editor@sikharchives.org

ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥

ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਮੁਤਾਬਕ ਭੀ ਸਿੱਖ ਪੰਥ ਵਿੱਚ ਸ਼ਾਮਿਲ ਹੋਣ ਲਈ ਖੰਡੇ ਬਾਟੇ ਦੀ ਪਾਹੁਲ ਜ਼ਰੂਰੀ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਪੰਥ ਵਿੱਚ ਦਾਖਲਾ ਲੈਣ ਵਾਸਤੇ ਮਾਰਚ ੧੬੯੯  ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੰਡੇ ਦੀ ਪਹੁਲ ਲਾਗੂ ਕੀਤੀ ਅਤੇ ੧੭੦੮ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਦਾ ਬਖਸ਼ ਕੇ ਸ਼ਖਸ਼ੀ ਗੁਰਤਾ ਨੂੰ ਸਦਾ ਵਾਸਤੇ ਖਤਮ ਕਰ ਦਿੱਤਾ। ਗੁਰ ਸ਼ਬਦ ਨੂੰ ਗੁਰਤਾ ਬਖਸ਼ਣੀ ਇੱਕ ਬਹੁਤ ਕ੍ਰਾਂਤੀਕਾਰੀ ਫੈਸਲਾ ਸੀ। ਇਹ ਜ਼ਰੂਰੀ ਵੀ ਸੀ ਕਿਉਂਕਿ ਕੋਈ ਭੀ ਸਰੀਰ ਸਦਾ ਵਾਸਤੇ ਜਿਉਂਦਾ ਨਹੀਂ ਰਹਿ ਸਕਦਾ।

ਵਿਸਾਖੀ ੧੬੯੯ ਵਾਲੇ ਦਿਨ, ਗੁਰੂ ਗੋਬਿੰਦ ਸਿੰਘ ਨੇ, ਕਿਸ ਤਰ੍ਹਾਂ ਲਲਕਾਰ ਨਾਲ, ਨੰਗੀ ਤਲਵਾਰ ਲੈ ਕੇ, ਪੰਜ ਸਿਰ ਵਾਰ ਵਾਰ ਮੰਗੇ ਸਨ, ਅਸੀਂ ਸਭ ਜਾਣਦੇ ਹਾਂ। ਇਸ ਗੱਲ ਨਾਲ ਭੀ ਸਭ ਸਹਿਮਤ ਹਨ ਕਿ ਜਦੋਂ ਕ੍ਰਮਵਾਰ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਜੀ ਗੁਰੂ ਸਾਹਿਬ ਦੀ ਲਲਕਾਰ ਤੇ ਆਪਾ ਵਾਰਨ ਲਈ ਉੱਠੇ ਸਨ ਤਾਂ ਉਨ੍ਹਾਂ ਨੂੰ ਵਾਰੀ ਵਾਰੀ ਨਵੇਕਲੀ ਜਗ੍ਹਾ ਤੇ ਇੱਕ ਖ਼ਾਸ ਤਇਨਾਤ ਤੰਬੂ ਵਿੱਚ ਲਿਜਾਇਆ ਗਿਆ ਸੀ। ਉਸ ਤੋਂ ਕੁੱਝ ਦੇਰ ਬਾਅਦ, ਖੰਡੇ ਦੀ ਪਾਹੁਲ ਦੇ ਕੇ ਅਤੇ ਨਵੇਂ ਬਸਤਰ ਪਹਿਨਾ ਕੇ, ਗੁਰੂ ਸਾਹਿਬ ਨੇ ਉਨ੍ਹਾਂ ਨੂੰ ਬਾਹਰ ਸੰਗਤ ਵਿੱਚ ਵਾਪਿਸ ਲਿਆਂਦਾ ਸੀ। ਖੰਡੇ ਦੀ ਪਾਹੁਲ ਦੇਣ ਦੀ ਇਹ ਰਵਾਇਤ ਅੱਜ ਤੱਕ ਕਾਇਮ ਹੈ। ਇਹ ਰਵਾਇਤ ਇੱਕ ਨਿਵੇਕਲੀ ਜਗ੍ਹਾ ਤੇ ਉਥੇ ਕੀਤੀ ਜਾਂਦੀ ਹੈ ਜਿਥੇ ਆਮ ਰਸਤਾ ਨਾ ਹੋਵੇ। ਜਿਸ ਵੇਲੇ ਖੰਡੇ ਦੇ ਪਾਹੁਲ ਦੀ ਇਹ ਰਸਮ ਹੋ ਰਹੀ ਹੁੰਦੀ ਹੈ ਤਾਂ ਆਮ ਵਿਅਕਤੀ ਉੱਥੇ ਨਹੀਂ ਜਾ ਸਕਦਾ। ਕੇਵਲ ਖੰਡੇ ਦੀ ਪਾਹੁਲ ਦੇ ਅਭਿਲਾਖੀ ਹੀ ਉੱਥੇ ਹਾਜ਼ਰ ਹੋ ਸਕਦੇ ਹਨ।

ਅੱਜ ਸਿੱਖ ਇਤਿਹਾਸ ਨਾਲ ਖਿਲਵਾੜ ਹੋ ਰਿਹਾ ਹੈ। ਬੜੇ ਅਫਸੋਸ ਵਾਲੀ ਗੱਲ ਇਹ ਹੈ ਕਿ ਅਲੀਗੜ ਯੂਨੀਵਰਿਸ੍ਟੀ ਤੋਂ ਛੱਪੇ ਇੱਕ ਅਨਵ੍ਰਾਨਿਤ ਕਥਿਤ ਕਿਤਾਬਚੇ ਤੋਂ ਪ੍ਰਭਾਵਿਤ ਹੋ ਕਿ ਕਈ ਸਿੱਖ ਧਾਰਮਿਕ ਆਗੂ, ਪ੍ਰਚਾਰਿਕ ਅਤੇ ਢਾਡੀ ਸੰਗਤਾਂ ਵਿੱਚ ਇਹ ਪ੍ਰਚਾਰ ਕਰਦੇ ਹਨ ਕਿ ਗੁਰੂ ਸਾਹਿਬ ਨੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਦੇ ਸਿਰ ਤਲਵਾਰ ਨਾਲ ਸਾਰੀ ਸੰਗਤ ਦੇ ਸਾਹਮਣੇ ਹੀ ਕੱਟ ਦਿੱਤੇ ਸਨ। ਇਹ ਸਾਰੇ ਸਰੀਰ ਕਾਫੀ ਦੇਰ ਮਿੱਟੀ ਵਿੱਚ ਪਏ ਰਹੇ। ਫੇਰ ਗੰਗਾ ਤੋਂ ਖਾਸ ਤੌਰ ਤੇ ਲਿਆਂਦੇ ਪਾਣੀ ਨਾਲ ਖੰਡੇ ਬਾਟੇ ਦੀ ਪਾਹੁਲ ਤਿਆਰ ਕੀਤੀ ਗਈ। ਉਸ ਤੋਂ ਬਾਅਦ ਪੰਜਾਂ ਪਿਆਰਿਆਂ ਦੇ ਮਿਰਤਕ ਸਿਰਾਂ ਅਤੇ ਧੜਿਆਂ ਨੂੰ ਇੱਕ ਦੂਜੇ ਨਾਲ ਜੋੜ ਦਿੱਤਾ ਗਿਆ। ਜਦੋਂ ਉਨ੍ਹਾਂ ਉੱਤੇ ਖੰਡੇ ਦੀ ਪਾਹੁਲ ਛਿੜਕੀ ਗਈ ਤਾਂ ਸਾਰੇ ਪਿਆਰੇ ਜਿਆਉਂਦਾ ਹੋ ਗਏ। ਸਾਡੀ ਸਮਝ ਮੁਤਾਬਕ ਇਹ ਇੱਕ ਬਨਾਉਟੀ ਕਹਾਣੀ ਅਤੇ ਅਨਹੋਣੀ ਗੱਲ ਹੈ। ਟੋਟੇ ਹੋ ਕੇ ਮਰਿਆ ਕੋਈ ਜੀਵ ਜਿਉਂਦਾ ਨਹੀਂ ਹੋ ਸਕਦਾ। ਗੁਰਬਾਣੀ ਭੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੀ। ਗੁਰੂ ਸਾਹਿਬ ਕੁਦਰਤ ਦੇ ਨਿਯਮਾਂ ਅਤੇ ਅਕਾਲ ਪੁਰਖ ਦੇ ਭਾਣੇ ਤੋਂ ਕਦੇ ਭੀ ਆਕੀ ਨਹੀਂ ਹੋਏ। ਗੁਰੂ ਸਾਹਿਬਾਂ ਨੇ ਕਰਾਮਾਤਾਂ, ਕੌਤਕਾਂ, ਕੋਡ ਤਮਾਸ਼ਿਆਂ ਆਦਿ ਵਿੱਚ ਕਦੇ ਵੀ ਵਿਸ਼ਵਾਸ਼ ਨਹੀਂ ਕੀਤਾ ਅਤੇ ਸਿੱਖਾਂ ਨੂੰ ਵੀ ਇਨ੍ਹਾਂ ਕ੍ਰਮ ਕਾਂਡਾਂ ਤੋਂ ਵਰਜਿਆ।

ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ ॥
ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ ॥੨॥ ਪੰਨਾਂ ੭੦੭

ਅਰਥ : ਸੰਸਾਰ ਦੇ ਕ੍ਰੋੜਾਂ ਚੋਜ, ਤਮਾਸ਼ਿਆਂ ਆਦਿ ਦੇ ਪ੍ਰਭਾਵ ਦੇ ਕਾਰਨ ਜੇ ਪ੍ਰਭੂ ਦਾ ਨਾਮ ਸਿਮਰਨ ਚਿੱਤ ਵਿੱਚ ਨਾ ਰਹੇ ਤਾਂ ਹੇ ਨਾਨਕ! ਉਹ ਪ੍ਰਾਣੀ ਉਜਾੜ ਦੀ ਥਾਂ ਸਮਝੋ। ਅਜੇਹੀ ਮਾਨਸਿਕ ਅਵਸਥਾ ਵਿੱਚ ਜਿਉਂਣਾ ਭਿਆਨਕ ਨਰਕ ਦੇ ਬਰਾਬਰ ਹੈ।੨।

ਅਸੀਂ ਹੁਣ ਖੰਡੇ ਦੀ ਪਾਹੁਲ ਸੰਬੰਧੀ, ੧੬੯੯ ਦੇ ਦਿਹਾੜੇ ਵਾਰੇ ਕੁੱਝ ਮੰਨੇ ਪ੍ਰਮੰਨੇ ਪੰਥਕ ਹਸਤੀਆਂ ਦੇ ਲਿਖੇ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਵਾ ਰਹੇ ਹਾਂ। ਸਿਰਾਂ ਦੇ ਕੱਟਣ ਦੀ ਘਟਨਾ ਨੂੰ ਨਿਕਾਰਦੇ ਹੋਏ ਇਹ ਇਤਿਹਾਸਕਾਰ ਲਿੱਖਦੇ ਹਨ ਕਿ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਦੇ ਸਿਰ ਨਹੀਂ ਵੱਢੇ। ਉਥੇ ਤਾਂ ਬੱਕਰਿਆਂ ਦੇ ਸਿਰ ਵੱਢੇ ਗਏ ਸਨ।

1. ਭਾਈ ਕੁਇਰ ਸਿੰਘ ਦੇ ਗੁਰ ਬਿਲਾਸ, ਪ੍ਰਸੰਗ ਭਾਈ ਮਨੀ ਸਿੰਘ ਮੁਤਾਬਕ :

ਚੌਪਈ।।
ਸੰਗਤ ਕੇ ਸੋਧਣ ਮੈਂ ਆਯੋ।
ਅਦਿਭੁਤ ਏਕ ਚਰਿਤ੍ਰ ਬਨਾਯੋ।
ਤੰਬੂ ਚਾਰ ਸੁ ਅਧਿਕ ਮੰਗਾਏ।
ਭਿੰਨ ਭਿੰਨ ਕਰ ਥਾਂ ਲਵਾਏ।
ਪੰਜ ਅਜਾ ਸੁਤ ਗੁਪਤ ਮੰਗਾਈ।
ਤਾ ਮੈਂ ਦੀਨ ਨੀਸਾ ਬੰਧਵਾਈ।

ਦੋਹਿਰਾ।।
ਰੈਨ ਪਿਆਂ, ਸੁ ਦਿਨ ਚੜਿਓ, ਜਗੇ ਸਕਲ ਨਰ ਨਾਰ।
ਵੈਸਾਖੀ ਕੇ ਦਰਸ ਪਰ ਸੰਗਤ ਮਿਲੀ ਅਪਾਰ।

ਚੌਪਈ ।।
ਅਛਲ ਪੁਰਖ ਕੌਤਕ ਇਕ ਕੀਨਾ।
ਜਹਿੰ ਤਹਿੰ ਬੋਲ ਸੰਗ ਸਭ ਲੀਨਾ।
ਮਿਲੇ ਆਨ ਜਬ ਅਧਿਕ ਅਪਾਰਾ।
ਦਿਪਤਜੋਤ ਕਰ ਬਦਨ ਸੁਧਾਰਾ।
ਸਨਮੁਖ ਪੂਰਾ ਸਿਖ ਹੈ ਕੋਈ।
ਸੀਸ ਭੇਟ ਗੁਰ ਦੇਵੇ ਜੋਈ।
ਯੋ ਸੁਨ ਅਧਿਕ ਹੁਕਮ ਬਹੁ ਭਾਰਾ।
ਭਯੋ ਬਿਸਮ ਯਹਿ ਸਕਲ ਸੰਸਾਰਾ।
ਤੀਨ ਬੇਰ ਸ੍ਰੀ ਮੁਖ ਜਬ ਕਹਯੋ।
ਪਾਨ ਜੋੜ ਸੇਵਕ ਇਕ ਅਯੋ।
ਗਹਿ, ਤਾਕੀ ਭੁਜ ਖੜਗ ਨਿਕਾਰਿਯੋ।
ਤੇ ਅਧਿਕ ਇਹ ਬਿਧ ਤਨ ਧਾਰਯੋ।
ਝਟਕਾ ਕਰਿਯੋ ਅਜਾ ਸੁਤ ਜਾਈ।
ਰੁਧਰ ਪ੍ਰਵਾਹ ਚਲਯੋ ਤਬ ਧਾਈ। (ਅਧਿਆਇ ੯, ਸਫਾ ੯੪)

ਉਨ੍ਹਾਂ ਮੁਤਾਬਕ, ਇਸ ਤਰ੍ਹਾਂ ਵਾਰੀ ਵਾਰੀ ਪੰਜ ਬੱਕਰੇ ਝਟਕਾਏ ਗਏ।

2. ਗੁਰ ਬਿਲਾਸ ਭਾਈ ਸੁਖਾ ਸਿੰਘ ਭੀ ਇਸ ਵੇਲੇ ਬੱਕਰੇ ਝਟਕਾਉਣ ਦੀ ਗੱਲ ਕਰਦਾ ਹੈ।

3. ਗੁਰ ਬਿਲਾਸ ਬਾਬਾ ਸੁਮੇਰ ਸਿੰਘ, ਇਹ ਤਖਤ ਸ੍ਰੀ ਪਟਨਾ ਸਾਹਿਬ ਦੇ ਮਹੰਤ ਸਨ। ਇਨ੍ਹਾਂ ਨੇ ਇਸ ਸਾਖੀ ਨੂੰ ਠੀਕ ਮੰਨ ਕੇ ਬੱਕਰੇ ਝਟਕਾਉਣਾ ਸਿੱਧ ਕੀਤਾ ਹੈ।

4. ਪੰਥ ਪ੍ਰਕਾਸ਼, ਗਿਆਨੀ ਗਿਆਨ ਸਿੰਘ ਮੁਤਾਬਕ :

ਬੈਠਾਰੇ ਅੰਤਰ ਲੈ ਜਾਇ।
ਬੁਜ਼ੋ ਦਏ ਪਾੰਚੋੰ ਝਟਕਾਇ।
ਹਨੇ ਸਿਖ, ਲੋਗਨ ਲਖ ਸਾਚਯੋ।
ਹਾ ਹਾ ਕਾਰ ਸਭਾ ਮੈ ਮਾਚਯੋ।
ਊਚ ਨੀਚ ਨਰ ਨਾਰੀ ਸਭ ਹੀ।
ਨਿੰਦਣ ਲਾਗੇ ਗੁਰ ਕੋ ਤਬ ਹੀ।
ਕਹੇਂ ਸਿਰੜ ਗੁਰ ਕੋ ਹ੍ਵੈ ਗਯੋ।
ਬਕਰਯੋਂ ਸਮ ਸਿਖੈਂ ਹਤ ਦਯੋ।
ਸੰਸਾਰੀ ਜੜ੍ਹ ਨਿੰਦਾ ਥਾਨੈਂ।
ਈਸ਼ਰ ਸਾਂਗ ਨ ਜੀਵ ਪਛਾਨੈਂ।
ਜੇ ਸਿਦਕੀ ਸਿਖ ਹੁਤੇ ਸਿਆਨੈਂ।
ਤੇ ਕਹਿ ਸ੍ਵਾਂਗ ਸਤਿਗੁਰੂ ਥਾਨੈਂ।
ਪਰ ਇਹ ਕੀਨੋੰ ਸ੍ਵਾਂਗ ਕਰਾਰਾ।
ਰਾਖੋ ਗੁਰ ਤੁ ਰਹੇ ਵਿਚਾਰਾ।

ਖੰਡੇ ਦੀ ਪਾਹੁਲ ਦੇਣ ਤੋਂ ਬਾਅਦ ਜਦ ਗੁਰੂ ਜੀ ਪੰਜਾਂ ਪਿਆਰਿਆਂ ਨੂੰ ਤੰਬੂ ਵਿਚੋਂ ਬਾਹਰ ਲੈ ਕੇ ਆਏ ਤਾਂ ਫਿਰ ਲੋਕਾਂ ਦੇ ਮਨ ਵਿੱਚ ਖਿਆਲ ਆਇਆ ਕਿ ਗੁਰੂ ਜੀ ਨੇ ਤਾਂ ਸਿੱਖਾਂ ਨੂੰ ਮਾਰ ਕੇ ਜੀਵਾ ਦਿੱਤਾ ਹੈ।

ਚੌਪਈ।।
ਆਪਸ ਮਾਹਿੰ ਕਰੇਂ ਇਮ ਬਾਤੈਂ।
ਇਹ ਗੁਰ ਈਸ਼੍ਵਰ ਆਹਿ, ਸਖਯਾਤੈੰ।
ਪ੍ਰਤੱਖ ਜਿਨ ਸਿਖ ਮਾਰ ਜੀਵਾਏ।
ਠੀਕ ਤੁਰਕ ਜੜ੍ਹ ਇਹ ਉਠਾਏ।

5. ਭਾਈ ਸੰਤੋਖ ਸਿੰਘ ਨੇ ਵੀ ਆਪਣੇ ਗ੍ਰੰਥ “ਸੂਰਜ ਪ੍ਰਕਾਸ਼” ਵਿੱਚ ਬੱਕਰੇ ਝਟਕਾਣ ਦੀ ਹੀ ਗੱਲ ਕੀਤੀ ਹੈ।

ਪਰ ਅੱਜ ਤੱਕ ਸਾਨੂੰ ਆਪਣੀਆਂ ਅੱਖਾਂ ਨਾਲ ਦੇਖ ਕੇ, ਅਸਲ ਵਿੱਚ ਤੰਬੂ ਅੰਦਰ ਕੀ ਵਾਪਰਿਆ, ਵਾਰੇ ਕਿਸੇ ਨੇ ਨਹੀਂ ਦੱਸਿਆ। ਸੱਚਾਈ ਤਾਂ ਇਹ ਹੈ ਕਿ ਕਿਸੇ ਨੂੰ ਕੋਈ ਪਤਾ ਹੀ ਨਹੀਂ ਕਿ ਤੰਬੂ ਅੰਦਰ ਕੀ ਹੋਇਆ ਸੀ। ਸਭ ਆਪੋ ਆਪਣੇ ਅੰਦਾਜ਼ੇ ਹੀ ਲਾ ਰਹੇ ਹਨ। ਉੱਥੇ ਤੰਬੂ ਵਿੱਚ ਕੇਵਲ ਗੁਰੂ ਜੀ ਹਾਜ਼ਰ ਸਨ। ਅੰਦਰ ਜਾਣ ਦੀ ਕਿਸੇ ਨੂੰ ਆਗਿਆ ਨਹੀਂ ਸੀ।

ਸਾਨੂੰ ਬੱਕਰਿਆਂ ਅਤੇ ਪੰਜਾਂ ਪਿਆਰਿਆਂ ਦੇ ਸਿਰਾਂ ਦੇ ਕਤਲ ਦੀਆਂ ਕਹਾਣੀਆਂ ਸੱਚੀਆਂ ਨਹੀਂ ਜਾਪਦੀਆਂ।

ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਮੁਤਾਬਕ ਭੀ ਸਿੱਖ ਪੰਥ ਵਿੱਚ ਸ਼ਾਮਿਲ ਹੋਣ ਲਈ ਖੰਡੇ ਬਾਟੇ ਦੀ ਪਾਹੁਲ ਜ਼ਰੂਰੀ ਹੈ। ਹਰ ਕੋਈ ਪ੍ਰਾਣੀ, ਮਰਦ, ਔਰਤ, ਰੰਗ, ਨਸਲ ਅਤੇ ਹੋਰ ਕਿਸੇ ਭੇਦ ਭਾਵ ਦੇ ਬਗੈਰ ਸਿੱਖ ਪੰਥ ਵਿੱਚ ਸ਼ਾਮਿਲ ਹੋ ਸਕਦਾ ਹੈ। ਖੰਡੇ ਬਾਟੇ ਦੀ ਪਾਹੁਲ ਲੈਣ ਉਪ੍ਰੰਤ ਸਿੱਖ ਨੇ ਅਕਾਲ ਪੁਰਖ ਤੋਂ ਬਗੈਰ ਕਿਸੇ ਵਿਸ਼ੇਸ਼ ਪ੍ਰਾਣੀ, ਦੇਵੀ, ਦੇਵਤੇ ਜਾਂ ਅਵਤਾਰ ਦੀ ਪੂਜਾ ਨਹੀਂ ਕਰਨੀ ਅਤੇ ਕਿਸੇ ਕ੍ਰਮ ਕਾਂਡ, ਜੰਤ੍ਰ, ਮੰਤ੍ਰ, ਤੰਤਰ, ਸ਼ੁਭ-ਅਸ਼ੁਭ ਦਿਹਾੜੇ, ਸਮਾਂ, ਮਹੂਰਤ ਆਦਿ ਵਿੱਚ ਵਿਸ਼ਵਾਸ਼ ਨਹੀਂ ਰੱਖਣਾ। ਆਪਣੀ ਮੁਕਤੀ ਦਾ ਦਾਤਾ ਕੇਵਲ ਵਾਹਿਗੁਰੂ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਣਾ ਹੈ।

ਹੇਠ ਲਿੱਖੀਆਂ ਬੱਜਰ ਕੁਰਹਿਤਾਂ ਵਿਚੋਂ ਸਾਰੀਆਂ ਜਾਂ ਕਿਸੇ ਇੱਕ ਬੱਜਰ ਕੁਰਹਿਤ ਦੇ ਕਰਨ ਨਾਲ ਪ੍ਰਾਣੀ ਪਤਿਤ ਅਤੇ ਸਿੱਖ ਧਰਮ ਵਿਚੋਂ ਖਾਰਜ਼ ਹੋ ਜਾਂਦਾ ਹੈ। ਬੱਜਰ ਕੁਰਹਿਤਾਂ ਇਹ ਹਨ:

1. ਕੇਸਾਂ ਦਾ ਕਤਲ ਕਰਨਾ,
2. ਪਰ ਪੁਰਸ਼/ਪਰ ਨਾਰੀ ਨਾਲ ਸਰੀਰਕ ਸੰਬੰਧ ਪੈਦਾ ਕਰਨਾ ਭਾਵ ਪਰ ਪੁਰਸ਼/ਪਰ ਇਸਤ੍ਰੀ ਦਾ ਭੋਗਣਾ,
3. ਤਮਾਕੂ ਅਤੇ ਕਿਸੇ ਨਸ਼ੇ ਦੀ ਕੁਵਰਤੋਂ ਅਤੇ
4. ਕੁੱਠਾ ਭਾਵ ਮੁਸਲਮਾਨੀ ਤਰੀਕੇ ਨਾਲ ਕਲਮਾਂ ਪੜ੍ਹ ਕੇ ਤਿਆਰ ਕੀਤਾ ਹੋਇਆ ਹਲਾਲ ਮਾਸ ਖਾਣਾ (ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਪੰਨਾਂ ੩੦)।

ਸਾਰੀਆਂ ਜਾਂ ਕਿਸੇ ਇੱਕ ਬੱਜਰ ਕੁਰਹਿਤ ਕਰਨ ਤੋਂ ਬਾਅਦ ਜੇ ਕੋਈ ਪ੍ਰਾਣੀ ਸਿੱਖ ਪੰਥ ਵਿੱਚ ਮੁੜ ਸ਼ਾਮਿਲ ਹੋਣਾ ਚਾਹੇ ਤਾਂ ਪਤਿਤ ਪ੍ਰਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜਾਂ ਪਿਆਰਿਆਂ ਸਾਹਮਣੇ ਪੇਸ਼ ਹੋ ਕੇ ਭੁੱਲ ਬਖਸ਼ਾਉਣੀ ਅਤੇ ਦ੍ਵਾਰਾ ਫਿਰ ਖੰਡੇ ਬਾਟੇ ਦੀ ਪਾਹੁਲ ਲੈਣੀ ਜ਼ਰੂਰੀ ਹੈ।

ਕਈ ਸਿੱਖ ਕਿਸੇ ਭੀ ਕਿਸਮ ਦੇ ਮਾਸ ਖਾਣ ਦੇ ਵਿੱਰੁਧ ਹਨ। ਉਹ ਉੱਪਰ ਦੱਸੇ ਹਲਾਲ ਮਾਸ ਅਤੇ ਦੂਜੇ ਮਾਸ ਦੇ ਫਰਕ ਨੂੰ ਨਹੀਂ ਮੰਨਦੇ। ਇਸ ਦੀ ਪੁਸ਼ਟੀ ਲਈ ਉਹ ਗੁਰਬਾਣੀ ਦੀ ਦੁਰਵਰਤੋਂ ਕਰਦੇ ਹਨ। ਇਸ ਲੇਖ ਰਾਹੀਂ ਅਸੀਂ ਮਾਸ ਖਾਣ ਜਾਂ ਨਾ ਖਾਣ ਦੀ ਵਕਾਲਤ ਨਹੀਂ ਕਰ ਰਹੇਙ ਮਾਸ ਖਾਣਾ ਜਾਂ ਨਾ ਖਾਣਾ ਹਰ ਇੱਕ ਪ੍ਰਾਣੀ ਦਾ ਨਿੱਜੀ ਮਸਲਾ ਹੈ।

ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਮੁਤਾਬਕ ਸਿੱਖ ਨੇ ਹਲਾਲ ਕੀਤਾ ਹੋਇਆ ਮਾਸ ਬਿਲਕੁਲ ਨਹੀਂ ਖਾਣਾ।

ਮਾਸ ਖਾਣ ਜਾਂ ਨਾ ਖਾਣ ਲਈ ਗੁਰਸਿੱਖਾਂ ਨੂੰ ਗੁਰਬਾਣੀ ਤੋ ਇਲਾਵਾ ਹੋਰ ਧਰਮਾਂ ਦੇ ਅਸੂਲਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ।

ਜੀਅ ਦਇਆ :

ਮਨਿ ਸੰਤੋਖੁ ਸਰਬ ਜੀਅ ਦਇਆ।।
ਇਨ ਬਿਧਿ ਬਰਤੁ ਸੰਪੂਰਨ ਭਇਆ।। ਪੰਨਾਂ ੨੯੯

ਕਈ ਸਿੱਖ ਗੁਰਬਾਣੀ ਦੀ ਇਸ ਤੁੱਕ ਵਿੱਚ “ਜੀਅ ਦਇਆ” ਦੇ ਅਰਥ ਮਾਸ ਖਾਣਾ ਕਰਦੇ ਹਨ ਜੋ ਕਿ ਗਲਤ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਕਿਸੇ ਵਿਸ਼ੇ ਨੂੰ ਗੁਰੂ ਸਾਹਿਬ ਨੇ ਅਧੂਰਾ ਨਹੀਂ ਛੱਡਿਆ। ਗੁਰਬਾਣੀ ਵਿੱਚ “ਜੀਅ ਦਇਆ” ਸੰਬੰਧੀ ਤੁੱਕਾਂ ਦੇ ਅਰਥ ਮਾਸ ਖਾਣਾ ਸਮਝ ਲੈਣਾ ਵੱਡੀ ਭੁੱਲ, ਗੁਰਬਾਣੀ ਦੀ ਅਯੋਗ ਵਰਤੋਂ, ਗੁਰਬਾਣੀ ਅਤੇ ਗੁਰੂ ਸਾਹਿਬਾਂ ਨਿਰਾਦਰੀ ਹੈ। “ਜੀਅ ਦਇਆ” ਨੂੰ ਸਮਝਣ ਲਈ ਪਹਿਲਾਂ ਗੁਰੁਮਤ ਮਾਰਤੰਡ ਵਿੱਚੋਂ ਦੇਖੋ ਭਾਈ ਕਾਨ੍ਹ ਸਿੰਘ ਨਾਭਾ ਦੇ ਦਿੱਤੇ ਖਿਆਲ :

1. “ਹਿੰਸਾ ਅਤੇ ਦਇਆ ਦਾ ਤੱਤ ਜਾਣੇ ਬਿਨ੍ਹਾਂ ਲੋਕ ਔਝੜ ਜਾ ਰਹੇ ਹਨ। ਜੂਆਂ, ਖਟਮਲਾਂ, ਹਲਕੇ ਕੁੱਤਿਆਂ ਅਤੇ ਸੱਪਾਂ ਆਦਿ ਉਤੇ ਦਇਆ ਕਰਨੀ ਅਤੇ ਗਰੀਬ ਅਨਾਥਾਂ ਦਾ ਲਹੂ ਪੀਣਾ, ਨੀਚ ਆਖ ਕੇ ਜਾਤ ਅਭਿਮਾਨ ਦੇ ਮਦ ਵਿੱਚ ਆ ਕੇ ਕਰਤਾਰ ਡਰ ਵੱਸਣ ਦਾ ਮਨ-ਮੰਦਿਰ ਢਾਹਣਾ, ਆਪਣੇ ਮਨੋਰਥ ਦੀ ਸਿੱਧੀ ਲਈ ਪਸ਼ੂਆਂ ਦੀ ਬਲੀ ਦੇਣੀ, ਜੰਗ ਵਿੱਚ ਫੌਜ਼ ਦੀ ਸਫ਼ ਅੱਗੇ ਗਾਵਾਂ ਖਲੋਤੀਆਂ ਵੇਖ ਕੇ ਹਥਿਆਰ ਸੁੱਟ ਦੇਣੇ ਅਤੇ ਅਨੰਤ ਗਊਆਂ ਦੀ ਹਿੰਸਾ ਦਾ ਮੁੱਢ ਬੰਨਣਾ, ਕਾਵਾਂ-ਇੱਲ੍ਹਾਂ ਦਾ ਖਾਧਾ ਜੀਵ ਜੋ ਤੜਫ ਰਿਹਾ ਹੈ, ਜਿਸ ਦੇ ਬਚਣ ਦੀ ਕੋਈ ਸੂਰਤ ਨਹੀਂ, ਉਸ ਨੂੰ ਮਾਰਨੋਂ ਸੰਕੋਚ ਕਰਨਾ, ਆਪਣੇ ਅਧੀਨ ਨੌਕਰ ਅਤੇ ਪਸ਼ੂਆਂ ਨੂੰ ਮਹਾਨ ਦੁੱਖੀ ਰੱਖਣਾ, ਆਦਿ ਕਰਮ ਹਨ ਅਗਿਆਨੀ ਅਹਿੰਸਕ ਅਤੇ ਦਯਾਵਾਨ ਦੇ। ਗੁਰੁਮਤ ਵਿੱਚ ਯਥਾਰਥ ਭਾਵ ਵਿੱਚ ਅਹਿੰਸਾ ਅਤੇ ਦਇਆ ਦੀ ਵਰਤੋਂ ਹੈ। ਨਾ ਜੈਨ ਅਤੇ ਬੁੱਧ ਮਤ ਦਾ ਨਿਯਮ ‘ਅਹਿੰਸਾ ਹੀ ਪਰਮੋ ਧਰਮਾਂ’ ਅੰਗੀਕਾਰ ਹੈ ਅਰ ਨਾ ਰਾਕਸ਼ ਵ੍ਰਿੱਤਿ ਵਿਧਾਨ ਹੈ।” (ਗੁਰੁਮਤ ਮਾਰਤੰਡ ਪੰਨਾਂ ੨੧੪)

2. ਜੀਵਾਂ ਉੱਤੇ ਦਇਆ ਕਰਨ ਦੀ ਜੁਗਤੀ ਜਾਣੇ। ਸੱਪ, ਠੂਹੇਂ, ਸ਼ੇਰ, ਬਘਿਆੜ ਅਤੇ ਹਲਕੇ ਕੁੱਤੇ ਆਦਿ ਪਰ ਦਇਆ ਕਰਕੇ ਪਾਪ ਦਾ ਭਾਗੀ ਨਾ ਬਣੇ। ਜੀਵ ਮਰਨ ਦੇ ਭੈ ਤੋਂ ਜੁੱਤੀ ਤਿਆਗ ਕੇ ਮੂਹ ਪਰ ਪੱਟੀ ਨਾ ਬਨ੍ਹ ਬੈਠੇ। ਇਸੇ ਤਰ੍ਹਾਂ ਹੀ ਆਪਣੇ ਅਧੀਨ ਜੀਵਾਂ ਨੂੰ ਭੁੱਖ, ਤ੍ਰੇਹ, ਅਤੇ ਬੇ-ਰਹਿੰਮਾਂ ਦੇ ਵਰਤਾਉ ਰੂਪ ਕਲੇਸ਼ ਤੋਂ ਬਚਾਉਣ ਦੀ ਸ਼ਕਤੀ ਭਰ ਯਤਨ ਕਰੇ”। (ਗੁਰੁਮਤ ਮਾਰਤੰਡ ਪੰਨਾਂ ੩੨੩)

ਭਾਈ ਜੇ.ਪੀ. ਸੰਗਤ ਸਿੰਘ ਨੇ ਇੱਕ ਕਿਤਾਬ ਲਿੱਖੀ ਹੈ ਜਿਸ ਦਾ ਸਿਰਲੇਖ ਹੈ, “ਸਿੱਖ ਧਰਮ ਤੇ ਮਾਸ ਸ਼ਰਾਬ”। ਆਪ ਜੀ ਇਸ ਕਿਤਾਬ ਦੇ ਪੰਨਾਂ ੧੫੭ ਤੇ ਲਿੱਖਦੇ ਹਨ, “ਜੀਵਨ ਦੀਆਂ ਘਟਨਾਵਾਂ ਤੋਂ ਛੁੱਟ ਪਾਵਨ ਗੁਰਬਾਣੀ ਵਿੱਚ ਵੀ ਸਤਿਗੁਰ ਜੀ ਨੇ ਮਾਸ ਖਾਣ ਦੀ, ਜੀਭ-ਸੁਆਦ ਲਈ ਕਮਜ਼ੋਰ, ਨਿਰਮਲ ਤੇ ਬੇਗੁਨਾਹ ਜੀਵਾਂ ਦੀ ਹੱਤਿਆ ਕਰਨ ਦੀ ਥਾਉਂ ਥਾਈਂ ਵਿਰੋਧਤਾ ਕੀਤੀ ਹੈ। ਮਾਸ ਖਾਣ ਵਾਲਿਆਂ ਨੂੰ ਅਤੇ ਜੀਵ ਹੱਤਿਆ ਕਰਨ ਵਾਲਿਆਂ ਨੂੰ “ਮਲ ਖਾਣੇ”, ਹਤਿਆਰੇ, ਪਾਪੀ ਤੇ ਕੂੜਿਆਰ ਆਖਿਆ ਹੈ”।  ਮਾਸ ਨਾ ਖਾਣ ਦਾ ਪੱਖ ਪੇਸ਼ ਕਰਨ ਵਾਸਤੇ ਉਨ੍ਹਾਂ ਵਲੋਂ ਦਿੱਤੀਆਂ ਗੁਰਬਾਣੀ ਦੀਆਂ ਤੁੱਕਾਂ ਵਿਚੋਂ ਕੁੱਝ ਤੁੱਕਾਂ ਪੇਸ਼ ਹਨ:

  1. ਅਸੰਖ ਗਲਵਢ ਹਤਿਆ ਕਮਾਹਿ ॥
    ਅਸੰਖ ਪਾਪੀ ਪਾਪੁ ਕਰਿ ਜਾਹਿ ॥
    ਅਸੰਖ ਕੂੜਿਆਰ ਕੂੜੇ ਫਿਰਾਹਿ ॥
    ਅਸੰਖ ਮਲੇਛ ਮਲੁ ਭਖਿ ਖਾਹਿ ॥ ਜਪੁਜੀ ਪੰਨਾਂ ੧੮

ਅਰਥ: ਅਨੇਕਾਂ ਹੀ ਖ਼ੂਨੀ ਮਨੁੱਖ ਲੋਕਾਂ ਦੇ ਗਲ ਵੱਢ ਰਹੇ ਹਨ ਅਤੇ ਅਨੇਕਾਂ ਹੀ ਪਾਪੀ ਮਨੁੱਖ ਪਾਪ ਕਮਾ ਕੇ ਆਖ਼ਰ ਇਸ ਦੁਨੀਆ ਤੋਂ ਤੁਰ ਜਾਂਦੇ ਹਨ। ਅਨੇਕਾਂ ਹੀ ਝੂਠ ਬੋਲਣ ਦੇ ਸੁਭਾਉ ਵਾਲੇ ਮਨੁੱਖ ਝੂਠ ਵਿੱਚ ਹੀ ਰੁੱਝੇ ਪਏ ਹਨ ਅਤੇ ਅਨੇਕਾਂ ਹੀ ਖੋਟੀ ਬੁੱਧੀ ਵਾਲੇ ਮਨੁੱਖ ਮਲ ਭਾਵ, ਅਖਾਜ ਹੀ ਖਾਈ ਜਾ ਰਹੇ ਹਨ। (ਗੁਰੂ ਗ੍ਰੰਥ ਦਰਪਨ)

2. ….. ਕੁਦਇਆ ਕਸਾਇਣਿ  ….  ਪੰਨਾਂ ੯੧

ਨੋਟ: ਇਹ ਅੱਧੀ ਤੁੱਕ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਪੰਨਾਂ ੯੧ ਤੇ ਦਰਜ਼ ਸਲੋਕ, “ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ” ਦੀ ਪਹਿਲੀ ਤੁੱਕ ਦੇ ਵਿੱਚਕਾਰੋਂ ਲਈ ਹੈ।

3. ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ।।  ਪੰਨਾਂ ੧੪੧,

ਨੋਟ : ਗੁਰਬਾਣੀ ਦੀ ਇਹ ਅੱਧੀ ਤੁੱਕ ਵੀ ਪੰਨਾਂ ੧੪੧ ਤੇ ਦਰਜ਼ ਸਲੋਕ, “ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਖਾਵੈ” ਦੀ ਆਖਰੀ ਤੁੱਕ ਵਿਚੋਂ ਲਈ ਗਈ ਹੈ।

ਹੁਣ ਤੁਸੀਂ ਆਪ ਹੀ ਦੇਖ ਸਕਦੇ ਕਿ ਉਪਰ ਦਿੱਤੀਆਂ ਗੁਰਬਾਣੀ ਦੀਆਂ ਕਿਸੇ ਭੀ ਤੁੱਕਾਂ ਦੇ ਅਰਥ ਮਾਸ ਖਾਣਾ ਨਹੀਂ ਨਿਕਲਦੇ।

ਅਖੀਰ ਵਿੱਚ ਬਾਰਹਮਾਹਾ ਮਾਂਝ ਦੇ ਮਾਘ ਮਹੀਨੇ ਦੀ ਗੁਰਬਾਣੀ ਦੀ ਅੱਧੀ ਤੁੱਕ, “…ਜੀਅ ਦਇਆ ਪਰਵਾਨੁ” ਵਾਲੇ ਸਾਰੇ ਸ਼ਬਦ ਦੇ ਅਰਥਾਂ ਨੂੰ ਸਮਝਣ ਦਾ ਯਤਨ ਕਰੀਏ। ਕਈ ਸਿੱਖ “…ਜੀਅ ਦਇਆ ਪਰਵਾਨੁ” ਦੇ ਅਰਥ ਭੀ ਮਾਸ ਨਹੀਂ ਖਾਣਾ ਕਰਦੇ ਹਨ। ਇਸ ਸ਼ਬਦ ਦਾ ਭਾਵ ਤਾਂ ਮਾਘੀ ਦੀ ਪਵਿੱਤਰਤਾ ਦੇ ਪਾਏ ਭੁਲੇਖੇ ਨੂੰ ਦੂਰ ਕਰਨਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਦੋ ਬਾਰਹਮਾਹਾ ਹਨ :

1. ਤੁਖਾਰੀ ਛੰਤ ਮਹਲਾ ੧ ਬਾਰਹਮਾਹਾ, ਗੁਰੂ ਨਾਨਕ ਸਾਹਿਬ ਦਾ ਲਿੱਖਿਆ ਹੋਇਆ ਹੈ ਅਤੇ ਪੰਨਾਂ ੧੧੦੭ ਤੇ ਦਰਜ਼ ਹੈ।

2. ਬਾਰਹਮਾਹਾ ਮਾਂਝ ਮਹਲਾ ੫  ਘਰ ੪, ਗੁਰੂ ਅਰਜਨ ਸਾਹਿਬ ਦਾ ਲਿੱਖਿਆ ਹੋਇਆ ਹੈ ਅਤੇ ਪੰਨਾਂ ੧੩੩ ਤੇ ਦਰਜ਼ ਹੈ।

ਸੰਗਰਾਂਦ : ਦੇਸੀ ਮਹੀਨੇ ਦੇ ਪਹਿਲੇ ਦਿਨ ਨੂੰ ਸੰਗਰਾਂਦ ਕਿਹਾ ਜਾਂਦਾ ਹੈ। ਹਿੰਦੂ ਸੰਗਰਾਂਦ ਦੇ ਇਸ ਦਿਨ ਨੂੰ ਪਵਿਤ੍ਰ ਮੰਨਦੇ ਹਨ ਅਤੇ ਇਹ ਲੋਕ ਸੰਗਰਾਂਦ ਨੂੰ ਬੜੀ ਮਹੱਤਤਾ ਦਿੰਦੇ ਹਨ। ਇਹ ਲੋਕ ਸੂਰਜ ਦੇਵਤੇ ਦੇ ਉਪਾਸ਼ਕ ਹਨ। ਇਨ੍ਹਾਂ ਲਈ ਹਰੇਕ ‘ਸੰਗਰਾਂਦ’ ਦਾ ਦਿਨ ਇਸ ਲਈ ਪਵਿੱਤ੍ਰ ਹੈ ਕਿਉਂਕਿ ਉਸ ਦਿਨ ਉਨ੍ਹਾਂ ਦਾ ਸੂਰਜ ਦੇਵਤਾ ਇੱਕ ‘ਰਾਸਿ(ਰਾਸ਼ੀ)’ ਨੂੰ ਛੱਡ ਕੇ ਦੂਜੀ ‘ਰਾਸਿ(ਰਾਸ਼ੀ)’ ਵਿੱਚ ਆਉਂਦਾ ਹੈ। ਸੂਰਜ ਦੇਵਤੇ ਨੂੰ ਖੁਸ਼ ਕਰਨ ਲਈ ਸੰਗਰਾਂਦ ਵਾਲੇ ਦਿਨ ਇਹ ਲੋਕ ਖ਼ਾਸ ਉਚੇਚਾ ਪੂਜਾ ਪਾਠ ਕਰਦੇ ਹਨ ਤਾਂ ਜੋ ਸੂਰਜ ਦੇਵਤਾ ਨਵੀਂ ‘ਰਾਸਿ(ਰਾਸ਼ੀ)’ ਵਿੱਚ ਰਹਿ ਕੇ ਇਨ੍ਹਾਂ ਦੇ ਉਪਾਸ਼ਕਾਂ ਦਾ ਸਾਰਾ ਮਹੀਨਾ ਚੰਗਾ ਲੰਘਾ ਦੇਵੇ।

ਪਰ ਗੁਰੂ ਸਾਹਿਬ ਕਿਸੇ ਭੀ ਦਿਨ ਨੂੰ ਚੰਗਾ ਜਾਂ ਮਾੜਾ ਨਹੀਂ ਸਮਝਦੇ। ਦੋਨ੍ਹਾਂ ਬਾਰਹਮਾਹਾ ਵਿੱਚ ਦੇਸੀ ਮਹੀਨਿਆਂ ਦਾ ਵਰਣਨ ਕਰਕੇ ਗੁਰੂ ਸਾਹਿਬਾਂ ਨੇ ਇਹ ਦੱਸਿਆ ਹੈ ਕੋ ਕੋਈ ਭੀ ਦਿਨ ਚੰਗਾ ਜਾਂ ਮਾੜਾ ਨਹੀਂ। ਗੁਰੂ ਸਾਹਿਬ ਮੁਤਾਬਕ:

1. ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ॥
ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥੧੪॥੧॥ ਪੰਨਾਂ ੧੩੬

ਅਰਥ : ਜਿਨ੍ਹਾਂ ਜੀਵਾਂ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਕੇ ਆਪਣੇ ਨਾਮ ਦੀ ਦਾਤ ਦਿੰਦਾ ਹੈ ਉਨ੍ਹਾਂ ਵਾਸਤੇ ਸਾਰੇ ਹੀ ਮਹੀਨੇ, ਸਾਰੇ ਹੀ ਦਿਨ ਅਤੇ ਸਾਰੇ ਹੀ ਮੁਹੂਰਤ ਸੁਲੱਖਣੇ ਹਨ। ਸੰਗ੍ਰਾਂਦ ਆਦਿ ਦੀ ਪਵਿਤ੍ਰਤਾ ਦੇ ਭਰਮ ਭੁਲੇਖੇ ਉਨ੍ਹਾਂ ਨੂੰ ਨਹੀਂ ਪੈਂਦੇ। ਨਾਨਕ ਆਖਦਾ ਹੈ ਕਿ ਹੇ ਪ੍ਰਮਾਤਮਾ ! ਮੇਰੇ ਤੇ ਮਿਹਰ ਕਰ। ਮੈਂ ਤੇਰੇ ਦਰ ਤੋਂ ਤੇਰੇ ਮਿਲਾਪ ਦੀ ਦਾਤ ਮੰਗਦਾ ਹਾਂ।੧੪।

2. ਸਲੋਕ ਮ: ੫।।
ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤੁ।।
ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ।।੧।। ਪੰਨਾਂ ੩੧੮

ਅਰਥ : ਹੇ ਨਾਨਕ! ਉਹੀ ਦਿਨ ਚੰਗਾ ਅਤੇ ਸੋਹਣਾ ਹੈ ਜਿਸ ਦਿਨ ਪ੍ਰਮਾਤਮਾ ਮਨ ਵਿੱਚ ਵੱਸਿਆ ਰਹਿੰਦਾ ਹੈ। ਜਿਸ ਦਿਨ ਪ੍ਰਮਾਤਮਾ ਵਿੱਸਰ ਜਾਂਦਾ ਹੈ ਉਹ ਸਮਾਂ ਮੰਦਾ ਜਾਣੋਂ ਅਤੇ ਉਹ ਸਮਾਂ ਫਿਟਕਾਰ ਜੋਗ ਹੈ।੧।

3. ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥
ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ ॥ ਪੰਨਾਂ ੧੧੦੯

ਅਰਥ : ਜਿਸ ਜੀਵ ਦੇ ਅਡੋਲ ਹੋਏ ਹਿਰਦੇ ਵਿੱਚ ਸਦਾ ਥਿਰ ਰਹਿਣ ਵਾਲਾ ਪ੍ਰਮਾਤਮਾ ਆ ਟਿਕਦਾ ਹੈ ਉਸ ਨੂੰ ਬਾਰਾਂ ਮਹੀਨੇ, ਸਾਰੀਆਂ ਰੁੱਤਾਂ, ਸਾਰੀਆਂ ਥਿੱਤਾਂ, ਸਾਰੇ ਦਿਨ, ਸਾਰੀਆਂ ਘੜੀਆਂ, ਸਾਰੇ ਮੁਹੂਰਤ ਅਤੇ ਪਲ ਸੁਲੱਖਣੇ ਜਾਪਦੇ ਹਨ। ਉਸ ਵਾਸਤੇ ਸੰਗ੍ਰਾਂਦ, ਮੱਸਿਆ ਆਦਿ ਕੋਈ ਪਵਿਤ੍ਰ ਜਾਂ ਮਾੜਾ ਦਿਨ ਨਹੀਂ ਹੈ।

4. ਮਾਘ ਦੀ ਸੰਗਰਾਦ ਵਾਲੇ ਦਿਨ ਭਾਵ ਮਾਘੀ ਨੂੰ ਹਿੰਦੂ ਲੋਕ ਪ੍ਰਯਾਗ ਆਦਿ ਤੀਰਥ ਉੱਤੇ ਇਸ਼ਨਾਨ ਕਰਨਾ ਪਵਿੱਤ੍ਰ ਮੰਨਦੇ ਹਨ। ਪਰ ਗੁਰੂ ਨਾਨਕ ਸਾਹਿਬ ਪ੍ਰਮਾਤਮਾ ਦੀ ਸਿਫ਼ਤ ਸਾਲਾਹ ਨੂੰ ਹਿਰਦੇ ਵਿੱਚ ਵਸਾਉਣਾ ਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। ਪੂਰਾ ਸ਼ਬਦ ਅਰਥਾਂ ਸਮੇਤ ਹੇਠਾਂ ਦਿੱਤਾ ਜਾ ਰਿਹਾ ਹੈ:

ਤੁਖਾਰੀ ਛੰਤ ਮਹਲਾ ੧ ਬਾਰਹਮਾਹਾ :
ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ ॥
ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ ॥
ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ ॥
ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ ॥
ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ ॥
ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ ॥੧੫॥ ਪੰਨਾਂ ੧੧੦੯

ਪਦ ਅਰਥ: ਮਾਘਿ-ਮਾਘ ਦੇ ਮਹੀਨੇ ਵਿੱਚ, ਪੁਨੀਤ-ਪਵਿਤ੍ਰ, ਤੀਰਥੁ-ਪਵਿਤ੍ਰ ਅਸਥਾਨ  ਖ਼ਾਸ ਤੌਰ ਤੇ ਉਹ ਜੋ ਕਿਸੇ ਨਦੀ ਆਦਿ ਦੇ ਨੇੜੇ ਹੋਵੇ, ਅੰਤਰਿ-ਹਿਰਦੇ ਵਿਚ, ਅੰਕੇ-ਹਿਰਦੇ ਵਿੱਚ, ਸੁਣਿ-ਤੇਰੇ ਗੁਣ ਸੁਣ ਕੇ, ਸਰਿ-ਸਰੋਵਰ ਵਿੱਚ, ਤੀਰਥ ਉੱਤੇ, ਨਾਵਾ-ਨ੍ਹਾਵਾਂ, ਇਸ਼ਨਾਨ ਕਰ ਲੈਂਦਾ ਹਾਂ, ਬੇਣੀ ਸੰਗਮ-ਗੰਗਾ, ਜਮਨਾ ਤੇ ਸਰਸ੍ਵਤੀ ਨਦੀਆਂ ਦੇ ਮਿਲਾਪ ਵਾਲੀ ਜਗ੍ਹਾ(ਤ੍ਰਿਬੇਣੀ)

ਅਰਥ: ਮਾਘ ਮਹੀਨੇ ਵਿੱਚ ਲੋਕ ਪ੍ਰਯਾਗ ਆਦਿ ਉੱਤੇ ਇਸ਼ਨਾਨ ਕਰਨ ਨੂੰ ਪਵਿਤ੍ਰ ਮੰਨਦੇ ਹਨ ਪਰ ਜਿਸ ਜੀਵ ਨੇ ਆਪਣੇ ਹਿਰਦੇ ਵਿੱਚ ਹੀ ਤੀਰਥ ਪਛਾਣ ਲਿਆ ਹੈ ਉਸ ਦੀ ਜਿੰਦ ਪਵਿਤ੍ਰ ਹੋ ਜਾਂਦੀ ਹੈ ਭਾਵ ਉਹ ਜੀਵ ਸਮਝੋ ਪਵਿਤ੍ਰ ਹੋ ਗਿਆ ਹੈ। ਜੋ ਜੀਵ ਪ੍ਰਮਾਤਮਾ ਦੇ ਗੁਣ ਆਪਣੇ ਹਿਰਦੇ ਵਿੱਚ ਵਸਾ ਕੇ ਉਸ ਦੇ ਚਰਨਾਂ ਵਿੱਚ ਲੀਨ ਹੁੰਦਾ ਹੈ, ਉਹ ਜੀਵ ਅਡੋਲ ਅਵਸਥਾ ਵਿੱਚ ਟਿਕ ਜਾਂਦਾ ਹੈ ਅਤੇ ਉਸ ਨੂੰ ਸੱਜਣ-ਪ੍ਰਭੂ ਮਿਲ ਪੈਂਦਾ ਹੈ।

ਹੇ ਸੋਹਣੇ ਪ੍ਰੀਤਮ ਪ੍ਰਭੂ! ਜੇ ਤੇਰੇ ਗੁਣ ਮੈਂ ਆਪਣੇ ਹਿਰਦੇ ਵਿੱਚ ਵਸਾ ਕੇ ਤੇਰੀ ਸਿਫ਼ਤ-ਸਾਲਾਹ ਸੁਣ ਕੇ ਤੈਨੂੰ ਚੰਗਾ ਲੱਗਣ ਲੱਗ ਪਵਾਂ, ਤਾਂ ਮੈਂ ਸਮਝਦਾ ਹਾਂ ਕਿ ਮੈਂ ਤੀਰਥ ਉੱਤੇ ਇਸ਼ਨਾਨ ਕਰ ਲਿਆ ।

ਤੇਰੇ ਚਰਨਾਂ ਵਿੱਚ ਲੀਨਤਾ ਵਾਲੀ ਅਵਸਥਾ ਹੀ ਮੇਰੇ ਲਈ ਗੰਗਾ, ਜਮਨਾ ਅਤੇ ਸਰਸ੍ਵਤੀ ਤਿੰਨਾਂ ਨਦੀਆਂ ਦੇ ਮਿਲਾਪ ਦੀ ਥਾਂ ਹੈ ਭਾਵ ਤ੍ਰਿਬੇਣੀ ਹੈ। ਉੱਥੇ ਹੀ ਮੈਂ ਸੱਤ ਸਮੁੰਦਰ ਸਮਾਏ ਹੋਏ ਮੰਨਦਾ ਹਾਂ। ਜਿਸ ਜੀਵ ਨੇ ਹਰੇਕ ਸਮੇਂ ਅਤੇ ਸਭ ਜੀਵਾਂ ਵਿੱਚ ਵਿਆਪਕ ਪ੍ਰਮੇਸ਼ਰ ਨਾਲ ਸਾਂਝ ਪਾ ਲਈ ਹੈ, ਉਸ ਜੀਵ ਨੇ ਸਮਝੋ ਸਾਰੇ ਤੀਰਥ-ਇਸ਼ਨਾਨ, ਸਾਰੇ ਪੁੰਨ, ਦਾਨ ਅਤੇ ਪੂਜਾ ਕਰਮ ਕਰ ਲਏ ਹਨ।

ਹੇ ਨਾਨਕ! ਮਾਘ ਮਹੀਨੇ ਵਿੱਚ ਤੀਰਥ-ਇਸ਼ਨਾਨ ਆਦਿ ਦੇ ਥਾਂ ਜਿਸ ਜੀਵ ਨੇ ਪ੍ਰਭੂ ਦਾ ਨਾਮ ਸਿਮਰ ਕੇ, ਪ੍ਰਭੂ-ਨਾਮ ਦਾ ਮਹਾਂ ਰਸ ਪੀ ਲਿਆ ਹੈ, ਉਸ ਜੀਵ ਨੇ ਸਮਝੋ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ।੧੫।

5. ਬਾਰਹਮਾਹਾ ਮਾਂਝ ਵਿੱਚ ਗੁਰੂ ਅਰਜਨ ਸਾਹਿਬ ਭੀ ਸਾਨੂੰ ਇਹੀ ਸਮਝਾਉਂਦੇ ਹਨ ਕਿ ਮਾਘ ਮਹੀਨੇ ਵਿੱਚ ਕੇਵਲ ਉਹੀ ਬੰਦੇ ਸੁੱਚੇ ਆਖੇ ਜਾ ਸਕਦੇ ਹਨ ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ ਅਤੇ ਜਿਨ੍ਹਾਂ ਨੂੰ ਪ੍ਰਭੂ ਵਲੋਂ ਪ੍ਰਭੂ ਸਿਮਰਨ ਦੀ ਦਾਤ ਮਿਲਦੀ ਹੈ। ਮਾਘ ਦੀ ਸੰਗ੍ਰਾਂਦ ਭਾਵ ਮਾਘੀ ਭੀ ਗੁਰਸਿੱਖਾਂ ਲਈ ਖਾਸ ਮਹੱਤਤਾ ਵਾਲਾ ਜਾਂ ਕੋਈ ਪਵਿਤ੍ਰ ਦਿਨ ਨਹੀਂ ਹੈ।

ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥
ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥
ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥
ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ ॥
ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥
ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥
ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥
ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥
ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥ ਪੰਨਾਂ ੧੩੬

ਪਦ ਅਰਥ : ਮਾਘ-ਮਾਘ ਨਖ੍ਹਤ੍ਰ ਵਾਲੀ ਪੂਰਨਮਾਸ਼ੀ ਦਾ ਮਹੀਨਾ, ਮਾਘਿ-ਮਾਘ ਦੇ ਮਹੀਨੇ ਵਿੱਚ, ਮਜਨੁ-ਚੁੱਭੀ, ਜਨਮ ਕਰਮ ਮਲੁ-ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ, ਸੁਆਨੁ-ਕੁੱਤਾ, ਪਰਵਾਨੁ-ਮੰਨਿਆਂ-ਪ੍ਰਮੰਨਿਆਂ

ਅਰਥ: ਮਾਘ ਮਹੀਨੇ ਵਿੱਚ, ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿ ਤੀਰਥਾਂ ਤੇ ਇਸ਼ਨਾਨ ਕਰਨਾ ਬੜਾ ਪੁੰਨ ਸਮਝਦੇ ਹਨ, ਪਰ ਤੂੰ ਹੇ ਭਾਈ! ਗੁਰਮੁਖਾਂ ਦੀ ਸੰਗਤ ਵਿੱਚ ਬੈਠ, ਉਨ੍ਹਾਂ ਦੀ ਚਰਨ ਧੂੜ ਵਿੱਚ ਇਸ਼ਨਾਨ ਕਰ। ਇਹ ਹੀ ਹੈ ਤੀਰਥਾਂ ਦਾ ਇਸ਼ਨਾਨ। ਨਿਮ੍ਰਤਾ-ਭਾਵ ਨਾਲ ਗੁਰਮੁਖਾਂ ਦੀ ਸੰਗਤ ਕਰ, ਉਥੇ ਜਾ ਕੇ ਪ੍ਰਮਾਤਮਾ ਦਾ ਨਾਮ ਜਪ, ਪ੍ਰਮਾਤਮਾ ਦੀ ਸਿਫ਼ਤ-ਸਾਲਾਹ ਸੁਣ, ਸਾਰਿਆਂ ਨੂੰ ਇਹ ਨਾਮ ਦੀ ਦਾਤ ਵੰਡ, ਇਸ ਤਰ੍ਹਾਂ ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਤੇਰੇ ਵਿੱਚ ਪੈਦਾ ਹੋਈ ਵਿਕਾਰਾਂ ਦੀ ਮੈਲ ਤੇਰੇ ਮਨ ਤੋਂ ਉੱਤਰ ਜਾਵੇਗੀ ਅਤੇ ਤੇਰੇ ਮਨ ਵਿੱਚੋਂ ਹੰਕਾਰ ਦੂਰ ਹੋ ਜਾਵੇਗਾ। ਸਿਮਰਨ ਦੀ ਬਰਕਤ ਨਾਲ ਜੀਵ ਕਾਮ ਅਤੇ ਕ੍ਰੋਧ ਵਿੱਚ ਖਚਿੱਤ ਨਹੀਂ ਹੁੰਦਾ। ਸਿਮਰਨ ਦੀ ਬਰਕਤ ਨਾਲ ਲੋਭ-ਕੁੱਤਾ ਭੀ ਮੁੱਕ ਜਾਂਦਾ ਹੈ। ਇਹ ਲੋਭ ਹੀ ਹੈ ਜਿਸ ਦੇ ਅਸਰ ਹੇਠ ਪ੍ਰਾਣੀ ਕੁੱਤੇ ਵਾਂਗ ਦਰ ਦਰ ਭਟਕਦਾ ਹੈ। ਸੱਚ ਦੇ ਰਸਤੇ ਉੱਤੇ ਤੁਰਿਆਂ ਸੰਸਾਰ ਦੇ ਲੋਕ ਭੀ ਸ਼ੋਭਾ ਕਰਦੇ ਹਨ।

ਅਠਾਹਠ ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ ਕਰਮ, ਜੀਵਾਂ ਉੱਤੇ ਦਇਆ ਕਰਨੀ ਆਦਿ ਇਹ ਸਭ ਪੁੰਨ ਕ੍ਰਮ ਪ੍ਰਭੂ ਸਿਮਰਨ ਵਿੱਚ ਹੀ ਆ ਜਾਂਦੇ ਹਨ। ਪ੍ਰਮਾਤਮਾ ਕ੍ਰਿਪਾ ਕਰਕੇ ਜਿਸ ਪ੍ਰਾਣੀ ਨੂੰ ਸਿਮਰਨ ਦੀ ਦਾਤ ਬਖਸ਼ਦਾ ਹੈ, ਉਹ ਪ੍ਰਾਣੀ ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ ਅਤੇ ਸਿਆਣਾ ਹੋ ਜਾਂਦਾ ਹੈ।

ਹੇ ਨਾਨਕ! ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ। ਮਾਘ ਮਹੀਨੇ ਵਿੱਚ ਕੇਵਲ ਉਹੀ ਬੰਦੇ ਸੁੱਚੇ ਆਖੇ ਜਾਂਦੇ ਹਨ, ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ ਅਤੇ ਜਿਨ੍ਹਾਂ ਨੂੰ ਪ੍ਰਭੂ ਸਿਮਰਨ ਦੀ ਦਾਤ ਬਖਸ਼ਦਾ ਹੈ।੧੨।

ਸੰਗਤਾਂ ਆਪ ਹੀ ਪੜ੍ਹ ਕੇ ਸਮਝ ਲੈਣ ਕਿ ਜੀਵ ਦਇਆ ਦੇ ਇਨ੍ਹਾਂ ਸ਼ਬਦਾਂ ਦਾ ਮਾਸ ਖਾਣ ਜਾਂ ਨਾ ਖਾਣ ਨਾਲ ਕੋਈ ਸੰਬੰਧ ਨਹੀਂ ਹੈ। ਆਪਣੀ ਰੁਚੀ ਮੁਤਾਬਕ ਕੋਈ ਇੱਕ ਜਾਂ ਅੱਧੂਰੀ ਤੁੱਕ ਲੈ ਕੇ ਮਨਮਰਜ਼ੀ ਦੇ ਨਤੀਜੇ ਕੱਢੇ ਜਾਣ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈਙ ਇਥੇ ਇਹ ਬੇਨਤੀ ਕਰਨੀ ਵੀ ਜ਼ਰੂਰੀ ਹੈ ਕਿ ਜੇ ਇਨ੍ਹਾਂ ਵੀਚਾਰਾਂ ਨਾਲ ਕੋਈ ਪ੍ਰਾਣੀ ਸਹਿਮਤ ਨਾ ਹੋਵੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਦੂਜਿਆਂ ਨੂੰ ਗਾਲ੍ਹੀ-ਗਲੋਚ ਅਤੇ ਮਾਰ ਕੁੱਟ ਦੀਆਂ ਧਮਕੀਆਂ ਦੇਵੇਙ ਗੁਰੂ ਸਾਹਿਬ ਸਾਨੂੰ ਬਿਬੇਕ ਬੁੱਧੀ ਬਖਸ਼ਣ।

ਖਾਲਸਾ ਸਥਾਪਨਾ ਦਿਹਾੜੇ ਦੀ ਸਭ ਸੰਗਤਾਂ ਨੂੰ ਲੱਖ ਲੱਖ ਵਾਧਾਈ ਹੋਵੇ ਜੀ।

ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ।।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)