ਅੰਮ੍ਰਿਤ ਛਕ ਕੇ ਸੱਜ ਕੇ ਸਿੰਘ ਪੂਰਾ,
ਤੁਰਿਆ ਲੈ ਦਸਮੇਸ਼ ਤੋਂ ਤੀਰ ਬੰਦਾ।
ਇੱਟ-ਇੱਟ ਸਰਹਿੰਦ ਦੀ ਉਖੜ ਡਿੱਗੀ,
ਲੜਿਆ ਖੁਣਸ ਖਾ ਕੇ ਜਦੋਂ ਬੀਰ-ਬੰਦਾ।
ਤੇਗ਼ ਮਾਰ ਮੈਦਾਨ ਵਿਚ ਵਾਂਗ ਮਰਦਾਂ,
ਉਘਾ ਖ਼ੂਬ ਹੋਇਆ ਸੂਰਬੀਰ ਬੰਦਾ।
ਕਾਬੂ ਆ ਗਿਆ ਹੋ ਗਿਆ ਅੰਤ ਕੈਦੀ,
ਦਿੱਲੀ ਭੇਜਿਆ ਗਿਆ ਅਖੀਰ ਬੰਦਾ।
ਦਿੱਲੀ ਵਿਚ ਕਤਲਾਮ ਅਰੰਭ ਹੋਈ,
ਸੂਰੇ ਸਿੱਖ ਵਾਰੋ-ਵਾਰੀ ਮਰਨ ਲੱਗੇ।
ਸਿਹਰੇ ਬੰਨ੍ਹ ਕੇ ਅਣਖ ਤੇ ਬੀਰਤਾ ਦੇ,
ਲਾੜੇ ਲਾੜੀ ਅਜ਼ਾਦੀ ਨੂੰ ਵਰਨ ਲੱਗੇ।
ਬੰਦਾ ਸਿੰਘ ਜੀ ਦੀ ਜਦੋਂ ਆਈ ਵਾਰੀ,
ਜ਼ਾਲਮ ਜ਼ੁਲਮ ਅਨੋਖੜਾ ਕਰਨ ਲੱਗੇ।
ਜਿਸ ਜ਼ੁਲਮ ਦੇ ਰਾਹ ਨਾ ਕੋਈ ਟੁਰਿਆ,
ਅੱਜ ਉਸ ਰਾਹੇ ਪੈਰ ਧਰਨ ਲੱਗੇ।
ਬੰਦਾ ਸਿੰਘ ਨੂੰ ਬੰਨ੍ਹ ਬਹਾਲਿਓ ਨੇ,
ਹੱਥ ਪੈਰ ਬੱਧੇ ਸੰਗਲ ਮਾਰ ਵੇਖੋ।
ਫੇਰ ਪਕੜ ਕੇ ਸਾਹਮਣੇ ਲੈ ਆਏ,
ਪੁੱਤਰ ਉਸ ਦਾ ਸ਼ਰ੍ਹੇ-ਬਾਜ਼ਾਰ ਵੇਖੋ।
ਚੀਰ ਫਾੜ ਕੇ ਉਸ ਦਾ ਦਿਲ ਕੱਢ ਕੇ,
ਨਵਾਂ ਇਹ ਕੀਤਾ ਅਤਿਆਚਾਰ ਵੇਖੋ।
ਬੰਦੇ ਬੀਰ ਦੇ ਮੂੰਹ ਵਿਚ ਤੁੰਨ ਦਿੱਤਾ,
ਐਪਰ ਸੂਰਮੇ ਸਿੱਖ ਦੀ ਕਾਰ ਵੇਖੋ।
ਮੂੰਹੋ ਬੋਲਿਆ ਨਾ, ਦਿਲੋਂ ਡੋਲਿਆ ਨਾ,
ਸਬਰ ਨਾਲ ਇਹ ਜ਼ੁਲਮ ਸਹਾਰ ਗਿਆ।
ਬੇੜੀ ਇਸ ਤਰ੍ਹਾਂ ਜ਼ੁਲਮ ਦੀ ਡੋਬ ਗਿਆ,
ਸਿੱਖੀ ਸਿਦਕ ਦੀ ਹੋਂਦ ਨੂੰ ਤਾਰ ਗਿਆ।
ਪੱਥਰ-ਚਿੱਤ ਜਲਾਦਾਂ ਨੇ ਕਤਲ ਕੀਤਾ,
ਬੰਦਾ ਗੁਰੂ ਦਾ ਗੁਰੂ-ਦਵਾਰ ਗਿਆ।
ਪ੍ਰੇਮ ਪਾਲ ਗਿਆ, ਘਾਲ ਘਾਲ ਗਿਆ,
ਸੁੱਚੀ ਕੀਰਤੀ ਛੱਡ ਸੰਸਾਰ ਗਿਆ।
ਲੇਖਕ ਬਾਰੇ
ਵਿਧਾਤਾ ਸਿੰਘ ਤੀਰ (੧੯੦੧-੧੯੭੨) ਦਾ ਜਨਮ ਪਿੰਡ ਘਘਰੋਟ ਜਿਲ੍ਹਾ ਰਾਵਲਪਿੰਡੀ ਵਿਚ ਆਪਣੇ ਨਾਨਕੇ ਘਰ ਹੋਇਆ ।ਉਨ੍ਹਾਂ ਦੇ ਪਿਤਾ ਜੀ ਦਾ ਨਾਂ ਸਰਦਾਰ ਹੀਰਾ ਸਿੰਘ ਪੁੰਜ ਸੀ ।ਗਿਆਨੀ ਹੀਰਾ ਸਿੰਘ ਦਰਦ ਆਪਦੇ ਮਾਮਾ ਜੀ ਸਨ ।ਉਨ੍ਹਾਂ ਨੇ ਮੁਢਲੀ ਸਿਖਿਆ ਆਪਣੇ ਮਾਮਾ ਜੀ ਕੋਲੋਂ ਹੀ ਪ੍ਰਾਪਤ ਕੀਤੀ ।ਉਨ੍ਹਾਂ ਦੀ ਕਵਿਤਾ ਦੇ ਵਿਸ਼ੇ ਦੇਸ਼ ਪਿਆਰ, ਧਾਰਮਿਕ ਅਤੇ ਸਮਾਜਿਕ ਵਧੇਰੇ ਹਨ । ਉਨ੍ਹਾਂ ਦੀਆਂ ਪ੍ਰਮੁੱਖ ਕਾਵਿਕ ਰਚਨਾਵਾਂ ਅਣਿਆਲੇ ਤੀਰ, ਨਵੇਂ ਨਿਸ਼ਾਨੇ, ਕਾਲ ਕੂਕਾਂ, ਮਿੱਠੇ ਮੇਵੇ, ਗੁੰਗੇ ਗੀਤ, ਦਸ਼ਮੇਸ਼ ਦਰਸ਼ਨ ਅਤੇ ਰੂਪ ਰਾਣੀ ਸ਼ਕੁੰਤਲਾ ਆਦਿ ਹਨ ।
- ਹੋਰ ਲੇਖ ਉਪਲੱਭਧ ਨਹੀਂ ਹਨ