ਅੰਮ੍ਰਿਤਸਰ ਦੀ ਨਗਰੀ ਵਿਚ ਹੈ, ਉਹ ਹਰਿਮੰਦਰ ਪਿਆਰਾ।
ਜਿਸ ਦੇ ਅੱਗੇ ਆ ਕੇ ਵੇਖੋ! ਝੁਕਦਾ ਏ ਜੱਗ ਸਾਰਾ।
ਅੰਮ੍ਰਿਤਸਰ ਦੀ ਨਗਰੀ ਦੀ ਤਾਂ, ਵੱਡੀ ਏ ਵਡਿਆਈ।
ਰਾਮਦਾਸ ਸਤਿਗੁਰ ਜੀ ਨੇ ਇਹ, ਹੱਥੀਂ ਆਪ ਵਸਾਈ।
ਅੰਮ੍ਰਿਤਸਰ ਦੀ ਨਗਰੀ ਤਾਈਂ, ਨੂਰੋ ਨੂਰ ਸੀ ਕੀਤਾ।
ਸ੍ਰੀ ਗੁਰੂ ਤੇਗ ਬਹਾਦਰ ਜੀ ਨੇ, ਜਨਮ ਏਸ ਥਾਂ ਲੀਤਾ।
ਅੰਮ੍ਰਿਤਸਰ ਦੀ ਨਗਰੀ ਦਾ ਤਾਂ, ਹੈ ਇਤਿਹਾਸ ਨਿਰਾਲਾ।
ਏਸ ਗੱਲ ਦੀ ਭਰੇ ਗਵਾਹੀ, ਬਾਗ਼ ਇਹ ਜੱਲ੍ਹਿਆਂ ਵਾਲਾ।
ਅੰਮ੍ਰਿਤਸਰ ਦੀ ਨਗਰੀ ਵਰਗੀ, ਨਗਰੀ ਹੋਰ ਨਾ ਕੋਈ।
ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ, ਏਸ ਜਗ੍ਹਾ ’ਤੇ ਹੋਈ।
ਅੰਮ੍ਰਿਤਸਰ ਦੀ ਨਗਰੀ ਵੀਰੋ! ਸਭ ਦੇ ਦਿਲ ਨੂੰ ਭਾਏ।
‘ਗੁਰੂਆਂ’ ‘ਸੰਤਾਂ’ ਅਤੇ ‘ਸ਼ਹੀਦਾਂ’, ਭਾਗ ਏਸ ਨੂੰ ਲਾਏ।
ਅੰਮ੍ਰਿਤਸਰ ਦੀ ਨਗਰੀ ਵਿਚ ਹਨ, ਵੱਡੇ ਗੁਰਦੁਆਰੇ।
ਇਹ ਸਿੱਖੀ ਦੇ ਸੋਮੇ ਸਾਨੂੰ, ਜਾਨੋਂ ਵੱਧ ਪਿਆਰੇ।
ਅੰਮ੍ਰਿਤਸਰ ਦੀ ਨਗਰੀ ਦੀ ਹੈ, ਵੀਰੋ ਸ਼ਾਨ ਨਿਆਰੀ।
ਇਸੇ ਲਈ ਤੇ ਇਸ ਨੂੰ ਵੇਖਣ, ਆਉਂਦੀ ਦੁਨੀਆਂ ਸਾਰੀ।
ਅੰਮ੍ਰਿਤਸਰ ਦੀ ਨਗਰੀ ਦੀ ਜੋ, ਧੂੜੀ ਮੱਥੇ ਲਾਵੇ।
‘ਅਮਰ’ ਕਹੇ ਉਹ ਬਸ਼ਰ, ਆਪਣੇ ਵੱਡੇ ਭਾਗ ਬਣਾਵੇ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ