editor@sikharchives.org

ਔਰਤ-ਜਾਤੀ ਦੀ ਪਰੰਪਰਾ ਅਤੇ ਗੁਰਮਤਿ-ਮਾਰਗ ਵਿਚ ਸਥਾਨ

ਦੁਨੀਆਂ ਦੇ ਇਤਿਹਾਸ ਵਿਚ ਬਹੁਤ ਸਾਰੀਆਂ ਸਿੱਖ ਇਸਤਰੀਆਂ ਨੇ ਉੱਚ ਕੋਟੀ ਦੇ ਮਾਅਰਕੇ ਮਾਰੇ ਹਨ, ਜਿਨ੍ਹਾਂ ਦਾ ਨਾਮ ਹੁਣ ਤਕ ਅਮਰ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਪਰੰਪਰਾ :

ਆਦਿ ਕਾਲ ਤੋਂ ਹੀ ਭਾਰਤ ਵਿਚ ਮਰਦ-ਪ੍ਰਧਾਨ ਸਮਾਜ ਰਿਹਾ ਹੈ, ਜਿਸ ਦੇ ਫਲਸਰੂਪ ਔਰਤ ਸਦਾ ਹੀ ਘਿਰਣਾ ਦੀ ਪਾਤਰ ਰਹੀ ਹੈ। ‘ਸੰਯੁਕਤ ਰਾਸ਼ਟਰ’ ਵਿਚ ਦਰਜ ਅੰਕੜਿਆਂ ਮੁਤਾਬਿਕ ਪਹਿਲੇ ਨੰਬਰ ’ਤੇ ਚੀਨ ਹੈ, ਜਿੱਥੇ ਹਰ ਸਾਲ ਤਿੰਨ ਕਰੋੜ ਕੁੜੀਆਂ ਜੰਮਣ ਤੋਂ ਪਹਿਲਾਂ ਜਾਂ ਜੰਮਦੇ ਹੀ ਮਾਰ ਦਿੱਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਦੂਜੇ ਨੰਬਰ ’ਤੇ ਭਾਰਤ ਵਿਚ ਹਰ ਸਾਲ 2.60 ਕਰੋੜ ਕੁੜੀਆਂ ਮਾਰ ਦਿੱਤੀਆਂ ਜਾਂਦੀਆਂ ਹਨ ਜਦਕਿ ਪਾਕਿਸਤਾਨ ਵਿਚ ਇਹ ਗਿਣਤੀ ਲਗਭਗ 32 ਲੱਖ ਹੈ। ਇਸ ਤਰ੍ਹਾਂ ਚੀਨ ਅਤੇ ਭਾਰਤ ਲੜਕੀਆਂ ਲਈ ਬੁੱਚੜਖਾਨੇ ਬਣੇ ਹੋਏ ਹਨ। ਮਾਦਾ ਭਰੂਣ ਦਾ ਕਤਲੇਆਮ ਵਿਗਿਆਨਕ ਯੁੱਗ ਵਿਚ ਪ੍ਰਚੰਡ ਰੂਪ ਧਾਰਨ ਕਰ ਰਿਹਾ ਹੈ। ਕੁਦਰਤ ਦੀ ਇਸ ਅਮੋਲਕ ਦਾਤ (ਮਾਦਾ ਭਰੂਣ) ਦੀ ਸੰਪੂਰਨ ਸੁਰੱਖਿਆ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਚੁੱਕਾ ਹੈ।

ਚਹੁੰ ਵਰਣਾਂ ਦੇ ਸਾਂਝੇ ਜਗਤ-ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਤੋਂ ਪਹਿਲਾਂ ਇਸਤਰੀ ਜਾਤੀ ਨਾਲ ਘੋਰ ਵਿਤਕਰਾ ਕੀਤਾ ਜਾਂਦਾ ਸੀ। ਪੁਰਾਤਨ ਸਭਿਅਤਾ ਦਾ ਮੁਖੀ ਅਖਵਾਉਣ ਵਾਲੇ ਯੂਨਾਨ ਵਿਚ ਔਰਤਾਂ ਨੂੰ ਸਭ ਪ੍ਰਕਾਰ ਦੇ ਮਾਨਵੀ ਅਧਿਕਾਰਾਂ ਤੋਂ ਵਾਂਝਿਆਂ ਰੱਖਿਆ ਜਾਂਦਾ ਸੀ। ਪੁਰਸ਼ਾਂ ਉੱਤੇ ਹੋਣ ਵਾਲੀਆਂ ਕੁਦਰਤੀ ਕਰੋਪੀਆਂ, ਬਦਕਿਸਮਤੀਆਂ ਅਤੇ ਸਮੂਹ ਦੁੱਖਾਂ ਦਾ ਕਾਰਨ ਔਰਤ ਨੂੰ ਮੰਨਿਆ ਜਾਂਦਾ ਸੀ। ਇਸਤਰੀਆਂ ਨੂੰ ਕੇਵਲ ਮਾਤਰ ਸਰੀਰਿਕ-ਤ੍ਰਿਪਤੀ ਦਾ ਸਾਧਨ ਸਮਝਿਆ ਜਾਂਦਾ ਸੀ, ਜਿਸ ਦੇ ਸਿੱਟੇ ਵਜੋਂ ਵੇਸਵਾਪੁਣੇ ਦੀ ਬਿਮਾਰੀ ਜ਼ੋਰਾਂ ’ਤੇ ਸੀ। ਮਿਸਰ ਵਿਚ ਜੰਮਦੀ ਲੜਕੀ ਨੂੰ, ਜਿਊਂਦਿਆਂ ਹੀ ਜ਼ਮੀਨ ਵਿਚ ਦਬਾ ਦੇਣ ਨੂੰ ਚੰਗਾ ਸਮਝਿਆ ਜਾਂਦਾ ਸੀ। ਰੋਮ ਦੀ ਸਭਿਅਤਾ ਕਾਫੀ ਵਿਕਸਤ ਸੀ ਪਰ ਉਸ ਵਿਚ ਵੀ ਔਰਤ ਲਈ ਇਨਸਾਫ ਨਹੀਂ ਸੀ। ਪੁਰਸ਼ ਨੂੰ ਔਰਤ ਦੀ ਜਾਨ ਲੈਣ ਦਾ ਪੂਰਾ ਹੱਕ ਸੀ, ਜਿਸ ਵਿਰੁੱਧ ਸੁਣਵਾਈ, ਅਪੀਲ ਜਾਂ ਫਰਿਆਦ ਕਿਤੇ ਵੀ ਨਹੀਂ ਸੀ ਹੋ ਸਕਦੀ।

ਮਹਾਂਭਾਰਤ ਅਤੇ ਰਮਾਇਣ ਦੇ ਸਮੇਂ ਵਿਚ ਵੀ ਔਰਤ ਨੂੰ ਸਨਮਾਨ ਪ੍ਰਾਪਤ ਨਹੀਂ ਸੀ। ਦਰੋਪਤੀ ਨੂੰ ਵਸਤੂ ਸਮਝ ਕੇ ਜੂਏ ਦੇ ਦਾਅ ’ਤੇ ਲਾ ਦਿੱਤਾ ਗਿਆ। ਸਵਾਮੀ ਤੁਲਸੀ ਦਾਸ ਨੇ ਤਾਂ ਨਾਰੀ ਨੂੰ ‘ਅਤਿ-ਨੀਚ’ ਦੀ ਸੰਗਿਆ ਦਿੱਤੀ ਹੈ। ਉਸ ਅਨੁਸਾਰ ਢੋਰ, ਮੂਰਖ, ਸੂਦਰ ਅਤੇ ਨਾਰੀ ਪਸ਼ੂ ਸਮਾਨ ਹਨ। ਇਥੋਂ ਤਕ ਕਿਹਾ ਜਾਂਦਾ ਹੈ ਕਿ ਇਨ੍ਹਾਂ ਦੀ ਸਦਾ ਦੁਰਲਾਹਨਤ (ਤਾੜਨਾ) ਹੀ ਹੁੰਦੀ ਰਹੇ ਤਾਂ ਠੀਕ ਹੈ।

(ੳ) ਅਧਮ, ਅਧਮ, ਅਧਮ ਅਤਿ ਨਾਰੀ।…
(ਅ) ਢੋਰ ਗਵਾਰ ਸੂਦਰ ਪਸੂ ਨਾਰੀ।
ਯੇਹ ਪਾਂਚੋਂ ਤਾੜਨ ਕੇ ਅਧਿਕਾਰੀ।

ਸਿੱਧ-ਨਾਥ ਸੰਪ੍ਰਦਾਇ ਵਿਚ ਔਰਤ ਨੂੰ ਭਗਤੀ ਮਾਰਗ ਵਿਚ ਵਿਘਨ ਪਾਉਣ ਵਾਲੀ ਦੱਸਿਆ ਗਿਆ ਹੈ। ਉਨ੍ਹਾਂ ਅਨੁਸਾਰ ਜਿਵੇਂ ਲੱਕੜੀ ਨੂੰ ‘ਘੁਣ’ ਹੌਲੀ-ਹੌਲੀ ਖ਼ਤਮ ਕਰ ਦਿੰਦਾ ਹੈ, ਉਵੇਂ ਪੁਰਸ਼ ਨੂੰ, ਔਰਤ ਤਬਾਹ ਕਰ ਕੇ ਰੱਖ ਦਿੰਦੀ ਹੈ। ਗੋਰਖ ਨਾਥ ਦਾ ਕਥਨ ਹੈ:

(ੳ) ਦਾਮਿ ਕਾਢਿ ਬਾਘਨ ਲੈ ਆਇਆ।
ਮਾਉ ਕਹੇ ਮੇਰਾ ਪੂਤ ਬੇਹਾਇਆ।
ਗੀਲੀ ਲਕੜੀ ਕਉ ਘੁਨ ਲਾਇਆ।
ਤਿਨ ਡਾਲ ਮੂਲ ਸਣਿ ਖਾਇਆ।

(ਅ) ਬਾਘਨਿ ਜਿੰਦ ਲੇਇ ਬਾਘਨਿ ਬਿੰਦ ਲੇਇ, ਬਾਘਨਿ ਹਮਰੀ ਕਾਇਆ।
ਇਨਿ ਬਾਘਨਿ ਤ੍ਰੈ ਲੋਈ ਖਾਈ, ਬਦਤਿ ਗੋਰਖ ਰਾਇਆ।

ਭਗਤ ਛੱਜੂ ਨੇ ਵੀ ਇਸਤ੍ਰੀਆਂ ਦੀ ਬੇਹੱਦ ਨਿੰਦਿਆ ਕੀਤੀ ਹੈ। ਉਹ ਔਰਤਾਂ ਤੋਂ ਪਰ੍ਹੇ-ਪਰ੍ਹੇ ਰਹਿਣ ਦੀ ਗੱਲ ਕਰਦਾ ਹੈ।

(ੳ) ਨਾਂਰੀ ਨਤਵਾਰੀ ਇਕ ਉੱਜਲ ਬਿਆ ਤਿੱਖੀਆਂ।
ਛੱਜੂ ਮਾਰਨ ਬਿਭਚਾਰੀਂ ਬਿਬੇਕੀ ਤੇ ਉਬਰੇ।
(ਅ) ਕਾਗਦ ਸੰਦੀ ਪੁਤਲੀ, ਤਉ ਨ ਤ੍ਰਿਯ ਨਿਹਾਰ।
ਯੋਹੀ ਮਾਰ ਲਿਜਾਵਹੀ, ਯਥਾ ਬਿਲੋਚਨ ਧਾੜ।

ਜੈਨ ਮੱਤ ਅਤੇ ਬੁੱਧ ਮੱਤ ਵੇਲੇ ਵੀ ਔਰਤ ਨੂੰ ਪੂਰਾ ਸਤਿਕਾਰ ਪ੍ਰਾਪਤ ਨਹੀਂ ਸੀ ਭਾਵੇਂ ਬੋਧੀਆਂ ਨੇ ਬਹੁਤ ਦੇਰ ਬਾਅਦ ਔਰਤਾਂ ਨੂੰ ਆਪਣੇ ਸੰਘ ਵਿਚ ਸ਼ਾਮਲ ਕਰ ਹੀ ਲਿਆ ਸੀ।

ਦੁਨੀਆਂ ਦੇ ਮਹਾਨ ਫਿਲਾਸਫ਼ਰ ਸੁਕਰਾਤ ਅਤੇ ਅਰਸਤੂ ਆਦਿ ਦੀਆਂ ਨਿਗਾਹਾਂ ਵੀ ਮਰਦ ਨੂੰ ਉਚਿਆਉਣ ਅਤੇ ਇਸਤਰੀ ਨੂੰ ਘਟੀਆ ਦਿਖਾਉਣ ਵਾਲੀਆਂ ਹੀ ਰਹੀਆਂ ਹਨ। ਅਰਸਤੂ ਤਾਂ ਔਰਤ ਨੂੰ ਅਧੂਰਾ ਇਨਸਾਨ ਕਹਿੰਦਾ ਹੈ, ਜਿਸ ਨੇ ਮਰਦ ਦਾ ਹਰ ਹੁਕਮ ਮੰਨਣਾ ਹੈ। ਘਰੇਲੂ ਕੰਮਾਂ ਵਿਚ ਇਹ ਸ੍ਰੇਸ਼ਟ ਹੋਵੇ ਅਤੇ ਬਾਹਰੀ ਧੰਦਿਆਂ ਵਿਚ ਮਰਦ ਦੀ ਆਗਿਆਕਾਰ ਰਹੇ।

ਹਿੰਦੁਸਤਾਨ ਵਿਚ ਮਨੂ-ਸਿਮ੍ਰਤੀ ਦਾ ਕੰਮ-ਪ੍ਰਬੰਧ ਵਧੇਰੇ ਕਰਕੇ ਇਸਤਰੀ ਜਾਤੀ ਪ੍ਰਤੀ ਮੰਦਭਾਵਨਾ ਦਾ ਵਧੇਰੇ ਜ਼ਿੰਮੇਵਾਰ ਹੈ। ਉਸ ਅਨੁਸਾਰ-

“ਇਸਤਰੀ ਕੇਵਲ ਬੇਵਕੂਫਾਂ ਨੂੰ ਨਹੀਂ ਬਲਕਿ ਵਿਦਵਾਨਾਂ ਅਤੇ ਰਿਸ਼ੀਆਂ-ਮੁਨੀਆਂ ਨੂੰ ਵੀ ਆਪਣੀਆਂ ਕਾਮ-ਵਾਸ਼ਨਾਵਾਂ ਦਾ ਸ਼ਿਕਾਰ ਬਣਾ ਕੇ, ਕੁਰਾਹੇ ਪਾ ਦਿੰਦੀ ਹੈ। ਇਸ ਉੱਤੇ ਸਦਾ ਹੀ ਮਰਦ ਦੀ ਸਰਪ੍ਰਸਤੀ ਰਹੇ, ਇਹ ਤਾਂ ਹੀ ਬਿਹਤਰ ਹੈ।”

ਸ਼ੈਕਸਪੀਅਰ ਨੇ ਮਰਦ ਦੀ ਕਮਜ਼ੋਰੀ ਦਾ ਦੂਜਾ ਨਾਮ ਇਸਤਰੀ ਕਿਹਾ ਹੈ।ਜਿਉਂ-ਜਿਉਂ ਸਮਾਂ ਬੀਤਦਾ ਗਿਆ, ਔਰਤ ਦਾਸੀ ਬਣ ਕੇ ਜੀਵਨ ਬਤੀਤ ਕਰਦੀ ਰਹੀ। ਉਸ ਦੇ ਪਿਆਰ, ਮਮਤਾ, ਬਹਾਦਰੀ ਆਦਿ ਗੁਣਾਂ ਨੂੰ ਨਜ਼ਰ-ਅੰਦਾਜ਼ ਕਰ ਕੇ, ਪਤੀ ਦੀ ਮੌਤ ਦੇ ਪਿੱਛੋਂ, ਉਸ ਦੀ ਬਲਦੀ ਹੋਈ ਚਿਖਾ ’ਤੇ, ਜਿਉਂਦੇ-ਜੀਅ ਸੜ ਮਰਨ ਲਈ ਮਜਬੂਰ ਕਰ ਦਿੱਤਾ ਗਿਆ। ਭਾਰਤ ਵਿਚ ਮੁਸਲਮਾਨਾਂ ਦੇ ਆਉਣ ਨਾਲ ਵਧੇਰੇ ਜ਼ੁਲਮਾਂ ਦਾ ਸ਼ਿਕਾਰ ਵੀ ਔਰਤ ਨੂੰ ਹੀ ਹੋਣਾ ਪਿਆ ਹੈ। ਮੁਸਲਮਾਨ ਹਮਲਾਵਰ ਜਿਥੇ ਭਾਰਤੀ ਧਨ-ਪਦਾਰਥਾਂ ਦੀ ਲੁੱਟ-ਮਾਰ ਕਰ ਕੇ ਲੈ ਜਾਂਦੇ ਰਹੇ, ਉਥੇ ਹਜ਼ਾਰਾਂ ਲੜਕੀਆਂ, ਬਹੂ-ਬੇਟੀਆਂ ਦੀ ਇੱਜ਼ਤ ਮਿੱਟੀ-ਘੱਟੇ ਵਿਚ ਰੋਲ ਕੇ, ਜਬਰਨ ਬੰਨ੍ਹ ਕੇ, ਇੱਥੋਂ ਲਿਜਾਂਦੇ ਰਹੇ।

ਗੁਰਮਤਿ ਮਾਰਗ :

ਆਦਿ-ਕਾਲ ਤੋਂ ਇਨਸਾਨੀਅਤ ਦੀ ਇਸ ਕਾਣੀ ਵੰਡ, ਘਿਰਣਾਤਮਿਕ ਸੋਚ ਅਤੇ ਰਾਜ-ਦਰਬਾਰ ਵਿਚ ਪ੍ਰਵਾਨਿਤ ਹੋ ਚੁੱਕੀ, ਇਸ ਮੰਦੀ ਮਨੁੱਖੀ ਸੋਚ ਦੇ ਵਿਰੁੱਧ, ਉੱਚੀ ਆਵਾਜ਼ ਨਾਲ, ਬਾਂਹ ਖੜ੍ਹੀ ਕਰ ਕੇ ਜੇ ਕਿਸੇ ਨੇ ਹਾਅ ਦਾ ਨਾਹਰਾ ਮਾਰਿਆ ਹੈ ਤਾਂ ਉਹ ਸਨ-ਵਿਸ਼ਵ ਦੇ ਮਹਾਨ ਕ੍ਰਾਂਤੀਕਾਰੀ ਸ੍ਰੀ ਗੁਰੂ ਨਾਨਕ ਦੇਵ ਜੀ। ਉਨ੍ਹਾਂ ਨੇ ਸਮਕਾਲੀ ਰਾਜਿਆਂ, ਮਹਾਰਾਜਿਆਂ, ਧਾਰਮਿਕ ਕੱਟੜ-ਪੰਥੀਆਂ, ਜੋਗੀਆਂ, ਮੁਲਾਣਿਆਂ ਨੂੰ ਜ਼ੋਰ ਦੇ ਕੇ ਕਿਹਾ ਕਿ “ਉਹ ਔਰਤ ਦਾ ਸਨਮਾਨ ਕਰਨ”। ਰਾਜਿਆਂ ਦੇ ਮੂੰਹ ’ਤੇ ਕਰਾਰੀ ਚੋਟ ਮਾਰਦਿਆਂ ਗੁਰੂ ਜੀ ਨੇ ਆਖਿਆ, “ਆਪਣੀ ਮਾਤਾ (ਜਨਮਦਾਤੀ) ਨੂੰ ਕਿਉਂ ਬੁਰਾ ਆਖਦੇ ਹੋ?

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)

ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਔਰਤਾਂ ਵਿੱਚੋਂ ਘੁੰਡ ਕੱਢਣ ਦੇ ਰਿਵਾਜ ਦਾ ਖਾਤਮਾ ਕਰਨ ਦਾ ਉਪਦੇਸ਼ ਦਿੱਤਾ। ਵਿਧਵਾ ਵਿਆਹ ਦਾ ਸਮਰਥਨ ਕਰ ਕੇ ਸਤੀ ਦੀ ਭੈੜੀ ਰਸਮ ਦੀ ਸਖ਼ਤ ਸ਼ਬਦਾਂ ਵਿਚ ਆਲੋਚਨਾ ਕੀਤੀ। ਆਪ ਜੀ ਨੇ ਕਿਹਾ ਕਿ ਮਰੇ ਪਤੀ ਨਾਲ, ਪਤਨੀ ਨੂੰ ਜਿਉਂਦੇ-ਜੀਅ ਸਾੜ ਦੇਣਾ ਯੋਗ ਨਹੀਂ। ਪਤੀ ਦੀ ਮੌਤ ਤੋਂ ਬਾਅਦ ਪ੍ਰਭੂ-ਭਾਣੇ ਨੂੰ ਮੰਨਣਾ ਅਤੇ ਸਬਰ, ਸੰਤੋਖ, ਸੀਲ-ਸੰਜਮ ਨਾਲ ਜੀਵਨ ਬਤੀਤ ਕਰਨਾ ਅਸਲ ‘ਸਤੀ’ ਹੋਣਾ ਹੈ:

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ੍॥
ਨਾਨਕ ਸਤੀਆ ਜਾਣੀਅਨਿ੍ ਜਿ ਬਿਰਹੇ ਚੋਟ ਮਰੰਨਿ੍॥1॥
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿ੍॥
ਸੇਵਨਿ ਸਾਈ ਆਪਣਾ ਨਿਤ ਉਠਿ ਸੰਮਾ੍ਲੰਨਿ੍॥
ਕੰਤਾ ਨਾਲਿ ਮਹੇਲੀਆ ਸੇਤੀ ਅਗਿ ਜਲਾਹਿ॥
ਜੇ ਜਾਣਹਿ ਪਿਰੁ ਆਪਣਾ ਤਾ ਤਨਿ ਦੁਖ ਸਹਾਹਿ॥
ਨਾਨਕ ਕੰਤ ਨ ਜਾਣਨੀ ਸੇ ਕਿਉ ਅਗਿ ਜਲਾਹਿ॥
ਭਾਵੈ ਜੀਵਉ ਕੈ ਮਰਉ ਦੂਰਹੁ ਹੀ ਭਜਿ ਜਾਹਿ॥ (ਪੰਨਾ 787)

ਸ੍ਰੀ ਗੁਰੂ ਅਮਰਦਾਸ ਜੀ ਨੇ ਔਰਤਾਂ ਦਾ ਮਰਦਾਂ ਦੇ ਬਰਾਬਰ ਮਾਣ-ਸਤਿਕਾਰ ਬਹਾਲ ਕੀਤਾ। ਧਰਮ ਪ੍ਰਚਾਰ ਲਈ 22 ਮੰਜੀਆਂ ਵਿੱਚੋਂ, ਦੋ ਮੰਜੀਆਂ ਇਸਤਰੀ ਪ੍ਰਚਾਰਕਾਂ ਲਈ ਥਾਪੀਆਂ ਗਈਆਂ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਨਾਰੀ-ਸਤਿਕਾਰ ਬਹਾਲ ਰੱਖਣ ਲਈ ਉਪਦੇਸ਼ ਕੀਤਾ:

ਨਿਜ ਨਾਰੀ ਕੇ ਸਾਥ ਨੇਹ ਤੁਮ ਨਿੱਤਿ ਬਢੈਯਹੁ।
ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂੰ ਨ ਜੈਯਹੁ।

ਭਾਈ ਗੁਰਦਾਸ ਜੀ ਦੁਆਰਾ ਗੁਰਮਤਿ ਦਾ ਸੰਦੇਸ਼ ਨਾਰੀ ਸਨਮਾਨ ਦੀ ਅਤਿ ਉੱਤਮ ਉਦਾਹਰਣ ਹੈ:

ਦੇਖਿ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੈ। (ਵਾਰ 29:11)

ਏਕਾ ਨਾਰੀ ਜਤੀ ਹੋਇ, ਪਰ ਨਾਰੀ ਧੀ ਭੈਣ ਵਖਾਣੈ। (ਵਾਰ 6:8)

ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਹੋਈ ਗੁਰਮਤਿ ਲਹਿਰ ਨੇ ਸਦੀਆਂ ਤੋਂ ਵਿਗੜਿਆ ਹੋਇਆ, ਔਰਤ ਜਾਤੀ ਦਾ ਪੂਰਨ ਸਤਿਕਾਰ ਬਹਾਲ ਕੀਤਾ।

ਦੁਨੀਆਂ ਦੇ ਇਤਿਹਾਸ ਵਿਚ ਬਹੁਤ ਸਾਰੀਆਂ ਸਿੱਖ ਇਸਤਰੀਆਂ ਨੇ ਉੱਚ ਕੋਟੀ ਦੇ ਮਾਅਰਕੇ ਮਾਰੇ ਹਨ, ਜਿਨ੍ਹਾਂ ਦਾ ਨਾਮ ਹੁਣ ਤਕ ਅਮਰ ਹੈ। ਪਹਿਲੀ ਸਿੱਖ ਇਸਤਰੀ ‘ਬੀਬੀ ਨਾਨਕੀ ਜੀ’ ਹੋਏ ਹਨ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਹਿਲ ‘ਮਾਤਾ ਖੀਵੀ ਜੀ’ ਦੀ ਗੁਰੂ ਕੇ ਲੰਗਰ ਪ੍ਰਤੀ ਕੁਸ਼ਲਤਾ, ਯੋਗ ਪ੍ਰਬੰਧ ਅਤੇ ਗੁਰੂ-ਘਰ ਪ੍ਰਤੀ ਸੇਵਾ-ਭਾਵਨਾ ਨੇ ਔਰਤ ਜਾਤੀ ਵਿਚ ਉਤਸ਼ਾਹ ਅਤੇ ਵਿਸ਼ਵਾਸ ਪੈਦਾ ਕਰ ਦਿੱਤਾ:

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ (ਪੰਨਾ 967)

ਬੀਬੀ ਅਮਰੋ ਜੀ ਦੀ ਪ੍ਰੇਰਨਾ ਸਦਕਾ ਬਾਬਾ ਅਮਰਦਾਸ ਜੀ ਸਿੱਖ ਬਣੇ ਅਤੇ ਗੁਰੂ ਦੀ ਪਦਵੀ ਨੂੰ ਪ੍ਰਾਪਤ ਹੋਏ। ਬੀਬੀ ਭਾਨੀ ਜੀ ਦਾ ਨਾਮ ਗੁਰੂ ਪਤਨੀ ਅਤੇ ਗੁਰੂ ਮਾਤਾ ਦੇ ਰੂਪ ਵਿਚ ਅਤਿ ਸਨਮਾਨਯੋਗ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਾਦੀ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਾਤਾ ਅਤੇ ਛੇਵੇਂ ਸਤਿਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਮਹਿਲ ਮਾਤਾ ਨਾਨਕੀ ਜੀ ਦੀ ਮਹਾਨਤਾ ਭਲਾ ਕਿਸ ਤੋਂ ਲੁਕੀ ਹੋਈ ਹੈ? ਸਤਿਗੁਰੂ ਤੇਗ ਬਹਾਦਰ ਜੀ ਦੇ ਮਹਿਲ ਮਾਤਾ ਗੁਜਰੀ ਜੀ ਦੀ ਗੁਰੂ-ਘਰ ਅਤੇ ਮਨੁੱਖਤਾ ਪ੍ਰਤੀ ਸੇਵਾ, ਪਿਆਰ ਅਤੇ ਬਲੀਦਾਨ ਦੀ ਉਦਾਹਰਣ ਵਿਸ਼ਵ ਭਰ ਵਿਚ ਕਿਧਰੇ ਵੀ ਨਹੀਂ ਮਿਲਦੀ। ਆਪ ਜੀ ਨੂੰ ਗੁਰੂ-ਮਹਿਲ ਹੋਣ ਦੇ ਨਾਲ-ਨਾਲ, ਗੁਰੂ-ਨੂੰਹ ਅਤੇ ਗੁਰੂ-ਮਾਤਾ ਹੋਣ ਦਾ ਮਾਣ ਵੀ ਹਾਸਲ ਹੈ। ਪਹਿਲੀ ਸਿੱਖ ਸ਼ਹੀਦ ਔਰਤ ਮਾਤਾ ਗੁਜਰੀ ਜੀ ਹੀ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੋਂ ਸਿੱਖ-ਪੰਥ ਦੀ ਸਫ਼ਲ ਵਾਗਡੋਰ ਸੰਭਾਲਣ ਦੀ ਜ਼ਿੰਮੇਵਾਰੀ ਮਾਤਾ ਸੁੰਦਰੀ ਜੀ ਨੇ ਹੀ ਨਿਭਾਈ ਸੀ। ਮਾਤਾ ਸਾਹਿਬ ਕੌਰ ਜੀ ਨੂੰ ਸਮੂਹ ਖਾਲਸਾ ਪੰਥ ਦੀ ਮਾਤਾ ਹੋਣ ਦਾ ਦਰਜਾ ਪ੍ਰਾਪਤ ਹੈ। ਇਸ ਤੋਂ ਵੱਧ ਸਤਿਕਾਰ ਹੋਰ ਭਲਾ ਕੀ ਹੋ ਸਕਦਾ ਹੈ? ਮਾਤਾ ਭਾਗੋ ਜੀ ਅਤੇ ਕਈ ਹੋਰ ਬਹਾਦਰ ਸਿੱਖ ਔਰਤਾਂ ਸਿੱਖ ਇਤਿਹਾਸ ਦੀਆਂ ਮਹਾਨ ਸਿੰਘਣੀਆਂ ਹਨ।

ਸਿੱਖ ਧਰਮ ਵਿਚ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਪ੍ਰਾਪਤ ਹੈ। ਔਰਤ ਨੂੰ ਮਰਦ ਦੇ ਬਰਾਬਰ ਅੰਮ੍ਰਿਤ ਛਕਾਇਆ ਜਾਂਦਾ ਹੈ। ਦੋਵਾਂ ਲਈ ਰਹਿਤ ਮਰਯਾਦਾ ਵੀ ਬਰਾਬਰ ਹੈ। ਔਰਤ ਵੀ ਮਰਦਾਂ ਵਾਂਗ ਸਿਰ ’ਤੇ ਕੇਸਕੀ ਸਜਾ ਸਕਦੀ ਹੈ। ਕੀਰਤਨ, ਪਾਠ, ਕਥਾ, ਵਿਖਿਆਨ ਆਦਿ ਵੀ ਕਰ ਸਕਦੀ ਹੈ। ਸਿੱਖ ਔਰਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦਾ ਸੰਪੂਰਨ ਅਧਿਕਾਰ ਹੈ। ਸਿੱਖ ਰਹਿਤ ਮਰਯਾਦਾ ਵਿਚ ਕੁੜੀ-ਮਾਰ ਨਾਲ ਵਰਤਣ-ਵਿਹਾਰ ਕਰਨ ਦੀ ਮਨਾਹੀ ਹੈ।

ਵਰਤਮਾਨ ਸਥਿਤੀ :

ਆਧੁਨਿਕ ਵਿਗਿਆਨਕ ਯੁੱਗ ਵਿਚ ਭਰੂਣ ਟੈਸਟ ਕਰਵਾ ਕੇ ਗਰਭਪਾਤ ਕਰਵਾਉਣ ਦੀ ਰੁਚੀ ਆਮ ਹੀ ਹੋ ਗਈ ਹੈ। ਮਾਦਾ ਭਰੂਣ ਹੱਤਿਆ ਦਾ ਕਤਲ ਕਰਨ ਦੇ ਸਿੱਟੇ ਵਜੋਂ ਔਰਤ ਪੁਰਸ਼ ਦਾ ਅਨੁਪਾਤ 1000 ਪਿੱਛੇ 800 ਤਕ ਪਹੁੰਚ ਗਿਆ ਹੈ। ਭਾਰਤੀ ਸੰਵਿਧਾਨ ਵਿਚ 33% ਔਰਤਾਂ ਦੇ ਰਾਖਵੇਂਕਰਨ ਨਾਲ, ਇਸ ਭਿਆਨਕ ਲਹਿਰ ’ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਇਸ ਕੁਕਰਮ ਦੇ ਵਿਰੁੱਧ ਸਾਰਥਕ ਸਿੱਟੇ ਤਾਂ ਹੀ ਨਿਕਲ ਸਕਦੇ ਹਨ ਜੇਕਰ ਲੋਕਾਂ ਦੇ ਮਨ ਵਿਚ, ਸੋਚਣੀ ਵਿਚ ਇਸ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਵੇ।

ਇਕ ਔਰਤ, ਔਰਤ ਦੀ ਹੀ ਕਾਤਲ ਨਾ ਬਣੇ, ਸਭ ਕੁਝ ਵਾਹਿਗੁਰੂ ਦੀ ਦਾਤ ਸਮਝ ਕੇ ਪ੍ਰਵਾਨ ਕੀਤਾ ਜਾਵੇ।

ਐ ਸਿੱਖੀ ਦੇ ਵਾਰਸੋ! ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸੇਵਕੋ, ਪੁੱਤਰੋ ਅਤੇ ਧੀਓ! ਅੱਖਾਂ ਖੋਲ੍ਹੋ। ਆਪਣੇ ਅਮੀਰ ਵਿਰਸੇ ਦੀ ਪਛਾਣ ਕਰੋ। ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ, ਔਰਤ ਜਾਤੀ ਦੀ ਜੋ ਤਰਸਯੋਗ ਹਾਲਤ ਸੀ, ਅੱਜ ਬਿਲਕੁਲ ਉਹੀ ਸਥਿਤੀ ਤਾਂ ਭਾਵੇਂ ਨਹੀਂ ਹੈ ਪਰ ਸਮੇਂ ਦੀ ਸੋਚ ਪੁੱਠੀ ਚੱਲ ਗਈ ਹੈ। ਜੇਕਰ ਅਜਿਹੇ ਹਾਲਾਤ ਹੀ ਰਹੇ, ਤਾਂ ਗੁਰੂ ਬਾਬੇ ਦੇ ਦਰਸਾਏ ਮਾਰਗ ਤੋਂ ਅਸੀਂ ਲਾਂਭੇ ਹੋ ਜਾਵਾਂਗੇ। ਲੜਕੀ ਜਾਂ ਲੜਕਾ ਪੈਦਾ ਹੋਣਾ, ਕੁਦਰਤ ਦੀ ਦੇਣ ਹੈ। ਕੁਦਰਤੀ ਦੇਣ ਨੂੰ ਅਕਾਲ ਪੁਰਖ ਦਾ ਭਾਣਾ ਮੰਨਣਾ ਚਾਹੀਦਾ ਹੈ। ਕੁਦਰਤ ਦੇ ਇਸ ਭਾਣੇ (ਹੁਕਮ) ਨਾਲ ਟੱਕਰ ਲੈਣੀ, ਭਵਿੱਖ ਵਿਚ ਸਰਵਨਾਸ਼ਕ ਬਣ ਜਾਵੇਗੀ। ਆਪਣੀ ਮੌਤ ਆਪ ਨਾ ਸਹੇੜੀਏ। ਗੁਰ-ਉਪਦੇਸ਼ ਨੂੰ ਅੱਗੇ ਤੋਰਨ ਲਈ ਸਮੁੱਚਾ ਸਿੱਖ-ਜਗਤ ਇਕਜੁੱਟ ਹੋਈਏ। ਇਸ ਨਾਲ ਦੂਜਿਆਂ ਨੂੰ ਵੀ ਪ੍ਰੇਰਨਾ ਮਿਲ ਸਕੇਗੀ।

ਇਸ ਸੰਬੰਧ ਵਿਚ ਗੁਰਮਤਿ ਦੀਆਂ ਉਦਾਹਰਣਾਂ ਪ੍ਰਸਤੁਤ ਹਨ:

(ੳ) ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥(ਪੰਨਾ 473)

(ਅ) ਸੀਲਖਾਨ ਕੰਨਯਾ ਇਕ ਹੋਵੈ।
ਪੁਤ੍ਰੀ ਬਿਨੁ ਜਗੁ ਗ੍ਰਿਹਸਤਿ ਵਿਗੋਵੈ।(ਗੁਰ ਬਿਲਾਸ ਪਾਤਸ਼ਾਹੀ ਛੇਵੀਂ)

(ੲ) ਕੁੜੀ ਮਾਰ ਆਦਿਕ ਹੈ ਜੇਤੇ।
ਮਨ ਤੇ ਦੂਰ ਤਿਆਗੈ ਤੇਤੇ। (ਰਹਿਤਨਾਮਾ : ਭਾਈ ਦੇਸਾ ਸਿੰਘ ਜੀ)

(ਸ) ਨੜੀ ਮਾਰ, ਸਿਰ ਗੁੰਮ, ਕੁੜੀ ਮਾਰ ਨਾਲ ਰੋਟੀ-ਬੇਟੀ ਦਾ ਨਾਤਾ ਨਹੀਂ ਰੱਖਣਾ। (ਰਹਿਤਨਾਮਾ : ਭਾਈ ਨੰਦ ਲਾਲ ਜੀ)

(ਹ) ਗੁਰਸਿੱਖ ਕੰਨਿਆ ਨਾ ਮਾਰੇ, ਕੁੜੀ-ਮਾਰ ਨਾਲ ਨਾ ਵਰਤੇ, ਕੰਨਿਆ ਕਾ ਪੈਸਾ ਨਾ ਖਾਇ। (ਰਹਿਤਨਾਮਾ : ਭਾਈ ਚੌਪਾ ਸਿੰਘ ਜੀ)

(ਕ) ਇਹ ਭਰੀ ਭਾਰੀ ਹੱਤਿਆ ਹੈ, ਕੰਨਿਆ ਦਾ ਦਰਬ ਲੈਣਾ, ਅਤੇ ਕੰਨਿਆ ਮਾਰਨੀ, ਪਰ ਸੰਸਾਰ ਇਸ ਹੱਤਿਆ ਵਿਚ ਲੱਗ ਰਿਹਾ ਹੈ। (ਜਨਮ ਸਾਖੀ : ਭਾਈ ਬਾਲੇ ਵਾਲੀ)

ਕੁਆਰੀ ਕੰਨਿਆ ਨੂੰ ਮਾਰਨਾ ਮਹਾਂ ਪਾਪ ਹੈ-

(ਖ) ਬ੍ਰਾਹਮਣ ਕੈਲੀ, ਘਾਤੁ ਕੰਞਕਾ, ਅਣਚਾਰੀ ਕਾ ਧਾਨੁ।
ਫਿਟਕ ਫਿਟਕਾ ਕੋੜੁ ਬਦੀਆ, ਸਦਾ ਸਦਾ ਅਭਿਮਾਨੁ।
ਪਾਹਿ ਏਤੇ ਜਾਹਿ ਵੀਸਰਿ ਨਾਨਕਾ ਇਕੁ ਨਾਮੁ। (ਪੰਨਾ 1413)

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਖੇਤਰੀ ਖੋਜ ਕੇਂਦਰ -ਵਿਖੇ: ਪੰਜਾਬ ਐਗਰੀਕਲਚਰ ਯੂਨੀਵਰਸਿਟੀ
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)