇ:

ਸਾਧ ਕੀ ਮਹਿਮਾ ਬੇਦ ਨ ਜਾਨਹਿ॥
ਜੇਤਾ ਸੁਨਹਿ ਤੇਤਾ ਬਖਿਆਨਹਿ॥
ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ॥
ਸਾਧ ਕੀ ਉਪਮਾ ਰਹੀ ਭਰਪੂਰਿ॥
ਸਾਧ ਕੀ ਸੋਭਾ ਕਾ ਨਾਹੀ ਅੰਤ॥
ਸਾਧ ਕੀ ਸੋਭਾ ਸਦਾ ਬੇਅੰਤ॥ (ਪੰਨਾ 272)

ਸੁਖਮਨੀ ਸਾਹਿਬ ਵਿਚ ਦਰਸਾਇਆ ਗਿਆ ਸਾਧ ਦਾ ਇਹ ਰੂਪ ਅਜੋਕੇ ਭੇਖਧਾਰੀ ਸਾਧੂਆਂ ਤੋਂ ਵਿਪਰੀਤ ਹੈ। ਅਸਲੀ ਸਾਧ ਰਜੋ, ਤਮੋ, ਸਤੋ ਗੁਣਾਂ ਤੋਂ ਮੁਕਤ ਹੁੰਦਾ ਹੈ ਜਦੋਂ ਕਿ ਅਜੋਕੇ ਸਮੇਂ ਦੇ ਭੇਖਧਾਰੀ ਸਾਧ ਇਨ੍ਹਾਂ ਤਿੰਨਾਂ ਵਿਚ ਹੀ ਗਲਤਾਨ ਹਨ।

ਅਠਵੀਂ ਅਸਟਪਦੀ ਅਜਿਹੇ ਮਨੁੱਖ ਨੂੰ ਉਭਾਰਦੀ ਹੈ ਜਿਸ ਦਾ ਮਨ ਸੱਚੀ, ਸੁੱਚੀ ਸੋਚ ਵਾਲਾ, ਬੋਲ ਬਾਣੀ ਵੀ ਸੱਚੀ ਸੁੱਚੀ ਅਤੇ ਕੇਵਲ ਇਕ ਅਕਾਲ ਪੁਰਖ ਦੀ ਟੇਕ ਰੱਖਣ ਵਾਲਾ ਹੁੰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਨਜ਼ਰਾਂ ਵਿਚ ਅਜਿਹਾ ਪੁਰਸ਼ ਬ੍ਰਹਮ ਗਿਆਨੀ ਦੇ ਲੱਛਣਾਂ ਦਾ ਧਾਰਨੀ ਹੁੰਦਾ ਹੈ। ਵੈਸੇ ਵੀ ਬ੍ਰਹਮ ਗਿਆਨੀ ਦਾ ਪਦ ਉਸ ਵਿਅਕਤੀ ਲਈ ਹੀ ਵਰਤਿਆ ਜਾ ਸਕਦਾ ਹੈ ਜਿਸ ਨੂੰ ਬ੍ਰਹਮ ਦਾ ਗਿਆਨ ਹੋਵੇ। ਅਜਿਹੇ ਵਿਅਕਤੀ ਦੀ ਚੇਤਨਾ, ਮਾਨਵ ਸਰੀਰਾਂ ਦੇ ਭਿੰਨ-ਭੇਦ ਨੂੰ ਅਣਦੇਖਾ ਕਰਕੇ ਬ੍ਰਹਮ ਗਿਆਨੀ ਸਦਾ ਸਮਦਰਸੀ ਵਾਲੀ ਬਣ ਜਾਂਦੀ ਹੈ। ਇਹ ਸਮਦਰਸੀ ਕਮਲ ਵਾਂਗ ਸਦਾ ਨਿਰਲੇਪ, ਨਿਰਮਲ, ਨਿਮਰ, ਸਗਲ ਕੀ ਰੀਨਾ, ਗਰੀਬ, ਪਰਉਪਕਾਰੀ, ਸਦ-ਜਾਗਤ, ਸਹਜ, ਅਬਿਨਾਸੀ, ਅਤੇ ਨਾਥ ਭਾਵਨਾ ਦੀ ਮੂਰਤਿ ਬਣ ਜਾਂਦੀ ਹੈ। ਇਸ ਦੀ ਸੁਰਤ ਤੇ ਬੁਧ, ਕੇਵਲ ਬ੍ਰਹਮ ਗਿਆਨ ਤੇ ਕੇਂਦ੍ਰਿਤ ਰਹਿੰਦੀ ਹੈ। ਉਹ ਸੰਸਾਰਕ ਬੰਧਨਾਂ ਤੋਂ ਮੁਕਤ ਪਰਉਪਕਾਰੀ ਭਾਵਨਾ ਅਧੀਨ ਬੁਰੇ ਦਾ ਵੀ ਭਲਾ ਕਰ ਕੇ ਖੁਸ਼ ਹੁੰਦਾ ਹੈ।

ਦਰਅਸਲ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬ੍ਰਹਮ ਗਿਆਨੀ ਦੇ ਰੂਪਕ ਰਾਹੀਂ ਇਸ ਅਸਟਪਦੀ ਵਿਚ ਮਨੁੱਖ ਲਈ ਇਕ ਅਜਿਹੀ ਜੀਵਨ-ਜੁਗਤ ਨਿਰਧਾਰਤ ਕੀਤੀ ਹੈ ਜਿਸ ਦਾ ਅਨੁਸਰਣ ਕਰ ਕੇ ਉਹ ਅਜਿਹੇ ਆਦਰਸ਼ਕ ਸਮਾਜ ਦੀ ਸਿਰਜਨਾ ਕਰ ਸਕਦਾ ਹੈ ਜਿਸ ਵਿਚ ਵਸਦੇ ਮਨੁੱਖ ਸਮਦਰਸੀ ਭਾਵਨਾ ਵਾਲੇ ਹੋਣ ਕਾਰਨ ਨਿਜ-ਲਾਭ ਤੇ ਨਿਜਵਾਦ ਦੀ ਥਾਂ ਪਰਉਪਕਾਰੀ ਰੁਚੀਆਂ ਵਾਲੇ ਬਣ ਸਕਣ। ਇਨ੍ਹਾਂ ਗੁਣਾਂ ਦੇ ਧਾਰਨੀ ਮਨੁੱਖ ਹੀ ਬ੍ਰਹਮ ਗਿਆਨੀ ਅਥਵਾ ਪੂਰਨ ਮਨੁੱਖ ਹੁੰਦੇ ਹਨ। ਨੌਵੀਂ ਅਸਟਪਦੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਧਰਮ-ਖੇਤਰ ਵਿਚ ਮੰਨੇ ਜਾਂਦੇ ਅਪਰਸ ਬੈਸਨੋ, ਭਗਉਤੀ ਅਤੇ ਪੰਡਿਤ ਨੂੰ ਉਸ ਦੇ ਪ੍ਰਚੱਲਤ ਪਰੰਪਰਾਗਤ ਕਿਰਦਾਰ ਦੀ ਪਰਿਭਾਸ਼ਾ ਕਰਦਿਆਂ ਉਨ੍ਹਾਂ ਨੂੰ ਨਵੇਂ ਅਰਥ ਪ੍ਰਦਾਨ ਕਰਦਿਆਂ ਉਨ੍ਹਾਂ ਦੇ ਅਸਲ ਕਿਰਦਾਰ ਵਾਲੀ ਪਹਿਚਾਨ ਨੂੰ ਉਭਾਰਿਆ ਹੈ। ਗੁਰੂ ਸਾਹਿਬ ਨੂੰ ਇਨ੍ਹਾਂ ਦੀ ਹੋਂਦ ਨਾਲ ਕੋਈ ਵਿਰੋਧ ਨਹੀਂ। ਉਨ੍ਹਾਂ ਦਾ ਮਤਿ ਹੈ ਕਿ ਇਹ ਲੋਕ ਆਪੋ ਆਪਣੇ ਨਾਵਾਂ ਨਾਲ ਜੁੜੇ ਜੇਕਰ ਅਸਲ ਕਾਰਜ ਕਰਨ ਤਾਂ ਹੀ ਇਨ੍ਹਾਂ ਦੀ ਵੱਖਰੀ ਪਹਿਚਾਨ ਤੇ ਹੋਂਦ ਸਾਰਥਿਕ ਬਣ ਸਕਦੀ ਹੈ। ਗੁਰੂ ਸਾਹਿਬ ਦੇ ਕਥਨ ਅਨੁਸਾਰ ਅਪਰਸ ਉਹ ਮਹਾਨ ਵਿਅਕਤੀ ਹੁੰਦਾ ਹੈ ਜਿਸ ਨੂੰ ਬੁਰੇ ਕਰਮ ਛੋਹ (ਪਰਸ) ਨਹੀਂ ਸਕਦੇ ਕਿਉਂਕਿ ਉਹ ਮਨ, ਬਚ ਤੇ ਕਰਮਾਂ ਕਰਕੇ ਪ੍ਰਭੂ ਨਾਲ ਜੁੜਿਆ ਹੋਣ ਕਾਰਨ ਪੰਜਾਂ ਵਿਕਾਰਾਂ ਤੋਂ ਰਹਿਤ ਹੋ ਕੇ ਇਨ੍ਹਾਂ ਦੇ ਦੁਸ਼ਟ-ਰੂਪ ਤੋਂ ਮੁਕਤੀ ਪ੍ਰਾਪਤ ਕਰਦਿਆਂ ਪਾਵਨ-ਪਦ ਨੂੰ ਪ੍ਰਾਪਤ ਹੋ ਜਾਂਦਾ ਹੈ:

ਇੰਦ੍ਰੀ ਜਿਤ ਪੰਚ ਦੋਖ ਤੇ ਰਹਤ॥
ਨਾਨਕ ਕੋਟਿ ਮਧੇ ਕੋ ਐਸਾ ਅਪਰਸ॥ (ਪੰਨਾ 274)

ਇਸੇ ਤਰ੍ਹਾਂ ਬੈਸਨੋ ਕੇਵਲ ਵਿਸ਼ਨੂੰ ਭਗਤੀ ਜਾਂ ਅਹਿੰਸਾਵਾਦੀ ਰੁਚੀ ਰੱਖਣ ਵਾਲਾ ਨਹੀਂ ਹੁੰਦਾ ਸਗੋਂ ਸੱਚਾ ਬੈਸਨੋ ਬਣਨ ਲਈ ਪਦਾਰਥਕ ਸੁਖਾਂ ਦੇ ਮੋਹ ਤੋਂ ਨਿਰਲੇਪ ਹੋ ਕੇ ਅਕਾਲ ਪੁਰਖ ਦੀ ਕਿਰਪਾ-ਦ੍ਰਿਸ਼ਟੀ ਦਾ ਪਾਤਰ ਬਣਨ ਵਾਲੀ ਜੀਵਨ-ਜੁਗਤ ਅਪਨਾਉਣੀ ਜ਼ਰੂਰੀ ਹੈ। ਇਸ ਜੀਵਨ-ਜੁਗਤ ਦੇ ਅੰਤਰਗਤ ਹੀ ਬੈਸਨੋ ਦੀ ਚੇਤਨਾ ਵਿਚ ਨਿਸ਼ਕਾਮ ਤੇ ਪਰਉਪਕਾਰੀ ਭਾਵਨਾ ਪੈਦਾ ਹੋ ਸਕਦੀ ਹੈ ਜੋ ਉੋਸ ਨੂੰ ਲੋਕ-ਪਰਲੋਕ ਵਿਚ ਉਚ-ਪਦ ਪ੍ਰਾਪਤ ਕਰਨ ਵਿਚ ਸਹਾਈ ਹੁੰਦੀ ਹੈ। ਗੁਰੂ ਸਾਹਿਬ ਭਗਉਤੀ ਵੀ ਉਸ ਵਿਅਕਤੀ ਨੂੰ ਪ੍ਰਵਾਨ ਕਰਦੇ ਹਨ ਜੋ ਕੁਕਰਮੀਆਂ ਦੀ ਸੰਗਤ ਨੂੰ ਤਿਆਗ ਕੇ ਹਮੇਸ਼ਾਂ ਪ੍ਰਭੂ ਰੰਗ ਵਿਚ ਰੰਗਿਆ ਰਹਿੰਦਾ ਹੈ। ਮਾਨਸਿਕ ਪੱਧਰ ਤੋਂ ਉਹ ਹਰ ਪ੍ਰਕਾਰ ਦੀ ਦਵੰਦਾਤਮਿਕ ਅਵਸਥਾ ਤੋਂ ਨਿਰਲੇਪ ਹੋ ਕੇ ਹਰੇਕ ਵਿਅਕਤੀ ਵਿਚ ਪ੍ਰਭੂ-ਜੋਤਿ ਨੂੰ ਮਹਿਸੂਸ ਕਰਦਿਆਂ, ਸਦਾ ਨੇਕੀ ਤੇ ਪਰਉਪਕਾਰ ਦੇ ਰਸਤੇ ’ਤੇ ਚਲਦਾ ਹੈ। ਪ੍ਰਭੂ ਦੀ ਸੇਵਾ ਕਰਨ ਵਾਲਾ ਅਜਿਹਾ ਭਗਉਤੀ ਪ੍ਰਭੂ ਨਾਲ ਇਕਮਿਕਤਾ ਪ੍ਰਾਪਤ ਕਰ ਲੈਂਦਾ ਹੈ। ਇਸੇ ਤਰ੍ਹਾਂ ਪੰਡਿਤ ਦਾ ਧਾਰਮਿਕ ਖੇਤਰ ਵਿਚ ਮਾਨਵ ਸਮਾਜ ਨੇ ਉਚਤਮ ਪਦ ਪ੍ਰਵਾਨ ਕੀਤਾ ਹੈ ਕਿਉਂਕਿ ਉਸ ਦਾ ਮੁਖ ਕਰਮ, ਬ੍ਰਹਮ ਗਿਆਨ ਪ੍ਰਾਪਤ ਕਰਨਾ ਤੇ ਕਰਾਉਣਾ ਹੈ। ਇਸੇ ਕਰਮ ਕਾਰਨ ਉਹ ਸਮਾਜ ਵਿਚ ਸਤਿਕਾਰ ਦਾ ਪਾਤਰ ਮੰਨਿਆ ਜਾਂਦਾ ਹੈ। ਪਰ ਪੰਡਿਤ ਵਰਗ ਆਪਣੇ ਇਸ ਸੁੱਚੇ ਮੁਖ ਕਰਮ ਨੂੰ ਛੱਡ ਕੇ ਵਿਕਾਰ-ਗ੍ਰਸਤ ਬਣਿਆ ਹੋਇਆ ਹੈ। ਇਸ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਪੰਡਿਤ ਉਸ ਨੂੰ ਪ੍ਰਵਾਨ ਕਰਦੇ ਹਨ ਜੋ ਪਹਿਲਾਂ ਮਾਨਸਿਕ ਤੌਰ ’ਤੇ ਆਪਣੇ ਆਪ ਨੂੰ ਵਿਕਾਰ-ਮੁਕਤ ਕਰਦਾ ਹੈ:

ਸੋ ਪੰਡਿਤੁ ਜੋ ਮਨੁ ਪਰਬੋਧੈ॥
ਰਾਮ ਨਾਮੁ ਆਤਮ ਮਹਿ ਸੋਧੈ॥ (ਪੰਨਾ 274)

ਅਜਿਹਾ ਪੰਡਿਤ ਜਦੋਂ ਖੁਦ ਗਿਆਨ-ਦਾਤਾ ਬਣਨ ਹਿੱਤ ਪ੍ਰਭੂ-ਗਿਆਨ ਦੇ ਸੁਕ੍ਰਿਤ ਕਰਮ ਕਰਦਾ ਹੈ ਤਾਂ ਉਸ ਵੱਲੋਂ ਦਿੱਤਾ ਗਿਆਨ ਮਾਨਵ-ਜੀਵਨ ਲਈ ਵਿਗਾਸ ਕਰਨ ਦਾ ਸਾਧਨ ਬਣ ਜਾਂਦਾ ਹੈ:

ਰਾਮ ਨਾਮ ਸਾਰੁ ਰਸੁ ਪੀਵੈ॥
ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ॥ (ਪੰਨਾ 274)

ਇਸ ਪੱਧਰ ’ਤੇ ਪੁੱਜ ਕੇ ਇਸ ਭਾਵਨਾ ਅਧੀਨ ਕਰਮ-ਗਤੀ ਕਰਨ ਵਾਲਾ ਸਹੀ ਅਰਥਾਂ ਵਿਚ ਪੰਡਿਤ ਹੈ ਅਤੇ ਅਜਿਹੇ ਪੰਡਿਤ ਨੂੰ ਹੀ ਸਦਾ ਨਮਸਕਾਰ ਕੀਤੀ ਜਾ ਸਕਦੀ ਹੈ ਜੋ ਬਿਨਾਂ ਭਿੰਨ-ਭੇਦ ਸਾਰੇ ਮਨੁੱਖਾਂ ਨੂੰ ਇਕ ਪੱਧਰ ’ਤੇ ਗਿਆਨ ਪ੍ਰਦਾਨ ਕਰੇ:

ਚਹੁ ਵਰਨਾ ਕਉ ਦੇ ਉਪਦੇਸੁ॥
ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ॥ (ਪੰਨਾ 274)

ਦਸਵੀਂ ਅਸਟਪਦੀ ਵਿਚ ਗੁਰੂ ਸਾਹਿਬ ਇਸ ਸ੍ਰਿਸ਼ਟੀ ਵਿਚ ਹਰ ਪ੍ਰਕਾਰ ਦੀ ਹੋਂਦ ਦਾ ਸਿਰਜਕ ਪਰਮੇਸ਼ਰ ਨੂੰ ਦਰਸਾ ਕੇ ਮਨੁੱਖ ਨੂੰ ਸ਼ੁਕਰਾਨੇ ਵਜੋਂ ਉਸ ਦੀ ਉਸਤਤਿ ਕਰਨ ਦੀ ਜੁਗਤਿ ਦੱਸਦੇ ਹਨ। ਵਿਸ਼ੇਸ਼ਤਾ ਇਹ ਕਿ ਉਹ ਪਰਮੇਸ਼ਰ ਆਪ ਆਪਣੀ ਸਿਰਜਨਾ ਦੇ ਸੁਆਸ ਸੁਆਸ ਦੀ ਪ੍ਰਤਿਪਾਲਨਾ ਕਰਨ ਹਿਤ ਯਤਨਸ਼ੀਲ ਰਹਿੰਦਾ ਹੈ। ਗਿਆਰ੍ਹਵੀਂ ਅਸਟਪਦੀ ਵਿਚ ਪਰਮੇਸ਼ਰ ਨੂੰ ਇਸ ਸ੍ਰਿਸ਼ਟੀ ਦੇ ਕਣ-ਕਣ ਵਿਚ ਸਰਬ-ਵਿਆਪਕ ਦਰਸਾ ਕੇ ਇਸ ਦੇ ਸੰਪੂਰਨ ਸੰਚਾਲਕ ਕਰਤੇ ਦਾ ਸਰੂਪ ਪ੍ਰਗਟ ਕੀਤਾ ਗਿਆ ਹੈ। ਇਸ ਸੰਸਾਰ ਵਿਚ ਮਨੁੱਖ ਸਾਰੇ ਕਾਰਜ ਉਸ ਸਰਬ-ਵਿਆਪਕ ਦੀ ਇੱਛਾ ਅਨੁਸਾਰ ਕਰਦਾ ਹੈ ਅਤੇ ਮਨੁੱਖ ਦੀ ਆਪਣੀ ਅਜ਼ਾਦ ਹਸਤੀ ਕੁਝ ਭੀ ਨਹੀਂ।

ਬਾਰ੍ਹਵੀਂ ਅਸਟਪਦੀ ਵਿਚ ਦੋ ਪ੍ਰਕਾਰ ਦੇ ਵੱਖੋ-ਵੱਖਰੇ ਸੁਭਾਵਾਂ ਤੇ ਕਿਰਦਾਰਾਂ ਵਾਲੇ ਮਨੁੱਖਾਂ ਦੇ ਸਰੂਪ ਨੂੰ ਚਿਤਰਿਆ ਗਿਆ ਹੈ। ਇਕ ਮਨੁੱਖ ਮਸਕੀਨ, ਗਰੀਬ, ਨਿਮਰ ਭਾਵ ਵਾਲਾ ਹੈ ਅਤੇ ਦੂਜਾ ਹੰਕਾਰੀ। ਨਿਮਰ ਭਾਵ ਦੇ ਧਾਰਨੀ ਨੂੰ ਸੁਖ ਪ੍ਰਾਪਤ ਕਰਨ ਵਾਲਾ ਅਤੇ ਹੰਕਾਰੀ ਮਾਨਵ ਨੂੰ ਜੀਵਨ ਨਾਸ਼ ਕਰਨ ਵਾਲਾ ਦਰਸਾਇਆ ਗਿਆ ਹੈ। ਇਸ ਅਸਟਪਦੀ ਵਿਚ ਹੰਕਾਰੀ ਮਾਨਵ ਦੀ ਹੰਕਾਰੀ ਬ੍ਰਿਤੀ ਅਧੀਨ ਕੀਤੇ ਕਾਰਜਾਂ ਦੇ ਇਵਜ਼ ਵਿਚ ਪ੍ਰਾਪਤ ਹੋਣ ਵਾਲੀ ਸਜ਼ਾ ਬਿਆਨ ਕਰਦਿਆਂ ਹੰਕਾਰੀ ਬ੍ਰਿਤੀ ਤੋਂ ਮੁਕਤ ਰਹਿਣ ਅਤੇ ਗਰੀਬੀ ਧਾਰਨ ਕਰਨ ਦੀ ਜੁਗਤਿ ਦੱਸੀ ਗਈ ਹੈ:

ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ॥
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ॥ (ਪੰਨਾ 278)

ਤੇਰ੍ਹਵੀਂ ਅਸਟਪਦੀ ਵਿਚ ਸੰਤ ਪਦ ਵਾਲੇ ਪੁਰਖ ਦੀਆਂ ਵਿਸ਼ੇਸ਼ਤਾਵਾਂ ਅਤੇ ਇਨ੍ਹਾਂ ਦੇ ਨਿੰਦਕਾਂ ਦੀਆਂ ਸਜ਼ਾਵਾਂ ਦਾ ਉੱਲੇਖ ਕੀਤਾ ਗਿਆ ਹੈ। ਸੁਖਮਨੀ ਸਾਹਿਬ ਅਨੁਸਾਰ ਸੰਤ ਪਦ ਨੂੰ ਪੁਜਿਆ ਮਾਨਵ, ਦੂਸਰੇ ਪੁਰਖਾਂ ਲਈ ਉਚੇਰੇ ਜੀਵਨ-ਮਾਰਗ ਲਈ ਰੋਲ ਮਾਡਲ ਹੁੰਦਾ ਹੈ। ਸੰਤ ਪਦ ਦਾ ਧਾਰਨੀ ਉਹ ਮਾਨਵ ਹੁੰਦਾ ਹੈ ਜਿਸ ਦੀ ਆਤਮਾ ਸ਼ਾਂਤ, ਮਨ ਅਤੇ ਇੰਦਰੀਆਂ ਉਸ ਦੇ ਕਾਬੂ ਹੋਣ। ਅਜਿਹੀ ਬੁੱਧੀਮਾਨ ਆਤਮਾ ਪਵਿੱਤਰ, ਪਰਉਪਕਾਰੀ ਅਤੇ ਸਦਾਚਾਰੀ ਹੁੰਦੀ ਹੈ। ਸੰਤ-ਜਨ, ਆਪਣੇ ਸ਼ੁਭ ਗੁਣਾਂ ਨੂੰ ਨਹੀਂ ਛੱਡਦੇ ਭਾਵੇਂ ਉਨ੍ਹਾਂ ਨੂੰ ਅਰਬਾਂ ਖਰਬਾਂ ਦੇ ਲੋਭ ਲਾਲਚ ਦਿੱਤੇ ਜਾਣ। ਅਜਿਹੇ ਸੰਤ-ਜਨ ਅਵਧੂਤ ਬਣ ਕੇ ਨਿਜ ਕਲਿਆਣ ਲਈ ਜੰਗਲਾਂ ਬੇਲਿਆਂ ਵਿਚ ਸਮਾਧੀ ਅਸਤ ਵੀ ਨਹੀਂ ਹੁੰਦੇ ਸਗੋਂ ਸੰਸਾਰ ਵਿਚ ਰਹਿ ਕੇ ਜਨ-ਕਲਿਆਣ ਹਿਤ ਕਾਰਜ ਕਰਦੇ ਹਨ। ਉਹ ਆਪ ਸੱਚ ਦੇ ਮਾਰਗ ’ਤੇ ਚਲਦੇ ਹਨ ਅਤੇ ਦੂਜਿਆਂ ਨੂੰ ਵੀ ਚਲਾਉਂਦੇ ਹਨ। ਸੁਖਮਨੀ ਸਾਹਿਬ ਵਿਚ ਦਰਸਾਏ ਸੰਤ, ਮਨੁੱਖ ਨੂੰ ਸੰਸਾਰੀ-ਜੀਵਨ ਦੀ ਥੋੜ੍ਹ-ਚਿਰੀ ਸੀਮਿਤ ਜ਼ਿੰਦਗੀ ਵਿਚ ਸਾਕਾਰਾਤਮਕ ਕਾਰਜ ਵਾਲੀ ਜੀਵਨ-ਜੁਗਤ ਕਰਨ ਦੀ ਸੋਝੀ ਪ੍ਰਦਾਨ ਕਰਦੇ ਹਨ। ਇਸ ਅਸਟਪਦੀ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਪਰਮੇਸ਼ਰ ਨੇ ਇਸ ਸੰਸਾਰ ਵਿਚ ਕਰੋੜਾਂ ਜੀਵ ਪੈਦਾ ਕੀਤੇ ਹਨ ਜੋ ਆਪੋ ਆਪਣੇ ਕਰਮਾਂ ਅਨੁਸਾਰ ਜੂਨਾਂ ਭੁਗਤਦੇ ਹਨ। ਪਰ ਇਸ ਆਵਾਗਵਨ ਦੇ ਚੱਕਰ ਤੋਂ ਮੁਕਤੀ ਤਾਂ ਹੀ ਮਿਲ ਸਕਦੀ ਹੈ ਜੇਕਰ ਸੰਤਾਂ ਦੀ ਸ਼ਰਨ ਵਿਚ ਜਾਇਆ ਜਾਵੇ। ਇਸ ਦੇ ਨਾਲ ਹੀ ਸਪੱਸ਼ਟ ਕੀਤਾ ਗਿਆ ਹੈ ਕਿ ਅਜਿਹੇ ਸੰਤਾਂ ਦੀ ਨਿੰਦਾ ਕਰਨ ਵਾਲਾ ਲੋਕ ਤੇ ਪਰਲੋਕ ਵਿਚ ਤਸੀਹੇ ਭੁਗਤਦਾ ਹੈ। ਅਜਿਹਾ ਸੰਤ-ਦੋਖੀ, ਧੋਖੇਬਾਜ਼, ਲਾਲਚੀ, ਨੀਚ, ਹੰਕਾਰੀ, ਦੁਖੀ, ਮੁਰਦੇ ਵਾਂਗ ਹੋ ਕੇ ਦਿਨ ਰਾਤ ਦੁੱਖ ਤੇ ਸੰਤਾਪ ਭੋਗਦਾ ਹੈ। ਅਜਿਹੇ ਨਿੰਦਕ ਦੀ ਸੰਗਤ ਤੋਂ ਹਰ ਕੋਈ ਪਾਸਾ ਮੋੜ ਲੈਂਦਾ ਹੈ ਕਿਉਂਕਿ ਪ੍ਰਭੂ ਪਿਆਰਿਆਂ ਦਾ ਨਿੰਦਕ ਅਪਵਿੱਤਰ ਹੋਣ ਕਾਰਨ ਸੱਪਾਂ ਵਰਗੀਆਂ ਜੂਨਾਂ ਭੁਗਤਦਾ ਹੈ।

ਚੌਦ੍ਹਵੀਂ ਅਸਟਪਦੀ ਤੇ ਸਲੋਕ ਵਿਚ ਮਨੁੱਖ ਨੂੰ ਮਨੁੱਖ ਦੀ ਗੁਲਾਮੀ ਕਰਨ ਤੋਂ ਵਰਜਦਿਆਂ, ਡਿਕੇ ਡੋਲੇ ਖਾਣ ਵਾਲੀ ਸਿਆਣਪ ਨੂੰ ਛੱਡਣ ਅਤੇ ਇਕ ਪਰਮੇਸ਼ਰ ਦੀ ਆਸ ਰੱਖਣ ਦੀ ਪ੍ਰੇਰਨਾ ਕੀਤੀ ਗਈ ਹੈ। ਇਸ ਜੀਵਨ-ਜੁਗਤ ਦੀ ਮਹੱਤਤਾ ਇਸ ਤੱਥ ਵਿਚ ਵਿਦਮਾਨ ਹੈ ਕਿ ਮਨੁੱਖ ਦੀ ਟੇਕ ਅਥਵਾ ਗੁਲਾਮੀ ਸਹਾਰਨ ਦੀ ਲੋੜ ਨਹੀਂ ਕਿਉਂਕਿ ਉਸ ਨੂੰ ਵੀ ਸਭ ਕੁਝ ਉਸੇ ਇੱਕੋ ਇਕ ਪਰਮਾਤਮਾ ਨੇ ਸਾਰੀਆਂ ਸ਼ਕਤੀਆਂ ਬਖਸ਼ੀਆਂ ਹਨ ਅਤੇ ਦੂਸਰਿਆਂ ਨੂੰ ਵੀ ਸਭ ਕੁਝ ਦੇਵਣ ਵਾਲਾ ਓਹੋ ਇੱਕੋ ਇਕ ਪਰਮਾਤਮਾ ਹੈ। ਇਸ ਜੀਵਨ-ਜੁਗਤ ਅਨੁਸਾਰ ਜੇਕਰ ਮਨੁੱਖ ਆਪਣੀਆਂ ਸਾਰੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਮਨੁੱਖ ਦੀ ਟੇਕ ਬਿਰਥੀ ਸਮਝ ਕੇ ਪ੍ਰਭੂ ਦੀ ਟੇਕ ਰਖਣ ਵਾਲੀ ਜੀਵਨ-ਜੁਗਤ ਅਪਨਾ ਲਵੇ ਤਾਂ ਉਹ ਗ੍ਰਹਿਸਥ ਵਿਚ ਵੀ ਨਿਰਬਾਨ ਪਦ ਪ੍ਰਾਪਤ ਕਰ ਸਕਦਾ ਹੈ:

ਏਕ ਊਪਰਿ ਜਿਸੁ ਜਨ ਕੀ ਆਸਾ॥
ਤਿਸ ਕੀ ਕਟੀਐ ਜਮ ਕੀ ਫਾਸਾ॥ (ਪੰਨਾ 281)

ਪੰਦਰ੍ਹਵੀਂ ਅਸਟਪਦੀ ਤੇ ਸਲੋਕ ਵਿਚ ਪਰਮੇਸ਼ਰ ਨੂੰ ਸਰਬ-ਕਲਾ ਭਰਪੂਰ, ਸਰਬ-ਵਿਆਪਕ, ਸ਼ਰਬ-ਸ਼ਕਤੀਮਾਨ, ਪਾਲਣਹਾਰ, ਰਾਖਣਹਾਰ ਆਦਿ ਵਾਲੇ ਗੁਣਾਂ ਵਾਲਾ ਦਰਸਾ ਕੇ ਮਨੁੱਖ ਨੂੰ ਉਸ ਨੂੰ ਹਰ ਪਲ ਯਾਦ ਰੱਖਣ ਦੀ ਜੀਵਨ-ਜੁਗਤ ਦੱਸੀ ਗਈ ਹੈ। ਕਿਉਂਕਿ ਇਹ ਪਰਮੇਸ਼ਰ ਉਸ ਦੇ ਸਾਰੇ ਦੁੱਖਾਂ ਦਰਦਾਂ ਨੂੰ ਨਾ ਕੇਵਲ ਜਾਣਦਾ ਹੀ ਹੈ ਸਗੋਂ ਉਨ੍ਹਾਂ ਦਾ ਸਫਲ ਇਲਾਜ ਕਰਨ ਦੇ ਸਮਰਥ ਵੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਬੜੇ ਸਪੱਸ਼ਟ ਸ਼ਬਦਾਂ ਵਿਚ ਆਖਦੇ ਹਨ ਕਿ ਜੇਕਰ ਕੋਈ ਮਨੁੱਖ ਪ੍ਰਭੂ ਦੀਆਂ ਅਪਾਰ ਦਾਤਾਂ ਪ੍ਰਾਪਤ ਕਰਨ ਉਪਰੰਤ ਖੁਦ ਦਾਤਾਰ ਬਣ ਬੈਠੇ ਤਾਂ ਉਹ ਗੁਰੂ-ਦਰਬਾਰ ਵਿਚ ਗਵਾਰ ਗਿਣਿਆ ਜਾਵੇਗਾ:

ਜੇ ਕੋ ਹੋਇ ਬਹੈ ਦਾਤਾਰੁ॥
ਤਿਸੁ ਦੇਨਹਾਰੁ ਜਾਨੈ ਗਾਵਾਰੁ॥ (ਪੰਨਾ 282)

ਅੱਜ ਕਲ੍ਹ ਦੇ ਸਾਧ, ਸੰਤ ਤਾਂ ਆਪਣੇ ਆਪ ਨੂੰ ਗੁਰੂ ਹੀ ਨਹੀਂ ਭਗਵਾਨ ਪ੍ਰਗਟ ਕਰਦੇ ਹਨ ਅਤੇ ਉਨ੍ਹਾਂ ਦੇ ਪੈਰੋਕਾਰ ਇਨ੍ਹਾਂ ਬਿਨਸਨਹਾਰ ਪੰਜ ਭੂਤਕ ਸਰੀਰਾਂ ਨੂੰ ਹੀ ਦਾਤਾਰ ਮੰਨ ਕੇ ਪੂਜਦਿਆਂ ਆਪਣਾ ਦੁਰਲਭ ਮਾਨਸ ਜਨਮ ਵਿਅਰਥ ਗੁਆ ਰਹੇ ਹਨ:

ਸਤਿਗੁਰੁ ਸਿਖ ਕੇ ਬੰਧਨ ਕਾਟੈ॥
ਗੁਰ ਕਾ ਸਿਖੁ ਬਿਕਾਰ ਤੇ ਹਾਟੈ॥ (ਪੰਨਾ 286)

ਵਿਕਾਰਾਂ ਤੋਂ ਹਟਣ ਵਾਲੀ ਜੀਵਨ-ਜੁਗਤ ਹੀ ਸਿੱਖ ਨੂੰ ‘ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮ’ ਵਾਲੀ ਵਿਵਸਥਾ ਪ੍ਰਦਾਨ ਕਰ ਸਕਦੀ ਹੈ।

ਉੱਨ੍ਹੀਵੀਂ ਅਸਟਪਦੀ ਤੇ ਸਲੋਕ ਵਿਚ ਮਨੁੱਖ ਦਾ ਵਪਾਰੀ ਰੂਪ ਪ੍ਰਦਰਸ਼ਤ ਕੀਤਾ ਗਿਆ ਹੈ। ਧਨ ਕਮਾਉਣ ਵਾਲੇ ਇਸ ਵਪਾਰੀ ਮਨੁੱਖ ਨੂੰ ਗੁਰੂ ਜੀ ਜੁਗਤ ਦੱਸਦੇ ਹਨ ਕਿ ਸਭ ਤੋਂ ਸ੍ਰੇਸ਼ਟ ਧਨ ਦੀ ਕਮਾਈ ਹਰਿ ਨਾਮ ਦਾ ਸਿਮਰਨ ਹੈ। ਇਸ ਦਾ ਕਾਰਨ ਸਪੱਸ਼ਟ ਕੀਤਾ ਗਿਆ ਹੈ ਕਿ ਰਾਜ, ਰੰਗ, ਮਾਲ, ਅਸਬਾਬ, ਹਾਥੀ, ਘੋੜੇ, ਸੁਇਨਾ, ਰੁਪਾ, ਇਸਤਰੀ, ਪੁੱਤਰ, ਸਨਬੰਧੀ ਆਦਿ ਇਹ ਸਾਰੇ ਨਾਸ਼ਮਾਨ ਸ੍ਰੋਤ ਹਨ ਜੋ ਪ੍ਰਾਣੀ ਦੇ ਮਰਨ ਨਾਲ ਹੀ ਉਸ ਦਾ ਸਾਥ ਛੱਡ ਦਿੰਦੇ ਹਨ। ਪਰ ਨਾਮ ਇਕ ਅਜਿਹਾ ਧਨ ਹੈ ਜੋ ਮੌਤ ਉਪਰੰਤ ਵੀ ਉੁਸ ਦੇ ਨਾਲ ਹੀ ਰਹਿੰਦਾ ਹੈ।

ਵੀਹਵੀਂ ਅਸਟਪਦੀ ਤੇ ਸਲੋਕ ਵਿਚ ਪਰਮੇਸ਼ਰ ਨੂੰ ਦਾਤੇ ਦੇ ਰੂਪ ਵਿਚ ਅਤੇ ਮਨੁੱਖ ਨੂੰ ਇਕ ਮੰਗਤੇ ਦੇ ਰੂਪ ਵਿਚ ਪ੍ਰਸਤੁਤ ਕੀਤਾ ਗਿਆ ਹੈ। ਗੁਰੂ ਸਾਹਿਬ ਨੇ ਮਨੁੱਖ ਨੂੰ ਜੋ ਏਥੇ ਜੀਵਨ-ਜੁਗਤ ਦੱਸੀ ਹੈ ਉਹ ਨਿਰਾਲੀ ਹੈ। ਏਥੇ ਮਨੁੱਖ ਮੰਗਤਾ ਬਣ ਕੇ ਪ੍ਰਭੂ ਪਾਸੋਂ ਦੁਨਿਆਵੀ ਵਸਤਾਂ ਦੀ ਮੰਗ ਨਹੀਂ ਕਰਦਾ। ਉਹ ਪ੍ਰਭੂ ਪਾਸੋਂ ਦਾਨ- ਰੂਪ ਵਿਚ ਹਰਿ ਨਾਮ, ਸਾਧ ਜਨਾਂ ਦੀ ਧੂੜੀ, ਪ੍ਰਭੂ-ਜਸ ਗਾਉਣ ਦੀ ਸਮਰੱਥਾ, ਚਰਨ ਕਮਲਾਂ ਦੀ ਪ੍ਰੀਤ ਅਤੇ ਪ੍ਰਭੂ-ਭਗਤੀ ਦੀ ਮੰਗ ਕਰਦਾ ਹੈ। ਉਸ ਨੂੰ ਸਮਝ ਆ ਗਈ ਹੈ ਕਿ ਦੁਨਿਆਵੀ ਵਸਤਾਂ ਦੀ ਪ੍ਰਾਪਤੀ ਨਾਲ ਜੀਵਨ ਸੁਖਮਈ ਅਤੇ ਸ਼ਾਂਤਮਈ ਨਹੀਂ ਹੋ ਸਕਦਾ ਹੈ। ਜਿਹੜੇ ਮਨੁੱਖਾਂ ਨੇ ਹਿਰਦੇ ਵਿਚ ਗੁਰੂ ਦੇ ਉਪਦੇਸ਼ ਪੂਰਨ ਰੂਪ ਵਸਾ ਅਮਲ ਕਰਨ ਦੀ ਜੁਗਤਿ ਅਪਨਾਈ ਹੈ ਉਹੀ ਭਲਾ ਕਰਨ ਵਾਲੇ, ਸੋਭਾ ਵਾਲੇ ਅਤੇ ਧਨਵੰਤ ਬਣੇ ਹਨ।

ਇੱਕੀਵੀਂ ਅਸਟਪਦੀ ਤੇ ਸਲੋਕ ਵਿਚ ਪ੍ਰਭੂ ਦੇ ਸਰਗੁਣ ਤੇ ਨਿਰਗੁਣ ਸਰੂਪ ਨੂੰ ਇਕ ਮੰਨਣ ਦੀ ਜੀਵਨ-ਜੁਗਤ ਦਰਸਾਈ ਗਈ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਸੰਦਰਭ ਵਿਚ ਹਰ ਪ੍ਰਕਾਰ ਦੇ ਪ੍ਰਚਲਿਤ ਭਰਮ ਭੁਲੇਖਿਆਂ ਨੂੰ ਦੂਰ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਇਸ ਸ੍ਰਿਸ਼ਟੀ ਦੀ ਰਚਨਾ ਦਾ ਹਰੇਕ ਪਹਿਲੂ ਉਸ ਇਕ ਪ੍ਰਭੂ ਦੀ ਕਿਰਤ ਹੈ ਜੋ ਏਥੇ ਕੁਝ ਵੀ ਨਾ ਹੋਣ ਸਮੇਂ ਵਿਆਪਕ ਸੀ। ਅਸਲ ਵਿਚ ਉਸ ਨੇ ਆਪ ਹੀ ਇਹ ਸਾਰਾ ਖੇਲ ਰਚਾਇਆ ਹੈ:

ਆਪਨ ਖੇਲੁ ਆਪਿ ਵਰਤੀਜਾ॥
ਨਾਨਕ ਕਰਨੈਹਾਰੁ ਨ ਦੂਜਾ॥ (ਪੰਨਾ 291)

ਦਰਅਸਲ ਉਹ ਪ੍ਰਭੂ ਬੇਸੁਮਾਰ, ਬੇਅੰਤ, ਅਥਾਹ, ਅਗਨਤ ਤੇ ਅਤੋਲ ਹੈ। ਉਸ ਦੀ ਜਿਸ ਤਰ੍ਹਾਂ ਦੀ ਇੱਛਾ ਹੁੰਦੀ ਹੈ ਉਸ ਤਰ੍ਹਾਂ ਹੀ ਕੋਈ ਬੋਲਦਾ ਹੈ।

ਬਾਈਵੀਂ ਅਸਟਪਦੀ ਤੇ ਸਲੋਕ ਵਿਚ ਮਨੁੱਖ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਠਾਕੁਰ ਰੂਪ ਇੱਕੋ ਇਕ ਪ੍ਰਭੂ ਆਪ ਹੀ ਸਰਬ-ਵਿਆਪਕ ਹੈ, ਹੋਰ ਕੋਈ ਵੀ ਦੂਜਾ ਨਹੀਂ। ਉਸ ਦਾ ਜਦੋਂ ਦਿਲ ਕਰਦਾ ਹੈ ਇਸ ਸ੍ਰਿਸ਼ਟੀ ਦਾ ਵਿਸਥਾਰ ਕਰ ਲੈਂਦਾ ਹੈ ਤੇ ਜਦੋਂ ਇੱਛਾ ਹੋਵੇ ਸੰਘਾਰ ਕਰ ਦਿੰਦਾ ਹੈ। ਇਸ ਲਈ ਪ੍ਰਭੂ-ਸ਼ਕਤੀ ਅਤੇ ਰਜ਼ਾ ਅੱਗੇ ਸਿਰ ਨਿਵਾਉਣ ਵਾਲੀ ਜੁਗਤ ਹੀ ਧਰਵਾਸ ਪ੍ਰਦਾਨ ਕਰ ਸਕਦੀ ਹੈ।

ਤੇਈਵੀਂ ਅਸਟਪਦੀ ਤੇ ਸਲੋਕ ਵਿਚ ਮਨੁੱਖ ਨੂੰ ਵਿਵਹਾਰਕ ਜੀਵਨ ਵਿਚ ਸਫ਼ਲਤਾ ਹਾਸਲ ਕਰਨ ਦੀ ਮੁਲਵਾਨ ਜੀਵਨ-ਜੁਗਤ ਦੱਸੀ ਗਈ ਹੈ। ਇਹ ਜੀਵਨ- ਜੁਗਤ ਹੈ-ਗਿਆਨ ਦੀ ਪ੍ਰਾਪਤੀ। ਗਿਆਨ ਇਕ ਅਜਿਹਾ ਮੁੱਲਵਾਨ ਸਾਧਨ ਹੈ ਜੋ ਅਗਿਆਨਤਾ ਦਾ ਨਾਸ ਕਰਦਿਆਂ ਮਨੁੱਖ ਨੂੰ ਚੰਗੇ-ਮੰਦੇ ਦੀ ਸੋਝੀ ਪ੍ਰਾਪਤ ਕਰਨ ਦੇ ਸਮਰੱਥ ਬਣਾਉਂਦਾ ਹੈ। ਅਗਿਆਨੀ ਪੁਰਸ਼ ਨੂੰ ਤਾਂ ਇਹ ਸੋਝੀ ਹੋ ਸਕਣੀ ਸੰਭਵ ਹੀ ਨਹੀਂ । ਗਿਆਨ ਦੇ ਆਸਰੇ ਹੀ ਉਸ ਨੂੰ ਆਪਣੇ ਅੰਤਰ-ਆਤਮੇ ਵਿਚ ਪ੍ਰਭੂ-ਪ੍ਰਕਾਸ਼ ਦੀ ਸੋਝੀ ਆਉਂਦੀ ਹੈ ਜਿਸ ਦੇ ਫਲਸਰੂਪ ਉਹ ਪਰੰਪਰਾਗਤ ਮੁਕਤੀ ਦੀ ਥਾਂ ਜੀਵਨ-ਮੁਕਤੀ ਦੀ ਲੋਚਾ ਕਰਦਾ ਹੈ। ਉਹ ਸਮਝ ਲੈਂਦਾ ਹੈ ਕਿ ਜੀਵਨ-ਮੁਕਤ ਪਦ ਪ੍ਰਾਪਤ ਕਰਨ ਨਾਲ ਹੀ ਧਨਵੰਤ, ਕੁਲਵੰਤ ਤੇ ਪਤਵੰਤ ਬਣਿਆ ਜਾ ਸਕਦਾ ਹੈ। ਜੀਵਨ-ਮੁਕਤ ਜੀਵਨ ਵਾਲੇ ਮਨੁੱਖ ਦੇ ਹਿਰਦੇ ਵਿਚ ਭਗਵੰਤ ਦਾ ਵਾਸ ਹੋ ਜਾਂਦਾ ਹੈ। ਇਹ ਜੀਵਨ-ਮੁਕਤ ਪਦ ਪ੍ਰਾਪਤ ਕਰਨ ਵਾਲਾ ਮਨੁੱਖ ਨਾ ਕੇਵਲ ਆਪ ਮੁਕਤ ਹੁੰਦਾ ਹੈ ਸਗੋਂ ਸਮੁੱਚੇ ਮਾਨਵ-ਸੰਸਾਰ ਨੂੰ ਮੁਕਤ ਕਰਨ ਦੇ ਸਮਰੱਥ ਹੋ ਜਾਂਦਾ ਹੈ। ਅਜਿਹੀ ਜੀਵਨ-ਸ਼ੈਲੀ ਵਾਲੇ ਮਨੁੱਖ ਨੂੰ ਸਦਾ ਨਮਸਕਾਰ ਕਰਨੀ ਲੋੜੀਂਦੀ ਹੈ।

ਚੌਵੀਵੀਂ ਅਸਟਪਦੀ ਤੇ ਸਲੋਕ ਵਿਚ ਵੀ ਮਨੁੱਖ ਨੂੰ ਅਜੋਕੇ ਸਮੇਂ ਥਾਂ-ਥਾਂ ’ਤੇ ਵਪਾਰਕ ਕੇਂਦਰ ਖੋਲ੍ਹ ਕੇ ਬੈਠੇ ਨਾਮਧਰੀਕ ਗੁਰੂਆਂ ਦੀ ਗੱਲ ਸੁਣਨ ਨਾਲੋਂ ਪੂਰੇ ਗੁਰੂ ਦਾ ਉਪਦੇਸ਼ ਸੁਣਨ ਦੀ ਜੀਵਨ-ਜੁਗਤ ਦੱਸੀ ਗਈ ਹੈ। ਏਹੋ ਜੁਗਤ ਮਨੁੱਖ ਨੂੰ ਪਰਮੇਸ਼ਰ ਨੂੰ ਨੇੜਿਓਂ ਹੋ ਕੇ ਵੇਖਣ, ਪਰਖਣ ਦੀ ਸੋਝੀ ਪ੍ਰਦਾਨ ਕਰ ਸਕਦੀ ਹੈ। ਇਸੇ ਲਈ ਗੁਰੂ ਜੀ ਮਨੁੱਖ ਨੂੰ ਹੰਕਾਰੀ ਭਾਵਨਾ ਛਡ ਕੇ ਨਿਮਰਤਾ ਧਾਰਨ ਕਰਨ ਦੀ ਪ੍ਰੇਰਨਾ ਕਰਦੇ ਹਨ। ਸੁਖਮਨੀ ਸਾਹਿਬ ਦੀ ਸਮੁੱਚੀ ਬਾਣੀ ਵਿਚ ਇਹ ਗੁਣ ਹੈ ਕਿ ਇਸ ਵਿਚ ਦਰਸਾਈ ਗਈ ਜੀਵਨ-ਜੁਗਤ ਅਪਨਾਉਣ ਵਾਲੇ ਦੀ ਸੋਭਾ ਸਭ ਤੋਂ ਉੱਚੀ ਸਥਾਪਤ ਹੋ ਜਾਂਦੀ ਹੈ।

ਉਪਰੋਕਤ ਅਧਿਐਨ ਇਸ ਤੱਥ ਨੂੰ ਭਲੀ-ਭਾਂਤ ਉਭਾਰਦਾ ਹੈ ਕਿ ਸੁਖਮਨੀ ਸਾਹਿਬ ਵਿਚ ਦਰਸਾਈ ਗਈ ਜੀਵਨ-ਜੁਗਤ ਅਜੋਕੇ ਮਾਨਵ ਦੇ ਤਨ ਨੂੰ, ਮਨ ਨੂੰ ਅਤੇ ਆਤਮਾ ਨੂੰ ਸੰਵਾਰਨ ਤੇ ਸ਼ਿੰਗਾਰਨ ਲਈ ਪੂਰੀ ਤਰ੍ਹਾਂ ਸਾਰਥਿਕ ਤੇ ਸਮਰੱਥ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿਸ ਪ੍ਰਕਾਰ ਦਾ ਸੰਵਾਦ ਇਸ ਬਾਣੀ ਵਿਚ ਪ੍ਰਭੂ ਤੇ ਮਨੁੱਖ ਦਾ ਰਚਾਇਆ ਹੈ ਉਸ ਦਾ ਸਰੋਕਾਰ ਮਾਨਵ ਦੇ ਤਨ ਤੇ ਮਨ ਦੇ ਸੁਖਾਂ ਤੋਂ ਇਲਾਵਾ ਆਤਮ ਵਿਕਾਸ ਨਾਲ ਵੀ ਜੁੜਿਆ ਹੋਇਆ ਹੈ। ਇਸ ਪੱਖ ਨੁੰ ਪ੍ਰੋ. ਤੇਜਾ ਸਿੰਘ ਨੇ ਆਪਣੀ ਅੰਗਰੇਜ਼ੀ ਦੀ ਪੁਸਤਕ Psalm of Peace ਵਿਚ ਵਿਸਥਾਰ ਸਹਿਤ ਵਿਚਾਰਦਿਆਂ ਸੁਖਮਨੀ ਸਾਹਿਬ ਦੀ ਰਚਨਾ ਨੂੰ ਅਜੋਕੇ ਮਾਨਸਿਕ ਤਨਾਓ ਨਾਲ ਘਿਰੇ ਮਨੁੱਖ ਲਈ ਤੰਦਰੁਸਤ ਹੋਣ ਦਾ ਸਾਧਨ ਦਸਿਆ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Jasbir Singh Sabar
ਰੀਟਾ. ਪ੍ਰੋਫੈਸਰ ਤੇ ਮੁਖੀ, ਗੁਰੂ ਨਾਨਕ ਅਧਿਐਨ ਵਿਭਾਗ -ਵਿਖੇ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)