editor@sikharchives.org

ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਪ੍ਰਬੰਧ

ਬਾਬਾ ਬੰਦਾ ਸਿੰਘ ਉਹ ਵਿਅਕਤੀ ਸੀ ਜੋ ਦੁਨੀਆਂਦਾਰੀ ਤੋਂ ਉਪਰਾਮ ਹੋ ਕੇ ਬੈਰਾਗੀਆਂ ਵਾਲਾ ਜੀਵਨ ਬਤੀਤ ਕਰ ਰਿਹਾ ਸੀ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਧਰਮ ਸੰਸਾਰ ਦੇ ਪ੍ਰਮੁੱਖ ਧਰਮਾਂ ਵਿੱਚੋਂ ਇਕ ਹੈ। ਇਸ ਧਰਮ ਦਾ ਉਦਭਵ ਸਮੇਂ ਦੇ ਅਤਿਆਚਾਰ, ਅਨਿਆਂ, ਸਮਾਜੀ ਤੇ ਧਾਰਮਿਕ ਜੀਵਨ ਵਿਚ ਆਈਆਂ ਗਿਰਾਵਟਾਂ ਨੂੰ ਦੂਰ ਕਰਨ ਲਈ ਹੋਇਆ। ਇਹ ਧਰਮ ਅਜਿਹਾ ਪ੍ਰੇਮ ਦਾ ਪਿਰਮ ਪਿਆਲਾ ਹੈ, ਜਿਸ ਦਾ ਸੁਆਦ ਸਿਰ ਦੇ ਕੇ ਹੀ ਚੱਖਿਆ ਜਾ ਸਕਦਾ ਹੈ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥ (ਪੰਨਾ 1412)

‘ਧਰਮ ਦਾ ਸਿਰਰੁ’ ਨਿਬਾਹੁਣ ਲਈ ਕੁਰਬਾਨੀ ਤੇ ਮੈਦਾਨੇ-ਜੰਗ ਅੰਦਰ ਦੋ ਹੱਥ ਕਰਨੇ ਜ਼ਰੂਰੀ ਹਨ। ਸਿਧਾਂਤ ਦੇ ਸਿਰਰੁ ਲਈ ਸ੍ਰੀ ਗੁਰੂ ਅਰਜਨ ਸਾਹਿਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪ ਸ਼ਹੀਦੀ ਦਿੱਤੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਦਸਮੇਸ਼ ਪਿਤਾ ਨੇ ਜ਼ਾਲਮ ਅਤੇ ਅਨਿਆਂਕਾਰੀ ਹਾਕਮਾਂ ਨਾਲ ਮੈਦਾਨੇ-ਜੰਗ ਵਿਚ ਦੋ ਹੱਥ ਕੀਤੇ। ਗੁਰੂ ਦੇ ਬਚਨਾਂ, ਸਿਧਾਂਤ, ਪਰੰਪਰਾ ਦੇ ਬਿਰਦ ਦੀ ਲਾਜ ਪਾਲਣਾ ਲਈ ਗੁਰੂ ਕੇ ਸਿੱਖਾਂ ਨੇ ਵੀ ਅਨੇਕਾਂ ਕੁਰਬਾਨੀਆਂ ਦਿੱਤੀਆਂ। ਸਤਿਗੁਰਾਂ ਦੇ ਮੁੱਖ ’ਚੋਂ ਨਿਕਲੇ ਹਰ ਬੋਲ ’ਤੇ ਪਹਿਰਾ ਦਿੱਤਾ। ਬੋਲਾਂ ਨੂੰ ਪੁਗਾਉਂਦਿਆਂ ਹੋਇਆਂ ਕੁਰਬਾਨੀ ਕਰਨ ਵਾਲੇ ਗੁਰਸਿੱਖਾਂ ’ਚੋਂ ਇਕ ਨਾਮ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਹੈ ਜੋ ਕਿਸੇ ਪਹਿਚਾਣ ਦਾ ਮੁਥਾਜ ਨਹੀਂ।

ਬਾਬਾ ਬੰਦਾ ਸਿੰਘ ਉਹ ਵਿਅਕਤੀ ਸੀ ਜੋ ਦੁਨੀਆਂਦਾਰੀ ਤੋਂ ਉਪਰਾਮ ਹੋ ਕੇ ਬੈਰਾਗੀਆਂ ਵਾਲਾ ਜੀਵਨ ਬਤੀਤ ਕਰ ਰਿਹਾ ਸੀ। ਉੁਹ ਆਪਣਾ ਦੇਸ਼ ਜੰਮੂ-ਕਸ਼ਮੀਰ ਛੱਡ ਦੂਰ ਦੱਖਣ ਵਿਚ ਬੈਠਾ ਰਿਧੀਆਂ-ਸਿਧੀਆਂ ਦੇ ਸਹਾਰੇ ਦਿਨ ਕੱਟ ਰਿਹਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਬੋਲਾਂ ਅਤੇ ਪਾਵਨ ਕਰ-ਕਮਲਾਂ ਦੀ ਛੁਹ ਨੇ ਇਸ ਬੈਰਾਗੀ ਤਪੱਸਵੀ ਦੇ ਜੀਵਨ ਦਾ ਨਜ਼ਰੀਆ ਹੀ ਬਦਲ ਦਿੱਤਾ। ਦਸਮੇਸ਼ ਪਿਤਾ ਪਾਸੋਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਉਹ ਪੰਜਾਬ ਵੱਲ ਨੂੰ ਪਰਤਿਆ ਤਾਂ ਕਿ ਜ਼ੁਲਮ ਨੂੰ ਠੱਲ ਪਾਈ ਜਾ ਸਕੇ। ਪਹਿਲਾਂ ਖਿੰਡਰੀ-ਪੁੰਡਰੀ ਸਿੱਖ ਸ਼ਕਤੀ ਨੂੰ ਇਕੱਠਾ ਕੀਤਾ ਅਤੇ ਫਿਰ ਸਮਕਾਲੀ ਰਾਜਸੀ ਰਾਜਸ਼ਾਹੀ ਉੱਤੇ ਅਜਿਹੇ ਹੱਲੇ ਬੋਲੇ ਕਿ ਦੇਸ਼ ਦੀ ਸ਼ਕਤੀਸ਼ਾਲੀ ਸਲਤਨਤ ਦੇ ਪੈਰ ਉਖੜ ਗਏ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈ ਕੇ ਪੰਜਾਬ ਵਿਚ ਸਿੱਖ ਰਾਜ ਦਾ ਝੰਡਾ ਝੁਲਾਇਆ, ਰਾਜਧਾਨੀ ਬਣਾਈ ਅਤੇ ਰਾਜ-ਸਿੱਕਾ ਚਾਲੂ ਕੀਤਾ। ਆਪ ਨੂੰ ਭਾਵੇਂ ਰਾਜ ਕਰਨ ਦਾ ਸਮਾਂ ਸੀਮਤ ਹੀ ਮਿਲਿਆ ਫਿਰ ਵੀ ਜਿਸ ਬੁਲੰਦ ਹੌਂਸਲੇ ਦਾ ਪ੍ਰਗਟਾਵਾ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਉਸ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਜਿਥੇ ਉਨ੍ਹਾਂ ਦਾ ਜਿੱਤਾਂ ਤੇ ਪ੍ਰਾਪਤੀ ਵਾਲਾ ਇਹ ਸਮਾਂ ਸੂਰਮਗਤੀ ਭਰਪੂਰ ਸੀ, ਉਥੇ ਉਨ੍ਹਾਂ ਦਾ ਅੰਤਲਾ ਸਮਾਂ ਵੀ ਘੱਟ ਮਹੱਤਵਪੂਰਨ ਨਹੀਂ ਸੀ। ਉਨ੍ਹਾਂ ਦੀ ਸ਼ਹੀਦੀ ਉਸ ਸਾਹਸ ਦਾ ਪ੍ਰਗਟਾਵਾ ਕਰਦੀ ਹੈ ਜੋ ਕੇਵਲ ਤੇ ਕੇਵਲ ਗੁਰੂ ਦਾ ਸੱਚਾ ਸਿੱਖ ਹੀ ਕਰ ਸਕਦਾ ਹੈ।

ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਪ੍ਰਬੰਧ:

ਬਾਬਾ ਬੰਦਾ ਬਹਾਦਰ ਨੇ ਬਹੁਤ ਸਾਰੀਆਂ ਲੜਾਈਆਂ ਮੁਗ਼ਲ ਫ਼ੌਜਦਾਰਾਂ ਤੇ ਹਾਕਮਾਂ ਨਾਲ ਲੜੀਆਂ। 12 ਮਈ 1710 ਈ: ਨੂੰ ਚੱਪੜਚਿੜੀ ਦੇ ਮੈਦਾਨ ਵਿਚ ਹੋਈ ਨਿਰਣਾਇਕ ਲੜਾਈ ਵਿਚ ਵਜ਼ੀਰ ਖਾਨ ਤੇ ਉਸ ਦੇ ਸਾਥੀ ਫੌਜਦਾਰਾਂ ਨੂੰ ਹਾਰ ਦਾ ਮੂੰਹ ਹੀ ਨਾ ਦੇਖਣਾ ਪਿਆ ਸਗੋਂ ਇਹ ਲੜਾਈ ਉਸ ਦਾ ਅੰਤਮ ਕਾਲ ਵੀ ਬਣੀ। ਵਜ਼ੀਰ ਖਾਨ ਮਾਰਿਆ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਪੰਥ ਦੀ ਅਗਵਾਈ ਵਿਚ ਸਰਹਿੰਦ ਨੂੰ ਫਤਹਿ ਕਰ ਲਿਆ। 14 ਮਈ ਨੂੰ ਸਰਹਿੰਦ ਦੇ ਕਿਲ੍ਹੇ ’ਤੇ ਫਤਹਿ ਦਾ ਖ਼ਾਲਸਈ ਨਿਸ਼ਾਨ ਲਹਿਰਾਇਆ। ਸਰਹਿੰਦ ਦੀ ਫਤਹਿ ਤੋਂ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਤੇ ਹੋਏ ਇਲਾਕਿਆਂ ਦੇ ਪ੍ਰਬੰਧ ਲਈ ਯੋਗ ਕਦਮ ਉਠਾਏ। ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਹਾਕਮ ਨਿਯੁਕਤ ਕੀਤਾ ਤੇ ਭਾਈ ਆਲੀ ਸਿੰਘ ਨੂੰ ਉਸ ਦਾ ਨਾਇਬ ਬਣਾਇਆ। ਭਾਈ ਬਾਜ ਸਿੰਘ ਦੇ ਭਰਾ ਭਾਈ ਰਾਮ ਸਿੰਘ ਨੂੰ ਥਾਣੇਸਰ ਦਾ ਹਾਕਮ ਤੇ ਭਾਈ ਬਿਨੋਦ ਸਿੰਘ ਨੂੰ ਉਸ ਦਾ ਸਹਾਇਕ ਥਾਪਿਆ। ਭਾਈ ਫਤਹ ਸਿੰਘ ਨੂੰ ਸਮਾਣੇ ਦਾ ਹਾਕਮ ਬਣਾਇਆ।1

ਰਾਜਧਾਨੀ:

ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਸਰਹਿੰਦ ਨੂੰ ਰਾਜਧਾਨੀ ਬਣਾਉਣ ਦੀ ਵਿਚਾਰ ਕੀਤੀ ਪਰ ਇਹ ਸ਼ਾਹਰਾਹ ਉੱਤੇ ਹੋਣ ਕਰਕੇ ਬਾਦਸ਼ਾਹੀ ਫੌਜਾਂ ਦੀ ਮਾਰ ਹੇਠ ਸੀ। ਇਸ ਲਈ ਇਸ ਦੀ ਥਾਂ ਮੁਖਲਿਸਗੜ੍ਹ ਕਿਲ੍ਹੇ ਦੀ ਮੁਰੰਮਤ ਕਰਕੇ ਇਸ ਦਾ ਨਾਮ ਲੋਹਗੜ੍ਹ ਰੱਖਿਆ ਤੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ ਤੇ ਆਪਣਾ ਖਜ਼ਾਨਾ, ਮਾਲ-ਅਸਬਾਬ, ਜੰਗੀ ਸਾਮਾਨ ਤੇ ਜਿੱਤੇ ਹੋਏ ਇਲਾਕਿਆਂ ਤੋਂ ਉਗਰਾਹੇ ਮਾਮਲੇ ਸਭ ਇੱਥੇ ਇਕੱਠੇ ਕੀਤੇ।2

ਸਿੱਕਾ ਤੇ ਮੋਹਰ ਚਾਲੂ ਕਰਨਾ:

ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਰਾਜ ਕਾਲ ਦੇ ਅਰੰਭ ’ਚ ਸਿੱਕਾ ਚਾਲੂ ਕੀਤਾ ਤੇ ਰਾਜ ਦੀ ਮੋਹਰ ਬਣਾਈ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਉੱਤੇ ਸਿੱਕੇ ਦੇ ਫ਼ਾਰਸੀ ਸ਼ਬਦ ਸਨ:

ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ਼ਿ ਨਾਨਕ ਵਾਹਿਬ ਅਸਤ
ਫ਼ਤਿਹ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜ਼ਲਿ ਸੱਚਾ ਸਾਹਿਬ ਅਸਤ

ਬਾਦਸ਼ਾਹੀ ਸਿੱਕਿਆਂ ਦੀ ਤਰ੍ਹਾਂ ਇਸ ਦੇ ਪਿਛਲੇ ਪਾਸੇ ਰਾਜਧਾਨੀ ਦੀ ਉਸਤਤਿ ਦੇ ਇਹ ਸ਼ਬਦ ਸਨ:

ਜ਼ਰਬ ਬ-ਅਮਾਨੁ-ਦਹਿਰ, ਮੁਸੱਵਰਤ ਸ਼ਹਿਰ ਜ਼ੀਨਤੁ-ਤਖ਼ਤੁ, ਮੁਬਾਰਕ ਬਖਤ

ਇਹ ਸਨ ਸ਼ਬਦ ਜੋ ਲੋਹਗੜ੍ਹ ਦੀ ਉਸਤਤਿ ਵਿਚ ਵਰਤੇ ਗਏ ਸਨ। ਇਸ ਤੋਂ ਬਾਅਦ ਉਸ ਨੇ ਸਰਕਾਰੀ ਦਸਤਾਵੇਜ਼ਾਂ, ਸਨਦਾਂ, ਪਰਵਾਨਿਆਂ ਆਦਿ ਲਈ ਮੋਹਰ ਬਣਵਾਈ ਜਿਸ ਦੇ ਇਹ ਸ਼ਬਦ ਸਨ:

ਅਜ਼ਮਤਿ ਨਾਨਕ ਗੁਰੂ ਹਮ ਜ਼ਾਹਿਰੋ ਹਮ ਬਾਤਨ ਅਸਤ
ਪਾਦਸ਼ਾਹਿ ਦੀਨੋ ਦੁਨੀਆ ਆਪ ਸੱਚਾ ਸਾਹਬ ਅਸਤ

ਬਾਅਦ ਵਿਚ ਮੋਹਰ ਦੇ ਇਹ ਸ਼ਬਦ ਹਨ:

ਦੇਗੋ ਤੇਗ਼ੋ ਫ਼ਤਿਹ ਓ ਨੁਸਰਤਿ ਬੇ-ਦਿਰੰਗ
ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ

ਨਵਾਂ ਸੰਮਤ:

ਸਰਹਿੰਦ ਫਤਹਿ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਇਕ ਨਵਾਂ ਸੰਮਤ ਅਰੰਭ ਕੀਤਾ।

ਭੂਮੀ ਸੁਧਾਰ:

ਮੁਗ਼ਲਾਂ ਅਧੀਨ ਜ਼ਿਮੀਂਦਾਰਾ ਪ੍ਰਬੰਧ ਲਾਗੂ ਸੀ। ‘ਅਵਾਸੀ ਜ਼ਿਮੀਂਦਾਰੀ’ ਅਤੇ ਖੂਨ-ਚੂਸਣੇ ਲਗਾਨ ਕਾਰਨ ਖੇਤੀਬਾੜੀ ਦੇ ਖੇਤਰ ਵਿਚ ਕਈ ਬੁਰਾਈਆਂ ਫੈਲ ਗਈਆਂ ਸਨ।4 ‘ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਿਮੀਂਦਾਰਾ ਪ੍ਰਬੰਧ ਨੂੰ ਖ਼ਤਮ ਕਰ ਦਿੱਤਾ ਤੇ ਮਾਲਕੀ ਦੇ ਅਧਿਕਾਰ ਵਾਹੀਕਾਰਾਂ ਨੂੰ ਦੇ ਦਿੱਤੇ।5 ਡਾ. ਗੰਡਾ ਸਿੰਘ ਅਨੁਸਾਰ, ‘ਸਿੰਘਾਂ ਦਾ ਰਾਜ ਹੋ ਜਾਣ ਨਾਲ ਹਲ-ਵਾਹ ਕਿਸਾਨ ਆਪਣੇ ਹਲਾਂ ਹੇਠਲੀਆਂ ਜ਼ਮੀਨਾਂ ਦੇ ਮਾਲਕ ਬਣ ਗਏ ਤੇ ਪੁਰਾਣੇ ਰਿਵਾਜ ਨਾਲ ਹੋ ਰਿਹਾ ਜ਼ੁਲਮ ਪੰਜਾਬ ਵਿੱਚੋਂ ਸਦਾ ਲਈ ਮਿਟ ਗਿਆ।’6

ਸਮਾਜ ਸੁਧਾਰ:

ਰਾਜ ਪ੍ਰਬੰਧ ਨੂੰ ਮਜ਼ਬੂਤ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਦੀ ਪਰਜਾ ਦੀ ਭਲਾਈ ਲਈ ਵੀ ਕਦਮ ਚੁੱਕੇ ਜੋ ਕਿ ਪਰਜਾ-ਹਿਤੂ ਬਾਦਸ਼ਾਹ ਲਈ ਜ਼ਰੂਰੀ ਹੁੰਦੇ ਹਨ। ਆਰਥਿਕ ਖੇਤਰ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਜੋ ਦੇਣ ਸੀ ਉਸ ਦੀ ਛਾਪ ਅੱਜ ਵੀ ਪੰਜਾਬ ਦੀ ਆਰਥਿਕਤਾ ਉੱਤੇ ਲੱਗੀ ਦਿੱਸਦੀ ਹੈ।7 ਬਾਬਾ ਬੰਦਾ ਸਿੰਘ ਬਹਾਦਰ ਇਕ ਮਹਾਨ ਸਮਾਜ ਸੁਧਾਰਕ ਸਨ। ਡਾ. ਹਰੀ ਰਾਮ ਗੁਪਤਾ ਅਨੁਸਾਰ ਉਸ ਨੇ ਜਾਤ-ਪਾਤ, ਨਸਲ ਅਤੇ ਧਰਮ ਦੇ ਬੰਧਨ ਤੋੜਦਿਆਂ ਅਖੌਤੀ ਨੀਚ ਜਾਤ ਭੰਗੀਆਂ (Sweeper), ਚਮਾਰਾਂ (Cobblers) ਨੂੰ ਉੱਚ ਪਦਵੀਆਂ ਉੱਤੇ ਨਿਯੁਕਤ ਕੀਤਾ ਅਤੇ ਉੱਚੇ ਦਰਜੇ ਦੇ ਹਿੰਦੂ, ਬ੍ਰਾਹਮਣ ਤੇ ਖੱਤਰੀ ਉਨ੍ਹਾਂ ਦੇ ਹੁਕਮਾਂ ਨੂੰ ਖੜ੍ਹੇ ਹੋ ਕੇ ਹੱਥ ਜੋੜ ਕੇ ਮੰਨਦੇ ਸਨ।8 ਬਾਬਾ ਬੰਦਾ ਸਿੰਘ ਬਹਾਦਰ ਨਸ਼ਿਆਂ ਦੇ ਵੀ ਵਿਰੁੱਧ ਸੀ। ਉਸ ਨੇ ਭੰਗ, ਸ਼ਰਾਬ, ਤੰਬਾਕੂ ਤੇ ਚਰਸ ਪੀਣ ਦੀ ਪੂਰੀ ਤਰ੍ਹਾਂ ਮਨਾਹੀ ਕੀਤੀ ਹੋਈ ਸੀ।9 ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਦੇਸ਼ਵਾਸੀਆਂ ਦਾ ਮਨ ਜਿੱਤ ਲਿਆ ਤੇ ਉਹ ਉਨ੍ਹਾਂ ਦੀ ਇੱਜ਼ਤ ਕਰਨ ਲੱਗ ਪਏ।

ਧਰਮ ਨਿਰਪੱਖ ਤੇ ਨਿਆਂਕਾਰੀ:

ਰਾਜ ਪ੍ਰਬੰਧ ਉਹੀ ਕੁਸ਼ਲ ਅਤੇ ਸਫਲ ਹੈ, ਜਿਥੇ ਰਾਜ (state) ਪਾਸੋਂ ਪਰਜਾ ਨੂੰ ਨਿਆਂ ਮਿਲੇ ਅਤੇ ਇਹ ਚੰਗੇ ਪ੍ਰਬੰਧ ਦੀ ਪਹਿਲੀ ਸਫਲਤਾ ਹੁੰਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਧਰਮ ਨਿਰਪੱਖ ਜਰਨੈਲ ਸਨ। ਉਨ੍ਹਾਂ ਦੇ ਰਾਜ ਵਿਚ ਮੁਸਲਮਾਨ, ਹਿੰਦੂ, ਸਿੱਖ ਆਦਿ ਸਭ ਦਾ ਸਤਿਕਾਰ ਕੀਤਾ ਜਾਂਦਾ ਸੀ। ਉਹ ਮੁਗ਼ਲਈ ਜ਼ੁਲਮ ਅਤੇ ਅਨਿਆਇ ਦੇ ਵਿਰੁੱਧ ਲੜ ਰਹੇ ਸਨ ਨਾ ਕਿ ਇਸਲਾਮ ਧਰਮ ਦੇ ਅਨੁਯਾਈਆਂ ਵਿਰੁੱਧ। ਡਾ. ਗੰਡਾ ਸਿੰਘ ਇਨ੍ਹਾਂ ਬਾਰੇ ਲਿਖਦੇ ਹਨ: ’10 ਦਸੰਬਰ 1710 ਈ: ਨੂੰ ਬਾਦਸ਼ਾਹ ਬਹਾਦੁਰ ਸ਼ਾਹ ਨੇ ਸਿੰਘਾਂ ਦੇ ਵਿਰੁੱਧ ਹੁਕਮ ਜਾਰੀ ਕਰ ਦਿੱਤਾ ਸੀ ਕਿ ਜਿਥੇ ਕਿਧਰੇ ਭੀ ਕੋਈ ਸਿੱਖ ਮਿਲੇ ਕਤਲ ਕਰ ਦਿੱਤਾ ਜਾਏ। ਪਰ ਫਿਰ ਭੀ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗ਼ਲ ਰਾਜ ਦੇ ਵਿਰੁੱਧ ਲੜਾਈ ਨੂੰ ਧਾਰਮਿਕ ਲੜਾਈ ਦਾ ਰੂਪ ਨਹੀਂ ਦਿੱਤਾ। ਉਸ ਦਾ ਤਾਂ ਕੇਵਲ ਰਾਜਸੀ ਅੰਦੋਲਨ ਸੀ। ਇਸ ਲਈ ਉਸ ਨੇ ਮੁਸਲਮਾਨਾਂ ਉੱਤੇ ਕੋਈ ਧਾਰਮਿਕ ਬੰਦਸ਼ਾਂ ਨਹੀਂ ਲਾਈਆਂ, ਜਿਸ ਦਾ ਨਤੀਜਾ ਇਹ ਹੋਇਆ ਕਿ ਕਲਾਨੌਰ ਦੇ ਲਾਗੇ ਪੰਜ ਹਜ਼ਾਰ ਮੁਸਲਮਾਨ ਉਸ ਦੀ ਫੌਜ ਵਿਚ ਆ ਭਰਤੀ ਹੋਏ। ਬਾਦਸ਼ਾਹ ਪਾਸ 28 ਅਪ੍ਰੈਲ 1711 ਈ: ਨੂੰ ਪੁੱਜੀ ਖ਼ਬਰ ਵਿਚ ਦਰਜ ਹੈ ਕਿ: ‘ਉਸ (ਬੰਦਾ ਸਿੰਘ) ਨੇ ਬਚਨ ਦਿੱਤਾ ਅਤੇ ਇਕਰਾਰ ਕੀਤਾ ਹੈ ਕਿ ਮੈਂ ਮੁਸਲਮਾਨਾਂ ਨੂੰ ਕੋਈ ਦੁੱਖ ਨਹੀਂ ਦਿੰਦਾ। ਚੁਨਾਂਚਿ ਜੋ ਭੀ ਮੁਸਲਮਾਨ ਉਸ ਵੱਲ ਰੁਜ਼ੂ ਹੁੰਦਾ ਹੈ, ਉਹ (ਬੰਦਾ ਸਿੰਘ) ਉਸ ਦੀ ਦਿਹਾੜੀ ਅਤੇ ਤਨਖਾਹ ਨਿਯਤ ਕਰਕੇ ਉਸ ਦਾ ਧਿਆਨ ਰੱਖਦਾ ਹੈ ਅਤੇ ਉਸ ਨੇ ਆਗਿਆ ਦੇ ਦਿੱਤੀ ਹੋਈ ਹੈ ਕਿ ਨਮਾਜ਼ ਅਤੇ ਖੁਤਬਾ ਜਿਵੇਂ (ਮੁਸਲਮਾਨ) ਚਾਹੁਣ ਪੜ੍ਹਨ। ਚੁਨਾਂਚਿ ਪੰਜ ਹਜ਼ਾਰ ਮੁਸਲਮਾਨ ਉਸ ਦੇ ਸਾਥੀ ਬਣ ਗਏ ਅਤੇ ਸਿੰਘਾਂ ਦੀ ਫੌਜ ਵਿਚ ਬਾਂਗ ਅਤੇ ਨਮਾਜ਼ਾਂ ਵੱਲੋਂ ਸੁਖ ਪਾ ਰਹੇ ਹਨ। ਇਹ ਬੰਦਾ ਸਿੰਘ ਦੀ ਧਾਰਮਿਕ ਉਦਾਰਤਾ ਤੇ ਨਿਰਪੱਖਤਾ ਦੀ ਆਪਣੇ ਮੂੰਹੋਂ ਆਪ ਬੋਲਦੀ ਤਸਵੀਰ ਹੈ ਜੋ ਕਿਸੇ ਟਿੱਪਣੀ ਦੀ ਮੁਹਤਾਜ ਨਹੀਂ।’10 ਬਾਬਾ ਬੰਦਾ ਸਿੰਘ ਬਹਾਦਰ ਨਿਆਇਕਾਰੀ ਸਨ। ਉਹ ਮਾਮਲੇ ਨੂੰ ਤੁਰੰਤ ਨਜਿੱਠਣ ਵਿਚ ਵਿਸ਼ਵਾਸ ਰੱਖਦੇ ਸਨ। ਉਹ ਸੋਚਦੇ ਸਨ ਕਿ ਨਿਆਂ ਵਿਚ ਦੇਰੀ ਦਾ ਭਾਵ ਅਨਿਆਇ ਹੈ। ਦੋਸ਼ੀ ਦਾ ਉੱਚਾ ਰੁਤਬਾ ਕੋਈ ਮਾਇਨੇ ਨਹੀਂ ਰੱਖਦਾ ਸੀ। ਬਾਣੀ ਦੇ ਪਾਵਨ ਕਥਨ ‘ਰਾਜੇ ਚੁਲੀ ਨਿਆਵ ਕੀ’ ਵਿਚ ਦ੍ਰਿੜ੍ਹ ਵਿਸ਼ਵਾਸੀ ਸੀ। ਜ਼ੁਰਮ ਸਾਬਤ ਹੋ ਜਾਣ ਉੱਤੇ ਉਹ ਵੱਡੇ ਤੋਂ ਵੱਡੇ ਸਰਦਾਰ ਨੂੰ ਤੋਪ ਨਾਲ ਉਡਾ ਦੇਣ ਤੋਂ ਨਹੀਂ ਝਿਜਕਦੇ ਸਨ।

ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਪ੍ਰਬੰਧ ਬਾਰੇ ਅੰਤ-ਸਾਰ ਇਹ ਕਿਹਾ ਜਾ ਸਕਦਾ ਹੈ ਕਿ ਬਾਬਾ ਬੰਦਾ ਸਿੰਘ ਨੇ ਗੁਰੂ ਖ਼ਾਲਸਾ ਪੰਥ ਦੀ ਅਗਵਾਈ ਹੇਠ ਇਕ ਚੰਗਾ ਰਾਜ-ਪ੍ਰਬੰਧ ਦੇਣ ਦਾ ਯਤਨ ਕੀਤਾ। ਉਨ੍ਹਾਂ ਨੇ ਸਦਾ ਆਪਣੇ ਸਹਿਯੋਗੀਆਂ ਦੀਆਂ ਸੇਵਾਵਾਂ ਤੇ ਯੋਗਤਾ ਦਾ ਭਰਪੂਰ ਲਾਭ ਉਠਾਇਆ। ਉਨ੍ਹਾਂ ਦੀ ਇਹ ਵੀ ਵਿਸ਼ੇਸ਼ਤਾ ਸੀ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਆਪ ਨੂੰ ਪੰਥ ਜਾਂ ਗੁਰੂ ਸਾਹਿਬਾਨ ਨਾਲੋਂ ਉੱਚਾ ਨਹੀਂ ਮੰਨਿਆ ਤੇ ਹਰੇਕ ਪ੍ਰਾਪਤੀ ਵਿਚ ਗੁਰੂ ਦੀ ਕਿਰਪਾ ਨੂੰ ਪ੍ਰਵਾਨ ਕੀਤਾ ਅਤੇ ਗੁਰੂ ਦੀ ਭੈ-ਭਾਵਨੀ ਅਧੀਨ ਆਪਣੇ ਰਾਜ ਪ੍ਰਬੰਧ ਨੂੰ ਚਲਾਉਣ ਦਾ ਯਤਨ ਕੀਤਾ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Balwinder Singh Jorasingha
ਰੀਸਰਚ ਸਕਾਲਰ, ਸਿੱਖ ਇਤਿਹਾਸ ਰੀਸਰਚ ਬੋਰਡ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

#160, ਪ੍ਰਤਾਪ ਐਵੀਨਿਊ, ਜੀ. ਟੀ. ਰੋਡ, ਅੰਮ੍ਰਿਤਸਰ

1 Hari Ram Gupta, History of Sikhs, Vol. II, Munshi Ram, Prem Chand, Delhi, 1978, pp. 138-139.
2 Khazan Singh, History and Philosophy of Sikh Religion, Nawal Kishore Press, Lahore 1914, P. 240.
4 ਗੁਰਦੇਵ ਸਿੰਘ ਦਿਉਲ, ਬੰਦਾ ਬਹਾਦਰ ਇਕ ਜੀਵਨੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1989, ਸਫ਼ਾ 43.
5 Hari Ram Gupta, History of Sikhs, Vol II, Page 37.
6 ਗੰਡਾ ਸਿੰਘ, ਬੰਦਾ ਸਿੰਘ ਬਹਾਦੁਰ, ਸਫ਼ਾ 170.
7 ਗੁਰਦੇਵ ਸਿੰਘ ਦਿਉਲ, ਬੰਦਾ ਬਹਾਦਰ: ਇਕ ਜੀਵਨੀ, ਸਫ਼ਾ 43.
8 Hari Ram Gupta, History of Sikhs, Vol. II. Page 37
9 Ibid.
10 ਗੰਡਾ ਸਿੰਘ, ਬੰਦਾ ਸਿੰਘ ਬਹਾਦਰ, ਉਹੀ 177-78.
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)