ਰਣਜੀਤ ਸਿੰਘ ਖੜਗ
ਰਣਜੀਤ ਸਿੰਘ ਖੜਗ (18 ਮਾਰਚ, 1915-30 ਦਸੰਬਰ, 1971 ਇਕ ਨਿਪੁੰਨ ਵਾਰਤਕ-ਕਾਰ ਸੀ। ਇਹ ਵਾਰਤਕਕਾਰ ਤਤਕਾਲੀ ਸਮੇਂ ਦੇ ਸਾਹਿਤਕ ਤੇ ਸੱਭਿਆਚਾਰਕ ਮਸਲੇ ਆਪਣੇ ਢੰਗ ਨਾਲ ਉਠਾਉਂਦਾ ਰਿਹਾ ਅਤੇ ਉਸ ਦੀਆਂ ਇਹ ਵਾਰਤਕ ਰਚਨਾਵਾਂ ਉਸ ਸਮੇਂ ਦੇ ਪ੍ਰਸਿੱਧ ਸਾਹਿਤਕ-ਪੱਤਰਾਂ ਵਿਚ ਛਪਦੀਆਂ ਰਹੀਆਂ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਵਿਕਾਸ ਲਈ ਉਹ ਜ਼ਮੀਨੀ ਪੱਧਰ 'ਤੇ ਵੀ ਕੰਮ ਕਰਦੇ ਰਹੇ ਅਤੇ ਪ੍ਰਵਚਨ ਦੀ ਪੱਧਰ 'ਤੇ ਵੀ ਕਾਰਜਸ਼ੀਲ ਰਹੇ। ਰਣਜੀਤ ਸਿੰਘ 'ਖੜਗ' ਨੇ ਆਪਣੀ ਜ਼ਿੰਦਗੀ ਸਾਹਿਤਕ ਸੇਵਾ ਦੇ ਲੇਖੇ ਲਾ ਦਿੱਤੀ। ਬਦਲੇ ਵਿੱਚ ਸਰਕਾਰ-ਦਰਬਾਰ ਤੋਂ ਕੋਈ ਇਵਜ਼ਾਨਾ ਜਾਂ ਸੇਵਾਫ਼ਲ ਨਹੀਂ ਲਿਆ। ਅਗਰ ਇਸ ਬਦਲੇ ਕੋਈ ਇਵਜ਼ਾਨਾ ਮਿਲਦਾ ਵੀ ਸੀ ਤਾਂ ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਪਾ ਦਿਆ ਕਰਦੇ ਸਨ। ਇਸ ਤਰਾਂ ਉਨਾਂ ਨੇ ਹਮੇਸ਼ਾ ਇੱਕ ਨਿਸ਼ਕਾਮ ਸੇਵਕ ਵਜੋਂ ਆਪਣੀ ਭੂਮਿਕਾ ਨਿਭਾਈ। ਉਨਾਂ ਨੇ ਉੱਚ-ਪਾਏ ਦੀ ਕਵਿਤਾ ਲਿਖੀ, ਉੱਚ-ਪਾਏ ਦਾ ਸਾਹਿਤ-ਚਿੰਤਨ ਕੀਤਾ, ਸਿੱਖ-ਇਤਿਹਾਸ ਸੰਬੰਧੀ ਖੋਜ-ਭਰਪੂਰ ਲੇਖ ਲਿਖੇ, ਰੇਖਾ-ਚਿੱਤਰ ਲਿਖੇ, ਸਮਾਜ ਦੇ ਆਮ ਵਰਤਾਰਿਆਂ ਸੰਬੰਧੀ ਮੁੱਲ-ਵਾਨ ਵਾਰਤਕ ਦੀ ਰਚਨਾ ਕੀਤੀ। ਉਹ ਕੁਲਵਕਤੀ ਲੇਖ ਸਨ ਅਤੇ ਉਨਾਂ ਦੇ 450 ਤੋਂ ਵੱਧ ਲੇਖ ਅਖ਼ਬਾਰਾਂ ਅਤੇ ਮੈਗ਼ਜੀਨਾਂ ਵਿੱਚ ਛਪੇ ਅਤੇ ਉਨਾਂ 350 ਤੋਂ ਵੀ ਵੱਧ ਕਵਿਤਾਵਾਂ ਦੀ ਰਚਨਾ ਕੀਤੀ। ਅਕਾਉਂਟੈਂਟ ਜਰਨਲ ਪੋਸਟ ਐਂਡ ਟੈਲੀਗ੍ਰਾਫ਼-ਸ਼ਿਮਲਾ ਵਿਭਾਗ ਵਿੱਚ ਉਨਾਂ ਨੌਕਰੀ ਕੀਤੀ। ਉਹ ਕਵੀ ਗੁਲਜਾਰ ਸ਼ਿਮਲਾ, ਲਿਟਰੇਰੀ ਕਾਊਂਸਲ ਸ਼ਿਮਲਾ, ਆਲ ਇੰਡੀਆ ਵਰਲਡ ਪੀਸ ਸ਼ਿਮਲਾ ਸੰਸਥਾਵਾਂ ਦੇ ਪ੍ਰਧਾਨ ਪ੍ਰਧਾਨ ਰਹੇ। ਕਵੀ ਮੰਡਲ ਸ਼ਿਮਲਾ ਦੇ ਮੀਤ ਪ੍ਰਧਾਨ, ਪੰਜਾਬੀ ਸਾਹਿਤ ਸਭਾ ਦਿੱਲੀ ਦੇ ਸਕੱਤਰ, ਕਵੀ ਸਭਾ ਦਿੱਲੀ ਅਤੇ ਸਿੱਖ ਬ੍ਰਦਰਜ਼ ਹੁੱਡ ਲਾਹੌਰ ਦੇ ਬਾਨੀ ਮੈਂਬਰ ਰਹੇ। ਉਨਾਂ ਨੇ ਸ਼੍ਰੀ ਗੁਰੂ ਸਿੰਘ ਸਭਾ, ਸ਼ਿਮਲਾ ਦੇ ਸਕੱਤਰ ਵਜੋਂ ਵੀ ਸੇਵਾ ਨਿਭਾਈ ਅਤੇ ਐੱਫ. ਸੀ. ਸਿੱਖ ਕੰਨਿਆ ਵਿਦਿਆਲਿਆ ਸ਼ਿਮਲਾ ਦੇ ਮੈਨੇਜਰ ਵੀ ਰਹੇ। ਦਿੱਲੀ, ਲਾਹੌਰ, ਨਾਗ਼ਪੁਰ, ਕਪੂਰਥਲਾ ਤੇ ਸ਼ਿਮਲਾ ਵਿੱਚ ਸਾਹਿਤ-ਸਭਾਵਾਂ ਦਾ ਗਠਨ ਕੀਤਾ। ਕਵੀ ਦਰਬਾਰਾਂ ਦਾ ਆਯੋਜਨ ਕੀਤਾ ਤੇ ਪੰਜਾਬੀ ਸਾਹਿਤ ਦੀ ਜੋਤ ਨੂੰ ਜਗਦਾ ਰੱਖਣ ਲਈ ਆਪਣੀ ਬਣਦੀ ਭੂਮਿਕਾ ਨਿਭਾਈ। ਰਣਜੀਤ ਸਿੰਘ 'ਖੜਗ' ਪੰਜਾਬੀ ਭਾਸ਼ਾ ਅਤੇ ਸਿੱਖ ਦਰਸ਼ਨ ਸੰਬੰਧੀ ਅੰਤਾਂ ਦਾ ਸਤਿਕਾਰ ਅਤੇ ਸ਼ਰਧਾ ਰੱਖਦੇ ਸਨ। ਉਨਾਂ ਨੇ ਸਿੱਖ ਫ਼ਿਲਾਸਫ਼ੀ ਨੂੰ ਪ੍ਰਤਿਬਿੰਬਤ ਕਰਦਿਆਂ ਸੈਂਕੜੇ ਕਵਿਤਾਵਾਂ ਲਿਖੀਆਂ ਜੋ ਆਪਣੀ ਮਿਸਾਲ ਆਪ ਹਨ।
1167, ਵਾਰਡ ਨੰ: 5, ਆਦਮਪੁਰ ਦੋਆਬਾ, ਜ਼ਿਲ੍ਹਾ ਜਲੰਧਰ-144102.
ਸਾਰੇ ਲੇਖ