ਗੁਰਬਾਣੀ ਦਾ ਫ਼ੁਰਮਾਨ ਹੈ :
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ (ਪੰਨਾ 62)
ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ॥
ਇਕਿ ਰਾਹੇਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ॥ (ਪੰਨਾ 1379)
ਅਸ਼ਲੀਲ ਸਾਹਿਤ ਉਹ ਮਿੱਠਾ ਜ਼ਹਿਰ ਹੈ ਜਿਹੜਾ ਤਥਾਕਥਿਤ ਸਾਹਿਤਕਾਰਾਂ ਨੇ ਚਟਪਟਾ ਅਤੇ ਸਵਾਦਲਾ ਬਣਾ ਕੇ ਸਾਡੇ ਵਾਸਤੇ ਰਚਿਆ ਹੁੰਦਾ ਹੈ। ਇਹਦਾ ਅਸਰ ਖਾਸ ਕਰਕੇ ਨੌਜਵਾਨ ਪੀੜ੍ਹੀ ’ਤੇ ਤਾਂ ਬੜਾ ਹੀ ਮਾਰੂ ਹੁੰਦਾ ਹੈ। ਅੱਜਕਲ੍ਹ ਅਸ਼ਲੀਲ ਕੈਸਟਾਂ ਦਾ ਰੁਝਾਨ ਵਧ ਚੁਕਿਆ ਹੈ ਜਿਹੜਾ ਕਿ ਨੌਜਵਾਨਾਂ ਦੇ ਚਾਲ-ਚਲਣ ਵਿਚ ਭਾਰੀ ਗਿਰਾਵਟ ਲਿਆਉਣ ਦਾ ਕਾਰਨ ਬਣ ਰਿਹਾ ਹੈ। ਚਾਲ-ਚਲਣ ਹੀ ਤਾਂ ਮਨੁੱਖ ਦੀ ਸਭ ਤੋਂ ਕੀਮਤੀ ਚੀਜ਼ ਹੈ ਜਿਸ ਬਾਰੇ ਇਕ ਅੰਗਰੇਜ਼ ਫ਼ਿਲਾਸਫ਼ਰ ਨੇ ਲਿਖਿਆ ਹੈ:
If money is lost, nothing is lost;
If health is lost, something is lost;
If character is lost, everything is lost.
ਭਾਵ ਪੈਸਾ ਗਿਆ, ਕੁਝ ਨਹੀਂ ਗਿਆ; ਸਿਹਤ ਗਈ ਕੁਝ ਗਿਆ; ਜੇਕਰ ਚਾਲ-ਚਲਣ ਗਿਆ ਤਾਂ ਸਭ ਕੁਝ ਗਿਆ।
ਕਦੇ ਦੇਵਰ-ਭਾਬੀ ਦਾ ਰਿਸ਼ਤਾ ਬੜਾ ਸੱਚਾ-ਸੁੱਚਾ ਹੁੰਦਾ ਸੀ ਜਿਹੜਾ ਅਸ਼ਲੀਲ ਕਿਸਮ ਦੇ ਲੇਖਕਾਂ ਨੇ ਪਲੀਤ ਕਰ ਕੇ ਰੱਖ ਦਿੱਤਾ ਹੈ। ਇਨ੍ਹਾਂ ਇਤਨੀਆਂ ਘਟੀਆ ਕਿਸਮ ਦੀਆਂ ਰਚਨਾਵਾਂ ਸਮਾਜ ਨੂੰ ਦਿੱਤੀਆਂ ਹਨ ਜੋ ਪਰਵਾਰ ਵਿਚ ਬੈਠ ਕੇ ਸੁਣੀਆਂ ਹੀ ਨਹੀਂ ਜਾ ਸਕਦੀਆਂ। ਇਨ੍ਹਾਂ ਵਿਚ ਜੀਜਾ-ਸਾਲੀ, ਦੇਵਰ-ਭਾਬੀ, ਨੂੰਹ-ਸਹੁਰੇ, ਜੇਠ ਅਤੇ ਛੜਿਆਂ ਨੂੰ ਰੱਜ ਕੇ ਬਦਨਾਮ ਕੀਤਾ ਗਿਆ ਹੈ। ਉਹ ਔਰਤ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਪਵਿੱਤਰ ਬਾਣੀ ਵਿਚ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥” (ਪੰਨਾ 473) ਆਖ ਕੇ ਮਾਣ- ਸਤਿਕਾਰ ਦਿੱਤਾ ਭਾਵ ਮਹਾਂਪੁਰਖਾਂ ਅਤੇ ਰਾਜਿਆਂ ਦੀ ਜਨਮਦਾਤੀ ਕਿਹਾ ਹੈ, ਇਨ੍ਹਾਂ ਨੇ ਉਸ ਨੂੰ ਭੋਗ ਦੀ ਵਸਤੂ ਅਤੇ ਅਬਲਾ ਬਣਾ ਕੇ ਰੱਖ ਦਿੱਤਾ ਹੈ। ਜੇਕਰ ਔਰਤ ਅਬਲਾ ਹੁੰਦੀ ਤਾਂ ਹਿੰਦੁਸਤਾਨ ਵਿਚ ਰਜ਼ੀਆ ਸੁਲਤਾਨ, ਰਾਣੀ ਦੁਰਗਾਵਤੀ ਅਤੇ ਮਾਤਾ ਭਾਗ ਕੌਰ ਵਰਗੀਆਂ ਦਲੇਰ ਔਰਤਾਂ ਪੈਦਾ ਨਾ ਹੁੰਦੀਆਂ।
ਇਨ੍ਹਾਂ ਦੀਆਂ ਰਚਨਾਵਾਂ ਨੇ ਸਮਾਜ ਸੁਧਾਰ ਤਾਂ ਕੀ ਕਰਨਾ ਸੀ ਸਗੋਂ ਨਕਲੀ ਹੀਰਾਂ ਅਤੇ ਰਾਂਝਿਆਂ ਦੀ ਗਿਣਤੀ ਵਿਚ ਹੀ ਵਾਧਾ ਕੀਤਾ ਹੈ। ਬੱਚੀਆਂ ਦੀ ਸੋਲ੍ਹਾਂ ਸਾਲ ਦੀ ਉਮਰ ਮਗਰ ਤਾਂ ਹੱਥ ਧੋ ਕੇ ਹੀ ਪੈ ਗਏ ਹਨ। ਇੰਜ ਜਾਪਦਾ ਹੈ ਕਿ ਰੁਮਾਂਸ ਦੇ ਬਿਨਾਂ ਹੋਰ ਕੋਈ ਵਿਸ਼ਾ ਲਿਖਣ ਵਾਸਤੇ ਰਹਿ ਹੀ ਨਾ ਗਿਆ ਹੋਵੇ। ਲੇਖਕ ਤੇ ਕਵੀ ਵੀਰੋ! ਜ਼ਰਾ ਪੜ੍ਹੋ ਭਾਈ ਗੁਰਦਾਸ ਜੀ ਆਪਣੀ ਵਾਰ ਵਿਚ ਲਿਖਦੇ ਹਨ:
ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ।
ਉਸੁ ਸੂਅਰੁ ਉਸੁ ਗਾਇ ਹੈ ਪਰ ਧਨ ਹਿੰਦੂ ਮੁਸਲਮਾਣੈ।
ਪੁਤ੍ਰ ਕਲਤ੍ਰ ਕੁਟੰਬੁ ਦੇਖਿ ਮੋਹੇ ਮੋਹਿ ਨ ਧੋਹਿ ਧਿਙਾਣੈ।
ਉਸਤਤਿ ਨਿੰਦਾ ਕੰਨਿ ਸੁਣਿ ਆਪਹੁ ਬੁਰਾ ਨ ਆਖਿ ਵਖਾਣੈ।
ਵਡ ਪਰਤਾਪੁ ਨ ਆਪੁ ਗਣਿ ਕਰਿ ਅਹੰਮੇਉ ਨ ਕਿਸੈ ਰਞਾਣੈ।
ਗੁਰਮੁਖਿ ਸੁਖ ਫਲ ਪਾਇਆ ਰਾਜੁ ਜੋਗੁ ਰਸ ਰਲੀਆ ਮਾਣੈ।
ਸਾਧਸੰਗਤਿ ਵਿਟਹੁ ਕੁਰਬਾਣੈ॥11॥ (ਵਾਰ 21)
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਸਾਹਿਤਕਾਰ ਇੰਨਾ ਲੱਚਰ ਅਤੇ ਘਟੀਆ ਸਾਹਿਤ ਕਿਉਂ ਰਚਦੇ ਹਨ? ਇਸ ਦੇ ਕਈ ਕਾਰਨ ਹਨ। ਅਸ਼ਲੀਲ ਲੇਖਕਾਂ ਦਾ ਦਿਮਾਗ਼ੀ ਪੱਧਰ ਹੀ ਇੰਨਾ ਨੀਵਾਂ ਹੋ ਗਿਆ ਹੈ ਕਿ ਉਨ੍ਹਾਂ ਨੂੰ ਉਸਾਰੂ ਸਾਹਿਤ ਰਚਣ ਵਿਚ ਤਸੱਲੀ ਹੀ ਨਹੀਂ ਮਿਲਦੀ। ਸਭਿਆਚਾਰ ਦੇ ਸਬੰਧ ਵਿਚ ਗਿਆਨੀ ਸੰਤ ਸਿੰਘ ਜੀ ਮਸਕੀਨ ਆਪਣੀ ਪੁਸਤਕ ‘ਗੁਰੂ ਚਿੰਤਨ’ ਦੇ ਪੰਨਾ 43 ’ਤੇ ਲਿਖਦੇ ਹਨ: ‘ਇਕ ਪੜ੍ਹਿਆ-ਲਿਖਿਆ ਮਨੁੱਖ ਜਦ ਫ਼ਿਲਮੀ ਐਕਟਰਾਂ ’ਤੇ ਆਪਣਾ ਦਿਮਾਗ਼ ਖ਼ਰਚ ਕਰ ਕੇ, ਉਨ੍ਹਾਂ ਦੀ ਜੀਵਨ-ਝਾਕੀ ਪੇਸ਼ ਕਰਦਾ ਹੈ ਤਾਂ ਇਸ ਨਾਲ ਉਹ ਕੋਈ ਸਮਾਜ ਦੀ ਸੇਵਾ ਨਹੀਂ ਕਰ ਰਿਹਾ ਹੁੰਦਾ, ਸਗੋਂ ਇਸ ਨਾਲ ਸਮਾਜ ਦਾ ਜ਼ਿਹਨ ਗੰਦਾ ਕਰ ਰਿਹਾ ਹੁੰਦਾ ਹੈ।’ ਇਸ ਤਰ੍ਹਾਂ ਦੇ ਅਸ਼ਲੀਲ ਨਾਵਲ, ਜਿਨਸੀਅਤ ਨਾਲ ਭਰੀਆਂ ਕਹਾਣੀਆਂ ਸਮਾਜ ਦੀ ਅਧੋਗਤੀ ਦੀਆਂ ਨਿਸ਼ਾਨੀਆਂ ਬਣਦੀਆਂ ਹਨ।
ਕਿਸੇ ਕਵੀ ਦੇ ਕਥਨ ਅਨੁਸਾਰ :
ਬਲ ਵਾਲੇ ਸੂਰਜ ਨੇ ਭਾਵੇਂ ਦੁਨੀਆਂ ਸਭ ਰੁਸ਼ਨਾਈ।
ਅੰਤ ਸਮੇਂ ਉਸ ਦੇ ਮੂੰਹ ਉੱਤੇ, ਦੇਖ ਪਲਿੱਤਣ ਛਾਈ।
ਨਿੱਕੇ ਦੀਵੇ ਹੱਸ ਕੇ ਆਖਿਆ, ‘ਹੇ ਸੂਰਜ! ਕਿਉਂ ਝੂਰੇਂ?
ਜਦ ਤਕ ਮੈਂ ਹਾਂ ਜਗਦਾ ਰਹਿੰਦਾ, ਰੱਖਸਾਂ ਜੋਤ ਜਗਾਈ।’
ਸੋ ਸੱਚਾ ਸਾਹਿਤਕਾਰ ਤਾਂ ਦੀਵੇ ਦੇ ਸਮਾਨ ਹੁੰਦਾ ਹੈ ਜਿਸ ਦਾ ਕੰਮ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨਾ ਹੁੰਦਾ ਹੈ। ਜੇਕਰ ਸਾਰੇ ਸਾਹਿਤਕਾਰ ਇਹ ਸੋਚ ਕੇ ਲਿਖਣ ਕਿ ਅਸੀਂ ਸਿਰਫ਼ ਉਸਾਰੂ ਸਾਹਿਤ ਹੀ ਸਮਾਜ ਨੂੰ ਦੇਣਾ ਹੈ ਤਾਂ ਉਹ ਹਿੰਦੁਸਤਾਨ ਕੀ, ਦੁਨੀਆਂ ਦਾ ਕੋਨਾ-ਕੋਨਾ ਰੁਸ਼ਨਾ ਸਕਦੇ ਹਨ।
ਲੇਖਕ ਬਾਰੇ
ਪਿੰਡ ਨਵੀਆਂ ਬਾਗੜੀਆਂ, ਡਾਕ. ਆਲਮਾ, ਜ਼ਿਲ੍ਹਾ ਗੁਰਦਾਸਪੁਰ
- ਹੋਰ ਲੇਖ ਉਪਲੱਭਧ ਨਹੀਂ ਹਨ