ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਦਸਮੇਸ਼ ਪਿਤਾ ਦੇ ਪ੍ਰਲੋਕ ਗਮਨ ਤੋਂ ਬਾਅਦ ਅੱਠ ਸਾਲ ਦਾ ਇਤਿਹਾਸ ਕੌਮੀ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਗਤੀਵਿਧੀਆਂ ਦੁਆਲੇ ਹੀ ਘੁੰਮਦਾ ਹੈ। ਇਤਿਹਾਸ ਪੜ੍ਹਦਿਆਂ ਜਿਹੜੀ ਗੱਲ ਸਭ ਤੋਂ ਵੱਧ ਹੈਰਾਨ ਕਰਦੀ ਹੈ ਉਹ ਹੈ ਬਾਬਾ ਜੀ ਦਾ ‘ਗੁਰ-ਮਿਲਾਪ’ ਤੋਂ ਬਾਅਦ ਕੇਵਲ 18-19 ਮਹੀਨਿਆਂ ਦੇ ਅਰਸੇ ਵਿਚ ਹੀ ਇਕ ਵਿਸ਼ਾਲ ਹਕੂਮਤ ਦੇ ਅੰਦਰ ‘ਅਜ਼ਾਦ ਸਿੱਖ ਰਾਜ’ ਦੀ ਸਥਾਪਤੀ। ਜੇ ਜ਼ਰਾ ਕੁ ਬਾਰੀਕ ਨਜ਼ਰ ਨਾਲ ਤੱਕੀਏ ਤਾਂ ਇਸ ਕਾਮਯਾਬੀ ਦੇ ਪਰਦੇ ਉਹਲੇ ਕੁਝ ਵਿਸ਼ੇਸ਼ ਕਾਰਨ ਨਜ਼ਰ ਆਉਂਦੇ ਹਨ, ਜਿਨ੍ਹਾਂ ਦੀ ਹਰ ਇਨਕਲਾਬੀ ਲਹਿਰ ਵਿਚ ਖਾਸ ਮਹਾਨਤਾ ਹੁੰਦੀ ਹੈ।
1. ਜ਼ਿੰਮੇਵਾਰੀ ਦਾ ਅਹਿਸਾਸ :
ਰਿਧੀਆਂ-ਸਿਧੀਆਂ ਦੀ ਗੁੰਮਨਾਮ ਬਿਰਤੀ ਦਾ ਸ਼ਾਹ-ਸੰਗਰਾਮ ਦੇ ਮਰਤਬੇ ਤਕ ਪੁੱਜ ਜਾਣਾ ਅਚੰਭੇ ਵਾਂਗ ਲੱਗਦਾ ਹੈ ਪਰ ਇਸ ਕਾਮਯਾਬੀ ਦਾ ਸਭ ਤੋਂ ਵੱਡਾ ਭੇਦ ਹੈ ਕਿ ਬਾਬਾ ਜੀ ਨੇ ਗੁਰਦੇਵ ਪਿਤਾ ਵੱਲੋਂ ਬਖਸ਼ੀ ਜ਼ਿੰਮੇਵਾਰੀ ਦੇ ਅਹਿਸਾਸ ਨੂੰ ਕਦੇ ਵੀ ਅੱਖੋਂ ਉਹਲੇ ਨਹੀਂ ਹੋਣ ਦਿੱਤਾ।
2. ਲੋਕ-ਨਬਜ਼ ’ਤੇ ਹੱਥ :
ਕੋਈ ਵੀ ਇਨਕਲਾਬੀ ਲਹਿਰ ਓਨਾ ਚਿਰ ਕਾਮਯਾਬ ਨਹੀਂ ਹੋ ਸਕਦੀ, ਜਿੰਨਾ ਚਿਰ ਉਹਦੇ ਆਗੂਆਂ ਕੋਲ ਲੋਕ-ਮਸਲੇ ਹੱਲ ਕਰਨ ਦੀਆਂ ਸੰਭਾਵਨਾਵਾਂ ਮੌਜੂਦ ਨਾ ਹੋਣ। ਬਾਬਾ ਬੰਦਾ ਸਿੰਘ ਬਹਾਦਰ ਕੋਲ 22 ਸਾਲ ਵੱਖ-ਵੱਖ ਪ੍ਰਾਤਾਂ ਵਿਚ ਭ੍ਰਮਣ ਦਾ ਤਜਰਬਾ ਸੀ। ਉਸ ਨੇ ਲੋਕ-ਹਮਦਰਦੀ ਦਾ ਵਰਦਾਨ ਪ੍ਰਾਪਤ ਕਰਨ ਲਈ ਆਮ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਆਪ ਰਾਤਾਂ ਨੂੰ ਜਾਗ ਕੇ ਪਹਿਰਾ ਦਿੱਤਾ ਤੇ ਬਦਲੇ ਵਿਚ ਲੋਕਾਂ ਤੋਂ ਕੌਮੀ ਲੋੜਾਂ ਦੀ ਪੂਰਤੀ ਕੀਤੀ।
3. ਵਫ਼ਾਦਾਰੀ ਦਾ ਅਹਿਦ ਲੈਣਾ :
ਕੋਈ ਵੀ ਇਨਕਲਾਬੀ ਯੋਧਾ ਆਪਣੇ ਮਿਥੇ ਨਿਸ਼ਾਨੇ ’ਤੇ ਨਹੀਂ ਪਹੁੰਚ ਸਕਦਾ ਜੇ ਉਹਦੇ ਹਮਸਫ਼ਰ ਉਹਦੇ ਪ੍ਰਤੀ ਵਫ਼ਾਦਾਰ ਨਾ ਹੋਣ। ਕੈਥਲ ’ਚ ਲੁੱਟਿਆ ਸਰਕਾਰੀ ਖ਼ਜ਼ਾਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰਾ ਸਾਥੀਆਂ ਹਵਾਲੇ ਕਰ ਦਿੱਤਾ ਤੇ ਆਪਣੇ ਕੋਲ ਦਮੜੀ ਵੀ ਨਾ ਰੱਖੀ। ਇਸ ਗੱਲ ਦਾ ਉਸ ਦੇ ਚੌਗਿਰਦੇ ਜੁੜੇ ਲੋਕਾਂ ’ਤੇ ਇੰਨਾ ਅਸਰ ਹੋਇਆ ਕਿ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਨ ਲੱਗ ਪਏ। ਇਹੋ ਕਾਰਨ ਹੈ ਕਿ ਕੋਈ ਧੋਖੇਬਾਜ਼ ਬਾਬਾ ਬੰਦਾ ਸਿੰਘ ਉੱਤੇ ਧੋਖੇ ਨਾਲ ਵਾਰ ਕਰਨ ਵਿਚ ਕਾਮਯਾਬ ਨਹੀਂ ਹੋਇਆ।
4. ਵਕਤ ’ਤੇ ਵਿਚਾਰ ਕਰਨੀ :
ਇਸ ਬਿਰਤੀ ’ਤੇ ਪਹਿਰਾ ਦਿੰਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਬੇ-ਮਾਇਨਾ ਕੱਟੜਤਾ ਨਹੀਂ ਦਿਖਾਈ ਸਗੋਂ ਦਲੇਰ ਬਿਰਤੀ ਦੇ ਯੋਧਿਆਂ ਨੂੰ ਹੀ ਆਪਣੀ ਸੈਨਿਕ ਸ਼ਕਤੀ ਵਜੋਂ ਵਰਤ ਲਿਆ, ਜਿਨ੍ਹਾਂ ਵਿਚ ਹਰ ਕਿਸਮ ਦੇ ਲੋਕ ਸਨ।
5. ਹਮਲਾ ਕਰਨ ਦੀ ਖੌਫਜ਼ਦਾ ਵਿਧੀ :
ਬਾਬਾ ਬੰਦਾ ਸਿੰਘ ਬਹਾਦਰ ਦਾ ਗੁਰੀਲਾ ਹਮਲਾ ਕਰਨ ਦਾ ਢੰਗ ਇਤਨਾ ਖੌਫਜ਼ਦਾ ਹੁੰਦਾ ਸੀ ਕਿ ਜਿੱਤ ਇਕ ਕਸਬੇ ’ਤੇ ਹੁੰਦੀ ਤੇ ਕੰਬਦੇ ਕਈ ਸ਼ਹਿਰ। ਮਿਸਾਲ ਵਜੋਂ ਸਮਾਣਾ ਸ਼ਹਿਰ ਦੇ ਕਤਲੇਆਮ ਦੀ ਖ਼ਬਰ ਜਦੋਂ ਸੂਹੀਏ ਨੇ ਸਰਹਿੰਦ ਜਾ ਕੇ ਦੱਸੀ ਤਾਂ ਸਰਹਿੰਦ ਦੇ ਨਾਜ਼ਿਮ ਦਾ ਖੌਫ ਨਾਲ ਧੜਕਦਾ ਦਿਲ ਕਾਬੂ ਵਿਚ ਨਹੀਂ ਆ ਰਿਹਾ ਸੀ। ਕਈ ਸ਼ਹਿਰਾਂ ਦੇ ਹਾਕਮ ਤਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਸੁਣ ਕੇ ਹੀ ਸ਼ਹਿਰ ਛੱਡ ਕੇ ਭੱਜ ਗਏ।
6. ਹੋਸ਼ ਤੋਂ ਕੰਮ ਲੈਣਾ :
ਜਿਨ੍ਹਾਂ ਦਲੇਰ ਯੋਧਿਆਂ ਨੇ ਧਰਮੀ ਜੋਸ਼ ਅੰਦਰ ਆਪਣੇ ਸੁਭਾਅ ਨੂੰ ਹੋਸ਼ ਦੀ ਜ਼ੰਜੀਰ ਨਹੀਂ ਪਾਈ, ਉਹ ਜਿੱਤਾਂ ਜਿੱਤ ਕੇ ਵੀ ਕਈ ਵਾਰ ਹਾਰੇ ਨਜ਼ਰ ਆਉਂਦੇ ਹਨ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੇ ਦੁਆਲੇ ਰਾਜ ਕਾਇਮ ਕਰਕੇ ਹੋਸ਼ ਨਹੀਂ ਭੁਲਾਈ ਸਗੋਂ ਸਰਹਿੰਦ ਫਤਹਿ ਦਾ ਬਿਗਲ ਉਦੋਂ ਹੀ ਵਜਾਇਆ ਜਦੋਂ ਉਸ ਨੂੰ ਆਪਣੀ ਜਿੱਤ ’ਤੇ ਪੂਰਾ ਯਕੀਨ ਹੋ ਗਿਆ।
7. ਸਾਕਾ ਸਰਹਿੰਦ ਦਾ ਲਾਭ :
ਬਾਬਾ ਬੰਦਾ ਸਿੰਘ ਬਹਾਦਰ ਜਾਣਦਾ ਸੀ ਕਿ ਜਿਨ੍ਹਾਂ ਗੁਰੂ ਦੇ ਲਾਲਾਂ ਦੀ ਦਰਦਨਾਕ ਸ਼ਹਾਦਤ ਸੁਣ ਕੇ ਇਕ ਸਾਧੂ ਤੇਗ ਚੁੱਕਣ ਲਈ ਤਿਆਰ ਹੋ ਪਿਆ ਤੇ ਜਿਹੜਾ ਪੰਥ ਖਾਲਸਾ ਉਨ੍ਹਾਂ ਬੱਚਿਆਂ (ਸਾਹਿਬਜ਼ਾਦਿਆਂ) ਨਾਲ ਕੌਮੀ ਰਿਸ਼ਤਾ ਰੱਖਦਾ ਹੈ, ਉਹਦੇ ਦਿਲ ਅੰਦਰ ਬਦਲੇ ਦੇ ਕਿੰਨੇ ਭਾਂਬੜ ਮੱਚਦੇ ਹੋਣਗੇ। ਇਸ ਕਰਕੇ ਉਸ ਨੇ ਹਮੇਸ਼ਾਂ ਸਾਕਾ ਸਰਹਿੰਦ ਦਾ ਵਾਰ-ਵਾਰ ਉਲੇਖ ਕਰਕੇ ਗਿਣਤੀ ਦੇ ਸਿੰਘਾਂ ਕੋਲੋਂ ਇਕ ਵੱਡੀ ਜ਼ਾਲਮ ਸਲਤਨਤ ਤਬਾਹ ਕਰਵਾ ਕੇ ਰੱਖ ਦਿੱਤੀ।
8. ਬਦਨਾਮ ਲੋਕਾਂ ਨੂੰ ਸਜ਼ਾ :
ਬਾਬਾ ਬੰਦਾ ਸਿੰਘ ਬਹਾਦਰ ਨੇ ਕਦਮੂਦੀਨ, ਜਲਾਲਦੀਨ, ਸਾਸ਼ਲ ਬੇਗ, ਬਾਸ਼ਲ ਬੇਗ, ਉਸਮਾਨ ਖਾਨ ਆਦਿ ਉਹ ਲੋਕ ਪਹਿਲਾਂ ਆਪਣੀ ਤੇਗ ਦੀ ਭੇਟ ਕੀਤੇ, ਜਿਨ੍ਹਾਂ ਪ੍ਰਤੀ ਲੋਕਾਂ ਦੇ ਦਿਲਾਂ ਵਿਚ ਬੇਹੱਦ ਘਿਰਣਾ ਸੀ। ਇਨ੍ਹਾਂ ਲੋਕਾਂ ਦੀ ਮੌਤ ਦਾ ਸੁਨੇਹਾ ਸੂਬੇ ਸਰਹਿੰਦ ਦੀ ਹਾਰ ਵਾਸਤੇ ਤੋਪਾਂ ਨਾਲੋਂ ਵੀ ਵੱਧ ਕਾਰਗਰ ਸਿੱਧ ਹੋਇਆ।
9. ਪੁਰਾਤਨ ਯੋਧਿਆਂ ਦਾ ਭਰੋਸਾ ਪ੍ਰਾਪਤ ਕਰਨਾ:
ਬਨੂੜ ਦੀ ਧਰਤੀ ’ਤੇ ਜਦੋਂ ਸਾਰਾ ਪੰਥ ਇਕ ਝੰਡੇ ਥੱਲੇ ਇਕੱਤਰ ਹੋ ਗਿਆ ਤਾਂ ਬੜੀ ਨਿਮਰਤਾ ਨਾਲ ਬਾਬਾ ਜੀ ਨੇ ਆਪਾ ਤਿਆਗ ਕੇ ਇਕ ਜਰਨੈਲ ਚੁਣਨ ਲਈ ਕਿਹਾ ਤਾਂ ਸਾਰੇ ਪੰਥ ਨੇ ਜੈਕਾਰੇ ਛੱਡ ਕੇ ਕੌਮੀ ਜਰਨੈਲ ਵਜੋਂ ਬਾਬਾ ਬੰਦਾ ਸਿੰਘ ਬਹਾਦਰ ’ਤੇ ਭਰੋਸਾ ਕੀਤਾ। ਨਿਰਸੰਦੇਹ ਖਾਲਸਾ ਰਾਜ ਦਾ ਪਹਿਲਾ ਬਾਦਸ਼ਾਹ ਵੀ ਉਸੇ ਨੇ ਹੀ ਬਣਨਾ ਸੀ, ਜਿਸ ਦੀ ਅਗਵਾਈ ਥੱਲੇ ਜਿੱਤ ਪ੍ਰਾਪਤ ਹੋਣੀ ਸੀ।
10. ਦਲੇਰੀ ਦੀ ਇੰਤਹਾ :
ਚੱਪੜਚਿੜੀ ਦੇ ਮੈਦਾਨ ਵਿਚ ਦੁਸ਼ਮਣ ਦੀਆਂ ਅਣਗਿਣਤ ਤੋਪਾਂ ਦੀ ਗੜਗੜਾਹਟ ਸੁਣ ਕੇ ਬਹੁਤ ਸਾਰੇ ਲੁਟੇਰੇ ਸਮੇਤ ਸੁੱਚਾ ਨੰਦ ਦੇ ਭਤੀਜੇ ਗੰਡਾ ਮੱਲ ਭੱਜ ਗਏ ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਐਸੀ ਦਲੇਰੀ ਨਾਲ ਟਾਕਰਾ ਕੀਤਾ ਕਿ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ।
ਇਸ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਜਿਥੇ ਅਣਖੀਲਾ, ਫੁਰਤੀਲਾ ਅਤੇ ਦਲੇਰ ਸੁਭਾਅ ਦਾ ਦੂਰ-ਅੰਦੇਸ਼ ਜਰਨੈਲ ਸੀ, ਉਥੇ ਉਹ ਪਰਿਵਰਤਨਸ਼ੀਲ ਮਨੁੱਖ ਵਜੋਂ ਵੀ ਵਿਚਰਦਾ ਹੈ। ਮਿਸਾਲ ਵਜੋਂ ਉਹਨੇ ਸਰਹਿੰਦ ’ਤੇ ਖਾਲਸਈ ਪਰਚਮ ਲਹਿਰਾ ਕੇ ਹੁਕਮਨ ਲੁੱਟ-ਖੋਹ ਬੰਦ ਕਰਵਾਈ, ਸ਼ਹਿਰ ਦੀਆਂ ਸਤਵੰਤੀਆਂ ਦੀ ਇੱਜਤ-ਆਬਰੂ ਦੀ ਰਾਖੀ ਆਪਣੇ ਸਿਰ ਲਈ, ਇਲਾਕਾ ਵੰਡ ਕੀਤੀ, ਜ਼ਿਮੀਂਦਾਰਾਂ ਨੂੰ ਜ਼ਮੀਨ-ਮਲਕੀਅਤ ਦਿੱਤੀ। ਲੁਟੇਰਾ ਫੌਜ ਦੀ ਛੁੱਟੀ ਕਰ ਕੇ ਨੀਤੀਵਾਨ ਤੇ ਇਮਾਨਦਾਰ ਜਰਨੈਲਾਂ ਨੂੰ ਅਹੁਦੇਦਾਰ ਬਣਾਇਆ। ਹਰ ਧਰਮ ਪ੍ਰਤੀ ਸਤਿਕਾਰ ਰੱਖਣ ਦੀ ਬਿਰਤੀ ਕਰਕੇ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਵੀ ਬਾਬਾ ਜੀ ਦੀ ਫੌਜ ਦਾ ਹਿੱਸਾ ਬਣੇ। ਮੁੱਕਦੀ ਗੱਲ ਨਾਂਦੇੜ ਤੋਂ ਲੈ ਕੇ ਸਰਹਿੰਦ ਫਤਹਿ ਤਕ ਦੇ ਇਤਿਹਾਸ ਵਿਚ ਉਹ ਇਕ ਆਦਰਸ਼ਕ ਯੋਧੇ ਵਜੋਂ ਵਿਚਰਦਾ ਹੈ ਅਤੇ ਬਾਅਦ ਵਿਚ ਉਠੀਆਂ ਇਨਕਲਾਬੀ ਲਹਿਰਾਂ ਲਈ ਇਕ ਮਾਡਲ ਦਾ ਕਾਰਜ ਨਿਭਾਉਂਦਾ ਨਜ਼ਰ ਆਉਂਦਾ ਹੈ। ਸੋ ਇਤਿਹਾਸ ਸਦਾ ਉਨ੍ਹਾਂ ਦੀ ਕਾਰਜਸ਼ੈਲੀ ਦਾ ਰਿਣੀ ਰਹੇਗਾ।
ਲੇਖਕ ਬਾਰੇ
- ਭਾਈ ਜੋਗਾ ਸਿੰਘ ਭਾਗੋਵਾਲੀਆhttps://sikharchives.org/kosh/author/%e0%a8%ad%e0%a8%be%e0%a8%88-%e0%a8%9c%e0%a9%8b%e0%a8%97%e0%a8%be-%e0%a8%b8%e0%a8%bf%e0%a9%b0%e0%a8%98-%e0%a8%ad%e0%a8%be%e0%a8%97%e0%a9%8b%e0%a8%b5%e0%a8%be%e0%a8%b2%e0%a9%80%e0%a8%86/April 1, 2009
- ਭਾਈ ਜੋਗਾ ਸਿੰਘ ਭਾਗੋਵਾਲੀਆhttps://sikharchives.org/kosh/author/%e0%a8%ad%e0%a8%be%e0%a8%88-%e0%a8%9c%e0%a9%8b%e0%a8%97%e0%a8%be-%e0%a8%b8%e0%a8%bf%e0%a9%b0%e0%a8%98-%e0%a8%ad%e0%a8%be%e0%a8%97%e0%a9%8b%e0%a8%b5%e0%a8%be%e0%a8%b2%e0%a9%80%e0%a8%86/August 1, 2009