editor@sikharchives.org

ਬਾਬਾ ਬੰਦਾ ਸਿੰਘ ਬਹਾਦਰ ਦੀ ਬੇਮਿਸਾਲ ਸ਼ਹਾਦਤ

ਨਿਰਭੈਤਾ ਦੇ ਜਜ਼ਬੇ ਨਾਲ ਭਰਪੂਰ ਬਾਬਾ ਬੰਦਾ ਸਿੰਘ ਬਹਾਦਰ ਤੇ ਹਜ਼ਾਰਾਂ ਸਿੰਘਾਂ ਨੇ ਇਸਲਾਮ ਦੇ ਇਕ ਵੱਡੇ ਗੜ੍ਹ ਸਮਾਣਾ ਸ਼ਹਿਰ ਨੂੰ ਕੁਝ ਘੰਟਿਆਂ ਵਿਚ ਹੀ ਥੇਹ ਬਣਾ ਦਿੱਤਾ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

1704 ਈ. ਵਿਚ ਚਾਰੇ ਸਾਹਿਬਜ਼ਾਦਿਆਂ ਅਤੇ ਅਣਗਿਣਤ ਸਿੰਘਾਂ ਦੀ ਸ਼ਹਾਦਤ ਨੇ ਪੰਜਾਬ ਦੀ ਧਰਤੀ ਨੂੰ ਬੀਰਤਾ ਦੇ ਰੰਗ ਵਿਚ ਰੰਗ ਦਿੱਤਾ ਸੀ। ਇਹ ਧਰਤੀ ਸਿਰਲੱਥ ਯੋਧਿਆਂ ਦੀ ਧਰਤੀ ਬਣ ਚੁੱਕੀ ਸੀ। ਸਿੱਖ ਭਾਵੇਂ ਦੱਬੇ ਹੋਏ ਸਨ ਪਰ ਉਹ ਵਜ਼ੀਰ ਖਾਂ ਤੋਂ ਬਦਲਾ ਲੈਣ ਲਈ ਮੌਕੇ ਦੀ ਤਾੜ ਵਿਚ ਸਨ। 1709 ਵਿਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਬੂਹੇ ’ਤੇ ਆ ਕੇ ਅਵਾਜ਼ ਦਿੱਤੀ ਤਾਂ ਹਜ਼ਾਰਾਂ ਸਿੰਘ ਸੂਰਮੇ ਉਨ੍ਹਾਂ ਦੇ ਕੋਲ ਸਿਰ ਤਲੀ ’ਤੇ ਧਰ ਕੇ ਆ ਪਹੁੰਚੇ।

ਨਿਰਭੈਤਾ ਦੇ ਜਜ਼ਬੇ ਨਾਲ ਭਰਪੂਰ ਬਾਬਾ ਬੰਦਾ ਸਿੰਘ ਬਹਾਦਰ ਤੇ ਹਜ਼ਾਰਾਂ ਸਿੰਘਾਂ ਨੇ ਇਸਲਾਮ ਦੇ ਇਕ ਵੱਡੇ ਗੜ੍ਹ ਸਮਾਣਾ ਸ਼ਹਿਰ ਨੂੰ ਕੁਝ ਘੰਟਿਆਂ ਵਿਚ ਹੀ ਥੇਹ ਬਣਾ ਦਿੱਤਾ ਸੀ। ਇਹ ਵੇਖ ਕੇ ਵਜ਼ੀਰ ਖਾਂ ਸੂਬਾ ਸਰਹਿੰਦ ਦੀ ਸੋਚ ਇਕ ਵਾਰ ਤਾਂ ਪਥਰਾਅ ਗਈ ਸੀ। ਉਹ ਆਪਣੀ ਸੁਰੱਖਿਆ ਦੇ ਜਤਨ ਹੀ ਕਰਦਾ ਰਿਹਾ ਪਰ ਉਹ ਬਾਬਾ ਬੰਦਾ ਸਿੰਘ ਬਹਾਦਰ ਵਿਰੁੱਧ ਹਮਲਾ ਨਾ ਕਰ ਸਕਿਆ।

ਅਖੀਰ ਵਜ਼ੀਰ ਖਾਂ ਦੀ ਵੀ ਵਾਰੀ ਆ ਗਈ। 1710 ਈ. ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫ਼ਤਹ ਕੀਤੀ। ਵਜ਼ੀਰ ਖਾਂ ਚੱਪੜਚਿੜੀ ਦੇ ਮੈਦਾਨ ਵਿਚ ਮਾਰਿਆ ਗਿਆ। ਪਹਿਲੀ ਵਾਰ ਸਿੱਖ ਰਾਜ ਦੀ ਸਥਾਪਨਾ ਕੀਤੀ ਗਈ। 500 ਸਾਲਾਂ ਤੋਂ ਬਾਅਦ ਪੰਜਾਬ ਵਿਚ ਭਾਰਤੀਆਂ ਦਾ ਰਾਜ ਹੋਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ। ਗੁਰੂ ਸਾਹਿਬਾਨ ਦੇ ਨਾਂ ਦਾ ਸਿੱਕਾ ਜਾਰੀ ਕੀਤਾ। ਵਾਹੀਕਾਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਧਾਰਮਕ, ਰਾਜਨੀਤਕ ਅਤੇ ਆਰਥਕ ਪੱਖ ਤੋਂ ਸਿੱਖ ਸਮਾਜ ਦੀ ਬੁਨਿਆਦ ਮਜ਼ਬੂਤ ਕੀਤੀ।

ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਾਲਸੇ ਦਾ ਜਥੇਦਾਰ ਥਾਪ ਕੇ ਪੰਜਾਬ ਵੱਲ ਭੇਜਿਆ। ਉਨ੍ਹਾਂ ਨਾਲ ਪੰਜ ਸਿੰਘ- ਬਾਬਾ ਬਿਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਬਾਜ ਸਿੰਘ, ਭਾਈ ਦਇਆ ਸਿੰਘ ਅਤੇ ਭਾਈ ਰਣ ਸਿੰਘ ਔਖੀ ਘੜੀ ਵਿਚ ਸਲਾਹ-ਮਸ਼ਵਰਾ ਕਰਨ ਲਈ ਨਾਲ ਭੇਜੇ। ਪੰਜ ਤੀਰ ਤੇ ਇਕ ਨਗਾਰਾ ਗੁਰੂ ਜੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਿਸ਼ਾਨੀ ਦੇ ਤੌਰ ’ਤੇ ਦਿੱਤਾ ਗਿਆ।

ਬਾਬਾ ਬੰਦਾ ਸਿੰਘ ਬਹਾਦਰ ਹਰ ਮੈਦਾਨ ਫ਼ਤਹ ਕਰਦਾ ਹੋਇਆ ਸਰਹਿੰਦ ਨੇੜੇ ਪਹੁੰਚ ਗਿਆ ਸੀ। ਸਰਹਿੰਦ ਦਾ ਸੂਬਾ ਵਜ਼ੀਰ ਖਾਂ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਸੀ, ਸਿੱਖਾਂ ਦੀਆਂ ਅੱਖਾਂ ਵਿਚ ਕੰਕਰ ਵਾਂਗ ਰੜਕਦਾ ਸੀ। ਵਜ਼ੀਰ ਖਾਂ ਨੂੰ ਸਬਕ ਸਿਖਾਉਣ ਲਈ ਸਿੰਘਾਂ ਨੇ ਸਰਹਿੰਦ ਤੋਂ 12 ਕੋਹ ਦੀ ਵਿੱਥ ’ਤੇ ਚੱਪੜਚਿੜੀ ਦੇ ਮੈਦਾਨ ਵਿਚ ਆਣ ਮੋਰਚੇ ਲਾ ਲਏ। ਵਜ਼ੀਰ ਖਾਂ ਦੀਆਂ ਫੌਜਾਂ ਸਿੰਘਾਂ ਨੂੰ ਰੋਕਣ ਲਈ ਅੱਗੇ ਵਧੀਆਂ ਤਾਂ 1710 ਈ. ਵਿਚ ਖੂਨ- ਡੋਲ੍ਹਵੀਂ ਲੜਾਈ ਹੋਈ।

ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ’ਤੇ ਹਮਲਾ ਕਰਨ ਤੋਂ ਪਹਿਲਾਂ ਕੀਰਤਪੁਰ ਵੱਲੋਂ ਜਿੱਤਾਂ ਪ੍ਰਾਪਤ ਕਰਦੇ ਆ ਰਹੇ ਸਿੱਖ ਜਥੇ ਦੀ ਉਡੀਕ ਕਰਨੀ ਠੀਕ ਸਮਝੀ। ਇਕ ਸੂਰਬੀਰ ਯੋਧਿਆਂ ਦਾ ਜਥਾ ਖਰੜ ਤੇ ਬਨੂੜ ਵਿਚਕਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਦਲ ਨਾਲ ਆ ਰਲਿਆ, ਜਿਸ ਨਾਲ ਸਿੱਖਾਂ ਦੀ ਤਾਕਤ ਹੋਰ ਵਧ ਗਈ।

ਦੂਸਰੇ ਪਾਸੇ ਵਜ਼ੀਰ ਖਾਂ ਨੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜੰਗੀ ਤਿਆਰੀ ਸ਼ੁਰੂ ਕਰ ਦਿੱਤੀ। ਗੁਆਂਢੀ ਰਿਆਸਤਾਂ ਤੋਂ ਵੀ ਮਦਦ ਲੈ ਲਈ ਅਤੇ ਮੁਸਲਮਾਨਾਂ ਵਿਚ ਜਹਾਦ ਦਾ ਨਾਅਰਾ ਲਾ ਕੇ ਸਿੱਖਾਂ ਵਿਰੁੱਧ ਡਟ ਜਾਣ ਦਾ ਹੋਕਾ ਦੇ ਦਿੱਤਾ। ਵਜ਼ੀਰ ਖਾਂ 20 ਹਜ਼ਾਰ ਦੇ ਕਰੀਬ ਸਿਖਲਾਈ ਪ੍ਰਾਪਤ ਫੌਜ ਅਤੇ ਆਪਣੇ ਸਾਥੀਆਂ ਨਾਲ ਸਿੱਖਾਂ ਦੀ ਫੌਜ ਦਾ ਮੁਕਾਬਲਾ ਕਰਨ ਲਈ ਤੁਰ ਪਿਆ। ਜੰਗ ਦੇ ਮੈਦਾਨ ਵਿਚ ਜਾ ਕੇ ਵਜ਼ੀਰ ਖਾਂ ਨੇ ਇਕ ਪਾਸੇ ਆਪਣੇ ਮੁਹਾਰਤ ਪ੍ਰਾਪਤ ਤੋਪਖਾਨੇ ਦੀ ਕੰਧ ਖੜ੍ਹੀ ਕਰ ਦਿੱਤੀ। ਦੂਜੇ ਪਾਸੇ ਹਾਥੀ ਕਤਾਰਾਂ ਵਿਚ ਖੜ੍ਹੇ ਕਰ ਕੇ ਤਕੜੀ ਮੋਰਚਾਬੰਦੀ ਕੀਤੀ, ਤੀਜੇ ਪਾਸੇ ਨਵਾਬ ਤੇ ਜਗੀਰਦਾਰਾਂ ਦੀ ਫੌਜ ਨਾਲ ਜੰਬੂਰੇ, ਰਹਿਕਲੇ ਆਦਿ ਬੀੜ ਕੇ ਪੂਰੀ ਤਰ੍ਹਾਂ ਜੰਗੀ ਨੁਕਤਾ-ਨਿਗਾਹ ਤੋਂ ਤਿਆਰੀ ਕਰ ਲਈ ਗਈ। ਵਜ਼ੀਰ ਖਾਂ ਰਾਜਿਆਂ ਵਿਚਕਾਰ ਆਪ ਉੱਚੇ ਹਾਥੀ ’ਤੇ ਚੜ੍ਹ ਕੇ ਫੌਜ ਨੂੰ ਦਿਸ਼ਾ-ਨਿਰਦੇਸ਼ ਦੇਣ ਲੱਗਾ।

ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਨੇ ਚੋਣਵੇਂ ਯੋਧੇ ਸਿੱਖਾਂ ਨੂੰ ਜੰਗੀ ਨੁਕਤਾ-ਨਿਗਾਹ ਸਮਝਾ ਕੇ ਸਿੱਖਾਂ ਦੇ ਅਲੱਗ-ਅਲੱਗ ਜਥੇ ਤਿਆਰ ਕਰ ਦਿੱਤੇ। ਪਹਿਲੇ ਜਥੇ ਵਿਚ ਮਾਲਵੇ ਦੇ ਸਿੰਘ ਸਨ, ਜਿਨ੍ਹਾਂ ਦੀ ਜਥੇਦਾਰੀ ਭਾਈ ਫਤਹਿ ਸਿੰਘ, ਭਾਈ ਕਰਮ ਸਿੰਘ, ਭਾਈ ਧਰਮ ਸਿੰਘ ਤੇ ਭਾਈ ਆਲੀ ਸਿੰਘ ਕਰ ਰਹੇ ਸਨ। ਦੂਜਾ ਜਥਾ ਮਝੈਲ ਸਿੰਘਾਂ ਦਾ ਸੀ ਜਿਸ ਦੀ ਅਗਵਾਈ ਬਾਬਾ ਬਿਨੋਦ ਸਿੰਘ, ਬਾਬਾ ਬਾਜ ਸਿੰਘ, ਭਾਈ ਰਾਮ ਸਿੰਘ ਅਤੇ ਭਾਈ ਸ਼ਾਮ ਸਿੰਘ ਕਰ ਰਹੇ ਸਨ। ਕੁਝ ਵਿਅਕਤੀ ਜੋ ਲੁੱਟ-ਮਾਰ ਕਰਨ ਦੇ ਇਰਾਦੇ ਨਾਲ ਸਿੱਖਾਂ ਦੀ ਫੌਜ ਵਿਚ ਆਣ ਰਲੇ ਸਨ, ਬਾਬਾ ਬੰਦਾ ਸਿੰਘ ਬਹਾਦਰ ਨੇ ਉਨ੍ਹਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਨੂੰ ਮਲਵਈਆਂ ਅਤੇ ਮਝੈਲਾਂ ਦੇ ਜਥਿਆਂ ਵਿਚ ਵੰਡ ਦਿੱਤਾ ਤਾਂ ਕਿ ਉਹ ਕਿਸੇ ਵੀ ਤਰ੍ਹਾਂ ਦੀ ਚਲਾਕੀ ਨਾ ਕਰ ਸਕਣ।

ਵਜ਼ੀਰ ਖਾਂ ਦੀਆਂ ਫੌਜਾਂ ਨੂੰ ਟੱਕਰ ਦੇਣ ਦੀ ਜੰਗੀ ਕਾਰਵਾਈ ਲਈ ਸੇਧ ਦੇਣ ਹਿਤ ਬਾਬਾ ਬੰਦਾ ਸਿੰਘ ਬਹਾਦਰ ਨੇ ਇਕ ਉੱਚੀ ਜਗ੍ਹਾ ’ਤੇ ਆਪਣਾ ਮੋਰਚਾ ਬਣਾਇਆ। ਜੰਗ ਦੇ ਪਹਿਲੇ ਦੌਰ ਵਿਚ ਵਜ਼ੀਰ ਖਾਂ ਦਾ ਪਲੜਾ ਭਾਰੀ ਰਿਹਾ ਜਿਸ ਕਾਰਨ ਲੁੱਟ-ਮਾਰ ਕਰਨ ਦੇ ਇਰਾਦੇ ਨਾਲ ਆਏ ਨੌਜਵਾਨ ਦੇਖ ਕੇ ਭੱਜ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੰਘਾਂ ਨੂੰ ਹੌਸਲਾ ਦੇਣ ਲਈ ਝੱਟ ਮੋਰਚੇ ਵਿੱਚੋਂ ਨਿਕਲ ਕੇ ਸਿੰਘਾਂ ਦੀ ਪਹਿਲੀ ਕਤਾਰ ਵਿਚ ਆਣ ਕੇ ਵਜ਼ੀਰ ਖਾਂ ਨੂੰ ਲਲਕਾਰਿਆ, ਜਿਸ ਨਾਲ ਸਿੱਖਾਂ ਦੇ ਹੌਂਸਲੇ ਬੁਲੰਦ ਹੋ ਗਏ ਤੇ ਉਹ ਦੁਸ਼ਮਣਾਂ ’ਤੇ ਬਿਜਲੀ ਵਾਂਗ ਕਹਿਰ ਬਣ ਕੇ ਟੁੱਟ ਪਏ। ਇਸ ਖੂਨ-ਡੋਲ੍ਹਵੀਂ ਲੜਾਈ ਵਿਚ ਸੂਬੇਦਾਰ ਵਜ਼ੀਰ ਖਾਂ ਮਾਰਿਆ ਗਿਆ ਅਤੇ ਸਿੰਘ ਜੇਤੂ ਹੋ ਕੇ ਸਰਹਿੰਦ ਸ਼ਹਿਰ ਵਿਚ ਦਾਖਲ ਹੋ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ’ਤੇ ਖਾਲਸਾ ਰਾਜ ਦਾ ਪਰਚਮ ਝੁਲਾ ਕੇ ਬਾਬਾ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਥਾਪ ਦਿੱਤਾ ਅਤੇ ਸਲੋਦੀ ਵਾਲੇ ਬਾਬਾ ਆਲੀ ਸਿੰਘ ਨੂੰ ਨਾਇਬ ਸੂਬੇਦਾਰ ਥਾਪ ਕੇ ਸਾਰਾ ਪ੍ਰਬੰਧ ਇਨ੍ਹਾਂ ਦੇ ਹਵਾਲੇ ਕਰ ਦਿੱਤਾ।

ਪੰਜ ਸਾਲ ਸਿੱਖ ਰਾਜ ਦੀ ਸਥਾਪਤੀ ਕਾਇਮ ਰੱਖਣ ਲਈ ਬਾਬਾ ਬੰਦਾ ਸਿੰਘ ਬਹਾਦਰ ਮੁਗ਼ਲੀਆ ਸਾਮਰਾਜ ਨਾਲ ਜੂਝਦਾ ਰਿਹਾ। 1715 ਵਿਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੰਘਾਂ ਸਮੇਤ ਗੁਰਦਾਸ ਨੰਗਲ ਗੜ੍ਹੀ ਵਿਚ ਘੇਰ ਲਿਆ ਗਿਆ। 8 ਮਹੀਨੇ ਘੇਰੇ ਵਿਚ ਵੀ ਉਹ ਭੁੱਖ-ਦੁੱਖ ਦੀਆਂ ਮੁਸ਼ਕਲਾਂ ਝੱਲ ਕੇ ਲੜਦਾ ਰਿਹਾ। ਜਦੋਂ ਸਿੰਘ ਭੁੱਖ ਨਾਲ ਬਿਲਕੁਲ ਨਿਢਾਲ ਹੋ ਕੇ ਬੇਹੋਸ਼ ਹੋਣ ਲੱਗੇ ਤਾਂ ਹੀ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਿਆ ਸੀ।

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਦਾ ਦ੍ਰਿਸ਼

ਦਸੰਬਰ 1715 ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਹੋਈ। ਜੂਨ 1716 ਨੂੰ ਉਨ੍ਹਾਂ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ। ਸ਼ਹੀਦ ਕਰਨ ਤੋਂ ਪਹਿਲਾਂ 6 ਮਹੀਨੇ ਉਸ ਨੂੰ ਮਾਨਸਿਕ ਤੇ ਸਰੀਰਿਕ ਕਸ਼ਟ ਦਿੱਤੇ ਗਏ। ਉਸ ਦੇ ਸਾਹਮਣੇ ਕਈ ਮਹੀਨੇ ਉਸ ਦੇ ਸੈਂਕੜੇ ਸਿੰਘ ਸ਼ਹੀਦ ਕੀਤੇ ਗਏ। ਉਸ ਦੀ ਆਪਣੀ ਸ਼ਹੀਦੀ ਸਮੇਂ ਪਹਿਲਾਂ ਉਸ ਦੇ ਚਾਰ ਸਾਲ ਦੇ ਪੁੱਤਰ ਅਜੈ ਸਿੰਘ ਨੂੰ ਸ਼ਹੀਦ ਕੀਤਾ ਗਿਆ। ਬੱਚੇ ਦਾ ਤੜਪਦਾ ਹੋਇਆ ਕਲੇਜਾ ਉਸ ਦੇ ਮੂੰਹ ਵਿਚ ਤੁੰਨਿਆ ਗਿਆ। ਫੇਰ ਬੱਚੇ ਦੀਆਂ ਆਂਦਰਾਂ ਦਾ ਹਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ਼ ਵਿਚ ਪਾਇਆ ਗਿਆ। ਇਸ ਤੋਂ ਪਿੱਛੋਂ ਉਨ੍ਹਾਂ ਨੂੰ ਬੜੇ ਹੀ ਅਣਮਨੁੱਖੀ ਕਸ਼ਟ ਦੇ ਕੇ ਸ਼ਹੀਦ ਕੀਤਾ ਗਿਆ।ਪਹਿਲਾਂ ਛੁਰੇ ਦੀ ਨੋਕ ਨਾਲ ਉਨ੍ਹਾਂ ਦੀ ਸੱਜੀ ਅੱਖ ਕੱਢੀ ਗਈ, ਫੇਰ ਖੱਬੀ। ਉਸ ਤੋਂ ਬਾਅਦ ਬਾਬਾ ਜੀ ਦਾ ਖੱਬਾ ਪੈਰ ਕੱਟਿਆ ਗਿਆ, ਫਿਰ ਸੱਜਾ। ਫੇਰ ਦੋਵੇਂ ਹੱਥ ਵੱਢ ਦਿੱਤੇ ਗਏ। ਉਸ ਤੋਂ ਬਾਅਦ ਜੰਬੂਰਾਂ ਨਾਲ ਉਨ੍ਹਾਂ ਦਾ ਮਾਸ ਨੋਚਿਆ ਗਿਆ ਇਸ ਤਰ੍ਹਾਂ ਅੰਗ-ਅੰਗ ਕੱਟ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਪਰ ਉਨ੍ਹਾਂ ਦਾ ਪੈਰ ਸਿੱਖੀ ਮਾਰਗ ਤੋਂ ਥਿੜਕਿਆ ਨਹੀਂ। ਉਹ ਪੁਰਜ਼ਾ ਪੁਰਜ਼ਾ ਕੱਟ ਮਰੇ ਪਰ ਉਨ੍ਹਾਂ ਹਾਰ ਨਹੀਂ ਮੰਨੀ ਅਤੇ ਗੁਰ-ਫ਼ਰਮਾਨ ’ਤੇ ਪੂਰੇ ਉਤਰੇ:

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਪੰਨਾ 1103)

ਬਾਬਾ ਬੰਦਾ ਸਿੰਘ ਬਹਾਦਰ ਪੂਰਨ ਸੰਤ ਹੋਣ ਦੇ ਨਾਲ-ਨਾਲ ਇਕ ਨਿਰਭੈ ਤੇ ਨਿਧੜਕ ਜਰਨੈਲ ਸਨ। ਉਹ ਇਕ ਬਾਦਸ਼ਾਹ ਸਨ ਤੇ ਇਸ ਦੇ ਨਾਲ ਇਕ ਗੁਰਸਿੱਖ ਵੀ ਸਨ। ਉਨ੍ਹਾਂ ਨੇ ਸਿੱਖੀ ਆਦਰਸ਼ਾਂ ਨੂੰ ਅਖੀਰੀ ਦਮ ਤਕ ਨਿਭਾਇਆ। ਸਾਡੀ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਸਿੱਖ ਧਰਮ ਦੇ ਅਜਿਹੇ ਚਾਨਣ-ਮੁਨਾਰਿਆਂ ਨੂੰ ਸਦਾ ਸਾਹਮਣੇ ਰੱਖੇ ਅਤੇ ਆਪਣੇ ਧਰਮ ਦੇ ਰਸਤੇ ਤੋਂ ਨਾ ਭਟਕਣ। ਸਾਨੂੰ ਆਪਣੇ ਵਿਰਸੇ ਦਾ ਮੁੱਲ ਸਮਝਦੇ ਹੋਏ ਆਪਣੇ ਜੀਵਨ ਨੂੰ ਸਫਲ ਬਣਾਉਣ ਅਤੇ ਆਪਣੀ ਕੌਮ ਦੀ ਸ਼ਾਨ ਵਧਾਉਣ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)