ਬਾਬਾ ਬੰਦਾ ਸਿੰਘ ਬਹਾਦਰ ਅਜਿਹਾ ਸਿੰਘ ਸੀ ਜਿਸ ਨੇ ਅਠਾਰ੍ਹਵੀਂ ਸਦੀ ਵਿਚ ਜ਼ਾਲਮ ਹਕੂਮਤ ਦੇ ਖਿਲਾਫ਼ ਜਦੋਜਹਿਦ ਹੀ ਨਹੀਂ ਕੀਤੀ, ਸਗੋਂ ਉਹ ਸੰਸਾਰ ਦੇ ਗੌਰਵਮਈ ਇਤਿਹਾਸ ਵਿਚ ਵੀਰਤਾ ਅਤੇ ਫਤਿਹਯਾਬੀਆਂ ਹਾਸਲ ਕਰ ਕੇ ਪੰਜਾਬ ਦੀ ਪਵਿੱਤਰ ਧਰਤੀ ਉੱਤੇ ਸੁਤੰਤਰ ਖਾਲਸਾ ਰਾਜ ਦਾ ਝੰਡਾ ਗੱਡਣ ਵਾਲਾ ਇਸ ਦਾ ਪਹਿਲਾ ਸੰਸਥਾਪਕ ਬਣਿਆ। ਇਤਿਹਾਸ ਦੇ ਵਰਕਿਆਂ ਨੂੰ ਫਰੋਲਦਿਆਂ ਇਹ ਗੱਲ ਸਾਬਤ ਹੁੰਦੀ ਹੈ ਕਿ ਮੁਸਲਮਾਨਾਂ ਦੀ ਹਕੂਮਤ ਸਮੇਂ ਰਾਜ-ਸਮਰਥਕ ਮੁਸਲਮਾਨਾਂ ਵੱਲੋਂ ਵਕਤ ਦੀ ਸਰਕਾਰ ਦੀ ਪ੍ਰਸੰਸਾ ਲਿਖਣੀ ਸੁਭਾਵਕ ਹੀ ਸੀ। ਇਹੋ ਕਾਰਨ ਸੀ ਕਿ ਕਈ ਫ਼ਾਰਸੀ ਇਤਿਹਾਸਕਾਰਾਂ ਨੇ ਉਸ ਨੂੰ ਮੁਸਲਮਾਨਾਂ ਦਾ ਕੱਟੜ ਵਿਰੋਧੀ ਲਿਖ ਕੇ ਘੋਰ ਅਨਿਆਂ ਕੀਤਾ ਹੈ। ਪਰ ਜ਼ਾਲਮ ਸਲਤਨਤ ਨੂੰ ਨੇਸਤੋ-ਨਾਬੂਦ ਕਰਨ ਲਈ ਉਹੀ ਲੋਕ-ਲਹਿਰ ਦੇ ਆਗੂ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਸਲਮਾਨਾਂ ਦਾ ਸਮਰਥਨ ਮਿਲਣਾ ਕੀ ਇਹ ਸਾਬਤ ਕਰਨ ਲਈ ਕਾਫੀ ਨਹੀਂ ਕਿ ਇਸ ਲਾਸਾਨੀ ਹਸਤੀ ਬਾਰੇ ਬਹੁਤਾ ਕੁਝ ਕਿਸੇ ਗਲਤਫਹਿਮੀ ਦਾ ਸ਼ਿਕਾਰ ਹੋ ਕੇ ਜਾਂ ਜਾਣ-ਬੁੱਝ ਕੇ ਝੂਠ ਹੀ ਲਿਖਿਆ ਗਿਆ ਹੈ? ਬਾਬਾ ਬੰਦਾ ਸਿੰਘ ਬਹਾਦਰ ਨੂੰ ਆਮ ਮੁਸਲਮਾਨਾਂ ਦਾ ਸਮਰਥਨ ਮਿਲਣਾ ਇਤਿਹਾਸ ਦੀਆਂ ਕਈ ਬੰਦ ਪਰਤਾਂ ਖੋਲ੍ਹਦਾ ਹੈ।
‘ਜਾਮਿ-ਉ-ਤਵਾਰੀਖ਼’ ਕਰਤਾ ਕਾਜ਼ੀ ਫਕੀਰ ਮੁਹੰਮਦ ਦਾ ਹਵਾਲਾ ਦੇ ਕੇ ਡਾ. ਗੰਡਾ ਸਿੰਘ ਲਿਖਦੇ ਹਨ… “ਉਹ ਹਰ ਕਿਸੇ ਨੂੰ ਸਿੰਘ ਪਦਵੀ ਨਾਲ ਬੁਲਾਉਂਦੇ ਸਨ। ਉਦਾਹਰਣ ਲਈ ਜੇ ਕੋਈ ਮੁਸਲਮਾਨ ਇਨ੍ਹਾਂ ਦੇ ਪੰਥ ਵਿਚ ਆ ਜਾਵੇ ਤਾਂ ਉਸ ਨੂੰ ਨਮਾਜ਼ੀ ਸਿੰਘ ਕਹਿੰਦੇ ਸਨ।” 1 ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਸਿੱਖ, ਹਿੰਦੂ ਹੀ ਸ਼ਾਮਲ ਨਹੀਂ ਸਨ ਸਗੋਂ ਭਾਰੀ ਗਿਣਤੀ ਵਿਚ ਮੁਸਲਮਾਨ ਵੀ ਭਰਤੀ ਹੋ ਗਏ ਸਨ। ਡਾ. ਗੰਡਾ ਸਿੰਘ ਦੇ ਕਹਿਣ ਅਨੁਸਾਰ ਇਹ ਉਸ ਦੇ ਖੁੱਲ੍ਹਦਿਲੀ ਵਾਲੇ ਵਤੀਰੇ ਦਾ ਹੀ ਨਤੀਜਾ ਜਾਪਦਾ ਹੈ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਸਲਮਾਨ ਰਈਅਤ ਨਾਲ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਇਸਲਾਮ ਦਾ ਵੈਰੀ ਤਾਂ ਹੈ ਹੀ ਨਹੀਂ ਸੀ ਕਿ ਉਹ ਅਕਾਰਨ ਹੀ ਮੁਸਲਮਾਨਾਂ ਨਾਲ ਮੁਸਲਮਾਨ ਹੋਣ ਕਰਕੇ ਕੋਈ ਸਖ਼ਤੀ ਕਰਦਾ। ਉਹ ਤਾਂ ਜ਼ੁਲਮੀ ਰਾਜ ਅਤੇ ਰਾਜਸੀ ਅਤਿਆਚਾਰਾਂ ਦੇ ਵਿਰੁੱਧ ਸੀ। ਇਤਫ਼ਾਕ ਨਾਲ ਉਸ ਵੇਲੇ ਰਾਜ ਮੁਸਲਮਾਨਾਂ ਦੇ ਹੱਥ ਵਿਚ ਸੀ ਅਤੇ ਉਹ ਰਾਜਸੀ ਬਲਬੂਤੇ ਉੱਤੇ ਰਾਜਸੀ ਅਤਿਆਚਾਰਾਂ ਦੇ ਸਾਧਨ ਬਣੇ ਹੋਏ ਸਨ।” 3
‘ਅਖ਼ਬਾਰ-ਏ-ਦਰਬਾਰ-ਏ-ਮੌਲਾ’ ਦੀ ਇਕ ਰਿਪੋਰਟ ਵਿਚ ਤਾਂ ਸਪਸ਼ਟ ਦਰਜ ਹੈ ਕਿ 28 ਅਪ੍ਰੈਲ 1711 ਈ: (21 ਰਬੀ-ਅੱਵਲ) ਨੂੰ ਹਿਦਾਇਤੁਲਾ ਖ਼ਾਨ ਰਾਹੀਂ ਭਗਵਤੀ ਦਾਸ ਹਰਕਾਰੇ ਦਾ ਖ਼ਬਰਾਂ ਦਾ ਪਰਚਾ ਜੋ ਬਾਦਸ਼ਾਹ ਦੀ ਦ੍ਰਿਸ਼ਟੀਗੋਚਰ ਹੋਇਆ, ਉਸ ਵਿਚ ਲਿਖਿਆ ਹੋਇਆ ਸੀ: “ਨਾਨਕ-ਪੂਜ (ਬੰਦਾ ਸਿੰਘ) ਦਾ 19 ਤਾਰੀਖ਼ (26 ਅਪ੍ਰੈਲ) ਤਕ ਡੇਰਾ ਕਲਾਨੌਰ ਦੇ ਕਸਬੇ ਵਿਚ ਸੀ। ਉਸ ਨੇ ਬਚਨ ਦਿੱਤਾ ਅਤੇ ਇਕਰਾਰ ਕੀਤਾ ਹੈ ਕਿ ਉਹ ਮੁਸਲਮਾਨਾਂ ਨੂੰ ਕੋਈ ਦੁੱਖ ਨਹੀਂ ਦੇਵੇਗਾ। ਚੁਨਾਂਚਿ ਜੋ ਵੀ ਕੋਈ ਮੁਸਲਮਾਨ ਉਸ ਕੋਲ ਜਾਂਦਾ ਹੈ, ਉਹ (ਬੰਦਾ ਸਿੰਘ) ਉਸ ਦੀ ਦਿਹਾੜੀ ਤੇ ਤਨਖਾਹ ਨਿਯਤ ਕਰਕੇ ਉਸ ਦਾ ਪੂਰਾ ਧਿਆਨ ਰੱਖਦਾ ਹੈ ਅਤੇ ਉਸ ਨੇ ਆਗਿਆ ਦੇ ਦਿੱਤੀ ਹੋਈ ਹੈ ਕਿ ਮੁਸਲਮਾਨ ਨਮਾਜ਼ ਅਤੇ ਖ਼ੁਤਬਾ ਜਿਵੇਂ ਚਾਹੁਣ ਪੜ੍ਹਨ। ਚੁਨਾਂਚਿ ਪੰਜ ਹਜ਼ਾਰ ਮੁਸਲਮਾਨ ਉਸ ਦੇ ਸਾਥੀ ਬਣ ਗਏ ਹਨ ਅਤੇ ਸਿੰਘਾਂ ਦੀ ਫੌਜ ਵਿਚ ਬਾਂਗ ਅਤੇ ਨਮਾਜ਼ ਵੱਲੋਂ ਸੁਖ ਪਾ ਰਹੇ ਹਨ।” 4
‘ਅਖ਼ਬਾਰ-ਏ-ਦਰਬਾਰ-ਏ-ਮੌਲਾ’ ਵਿਚਲੀ ਇਕ ਖ਼ਬਰ, ਅਨੁਸਾਰ ਜੋ ਸਰਹਿੰਦ ਦੀ ਜੰਗ ਤੋਂ ਪਹਿਲਾਂ ਲਿਖੀ ਗਈ ਸੀ, ਦੱਸਦੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਪ੍ਰਸਤੀ ਵਿਚ ਸਿੱਖ ਸਰਹਿੰਦ ਦੇ ਫੌਜਦਾਰ ਵਜ਼ੀਰ ਖਾਨ ਨੂੰ ਬਹੁਤ ਨਫ਼ਰਤ ਕਰਦੇ ਸਨ ਜਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੋ ਛੋਟੇ ਮਾਸੂਮ ਸਾਹਿਬਜ਼ਾਦਿਆਂ ਨੂੰ ਇੱਟਾਂ ਵਿਚ ਜ਼ਿੰਦਾ ਚਿਣ ਕੇ ਸ਼ਹੀਦ ਕੀਤਾ ਸੀ। ਪਰ ਬਾਬਾ ਬੰਦਾ ਸਿੰਘ ਬਹਾਦਰ ਆਮ ਮੁਸਲਮਾਨਾਂ ਪ੍ਰਤੀ ਬਹੁਤ ਚੰਗਾ ਰਵੱਈਆ ਧਾਰਨ ਕਰਨ ਵਿਚ ਵਿਸ਼ਵਾਸ ਕਰਦਾ ਸੀ। ਭਾਵੇਂ ਸਰਹਿੰਦ ਦੀ ਲੜਾਈ ਵਿਚ ਫੌਜਦਾਰ ਵਜ਼ੀਰ ਖ਼ਾਨ ਅਤੇ ਉਸ ਦੇ ਕੁਝ ਕਰੀਬੀ ਸਾਥੀਆਂ ਨੂੰ ਸਿੰਘਾਂ ਨੇ ਮਾਰ ਦਿੱਤਾ ਸੀ ਪਰ ਦੂਜੇ ਕਿਸੇ ਮੁਸਲਮਾਨ ਨੂੰ ਉਨ੍ਹਾਂ ਨੇ ਨਹੀਂ ਸੀ ਛੇੜਿਆ।
23 ਜੂਨ, 1710 ਈ: ਸ਼ੁੱਕਰਵਾਰ ਦੀ ਖ਼ਬਰ ਅਨੁਸਾਰ, “ਗੁੱਜਰ ਅਤੇ ਹਿੰਦੂ ਆਪ ਆ ਕੇ ਉਸ ਦੀ ਫੌਜ ਵਿਚ ਭਰਤੀ ਹੋਏ। (ਬੰਦਾ ਸਿੰਘ) ਨੇ ਗੁਲਾਬ ਨਗਰ ਦੇ ਜ਼ਿਮੀਂਦਾਰ ਜਾਨ ਮੁਹੰਮਦ ਨੂੰ ਪਰਗਨੇ ਦਾ ਜ਼ਿਮੀਂਦਾਰ ਨਿਯੁਕਤ ਕੀਤਾ ਤੇ ਉਸ ਦੀਆਂ ਭੁੱਲਾਂ ਨੂੰ ਮੁਆਫ਼ ਕਰ ਦਿੱਤਾ ਗਿਆ:
(ਮੈਂ ਤੇਰੇ ਗੁਨਾਹ ਮਾਫ਼ ਕਰ ਦਿੱਤੇ ਹਨ ਅਤੇ ਤੈਨੂੰ ਸਾਰੇ ਪਰਗਨੇ ਦਾ ਜ਼ਿਮੀਂਦਾਰ ਨਿਯੁਕਤ ਕਰ ਦਿੱਤਾ ਹੈ। ਤੂੰ ਆਪਣੇ ਆਦਮੀਆਂ ਨਾਲ ਜਾ ਕੇ ਚੁੰਡਾਲੇ ਦੇ ਜ਼ਿਮੀਂਦਾਰ ਸਰਦਾਰ ਖ਼ਾਨ ਨੂੰ ਲਿਆ। ਫਿਰ ਅਸੀਂ ਰਲ ਕੇ, ਜਲਾਲ ਖਾਨ ਅਫ਼ਗਾਨ ਦੀ ਭਾਲ ਕਰਾਂਗੇ।)
ਬਹਾਦਰ ਸ਼ਾਹ ਬਾਦਸ਼ਾਹ ਨੇ 10 ਦਸੰਬਰ, 1710 ਈ: ਨੂੰ ਆਪਣੇ ਕੈਂਪ ਨੇੜੇ ਲੋਹਗੜ੍ਹ (ਨਜ਼ਦੀਕ ਸਾਢੌਰਾ) ਤੋਂ ਸਿੱਖਾਂ ਦੇ ਖਿਲਾਫ਼ ਇਹ ਫ਼ਰਮਾਨ ਜਾਰੀ ਕੀਤਾ ਕਿ ਜਿਥੇ ਵੀ ਨਾਨਕ ਦੇ ਸਿੱਖ ਮਿਲਣ, ਮਾਰ ਦਿੱਤੇ ਜਾਣ।
ਭਾਵੇਂ ਇਸ ਫ਼ਰਮਾਨ ਰਾਹੀਂ ਸਿੱਖਾਂ ਦੇ ਲਗਾਤਾਰ ਕਤਲੇਆਮ ਦੇ ਹੁਕਮ ਨਾਜ਼ਰ ਕੀਤੇ ਗਏ ਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਨੀਤੀ ਵਿਚ ਕੋਈ ਫ਼ਰਕ ਨਾ ਪਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਲੜਾਈ ਨੂੰ ਫ਼ਿਰਕੂ ਲੜਾਈ ਬਣਨ ਤੋਂ ਹਰ ਤਰ੍ਹਾਂ ਬਚਾਈ ਰੱਖਿਆ। ਉਸ ਦੀ ਲੜਾਈ ਜਾਬਰ ਹਾਕਮਾਂ ਵਿਰੁੱਧ ਸੀ ਨਾ ਕਿ ਮੁਸਲਮਾਨਾਂ ਦੇ ਖਿਲਾਫ਼। ਉਸ ਨੇ ਮੁਸਲਮਾਨਾਂ ਉੱਤੇ ਕੋਈ ਧਾਰਮਿਕ ਰੋਕਾਂ ਨਾ ਲਾਈਆਂ। ਇਹੀ ਕਾਰਨ ਸੀ ਕਿ ਵੱਡੀ ਗਿਣਤੀ ਵਿਚ ਮੁਸਲਮਾਨ ਅਤੇ ਗੁੱਜਰ ਉਸ ਦੀ ਫੌਜ ਵਿਚ ਭਰਤੀ ਹੋ ਗਏ ਸਨ। ‘ਅਖ਼ਬਾਰ-ਏ-ਦਰਬਾਰ-ਮੌਲਾ’ ਦੀਆਂ ਮਹੱਤਵਪੂਰਨ ਸੂਚਨਾਵਾਂ ਇਸ ਦੀਆਂ ਗਵਾਹ ਹਨ:
(ੳ) “…….ਮੈਂ ਮੁਸਲਮਾਨਾਂ ਨੂੰ ਨਹੀਂ ਸਤਾਉਣਾ. ।”
(ਅ) “……..ਜੋ ਵੀ ਮੁਸਲਮਾਨ ਉਸ ਕੋਲ ਆਉਂਦਾ ਹੈ, ਉਹ ਉਸ ਲਈ ਰੋਜ਼ਾਨਾਂ ਭੱਤਾ ਅਤੇ ਤਨਖਾਹ ਨਿਸ਼ਚਿਤ ਕਰਦਾ ਹੈ ਅਤੇ ਉਸ ਦਾ ਖਿਆਲ ਰੱਖਦਾ ਹੈ। ਉਸ ਨੇ (ਮੁਸਲਮਾਨਾਂ) ਨੂੰ ਖ਼ੁਤਬਾ ਅਤੇ ਨਮਾਜ਼ ਪੜ੍ਹਨ ਦੀ ਇਜਾਜ਼ਤ ਦਿੱਤੀ ਹੋਈ ਹੈ। ਇਹੋ ਕਾਰਨ ਹੈ ਕਿ ਪੰਜ ਹਜ਼ਾਰ ਮੁਸਲਮਾਨ ਉਸ ਦੇ ਪਾਸ ਇਕੱਠੇ ਹੋ ਗਏ ਹਨ। ਉਸ (ਬੰਦਾ ਸਿੰਘ) ਨਾਲ ਦੋਸਤੀ ਪਾਉਣ ਮਗਰੋਂ, ਉਨ੍ਹਾਂ ਕਰਮਾਂ ਮਾਰਿਆਂ (ਸਿੱਖਾਂ) ਦੀ ਫੌਜ ਵਿਚ ਬਾਂਗ ਅਤੇ ਨਮਾਜ਼ ਪੜ੍ਹੀ ਜਾਣ ਲੱਗ ਪਈ ਹੈ।”
ਇਹੋ ਜਿਹੀਆਂ ਤਫ਼ਸੀਲਾਂ ਹੋਰ ਵੀ ਮਿਲਦੀਆਂ ਹਨ। ‘ਅਖ਼ਬਾਰ-ਏ-ਦਰਬਾਰੇ- ਮੌਲਾ’ ਦੀ 20 ਮਈ, 1711 ਈ: ਦੀ ਇਕ ਹੋਰ ਰਿਪੋਰਟ ਵਿਚ ਦਰਜ ਹੈ,
“ਕਰਮਾਂ ਮਾਰਿਆਂ ਦਾ ਗੁਰੂ (ਲੇਖਕ ਅਨਜਾਣਤਾ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਲਿਖਦਾ ਹੈ) ਬਟਾਲਾ ਸ਼ਹਿਰ ਤੋਂ ਦੋ ਕੋਹ ਦੀ ਵਿੱਥ ’ਤੇ ਠਹਿਰਿਆ ਹੈ। ਰਾਮ ਚੰਦ ਅਤੇ ਦੂਜੇ ਸਿੱਖ 700 ਘੋੜ ਸਵਾਰ ਅਤੇ ਪੈਦਲ ਫੌਜੀ ਜੰਮੂ ਦੀਆਂ ਪਹਾੜੀਆਂ ਵੱਲੋਂ ਆ ਕੇ ਉਸ ਨਾਲ ਮਿਲ ਗਏ ਹਨ। ਜੋ ਵੀ ਹਿੰਦੂ ਅਤੇ ਮੁਸਲਮਾਨ ਉਸ ਕੋਲ ਨੌਕਰੀ ਕਰਨ ਲਈ ਆਉਂਦੇ ਹਨ, ਉਹ ਉਨ੍ਹਾਂ ਦੀ ਦੇਖਭਾਲ ਕਰਦਾ ਹੈ ਅਤੇ ਰੋਟੀ ਦਿੰਦਾ ਹੈ। ਉਹ (ਬੰਦਾ ਸਿੰਘ) ਉਨ੍ਹਾਂ ਨੂੰ ਲੁੱਟੇ ਗਏ ਮਾਲ ’ਚੋਂ ਵੀ ਵਸਤਾਂ ਵੰਡ ਦਿੰਦਾ ਹੈ।”
ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਸਿੱਖ ਧਰਮ ਵਿਚ ਸ਼ਾਮਲ ਹੋ ਗਏ ਸਨ। “Strange Conversions were no- ticed as a result of Banda Singh’s overbearing influence. The authority of that deluded sect (of the Sikhs) has reached such extremes”, wrote Aminud Daula in June 1710, “that many Hindus and Mohammadans finding no alternative to obedience and submission, adopted their faith and rituals. Their chief (Banda Singh) captivated the hearts of all to- wards his inclination and, whether a Hindu or a Moham- medan whoever came in contact with him, was addressed as a Singh.”
Dindar Khan, a powerful ruler of the neighbourhood, was named Dindar Singh and Mir Nasirud Din, the official reporter of Sirhind, became Mir Nasir Singh. In the same way, a large number of Mohamedans abandoned Islam and followed the misguided path (of Sikhism) and took solemn oaths and pledges to stand by Banda.”7
ਇਹ ਉਹ ਸਮਾਂ ਸੀ ਜਦੋਂ ਇਕ ਘੋੜਸਵਾਰ ਸਿੱਖ ਸਿਪਾਹੀ ਹੀ ਪੂਰੇ ਪਿੰਡ ਵਿਚ ਤਰਥੱਲੀ ਮਚਾ ਦਿੰਦਾ ਸੀ। “Either from conviction or fear or profit (or a combination of the three) a great many Hindu and Muslim peasants accepted conversion to Sikhism.” 8
ਉੱਪਰ ਦਿੱਤੇ ਵਿਚਾਰਾਂ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਆਮ ਮੁਸਲਮਾਨਾਂ ਪ੍ਰਤੀ ਰਵੱਈਆ ਭਾਈਆਂ ਵਰਗਾ ਸੀ।
ਲੇਖਕ ਬਾਰੇ
ਡਾ. ਜਸਬੀਰ ਸਿੰਘ ਸਰਨਾ, ਜੰਮੂ-ਕਸ਼ਮੀਰ ਸਰਕਾਰ, ਭਾਰਤ ਦੇ ਖੇਤੀਬਾੜੀ ਵਿਭਾਗ ਤੋਂ ਸੇਵਾ ਮੁਕਤ ਅਧਿਕਾਰੀ ਹਨ। ਅਜੋਕੇ ਸਮੇਂ ਵਿਚ ਸ੍ਰੀ ਨਗਰ ਦੇ ਵਾਸੀ, ਡਾ. ਸਰਨਾ ਜਿਥੇ ਖੇਤੀਬਾੜੀ ਵਿਸ਼ੇ ਦੇ ਮਾਹਿਰ ਹਨ, ਉਥੇ ਉਨ੍ਹਾਂ ਦਾ ਪੰਜਾਬੀ ਸਾਹਿਤ ਅਤੇ ਸਿੱਖ ਧਰਮ ਦੇ ਇਤਿਹਾਸ ਨਾਲ ਗਹਿਰਾ ਨਾਤਾ ਰਿਹਾ ਹੈ। ਪੰਜਾਬੀ ਸਾਹਿਤ ਅਤੇ ਸਿੱਖ ਚਿੰਤਨ ਦੇ ਵਿਭਿੰਨ ਪੱਖਾਂ ਦੀ ਪੜਚੋਲ ਉਨ੍ਹਾਂ ਦੇ ਜੀਵਨ ਦਾ ਅਹਿਮ ਅੰਗ ਰਹੀ ਹੈ। ਇਨ੍ਹਾਂ ਖੋਜਾਂ ਸੰਬੰਧਤ, ਉਨ੍ਹਾਂ ਦੀਆਂ ਅਨੇਕ ਰਚਨਾਵਾਂ, ਸਮੇਂ ਸਮੇਂ ਦੇਸ਼-ਵਿਦੇਸ਼ ਦੀਆਂ ਸਮਕਾਲੀ ਅਖਬਾਰਾਂ, ਮੈਗਜੀਨਾਂ ਤੇ ਖੋਜ ਪੱਤ੍ਰਿਕਾਵਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਉਨ੍ਹਾਂ ਦੀਆਂ ਹੁਣ ਤਕ 51 ਕਿਤਾਬਾਂ ਅਤੇ ਲਗਭਗ 300 ਸਾਹਿਤਕ ਲੇਖ ਛੱਪ ਚੁੱਕੇ ਹਨ।
Sant Niwas,R-11, Swarn Colony, Gole Gujral, Jammu Tawi 180002
- ਡਾ. ਜਸਬੀਰ ਸਿੰਘ ਸਰਨਾhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%b0%e0%a8%a8%e0%a8%be/August 1, 2007
- ਡਾ. ਜਸਬੀਰ ਸਿੰਘ ਸਰਨਾhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%b0%e0%a8%a8%e0%a8%be/May 1, 2008
- ਡਾ. ਜਸਬੀਰ ਸਿੰਘ ਸਰਨਾhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%b0%e0%a8%a8%e0%a8%be/March 1, 2009
- ਡਾ. ਜਸਬੀਰ ਸਿੰਘ ਸਰਨਾhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%b0%e0%a8%a8%e0%a8%be/
- ਡਾ. ਜਸਬੀਰ ਸਿੰਘ ਸਰਨਾhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%b0%e0%a8%a8%e0%a8%be/August 30, 2021